You’re viewing a text-only version of this website that uses less data. View the main version of the website including all images and videos.
ਕੈਨੇਡਾ ਚੋਣ ਨਤੀਜੇ: ਲਿਬਰਲ ਪਾਰਟੀ ਜਿੱਤ ਵੱਲ ਵਧ ਰਹੀ, ਮਾਰਕ ਕਾਰਨੀ ਨੇ ਬੀਬੀਸੀ ਨੂੰ ਕਿਹਾ, 'ਅਸੀਂ ਟਰੰਪ ਨਾਲ ਆਪਣੀਆਂ ਸ਼ਰਤਾਂ 'ਤੇ ਗੱਲਬਾਤ ਕਰਾਂਗੇ'
ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਬਣੇਗਾ, ਇਸ ਦੀ ਤਸਵੀਰ ਲਗਭਗ ਸਾਫ ਹੁੰਦੀ ਨਜ਼ਰ ਆ ਰਹੀ ਹੈ।
ਹੁਣ ਤੱਕ ਦੇ ਨਤੀਜਿਆਂ ਵਿੱਚ ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਪਰ ਬਹੁਮਤ ਦਾ ਅੰਕੜਾ ਹਾਸਲ ਕਰ ਪਾਵੇਗੀ ਜਾਂ ਨਹੀਂ, ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਕੰਜ਼ਰਵੇਟਿਵ ਪਾਰਟੀ ਦੂਜੇ ਸਥਾਨ 'ਤੇ ਹੈ।
ਚੋਣਾਂ ਦੇ ਰੁਝਾਨਾਂ ਮੁਤਾਬਕ ਮਾਰਕ ਕਾਰਨੀ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਕਾਬਜ ਹੋ ਸਕਦੇ ਹਨ। ਇਸ ਸਾਰੇ ਘਟਨਾਕ੍ਰਮ ਦੌਰਾਨ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ।
ਇਸ ਕੈਨੇਡੀਅਨ ਚੋਣ ਵਿੱਚ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੈ।
ਇਨ੍ਹਾਂ ਦੋ ਮੁੱਖ ਪਾਰਟੀਆਂ ਤੋਂ ਇਲਾਵਾ, ਬਲਾਕ ਕਿਊਬੇਕੋਇਸ, ਐੱਨਡੀਪੀ (ਨਿਊ ਡੈਮੋਕ੍ਰੇਟ ਪਾਰਟੀ) ਅਤੇ ਗ੍ਰੀਨ ਪਾਰਟੀ ਵੀ ਚੋਣਾਂ ਲੜ ਰਹੀਆਂ ਹਨ।
ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ 343 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 172 ਸੀਟਾਂ ਦਾ ਹੈ। ਲਿਬਰਲ ਪਾਰਟੀ 168 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਅਤੇ ਕੰਜ਼ਰਵੇਟਿਵ 144 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਪਿਛਲੀ ਸੰਸਦ ਵਿੱਚ 153 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਸੀ।
‘ਅਸੀਂ ਟਰੰਪ ਨਾਲ ਆਪਣੀਆਂ ਸ਼ਰਤਾਂ ’ਤੇ ਟਰੰਪ ਨਾਲ ਗੱਲ ਕਰਾਂਗੇ’
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸਨਮਾਨ ਦਾ ਹੱਕਦਾਰ ਹੈ ਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਆਪਣੀਆਂ ਸ਼ਰਤਾਂ ਉੱਤੇ ਹੀ ਵਪਾਰ ਤੇ ਸੁਰੱਖਿਆ ਬਾਰੇ ਗੱਲਬਾਤ ਕਰਨਗੇ।
ਜਦੋਂ ਤੋਂ ਡੌਨਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਨ੍ਹਾਂ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਿਹਾ ਹੈ ਜਿਸ ਦਾ ਕੈਨੇਡਾ ਵਿੱਚ ਕਾਫੀ ਵਿਰੋਧ ਹੋਇਆ ਹੈ।
ਕਾਰਨੀ ਨੇ ਬੀਬੀਸੀ ਨੂੰ ਕਿਹਾ, "ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਅਮਰੀਕਾ ਨੂੰ ਊਰਜਾ ਸਪਲਾਈ ਕਰਦੇ ਹਾਂ। ਉਨ੍ਹਾਂ ਦੇ ਕਿਸਾਨਾਂ ਦੇ ਲਈ ਤਕਰੀਬਨ ਸਾਰੀ ਖਾਦ ਸਪਲਾਈ ਕਰਦੇ ਹਾਂ। ਅਸੀਂ ਸਨਮਾਨ ਦੇ ਹੱਕਦਾਰ ਹਾਂ। ਸਾਨੂੰ ਉਮੀਦ ਹੈ ਕਿ ਸਾਨੂੰ ਆਉਣ ਵਾਲੇ ਵਕਤ ਵਿੱਚ ਮਿਲੇਗੀ ਅਤੇ ਉਦੋਂ ਹੀ ਅਸੀਂ ਗੱਲਬਾਤ ਕਰ ਸਕਦੇ ਹਾਂ।"
ਕਾਰਨੀ ਬੋਲੇ, 'ਹਰ ਹਾਲਾਤ ਲਈ ਤਿਆਰ ਰਹਿਣਾ ਸਰਕਾਰ ਦੀ ਜ਼ਿੰਮੇਵਾਰੀ'
ਮਾਰਕ ਕਾਰਨੀ ਨੇ ਅਧਿਕਾਰਿਤ ਜਿੱਤ ਤੋਂ ਬਾਅਦ ਪਾਰਟੀ ਆਗੂਆਂ ਨੂੰ ਵਧਾਈ ਦਿੱਤੀ।
ਮਾਰਕ ਕਾਰਨੀ ਨੇ ਹੋਰ ਪਾਰਟੀ ਆਗੂਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਦੇ ਨੇਤਾ ਜਗਮੀਤ ਸਿੰਘ ਦੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ।
ਕਾਰਨੀ ਨੇ ਕਿਹਾ ਕਿ ਉਹ ਜਗਮੀਤ ਸਿੰਘ ਦੀ "ਪ੍ਰਗਤੀਸ਼ੀਲ ਕਦਰਾਂ-ਕੀਮਤਾਂ 'ਤੇ ਅਗਵਾਈ ਕਰਨ" ਲਈ ਸ਼ਲਾਘਾ ਕਰਦੇ ਹਨ।
ਉਨ੍ਹਾਂ ਨੇ ਫਿਰ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਦਾ ਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਧੰਨਵਾਦ ਕਰਦੇ ਹਨ "ਅਸੀਂ ਦੋਵੇਂ (ਦੇਸ਼ ਨੂੰ) ਪਿਆਰ ਕਰਦੇ ਹਾਂ"।
ਕਾਰਨੀ ਨੇ ਆਪਣੀ ਪਤਨੀ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ,"ਉਹ ਮੈਨੂੰ ਹਰ ਰੋਜ਼ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ", ਅਤੇ ਨਾਲ ਹੀ ਚੁਣੇ ਗਏ ਲੋਕਾਂ ਨੂੰ ਜੋ ਕੈਨੇਡਾ ਦੀ ਸੇਵਾ ਲਈ ਕੰਮ ਕਰਨ ਨੂੰ ਤਤਪਰ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਸਿਆਸਤ ਵਿੱਚ ਕਿਵੇਂ ਸ਼ਾਮਲ ਹੋਏ ਸਨ।
"ਕਿਉਂਕਿ ਮੈਨੂੰ ਲੱਗਦਾ ਸੀ ਕਿ ਕੈਨੇਡਾ ਨੂੰ "ਵੱਡੇ ਬਦਲਾਅ" ਦੀ ਲੋੜ ਹੈ, ਉਹ ਬਦਲਾਅ ਕੈਨੇਡੀਅਨ ਕਦਰਾਂ-ਕੀਮਤਾਂ ਦੇ ਆਧਾਰ ਉੱਤੇ ਚੱਲਦੇ ਹਨ।"
ਕਾਰਨੀ ਕਹਿੰਦੇ ਹਨ, "ਇਹ ਉਹ ਕਦਰਾਂ-ਕੀਮਤਾਂ ਹਨ ਜੋ ਉਨ੍ਹਾਂ ਨੇ ਆਪਣੇ ਪਰਿਵਾਰ ਤੋਂ ਰਾਤ ਦੇ ਖਾਣੇ ਦੀ ਮੇਜ਼ 'ਤੇ ਸਿੱਖੀਆਂ ਸਨ, ਆਪਣੇ ਆਈਸ ਹਾਕੀ ਕੋਚਾਂ ਤੋਂ ਸਿੱਖੀਆਂ ਸਨ ਅਤੇ ਉਹ ਕਦਰਾਂ-ਕੀਮਤਾਂ ਹਨ ਜੋ ਇਸ ਮਹਾਨ ਦੇਸ਼ ਦੇ ਨਾਗਰਿਕਾਂ ਨਾਲ ਮਿਲ ਕੇ ਹੋਰ ਮਜ਼ਬੂਤ ਹੋਈਆਂ ਹਨ"।
ਉਹ ਕਹਿੰਦੇ ਹਨ ਕਿ ਇਨ੍ਹਾਂ ਵਿੱਚ ਤਿੰਨ ਕਦਰਾਂ-ਕੀਮਤਾਂ ਸ਼ਾਮਲ ਹਨ - ਹਲੀਮੀ, ਉਮੰਗ ਅਤੇ ਏਕਤਾ।
'ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਦੇ ਨਹੀਂ ਹੋਵੇਗਾ'
ਕਾਰਨੀ ਨੇ ਆਪਣੇ ਸਮਰਥਕਾਂ ਨੂੰ ਨਿਮਰਤਾ ਦਾ ਅਰਥ ਦੱਸਿਆ ਅਤੇ ਕਿਹਾ ਕਿ ਇਸ ਦਾ ਅਰਥ ਹੈ ਸਰਕਾਰ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਰੇ, ਵੱਖ-ਵੱਖ ਸੂਬਿਆਂ ਅਤੇ ਆਦਿਵਾਸੀ ਲੋਕਾਂ ਨਾਲ ਮਿਲ ਕੇ ਕੰਮ ਕਰੇ।
ਉਹ ਕਹਿੰਦੇ ਹਨ ਕਿ ਮਿਹਨਤਕਸ਼, ਕਾਰੋਬਾਰੀ ਅਤੇ ਸਿਵਲ ਸਮਾਜ ਨੂੰ ਇਕੱਠੇ ਲਿਆਉਣਾ ਚਾਹੁੰਦਾ ਹੈ।
"ਨਿਮਰਤਾ ਦਾ ਅਰਥ ਇਹ ਵੀ ਹੈ ਕਿ ਮਾੜੇ ਤੋਂ ਮਾੜੇ ਹਾਲਾਤ ਲਈ ਤਿਆਰ ਰਹਿਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।"
ਕਾਰਨੀ ਦਾ ਕਹਿਣਾ ਹੈ ਕਿ ਉਹ ਮਹੀਨਿਆਂ ਤੋਂ ਚੇਤਾਵਨੀ ਦੇ ਰਹੇ ਹਨ ਕਿ ਅਮਰੀਕਾ "ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਦੇਸ਼ ਚਾਹੁੰਦਾ ਹੈ"।
ਕਾਰਨੀ ਨੂੰ ਸੁਣਨ ਆਏ ਲੋਕਾਂ ਨੇ ਇੱਕਸੁਰ ਹੋ ਕੇ ਕਿਹਾ, "ਕਦੇ ਨਹੀਂ"।
ਕਾਰਨੀ ਨੇ ਕਿਹਾ, "ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ, ਇਹ ਕਦੇ ਨਹੀਂ ਹੋਵੇਗਾ।"
ਕਾਰਨੀ ਕਹਿੰਦੇ ਹਨ।
ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਮੈਂ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਉਨ੍ਹਾਂ ਦੀ ਜਿੱਤ ʼਤੇ ਵਧਾਈ ਦਿੰਦਾ ਹਾਂ।"
"ਉਨ੍ਹਾਂ ਕੋਲ ਕੈਨੇਡਾ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਬੇਹੱਦ ਅਹਿਮ ਕੰਮ ਹੈ। ਕਾਰਨੀ ਸਾਰੇ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਨਗੇ ਅਤੇ ਡੌਨਲਡ ਟਰੰਪ ਦੀ ਧਮਕੀਆਂ ਤੋਂ ਸਾਡੇ ਦੇਸ਼ ਅਤੇ ਇਸ ਦੀ ਪ੍ਰਭੂਸੱਤਾ ਦੀ ਰੱਖਿਆ ਕਰਨਗੇ।"
ਉਨ੍ਹਾਂ ਨੇ ਕਿਹਾ ਕਿ ਐੱਨਡੀਪੀ ਆਗੂ ਵਜੋਂ ਸੇਵਾ ਕਰਨਾ "ਮੇਰੀ ਜ਼ਿੰਦਗੀ ਦਾ ਸਨਮਾਨ" ਸੀ।
ਦੱਸ ਦੇਈਏ ਕਿ ਜਗਮੀਤ ਸਿੰਘ ਤਿੰਨ ਵਾਰ ਐੱਮਪੀ ਦੀ ਚੋਣ ਜਿੱਤ ਚੁੱਕੇ ਹਨ।
ਜਗਮੀਤ ਸਿੰਘ ਜਿਸ ਹਲਕੇ ਤੋਂ ਪਿਛਲੀਆਂ ਚੋਣਾਂ ਜਿੱਤੇ ਸਨ, ਉਹ ਹਲਕਾ ਭੰਗ ਹੋ ਚੁੱਕਿਆ ਹੈ ਤੇ ਹੁਣ ਉਹ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਹਨ।
ਜਗਮੀਤ ਸਿੰਘ ਸਾਲ 2017 ਤੋਂ ਐੱਨਡੀਪੀ ਦੇ ਆਗੂ ਹਨ।
ਜਗਮੀਤ ਸਿੰਘ ਕੈਨੇਡਾ ਵਿੱਚ ਫੈਡਰਲ ਪਾਰਟੀ ਦੇ ਮੁਖੀ ਬਣਨ ਵਾਲੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਹਿਲੇ ਸਿਆਸਤਦਾਨ ਹਨ।
ਜਗਮੀਤ ਸਿੰਘ ਦੀ ਹਾਰ ਕਿਉਂ ਹੋਈ
ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਲਿਬਰਲ ਪਾਰਟੀ ਦੀ ਕਾਫੀ ਆਲੋਚਨਾ ਹੋ ਤੋਂ ਬਾਅਦ ਵੀ ਪਾਰਟੀ ਮੁੜ ਸੱਤਾ ਵਿੱਚ ਆ ਰਹੀ ਹੈ।
ਇਸ ਬਾਰੇ ਐਡਵੋਕੇਟ ਹਰਮਿੰਦਰ ਢਿੱਲੋਂ ਬੀਬੀਸੀ ਪੱਤਰਕਾਰ ਬਰਿੰਦਰ ਸਿੰਘ ਨਾਲ ਗੱਲਬਾਤ ਵਿੱਚ ਕਹਿੰਦੇ ਹਨ,"ਇਸ ਪਿੱਛੇ ਦੋ ਮੁੱਖ ਪੱਖ ਹਨ, ਇੱਕ ਲਿਬਰਲ ਪਾਰਟੀ ਦਾ ਮੁੱਖ ਲੀਡਰ (ਜਸਟਿਨ ਟਰੂਡੋ) ਲੋਕਾਂ ਦੇ ਮਨਾਂ ਤੋਂ ਉਤਰ ਗਿਆ ਸੀ, ਜਿਸ ਕਾਰਨ ਉਸ ਨੂੰ ਪਿੱਛੇ ਹਟਣਾ ਪਿਆ ਤੇ ਦੂਜਾ ਟਰੰਪ ਦਾ ਅਮਰੀਕਾ ਦੀ ਸੱਤਾ ਵਿੱਚ ਆਉਣਾ।"
"ਡੌਨਲਡ ਟਰੰਪ ਦਾ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਕੈਨੇਡਾ ਦੇ ਲੋਕਾਂ ਦੇ ਮਨਾਂ ਵਿੱਚ ਇਹ ਆਉਣ ਲੱਗ ਗਿਆ ਸੀ ਕਿ ਹੁਣ ਟਰੰਪ ਦੇ ਸਾਹਮਣੇ ਕਿਹੜਾ ਲੀਡਰ ਖੜ੍ਹ ਸਕਦਾ, ਜੋ ਕੈਨੇਡਾ ਵੱਲ ਦੀ ਗੱਲ ਕਰੇ। ਇਸ ਵਿੱਚ ਮਾਰਕ ਕਾਰਨੀ ਦਾ ਅਕਸ ਬਹੁਤ ਮਜ਼ਬੂਤ ਹੈ, ਜਿਸ ਦਾ ਬਹੁਤ ਵੱਡਾ ਅਸਰ ਪਿਆ।"
ਇਸ ਬਾਰੇ ਹਰਮਿੰਦਰ ਸਿੰਘ ਢਿੱਲੋਂ ਕਹਿੰਦੇ ਹਨ ਕਿ ਇਸ ਪਿੱਛੇ ਕੁਝ ਕਾਰਨ ਹਨ। ਸਭ ਤੋਂ ਪਹਿਲਾਂ ਕਾਰਨ ਤਾਂ ਇਹ ਕਿ ਉਹ ਜਿਸ ਹਲਕੇ ਤੋਂ ਜਿੱਤਦੇ ਆ ਰਹੇ ਸਨ, ਉਹ ਹਲਕਾ ਭੰਗ ਹੋ ਚੁੱਕਿਆ ਤੇ ਹੁਣ ਉਹ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਸਨ।
ਉਹ ਕਹਿੰਦੇ ਹਨ, "ਦੂਜਾ ਮੁੱਖ ਕਾਰਨ ਇਹ ਕਿ ਐੱਨਡੀਪੀ ਦੀ ਸਾਰੀ ਵੋਟ ਵੰਡੀ ਗਈ। ਬਹੁਤੇ ਵਰਕਰ ਲਿਬਰਲ ਵੱਲ ਚਲੇ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕੰਜ਼ਰਵੇਟਿਵ ਜਿੱਤੇ। ਅਸਲ ਵਿੱਚ ਐੱਨਡੀਪੀ ਵਿੱਚ ਦੋ ਤਰ੍ਹਾਂ ਦੇ ਸਪੋਟਰਸ ਸਨ, ਇੱਕ ਯੂਨੀਅਨ ਵਰਕਰ ਅਤੇ ਦੂਜੇ ਕੁਝ ਪੜ੍ਹੇ ਲਿਖੇ ਖੱਬੇਪੱਖੀ।
ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕੌਣ ਹਨ?
ਪੋਲਜ਼ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਮੁਕਾਬਲਾ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਪੀਏਰ ਪੋਲੀਏਵ ਵਿਚਕਾਰ ਹੋਵੇਗਾ।
ਜਾਣਦੇ ਹਾਂ ਇਨ੍ਹਾਂ ਦੋਵਾਂ ਦੇ ਪਿਛੋਕੜ ਬਾਰੇ –
ਮਾਰਕ ਕਾਰਨੀ ਕੌਣ ਹਨ?
ਮਾਰਕ ਕਾਰਨੀ ਦਾ ਜਨਮ ਉੱਤਰ-ਪੱਛਮੀ ਟੈਰੀਟਰੀਜ਼ ਦੇ ਦੂਰ-ਦੁਰਾਡੇ ਉੱਤਰੀ ਸ਼ਹਿਰ ਫੋਰਟ ਸਮਿੱਟ ਵਿੱਚ ਹੋਇਆ ਸੀ।
ਹਾਲਾਂਕਿ, ਉਨ੍ਹਾਂ ਨੇ ਨਿਊਯਾਰਕ, ਲੰਡਨ ਅਤੇ ਟੋਕੀਓ ਵਰਗੀਆਂ ਥਾਵਾਂ 'ਤੇ ਗੋਲਡਮੈਨ ਸੈਕਸ ਲਈ ਕੰਮ ਕਰਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀ ਹੈ।
ਉਨ੍ਹਾਂ ਦੇ ਪਿਤਾ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਕਾਰਨੀ ਆਪ ਸਕਾਲਰਸ਼ਿਪ 'ਤੇ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਏ ਸਨ ਜਿੱਥੇ ਉਨ੍ਹਾਂ ਨੇ ਆਈਸ ਹਾਕੀ ਵੀ ਖੇਡੀ।
ਸਾਲ 1995 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ।
2003 ਵਿੱਚ, ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਵਿੱਚ ਡਿਪਟੀ ਗਵਰਨਰ ਵਜੋਂ ਸ਼ਾਮਲ ਹੋਣ ਲਈ ਨਿੱਜੀ ਖੇਤਰ ਛੱਡ ਦਿੱਤਾ ਅਤੇ ਫਿਰ ਵਿੱਤ ਵਿਭਾਗ ਵਿੱਚ ਇੱਕ ਸੀਨੀਅਰ ਐਸੋਸੀਏਟ ਡਿਪਟੀ ਮੰਤਰੀ ਵਜੋਂ ਕੰਮ ਕੀਤਾ।
ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਹਨ।
ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਸ ਦੇ 300 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ।
ਪੀਏਰ ਪੋਲੀਏਵ ਕੌਣ ਹਨ?
45 ਸਾਲਾ ਪੀਏਰ ਪੋਲੀਏਵ ਦਾ ਜਨਮ ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਵੇਲੇ ਉਨ੍ਹਾਂ ਦੀ ਮਾਂ ਦੀ ਉਮਰ 16 ਸਾਲਾਂ ਦੀ ਸੀ।
ਉਨ੍ਹਾਂ ਨੂੰ ਦੋ ਸਕੂਲ ਟੀਚਰਾਂ ਵੱਲੋਂ ਗੋਦ ਲੈ ਲਿਆ ਗਿਆ ਸੀ ਤੇ ਉਹ ਕੈਲਗਰੀ ਵਿੱਚ ਵੱਡੇ ਹੋਏ ਸਨ।
ਉਨ੍ਹਾਂ ਨੇ ਬਚਪਨ ਤੋਂ ਹੀ ਸਿਆਸਤ ਵਿੱਚ ਦਿਲਸਚਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਯੂਨੀਵਰਸਿਟੀ ਆਫ ਕੈਲਗਰੀ ਵਿੱਚ 'ਇੰਟਰਨੈਸ਼ਨਲ ਰਿਲੇਸ਼ਨਜ਼' ਦੀ ਪੜ੍ਹਾਈ ਕਰ ਰਹੇ ਸਨ ਜਦੋਂ ਉਹ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਸਟੌਕਵੈੱਲ ਡੇਅ ਨੂੰ ਮਿਲੇ।
ਉਨ੍ਹਾਂ ਨੇ ਪੋਲੀਏਵ ਨੂੰ ਕੈਂਪਸ ਆਊਟਰੀਚ ਵਿੱਚ ਮਦਦ ਕਰਨ ਲਈ ਕਿਹਾ।
ਉਹ ਸਫ਼ਲ ਰਹੇ ਅਤੇ ਪੋਲੀਏਵ ਉਨ੍ਹਾਂ ਦੇ ਅਸਿਸਟੈਂਟ ਵਜੋਂ ਓਟਵਾ ਪਹੁੰਚੇ। 25 ਸਾਲ ਦੀ ਉਮਰ ਵਿੱਚ ਪੋਲੀਏਵ ਨੇ ਐੱਮਪੀ ਦੀ ਚੋਣ ਜਿੱਤੀ।ਉਹ ਆਪਣੀ ਸੀਟ ਤੋਂ ਹੁਣ ਤੱਕ ਜਿੱਤਦੇ ਆ ਰਹੇ ਹਨ।
ਲਗਾਤਾਰ ਚੌਥੀ ਵਾਰ ਜਿੱਤੇ ਸੁੱਖ ਧਾਲੀਵਾਲ
ਪੰਜਾਬੀ ਮੂਲ ਦੇ ਸੁੱਖ ਧਾਲੀਵਾਲ ਨੇ ਲਗਾਤਾਰ ਚੌਥੀ ਵਾਰ ਲਿਬਰਲ ਪਾਰਟੀ ਦੀ ਟਿਕਟ 'ਤੇ ਸਰੀ-ਨਿਊਟਨ
ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ 57 ਵਰ੍ਹਿਆਂ ਦੇ ਸਿਵਲ ਇੰਜੀਨੀਅਰ ਤੋਂ ਰੇਡੀਓ ਅਨਾਊਂਸਰ ਬਣੇ ਕੰਜ਼ਰਵੇਟਿਵ ਪਾਰਟੀ ਦੇ ਹਰਜੀਤ ਸਿੰਘ ਗਿੱਲ ਨੂੰ ਹਰਾ ਦਿੱਤਾ ਹੈ।
ਜੇਤੂ ਧਾਲੀਵਾਲ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਦੇ ਸੁਜਾਪੁਰ ਪਿੰਡ ਤੋਂ 1999 ਵਿੱਚ ਕੈਨੇਡਾ ਆ ਕੇ ਵਸੇ ਸਨ।
ਕੈਨੇਡੀਆਈ ਚੋਣਾਂ ਵਿੱਚ ਮੁੱਖ ਮੁੱਦੇ ਕੀ ਰਹੇ?
1. ਡੌਨਲਡ ਟਰੰਪ ਦੇ ਕੈਨੇਡਾ ਪ੍ਰਤੀ ਰੁਖ਼ ਦਾ ਕੀ ਅਸਰ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਕੈਨੇਡਾ ਪ੍ਰਤੀ ਹਮਲਾਵਰ ਰੁਖ਼ ਤੋਂ ਬਾਅਦ ਸਰਕਾਰ ਨਵੇਂ ਸ਼ੁਰੂ ਹੋਏ 'ਵਪਾਰ ਯੁੱਧ' ਨਾਲ ਕਿਵੇਂ ਨਜਿੱਠੇਗੀ ਇਹ ਵੀ ਕੈਨੇਡਾ ਦੇ ਮੁੱਖ ਚੋਣ ਮੁੱਦਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹੇ ਜਾਣ ਉੱਤੇ ਕੈਨੇਡੀਆਈ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਮਾਰਕ ਕਾਰਨੀ ਨੇ ਪੀਐੱਮ ਬਣਨ ਮਗਰੋਂ ਕਿਹਾ ਕਿ 'ਅਮਰੀਕਾ ਨਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ' ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਅਮਰੀਕੀ ਸਾਡੀ (ਕੈਨੇਡਾ) ਦੀ ਜੀਵਨ ਜਾਚ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ'।
ਪੀਏਰ ਪੋਲੀਏਵ ਅਤੇ ਮਾਰਕ ਕਾਰਨੀ ਦੋਵੇਂ ਇਹ ਦਾਅਵਾ ਕਰ ਰਹੇ ਹਨ ਕਿ ਉਹ ਟਰੰਪ ਕਰਕੇ ਖੜ੍ਹੇ ਹੋਏ ਖ਼ਤਰੇ ਨਾਲ ਵਧੇਰੇ ਬਿਹਤਰ ਤਰੀਕੇ ਨਾਲ ਨਜਿੱਠ ਸਕਦੇ ਹਨ।
2. ਘਰਾਂ ਦੀ ਘਾਟ, ਮਹਿੰਗਾਈ ਅਤੇ ਪਰਵਾਸ
ਕੈਨੇਡੀਅਨਾਂ ਦੀਆਂ ਮੁੱਖ ਘਰੇਲੂ ਚਿੰਤਾਵਾਂ- ਕਿਫਾਇਤੀ ਰਿਹਾਇਸ਼, ਸਿਹਤ ਸੰਭਾਲ- ਹਾਲ ਹੀ ਦੇ ਸਾਲਾਂ ਵਿੱਚ ਘਟੀਆਂ ਨਹੀਂ ਹਨ।
ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਕੈਨੇਡੀਆਈ ਵਪਾਰਾਂ ਉੱਤੇ ਖ਼ਤਰੇ, ਬੇਰੁਜ਼ਗਾਰੀ ਅਤੇ ਪਰਵਾਸੀਆਂ ਦੀ ਵੱਧਦੀ ਆਮਦ ਦੇ ਮੁੱਦਿਆਂ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ।
ਪਰ ਅਬਾਕਸ ਡੇਟਾ ਦੇ ਸੀਈਓ, ਪੋਲਸਟਰ ਡੇਵਿਡ ਕੋਲੇਟੋ ਨੇ ਦੱਸਿਆ ਸੀ ਕਿ ਕਿ ਇਹ ਚਿੰਤਾਵਾਂ ਅਮਰੀਕਾ ਨਾਲ ਵਪਾਰ ਯੁੱਧ ਦੇ "ਮੌਜੂਦਾ ਖ਼ਤਰੇ" ਹੇਠਾਂ ਦਬ ਗਈਆਂ ਹਨ।
ਉਨ੍ਹਾਂ ਕਿਹਾ ਸੀ, "ਭਾਵੇਂ ਰਹਿਣ-ਸਹਿਣ ਦੀ ਲਾਗਤ ਅਜੇ ਵੀ ਸਭ ਤੋਂ ਵੱਡਾ ਮੁੱਦਾ ਹੈ, ਪਰ ਇਹ ਇੰਨਾ ਵੱਡਾ ਮੁੱਦਾ ਵੀ ਨਹੀਂ ਹੈ ਕਿ ਇਸ ਕਰਕੇ 'ਵਪਾਰ ਯੁੱਧ' ਦੇ ਖ਼ਤਰੇ ਨੂੰ ਭੁੱਲਿਆ ਜਾਵੇ।"
ਇਸ ਲਈ ਪਾਰਟੀਆਂ ਅੱਗੇ ਇਹ ਚੁਣੌਤੀ ਹੋਵੇਗੀ ਕਿ ਉਹ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਠੋਸ ਨੀਤੀਆਂ ਬਣਾਉਣ ਪਰ ਇਹ ਸਭ ਉਨ੍ਹਾਂ ਨੂੰ ਵਿਆਪਕ ਆਰਥਿਕ ਖ਼ਤਰੇ ਦੇ ਸੰਦਰਭ ਵਿੱਚ ਹੀ ਤਿਆਰ ਕਰਨਾ ਪਵੇਗਾ।
ਇਸਦੇ ਨਾਲ ਹੀ ਕੈਨੇਡੀਆਈ ਸਰਕਾਰ ਵੱਲੋਂ ਬੀਤੇ ਮਹੀਨਿਆਂ ਦੌਰਾਨ ਆਪਣੇ ਪੀਆਰ, ਸਟਡੀ ਪਰਮਿਟ ਅਤੇ ਵਰਕ ਪਰਮਿਟ ਦੇ ਟੀਚਿਆਂ ਨੂੰ ਵੱਡੇ ਪੱਧਰ ਉੱਤੇ ਘਟਾਇਆ ਗਿਆ ਹੈ ਅਤੇ ਨਿਯਮ ਵੀ ਸਖ਼ਤ ਕੀਤੇ ਗਏ ਹਨ।
ਬਹੁਗਿਣਤੀ ਲਈ ਕਿੰਨੀਆਂ ਸੀਟਾਂ ਦੀ ਲੋੜ?
ਪਾਰਲੀਮੈਂਟ ਭੰਗ ਹੋਣ ਸਮੇਂ ਲਿਬਰਲ ਪਾਰਟੀ ਕੋਲ 154 ਸੀਟਾਂ ਸਨ ਜਦਕਿ ਕੰਜ਼ਰਵੇਟਿਵ ਪਾਰਟੀ ਕੋਲ 120 ਸੀਟਾਂ ਸਨ, ਬਲੌਕ ਕਿਊਬਿਕਾ ਕੋਲ 33 ਸੀਟਾਂ ਹਨ ਜਦਕਿ ਐੱਨਡੀਪੀ ਕੋਲ 24 ਸੀਟਾਂ ਸਨ।
ਕੈਨੇਡਾ ਦੀ ਪਾਰਲੀਮੈਂਟ ਵਿੱਚ ਕੁੱਲ 343 ਸੀਟਾਂ ਹਨ, ਕਿਸੇ ਵੀ ਪਾਰਟੀ ਨੂੰ ਬਹੁਗਿਣਤੀ ਸਰਕਾਰ ਬਣਾਉਣ ਲਈ 172 ਸੀਟਾਂ ਦਾ ਅੰਕੜਾ ਪਾਰ ਕਰਨਾ ਪੈਣਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ