ਸੋਨੀਆ ਮਾਨ 'ਆਪ' 'ਚ ਸ਼ਾਮਲ: ਜਦੋਂ ਅਦਾਕਾਰਾ ਨੇ ਭਾਵੁਕ ਹੁੰਦਿਆਂ ਕਿਹਾ ਸੀ, 'ਜਿਸ ਰਾਹ 'ਤੇ ਮੈਂ ਤੁਰ ਪਈ ਹਾਂ..'

ਤਸਵੀਰ ਸਰੋਤ, AAP Punjab/X
ਪੰਜਾਬੀ ਅਦਾਕਾਰਾ ਤੇ ਕਿਸਾਨ ਅੰਦੋਲਨ ਨਾਲ ਜੁੜੇ ਸੋਨੀਆ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਨੇ ਆਪਣੇ ਐਕਸ ਅਕਾਊਂਟ 'ਤੇ ਦਿੱਤੀ ਹੈ।
ਪਾਰਟੀ ਵੱਲੋਂ ਲਿਖਿਆ ਗਿਆ, ''ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਰਹੂਮ ਬਲਦੇਵ ਸਿੰਘ ਦੀ ਧੀ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਪਰਿਵਾਰ 'ਚ ਉਹਨਾਂ ਦਾ ਬਹੁਤ ਸਵਾਗਤ ਹੈ।''
ਇਸ ਦੇ ਨਾਲ ਹੀ ਕੇਜਰੀਵਾਲ ਅਤੇ ਸੋਨੀਆ ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।
ਸੋਨੀਆ ਮਾਨ ਨੇ ਆਪ ਵੀ ਆਪਣੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਲਿਖਿਆ, ''ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪਾਰਟੀ ਵਿਚ ਸ਼ਾਮਿਲ ਹੋਣ ਤੇ ਮਾਣ ਮਹਿਸੂਸ ਕਰਦੀ ਹਾਂ। ਪੰਜਾਬ ਅਤੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਵਾਸਤੇ ਦਿਨ ਰਾਤ ਮਿਹਨਤ ਕਰਨ ਲਈ ਵਚਨਬੱਧ ਹਾਂ।''

ਸੋਨੀਆ ਮਾਨ ਕਿਸਾਨੀ ਅੰਦੋਲਨ ਵਿੱਚ ਕਾਫ਼ੀ ਸਰਗਰਮ ਰਹੇ ਸਨ। ਉਸ ਵੇਲੇ ਉਨ੍ਹਾਂ ਸਬੰਧੀ ਕੁਝ ਪੋਸਟਾਂ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।
ਹਾਲਾਂਕਿ ਉਸ ਵੇਲੇ ਸੋਨੀਆ ਨੇ ਆਪ ਅੱਗੇ ਆ ਕੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਉਹ ਕਿਸੇ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ।

ਤਸਵੀਰ ਸਰੋਤ, AAP Punjab/X
ਸੋਨੀਆ ਮਾਨ ਕੌਣ ਹਨ
ਨਵੰਬਰ 2021 ਵਿੱਚ ਜਦੋਂ ਸੋਨੀਆ ਮਾਨ ਦੀ ਟਰੋਲਿੰਗ ਹੋਈ ਅਤੇ ਉਨ੍ਹਾਂ ਨੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਤੋਂ ਇਨਕਾਰ ਕੀਤਾ ਸੀ, ਉਸ ਵੇਲੇ ਬੀਬੀਸੀ ਪੰਜਾਬੀ ਨੇ ਸੋਨੀਆ ਮਾਨ ਬਾਰੇ ਇੱਕ ਰਿਪੋਰਟ ਲਿਖੀ ਸੀ। ਇੱਥੇ ਅਸੀਂ ਉਹੀ ਰਿਪੋਰਟ ਸਾਂਝਾ ਕਰ ਰਹੇ ਹਾਂ...
ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਲਦਵਾਨੀ ਵਿੱਚ ਪਿਤਾ ਬਲਦੇਵ ਸਿੰਘ ਮਾਨ ਅਤੇ ਮਾਂ ਪਰਮਜੀਤ ਕੌਰ ਦੇ ਘਰ ਹੋਇਆ।
ਸੋਨੀਆ ਦੇ ਪਿਤਾ ਇੱਕ ਸਰਗਰਮ ਕਾਰਕੁੰਨ ਸਨ ਅਤੇ ਸੋਨੀਆ ਦੇ ਜਨਮ ਤੋਂ 16 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਅੰਮ੍ਰਿਤਸਰ ਵਿੱਚ ਹੋ ਗਈ ਸੀ।
ਸੋਨੀਆ ਦੀ ਪੜ੍ਹਾਈ-ਲਿਖਾਈ ਅਤੇ ਪਾਲਣ-ਪੋਸ਼ਣ ਅੰਮ੍ਰਿਤਸਰ ਵਿੱਚ ਹੀ ਹੋਇਆ।

ਤਸਵੀਰ ਸਰੋਤ, Sonia Maan/FB
ਮਨੋਰੰਜਨ ਦੀ ਦੁਨੀਆਂ 'ਚ ਸੋਨੀਆ
ਸੋਨੀਆ ਮਾਨ ਨੇ ਆਪਣੇ ਮਨੋਰੰਜਨ ਦਾ ਸਫ਼ਰ ਸਾਲ 2007 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਆਗਾਜ਼ ਇੱਕ ਬਿਊਟੀ ਕੰਪੀਟੀਸ਼ਨ ਨਾਲ ਹੋਇਆ, ਜਿਸ ਵਿੱਚ ਉਹ 'ਲਿਮਕਾ ਫ੍ਰੈਸ਼ ਫੇਸ ਆਫ਼ ਪੰਜਾਬ' ਬਣੇ ਸਨ।
ਇਸ ਤੋਂ ਬਾਅਦ ਉਨ੍ਹਾਂ ਹਰਭਜਨ ਮਾਨ ਦੇ ਭਰਾ ਅਤੇ ਗਾਇਕ ਗੁਰਸੇਵਕ ਮਾਨ ਨਾਲ ਪੰਜਾਬੀ ਫ਼ਿਲਮ ਕੀਤੀ, ਜੋ ਕਿਸੇ ਵਜ੍ਹਾ ਕਰਕੇ ਰੀਲੀਜ਼ ਨਹੀਂ ਹੋ ਸਕੀ।
ਹਾਲਾਂਕਿ ਬਾਅਦ ਵਿੱਚ 2013 'ਚ ਉਨ੍ਹਾਂ ਪੰਜਾਬੀ ਫ਼ਿਲਮ 'ਹਾਣੀ' ਵਿੱਚ ਹਰਭਜਨ ਮਾਨ ਨਾਲ ਬਤੌਰ ਅਦਾਕਾਰਾ ਕੰਮ ਕੀਤਾ। ਇਹੀ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ, ਜੋ ਰੀਲੀਜ਼ ਹੋਈ।
ਇਸੇ ਦਰਮਿਆਨ ਉਨ੍ਹਾਂ ਕੁਝ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
ਇਸ ਤੋਂ ਬਾਅਦ 2014 ਵਿੱਚ ਉਨ੍ਹਾਂ 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਨਾਮ ਦੀ ਪੰਜਾਬੀ ਫ਼ਿਲਮ ਕੀਤੀ।

ਤਸਵੀਰ ਸਰੋਤ, Sonia Maan/FB
ਇਸ ਤੋਂ ਬਾਅਦ ਉਨ੍ਹਾਂ ਆਪਣੀ ਪਹਿਲੀ ਹਿੰਦੀ ਫ਼ਿਲਮ 'ਕਹੀਂ ਹੈ ਮੇਰਾ ਪਿਆਰ' 2014 ਵਿੱਚ ਹੀ ਬਤੌਰ ਅਦਾਕਾਰਾ ਕੀਤੀ।
ਮਲਿਆਲਮ, ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਉਨ੍ਹਾਂ ਮਰਾਠੀ ਅਤੇ ਤੇਲੁਗੂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਸੋਨੀਆ ਮਸ਼ਹੂਰ ਪੰਜਾਬੀ ਫ਼ਿਲਮਾਂ '25 ਕਿੱਲੇ' ਅਤੇ 'ਮੋਟਰ ਮਿੱਤਰਾਂ ਦੀ' ਵਿੱਚ ਵੀ ਨਜ਼ਰ ਆ ਚੁੱਕੇ ਹਨ।
2020 ਵਿੱਚ ਉਨ੍ਹਾਂ ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨਾਲ ਹਿੰਦੀ ਫ਼ਿਲਮ 'ਹੈਪੀ, ਹਾਰਡੀ ਐਂਡ ਹੀਰ' ਵਿੱਚ ਹੀਰ ਰੰਧਾਵਾ ਦਾ ਕਿਰਦਾਰ ਨਿਭਾਇਆ ਸੀ।
2024 ਵਿੱਚ ਉਨ੍ਹਾਂ ਨੇ ਪੰਜਾਬੀ ਫਿਲਮ ਹੌਲਦਾਰਨੀ ਵਿੱਚ ਕੰਮ ਕੀਤਾ, ਜੋ ਅਜੇ ਰੀਲੀਜ਼ ਹੋਣੀ ਹੈ।
ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਸਮੇਂ-ਸਮੇਂ ਉੱਤੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ।
ਜਦੋਂ ਟਰੋਲਿੰਗ ਦਾ ਸ਼ਿਕਾਰ ਹੋਏ ਸੋਨੀਆ ਮਾਨ
ਨਵੰਬਰ 2021 ਵਿੱਚ ਸੋਨੀਆ ਮਾਨ ਟਰੋਲਿੰਗ ਦਾ ਸ਼ਿਕਾਰ ਹੋ ਗਏ ਸਨ। ਉਸ ਵੇਲੇ ਸੋਸ਼ਲ ਮੀਡੀਆ ਉੱਤੇ ਸੋਨੀਆ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਸਬੰਧੀ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਗੱਲ ਨੂੰ ਲੈ ਕੇ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਸਨ।
ਪਰ ਸੋਨੀਆ ਮਾਨ ਨੇ ਇੱਕ ਪੋਸਟ ਰਾਹੀਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਸਿਆਸੀ ਧਿਰ ਨਾਲ ਨਹੀਂ ਜੁੜੇ ਹੋਏ ਸਨ ਅਤੇ ਨਾਲ ਹੀ ਦੁੱਖ ਵੀ ਪ੍ਰਗਟਾਇਆ ਸੀ ਸੱਚਾਈ ਜਾਣੇ ਬਿਨਾਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਸੀ, "ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਾਂ ਜਥੇਬੰਦੀ ਨਾਲ ਨਹੀਂ ਜੁੜੀ ਹਾਂ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ, ਮੈਨੂੰ ਕਾਲੇ ਝੰਡੇ ਦਿਖਾਉਣ, ਮੈਨੂੰ ਬੇਇੱਜ਼ਤ ਕਰਨ ਅਤੇ ਜ਼ਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ।"
''ਜਿਨ੍ਹਾਂ ਲਈ ਮੈਂ ਆਪਣਾ ਕਰੀਅਰ ਛੱਡਿਆ... ਉਨ੍ਹਾਂ ਨੇ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ।"

ਤਸਵੀਰ ਸਰੋਤ, Getty Images
ਸੋਨੀਆ ਦੇ ਜਨਮ ਤੋਂ ਪਹਿਲਾਂ ਪਿਤਾ ਦੀ ਉਨ੍ਹਾਂ ਲਈ ਚਿੱਠੀ
ਸੋਨੀਆ ਮਾਨ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਮਾਨ ਨੇ ਆਪਣੀ ਧੀ ਦੇ ਨਾਮ ਇੱਕ ਚਿੱਠੀ ਲਿਖੀ ਸੀ। ਜਦੋਂ ਸੋਨੀਆ ਦੇ ਪਿਤਾ ਦੀ ਮੌਤ ਹੋਈ ਤਾਂ ਸੋਨੀਆ ਉਸ ਵੇਲੇ ਬਹੁਤ ਛੋਟੇ ਸਨ।
ਸੋਨੀਆ ਮਾਨ ਬੀਬੀਸੀ ਪੰਜਾਬੀ ਨਾਲ ਇੱਕ ਗੱਲਬਾਤ ਵਿੱਚ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ, ਇਸ ਦੇ ਨਾਲ ਹੀ ਉਹ ਨੌਜਵਾਨ ਭਾਰਤ ਸਭਾ ਨਾਲ ਵੀ ਜੁੜੇ ਰਹੇ।
ਸੋਨੀਆ ਮਾਨ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਛੋਟੀ ਉਮਰ ਵਿੱਚ ਹੀ ਲੋਕਾਂ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਅਤੇ ਦਾਦਾ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।

ਤਸਵੀਰ ਸਰੋਤ, Sonia Maan/FB
ਸੋਨੀਆ ਮੁਤਾਬਕ, ਜਦੋਂ ਉਹ ਮਹਿਜ਼ 16 ਦਿਨਾਂ ਦੇ ਸਨ ਤਾਂ ਉਸ ਵੇਲੇ ਇਹ ਚਿੱਠੀ ਉਨ੍ਹਾਂ ਦੇ ਪਿਤਾ ਵੱਲੋਂ ਲਿਖੀ ਗਈ ਸੀ।
ਸੋਨੀਆ ਦੀ ਮਾਂ ਨੇ ਉਨ੍ਹਾਂ ਨੂੰ 9-10 ਸਾਲ ਦੀ ਉਮਰ ਵਿੱਚ ਇਸ ਚਿੱਠੀ ਬਾਰੇ ਦੱਸਿਆ ਸੀ।
ਉਸ ਚਿੱਠੀ ਵਿੱਚ ਸੋਨੀਆ ਲਈ ਲਿਖਿਆ ਗਿਆ ਸੀ, ''ਤੁਹਾਨੂੰ ਇੱਕ ਚੰਗਾ ਇਨਸਾਨ ਬਣਨਾ ਚਾਹੀਦਾ ਹੈ। ਹਰ ਇੱਕ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ।''
''ਮੇਰੇ ਸੁਭਾਅ ਅਜਿਹਾ ਹੋ ਗਿਆ ਸੀ ਕਿ ਮੈਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਸੀ।''
ਔਰਤਾਂ-ਮਰਦਾਂ 'ਚ ਵਿਤਕਰੇ 'ਤੇ ਕੀ ਬੋਲੇ ਸਨ ਸੋਨੀਆ

ਤਸਵੀਰ ਸਰੋਤ, Sonia Maan/FB
ਬੀਬੀਸੀ ਪੰਜਾਬੀ ਨੇ ਕੁਝ ਸਮਾਂ ਪਹਿਲਾਂ ਸੋਨੀਆ ਮਾਨ ਨਾਲ ਖਾਸ ਮੁਲਾਕਾਤ ਕੀਤੀ ਸੀ।
ਆਪਣੇ ਇਸ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ, ''ਹਰੇਕ ਕੀਤੇ 'ਚ ਮਹਿਲਾਵਾਂ ਨੂੰ ਡੌਮੀਨੇਟ ਕੀਤਾ ਜਾਂਦਾ ਹੈ। ਅੱਜ ਮੈਂ ਧਰਨੇ (ਕਿਸਾਨ ਅੰਦੋਲਨ) 'ਚ ਭਾਵੇਂ ਕਿੰਨਾ ਵੀ ਰੋਲ ਅਦਾ ਕੀਤਾ ਹੋਵੇ ਜਾਂ ਸੋਸ਼ਲ ਐਕਟਿਵਿਜ਼ਮ 'ਚ ਕਿਤੇ ਵੀ ਰੋਲ ਅਦਾ ਕੀਤਾ ਹੋਵੇ, ਲੋਕ ਕੁੜੀਆਂ ਨਾਲੋਂ ਮੁੰਡਿਆਂ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਨ।''
ਉਨ੍ਹਾਂ ਪੰਜਾਬੀ ਸਿਨੇਮਾ ਵਿੱਚ ਮਹਿਲਾ ਅਦਾਕਾਰਾਂ ਬਾਰੇ ਵੀ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਮਹੱਤਤਾ ਨਹੀਂ ਦਿੱਤੀ ਜਾਂਦੀ ਤੇ ਜ਼ਿਆਦਾਤਰ ਮਹਿਜ਼ ਇੱਕ ਰੋਲ ਦੇ ਕੇ ਖਤਮ ਕਰ ਦਿੱਤਾ ਜਾਂਦਾ ਹੈ।
ਵਿਆਹ ਬਾਰੇ ਕੀ ਬੋਲੇ ਸਨ ਸੋਨੀਆ

ਤਸਵੀਰ ਸਰੋਤ, Sonia Maan/FB
ਇਸੇ ਇੰਟਰਵਿਊ ਵਿੱਚ ਜਦੋਂ ਸੋਨੀਆ ਮਾਨ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਸੀ ਤਾਂ ਉਹ ਭਾਵੁਕ ਹੋ ਗਏ ਸਨ।
ਉਨ੍ਹਾਂ ਕਿਹਾ ਸੀ, ''ਜਿਸ ਰਾਹ 'ਤੇ ਮੈਂ ਤੁਰ ਪਈ ਹਾਂ, ਮੈਨੂੰ ਮੇਰਾ ਪਤਾ ਨਹੀਂ ਕਿ ਕਿੰਨੀ ਦੇਰ ਹਾਂ। ਮੈਂ ਕਿਸੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ।''
ਉਨ੍ਹਾਂ ਅੱਗੇ ਕਿਹਾ ਸੀ, ''ਮੇਰੇ ਪਿਤਾ ਮੇਰੇ ਵਾਂਗ ਹੀ ਗੱਲ ਕਰਦੇ ਸਨ ਅਤੇ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਨੂੰ ਵੀ ਵਿਆਹ ਨਹੀਂ ਕਰਵਾਉਣਾ ਚਾਹੀਦਾ ਸੀ। ਕਿਉਂਕਿ (ਉਨ੍ਹਾਂ ਦੀ ਜਲਦੀ ਮੌਤ ਹੋਣ ਕਾਰਨ) ਮੈਨੂੰ ਅਤੇ ਮੇਰੀ ਮਾਂ ਨੂੰ ਬਹੁਤ ਕੁੱਝ ਝੱਲਣਾ ਪਿਆ।''
''ਮੈਂ ਨਹੀਂ ਚਾਹੁੰਦੀ ਕਿ ਮੇਰੇ ਪਤੀ ਜਾਂ ਮੇਰਾ ਬੱਚਾ ਕੁੱਝ ਵੀ ਝੱਲਣ, ਕਿਉਂਕਿ ਮੈਂ ਕਦੇ ਨਹੀਂ ਬਦਲਾਂਗੀ ਅਤੇ ਇਸੇ ਤਰ੍ਹਾਂ ਬੇਬਾਕੀ ਨਾਲ ਬੋਲਦੀ ਰਹਾਂਗੀ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












