ਜਲੰਧਰ: ਟਰੰਕ ਵਿੱਚ ਮਰੀਆਂ ਬਰਾਮਦ ਹੋਈਆਂ 3 ਸਕੀਆਂ ਭੈਣਾਂ ਦਾ ਕਿਸ ਨੇ ਕਿਵੇਂ ਕੀਤਾ ਕਤਲ

ਤਸਵੀਰ ਸਰੋਤ, Pradeep Sharma/bbc
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਤਿੰਨ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ ਬੱਚੀਆਂ ਦੀ ਮੌਤ ਦੇ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਦਾ ਹੀ ਹੱਥ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਿੰਡ ਕਾਹਨਪੁਰ ਵਿੱਚ ਵਾਰਡ ਨੰਬਰ ਚਾਰ ਵਿੱਚ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਕਿਰਾਏ 'ਤੇ ਰਹਿ ਰਿਹਾ ਸੀ। ਉਨ੍ਹਾਂ ਦੇ 5 ਬੱਚੇ ਸਨ, ਜਿਨ੍ਹਾਂ ਵਿੱਚ 4 ਕੁੜੀਆਂ ਅਤੇ ਇੱਕ ਮੁੰਡਾ ਸੀ।
ਬੀਤੀ ਰਾਤ 3 ਕੁੜੀਆਂ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਮੁਤਾਬਕ ਅਗਲੀ ਸਵੇਰ ਬੱਚੀਆਂ ਦੀਆਂ ਲਾਸ਼ਾਂ ਘਰੋਂ ਹੀ ਮਿਲੀਆਂ ਹਨ।
ਪੁਲਿਸ ਮੁਤਾਬਕ ਬੱਚੀਆਂ ਦੇ ਮਾਪਿਆਂ (ਸੁਸ਼ੀਲ ਮੰਡਲ ਅਤੇ ਮੰਜੂ ਦੇਵੀ) ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮ੍ਰਿਤਕ ਤਿੰਨੇ ਸਕੀਆਂ ਭੈਣਾਂ ਹਨ, ਜਿਨ੍ਹਾਂ ਦੀ ਪਛਾਣ ਅਮ੍ਰਿਤਾ ਕੁਮਾਰੀ (9 ਸਾਲ), ਸ਼ਾਕਸ਼ੀ ਕੁਮਾਰੀ (7 ਸਾਲ) ਅਤੇ ਕੰਚਨ ਕੁਮਾਰੀ (4 ਸਾਲ) ਵਜੋਂ ਹੋਈ ਹੈ।
ਫਿਲਹਾਲ ਬੱਚੀਆਂ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਤਸਵੀਰ ਸਰੋਤ, Pradeep Sharma/bbc
ਕੀ ਹੈ ਪੂਰਾ ਮਾਮਲਾ
ਪੁਲਿਸ ਮੁਤਾਬਕ ਮੁਲਜ਼ਮ ਬੱਚੀਆਂ ਨੂੰ ਮਾਰ ਕੇ ਟਰੰਕ ਵਿੱਚ ਬੰਦ ਕਰ ਕੇ ਮਕਾਨ ਖਾਲੀ ਕਰਨ ਵਾਲਾ ਸੀ।
ਦਰਅਸਲ, ਮਕਾਨ ਉਸ ਨੂੰ ਮਕਾਨ ਖਾਲੀ ਕਰਨ ਲਈ ਕਹਿ ਰਿਹਾ ਸੀ ਕਿਉਂਕਿ ਉਸ ਨੇ ਘਰ ਦੀ ਮੁਰੰਮਤ ਕਰਵਾਉਣੀ ਸੀ।
ਉਧਰ ਮਕਾਨ ਮਾਲਕ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਦੋ ਮਹੀਨਿਆਂ ਲਈ ਮਕਾਨ ਕਿਰਾਏ 'ਤੇ ਦਿੱਤਾ ਸੀ ਕਿਉਂਕਿ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਘਰ ਢਾਹ ਕੇ ਬਣਵਾਉਣਾ ਚਾਹੁੰਦੇ ਸਨ।
ਉਹ ਅੱਗੇ ਦੱਸਦੇ ਹਨ, "ਕੱਲ੍ਹ ਜਦੋਂ ਪਤਾ ਲੱਗਾ ਕਿ ਬੱਚੀਆਂ ਗਾਇਬ ਹੋ ਗਈਆਂ ਤਾਂ ਉਸ ਨੂੰ (ਬੱਚੀਆਂ ਦੇ ਪਿਉ) ਨੂੰ ਪੁੱਛਦੇ ਰਹੇ ਪਰ ਉਸ ਸ਼ਰਾਬ ਪੀਤੀ ਹੋਈ ਸੀ ਤੇ ਸਾਨੂੰ ਕੁਝ ਨਹੀਂ ਦੱਸਿਆ।"
"ਅਸੀਂ ਪੁਲਿਸ ਨੂੰ ਸ਼ਿਕਾਇਤ ਤੇ ਅੱਧੀ ਰਾਤ ਨੂੰ ਪੁਲਿਸ ਨੇ ਆ ਕੇ ਵੀ ਪੁੱਛਗਿੱਛ ਕੀਤੀ ਪਰ ਇਸ ਨੇ ਤਾਂ ਵੀ ਕੁਝ ਨਹੀਂ ਦੱਸਿਆ। ਪਰ ਜਦੋਂ ਸਵੇਰੇ ਦਿਨ ਚੜਿਆ ਤਾਂ ਉਸ ਨੇ ਕਿਹਾ ਮੇਰੀਆਂ ਬੱਚੀਆਂ ਨੂੰ ਮਾਰ ਕੇ ਕਿਸੇ ਨੇ ਟਰੰਕ ਵਿੱਚ ਬੰਦ ਕਰ ਦਿੱਤਾ ਹੈ।"

"ਅਸੀਂ ਟਰੰਕ ਵਿੱਚ ਨਹੀਂ ਦੇਖੀਆਂ। ਇਸ ਨੇ ਬੱਚੀਆਂ ਦੀਆਂ ਲਾਸ਼ਾਂ ਗਲੀ ਵਿੱਚ ਰੱਖੀਆਂ ਸਨ ਤੇ ਲਾਗ਼ੇ ਟਰੰਕ ਰੱਖਿਆ ਹੋਇਆ ਸੀ। ਅਸੀਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਆ ਕੇ ਇਸ ਨੂੰ ਗ੍ਰਿਫ਼ਤਾਰ ਕਰ ਕੇ ਸਾਰੀ ਅਸਲੀਅਤ ਸਾਹਮਣੇ ਲੈ ਆਈ ਹੈ।"
ਇੱਕ ਨੇੜੇ ਰਹਿੰਦੀ ਗੁਆਂਢਣ ਨੇ ਦੱਸਿਆ ਕਿ ਉਹ ਅਕਸਰ ਸਵੇਰੇ 8 ਵਜੇ ਦੇ ਕਰੀਬ ਕੰਮ 'ਤੇ ਚਲੇ ਜਾਂਦੇ ਸੀ ਅਤੇ ਬੱਚੀਆਂ ਘਰੇ ਰਹਿੰਦੀਆਂ ਸਨ। ਉਹ ਸਾਰਾ ਦਿਨ ਇੱਧਰ ਉੱਧਰ ਘੁੰਮਦੀਆਂ-ਰਹਿੰਦੀਆਂ ਸਨ।
ਉਨ੍ਹਾਂ ਮੁਤਾਬਕ, "ਕਈ ਵਾਰ ਦੇਖਿਆ ਗਿਆ ਸੀ ਕਿ ਬੱਚੀਆਂ ਇਧਰੋ-ਉਧਰੋਂ ਚੁੱਕ ਕੇ ਕੁਝ ਖਾਂਦੀਆਂ ਰਹਿੰਦੀਆਂ ਸਨ। ਕਿਸੇ ਦੀ ਸੁੱਟੀ ਹੋਈ ਚੀਜ਼ ਵੀ ਉਹ ਚੁੱਕ ਕੇ ਖਾ ਲੈਂਦੀਆਂ, ਜਿਸ ਤੋਂ ਪਤਾ ਲੱਗਦਾ ਸੀ ਬੱਚੀਆਂ ਦਾ ਢਿੱਡ ਨਹੀਂ ਭਰਿਆ ਹੁੰਦਾ ਸੀ ਤੇ ਉਨ੍ਹਾਂ ਨੂੰ ਪੂਰੀ ਰੋਟੀ ਨਹੀਂ ਮਿਲਦੀ ਸੀ।"

ਤਸਵੀਰ ਸਰੋਤ, Pradeep Sharma/bbc
ਕਿਵੇਂ ਦਿੱਤਾ ਵਾਰਦਾਤ ਨੂੰ ਅੰਜ਼ਾਮ
ਐੱਸਐੱਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ, "ਐਤਵਾਰ ਦੀ ਰਾਤ 11-11.30 ਵਜੇ ਬੱਚੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਕੈਮਰੇ ਚੈੱਕ ਕੀਤੇ ਗਏ ਪਰ ਬੱਚੀਆਂ ਕਿਤੇ ਬਾਹਰ ਨਹੀਂ ਗਈਆਂ ਸਨ।"
"ਸਾਰੀ ਰਾਤ ਬੱਚੀਆਂ ਦੀ ਭਾਲ ਹੁੰਦੀ ਰਹੀ ਪਰ ਕੁਝ ਪਤਾ ਨਹੀਂ ਲੱਗਾ। ਸਵੇਰੇ 6.30 ਵਜੇ ਜਦੋਂ ਪੁਲਿਸ ਅਧਿਕਾਰੀ ਉੱਥੇ ਮੁੜ ਪਹੁੰਚੇ ਤਾਂ ਦੇਖਿਆ ਕਿ ਇੱਕ ਟਰੰਕ ਵਿੱਚ ਤਿੰਨ ਬੱਚੀਆਂ ਦੀਆਂ ਲਾਸ਼ਾਂ ਪਈਆਂ ਸਨ।"
ਉਨ੍ਹਾਂ ਨੇ ਅੱਗੇ ਦੱਸਿਆ, "ਜਦੋਂ ਉਨ੍ਹਾਂ ਦੇ ਪਿਤਾ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਖੇਡਦਿਆਂ-ਖੇਡਦਿਆਂ ਹੋ ਸਕਦਾ ਹੈ, ਅੰਦਰ ਵੜ ਗਏ ਹੋਣ। ਪਰ ਉੱਥੇ ਮੌਜੂਦ ਆਂਢੀਆਂ-ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਕਿ ਇਹ ਬੱਚੇ ਉੱਥੇ ਅੰਦਰ ਵੜ ਨਹੀਂ ਸਕਦੇ ਤੇ ਸਾਨੂੰ ਵੀ ਇਹੋ ਹੀ ਲੱਗਾ।"

ਤਸਵੀਰ ਸਰੋਤ, Pradeep Sharma/BBC
ਐੱਸਐੱਸਪੀ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਜਦੋਂ ਬੱਚੀਆਂ ਦੇ ਮਾਤਾ-ਪਿਤਾ ਸੁਸ਼ੀਲ ਮੰਡਲ ਅਤੇ ਮੰਜੂ ਦੇਵੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਲਈ ਪੰਜ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਸੀ।"
"ਇਸ ਲਈ ਉਸ ਨੇ ਝੋਨੇ 'ਤੇ ਸਪਰੇਅ ਕਰਨ ਵਾਲੀ ਦਵਾਈ ਬੱਚਿਆਂ ਨੂੰ ਸਵੇਰੇ 7 ਵਜੇ ਦੁੱਧ ਵਿੱਚ ਮਿਲਾ ਕੇ ਪਿਆ ਦਿੱਤੀ ਅਤੇ ਜਦੋਂ ਬੇਹੋਸ਼ ਹੋ ਗਏ ਤਾਂ ਉਨ੍ਹਾਂ ਸੰਦੂਕ ਵਿੱਚ ਬੰਦ ਕਰ ਕੇ ਆਪ ਕੰਮ 'ਤੇ ਚਲਾ ਗਿਆ।"
ਐੱਸਐੱਸਪੀ ਮੁਤਾਬਕ ਇਹ ਪੁਲਿਸ ਨੂੰ ਸ਼ਿਕਾਇਤ ਕਰ ਕੇ ਵੀ ਖੁਸ਼ ਨਹੀਂ ਸੀ ਪਰ ਮਕਾਨ ਮਾਲਕ ਦੇ ਕਹਿਣ ਉੱਤੇ ਉਸ ਨੇ ਸ਼ਿਕਾਇਤ ਕਰਵਾਈ ਸੀ।












