ਸਤਵੰਤ ਕੌਰ: ਕੀ ਜਰਨੈਲ ਸਿੰਘ ਭਿੰਡਰਾਵਾਲੇ ਦੇ ਸਾਥੀ ਰਹੇ ਅਮਰੀਕ ਸਿੰਘ ਦੀ ਧੀ ਨਵੇਂ ਅਕਾਲੀ ਦਲ ਦੀ ਪ੍ਰਧਾਨ ਬਣ ਸਕਦੀ ਹੈ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਜੇਕਰ ਮੈਨੂੰ ਪ੍ਰਧਾਨਗੀ ਦੇ ਲਈ ਚੁਣਿਆ ਜਾਂਦਾ ਹੈ ਤਾਂ ਮੈਂ ਸ਼ਾਇਦ ਇਸ ਨੂੰ ਪ੍ਰਵਾਨ ਨਹੀਂ ਕਰਾਂਗੀ।"

"ਸਾਡਾ ਪਰਿਵਾਰ ਧਾਰਮਿਕ ਸੇਵਾ ਨਾਲ ਜੁੜਿਆ ਰਿਹਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮਗਰੋਂ ਮੈਨੂੰ ਅੱਗੇ ਆਉਣਾ ਪਿਆ, ਪਿਛਲੇ 3 ਮਹੀਨਿਆਂ ਵਿੱਚ ਮੈਨੂੰ ਕਾਫ਼ੀ ਪਿਆਰ ਮਿਲਿਆ ਹੈ।"

ਇਹ ਗੱਲਾਂ ਪੰਜਾਬ ਦੇ ਸਿਆਸੀ ਪਿੜ ਵਿੱਚ ਨਵੇਂ ਚਰਚਿਤ ਚਿਹਰੇ ਵਜੋਂ ਉੱਭਰੇ ਸਤਵੰਤ ਕੌਰ ਨੇ 6 ਅਗਸਤ ਨੂੰ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੀਆਂ।

ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਸਤਵੰਤ ਕੌਰ ਨੂੰ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।

ਜਨਤਕ ਸਟੇਜਾਂ ਅਤੇ ਇਕੱਠਾਂ ਵਿੱਚ ਸਿਆਸੀ ਵਿਸ਼ਿਆਂ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਉਨ੍ਹਾਂ ਦੇ ਭਾਸ਼ਣਾਂ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਹਨ।

ਪਿਛਲੇ ਕੁਝ ਹੀ ਮਹੀਨਿਆਂ ਵਿੱਚ ਹੀ ਉਹ ਸਿਆਸੀ ਤੌਰ ਉੱਤੇ ਮਕਬੂਲੀਅਤ ਹਾਸਲ ਕਰ ਰਹੇ ਹਨ।

ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ।

ਸਤਵੰਤ ਕੌਰ ਵੀ ਇਨ੍ਹਾਂ ਸੱਤ ਮੈਂਬਰਾਂ ਵਿੱਚ ਸ਼ਾਮਲ ਸਨ।

ਇਹ ਕਮੇਟੀ 11 ਅਗਸਤ ਨੂੰ ਡੈਲੀਗੇਟ ਸੈਸ਼ਨ ਕਰਵਾਉਣ ਜਾ ਰਹੀ ਹੈ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇਗੀ।

ਇਸ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਗਈ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਦੀ ਵੀ ਮੈਂਬਰਸ਼ਿਪ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ।

ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਕਾਲੀ ਦਲ ਵਿੱਚ ਭਰਤੀ ਕੀਤਾ ਗਿਆ ਹੈ।

ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੀ ਦਾ ਨਾਂਅ ਵੀ ਪ੍ਰਧਾਨਗੀ ਦੇ ਉਮੀਦਵਾਰਾਂ ਵਜੋਂ ਚਰਚਾ ਵਿੱਚ ਹੈ। ਉਨ੍ਹਾਂ ਨੇ 8 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਲਿਖਿਆ, "ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ।"

ਅਕਾਲੀ ਦਲ ਦੀ ਭਰਤੀ ਲਈ ਕੰਮ ਕਰ ਚੁੱਕੇ ਅਜੈਪਾਲ ਸਿੰਘ ਬਰਾੜ ਵੀ ਮੰਨਦੇ ਹਨ ਕਿ ਇਨ੍ਹਾਂ ਦੋ ਜਣਿਆਂ ਨੂੰ ਮੋਹਰੀ ਉਮੀਦਵਾਰ ਮੰਨਿਆ ਜਾ ਰਿਹਾ ਹੈ - ਸਤਵੰਤ ਕੌਰ ਅਤੇ ਹਰਪ੍ਰੀਤ ਸਿੰਘ।

ਅਜੈਪਾਲ ਬਰਾੜ ਮਿਸਲ ਸਤਲੁਜ ਨਾਮ ਦੀ ਜਥੇਬੰਦੀ ਵਿੱਚ ਕੰਮ ਕਰਦੇ ਹਨ ਤੇ ਸਮਾਜਿਕ ਕਾਰਕੁੰਨ ਹਨ।

ਸਤਵੰਤ ਕੌਰ ਕੌਣ ਹਨ?

ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸਨ ਤੇ ਉਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ।

ਅਮਰੀਕ ਸਿੰਘ ਆਪ੍ਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਸਨ।

ਸਤਵੰਤ ਕੌਰ ਆਪਣੇ ਭਾਸ਼ਣਾਂ ਵਿੱਚ ਅਕਸਰ ਆਪਣੇ ਪਿਤਾ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕਰਦੇ ਹਨ।

ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਵਿੱਚ ਉਨ੍ਹਾਂ ਦੇ ਨਾਮ ਦਾ ਐਲਾਨ ਹੋਣ ਤੋਂ ਕੁਝ ਚਿਰ ਬਾਅਦ ਹੀ ਸਤਵੰਤ ਕੌਰ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਸਨ।

ਸਤਵੰਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਅਧਿਆਪਕ ਵਜੋਂ ਭਰਤੀ ਹੋਏ ਸਨ ਅਤੇ ਅਕਾਲ ਤਖ਼ਤ ਵੱਲੋਂ ਜ਼ਿੰਮੇਵਾਰੀ ਮਿਲਣ ਵੇਲੇ ਉਹ ਐੱਸਜੀਪੀਸੀ ਦੇ ਸਿੱਖਿਆ ਵਿਭਾਗ ਵਿੱਚ ਸੀਨੀਅਰ ਅਹੁਦੇ ਉੱਤੇ ਸਨ।

ਸਤਵੰਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਨੌਕਰੀ ਕਰਦੇ ਰਹਿਣਾ ਚਾਹੁੰਦੇ ਹਨ।

ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਵੀ ਕਿਹਾ ਗਿਆ ਸੀ।

ਅਕਾਲੀ ਦਲ (ਬਾਦਲ) ਦੇ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਤਵੰਤ ਕੌਰ ਨੂੰ ਉਨ੍ਹਾਂ (ਅਕਾਲੀ ਦਲ ਬਾਦਲ) ਵੱਲੋਂ ਕਰਵਾਈ ਜਾ ਰਹੀ ਭਰਤੀ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।

ਸਿਆਸੀ ਭੂਮਿਕਾ ਬਾਰੇ ਕੀ ਕਿਹਾ?

ਸਤਵੰਤ ਕੌਰ ਨੇ ਦੱਸਿਆ, "ਮੈਂ 18 ਮਾਰਚ ਤੋਂ ਵਿਚਰਨਾ ਸ਼ੁਰੂ ਕੀਤਾ, ਬੋਲਣ ਦਾ ਇੱਕ ਪਲੈਟਫਾਰਮ ਮਿਲਿਆ, ਜੋ ਮਹਿਸੂਸ ਕੀਤਾ ਉਹ ਬੋਲਿਆ ਤੇ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ।"

ਉਹ ਕਹਿੰਦੇ ਹਨ ਕਿ ਆਪ੍ਰੇਸ਼ਨ ਬਲੂ ਸਟਾਰ ਨੂੰ 40 ਸਾਲ ਹੋ ਗਏ ਹਨ ਤੇ ਉਨ੍ਹਾਂ ਵੱਲੋਂ ਕਦੇ ਵੀ ਸਿਆਸੀ ਤੌਰ ਉੱਤੇ ਕਾਰਜਸ਼ੀਲਤਾ ਨਹੀਂ ਵਿਖਾਈ ਗਈ ਸੀ।

ਉਨ੍ਹਾਂ ਅੱਗੇ ਦੱਸਿਆ, "ਮੈਂ ਮੀਡੀਆ ਵਿੱਚ ਚਰਚਾ ਸੁਣੀ ਹੈ ਕਿ ਮੇਰਾ ਨਾਮ ਪ੍ਰਧਾਨਗੀ ਲਈ ਅੱਗੇ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਤਿਆਰ ਨਹੀਂ ਹਾਂ।"

"ਚੋਣ ਡੈਲੀਗੇਟਸ ਨੇ ਕਰਨੀ ਹੁੰਦੀ ਹੈ, ਉਹ ਕਿਸੇ ਤਜੁਰਬੇਕਾਰ ਸ਼ਖ਼ਸੀਅਤ ਨੂੰ ਚੁਣ ਸਕਦੇ ਹਨ।"

ਉਨ੍ਹਾਂ ਕਿਹਾ, "ਮੈਂ ਇੱਕ ਐਜੂਕੇਸ਼ਨਿਸਟ ਹਾਂ ਤੇ ਮੈਨੂੰ ਉਹੀ ਪਸੰਦ ਹੈ, ਮੈਂ ਬੀ.ਐੱਡ ਦੇਵੀ ਸਮਾਜ ਕਾਲਜ ਫ਼ਿਰੋਜ਼ਪੁਰ ਤੋਂ ਕੀਤੀ ਸੀ ਤੇ ਹਿਸਟਰੀ ਅਤੇ ਇੰਗਲਿਸ਼ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਾਸਟਰਸ ਡਿਗਰੀ ਕੀਤੀ ਹੋਈ ਹੈ।"

ਮੌਜੂਦਾ ਸਮੇਂ ਉਹ ਆਪਣਾ ਕੀ ਰੋਲ ਵੇਖਦੇ ਹਨ ਇਸ ਬਾਰੇ ਉਨ੍ਹਾਂ ਕਿਹਾ, ''ਮੈਂ ਪੰਜਾਬ ਦੀਆਂ ਸੁਹਿਰਦ ਪੰਥਕ ਧਿਰਾਂ ਦੀ ਏਕਤਾ ਦੀ ਸੂਤਰਧਾਰ ਬਣਨਾ ਪਸੰਦ ਕਰਾਂਗੀ।"

ਪ੍ਰਧਾਨਗੀ ਦੀ ਦੌੜ੍ਹ ਵਿੱਚ ਕੌਣ-ਕੌਣ?

ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਅਕਾਲੀ ਆਗੂ ਸੁਖਬੀਰ ਬਾਦਲ ਨੂੰ ਤਨਖ਼ਾਹ ਸੁਣਾਈ ਗਈ ਸੀ।

ਇਸ ਵੇਲੇ ਅਕਾਲੀ ਦਲ ਦੇ ਪੁਨਰਗਠਨ ਅਤੇ ਨਵੀਂ ਭਰਤੀ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ।

7 ਵਿੱਚੋਂ ਦੋ ਮੈਂਬਰ – ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਕਮੇਟੀ ਦਾ ਹਿੱਸਾ ਨਹੀਂ ਹਨ।

ਇਸ ਕਮੇਟੀ ਵਿਚਲੇ ਪੰਜ ਮੈਂਬਰ ਹਨ – ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਸਤਵੰਤ ਕੌਰ।

ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ, ਬਾਗ਼ੀ ਧੜ੍ਹੇ ਦੇ ਕੁਝ ਆਗੂ ਸਤਵੰਤ ਕੌਰ ਦੇ ਪੱਖ ਵਿੱਚ ਹਨ ਅਤੇ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਹਨ।

ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਨੂੰ 'ਧਾਰਮਿਕ ਸਜ਼ਾ' ਸੁਣਾਉਣ ਵਾਲੇ ਸਿੰਘ ਸਾਹਿਬਾਨਾਂ ਵਿੱਚ ਸ਼ਾਮਲ ਸਨ।

ਉਹ ਉਸ ਵੇਲੇ ਦਮਦਮਾ ਸਾਹਿਬ ਦੇ ਜਥੇਦਾਰ ਸਨ, ਉਨ੍ਹਾਂ ਖ਼ਿਲਾਫ਼ ਇੱਕ ਪੁਰਾਣੇ ਮਾਮਲੇ ਵਿੱਚ ਇਲਜ਼ਾਮਾਂ ਦੇ ਚਲਦਿਆਂ ਐੱਸਜੀਪੀਸੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)