ਕੀ ਨਵਾਂ ਅਕਾਲੀ ਦਲ, ਧਾਰਮਿਕ ਆਗੂ ਦੀ ਅਗਵਾਈ 'ਚ ਪੰਜਾਬ ਅੰਦਰ ਸਿਆਸੀ ਜ਼ਮੀਨ ਹਾਸਿਲ ਕਰ ਸਕੇਗਾ?

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਜੇ ਮੈਨੂੰ ਉਹ ਜਲੀਲ ਕਰਕੇ ਤਖ਼ਤ ਸਾਹਿਬ ਦੀ ਸੇਵਾ ਤੋਂ ਮਨਸੁਖ ਨਾ ਕਰਦੇ ਤਾਂ ਮੈਂ ਤੁਹਾਡੀ ਪ੍ਰਧਾਨਗੀ ਨਹੀਂ ਲੈਣੀ ਸੀ, ਮੈਂ ਤਖ਼ਤ ਦੀ ਸੇਵਾ ਕਰਕੇ ਖੁਸ਼ ਸੀ।''

ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸੱਦੇ ਇਜਲਾਸ ਦੌਰਾਨ ਸੋਮਵਾਰ ਨੂੰ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ।

ਇਸ ਤੋਂ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਦੇ ਧੜੇ ਬਣੇ ਪਰ ਬਹੁਤ ਸਾਰੇ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।

ਸਵਾਲ ਹੈ ਕਿ ਕੀ ਨਵਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਚੁਣੌਤੀ ਬਣੇਗਾ? ਇਸ ਦੇ ਆਪਣੇ ਹੀ ਸਾਹਮਣੇ ਕਿਹੜੀਆਂ ਵੱਡੀਆਂ ਚੁਣੌਤੀਆਂ ਰਹਿਣਗੀਆਂ? ਨਵਾਂ ਅਕਾਲੀ ਦਲ ਕਿਸ ਤਰ੍ਹਾਂ ਦੀ ਸਿਆਸਤ ਕਰੇਗਾ? ਕੀ ਪੰਜਾਬ ਵਿੱਚ ਲੋਕਾਂ ਨੂੰ ਧਾਰਮਿਕ ਆਗੂ ਦੀ ਅਗਵਾਈ ਚਾਹੀਦੀ ਹੈ ਜਾਂ ਕਿਸੇ ਸਿਆਸਤਦਾਨ ਦੀ?

ਨਵੇਂ ਅਕਾਲੀ ਦਲ ਦੀ ਕੀ ਸਿਆਸਤ ਹੈ?

2 ਦਸੰਬਰ, 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ।

ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਹ ਅਪ੍ਰੈਲ, 2025 ਵਿੱਚ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ।

ਦੂਜੇ ਪਾਸੇ ਬਾਗੀ ਧੜੇ ਨੇ ਹਰਪ੍ਰੀਤ ਸਿੰਘ ਨੂੰ ਹੁਣ 'ਨਵੇਂ' ਅਕਾਲੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਬੋਲਦਿਆਂ ਕਿਹਾ, "ਅਸੀਂ ਸ਼੍ਰੋਮਣੀ ਕਮੇਟੀ, ਚੋਣ ਨਿਸ਼ਾਨ ਅਤੇ ਦਫ਼ਤਰ ਲੈਣੇ ਹਨ।"

ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਵਿਗਾੜੇ ਜਾਣ ਦੀਆਂ ਚਾਲਾਂ ਦੇ ਇਲਜ਼ਾਮ ਲਗਾਏ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਏ ਜਾਣ ਉਪਰ ਸਵਾਲ ਚੁੱਕੇ।

ਉਹਨਾਂ ਕਿਹਾ, ''ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੰਕਟ ਆਉਂਦਾ ਹੈ ਤਾਂ ਧਾਰਮਿਕ ਆਗੂਆਂ ਨੇ ਰਾਜਨੀਤੀ ਦੀ ਕਮਾਨ ਵੀ ਸੰਭਾਲੀ ਹੈ, ਮੈਂ ਕੋਈ ਪਹਿਲਾਂ ਅਜਿਹਾ ਜਥੇਦਾਰ ਨਹੀਂ ਹੈ।''

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਪ੍ਰੀਤ ਸਿੰਘ ਉਪਰ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਣ ਦੇ ਇਲਜ਼ਾਮ ਲਗਾਏ ਹਨ।

ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਲਈ ਉਹਨਾਂ ਨੂੰ ਅਕਾਲ ਤਖ਼ਤ ਉਪਰ ਬੁਲਾਇਆ ਗਿਆ ਸੀ।

ਨਵੇਂ ਅਕਾਲੀ ਦਲ ਅੱਗੇ ਕੀ ਚੁਣੌਤੀਆਂ?

ਮਾਹਰਾਂ ਦਾ ਮੰਨਣਾ ਹੈ ਕਿਸੇ ਸਮੇਂ ਧਰਮ ਨੂੰ ਰਾਜਨੀਤੀ ਲਈ ਅਕਾਲੀ ਦਲ ਵੱਲੋਂ ਵਰਤਿਆਂ ਜਾਂਦਾ ਸੀ ਪਰ ਹੁਣ ਇਸ ਤਰ੍ਹਾਂ ਦੇ ਰੁਝਾਨ ਵਿੱਚ ਪਿਛਲੇ ਸਮੇਂ ਦੌਰਾਨ ਬਦਲਾਅ ਆਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, ''ਅਕਾਲੀ ਦਲ ਨੂੰ ਅਗਵਾਈ ਕਰਨ ਲਈ ਧਾਰਮਿਕ ਨਹੀਂ, ਸਿਆਸੀ ਆਗੂ ਦੀ ਲੋੜ ਹੈ। ਧਾਰਮਿਕ ਮਸਲੇ ਲੋਕਾਂ ਦੇ ਨਿੱਜੀ ਮਸਲੇ ਹਨ ਪਰ ਸਿੱਖ ਮਜ਼ਬੂਤ ਸਿਆਸੀ ਆਗੂ ਚਾਹੁੰਦੇ ਹਨ ਕਿਉਂਕਿ ਕਿਸਾਨੀ, ਬੇਰੁਜ਼ਗਾਰੀ ਜਾਂ ਹੋਰ ਸਮੱਸਿਆਵਾਂ ਨੂੰ ਰਾਜਨੀਤਿਕ ਲੋਕ ਹੀ ਹੱਲ ਕਰ ਸਕਦੇ ਹਨ।''

ਹਾਲਾਂਕਿ, ਉਹ ਕਹਿੰਦੇ ਹਨ ਕਿ ਇਸ ਧੜੇ ਦੇ ਦੂਜੇ ਆਗੂ ਜਿਵੇਂ ਮਨਪ੍ਰੀਤ ਇਆਲੀ, ਇਕਬਾਲ ਸਿੰਘ ਝੂੰਦਾ ਅਤੇ ਪਰਮਿੰਦਰ ਸਿੰਘ ਢੀਂਡਸਾ ਆਦਿ ਨਰਮ ਦਲੀ ਰਾਜਨੀਤੀ ਕਰਦੇ ਹਨ।

ਉਹ ਕਹਿੰਦੇ ਹਨ, ''ਲੋਕਾਂ ਨੇ ਭਾਵੇਂ ਸੁਖਬੀਰ ਬਾਦਲ ਨੂੰ ਨਕਾਰਿਆ ਹੋ ਸਕਦਾ ਹੈ ਪਰ ਲੋਕ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਵੀ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਵਗੈਰਾ ਨੇ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ।''

ਪੰਥ ਦੀ ਸਿਆਸਤ ਦੇ ਜਾਣਕਾਰ ਮੰਨਦੇ ਹਨ ਕਿ ਨਵੇਂ ਅਕਾਲੀ ਦਲ ਨੇ ਹਾਲੇ ਤੱਕ ਆਪਣੀ ਸਿਆਸਤ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ।

ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, ''ਇਹਨਾਂ ਵੱਲੋਂ ਹਾਲੇ ਤੱਕ ਘੱਟ ਗਿਣਤੀਆਂ ਨਾਲ ਹੋ ਰਹੇ 'ਧੱਕੇ' ਬਾਰੇ ਕੁਝ ਨਹੀਂ ਬੋਲਿਆ ਗਿਆ, ਦੂਜਾ ਉਹੀ ਪੁਰਾਣੀਆਂ ਮੰਗਾਂ ਨੂੰ ਦੁਰਹਾਇਆ ਗਿਆ ਹੈ। ਹਿੰਦੂਤਵ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਇਹੋ ਸ਼੍ਰੋਮਣੀ ਅਕਾਲੀ ਦਲ ਦੀ ਸਮੱਸਿਆ ਸੀ ਕਿ ਉਸ ਨੇ ਘੱਟ ਗਿਣਤੀਆਂ ਨਾਲ ਕੋਈ ਸਬੰਧ ਨਹੀਂ ਰੱਖਿਆ, ਇਹ ਵੀ ਉਸੇ ਲਾਇਨ ਉਪਰ ਹਨ।''

ਬੇਸ਼ੱਕ ਨਵੇਂ ਧੜੇ ਉਪਰ ਬੇਜੇਪੀ ਨਾਲ ਮਿਲ ਕੇ ਚੱਲਣ ਦੇ ਇਲਜ਼ਾਮ ਲੱਗ ਰਹੇ ਹਨ ਪਰ ਸਿੱਧੂ ਮੰਨਦੇ ਹਨ ਕਿ ਸੁਖਬੀਰ ਬਾਦਲ ਹਾਲੇ ਵੀ ਕੇਂਦਰ ਸਰਕਾਰ ਦੇ ਇਸ ਧੜੇ ਨਾਲੋ ਜਿਆਦਾ ਨੇੜੇ ਹਨ, ਇਸੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ।

ਗਿਆਨੀ ਹਰਪ੍ਰੀਤ ਸਿੰਘ ਬਨਾਮ ਸੁਖਬੀਰ ਬਾਦਲ

ਗਿਆਨੀ ਹਰਪ੍ਰੀਤ ਸਿੰਘ ਨੂੰ 21 ਅਪਰੈਲ 2017 ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 22 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਅਕਤੂਬਰ 2024 ਵਿੱਚ ਹਰਪ੍ਰੀਤ ਸਿੰਘ ਵੱਲੋਂ ਭਾਵੁਕ ਵੀਡੀਓ ਪਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਬਿਆਨਬਾਜ਼ੀ ਨੂੰ ਕਾਰਨ ਦੱਸਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀ ਜਾਤ ਅਤੇ ਧੀਆਂ ਬਾਰੇ ਬੋਲਿਆ ਜਾ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਲੋਚਕ ਮੰਨੇ ਜਾਂਦੇ ਹਨ ਅਤੇ ਉਹ ਅਕਸਰ ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਹਨ।

ਪ੍ਰੋਫ਼ੈਸਰ ਜਗਰੂਪ ਸੇਖੋਂ ਕਹਿੰਦੇ ਹਨ, ''ਬਦਲਾ ਲੈਣ ਦੀ ਭਾਵਨਾ ਨਾਲ ਤੁਸੀਂ ਲੋਕਾਂ ਦੇ ਲੀਡਰ ਨਹੀਂ ਬਣ ਸਕਦੇ। ਹਰਪ੍ਰੀਤ ਸਿੰਘ ਜਦੋਂ ਬੋਲਦੇ ਹਨ ਤਾਂ ਲੋਕ ਵੀ ਸੋਚਦੇ ਹਨ ਕਿ ਇਹਨਾਂ ਦਾ ਕੌੜਾ ਤਜ਼ਰਬਾ ਰਿਹਾ ਹੈ ਜੋ ਨਿੱਜੀ ਹੈ।''

ਸੁਖਬੀਰ ਸਿੰਘ ਬਾਦਲ ਜ਼ਿੰਮੇਦਾਰ ਪਰਿਵਾਰ ਵਿੱਚੋਂ ਆਉਂਦੇ ਹਨ।

ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਨਵਾਂ ਅਕਾਲੀ ਦਲ ਦਲਿਤ ਭਾਈਚਾਰੇ ਦੀ ਵੋਟ ਖਿੱਚ ਸਕੇਗਾ।

ਜਸਪਾਲ ਸਿੱਧੂ ਕਹਿੰਦੇ ਹਨ, ''ਇਸ ਨਾਲ ਥੋੜਾ ਫਰਕ ਤਾਂ ਪੈਂਦਾ ਹੀ ਹੈ।''

ਸਿੱਖ ਸਿਆਸਤ 'ਚ ਖਲਾਅ

ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਸੀ।

ਵੱਖ-ਵੱਖ ਸਮਿਆਂ ਉੱਤੇ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ, ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਆਗੂਆਂ ਨੇ ਅਕਾਲੀ ਦਲ ਦੀ ਅਗਵਾਈ ਕੀਤੀ।

ਇੱਕ ਸਮੇਂ ਸੰਤ ਫ਼ਤਿਹ ਸਿੰਘ ਨੇ 1962 ਵਿੱਚ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ- ਸੰਤ ਫ਼ਤਿਹ ਸਿੰਘ ਬਣਾਈ।

ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦਾ ਗਠਨ ਸਿੱਖ ਕੱਟੜਪੰਥੀ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ 1 ਮਈ, 1994 ਵਿੱਚ ਕੀਤਾ ਗਿਆ ਸੀ।

1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਤੋਂ ਨਾਰਾਜ਼ ਟੌਹੜਾ ਨੇ ਆਪਣੀ ਪਾਰਟੀ ਬਣਾਈ- ਸਰਬਹਿੰਦ ਅਕਾਲੀ ਦਲ। ਪਰ 2003 ਵਿੱਚ ਸਰਬਹਿੰਦ ਅਕਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਬਣ ਗਿਆ।

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਕਹਿੰਦੇ ਹਨ, ''ਪੰਜਾਬ ਵਿੱਚ ਹਮੇਸ਼ਾ ਨਵੇਂ ਵਿਚਾਰਾਂ ਦਾ ਸਵਾਗਤ ਹੁੰਦਾ ਹੈ ਫ਼ਿਰ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਵਿਚਾਰ। ਪੰਜਾਬ ਵਿੱਚ ਰਵਾਇਤੀ ਪਾਰਟੀਆਂ ਲੋਕਾਂ ਨਾਲੋਂ ਟੁੱਟੀਆਂ ਹੋਈਆਂ ਹਨ, ਸਿੱਖ ਸਿਆਸਤ ਵਿੱਚ ਇਕ ਥਾਂ ਖਾਲੀ ਪਈ ਹੈ ਜਿਸ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ, ਇਸ ਨੂੰ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਨਵਾਂ ਅਕਾਲੀ ਦਲ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲੋਕਾਂ ਨੇ ਕਿਸ ਉਪਰ ਯਕੀਨ ਕਰਨਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।''

ਪ੍ਰੋਫੈਸਰ ਜਗਰੂਪ ਸੇਖੋਂ ਮੁਤਾਬਕ, ''ਇਸ ਅਕਾਲੀ ਦਲ ਦਾ ਬਣਨਾ ਕੋਈ ਵੱਡਾ ਬਦਲਾਅ ਨਹੀਂ ਲਿਆ ਸਕੇਗਾ ਪਰ ਇਹ ਸੁਖਬੀਰ ਸਿੰਘ ਬਾਦਲ ਲਈ ਸ਼੍ਰੋਮਣੀ ਕਮੇਟੀ ਵਾਸਤੇ ਵੱਡੀ ਸਮੱਸਿਆ ਖੜੀ ਕਰ ਸਕਦਾ ਹੈ। ਜਿਸ ਕੋਲ ਸ਼੍ਰੋਮਣੀ ਕਮੇਟੀ ਹੋਵੇਗੀ, ਉਸ ਕੋਲ ਹੀ ਅਕਾਲੀ ਦਲ ਹੋਵੇਗਾ ਕਿਉਂਕਿ ਕਮੇਟੀ ਕੋਲ ਆਮਦਨ ਅਤੇ ਸੰਚਾਰ ਦੇ ਸਾਧਨ ਹਨ।''

ਜਸਪਾਲ ਸਿੱਧੂ ਕਹਿੰਦੇ ਹਨ, ''ਕਾਂਗਰਸ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਆਪਸ ਵਿੱਚ ਸੱਤਾ ਲਈ ਲੜਦੇ ਹਨ ਪਰ ਸਿੱਖਾਂ ਬਾਰੇ ਬਸ ਜਿਆਦਾ ਰੌਲਾ ਪੈਂਦਾ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)