ਟਰੰਪ ਬੋਲੇ - ਪੈਨੋਰਮਾ ਐਡਿਟ ਮਾਮਲੇ 'ਚ ਬੀਬੀਸੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗਾ

ਟਰੰਪ/ਬੀਬੀਸੀ ਦਾ ਦਫ਼ਤਰ

ਤਸਵੀਰ ਸਰੋਤ, Reuters / AFP via Getty Images

    • ਲੇਖਕ, ਨੂਰ ਨਾਨਜੀ
    • ਰੋਲ, ਕਲਚਰਲ ਰਿਪੋਰਟਰ

ਬੀਬੀਸੀ ਵੱਲੋਂ ਪੈਨੋਰਮਾ ਐਡਿਟ ਮਾਮਲੇ 'ਚ ਮੁਆਫ਼ੀ ਮੰਗੇ ਜਾਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਬੀਬੀਸੀ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।

ਸ਼ੁੱਕਰਵਾਰ ਸ਼ਾਮ ਨੂੰ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, "ਅਗਲੇ ਹਫ਼ਤੇ ਅਸੀਂ ਉਨ੍ਹਾਂ 'ਤੇ 1 ਅਰਬ ਤੋਂ 5 ਅਰਬ ਡਾਲਰ ਤੱਕ ਦਾ ਮੁਕੱਦਮਾ ਕਰਾਂਗੇ।"

ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ 'ਤੇ ਹਫਤੇ ਦੇ ਅੰਤ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਵੀ ਗੱਲ ਕਰਨਗੇ।

ਬੀਬੀਸੀ ਨੇ ਇਸ ਮਾਮਲੇ 'ਚ ਮੁਆਫ਼ੀ ਮੰਗੀ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਕੋਈ ਵਿੱਤੀ ਮੁਆਵਜ਼ਾ ਨਹੀਂ ਦੇਵੇਗੀ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਟਰੰਪ ਦੇ ਵਕੀਲਾਂ ਨੇ ਬੀਬੀਸੀ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ, ਮੁਆਫ਼ੀ ਨਹੀਂ ਮੰਗੀ ਅਤੇ ਮੁਆਵਜ਼ਾ ਨਹੀਂ ਦਿੱਤਾ, ਤਾਂ ਉਹ ਉਸ 'ਤੇ 1 ਅਰਬ ਡਾਲਰ ਦੇ ਹਰਜਾਨੇ ਲਈ ਮੁਕੱਦਮਾ ਕਰਨਗੇ।

ਬੀਬੀਸੀ ਨੇ ਮੰਗੀ ਮਾਫੀ

ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੋਂ ਪੈਨਰੋਮਾ ਪ੍ਰੋਗਰਾਮ ਦੀ ਇੱਕ ਕੜੀ ਲਈ ਮਾਫ਼ੀ ਮੰਗੀ ਹੈ। ਜਿਸ ਵਿੱਚ ਉਨ੍ਹਾਂ ਦੇ 6 ਜਨਵਰੀ 2021 ਦੇ ਇੱਕ ਸੰਬੋਧਨ ਦੇ ਹਿੱਸਿਆਂ ਨੂੰ ਜੋੜ-ਤੋੜ ਦਿੱਤਾ ਗਿਆ ਸੀ। ਹਾਲਾਂਕਿ ਬੀਬੀਸੀ ਨੇ ਉਨ੍ਹਾਂ ਦੀ ਮੁਆਵਜ਼ੇ ਦੀ ਮੰਗ ਨੂੰ ਠੁਕਰਾ ਦਿੱਤਾ ਹੈ।

ਸ਼ੁੱਕਰਵਾਰ ਨੂੰ, ਬੀਬੀਸੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ 6 ਜਨਵਰੀ, 2021 ਦੇ ਭਾਸ਼ਣ ਦੇ ਐਡਿਟ (ਸੰਪਾਦਨ) ਨੇ "ਇਹ ਗਲਤ ਪ੍ਰਭਾਵ ਪੈਦਾ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ਸਿੱਧੇ ਤੌਰ 'ਤੇ ਹਿੰਸਕ ਕਾਰਵਾਈ ਲਈ ਕਹਿ ਰਹੇ ਹਨ'' ਅਤੇ ਕਿਹਾ ਕਿ 2024 ਦੇ ਉਸ ਪ੍ਰੋਗਰਾਮ ਨੂੰ ਮੁੜ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ।

ਟਰੰਪ ਦੇ ਵਕੀਲਾਂ ਨੇ ਬੀਬੀਸੀ ਨੂੰ ਸੋਧ, ਮਾਫ਼ੀ ਮੰਗਣ ਅਤੇ ਮੁਆਵਜ਼ਾ ਨਾ ਦੇਣ ਦੀ ਸੂਰਤ ਵਿੱਚ ਇੱਕ ਬਿਲੀਅਨ ਡਾਲਰ ਦੇ ਮੁਆਵਜ਼ੇ ਲਈ ਮੁਕੱਦਮੇ ਦੀ ਧਮਕੀ ਦਿੱਤੀ ਸੀ।

ਇਸ ਘਟਨਾਕ੍ਰਮ ਤੋਂ ਬਾਅਦ ਐਤਵਾਰ ਨੂੰ ਬੀਬੀਸੀ ਦੇ ਮਹਾਂ ਨਿਰਦੇਸ਼ਕ (ਡਾਇਰੈਕਟਰ ਜਨਰਲ) ਟਿਮ ਡੇਵੀ ਅਤੇ ਖ਼ਬਰਾਂ ਦੇ ਮੁਖੀ ਡੇਬੋਰਾ ਟਰਨੇਸ ਨੇ ਅਸਤੀਫ਼ਾ ਦੇ ਦਿੱਤਾ ਸੀ।

ਬੀਬੀਸੀ ਨਿਊਜ਼ ਨੇ ਵ੍ਹਾਈਟ ਹਾਊਸ ਨੂੰ ਇਸ ਸੰਬੰਧ ਵਿੱਚ ਟਿੱਪਣੀ ਲਈ ਸੰਪਰਕ ਕੀਤਾ ਸੀ।

ਬੀਬੀਸੀ ਵੱਲੋਂ ਕੀ ਕਿਹਾ ਗਿਆ

ਲੰਦਨ ਸਥਿਤ ਬੀਬੀਸੀ ਦਾ ਦਫ਼ਤਰ

ਤਸਵੀਰ ਸਰੋਤ, Anadolu via Getty Images

ਤਸਵੀਰ ਕੈਪਸ਼ਨ, ਲੰਦਨ ਸਥਿਤ ਬੀਬੀਸੀ ਦਾ ਦਫ਼ਤਰ

ਇਹ ਮਾਫ਼ੀ ਉਸੇ ਤਰ੍ਹਾਂ ਐਡਿਟ ਕੀਤੀ ਗਈ ਇੱਕ ਹੋਰ ਕਲਿੱਪ ਦੇ ਬੀਬੀਸੀ ਦੇ ਨਿਊਜ਼ ਨਾਈਟ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤੇ ਜਾਣ ਬਾਰੇ, ਦਿ ਡੇਲੀ ਟੈਲੀਗ੍ਰਾਫ਼ ਵੱਲੋਂ ਖੁਲਾਸਾ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਹੈ।

ਵੀਰਵਾਰ ਨੂੰ ਛਪੇ ਆਪਣੇ ਸੋਧ ਅਤੇ ਸਪਸ਼ਟੀਕਰਨ ਭਾਗ ਵਿੱਚ ਬੀਬੀਸੀ ਨੇ ਕਿਹਾ ਕਿ ਆਲੋਚਨਾ ਤੋਂ ਬਾਅਦ ਪੈਨੋਰਮਾ ਪ੍ਰੋਗਰਾਮ ਦੀ ਟਰੰਪ ਦੇ ਸੰਬੋਧਨ ਦੀ ਐਡਿਟਿੰਗ ਦੇ ਪੱਖ ਤੋਂ ਨਜ਼ਰਸਾਨੀ ਕੀਤੀ ਗਈ।

ਅਦਾਰੇ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਸਾਡੇ ਐਡਿਟ ਨੇ ਗੈਰ-ਇਰਾਦਤਨ ਇਹ ਪ੍ਰਭਾਵ ਪੈਦਾ ਕੀਤਾ ਕਿ ਅਸੀਂ ਸੰਬੋਧਨ ਦਾ ਇੱਕ ਨਿਰੰਤਰ ਹਿੱਸਾ ਦਿਖਾ ਰਹੇ ਸਾਂ, ਨਾ ਕਿ ਸੰਬੋਧਨ ਦੇ ਵੱਖ-ਵੱਖ ਬਿੰਦੂਆਂ ਦੇ ਅੰਸ਼, ਅਤੇ ਇਸ ਨੇ ਇਹ ਗ਼ਲਤ ਪ੍ਰਭਾਵ ਦਿੱਤਾ ਕਿ ਰਾਸ਼ਟਰਪਤੀ ਟਰੰਪ ਨੇ ਹਿੰਸਕ ਕਾਰਵਾਈ ਦਾ ਸਿੱਧਾ ਸੱਦਾ ਦਿੱਤਾ ਸੀ।"

ਬੀਬੀਸੀ ਦੇ ਬੁਲਾਰੇ ਨੇ ਕਿਹਾ ਕਿ, ਬੀਬੀਸੀ ਦੇ ਵਕੀਲਾਂ ਨੇ ਰਾਸ਼ਟਰਪਤੀ ਟਰੰਪ ਦੀ ਕਨੂੰਨੀ ਟੀਮ ਨੂੰ ਐਤਵਾਰ ਨੂੰ ਮਿਲੇ ਇੱਕ ਪੱਤਰ ਦਾ ਜਵਾਬ ਦੇ ਦਿੱਤਾ ਹੈ।

ਬੁਲਾਰੇ ਨੇ ਕਿਹਾ,"ਬੀਬੀਸੀ ਦੇ ਮੁਖੀ ਸਮੀਰ ਸ਼ਾਹ ਨੇ ਰਾਸ਼ਟਰਪਤੀ ਟਰੰਪ ਨੂੰ ਇੱਕ ਵੱਖਰਾ ਪੱਤਰ ਲਿਖਦਿਆਂ ਸਪਸ਼ਟ ਕੀਤਾ ਕਿ ਉਹ ਅਤੇ ਅਦਾਰਾ ਪ੍ਰੋਗਰਾਮ ਵਿੱਚ ਦਿਖਾਏ ਗਏ ਰਾਸ਼ਟਰਪਤੀ ਦੇ 6 ਜਨਵਰੀ 2021 ਦੇ ਸੰਬੋਧਨ ਦੇ ਐਡਿਟ ਲਈ ਸ਼ਰਮਿੰਦਾ" ਹੈ।

ਉਨ੍ਹਾਂ ਨੇ ਅੱਗੇ ਕਿਹਾ, "ਬੀਬੀਸੀ ਨੂੰ ਵੀਡੀਓ ਕਲਿੱਪ ਐਡਿਟ ਕੀਤੇ ਜਾਣ ਦੇ ਢੰਗ 'ਤੇ ਪਛਤਾਵਾ ਹੈ। ਅਸੀਂ ਪੂਰੀ ਤਰ੍ਹਾਂ ਅਸਹਿਮਤ ਹਾਂ ਕਿ ਇਸ ਵਿੱਚ ਮਾਣਹਾਨੀ ਦੇ ਦਾਅਵੇ ਲਈ ਕੋਈ ਅਧਾਰ ਹੈ।"

ਟਰੰਪ ਦੇ ਸੰਬੋਧਨ ਵਿੱਚ ਕੀ ਸੀ?

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਸ਼ਣ ਜਿਸ ਤਰੀਕੇ ਨਾਲ ਕੱਟਿਆ ਗਿਆ ਉਹ ਦਰਸ਼ਕਾਂ ਨਾਲ ਧੋਖਾ ਹੈ

ਸੰਬੋਧਨ ਵਿੱਚ ਟਰੰਪ ਨੇ ਕਿਹਾ ਸੀ, "ਅਸੀਂ ਕੈਪੀਟਲ ਹਿੱਲ ਵੱਲ ਤੁਰ ਕੇ ਜਾਵਾਂਗੇ, ਅਤੇ ਅਸੀਂ ਆਪਣੇ ਬਹਾਦਰ ਸੈਨੇਟਰਾਂ ਅਤੇ ਕਾਂਗਰਸ ਦੇ ਮੈਂਬਰ ਪੁਰਸ਼ਾਂ ਤੇ ਔਰਤਾਂ ਦਾ ਉਤਸ਼ਾਹ ਵਧਾਵਾਂਗੇ।"

ਉਸ ਭਾਸ਼ਣ ਵਿੱਚ 50 ਮਿੰਟਾਂ ਤੋਂ ਵੱਧ ਸਮੇਂ ਬਾਅਦ, ਉਨ੍ਹਾਂ ਨੇ ਕਿਹਾ ਸੀ: "ਅਤੇ ਅਸੀਂ ਲੜਾਂਗੇ। ਅਸੀਂ ਪੂਰੀ ਤਾਕਤ ਨਾਲ ਲੜਾਂਗੇ।"

ਪੈਨਰੋਮਾ ਦੀ ਕਲਿੱਪ ਵਿੱਚ ਉਨ੍ਹਾਂ ਨੂੰ ਕਹਿੰਦੇ ਦਿਖਾਇਆ ਗਿਆ ਕਿ,"ਅਸੀਂ ਕੈਪੀਟਲ ਵੱਲ ਤੁਰ ਕੇ ਜਾਵਾਂਗੇ… ਅਤੇ ਮੈਂ ਤੁਹਾਡੇ ਨਾਲ ਹੋਵਾਂਗਾ। ਅਤੇ ਅਸੀਂ ਲੜਾਂਗੇ। ਅਸੀਂ ਪੂਰੀ ਤਾਕਤ ਨਾਲ ਲੜਾਂਗੇ।"

ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਸੰਬੋਧਨ ਨੂੰ "ਕਸਾਈਆਂ ਵਾਂਗ ਕੱਟਿਆ ਗਿਆ" ਸੀ ਅਤੇ ਜਿਸ ਤਰ੍ਹਾਂ ਇਹ ਪੇਸ਼ ਕੀਤਾ ਗਿਆ, ਉਹ ਦਰਸ਼ਕਾਂ ਨਾਲ "ਧੋਖਾ" ਸੀ।

ਬੀਬੀਸੀ ਨੂੰ ਟਰੰਪ ਦੇ ਵਕੀਲਾਂ ਦਾ ਪੱਤਰ ਐਤਵਾਰ ਨੂੰ ਮਿਲਿਆ। ਇਸ ਵਿੱਚ ਦਸਤਾਵੇਜ਼ੀ ਦੀ "ਪੂਰੀ ਅਤੇ ਨਿਰਪੱਖ ਵਾਪਸੀ", ਮਾਫ਼ੀ, ਅਤੇ ਬੀਬੀਸੀ ਤੋਂ 'ਰਾਸ਼ਟਰਪਤੀ ਟਰੰਪ ਨੂੰ ਹੋਏ ਨੁਕਸਾਨ ਲਈ ਢੁਕਵੇਂ ਮੁਆਵਜ਼ੇ" ਦੀ ਮੰਗ ਕੀਤੀ ਗਈ ਸੀ।

ਪੱਤਰ ਵਿੱਚ ਅਦਾਰੇ ਨੂੰ ਜਵਾਬ ਦੇਣ ਲਈ ਸ਼ੁੱਕਰਵਾਰ ਨੂੰ ਰਾਤ ਦੇ 10 ਵਜੇ (ਜੀਐੱਮਟੀ) ਤੱਕ ਦਾ ਸਮਾਂ ਦਿੱਤਾ ਗਿਆ।

ਬੀਬੀਸੀ ਨੇ ਦਿੱਤੀਆਂ ਪੰਜ ਦਲੀਲਾਂ

ਟਰੰਪ ਦੀ ਕਨੂੰਨੀ ਟੀਮ ਨੂੰ ਪੱਤਰ ਵਿੱਚ ਬੀਬੀਸੀ ਨੇ ਪੰਜ ਦਲੀਲਾਂ ਦਿੱਤੀਆਂ ਹਨ ਕਿ ਉਨ੍ਹਾਂ ਨੂੰ ਕਿਉਂ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ਪੱਤਰ 'ਚ ਪਹਿਲੀ ਦਲੀਲ ਇਹ ਹੈ ਕਿ ਬੀਬੀਸੀ ਕੋਲ ਇਸਦੇ ਅਮਰੀਕੀ ਚੈਨਲਾਂ ਉੱਤੇ ਪੈਨਰੋਮਾ ਪ੍ਰੋਗਰਾਮ ਦੇਣ ਦੇ ਨਾ ਹੀ ਅਧਿਕਾਰ ਸਨ ਅਤੇ ਨਾ ਹੀ ਉਸ ਨੇ ਦਿੱਤਾ ਹੈ।

ਜਦੋਂ ਇਹ ਦਸਤਾਵੇਜ਼ੀ ਬੀਬੀਸੀ ਆਈ-ਪਲੇਅਰ ਉੱਤੇ ਉਪਲਬਧ ਸੀ ਤਾਂ ਇਹ ਸਿਰਫ਼ ਯੂਕੇ ਦੇ ਦਰਸ਼ਕਾਂ ਤੱਕ ਸੀਮਤ ਸੀ।

ਦੂਜੀ ਦਲੀਲ ਹੈ ਕਿ ਦਸਤਾਵੇਜ਼ੀ ਨੇ ਟਰੰਪ ਦਾ ਕੋਈ ਨੁਕਸਾਨ ਨਹੀਂ ਕੀਤਾ ਹੈ, ਕਿਉਂਕਿ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਮੁੜ ਚੁਣ ਲਿਆ ਗਿਆ ਸੀ।

ਬੀਬੀਸੀ

ਪੱਤਰ ਵਿੱਚ ਤੀਜੀ ਗੱਲ ਹੈ ਕਿ, ਕਲਿੱਪ ਗੁਮਰਾਹ ਕਰਨ ਲਈ ਨਹੀਂ, ਸਗੋਂ ਸਿਰਫ਼ ਇੱਕ ਲੰਮੇ ਸੰਬੋਧਨ ਨੂੰ ਛੋਟਾ ਕਰਨ ਲਈ ਬਣਾਈ ਗਈ ਸੀ, ਅਤੇ ਐਡਿਟ ਮੰਦਭਾਵਨਾ ਨਾਲ ਨਹੀਂ ਕੀਤਾ ਗਿਆ ਸੀ।

ਚੌਥੀ ਦਲੀਲ ਹੈ ਕਿ ਕਲਿੱਪ ਸੁਤੰਤਰ ਰੂਪ ਵਿੱਚ ਵਿਚਾਰੇ ਜਾਣ ਲਈ ਬਿਲਕੁਲ ਨਹੀਂ ਬਣਾਈ ਗਈ ਸੀ। ਸਗੋਂ ਇਹ ਤਾਂ ਇੱਕ ਘੰਟੇ ਦੇ ਪ੍ਰੋਗਰਾਮ ਵਿੱਚ ਮਹਿਜ਼ 12 ਸਕਿੰਟ ਦੀ ਸੀ। ਜਿਸ ਵਿੱਚ ਰਾਸ਼ਟਰਪਤੀ ਟਰੰਪ ਦੇ ਹੱਕ ਵਿੱਚ ਵੀ ਬਹੁਤ ਸਾਰੀਆਂ ਅਵਾਜ਼ਾਂ ਸਨ।

ਅਖੀਰ ਵਿੱਚ ਤੇ ਪੰਜਵੀਂ ਦਲੀਲ ਮੁਤਾਬਕ, ਜਨਤਕ ਚਿੰਤਾ ਦੇ ਮਾਮਲੇ ਅਤੇ ਸਿਆਸੀ ਭਾਸ਼ਣ ਬਾਰੇ ਰਾਇ ਨੂੰ ਅਮਰੀਕਾ ਵਿੱਚ ਮਾਣਹਾਨੀ ਕਾਨੂੰਨਾਂ ਤਹਿਤ ਭਾਰੀ ਸੁਰੱਖਿਆ ਪ੍ਰਾਪਤ ਹੈ।

ਬੀਬੀਸੀ ਦੇ ਇੱਕ ਅੰਦਰੂਨੀ ਵਿਅਕਤੀ ਨੇ ਕਿਹਾ ਕਿ ਅੰਦਰਖਾਤੇ ਅਦਾਰੇ ਵਿੱਚ ਰੱਖੀ ਗਈ ਦਲੀਲ ਅਤੇ ਆਪਣੇ ਬਚਾਅ ਵਿੱਚ ਮਜ਼ਬੂਤ ਵਿਸ਼ਵਾਸ ਹੈ।

ਗੁਮਰਾਹਕੁੰਨ ਐਡਿਟ ਬਾਰੇ ਤਾਜ਼ਾ ਦਾਅਵਾ

ਟਰੰਪ

ਤਸਵੀਰ ਸਰੋਤ, Reuters

ਇਸ ਤੋਂ ਪਹਿਲਾਂ ਵੀਰਵਾਰ ਨੂੰ ਬੀਬੀਸੀ ਉੱਤੇ ਟਰੰਪ ਦੇ 6 ਜਨਵਰੀ 2021 ਦੇ ਸੰਬੋਧਨ ਦੇ ਇੱਕ ਹੋਰ ਗੁਮਰਾਹਕੁੰਨ ਐਡਿਟ ਦੇ ਇਲਜ਼ਾਮ ਲੱਗੇ ਸਨ। ਇਹ ਵਾਕਿਆ ਪੈਨੋਰਮਾ ਦੀ ਕੜੀ ਪ੍ਰਸਾਰਿਤ ਹੋਣ ਤੋਂ ਦੋ ਸਾਲ ਪਹਿਲਾਂ ਦਾ ਹੈ।

ਸਾਲ 2022 ਦੇ ਇੱਕ ਨਿਊਜ਼ਨਾਈਟ ਪ੍ਰੋਗਰਾਮ ਵਿੱਚ ਪੈਨੋਰਮਾ ਤੋਂ ਕੁਝ ਵੱਖਰਾ ਐਡਿਟ ਚਲਾਇਆ ਗਿਆ ਸੀ।

ਪੈਨਰੋਮਾ ਦੀ ਕਲਿੱਪ ਵਿੱਚ ਟਰੰਪ ਨੂੰ ਇਹ ਕਹਿੰਦੇ ਦਿਖਾਇਆ ਗਿਆ, "ਅਸੀਂ ਕੈਪੀਟਲ ਵੱਲ ਤੁਰ ਕੇ ਜਾਵਾਂਗੇ… ਅਤੇ ਅਸੀਂ ਆਪਣੇ ਬਹਾਦਰ ਸੈਨੇਟਰਾਂ ਅਤੇ ਕਾਂਗਰਸ ਦੇ ਮੈਂਬਰ ਪੁਰਸ਼ਾਂ ਤੇ ਔਰਤਾਂ ਦਾ ਉਤਸ਼ਾਹ ਵਧਾਵਾਂਗੇ। ਅਤੇ ਅਸੀਂ ਲੜਾਂਗੇ। ਅਸੀਂ ਪੂਰੀ ਤਾਕਤ ਨਾਲ ਲੜਾਂਗੇ।ਅਤੇ ਜੇਕਰ ਤੁਸੀਂ ਪੂਰੀ ਤਾਕਤ ਨਾਲ ਨਹੀਂ ਲੜੋਗੇ, ਤਾਂ ਤੁਹਾਡੇ ਕੋਲ ਕੋਈ ਦੇਸ਼ ਨਹੀਂ ਬਚੇਗਾ।"

ਇਸ ਤੋਂ ਬਾਅਦ ਪੇਸ਼ਕਾਰ ਕ੍ਰਿਸਟੀ ਵਾਰਕ ਦੀ ਅਵਾਜ਼ ਸੀ "ਅਤੇ ਉਨ੍ਹਾਂ ਨੇ ਲੜਾਈ ਦੀ ਇਹ ਲੜੀ" ਜਦੋਂ ਕਿ ਸਕਰੀਨ ਉੱਤੇ ਕੈਪੀਟਲ ਹਿੱਲ ਹਿੰਸਾ ਦੀ ਫੁਟੇਜ ਦਿਖਾਈ ਜਾ ਰਹੀ ਸੀ।

ਉਸੇ ਪ੍ਰੋਗਰਾਮ ਦੀ ਕਲਿੱਪ ਬਾਰੇ ਪ੍ਰਤੀਕਿਰਿਆ ਦਿੰਦਿਆ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਨੇ ਮਿਕ ਮੁਲਵੀਨੇ, ਜਿਨ੍ਹਾਂ ਨੇ 6 ਜਨਵਰੀ ਦੀ ਹਿੰਸਾ ਨੂੰ 'ਤਖਤਾ ਪਲਟ ਦੀ ਕੋਸ਼ਿਸ਼' ਦੱਸਣ ਤੋਂ ਬਾਅਦ ਇੱਕ ਕੂਟਨੀਤਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਟਰੰਪ ਦੇ ਆਲੋਚਕ ਬਣ ਗਏ ਸਨ, ਕਿਹਾ ਕਿ ਵੀਡੀਓ ਵਿੱਚ ਟਰੰਪ ਦੇ ਭਾਸ਼ਣ ਨੂੰ 'ਜੋੜ-ਤੋੜ ਕੇ' ਪੇਸ਼ ਕੀਤਾ ਗਿਆ ਸੀ।"

ਉਨ੍ਹਾਂ ਕਿਹਾ, "ਉਹ ਪੰਕਤੀ ਕਿ ਅਸੀਂ ਲੜਾਂਗੇ ਅਤੇ ਪੂਰੀ ਤਾਕਤ ਨਾਲ ਲੜਾਂਗੇ ਅਸਲ ਵਿੱਚ ਭਾਸ਼ਣ ਦੌਰਾਨ ਦੇਰੀ ਨਾਲ ਆਉਂਦੀ ਹੈ ਪਰ ਤੁਹਾਡੀ ਵੀਡੀਓ ਇਸ ਤਰ੍ਹਾਂ ਦਿਖਾਉਂਦੀ ਹੈ ਜਿਵੇਂ ਦੋਵੇਂ ਚੀਜ਼ਾਂ ਇਕੱਠੀਆਂ ਆਉਂਦੀਆਂ ਹੋਣ।"

ਟਿਮ ਡੇਵੀ ਅਤੇ ਡੇਬੋਰਾ ਟਰਨੇਸ
ਤਸਵੀਰ ਕੈਪਸ਼ਨ, ਇਸ ਘਟਨਾਕ੍ਰਮ ਤੋਂ ਬਾਅਦ ਐਤਵਾਰ ਨੂੰ ਬੀਬੀਸੀ ਦੇ ਮਹਾਂ ਨਿਰਦੇਸ਼ਕ (ਡਾਇਰੈਕਟਰ ਜਨਰਲ) ਟਿਮ ਡੇਵੀ ਅਤੇ ਖ਼ਬਰਾਂ ਦੇ ਮੁਖੀ ਡੇਬੋਰਾ ਟਰਨੇਸ ਨੇ ਅਸਤੀਫ਼ਾ ਦੇ ਦਿੱਤਾ ਸੀ

ਦਿ ਡੇਲੀ ਟੈਲੀਗ੍ਰਾਮ ਦੀ ਖ਼ਬਰ ਦੇ ਜਵਾਬ ਵਿੱਚ ਬੀਬੀਸੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੀਬੀਸੀ "ਸੰਪਾਦਕੀ ਦੇ ਉੱਚ ਮਿਆਰਾਂ ਦੀ ਪਾਲਣਾ ਕਰਦੀ ਹੈ" ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਟਰੰਪ ਦੀ ਕਨੂੰਨੀ ਟੀਮ ਦੇ ਇੱਕ ਬੁਲਾਰੇ ਨੇ ਦਿ ਟੈਲੀਗ੍ਰਾਫ਼ ਨੂੰ ਦੱਸਿਆ ਕਿ "ਹੁਣ ਇਹ ਸਪਸ਼ਟ ਹੈ ਕਿ ਬੀਬੀਸੀ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਮਾਣਹਾਨੀ ਦੇ ਇੱਕ ਪੈਟਰਨ ਵਿੱਚ ਸ਼ਾਮਿਲ ਸੀ।"

ਟਰੰਪ ਦੀ ਪੈਨੋਰਮਾ ਦਸਤਾਵੇਜ਼ੀ ਬਾਰੇ ਵਿਵਾਦ (ਟੈਲੀਗ੍ਰਾਫ਼ ਅਖ਼ਬਾਰ ਵੱਲੋਂ ਪ੍ਰਕਾਸ਼ਿਤ) ਇੱਕ (ਅੰਦਰੂਨੀ ਪੱਤਰ ਦੇ ਲੀਕ ਹੋ ਜਾਣ) ਤੋਂ ਬਾਅਦ ਪੈਦਾ ਹੋਇਆ ਸੀ, ਜੋ ਕਿ ਅਦਾਰੇ ਦੇ ਸੰਪਾਦਕੀ ਮਿਆਰਾਂ ਬਾਰੇ ਇੱਕ ਬਾਹਰੀ ਸੁਤੰਤਰ ਸਲਾਹਕਾਰ ਨੇ ਲਿਖਿਆ ਸੀ।

ਹੋਰ ਗੱਲਾਂ ਤੋਂ ਇਲਾਵਾ, ਦਸਤਾਵੇਜ਼ ਨੇ ਟਰਾਂਸ ਮੁੱਦਿਆਂ ਬਾਰੇ ਬੀਬੀਸੀ ਦੀ ਖ਼ਬਰਕਾਰੀ, ਅਤੇ ਇਜ਼ਰਾਈਲ-ਗਜ਼ਾ ਯੁੱਧ ਬਾਰੇ ਬੀਬੀਸੀ ਅਰਬੀ ਦੀ ਕਵਰੇਜ ਦੀ ਵੀ ਆਲੋਚਨਾ ਕੀਤੀ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)