ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਮਾਰਕ ਕਾਰਨੀ ਕੌਣ ਹਨ ਜਿਨ੍ਹਾਂ ਨੇ ਚੋਣ ਜਿੱਤਦੇ ਹੀ ਟਰੰਪ ਨੂੰ ਦਿਖਾਈ ਅੱਖ

    • ਲੇਖਕ, ਬੇਨ ਕਿੰਗ ਅਤੇ ਰੌਬਿਨ ਲੇਵਿਨਸਨ ਕਿੰਗ
    • ਰੋਲ, ਬੀਬੀਸੀ ਨਿਊਜ਼

ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਵਜੋਂ ਜਸਟਿਨ ਟਰੂਡੋ ਦੀ ਜਗ੍ਹਾ ਲੈਣ ਦੀ ਦੌੜ ਜਿੱਤ ਲਈ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

ਕਾਰਨੀ ਨੇ ਆਪਣੇ ਤਿੰਨ ਵਿਰੋਧੀਆਂ ਦੇ ਖਿਲਾਫ ਲੀਡਰਸ਼ਿਪ ਦੀ ਇਹ ਦੌੜ ਆਸਾਨੀ ਨਾਲ ਜਿੱਤ ਲਈ ਅਤੇ 131,674 ਵੋਟਾਂ ਪ੍ਰਾਪਤ ਕੀਤੀਆਂ ਹਨ।

ਹੁਣ ਉਹ ਅਗਲੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ। ਇਹ ਚੋਣਾਂ 20 ਅਕਤੂਬਰ ਤੱਕ ਹੋਣੀਆਂ ਚਾਹੀਦੀਆਂ ਹਨ ਪਰ ਇਹ ਇਸੇ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋ ਸਕਦੀਆਂ ਹਨ।

ਜਿੱਤ ਮਗਰੋਂ ਦਿੱਤੇ ਆਪਣੇ ਭਾਸ਼ਣ ਵਿੱਚ, ਯੂਕੇ ਅਤੇ ਕੈਨੇਡਾ ਦੇ ਕੇਂਦਰੀ ਬੈਂਕਾਂ ਦੇ ਸਾਬਕਾ ਮੁਖੀ ਰਹੇ ਕਾਰਨੀ ਨੇ ਟਰੰਪ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ "ਕਾਲੇ ਦਿਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਦਿਨ ਇੱਕ ਅਜਿਹੇ ਦੇਸ਼ ਦੁਆਰਾ ਲਿਆਂਦੇ ਗਏ ਹਨ ਜਿਸ 'ਤੇ ਅਸੀਂ ਹੁਣ ਭਰੋਸਾ ਨਹੀਂ ਕਰ ਸਕਦੇ।"

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸੰਦੇਸ਼ ਦਿੰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਵੀ ਅਮਰੀਕੀ ਸਾਮਾਨਾਂ 'ਤੇ ਜਵਾਬੀ ਟੈਰਿਫ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ "ਅਮਰੀਕੀ ਸਾਡਾ ਸਤਿਕਾਰ ਨਹੀਂ ਕਰਦੇ''।

ਟਰੂਡੋ ਨੇ ਨੌਂ ਸਾਲਾਂ ਦੇ ਆਪਣੇ ਕਾਰਜਕਾਲ ਤੋਂ ਬਾਅਦ ਜਨਵਰੀ ਵਿੱਚ ਅਸਤੀਫੇ ਦਾ ਐਲਾਨ ਕੀਤਾ ਸੀ। ਉਨ੍ਹਾਂ ਉੱਤੇ ਆਪਣੀ ਹੀ ਪਾਰਟੀ ਅੰਦਰੋਂ ਅਸਤੀਫਾ ਦੇਣ ਲਈ ਦਬਾਅ ਵਧ ਰਿਹਾ ਸੀ।

ਆਓ ਹੁਣ ਜਾਣਦੇ ਹਾਂ ਮਾਰਕ ਕਾਰਨੀ ਬਾਰੇ ਖਾਸ ਗੱਲਾਂ...

ਸਾਬਕਾ ਬੈਂਕਰ

ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਹਨ ਜੋ ਹੁਣ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨੂੰ ਹੁਣ ਵਿਸ਼ਵਵਿਆਪੀ ਆਰਥਿਕ ਸੰਕਟਾਂ ਨਾਲ ਨਜਿੱਠਣ ਲਈ ਆਪਣੇ ਸਾਰੇ ਤਜਰਬੇ ਦੀ ਲੋੜ ਹੋਵੇਗੀ ਕਿਉਂਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਸ਼ੁਰੂ ਕੀਤੇ ਗਏ ਵਪਾਰ ਯੁੱਧ ਦਾ ਸਾਹਮਣਾ ਕਰ ਰਿਹਾ ਹੈ।

ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਸ ਦੇ 300 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ।

ਬ੍ਰਿਟੇਨ ਦੇ ਸਿਖਰਲੇ ਬੈਂਕਿੰਗ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਦੇਸ਼ ਦੇ ਕੇਂਦਰੀ ਬੈਂਕ, ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਜੋਂ ਕੰਮ ਕੀਤਾ ਅਤੇ ਦੇਸ਼ ਨੂੰ ਮਹਾ ਮੰਦੀ ਝੱਲਣ ਦੀ ਰਾਹ ਦਿਖਾਈ।

ਪਰ ਜ਼ਿਆਦਾਤਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੇ ਉਲਟ, ਕਾਰਨੀ ਨੇ ਕਦੇ ਵੀ ਸਿਆਸੀ ਅਹੁਦਾ ਨਹੀਂ ਸੰਭਾਲਿਆ। ਫਿਰ ਵੀ, ਉਨ੍ਹਾਂ ਨੇ ਆਸਾਨੀ ਨਾਲ ਇਹ ਮੁਕਾਬਲਾ ਜਿੱਤ ਲਿਆ।

ਹੁਣ, ਉਨ੍ਹਾਂ ਨੂੰ ਦੇਸ਼ ਦੀਆਂ ਹੁਣ ਤੱਕ ਦੀਆਂ ਸਭ ਤੋਂ ਔਖੀਆਂ ਚੁਣੌਤੀਆਂ ਵਿੱਚੋਂ ਇੱਕ ਵਿੱਚੋਂ ਲੰਘਣਾ ਪਵੇਗਾ। ਕਿਉਂਕਿ ਇਸ ਸਮੇਂ ਕੈਨੇਡਾ ਦੇ ਆਪਣੇ ਤੋਂ ਵੱਡੇ ਵਪਾਰਕ ਭਾਈਵਾਲ, ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਯੁੱਧ ਚੱਲ ਰਿਹਾ ਹੈ ਅਤੇ ਮਾਰਕ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਇਸ ਸਥਿਤੀ 'ਚੋਂ ਦੇਸ਼ ਨੂੰ ਬਾਹਰ ਕੱਢਣ।

ਹਾਲਾਂਕਿ, ਪ੍ਰਧਾਨ ਮੰਤਰੀ ਦੀ ਆਪਣੀ ਭੂਮਿਕਾ ਨੂੰ ਬਰਕਰਾਰ ਰੱਖਣਾ ਵੀ ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਲੜਾਈ ਹੋਵੇਗੀ। ਕੈਨੇਡਾ ਦੀਆਂ ਅਗਲੀਆਂ ਸੰਘੀ ਚੋਣਾਂ ਇਸੇ ਸਾਲ ਅਕਤੂਬਰ ਵਿੱਚ ਹੋਣੀਆਂ ਹਨ, ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਇਸੇ ਮਹੀਨੇ ਦੇ ਸ਼ੁਰੂ ਵਿੱਚ ਹੀ ਹੋ ਜਾਣਗੀਆਂ।

ਸਕੂਲ ਪ੍ਰਿੰਸੀਪਲ ਦੇ ਮੁੰਡੇ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ

ਕਾਰਨੀ ਦਾ ਜਨਮ ਉੱਤਰ-ਪੱਛਮੀ ਪ੍ਰਦੇਸ਼ਾਂ ਦੇ ਦੂਰ-ਦੁਰਾਡੇ ਉੱਤਰੀ ਸ਼ਹਿਰ ਫੋਰਟ ਸਮਿੱਟ ਵਿੱਚ ਹੋਇਆ ਸੀ।

ਹਾਲਾਂਕਿ, ਉਨ੍ਹਾਂ ਨੇ ਨਿਊਯਾਰਕ, ਲੰਡਨ ਅਤੇ ਟੋਕੀਓ ਵਰਗੀਆਂ ਥਾਵਾਂ 'ਤੇ ਗੋਲਡਮੈਨ ਸਾਕਸ ਲਈ ਕੰਮ ਕਰਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀ ਹੈ।

ਉਨ੍ਹਾਂ ਦੇ ਪਿਤਾ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਕਾਰਨੀ ਖੁਦ ਸਕਾਲਰਸ਼ਿਪ 'ਤੇ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਏ ਸਨ ਜਿੱਥੇ ਉਨ੍ਹਾਂ ਨੇ ਆਈਸ ਹਾਕੀ ਵੀ ਖੇਡੀ।

ਸਾਲ 1995 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

2003 ਵਿੱਚ, ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਵਿੱਚ ਡਿਪਟੀ ਗਵਰਨਰ ਵਜੋਂ ਸ਼ਾਮਲ ਹੋਣ ਲਈ ਨਿੱਜੀ ਖੇਤਰ ਛੱਡ ਦਿੱਤਾ ਅਤੇ ਫਿਰ ਵਿੱਤ ਵਿਭਾਗ ਵਿੱਚ ਇੱਕ ਸੀਨੀਅਰ ਐਸੋਸੀਏਟ ਡਿਪਟੀ ਮੰਤਰੀ ਵਜੋਂ ਕੰਮ ਕੀਤਾ।

ਗਲੋਬਲ ਮਾਰਕਿਟ ਦੇ ਡਿੱਗਣ ਤੋਂ ਕੁਝ ਸਮਾਂ ਪਹਿਲਾ, ਸਾਲ 2007 ਵਿੱਚ ਉਨ੍ਹਾਂ ਨੂੰ ਬੈਂਕ ਆਫ਼ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਦੇਸ਼ ਨੂੰ ਸੰਕਟ ਦੇ ਇਸ ਸਭ ਤੋਂ ਭੈੜੇ ਦੌਰ ਤੋਂ ਬਚਣ ਵਿੱਚ ਮਦਦ ਕਰਨ ਲਈ ਕੇਂਦਰੀ ਬੈਂਕ ਵਿੱਚ ਉਨ੍ਹਾਂ ਦੀ ਅਗਵਾਈ ਦੀ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਹਾਲਾਂਕਿ ਕੇਂਦਰੀ ਬੈਂਕਰ ਬਹੁਤ ਸਾਵਧਾਨ ਰਹਿੰਦੇ ਹਨ, ਪਰ ਉਨ੍ਹਾਂ ਨੇ ਦਰਾਂ ਵਿੱਚ ਨਾਟਕੀ ਢੰਗ ਨਾਲ ਕਟੌਤੀ ਕਰਨ ਤੋਂ ਬਾਅਦ ਘੱਟੋ-ਘੱਟ ਇੱਕ ਸਾਲ ਲਈ ਵਿਆਜ ਦਰਾਂ ਨੂੰ ਘੱਟ ਰੱਖਣ ਦੇ ਆਪਣੇ ਇਰਾਦੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਇਸ ਕਦਮ ਨੂੰ ਕਾਰੋਬਾਰਾਂ ਨੂੰ ਨਿਵੇਸ਼ ਜਾਰੀ ਰੱਖਣ ਵਿੱਚ ਮਦਦ ਕਰਨ ਦਾ ਸਿਹਰਾ ਦਿੱਤਾ ਜਾਵੇਗਾ ਭਾਵੇਂ ਬਾਜ਼ਾਰ ਡੁੱਬ ਰਹੇ ਹੋਣ।

ਜਦੋਂ ਕਾਰਨੀ ਨੂੰ ਲੰਦਨ ਵਾਪਸ ਬੁਲਾਇਆ ਗਿਆ, ਉਸ ਵੇਲੇ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਦਾ ਰਵੱਈਆ ਅਪਣਾਇਆ - ਇਸ ਵਾਰ ਉਹ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਕੰਮ ਕਰ ਰਹੇ ਸਨ।

ਮੰਦੀ ਦੌਰਾਨ ਅਗਵਾਈ ਕਰਨ ਵਾਲੇ

ਬੈਂਕ ਦੇ ਥ੍ਰੈਡਨੀਡਲ ਸਟਰੀਟ ਹੈੱਡਕੁਆਰਟਰ ਵਿਖੇ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸੰਸਥਾ ਦੇ ਕੰਮਕਾਜ ਦੇ ਤਰੀਕੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਨਿਗਰਾਨੀ ਕੀਤੀ।

ਉਨ੍ਹਾਂ ਨੂੰ ਬੈਂਕ ਦੇ ਆਧੁਨਿਕੀਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ ਆਪਣੇ ਤੋਂ ਪਹਿਲਾਂ ਵਾਲੇ ਅਧਿਕਾਰੀ ਨਾਲੋਂ ਜ਼ਿਆਦਾ ਵਾਰ ਮੀਡੀਆ ਵਿੱਚ ਦਿਖਾਈ ਦਿੰਦੇ ਸਨ।

2015 ਵਿੱਚ, ਬੈਂਕ ਨੇ ਵਿਆਜ ਦਰ ਸਬੰਧੀ ਮੀਟਿੰਗਾਂ ਦੀ ਗਿਣਤੀ 12 ਤੋਂ ਘਟਾ ਕੇ 8 ਕਰ ਦਿੱਤੀ, ਅਤੇ ਵਿਆਜ ਦਰ ਦੇ ਫੈਸਲਿਆਂ ਦੀ ਘੋਸ਼ਣਾ ਦੇ ਨਾਲ-ਨਾਲ ਮੀਟਿੰਗ 'ਚ ਹੋਈਆਂ ਅਹਿਮ ਗੱਲਾਂ ਦੀ ਜਾਣਕਾਰੀ ਪ੍ਰਕਾਸ਼ਿਤ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਕਾਰਨੀ ਨੇ ਅਹੁਦਾ ਸੰਭਾਲਿਆ ਸੀ ਤਾਂ ਵਿਆਜ ਦਰਾਂ ਇਤਿਹਾਸਕ ਤੌਰ 'ਤੇ ਘੱਟ ਸਨ, ਪਰ ਉਨ੍ਹਾਂ "ਅੱਗੇ ਦੀ ਸੇਧ" ਦੀ ਨੀਤੀ ਪੇਸ਼ ਕੀਤੀ, ਜਿਸ ਦੇ ਤਹਿਤ ਬੈਂਕ ਅਰਥਵਿਵਸਥਾ ਨੂੰ ਹੋਰ ਸਮਰਥਨ ਪ੍ਰਦਾਨ ਕਰਕੇ ਅਤੇ ਬੇਰੁਜ਼ਗਾਰੀ ਦੀ ਦਰ ਨੂੰ 7% ਤੋਂ ਹੇਠਾਂ ਆਉਣ ਤੱਕ ਦਰਾਂ ਨਾ ਵਧਾਉਣ ਦਾ ਵਾਅਦਾ ਕਰਕੇ, ਉਧਾਰ ਦੇਣ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰੇਗਾ।

ਇਸ ਨੀਤੀ ਬਾਰੇ ਭੰਬਲਭੂਸੇ ਕਾਰਨ ਇੱਕ ਸੰਸਦ ਮੈਂਬਰ ਨੇ ਕਾਰਨੀ ਦੀ ਤੁਲਨਾ ਇੱਕ "ਬੇਭਰੋਸੇਯੋਗ ਪ੍ਰੇਮੀ" ਨਾਲ ਕੀਤੀ, ਇੱਕ ਅਜਿਹਾ ਉਪਨਾਮ ਜੋ ਅਸਲ ਵਿਵਾਦ ਦੇ ਖਤਮ ਹੋਣ ਤੋਂ ਬਾਅਦ ਵੀ ਬਹੁਤ ਸਮੇਂ ਤੱਕ ਚੱਲਦਾ ਰਿਹਾ।

ਪਿਛਲੇ ਗਵਰਨਰਾਂ ਦੇ ਉਲਟ, ਜੋ ਆਮ ਤੌਰ 'ਤੇ ਘੱਟ ਹੀ ਅੱਗੇ ਆਉਂਦੇ ਸਨ, ਕਾਰਨੀ ਨੇ ਦੋ ਵੱਡੇ ਸੰਵਿਧਾਨਕ ਜਨਮਤ ਸੰਗ੍ਰਹਿ ਤੋਂ ਪਹਿਲਾਂ ਵਿਵਾਦਪੂਰਨ ਦਖਲਅੰਦਾਜ਼ੀ ਕੀਤੀ।

2014 ਵਿੱਚ ਉਸਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇੱਕ ਸੁਤੰਤਰ ਸਕਾਟਲੈਂਡ ਪੌਂਡ ਦੀ ਵਰਤੋਂ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੀਆਂ ਸ਼ਕਤੀਆਂ ਯੂਕੇ ਨੂੰ ਸੌਂਪਣੀਆਂ ਪੈ ਸਕਦੀਆਂ ਹਨ।

ਇਸੇ ਤਰ੍ਹਾਂ, ਬ੍ਰੈਕਸਿਟ ਜਨਮਤ ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਯੂਰੋਪੀਅਨ ਯੂਨੀਅਨ ਛੱਡਣ ਲਈ ਵੋਟ ਪਾਉਣ ਨਾਲ ਮੰਦੀ ਸ਼ੁਰੂ ਹੋ ਸਕਦੀ ਹੈ।

ਡੇਵਿਡ ਕੈਮਰੂਨ ਵੱਲੋਂ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਅਤੇ ਪੌਂਡ ਡਿੱਗਣ ਤੋਂ ਬਾਅਦ, ਉਨ੍ਹਾਂ ਨੇ ਦੇਸ਼ ਨੂੰ ਸੰਬੋਧਨ ਕਰਕੇ ਭਰੋਸਾ ਦਿਵਾਇਆ ਸੀ ਕਿ ਦੇਸ਼ ਦੀ ਵਿੱਤੀ ਪ੍ਰਣਾਲੀ ਆਮ ਵਾਂਗ ਕੰਮ ਕਰਦੀ ਰਹੇਗੀ।

ਹਾਲਾਂਕਿ, ਕਾਰਨੀ ਨੇ ਇਸ ਨੂੰ ਆਪਣੀ ਨੌਕਰੀ ਦਾ "ਸਭ ਤੋਂ ਔਖਾ ਦਿਨ" ਦੱਸਿਆ ਸੀ, ਪਰ ਉਨ੍ਹਾਂ ਕਿਹਾ ਸੀ ਕਿ ਬੈਂਕ ਦੁਆਰਾ ਬਣਾਈਆਂ ਗਈਆਂ ਐਮਰਜੈਂਸੀ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀਆਂ ਹਨ।

ਬਾਅਦ ਵਿੱਚ ਬੈਂਕ ਨੇ ਵਿਆਜ ਦਰਾਂ ਨੂੰ 0.5% ਤੋਂ 0.25% ਤੱਕ ਘਟਾ ਦਿੱਤਾ - ਅਤੇ ਅਰਥਵਿਵਸਥਾ ਨੂੰ ਸਮਰਥਨ ਦੇਣ ਲਈ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤਾ।

ਮਾਰਚ 2020 ਵਿੱਚ, ਉਨ੍ਹਾਂ ਦੇ ਆਖਰੀ ਹਫ਼ਤੇ ਵਿੱਚ ਕੋਵਿਡ ਮਹਾਂਮਾਰੀ ਦਾ ਸਭ ਤੋਂ ਗੰਭੀਰ ਪੜਾਅ ਸ਼ੁਰੂ ਹੋਇਆ। ਇਸ ਵੇਲੇ ਬੈਂਕ ਨੇ ਆਰਥਿਕਤਾ ਨੂੰ ਸਮਰਥਨ ਦੇਣ ਲਈ ਦਰਾਂ ਨੂੰ 0.5% ਤੱਕ ਘਟਾ ਦਿੱਤਾ ਸੀ। ਇਸ ਸਮੇਂ ਕਾਰਨੀ ਨੇ ਦੇਸ਼ ਨੂੰ ਕਿਹਾ ਸੀ ਕਿ ਆਰਥਿਕ ਝਟਕਾ "ਅਸਥਾਈ ਹੋਣਾ ਚਾਹੀਦਾ ਹੈ"।

ਟਰੰਪ ਨਾਲ ਨਜਿੱਠਣ ਦਾ ਕਿੰਨਾ ਤਜ਼ਰਬਾ

ਬੈਂਕ ਵਿੱਚ ਕੰਮ ਕਰਦੇ ਹੋਏ, ਕਾਰਨੀ ਨੇ ਡੌਨਲਡ ਟਰੰਪ ਨਾਲ ਨਜਿੱਠਣ ਦਾ ਕਾਫ਼ੀ ਤਜਰਬਾ ਹਾਸਲ ਕੀਤਾ ਹੈ।

ਟਰੰਪ ਨੇ ਜਨਵਰੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਾ ਸਿਰਫ਼ ਕੈਨੇਡਾ 'ਤੇ ਭਾਰੀ ਟੈਰਿਫ ਲਗਾਏ ਹਨ ਬਲਕਿ ਇਹ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਨੂੰ ਆਪਣੇ ਘੱਟ ਸ਼ਕਤੀਸ਼ਾਲੀ ਗੁਆਂਢੀ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ ਹੈ।

2011-18 ਤੱਕ, ਕਾਰਨੀ ਵਿੱਤੀ ਸਥਿਰਤਾ ਬੋਰਡ ਦੇ ਚੇਅਰਮੈਨ ਸਨ, ਜਿਸਨੇ ਦੁਨੀਆਂ ਭਰ ਦੀਆਂ ਰੈਗੂਲੇਟਰੀ ਅਥਾਰਟੀਆਂ ਨਾਲ ਤਾਲਮੇਲ ਕਰਕੇ ਕੰਮ ਕੀਤਾ, ਜਿਸ ਨਾਲ ਕਾਰਨੀ ਨੂੰ ਟਰੰਪ ਦੇ ਪਹਿਲੇ ਸ਼ਾਸਨ ਕਾਲ ਦੀਆਂ ਨੀਤੀਆਂ ਪ੍ਰਤੀ ਵਿਸ਼ਵਵਿਆਪੀ ਪ੍ਰਤੀਕਿਰਿਆ ਵਿੱਚ ਇੱਕ ਮੁੱਖ ਭੂਮਿਕਾ ਮਿਲੀ।

ਉਹ ਜੀ-20 ਮੀਟਿੰਗਾਂ ਵਿੱਚ ਨਿਯਮਿਤ ਤੌਰ 'ਤੇ ਸ਼ਾਮਲ ਹੁੰਦੇ ਰਹੇ ਹਨ ਅਤੇ ਟਰੰਪ ਬਾਰੇ ਉਨ੍ਹਾਂ ਦੀ ਰਾਇ ਵਿਸ਼ਵ ਪੱਧਰ 'ਤੇ ਜਾਣੀ ਜਾਂਦੀ ਸੀ।

ਵਾਤਾਵਰਣ ਨੂੰ ਲੈ ਕੇ ਵੀ ਕਾਫੀ ਸੁਚੇਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਵਾਤਾਵਰਣ ਸਥਿਰਤਾ ਦੇ ਸਮਰਥਕ ਵਜੋਂ ਵੀ ਜਾਣਿਆ ਜਾਂਦਾ ਹੈ।

ਸਾਲ 2019 ਵਿੱਚ ਉਹ ਜਲਵਾਯੂ ਪਰਿਵਰਤਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਬਣੇ ਅਤੇ 2021 ਵਿੱਚ ਉਨ੍ਹਾਂ ਨੇ ਗਲਾਸਗੋ ਫਾਇਨੈਨਸ਼ੀਅਲ ਅਲਾਇੰਸ ਫਾਰ ਨੈੱਟ ਜ਼ੀਰੋ ਦੀ ਸ਼ੁਰੂਆਤ ਕੀਤੀ, ਜੋ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਕੰਮ ਕਰਨ ਵਾਲੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦਾ ਇੱਕ ਸਮੂਹ ਹੈ।

"ਮੈਂ ਸਰਕਸ ਦਾ ਜੋਕਰ ਕਿਉਂ ਨਾ ਬਣ ਜਾਵਾਂ?"

ਸਿਆਸਤ ਵਿੱਚ ਆਉਣ ਦੀਆਂ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਕਈ ਸਾਲਾਂ ਤੋਂ ਅਫਵਾਹਾਂ ਫੈਲ ਰਹੀਆਂ ਹਨ, ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।

ਸਾਲ 2012 ਵਿੱਚ ਉਨ੍ਹਾਂ ਇੱਕ ਪੱਤਰਕਾਰ ਨੂੰ ਕਿਹਾ ਸੀ, "ਮੈਂ ਸਰਕਸ ਦਾ ਜੋਕਰ ਕਿਉਂ ਨਾ ਬਣ ਜਾਵਾਂ?"

ਹਾਲਾਂਕਿ, ਜਨਵਰੀ ਵਿੱਚ ਟਰੂਡੋ ਦੇ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਹਾਲਾਤ ਬਦਲ ਗਏ, ਜਦੋਂ ਉਨ੍ਹਾਂ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਪਣੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਦੇ ਅੰਦਰ ਮਤਭੇਦ ਪੈਦਾ ਹੋ ਗਏ।

ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਟਰੂਡੋ ਫ੍ਰੀਲੈਂਡ ਦੀ ਥਾਂ ਕਾਰਨੀ ਨੂੰ ਵਿੱਤ ਅਹੁਦੇ 'ਤੇ ਬਿਠਾਉਣਾ ਚਾਹੁੰਦੇ ਸਨ।

ਫ੍ਰੀਲੈਂਡ ਟਰੂਡੋ ਦੇ ਦੋਸਤ ਹਨ ਅਤੇ ਉਨ੍ਹਾਂ ਨੇ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਉਨ੍ਹਾਂ ਦੇ ਵਿਰੁੱਧ ਚੋਣ ਲੜੀ। ਪਰ ਕਾਰਨੀ ਨੇ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਇਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਟਰੰਪ ਦਾ ਮੁਕਾਬਲਾ ਕਰਨ ਵਾਲੇ ਸਭ ਤੋਂ ਬਿਹਤਰ ਵਿਅਕਤੀ ਦੇ ਰੂਪ 'ਚ ਅੱਗੇ ਲੈ ਕੇ ਆਂਦਾ ਹੈ।

ਇਸੇ ਸਿਲਸਿਲੇ ਵਿੱਚ ਕਾਰਨੀ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਲੀਡਰਸ਼ਿਪ ਬਹਿਸ ਦੌਰਾਨ ਕਿਹਾ ਸੀ, "ਇਸ ਤਰ੍ਹਾਂ ਦੀ ਸਥਿਤੀ ਵਿੱਚ, ਤੁਹਾਨੂੰ ਸੰਕਟ ਪ੍ਰਬੰਧਨ ਦੇ ਮਾਮਲੇ ਵਿੱਚ ਤਜਰਬੇ ਦੀ ਲੋੜ ਹੁੰਦੀ ਹੈ, ਤੁਹਾਨੂੰ ਗੱਲਬਾਤ ਦੇ ਹੁਨਰ ਦੀ ਲੋੜ ਹੁੰਦੀ ਹੈ।"

ਕਾਰਨੀ ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਸੰਕਟਾਂ ਨਾਲ ਕਿਵੇਂ ਨਜਿੱਠਣਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)