ਮਧੂਬਾਲਾ ਨੂੰ ਜਦੋਂ ਫ਼ਿਲਮ ਦੇ ਸੈੱਟ ’ਤੇ ਖੂਨ ਦੀਆਂ ਉਲਟੀਆਂ ਆਈਆਂ ਤਾਂ ਅੱਗ ਵਾਂਗ ਫੈਲ ਗਈ ਉਨ੍ਹਾਂ ਦੀ ਇਸ ਬਿਮਾਰੀ ਦੀ ਖ਼ਬਰ

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਬਹੁਤ ਹੀ ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਮੁੰਬਈ ਦੇ ਵਰਲੀ ਸੀ ਫੇਸ ’ਚ ਭੁੱਟੋ ਪਰਿਵਾਰ ਦੀ ਇੱਕ ਆਲੀਸ਼ਾਨ ਕੋਠੀ ਹੁੰਦੀ ਸੀ। ਸਾਲ 1954 ਤੋਂ 1958 ਦਰਮਿਆਨ ਭੁੱਟੋ ਅਕਸਰ ਹੀ ਕੋਠੀ ’ਚ ਰਹਿੰਦੇ ਸਨ , ਜਦਕਿ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਜਾ ਚੁੱਕਿਆ ਸੀ।

ਇਸੇ ਦੌਰਾਨ ਮੁਬੰਈ ’ਚ ਮੁਗ਼ਲ-ਏ-ਆਜ਼ਮ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਸੰਗੀਤਕਾਰ ਨੌਸ਼ਾਦ ਯਾਦ ਕਰਦੇ ਹੋਏ ਦੱਸਦੇ ਹਨ, “ਇਸ ਫਿਲਮ ’ਚ ‘ਮੋਹੇ ਪਨਘਟ ਪੇ ਨੰਦਲਾਲਾ ਛੋੜ ਗਯੋ ਰੇ’ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ।''

ਭੁੱਟੋ ਇਸ ਗੀਤ ਅਤੇ ਮਧੂਬਾਲਾ ’ਤੇ ਇੰਨੇ ਫਿਦਾ ਸੀ ਕਿ ਉਹ ਰੋਜ਼ਾਨਾ ਹੀ ਇਸ ਗਾਣੇ ਦੀ ਸ਼ੂਟਿੰਗ ਵੇਖਣ ਲਈ ਆਉਂਦੇ ਸਨ।

ਉਹ ਮਧੂਬਾਲਾ ਨਾਲ ਵਿਆਹ ਨੂੰ ਲੈ ਕੇ ਬਹੁਤ ਗੰਭੀਰ ਸਨ। ਉਨ੍ਹਾਂ ਨੇ ਇੱਕ ਦੁਪਹਿਰ ਦੇ ਖਾਣੇ ਦੌਰਾਨ ਆਪਣੀ ਇਸ ਇੱਛਾ ਦਾ ਪ੍ਰਗਟਾਵਾ ਮਧੂਬਾਲਾ ਅੱਗੇ ਕੀਤਾ ਵੀ ਸੀ, ਪਰ ਜਵਾਬ ’ਚ ਉਨ੍ਹਾਂ ਨੂੰ ਮਧੂਬਾਲਾ ਦਾ ਸਿਰਫ ਇੱਕ ਹੁੰਗਾਰਾ ਹੀ ਨਸੀਬ ਹੋਇਆ ਸੀ।

ਮਧੂਬਾਲਾ

ਤਸਵੀਰ ਸਰੋਤ, FILMFARE

ਉਸ ਸਮੇਂ ਕਿਸੇ ਨੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਜ਼ੁਲਫ਼ੀਕਾਰ ਅਲੀ ਭੁੱਟੋ ਪਾਕਿਸਤਾਨ ਦੇ ਰਾਸ਼ਟਰਪਤੀ ਬਣਨਗੇ।

ਜਦੋਂ ਇਹ ਗੀਤ ਸ਼ੂਟ ਕੀਤਾ ਜਾ ਰਿਹਾ ਸੀ ਤਾਂ ਮੁਗ਼ਲ-ਏ-ਆਜ਼ਮ ਦੇ ਕੋਰੀਓਗ੍ਰਾਫਰ ਲੱਛੂ ਮਹਾਰਾਜ ਨੂੰ ਇੱਕ ਅਜਿਹੀ ਡਾਂਸਰ ਦੀ ਜ਼ਰੂਰਤ ਸੀ ਜੋ ਕਿ ਆਪਣੇ ਚਿਹਰੇ ਦੇ ਹਾਵ-ਭਾਵ ਅਤੇ ਹੱਥਾਂ ਦੀਆਂ ਘੁੰਮਾਓਦਾਰ ਹਰਕਤਾਂ ਨਾਲ ਇਸ ਗੀਤ ਦੇ ਸ਼ਬਦਾਂ ਦੀ ਅਦਾਇਗੀ ਵਧੀਆ ਢੰਗ ਨਾਲ ਕਰ ਸਕੇ।

ਮਧੂਬਾਲਾ ਕਲਾਸੀਕਲ ਡਾਂਸਰ ਤਾਂ ਨਹੀਂ ਸੀ ਪਰ ਉਨ੍ਹਾਂ ਨੇ ਇਸ ਗੀਤ ਲਈ ਬਹੁਤ ਮਿਹਨਤ ਕੀਤੀ ਸੀ। ਲੱਛੂ ਮਹਾਰਾਜ ਨੇ ਕਈ ਮਹੀਨਿਆਂ ਤੱਕ ਉਨ੍ਹਾਂ ਨੂੰ ਕੱਥਕ ਸਿਖਾਇਆ।

ਵੈਸੇ ਮੁਗ਼ਲ-ਏ-ਆਜ਼ਮ ਦੀ ਸ਼ੂਟਿੰਗ ਵੇਖਣ ਆਉਣ ਵਾਲਿਆਂ ’ਚ ਚੀਨ ਦੇ ਪ੍ਰਧਾਨ ਮੰਤਰੀ ਚੂ ਐਨ ਲਾਈ, ਸਾਉਦੀ ਅਰਬ ਦੇ ਸ਼ੇਖ ਸਾਊਦ, ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਇਟਲੀ ਦੇ ਮਸ਼ਹੂਰ ਫਿਲਮਕਾਰ ਰੋਬਰਟੋ ਰੋਜ਼ੋਲਿਨੀ ਅਤੇ ਡਾਕਟਰ ਜ਼ਿਵਾਗੋ ਅਤੇ ਲਾਰੇਂਸ ਆਫ਼ ਅਰਬੀਆ ਦੇ ਨਿਰਦੇਸ਼ਕ ਡੇਵਿਡ ਲੀਨ ਵੀ ਸ਼ਾਮਲ ਸਨ।

ਜ਼ੁਲਫ਼ੀਕਾਰ ਅਲੀ ਭੁੱਟੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ੁਲਫ਼ੀਕਾਰ ਅਲੀ ਭੁੱਟੋ

ਭਾਰਤ ਦੀਆਂ ਸਭ ਤੋਂ ਖੂਬਸੂਰਤ ਔਰਤਾਂ ’ਚ ਗਿਣੀ ਜਾਂਦੀ ਸੀ ਮਧੂਬਾਲਾ

ਮੁਗਲ-ਏ-ਆਜ਼ਮ

ਤਸਵੀਰ ਸਰੋਤ, MANJUL PUBLISHING HOUSE

ਤਸਵੀਰ ਕੈਪਸ਼ਨ, ਖੱਬੇ ਤੋਂ, ਪ੍ਰਿਥਵੀਰਾਜ ਕਪੂਰ, ਕੇ ਆਸਿਫ਼, ਰੌਬਰਟੋ ਰੁਜ਼ੋਲਿਨੀ, ਮਧੂਬਾਲਾ ਅਤੇ ਦਿਲੀਪ ਕੁਮਾਰ ਮੁਗਲ-ਏ-ਆਜ਼ਮ ਦੀ ਸ਼ੂਟਿੰਗ ਦੌਰਾਨ।

ਮਧੂਬਾਲਾ ਇੱਕ ਬਹੁਤ ਹੀ ਸੁੰਦਰ ਅਦਾਕਾਰਾ ਸੀ। ਖੂਬਸੂਰਤ ਲੋਕਾਂ ਦੀ ਦੁਨੀਆ ’ਚ ਵੀ ਉਹ ਸਭ ਤੋਂ ਵੱਖਰੇ ਹੀ ਵਿਖਾਈ ਦਿੰਦੇ ਸਨ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਪ੍ਰਕਾਸ਼ਿਤ ਤਸਵੀਰਾਂ ’ਚੋਂ ਕਿਸੇ ਇੱਕ ਨੇ ਵੀ ਉਨ੍ਹਾਂ ਦੀ ਖੂਬਸੂਰਤੀ ਨਾਲ ਇਨਸਾਫ਼ ਨਹੀਂ ਕੀਤਾ ਹੈ।

ਉਨ੍ਹਾਂ ਦੀ ਤੁਲਨਾ ਹਮੇਸ਼ਾਂ ਹੀ ਹਾਲੀਵੁੱਡ ਅਦਾਕਾਰਾ ਮਾਰਲਿਨ ਮਨਰੋ ਨਾਲ ਕੀਤੀ ਜਾਂਦੀ ਸੀ। ਦੋਵਾਂ ਦੀ ਖੂਬਸੂਰਤੀ ਦੇ ਚਰਚੇ ਹਰ ਪਾਸੇ ਹੁੰਦੇ ਸਨ। ਇਤਫ਼ਾਕ ਦੀ ਗੱਲ ਹੈ ਕਿ ਦੋਵਾਂ ਦੀ ਮੌਤ ਮਹਿਜ਼ 36 ਸਾਲ ਦੀ ਉਮਰ ’ਚ ਹੋ ਗਈ ਸੀ।

ਮਾਰਲਿਨ ਦਾ 1962 ਅਤੇ ਮਧੂਬਾਲਾ ਦੀ 1969 ’ਚ ਦੇਹਾਂਤ ਹੋਇਆ ਸੀ।

ਮਧੂਬਾਲਾ ਨੇ ਕਦੇ ਵੀ ਆਪਣੇ ਆਪ ਨੂੰ ਸੈਕਸ ਦੇ ਪ੍ਰਤੀਕ ਵੱਜੋਂ ਪੇਸ਼ ਨਹੀਂ ਕੀਤਾ ਸੀ ਅਤੇ ਪ੍ਰੈੱਸ ਅਤੇ ਆਮ ਲੋਕਾਂ ਨੂੰ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਤੋਂ ਦੂਰ ਰੱਖਿਆ ਸੀ।

ਜਦਕਿ ਮਾਰਲਿਨ ਦੀ ਜ਼ਿੰਦਗੀ ਦਾ ਮੂਲ ਮੰਤਰ ਹੀ ਸੀ- ਲੋਕਾਂ ਨਾਲ ਗੱਲਬਾਤ ਕਰਦੇ ਰਹਿਣਾ।

ਮਧੂਬਾਲਾ ਨੂੰ ਹਮੇਸ਼ਾਂ ਸੈੱਟ ’ਤੇ ਸਮੇਂ ਸਿਰ ਆਉਣ ਦੀ ਆਦਤ ਸੀ। ਕਈ ਵਾਰ ਤਾਂ ਉਹ ਨਿਰਦੇਸ਼ਕ ਤੋਂ ਪਹਿਲਾਂ ਹੀ ਸੈੱਟ ’ਤੇ ਪਹੁੰਚ ਜਾਂਦੇ ਸਨ, ਜਦਕਿ ਮਾਰਲਿਨ ਆਪਣੇ ਸੈੱਟ ’ਤੇ ਲੇਟ ਆਉਣ ਲਈ ਮਸ਼ਹੂਰ ਸਨ।

ਮਾਰਲਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਲਿਨ

ਮਧੂ ਦੇ ਦਿਨ ਦਾ ਆਗਾਜ਼ ਸਵੇਰੇ 5 ਵਜੇ ਹੁੰਦਾ ਸੀ, ਜਦੋਂ ਉਹ ਮੁਬੰਈ ਦੇ ਕਾਰਟਰ ਰੋਡ ਬੀਚ ਨਜ਼ਦੀਕ ਸੈਰ ਕਰਦੇ ਸਨ। ਮਸ਼ਹੂਰ ਅਦਾਕਾਰ ਪ੍ਰੇਮਨਾਥ ਉਨ੍ਹਾਂ ਨੂੰ ਆਪਣਾ ਮੋਰਨਿੰਗ ਅਲਾਰਮ ਕਹਿੰਦੇ ਸਨ।

ਮਧੂਬਾਲਾ ਰੋਜ਼ਾਨਾ ਸਵੇਰੇ 6 ਵਜੇ ਫੋਨ ਕਰਕੇ ਉਨ੍ਹਾਂ ਨੂੰ ਜਗਾਉਂਦੇ ਸਨ ਤਾਂ ਜੋ ਉਹ ਟੈਨਿਸ ਖੇਡਣ ਲਈ ਜਾ ਸਕਣ।

1952 ’ਚ ‘ਫਿਲਮਫੇਅਰ’ ਮੈਗਜ਼ੀਨ ਨੇ ਇਹ ਜਾਣਨ ਲਈ ਇੱਕ ਸਰਵੇਖਣ ਕੀਤਾ ਸੀ ਕਿ ਭਾਰਤ ’ਚ ਸਭ ਤੋਂ ਸੁੰਦਰ ਅਦਾਕਾਰਾ ਕੌਣ ਹੈ।

ਇਸ ਸਰਵੇਖਣ ’ਚ ਨਲਿਨੀ ਜੈਵੰਤ ਪਹਿਲੇ ਸਥਾਨ ’ਤੇ ਆਏ ਸਨ ਜਦਕਿ ਦੂਜਾ ਸਥਾਨ ਨਰਗਿਸ ਅਤੇ ਤੀਜਾ ਸਥਾਨ ਬੀਨਾ ਰਾਏ ਦੀ ਝੋਲੀ ਪਿਆ ਸੀ। ਮਧੂਬਾਲਾ ਦੇ ਹਿੱਸੇ ਚੌਥਾ ਸਥਾਨ ਹੀ ਆਇਆ ਸੀ।

ਪਰ ਜਦੋਂ 1993 ’ਚ ਇੱਕ ਹੋਰ ਸਰਵੇਖਣ ਕਰਵਾਇਆ ਗਿਆ ਤਾਂ ਉਸ ’ਚ ਮਧੂਬਾਲਾ ਨੂੰ ਪਹਿਲਾ ਸਥਾਨ ਹਾਸਲ ਹੋਇਆ ਅਤੇ ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਨਰਗਿਸ ਅਤੇ ਮੀਨਾ ਕੁਮਾਰੀ ਨੂੰ ਮਿਲਿਆ।

ਮਧੂਬਾਲਾ

ਤਸਵੀਰ ਸਰੋਤ, FILM FARE

ਮਧੂਬਾਲਾ ਦੇ ਪਿਤਾ ਨੇ ਹਾਲੀਵੁੱਡ ਜਾਣ ਤੋਂ ਰੋਕਿਆ

ਮਧੂਬਾਲਾ ਦੀ ਪ੍ਰਸਿੱਧੀ ਦਾ ਡੰਕਾ ਹੌਲੀ-ਹੌਲੀ ਪੱਛਮੀ ਜਗਤ ’ਚ ਵੀ ਵੱਜਣ ਲੱਗ ਪਿਆ ਸੀ। ਉਨ੍ਹਾਂ ਦੀਆਂ ਕਈ ਤਸਵੀਰਾਂ ਵਿਦੇਸ਼ੀ ਰਸਾਲਿਆਂ ਦੇ ਮੁੱਖ ਪੰਨੇ ਦਾ ਸ਼ਿੰਗਾਰ ਬਣੀਆਂ।

ਮਸ਼ਹੂਰ ਫਿਲਮ ਨਿਰਦੇਸ਼ਕ ਫਰੈਂਕ ਕਾਪਰਾ ਜਦੋਂ ਭਾਰਤ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਮਧੂਬਾਲਾ ਦੇ ਹਾਲੀਵੁੱਡ ’ਚ ਕੰਮ ਕਰਨ ਦਾ ਰਾਹ ਖੋਲ੍ਹ ਸਕਦੇ ਹਨ।

ਮਸ਼ਹੂਰ ਫਿਲਮ ਪੱਤਰਕਾਰ ਬੀਕੇ ਕਰੰਜੀਆ ਨੇ ਆਪਣੀ ਸਵੈ-ਜੀਵਨੀ ‘ਕਾਊਟਿੰਗ ਮਾਈ ਬਲੇਸਿੰਗਜ਼’ ’ਚ ਲਿਖਦੇ ਹਨ, “ ਜਦੋਂ ਮੈਂ ਇਸ ਪੇਸ਼ਕਸ਼ ਨੂੰ ਮਧੂਬਾਲਾ ਦੇ ਪਿਤਾ ਜੀ ਅਤਾਉੱਲਾ ਖਾਨ ਦੇ ਅੱਗੇ ਰੱਖਿਆ ਤਾਂ ਉਨ੍ਹਾਂ ਨੇ ਮਧੂਬਾਲਾ ਨੂੰ ਇਹ ਕਹਿੰਦੇ ਹੋਏ ਹਾਲੀਵੁੱਡ ਭੇਜਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਕਾਂਟੇ ਅਤੇ ਚਾਕੂ ਨਾਲ ਖਾਣਾ ਨਹੀਂ ਆਉਂਦਾ ਹੈ।”

ਇੱਕ ਵਾਰ ਮੀਨੂੰ ਮੁਮਤਾਜ਼ ਨੇ ਮਧੂਬਾਲਾ ਦੀ ਖੂਬਸੂਰਤੀ ਦਾ ਵਰਣਨ ਕਰਦੇ ਹੋਏ ਕਿਹਾ ਸੀ, “ ਉਨ੍ਹਾਂ ਦਾ ਰੰਗ ਇੰਨਾ ਗੋਰਾ-ਚਿੱਟਾ ਸੀ ਕਿ ਜੇਕਰ ਉਹ ਪਾਨ ਖਾਣ ਤਾਂ ਪਾਨ ਦਾ ਲਾਲ ਰੰਗ ਉਨ੍ਹਾਂ ਦੇ ਗਲੇ ਤੋਂ ਹੇਠਾਂ ਜਾਂਦਾ ਹੋਇਆ ਸਾਫ਼ ਵਿਖਾਈ ਦਿੰਦਾ ਸੀ।”

ਇਸੇ ਤਰ੍ਹਾਂ ਸ਼ੰਮੀ ਕਪੂਰ ਨੇ ਵੀ ਕਿਹਾ ਸੀ ਕਿ ਜੇਕਰ ਉਹ ਪਾਣੀ ਵੀ ਪੀਂਦੇ ਹਨ ਤਾਂ ਅਸੀਂ ਉਨ੍ਹਾਂ ਦੇ ਗਲੇ ਤੋਂ ਪਾਣੀ ਹੇਠਾਂ ਜਾਂਦੇ ਸਪੱਸ਼ਟ ਵੇਖ ਸਕਦੇ ਸੀ।

ਦੇਵਿਕਾ ਰਾਣੀ ਨੇ ਦਿੱਤਾ ਸੀ ਮਧੂਬਾਲਾ ਨਾਮ

ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਵੈਲੇਨਟਾਈਨ ਵਾਲੇ ਦਿਨ ਦਿੱਲੀ ਵਿਖੇ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਮੁਮਤਾਜ਼ ਜਹਾਂ ਬੇਗ਼ਮ ਸੀ।

ਮੁਮਤਾਜ਼ ਆਪਣੇ 11 ਭੇਣ-ਭਰਾਵਾਂ ’ਚੋਂ 5ਵੇਂ ਨੰਬਰ ’ਤੇ ਸੀ। ਉਨ੍ਹਾਂ ਨੇ 9 ਸਾਲ ਦੀ ਉਮਰ ’ਚ ਹੀ ਫਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਦਾ ਨਾਮ ‘ਬਸੰਤ’ ਸੀ।

ਇਸ ਫਿਲਮ ਨੂੰ ਕਰਨ ਤੋਂ ਬਾਅਦ ਉਹ ਵਾਪਸ ਦਿੱਲੀ ਪਰਤ ਆਏ ਸਨ। ਫਿਰ ਉਨ੍ਹਾਂ ਨੂੰ ਬੰਬਈ ਤੋਂ ਅਮੀਆ ਚੱਕਰਵਰਤੀ ਵੱਲੋਂ ਸੱਦਾ ਆਇਆ, ਜੋ ਕਿ ਆਪਣੀ ਫਿਲਮ ‘ਜਵਾਰ ਭਾਟਾ’ ’ਚ ਉਨ੍ਹਾਂ ਨੂੰ ਰੋਲ ਦੇਣਾ ਚਾਹੁੰਦੇ ਸਨ।

ਉਹ ਵਾਪਸ ਬੰਬਈ ਤਾਂ ਗਏ ਪਰ ਕੁਝ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਨੂੰ ਇਸ ਫਿਲਮ ’ਚ ਰੋਲ ਨਾ ਮਿਲ ਸਕਿਆ। ਪਰ ਫਿਰ ਉਨ੍ਹਾਂ ਦੇ ਪਿਤਾ ਜੀ ਨੇ ਬੰਬਈ ’ਚ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ।

ਉਨ੍ਹਾਂ ਦੀ ਮਿਹਨਤ ਵੇਖ ਕੇ ਮਸ਼ਹੂਰ ਅਦਾਕਾਰਾ ਦੇਵਿਕਾ ਰਾਣੀ ਬਹੁਤ ਹੀ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਹੀ ਉਨ੍ਹਾਂ ਨੂੰ ਨਵਾਂ ਨਾਮ ‘ਮਧੂਬਾਲਾ’ ਦਿੱਤਾ ਸੀ।

1948 ’ਚ ਮਧੂਬਾਲਾ ਨੂੰ ਫਿਲਮ ‘ਸ਼ਿੰਗਾਰ’ ’ਚ ਸੁਰੱਈਆ ਨਾਲ ਸਹਿ-ਨਾਇਕਾ ਦੀ ਭੂਮਿਕਾ ਮਿਲੀ। ਹੌਲੀ-ਹੌਲੀ ਉਨ੍ਹਾਂ ਦੀ ਪ੍ਰਸਿੱਧੀ ਵਧਣ ਲੱਗੀ ਅਤੇ ਉਨ੍ਹਾਂ ਨੂੰ ਬਤੌਰ ਹੀਰੋਇਨ ਰੋਲ ਮਿਲਣ ਲੱਗੇ।

ਮਸ਼ਹੂਰ ਨਿਰਦੇਸ਼ਕ ਕਿਦਾਰ ਸ਼ਰਮਾ ਨੇ ਉਨ੍ਹਾਂ ਨੂੰ ਫਿਲਮ ‘ਨੀਲਕਮਲ’ ’ਚ ਰਾਜ ਕਪੂਰ ਦੇ ਨਾਲ ਸਾਈਨ ਕੀਤਾ।

ਮਧੂਬਾਲਾ

ਤਸਵੀਰ ਸਰੋਤ, FILM FARE

ਤਸਵੀਰ ਕੈਪਸ਼ਨ, ਮਧੂਬਾਲਾ

‘ਮਹਿਲ’ ਫਿਲਮ ਨਾਲ ਕਰੀਅਰ ਨੂੰ ਮਿਲਿਆ ਹੁਲਾਰਾ

ਮਧੂਬਾਲਾ ਨੂੰ ਜਿਸ ਫਿਲਮ ਨੇ ਰਾਸ਼ਟਰੀ ਪਛਾਣ ਦਿੱਤੀ, ਉਹ ਫਿਲਮ ਸੀ ‘ਮਹਿਲ’। ਇਹ ਇੱਕ ਅਧੂਰੇ ਪਿਆਰ ਦੀ ਕਹਾਣੀ ਸੀ, ਜੋ ਕਿ ਇੱਕ ਜਨਮ ਤੋਂ ਦੂਜੇ ਜਨਮ ਤੱਕ ਚੱਲਦੀ ਹੈ।

ਉਸ ਸਮੇਂ ਤੱਕ ਲਤਾ ਮੰਗੇਸ਼ਕਰ ਨੂੰ ਭਾਰਤੀ ਫਿਲਮ ਜਗਤ ’ਚ ਆਏ ਕਈ ਸਾਲ ਬੀਤ ਚੁੱਕੇ ਸਨ ਪਰ ਇਸ ਫਿਲਮ ’ਚ ਗਾਏ ਗੀਤ ‘ਆਏਗਾ ਆਣੇ ਵਾਲਾ’ ਨੇ ਉਨ੍ਹਾਂ ਨੂੰ ਪਲੇਬੈਕ ਗਾਇਕੀ ਦੇ ਖੇਤਰ ’ਚ ਸਿਖਰ ’ਤੇ ਪਹੁੰਚਾ ਦਿੱਤਾ ਸੀ।

ਇਸ ਫਿਲਮ ਦੀ ਮੰਗ ਸੀ ਕਿ ਉਸ ਦੀ ਹੀਰੋਇਨ ਬੇਮਿਸਾਲ ਖੂਬਸੂਰਤ ਹੋਵੇ। ਕਮਾਲ ਅੰਰੋਹੀ ਨੇ ਮਧੂਬਾਲਾ ਨੂੰ ਇਸ ਫਿਲਮ ਲਈ ਚੁਣਿਆ, ਜੋ ਕਿ ਉਸ ਸਮੇਂ ਕੋਈ ਵੱਡਾ ਨਾਮ ਨਹੀਂ ਸੀ।

ਫਿਲਮ ਕੰਪਨੀ ਬੰਬੇ ਟਾਕੀਜ਼ ਦਾ ਪੂਰਾ ਜ਼ੋਰ ਸੀ ਕਿ ਇਸ ਰੋਲ ਲਈ ਸੁਰੱਈਆ ਨੂੰ ਚੁਣਿਆ ਜਾਵੇ ਪਰ ਕਮਾਲ ਅਮਰੋਹੀ ਆਪਣੀ ਗਲ ’ਤੇ ਅੜੇ ਰਹੇ ਸਨ।

ਉਸ ਸਮੇਂ ਮਧੂਬਾਲਾ ਮਹਿਜ਼ 16 ਸਾਲਾਂ ਦੇ ਹੀ ਸਨ, ਜਦਕਿ ਉਨ੍ਹਾਂ ਦੇ ਹੀਰੋ ਅਸ਼ੋਕ ਕੁਮਾਰ ਉਨ੍ਹਾਂ ਤੋਂ ਦੁੱਗਣੀ ਉਮਰ ਭਾਵ 32 ਸਾਲਾਂ ਦੇ ਸਨ।

ਮਧੂਬਾਲਾ ਨੇ ਇਸ ਪੂਰੀ ਫਿਲਮ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਅਤੇ ਫਿਲਮ ਨੇ ਬਾਕਸ ਆਫਿਸ ’ਤੇ ਸਾਰੇ ਰਿਕਾਰਡ ਤੋੜ ਦਿੱਤੇ।

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

ਤਸਵੀਰ ਕੈਪਸ਼ਨ, ਮਧੂਬਾਲਾ

ਦਿਲ ਦੀ ਬਿਮਾਰੀ ਦੇ ਬਾਵਜੂਦ ‘ਮੁਗ਼ਲ-ਏ-ਆਜ਼ਮ’ ਲਈ ਪੈਰਾਂ ’ਚ ਜ਼ੰਜੀਰ ਪਾਈ

1950 ’ਚ ਮਧੂਬਾਲਾ ਦੀ ਸਿਹਤ ਅਚਾਨਕ ਹੀ ਖਰਾਬ ਹੋ ਗਈ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਲ ’ਚ ਸੁਰਾਖ਼ ਹੈ।

ਉਸ ਸਮੇਂ ਭਾਰਤ ’ਚ ਦਿਲ ਦਾ ਅਪਰੇਸ਼ਨ ਇੱਕ ਕਠਿਨ ਅਪਰੇਸ਼ਨ ਮੰਨਿਆ ਜਾਂਦਾ ਸੀ। ਮਧੂਬਾਲਾ ਨੇ ਆਪਣੀ ਬਿਮਾਰੀ ਸਾਰਿਆਂ ਤੋਂ ਲੁਕਾ ਕੇ ਰੱਖੀ ਅਤੇ ਫਿਲਮਾਂ ’ਚ ਲਗਾਤਾਰ ਕੰਮ ਜਾਰੀ ਰੱਖਿਆ।

1954 ’ਚ ਜਦੋਂ ਉਹ ਚੇਨਈ ਵਿਖੇ ‘ਬਹੁਤ ਦਿਨ ਹੁਏ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਖੂਨ ਦੀ ਉਲਟੀ ਆਈ ਅਤੇ ਉਨ੍ਹਾਂ ਦੀ ਬਿਮਾਰੀ ਖ਼ਬਰ ਚਾਰੇ ਪਾਸੇ ਅੱਗ ਵਾਂਗਰ ਫੈਲ ਗਈ।

ਫਿਲਮ ਮੁਗ਼ਲ-ਏ-ਆਜ਼ਮ’ ਦੀ ਕਾਸਟਿੰਗ ਕਰਦੇ ਹੋਏ ਕੇ ਆਸਿਫ਼ ਨੇ ਇੱਕੋ ਵੇਲੇ ਕਈ ਮੁਸੀਬਤਾਂ ਨੂੰ ਸੱਦਾ ਦੇ ਦਿੱਤਾ ਸੀ।

ਰਾਜ ਕੁਮਾਰ ਕੇਸਵਾਨੀ ਆਪਣੀ ਕਿਤਾਬ ‘ਦਾਸਤਾਨ-ਏ-ਮੁਗ਼ਲ-ਏ-ਆਜ਼ਮ’ ’ਚ ਲਿਖਦੇ ਹਨ, “ ਪ੍ਰਿਥਵੀਰਾਜ ਕਪੂਰ ਉਸ ਸਮੇਂ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਮਧੂਬਾਲਾ ਵੀ ਦਿਲ ਦੀ ਬਿਮਾਰੀ ਦੇ ਕਾਰਨ ਕਈ ਬੰਦਸ਼ਾਂ ’ਚ ਜਕੜੀ ਹੋਈ ਸੀ।''

''ਫਿਲਮ ਦੇ ਖਾਸੇ ਵੱਡੇ ਹਿੱਸੇ ’ਚ ਮਧੂਬਾਲਾ ਨੂੰ ਅਸਲੀ ਲੋਹੇ ਦੀਆਂ ਭਾਰੀ ਜ਼ੰਜੀਰਾਂ ਪਹਿਨਣੀਆਂ ਸਨ। ਕੈਦ ਖਾਨੇ ’ਚ ਜਦੋਂ ਮਧੂਬਾਲਾ ’ਤੇ ਬੇਕਸ ਪੇ ਕਰਮ ਕੀਜਿਏ ਸਰਕਾਰੇ ਮਦੀਨਾ ਦਾ ਸੀਨ ਸ਼ੂਟ ਹੋਣਾ ਸੀ ਤਾਂ ਡਾਕਟਰਾਂ ਨੇ ਸਖ਼ਤ ਹਿਦਾਇਤ ਕੀਤੀ ਸੀ ਕਿ ਹਰ ਸਥਿਤੀ ’ਚ ਭਾਰ ਚੁੱਕਣ ਤੋਂ ਪਰਹੇਜ਼ ਕੀਤਾ ਜਾਵੇ। ਪਰ ਮਧੂਬਾਲਾ ਨੇ ਉਸ ਗੀਤ ਨੂੰ ਫਿਲਮਾਉਣ ਦਿੱਤਾ।''

ਮਧੂਬਾਲਾ ਦਾ ਸਰੀਰ ਬੇਵੱਸ ਜ਼ਰੂਰ ਸੀ ਪਰ ਉਨ੍ਹਾਂ ਦੇ ਇਰਾਦੇ ਪੱਕੇ ਸਨ।

ਨਰਗਿਸ ਤੇ ਨੂਤਨ ਦੇ ਇਨਕਾਰ ਤੋਂ ਬਾਅਦ ਮਧੂਬਾਲਾ ਨੂੰ ਮਿਲੀ ਸੀ ਮੁਗ਼ਲ-ਏ-ਆਜ਼ਮ

ਮੁਗ਼ਲ-ਏ-ਆਜ਼ਮ ਮਧੂਬਾਲਾ ਦੇ ਕਰੀਅਰ ਦੀ ਆਖਰੀ ਫਿਲਮ ਸੀ। ਪਹਿਲਾਂ ਇਸ ਫਿਲਮ ਲਈ ਨਰਗਿਸ ਤੱਕ ਪਹੁੰਚ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇਹ ਫਿਲਮ ਇਸ ਲਈ ਸਾਈਨ ਨਹੀਂ ਕੀਤੀ ਸੀ ਕਿਉਂਕਿ ਉਹ ਉਸ ਸਮੇਂ ਰਾਜ ਕਪੂਰ ਕੈਂਪ ’ਚ ਸਨ ਅਤੇ ਦਿਲੀਪ ਕੁਮਾਰ ਨਾਲ ਉਨ੍ਹਾਂ ਦੀ ਅਣਬਣ ਚੱਲ ਰਹੀ ਸੀ।

ਫਿਰ ਇਹ ਫਿਲਮ ਨੂਤਨ ਨੂੰ ਆਫ਼ਰ ਕੀਤੀ ਗਈ, ਪਰ ਉਨ੍ਹਾਂ ਨੇ ਵੀ ਇਸ ਫਿਲਮ ’ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਮਧੂਬਾਲਾ ਨੇ ਜਦੋਂ ਇਸ ਫਿਲਮ ਨੂੰ ਸਾਈਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 20 ਸਾਲ ਸੀ। ਇਸ ਫਿਲਮ ਨੂੰ ਮੁਕੰਮਲ ਹੋਣ ’ਚ 8 ਸਾਲ ਦਾ ਸਮਾਂ ਲੱਗਿਆ।

ਬਾਅਦ ’ਚ ਨਾਦਿਰਾ ਨੇ ਕਿਹਾ, “ ਇਹ ਮਧੂਬਾਲਾ ਦੇ ਹੀ ਵੱਸ ਦੀ ਗੱਲ ਸੀ ਕਿ ਉਹ ਗੰਭੀਰ ਬਿਮਾਰ ਹੋਣ ਦੇ ਬਾਵਜੂਦ 8 ਸਾਲਾਂ ਤੱਕ ਇਹ ਰੋਲ ਕਰਦੇ ਰਹੇ। ਪਹਿਲੇ ਸੀਨ ਤੋਂ ਆਖਰੀ ਸੀਨ ਤੱਕ ਉਹ ਬਹੁਤ ਹੀ ਸੁੰਦਰ ਲੱਗੇ ਸਨ।”

ਇਹ ਉਸ ਜ਼ਮਾਨੇ ਦੀ ਸਭ ਤੋਂ ਮਹਿੰਗੀ ਫਿਲਮ ਸੀ। ਇਹ ਫਿਲਮ ਤਿੰਨ ਭਾਸ਼ਾਵਾਂ ਹਿੰਦੀ, ਅੰਗਰੇਜ਼ੀ ਅਤੇ ਤਾਮਿਲ ’ਚ ਬਣਾਈ ਗਈ ਸੀ।

ਹਰ ਡਾਇਲਾਗ ਨੂੰ ਤਿੰਨ ਭਾਸ਼ਾਵਾਂ ’ਚ ਰਿਕਾਰਡ ਕੀਤਾ ਜਾਂਦਾ ਸੀ। ਅਖੀਰ ’ਚ ਫਿਲਮ ਦੇ ਇੰਨੇ ਨੈਗੇਟਿਵ ਇੱਕਠੇ ਹੋ ਗਏ ਸਨ ਕਿ ਇਸ ਤੋਂ ਘੱਟੋ-ਘੱਟ ਤਿੰਨ ਫਿਲਮਾਂ ਬਣਾਈਆਂ ਜਾ ਸਕਦੀਆਂ ਸਨ।

ਮਧੂਬਾਲਾ

ਮਧੂਬਾਲਾ ਬਾਰੇ ਖਾਸ ਗੱਲਾਂ:

  • ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਵੈਲੇਨਟਾਈਨ ਵਾਲੇ ਦਿਨ ਦਿੱਲੀ ਵਿਖੇ ਹੋਇਆ ਸੀ
  • ‘ਮਹਿਲ’ ਫਿਲਮ ਨਾਲ ਉਹਨਾਂ ਦੇ ਕਰੀਅਰ ਨੂੰ ਹੁਲਾਰਾ ਮਿਲਿਆ ਸੀ
  • ਉਹ ਦਲੀਪ ਕੁਮਾਰ ਨਾਲ ਪਿਆਰ ਕਰਦੇ ਸਨ ਪਰ ਉਨ੍ਹਾਂ ਦਾ ਵਿਆਹ ਕਿਸ਼ੋਰ ਕੁਮਾਰ ਨਾਲ ਹੋਇਆ ਸੀ
  • ਭਾਰਤ ਦੀਆਂ ਸਭ ਤੋਂ ਖੂਬਸੂਰਤ ਔਰਤਾਂ ’ਚ ਗਿਣੀ ਜਾਂਦੀ ਸੀ ਮਧੂਬਾਲਾ
  • ਮਧੂਬਾਲਾ ਦੀ ਮੌਤ ਮਹਿਜ਼ 36 ਸਾਲ ਦੀ ਉਮਰ ’ਚ ਦਿਲ ਦੀ ਬਿਮਾਰੀ ਕਾਰਨ ਹੋਈ ਸੀ
ਮਧੂਬਾਲਾ

ਦਿਲੀਪ ਕੁਮਾਰ ਅਤੇ ਮਧੂਬਾਲਾ ਵਿਚਾਲੇ ਗੱਲਬਾਤ ਹੋਈ ਠੱਪ

ਮੁਗ਼ਲ-ਏ-ਆਜ਼ਮ ਦਾ ਸਭ ਤੋਂ ਮਸ਼ਹੂਰ ਸੀਨ ਸੀ- ਜਦੋਂ ਦਿਲੀਪ ਕੁਮਾਰ ਮਧੂਬਾਲਾ ਦੇ ਬੁੱਲਾਂ ਨੂੰ ਇੱਕ ਖੰਭ ਨਾਲ ਛੂਹੰਦੇ ਹਨ।

ਸੁਭਾਸ਼ ਘਈ ਦਾ ਕਹਿਣਾ ਹੈ ਕਿ ਆਸਿਫ਼ ਨੇ ਇਸ ਸੀਨ ਨੂੰ ''ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਫਿਲਮਾਇਆ ਸੀ। ਇਸ ਸੀਨ ਦਾ ਅਸਰ ਕਿਸੇ ਚੁੰਮਣ ਦੇ ਸੀਨ ਦੇ ਫਿਲਮਾਂਕਣ ਨਾਲੋਂ ਕਿਤੇ ਵਧੇਰੇ ਸੀ।''

ਮਹੇਸ਼ ਭੱਟ ਦੀਆਂ ਨਜ਼ਰਾਂ ’ਚ ‘ਇਹ ਭਾਰਤੀ ਸਿਨੇਮਾ ਦਾ ਸ਼ਾਇਦ ਸਭ ਤੋਂ ਕਾਮੁਕ ਸੀਨ ਸੀ’।

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

ਬਾਅਦ ’ਚ ਕੇ ਆਸਿਫ਼ ਦੀ ਪਤਨੀ ਸਿਤਾਰਾ ਦੇਵੀ ਨੇ ਇੱਕ ਇੰਟਰਵਿਊ ’ਚ ਕਿਹਾ ਸੀ, “ਮੁਗ਼ਲ-ਏ-ਆਜ਼ਮ ਦੇ ਸੈੱਟ ’ਤੇ ਤਣਾਅ ਰਹਿੰਦਾ ਸੀ ਕਿਉਂਕਿ ਦਿਲੀਪ ਕੁਮਾਰ ਅਤੇ ਮਧੂਬਾਲਾ ਵਿਚਾਲੇ ਗੱਲਬਾਤ ਬਿਲਕੁਲ ਬੰਦ ਸੀ। ਦੱਬੀਆਂ ਹੋਈਆਂ ਭਾਵਨਾਵਾਂ ਉਸ ਸਮੇਂ ਸਾਹਮਣੇ ਆ ਗਈਆਂ ਸਨ ਜਦੋਂ ਇੱਕ ਸੀਨ ’ਚ ਦਿਲੀਪ ਕੁਮਾਰ ਨੇ ਮਧੂਬਾਲਾ ਦੀ ਗੱਲ ’ਤੇ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਇਸ ਨੂੰ ਵੇਖ ਹਰ ਕੋਈ ਦੰਗ ਰਹਿ ਗਿਆ ਸੀ।”

ਅਜੀਤ ਦਾ ਕਹਿਣਾ ਹੈ, “ਸਾਰੇ ਹੀ ਲੋਕ ਸੋਚਣ ਲੱਗ ਪਏ ਕਿ ਹੁਣ ਅੱਗੇ ਕੀ ਹੋਵੇਗਾ? ਕੀ ਮਧੂਬਾਲਾ ਸੈੱਟ ਤੋਂ ਚਲੇ ਜਾਣਗੇ? ਕੀ ਸ਼ੂਟਿੰਗ ਰੱਦ ਕਰ ਦਿੱਤੀ ਜਾਵੇਗੀ?''

''ਇਸ ਤੋਂ ਪਹਿਲਾਂ ਕਿ ਮਧੂਬਾਲਾ ਕੁਝ ਕਹਿੰਦੇ ਆਸਿਫ਼ ਉਨ੍ਹਾਂ ਨੂੰ ਇੱਕ ਕੋਨੇ ’ਚ ਲਿਜਾ ਕੇ ਬੋਲੇ ‘ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਇਹ ਸਪੱਸ਼ਟ ਹੈ ਕਿ ਉਹ ਤੁਹਾਨੂੰ ਅੱਜ ਵੀ ਪਿਆਰ ਕਰਦਾ ਹੈ। ਇਹ ਕੰਮ ਕਰਨ ਦੀ ਹਿੰਮਤ ਸਿਰਫ ਇੱਕ ਪ੍ਰੇਮੀ ਹੀ ਕਰ ਸਕਦਾ ਹੈ।”

ਮੁਗ਼ਲ-ਏ-ਆਜ਼ਮ ’ਚ ਇੰਨਾਂ ਵਧੀਆ ਕੰਮ ਕਰਨ ਦੇ ਬਾਵਜੂਦ ਉਸ ਸਾਲ ਦਾ ਸਰਵੋਤਮ ਅਦਾਕਾਰਾ ਪੁਰਸਕਾਰ ਮਧੂਬਾਲਾ ਦੀ ਥਾਂ ’ਤੇ ‘ਘੂੰਘਟ’ ਫਿਲਮ ਲਈ ਬੀਨਾ ਰਾਏ ਨੂੰ ਮਿਲਿਆ ਸੀ।

ਮਧੂਬਾਲਾ ਅਤੇ ਦਿਲੀਪ ਕੁਮਾਰ ਦਾ ਪਿਆਰ

ਦਿਲੀਪ ਕੁਮਾਰ ਆਪਣੀ ਸਵੈ-ਜੀਵਨੀ ‘ਦ ਸਬਸਟੈਂਸ ਐਂਡ ਦਿ ਸ਼ੇਡੋ’ ’ਚ ਲਿਖਦੇ ਹਨ, ''ਮੈਂ ਮਧੂਬਾਲਾ ਵੱਲ ਆਕਰਸ਼ਿਤ ਸੀ-ਇੱਕ ਕਲਾਕਾਰ ਵਜੋਂ ਵੀ ਅਤੇ ਇੱਕ ਔਰਤ ਵੱਜੋਂ ਵੀ। ਉਹ ਬਹੁਤ ਹੀ ਖੁਸ਼ਮਿਜਾਜ਼ ਅਤੇ ਫੁਰਤੀਲੀ ਔਰਤ ਸਨ।''

''ਉਨ੍ਹਾਂ ਨੂੰ ਮੇਰੇ ਵਰਗੇ ਸ਼ਰਮੀਲੇ ਅਤੇ ਅੰਤਰਮੁਖੀ ਵਿਅਕਤੀ ਨਾਲ ਗੱਲਬਾਤ ਕਰਨ ’ਚ ਕੋਈ ਦਿੱਕਤ ਨਹੀਂ ਹੁੰਦੀ ਸੀ।”

ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਦੇ ਕਾਰਨ ਇਹ ਪ੍ਰੇਮ ਕਹਾਣੀ ਸਿਰੇ ਨਾ ਚੜ੍ਹ ਸਕੀ। ਉਨ੍ਹਾਂ ਦਾ ਮੰਨਣਾ ਸੀ ਕਿ ਦਿਲੀਪ ਕੁਮਾਰ ਉਮਰ ’ਚ ਮਧੂਬਾਲਾ ਤੋਂ ਵੱਡੇ ਹਨ।

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

ਖ਼ਤੀਜਾ ਅਕਬਰ ਮਧੂਬਾਲਾ ਦੀ ਜੀਵਨੀ ‘ਆਈ ਵਾਂਟ ਟੂ ਲਿਵ ਦਾ ਸਟੋਰੀ ਆਫ਼ ਮਧੂਬਾਲਾ’ ’ਚ ਲਿਖਦੇ ਹਨ, “ਦਿਲੀਪ ਕੁਮਾਰ ਅਤੇ ਅਤਾਉੱਲਾ ਖਾਨ ਦਰਮਿਆਨ ਮਤਭੇਦ ‘ਨਯਾ ਦੌਰ’ ਦੀ ਸ਼ੂਟਿੰਗ ਦੌਰਾਨ ਉਭਰੇ ਸਨ। ਇਸ ਫਿਲਮ ’ਚ ਬੀਆਰ ਚੌਪੜਾ ਨੇ ਪਹਿਲਾਂ ਮਧੂਬਾਲਾ ਨੂੰ ਬਤੌਰ ਹੀਰੋਇਨ ਲਿਆ ਸੀ।''

''ਪਰ ਜਦੋਂ ਚੌਪੜਾ ਨੇ ਫਿਲਮ ਦੀ ਆਊਟਡੋਰ ਸ਼ੂਟਿੰਗ ਦੀ ਯੋਜਨਾ ਬਣਾਈ ਤਾਂ ਅਤਾਉੱਲਾ ਖਾਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਬੀਆਰ ਚੌਪੜਾ ਨੇ ਨਾ ਸਿਰਫ ਮਧੂਬਾਲਾ ਦੀ ਥਾਂ ’ਤੇ ਵੈਜੰਤੀਮਾਲਾ ਨੂੰ ਇਸ ਫਿਲਮ ਲਈ ਸਾਈਨ ਕੀਤਾ ਸਗੋਂ ਨਾਲ ਹੀ ਇਕਰਾਰਨਾਮੇ ਦੀਆਂ ਸ਼ਰਤਾਂ ਤੋੜਨ ਲਈ ਉਨ੍ਹਾਂ ’ਤੇ ਕੇਸ ਵੀ ਕੀਤਾ।”

ਬਾਅਦ ’ਚ ਦੋਵਾਂ ਵਿਚਾਲੇ ਸਮਝੌਤੇ ਤੋਂ ਬਾਅਦ ਕੇਸ ਵਾਪਸ ਲੈ ਲਿਆ ਗਿਆ ਸੀ।

ਮਧੂਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਹੈ, “ਦਿਲੀਪ ਸਾਹਿਬ ਨੇ ਕਿਹਾ, ਚਲੋ ਅਸੀਂ ਵਿਆਹ ਕਰ ਲੈਂਦੇ ਹਾਂ। ਇਸ ’ਤੇ ਮਧੂਬਾਲਾ ਨੇ ਕਿਹਾ ਵਿਆਹ ਤਾਂ ਮੈਂ ਜ਼ਰੂਰ ਕਰਾਂਗੀ, ਪਰ ਪਹਿਲਾਂ ਤੁਸੀਂ ਮੇਰੇ ਪਿਤਾ ਜੀ ਤੋਂ ਮੁਆਫੀ ਮੰਗ ਲਓ।''

''ਪਰ ਦਿਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਮੇਰੀ ਭੈਣ ਨੇ ਤਾਂ ਇੱਥੋਂ ਤੱਕ ਕਿਹਾ ਕਿ ਘਰ ’ਚ ਹੀ ਉਨ੍ਹਾਂ ਦੇ ਗਲੇ ਲੱਗ ਜਾਓ, ਪਰ ਦਿਲੀਪ ਕੁਮਾਰ ਇਸ ’ਤੇ ਵੀ ਰਾਜ਼ੀ ਨਾ ਹੋਏ। ਇਸੇ ਕਰਕੇ ਦੋਵਾਂ ਵਿਚਾਲੇ ਸਬੰਧ ਟੁੱਟ ਗਏ।”

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

ਕਿਸ਼ੋਰ ਕੁਮਾਰ ਨਾਲ ਕੀਤਾ ਬੇਮੇਲ ਵਿਆਹ

ਜਦੋਂ ਮਧੂਬਾਲਾ ਨੂੰ ਇਹ ਪਤਾ ਲੱਗਿਆ ਕਿ ਦਿਲੀਪ ਕੁਮਾਰ ਉਨ੍ਹਾਂ ਨਾਲ ਵਿਆਹ ਨਹੀਂ ਕਰਨਗੇ ਤਾਂ ਉਨ੍ਹਾਂ ਨੇ ਸਿਰਫ ਇਹ ਸਾਬਤ ਕਰਨ ਲਈ ਕਿ ਉਹ ਕਿਸੇ ਨੂੰ ਵੀ ਆਪਣੇ ਨਾਲ ਵਿਆਹ ਕਰਨ ਲਈ ਮਨਾ ਸਕਦੇ ਹਨ, ਉਨ੍ਹਾਂ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਰਚਾ ਲਿਆ।

ਹਾਲਾਂਕਿ ਦੋਵੇਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਸਨ। ਕਿਸ਼ੋਰ ਕੁਮਾਰ ਨੂੰ ਵਿਆਹ ਤੋਂ ਪਹਿਲਾਂ ਮਧੂਬਾਲਾ ਦੀ ਬਿਮਾਰੀ ਬਾਰੇ ਪਤਾ ਸੀ।

ਕਿਸ਼ੋਰ ਕੁਮਾਰ ਦੀ ਜੀਵਨੀ ‘ਕਿਸ਼ੋਰ ਕੁਮਾਰ ਦ ਅਲਟੀਮੇਟ ਬਾਇਓਗ੍ਰਾਫੀ’ ’ਚ ਅਨਿਰੁੱਧ ਭੱਟਾਚਾਰਜੀ ਅਤੇ ਪਾਰਥਿਵ ਧਰ ਮਧੂਬਾਲਾ ਦੀ ਛੋਟੀ ਭੈਣ ਮਧੁਰ ਦਾ ਹਵਾਲਾ ਦਿੰਦੇ ਕਹਿੰਦੇ ਹਨ, “ ਜਿਵੇਂ ਹੀ ਡਾਕਟਰ ਨੇ ਕਿਸ਼ੋਰ ਨੂੰ ਦੱਸਿਆ ਕਿ ਮਧੂਬਾਲਾ ਕੋਲ ਬਹੁਤ ਹੀ ਘੱਟ ਦਿਨ ਬਚੇ ਹਨ ਤਾਂ ਉਨ੍ਹਾਂ ਨੇ ਮਧੂਬਾਲਾ ਨੂੰ ਕਾਰਟਰ ਰੋਡ ਸਥਿਤ ਇੱਕ ਫਲੈਟ ’ਚ ਇੱਕ ਡਰਾਇਵਰ ਦੇ ਨਾਲ ਛੱਡ ਦਿੱਤਾ ਸੀ।''

''ਉਹ ਉਨ੍ਹਾਂ ਕੋਲ ਚਾਰ ਮਹੀਨਿਆਂ ’ਚ ਇੱਕ ਵਾਰ ਜਾਂਦੇ ਸਨ ਅਤੇ ਉਨ੍ਹਾਂ ਦਾ ਫੋਨ ਤੱਕ ਨਹੀਂ ਚੁੱਕਦੇ ਸਨ। ਆਖਰੀ ਦਿਨਾਂ ’ਚ ਮਧੂਬਾਲਾ ਗਾਊਨ ਪਾਉਣ ਲੱਗ ਪਈ ਸੀ।”

ਪਰ ਕਿਸ਼ੋਰ ਕੁਮਾਰ ਦੇ ਪੁੱਤਰ ਅਮਿਤ ਕੁਮਾਰ ਨੇ ਇਸ ਤੋਂ ਵੱਲ਼ਰੀ ਤਸਵੀਰ ਕਰਦੇ ਹੋਏ ਇੱਕ ਇੰਟਰਵਿਊ ’ਚ ਕਿਹਾ ਹੈ, “ ਮੈਂ 10 ਸਾਲ ਦੀ ਉਮਰ ’ਚ ਪਹਿਲੀ ਵਾਰ ਮਧੂਬਾਲਾ ਨੂੰ ਵੇਖਿਆ ਸੀ। ਮੇਰੇ ਪਿਤਾ ਜੀ ਬਾਂਦਰਾ ਵਿਖੇ ਇੱਕ ਫਲੈਟ ’ਚ ਉਨ੍ਹਾਂ ਨਾਲ ਰਹਿਣ ਲੱਗ ਪਏ ਸਨ। ਮੈਂ ਛੁੱਟੀਆਂ ’ਚ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਜਦੋਂ ਮੈਂ ਉਨ੍ਹਾਂ ਨੂੰ ‘ਝੁਮਰੂ’ ਦੇ ਸੈੱਟ ’ਤੇ ਵੇਖਿਆ ਸੀ ਤਾਂ ਉਹ ਬਹੁਤ ਸੁੰਦਰ ਲੱਗਦੇ ਸਨ ਪਰ ਬਾਅਦ ’ਚ ਉਹ ਕਮਜ਼ੋਰ ਹੁੰਦੇ ਚਲੇ ਗਏ।”

“ਬਾਅਦ ’ਚ ਮਧੂਬਾਲਾ ਬਾਂਦਰਾ ’ਚ ਇੱਕਲੇ ਹੀ ਰਹਿਣ ਲੱਗੇ। ਮੇਰੇ ਪਿਤਾ ਜੀ ਰੋਜ਼ਾਨਾ ਉਨ੍ਹਾਂ ਨੂੰ ਮਿਲਣ ਲਈ ਜਾਂਦੇ ਸਨ। ਉਹ ਜ਼ਿੱਦ ਕਰਦੇ ਸਨ ਕਿ ਉਹ ਉਨ੍ਹਾਂ ਨਾਲ ਹੀ ਖਾਣਾ ਖਾਣ। ਇਸ ਦਾ ਮਤਲਬ ਇਹ ਹੈ ਕਿ ਮੇਰੇ ਪਿਤਾ ਜੀ ਨੂੰ ਰਾਤ ਦੀ ਰੋਟੀ ਦੋ ਵਾਰ ਖਾਣੀ ਪੈਂਦੀ ਸੀ- ਇੱਕ ਵਾਰ ਮਧੂਬਾਲਾ ਦੇ ਨਾਲ ਅਤੇ ਦੂਜੀ ਵਾਰ ਮੇਰੀ ਮਾਂ ਦੇ ਨਾਲ।”

ਮਧੂਬਾਲਾ

ਤਸਵੀਰ ਸਰੋਤ, FILM FARE

ਮਧੂਬਾਲਾ ਦਾ ਚੰਗਾ ਵਿਹਾਰ

ਅਨਿਲ ਬਿਸਵਾਸ ਦਾ ਮੰਨਣਾ ਸੀ ਕਿ ਫਿਲਮ ਇੰਡਸਟਰੀ ’ਚ ਮਧੂਬਾਲਾ ਤੋਂ ਵੱਧ ਮਿੱਠਬੋਲੜੀ ਅਤੇ ਲੋਕਾਂ ਦੀ ਇੱਜ਼ਤ ਕਰਨ ਵਾਲੀ ਔਰਤ ਹੋਰ ਕੋਈ ਨਹੀਂ ਸੀ।

ਮਸ਼ਹੂਰ ਪੱਤਰਕਾਰ ਬੀਕੇ ਕਰੰਜੀਆ ਲਿਖਦੇ ਹਨ, “ਮੈਨੂੰ ਅੱਜ ਤੱਕ ਯਾਦ ਹੈ ਕਿ ਕਿਵੇਂ ਮਧੂਬਾਲਾ ਮੇਰੀ ਧੀ ਰਤਨ ਦੇ ਨਾਲ ਕਵੇਟਾ ਟੈਰੇਸ ਸਥਿਤ ਸਾਡੇ ਫਲੈਟ ’ਚ ਲੁਕਣਮੀਟੀ ਖੇਡਿਆ ਕਰਦੇ ਸਨ। ਇੱਕ ਵਾਰ ਮੇਰੀ ਧੀ ਨੇ ਮੇਡੋ ਸਟ੍ਰੀਟ ’ਤੇ ਕੁੰਬਾ ਦੇ ਕਰੀਮ ਬੰਨ ਖਾਣ ਦੀ ਇੱਛਾ ਪ੍ਰਗਟ ਕੀਤੀ ਸੀ। ਅਗਲੇ ਹੀ ਦਿਨ ਮਧੂਬਾਲਾ ਦਾ ਡਰਾਇਵਰ ਕਰੀਮ ਬੰਨ ਦਾ ਇੱਕ ਵੱਡਾ ਗਿਫ਼ਟਰੈਪ ਡੱਬਾ ਸਾਡੇ ਘਰ ਛੱਡ ਗਿਆ ਸੀ।”

ਜਦੋਂ ਦਿਲੀਪ ਕੁਮਾਰ ਸਾਇਰਾ ਬਾਨੋ ਨਾਲ ਵਿਆਹ ਕਰ ਰਹੇ ਸਨ ਤਾਂ ਉਸ ਸਮੇਂ ਮਧੂਬਾਲਾ ਨੇ ਉਨ੍ਹਾਂ ਨੂੰ ਸੁਨੇਜਾ ਭੇਜਿਆ ਸੀ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ।

ਜਦੋਂ ਦਿਲੀਪ ਕੁਮਾਰ ਉਨ੍ਹਾਂ ਨੂੰ ਮਿਲਣ ਲਈ ਗਏ ਤਾਂ ਉਸ ਸਮੇਂ ਮਧੂਬਾਲਾ ਬਹੁਤ ਹੀ ਕਮਜ਼ੋਰ ਹੋ ਗਏ ਸਨ।

ਉਨ੍ਹਾਂ ਨੇ ਬਹੁਤ ਹੀ ਹੌਲੀ ਜਿਹੇ ਉਨ੍ਹਾਂ ਨੂੰ ਕਿਹਾ ਸੀ, “ ਸਾਡੇ ਰਾਜਕੁਮਾਰ ਨੂੰ ਉਨ੍ਹਾਂ ਦੀ ਰਾਜਕੁਮਾਰੀ ਮਿਲ ਗਈ। ਮੈਂ ਬਹੁਤ ਖੁਸ਼ ਹਾਂ।”

ਮਧੂਬਾਲਾ

ਤਸਵੀਰ ਸਰੋਤ, MANJUL PUBLISHING HOUSE

ਮਹਿਜ਼ 36 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਜਦੋਂ ਮਧੂਬਾਲਾ ਬ੍ਰੀਚ ਕੈਂਡੀ ਹਸਪਤਾਲ ’ਚ ਆਪਣੇ ਆਖਰੀ ਸਾਹ ਲੈ ਰਹੇ ਸਨ, ਤਾਂ ਬੀਕੇ ਕਰੰਜੀਆ ਉਨ੍ਹਾਂ ਨੂੰ ਮਿਲਣ ਵਾਲੇ ਸ਼ਾਇਦ ਆਖਰੀ ਵਿਅਕਤੀ ਸਨ।

ਕਰੰਜੀਆ ਲਿਖਦੇ ਹਨ, “ਨੱਕ ’ਚ ਆਕਸੀਜਨ ਟਿਊਬ ਅਤੇ ਸਾਹ ਲੈਣ ਲਈ ਸੰਘਰਸ਼ ਕਰਦੀ ਮਧੂਬਾਲਾ ਉਸ ਸਮੇਂ ਵੀ ਖੂਬਸੂਰਤ ਲੱਗ ਰਹੇ ਸਨ। ਮੈਨੂੰ ਵੇਖਦੇ ਹੀ ਉਹ ਮੁਸਕਰਾਏ। ਮੈਂ ਉਨ੍ਹਾਂ ਦਾ ਹੱਥ ਆਪਣੇ ਹੱਥਾਂ ’ਚ ਲਿਆ ਅਤੇ ਅਸੀਂ ਚੁੱਪਚਾਪ ਇੱਕ ਦੂਜੇ ਦੀਆਂ ਅੱਖਾਂ ’ਚ ਵੇਖਦੇ ਰਹੇ।''

ਨਰਸ ਨੇ ਉਨ੍ਹਾਂ ਕੋਲ ਬੈਠਣ ਲਈ ਮੈਨੂੰ ਸਿਰਫ 5 ਮਿੰਟ ਹੀ ਦਿੱਤੇ ਸਨ। ਪਰ ਮਧੂਬਾਲਾ ਨੇ ਮੇਰਾ ਹੱਥ ਹੀ ਨਹੀਂ ਛੱਡਿਆ। ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਸਨ। ਮੈਂ ਹੌਲੀ ਜਿਹੀ ਆਪਣਾ ਹੱਥ ਛੁਡਾਇਆ ਅਤੇ ਦੋਵੇਂ ਹੱਥਾਂ ਨਾਲ ਉਨ੍ਹਾਂ ਦਾ ਹੱਥ ਫੜ ਲਿਆ।''

''ਫਿਰ ਮੈਂ ਝੁਕਿਆ ਅਤੇ ਮੈਂ ਉਨ੍ਹਾਂ ਦੇ ਠੰਢੇ ਅਤੇ ਗਿੱਲੇ ਮੱਥੇ ਨੂੰ ਚੁੰਮਿਆ। ਮੇਰੀਆਂ ਅੱਖਾਂ ਵੀ ਭਰ ਆਈਆਂ ਅਤੇ ਮੈਂ ਇੱਕਦਮ ਕਮਰੇ ’ਚੋਂ ਬਾਹਰ ਚਲਾ ਗਿਆ। ਨਰਸ ਨੇ ਹੌਲੀ ਜਿਹੀ ਮਧੂਬਾਲਾ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ- ‘ਦੁਆ ਕਰੋ’।”

ਅਗਲੇ ਦਿਨ 23 ਫਰਵਰੀ 1969 ਯਾਨੀ ਕਿ ਆਪਣੇ 36ਵੇਂ ਜਨਮ ਦਿਨ ਤੋਂ 9ਵੇਂ ਦਿਨ ਮਧੂਬਾਲਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਉਸ ਦਿਨ ਦਿਲੀਪ ਕੁਮਾਰ ਮਦਰਾਸ ਵਿਖੇ ਸ਼ੂਟਿੰਗ ਕਰ ਰਹੇ ਸਨ। ਜਦੋਂ ਤੱਕ ਉਹ ਮੁਬੰਈ ਪਹੁੰਚਦੇ, ਉਦੋਂ ਤੱਕ ਮਧੂਬਾਲਾ ਨੂੰ ਦਫ਼ਨਾ ਦਿੱਤਾ ਗਿਆ ਸੀ।

ਉਹ ਹਵਾਈ ਅੱਡੇ ਤੋਂ ਸਿੱਧੇ ਕਬਰਿਸਤਾਨ ਗਏ ਅਤੇ ਉਨ੍ਹਾਂ ਦੀ ਕਬਰ ’ਤੇ ਇੱਕ ਫੁੱਲ ਰੱਖ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)