ਹਰਪ੍ਰੀਤ ਸਿੰਘ ਚੁਣੇ ਗਏ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜ ਮੈਂਬਰੀ ਭਰਤੀ ਕਮੇਟੀ ਨੇ ਇਜਲਾਸ ਦੌਰਾਨ ਲਿਆ ਫੈਸਲਾ

ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਇਜਲਾਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ।

ਇਸ ਦੇ ਨਾਲ ਹੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰ-ਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ, ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ (ਹੁਣ 5 ਮੈਂਬਰੀ) ਬਣਾਈ ਗਈ ਸੀ।

ਇਸ ਕਮੇਟੀ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੁਣ ਲਿਆ ਹੈ।

ਦਰਅਸਲ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ।

ਇਸ ਹੁਕਮ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੀਂ ਭਰਤੀ ਕਰਨ ਦੇ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ।

7 ਵਿੱਚੋਂ ਦੋ ਮੈਂਬਰ – ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਕਮੇਟੀ ਦਾ ਹਿੱਸਾ ਨਹੀਂ ਹਨ।

ਇਸ ਕਮੇਟੀ ਵਿਚਲੇ ਪੰਜ ਮੈਂਬਰ ਹਨ – ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਸਤਵੰਤ ਕੌਰ।

ਗਿਆਨੀ ਹਰਪ੍ਰੀਤ ਸਿੰਘ ਕੀ ਬੋਲੇ

ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਬੋਲਦਿਆਂ ਕਿਹਾ," ਇਹ ਕਿਹਾ ਜਾ ਰਿਹਾ ਹੈ ਅਕਾਲ ਤਖ਼ਤ ਤੋਂ ਆਦੇਸ਼ ਹੋਇਆ ਸੀ ਕਿ ਵੱਖਰੇ ਚੁੱਲ੍ਹੇ ਨੂੰ ਇੱਕ ਕਰੋ ਤੇ ਇਹ ਵੱਖਰਾ ਚੁੱਲ੍ਹ ਬਾਲ੍ਹਣ ਜਾ ਰਹੇ ਹਨ।"

"ਆਪਣੇ ਹੱਥੀ ਲਿਖੇ ਹੁਕਨਾਮੇ ਦੀ ਕਾਪੀ ਦਾ ਮੈਂ ਪ੍ਰਿੰਟ ਕੱਢਿਆ ਹੈ, ਜਿਸ ਵਿੱਚ ਲਿਖਿਆ ਸੀ ਕਿ ਵੱਖ ਹੋਇਆ ਧੜਾ ਵੱਖਰਾ ਚੁੱਲ੍ਹਾ ਸਮੇਟੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ।"

"ਇਹੀ ਆਦੇਸ਼ ਸੀ ਤੇ ਵੱਖ ਹੋਇਆ ਧੜਾ ਸੀ ਸੁਧਾਰ ਲਹਿਰ ਤੇ ਇਨ੍ਹਾਂ ਨੇ ਦੋ ਦਸੰਬਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਦੋਂ ਵੱਖ ਹੋਏ ਧੜੇ ਨੇ ਆਪਣੇ ਚੁੱਲ੍ਹੇ ਨੂੰ ਸਮੇਟਿਆਂ ਤਾਂ ਭਗੌੜੇ ਧੜੇ ਨੇ ਉਸੇ ਦਿਨ ਸ਼ਾਮ ਨੂੰ ਮੀਟਿੰਗ ਕੀਤੀ ਤੇ ਆਪਣਾ ਚੁੱਲ੍ਹਾ ਲੈ ਕੇ ਭੱਜ ਨਿਕਲੇ।"

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਦੂਜਾ ʼਭਗੌੜਾ ਧੜਾʼ ਜਿਹੜੇ ਤਿੰਨਾਂ ਸਟੈਂਡ ʼਤੇ ਖੜ੍ਹਾ ਹੈ ਉਹ ਵੀ ਅਸੀਂ ਲੈ ਲੈਣਾ ਹੈ। ਪਹਿਲਾਂ ਸਟੈਂਡ ਹੈ, ਸ਼੍ਰੋਮਣੀ ਕਮੇਟੀ, ਦੂਜਾ ਚੋਣ ਨਿਸ਼ਾਨ ਅਤੇ ਤੀਜਾ ਸਟੈਂਡ ਦਫ਼ਤਰ, ਇਹ ਵੀ ਅਸੀਂ ਲੈ ਲੈਣੇ ਹਨ।"

ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਹਰਪ੍ਰੀਤ ਸਿੰਘ ਅਤੇ ਸਤਵੰਤ ਕੌਰ ਦੇ ਨਾਵਾਂ ਦੀ ਚਰਚਾ ਹੋ ਰਹੀ ਸੀ।

ਇੱਕ ਪਾਸੇ ਸਤਵੰਤ ਕੌਰ ਨੇ ਕਿਹਾ ਸੀ ਕਿ ਉਹ ਸ਼ਾਇਦ ਇਹ ਜ਼ਿੰਮੇਵਾਰੀ ਪ੍ਰਵਾਨ ਨਹੀਂ ਕਰਨਗੇ ਅਤੇ ਦੂਜੇ ਪਾਸੇ ਹਰਪ੍ਰੀਤ ਸਿੰਘ ਨੇ ਵੀ 8 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਲਿਖਿਆ ਸੀ ਕਿ "ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ।"

ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ, ਬਾਗ਼ੀ ਧੜ੍ਹੇ ਦੇ ਕੁਝ ਆਗੂ ਸਤਵੰਤ ਕੌਰ ਦੇ ਪੱਖ ਵਿੱਚ ਸਨ ਅਤੇ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ।

ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਨੂੰ 'ਧਾਰਮਿਕ ਸਜ਼ਾ' ਸੁਣਾਉਣ ਵਾਲੇ ਸਿੰਘ ਸਾਹਿਬਾਨਾਂ ਵਿੱਚ ਸ਼ਾਮਲ ਸਨ।

ਉਹ ਉਸ ਵੇਲੇ ਦਮਦਮਾ ਸਾਹਿਬ ਦੇ ਜਥੇਦਾਰ ਸਨ, ਉਨ੍ਹਾਂ ਖ਼ਿਲਾਫ਼ ਇੱਕ ਪੁਰਾਣੇ ਮਾਮਲੇ ਵਿੱਚ ਇਲਜ਼ਾਮਾਂ ਦੇ ਚਲਦਿਆਂ ਐੱਸਜੀਪੀਸੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ।

ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਜ਼ਾ ਸੁਣਾਏ ਜਾਣ ਵਿੱਚ ਉਨ੍ਹਾਂ ਦੇ ਰੋੋਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ, "ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਦੋਂ ਪੁੱਜੀ ਜਦੋਂ ਅੱਜ ਇਹ ਸਾਹਮਣੇ ਆਇਆ ਕਿ ਤਖ਼ਤ ਸਾਹਿਬਾਨਾਂ ਨੂੰ ਇਸ ਸਾਜਿਸ਼ ਲਈ ਚੁਣਿਆ ਗਿਆ...ਪਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਬਾਗ਼ੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਹੈ, ਇਹ ਤਾਂ ਦੋ ਦਸੰਬਰ ਦੇ ਹੁਕਮਨਾਮੇ ਵੇਲੇ ਜਥੇਦਾਰ ਸਨ। ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਸੱਦਿਆ, ਸਜ਼ਾ ਸੁਣਾਈ... ਭਾਵ ਧੜਿਆ ਦੀ ਰਾਜਨੀਤੀ ਨੂੰ ਫਸੀਲ ਤੋਂ ਨਕਾਰਿਆ ਤੇ ਅੱਜ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਗਏ।"

"ਮੈਂ ਗਿਆਨੀ ਹਰਪ੍ਰੀਤ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਦੋ ਦਸੰਬਰ ਦੇ ਹੁਕਮਨਾਮੇ ʼਤੇ ਬਾਗ਼ੀ ਧੜਾ ਪਹਿਰਾ ਦੇ ਰਿਹਾ।"

ਨਵੇਂ ਅਕਾਲੀ ਦਲ 'ਚ ਕੌਣ-ਕੌਣ ਹਨ?

ਇਸ ਨਵੇਂ ਅਕਾਲੀ ਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਈ ਪੁਰਾਣੇ ਆਗੂ ਸ਼ਾਮਿਲ ਹਨ।

ਇਹਨਾਂ ਵਿੱਚ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸੀਨੀਅਰ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਬਡਾਲਾ ਆਦਿ ਸ਼ਾਮਿਲ ਹਨ।

ਹਰਪ੍ਰੀਤ ਸਿੰਘ ਦੇ ਧਾਰਮਿਕ ਜੀਵਨ ਦਾ ਸਫ਼ਰ

ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਾਰਮਿਕ ਅਧਿਐਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

ਇਸੇ ਤਰ੍ਹਾਂ ਉਨ੍ਹਾਂ ਨੇ ਧਾਰਮਿਕ ਅਤੇ ਗੁਰਮਤਿ ਦੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਹਾਸਲ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕੋਰਸ ਤਿੰਨ ਸਾਲਾਂ ਦਾ ਸੀ।

ਉਹ ਸਾਲ 1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਪ੍ਰਚਾਰਕ ਭਰਤੀ ਹੋਏ ਸਨ।

ਧਰਮ ਪ੍ਰਚਾਰ ਕਮੇਟੀ ਅਧੀਨ ਦੋ ਸਾਲ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 1999 ਵਿੱਚ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 21 ਅਪਰੈਲ 2017 ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਅੰਤ੍ਰਿੰਗ ਕਮੇਟੀ ਵੱਲੋਂ 22 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਹਰਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਤੁਲਨਾਤਮਕ ਅਧਿਐਨ ਵਿਸ਼ੇ ਉਪਰ ਪੀਐੱਚਡੀ ਕਰ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਿੱਖ ਮੁੱਦਿਆਂ ਉੱਪਰ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਵੀ ਸਿੱਖ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਹਨ।

ਉਨ੍ਹਾਂ ਨੇ ਅਕਾਲ ਤਖ਼ਤ ਦੇ ਆਪਣੇ ਕਾਰਜਕਾਲ ਦੌਰਾਨ ਸਿੱਖ ਮੁੱਦਿਆਂ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ।

ਸਿੱਖ ਸਿਆਸਤ ਉੱਪਰ ਖੁੱਲ੍ਹ ਕੇ ਬੋਲਣ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਉਨ੍ਹਾਂ ਸਬੰਧੀ ਟਿੱਪਣੀਆਂ ਵੀ ਕਰਦੇ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਸੀਏਏ ਅਤੇ ਐੱਨਆਰਸੀ ਕਾਨੂੰਨ ਲਾਗੂ ਕਰਨ ਦੇ ਖਿਲਾਫ਼ ਉੱਠੇ ਸੰਘਰਸ਼ ਦੀ ਉਨ੍ਹਾਂ ਨੇ ਡਟਵੀਂ ਹਮਾਇਤ ਕੀਤੀ ਸੀ।

ਇੱਕ ਸਮਾਂ ਇਹ ਵੀ ਆਇਆ ਜਦੋਂ ਉਨ੍ਹਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 'ਸਰਮਾਏਦਾਰਾਂ' ਦੀ ਪਾਰਟੀ ਵੀ ਕਹਿ ਦਿੱਤਾ ਸੀ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਆਪਣੇ ਕਾਰਜਕਾਲ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਸਬੰਧੀ ਵੀ ਟਿੱਪਣੀਆਂ ਕੀਤੀਆਂ ਸਨ।

ਸਤਵੰਤ ਕੌਰ ਕੌਣ ਹਨ

ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸਨ ਤੇ ਉਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ।

ਅਮਰੀਕ ਸਿੰਘ ਆਪ੍ਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਸਨ।

ਸਤਵੰਤ ਕੌਰ ਆਪਣੇ ਭਾਸ਼ਣਾਂ ਵਿੱਚ ਅਕਸਰ ਆਪਣੇ ਪਿਤਾ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕਰਦੇ ਹਨ।

ਮਾਹਰ ਕਿਵੇਂ ਦੇਖਦੇ ਹਨ?

ਪੰਥਕ ਸਿਆਸਤ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਮੰਨਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਤਾਂ ਕਮੇਟੀ ਅਨੁਸਾਰ ਹੀ ਹੋਈ ਹੈ ਪਰ ਉਹਨਾਂ ਨੂੰ ਵੀ ਅਮਲੀ ਰੂਪ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

ਸਿੱਧੂ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਇਹ ਚੋਣ ਸਹੀ ਤਰੀਕੇ ਨਾਲ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਧਾਰਮਿਕ ਕੌਂਸਲ ਵੀ ਅਲੱਗ ਬਣਾ ਦਿੱਤੀ। ਹਾਲਾਂਕਿ ਹਰਪ੍ਰੀਤ ਸਿੰਘ ਦੀ ਕਾਰਗੁਜਾਰੀ ਹਾਲੇ ਦੇਖਣ ਵਾਲੀ ਹੋਵੇਗੀ। ''

ਉਹਨਾਂ ਮੁਤਾਬਕ, ''ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਖਿਲਾਫ਼ ਆਦੇਸ਼ ਦੇਣ ਸਮੇਂ ਹਰਪ੍ਰੀਤ ਸਿੰਘ ਦੀ ਅਹਿਮ ਭੂਮਿਕਾ ਸੀ। ਹੁਣ ਬਾਦਲ ਧੜੇ ਦੇ ਲੋਕ ਕਹਿਣਗੇ ਕਿ ਉਹ ਖ਼ੁਦ ਪ੍ਰਧਾਨ ਬਣਨਾ ਚਾਹੁੰਦੇ ਸਨ। ਬਾਕੀ, ਕਿਸੇ ਦੀ ਵੀ ਅਲੋਚਨਾ ਕਰਨਾ ਹੋਰ ਗੱਲ ਹੁੰਦੀ ਹੈ ਪਰ ਜਦੋਂ ਖੁਦ ਮੈਦਾਨ ਵਿੱਚ ਆਉਂਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਜਿੰਨਾ ਦਾ ਹਰਪ੍ਰੀਤ ਸਿੰਘ ਨੂੰ ਹਾਲੇ ਸਾਹਮਣਾ ਕਰਨਾ ਪੈਣਾ ਹੈ। ''

ਅਕਾਲੀ ਦਲ ਦੇ ਕਦੋਂ-ਕਦੋਂ ਵੱਖਰੇ ਧੜੇ ਬਣੇ

ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਸੀ।

ਵੱਖ-ਵੱਖ ਸਮਿਆਂ ਉੱਤੇ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ, ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਆਗੂਆਂ ਨੇ ਅਕਾਲੀ ਦਲ ਦੀ ਅਗਵਾਈ ਕੀਤੀ।

ਪੰਜਾਬ ਵਿੱਚ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ। ਹਾਲਾਂਕਿ ਪ੍ਰਕਾਸ਼ ਸਿੰਘ ਦੀ ਅਗਵਾਈ ਦੌਰਾਨ ਅਜਿਹਾ ਕਈ ਵਾਰ ਹੋਇਆ ਕਿ ਉਨ੍ਹਾਂ ਉੱਤੇ ਪਰਿਵਾਰਵਾਦ ਦੇ ਇਲਜ਼ਾਮ ਲੱਗੇ।

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਦਰਮਿਆਨ ਕੁਝ ਮਸਲਿਆਂ ਉੱਤੇ ਅਸਹਿਮਤੀ ਕਾਰਨ ਸੰਤ ਫ਼ਤਿਹ ਸਿੰਘ ਨੇ 1962 ਵਿੱਚ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ- ਸੰਤ ਫ਼ਤਿਹ ਸਿੰਘ ਬਣਾਈ।

ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦਾ ਗਠਨ ਸਿੱਖ ਕੱਟੜਪੰਥੀ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ 1 ਮਈ, 1994 ਵਿੱਚ ਕੀਤਾ ਗਿਆ ਸੀ।

1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਤੋਂ ਨਾਰਾਜ਼ ਟੌਹੜਾ ਨੇ ਆਪਣੀ ਪਾਰਟੀ ਬਣਾਈ- ਸਰਬਹਿੰਦ ਅਕਾਲੀ ਦਲ। ਪਰ 2003 ਵਿੱਚ ਸਰਬਹਿੰਦ ਅਕਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਬਣ ਗਿਆ।

ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਵਿੱਚ 2004 ਵਿੱਚ ਸ਼੍ਰੋਮਣੀ ਅਕਾਲੀ ਦਲ-ਲੌਂਗੋਵਾਲ ਹੋਂਦ ਵਿੱਚ ਆਈ। ਪਰ ਸਾਲ 2007 ਵਿੱਚ ਉਹ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਦਾ ਗਠਨ 1990 ਵਿੱਚ ਗਰਮਸੁਰ ਵਾਲੇ ਪੰਥਕ ਆਗੂ ਜਸਬੀਰ ਸਿੰਘ ਰੋਡੇ ਨੇ ਕੀਤਾ। ਜਸਬੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਵਾਲੇ ਦੇ ਭਤੀਜੇ ਹਨ।

ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਵੀ 1996 ਵਿੱਚ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਉਨ੍ਹਾਂ ਦੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ-ਡੈਮੋਕ੍ਰੇਟਿਕ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਮੁਖ਼ਾਲਫ਼ਤ ਤੋਂ ਬਾਅਦ ਅਪ੍ਰੈਲ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)