ਅਜੀਤ ਕੌਰ ਨੇ ਜਦੋਂ ਇੰਦਰਾ ਗਾਂਧੀ ਨੂੰ ਸਿਰ 'ਤੇ ਦੁਪੱਟਾ ਲੈ ਕੇ ਹਰਿਮੰਦਰ ਸਾਹਿਬ ਜਾ ਕੇ ਮਾਫ਼ੀ ਮੰਗਣ ਲਈ ਕਿਹਾ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬੀ ਦੇ ਸਭ ਤੋਂ ਵੱਡੀ ਉਮਰ ਦੇ ਲੇਖਕਾਂ ਵਿੱਚੋਂ ਇੱਕ, ਅਜੀਤ ਕੌਰ ਉਸ ਦਿਨ ਇੱਕ ਰਚਨਾ ਲਿਖ ਰਹੇ ਸਨ ਜਦੋਂ ਉਨ੍ਹਾਂ ਦੇ 'ਲਫ਼ਜ਼ ਉੱਡਣ ਲੱਗੇ' ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ 'ਅੱਖਾਂ ਦੀ ਜੋਤ ਚਲੀ ਗਈ ਹੈ'।

ਉਸ ਸਮੇਂ ਉਹ 'ਪਾਕਿਸਤਾਨਨਾਮਾ' ਨਾਂ ਦੀ ਆਪਣੀ ਆਉਣ ਵਾਲੀ ਕਿਤਾਬ ਉੱਪਰ ਕੰਮ ਕਰ ਰਹੇ ਸਨ, ਜੋ ਹੁਣ ਛਪਣ ਲਈ ਤਿਆਰ ਹੈ।

ਹਾਲਾਂਕਿ, ਅਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਚਾਰ ਮਹੀਨੇ ਬਾਅਦ ਇੱਕ ਵਾਰ ਫਿਰ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਉਹ 'ਟੇਡਾ-ਮੇਢਾ ਲਿਖ ਰਹੇ ਸਨ ਅਤੇ ਅੱਖਰ ਦਿਖਾਈ ਨਹੀਂ ਦੇ ਰਹੇ ਸੀ, ਫਿਰ ਉਨ੍ਹਾਂ ਦੀ ਧੀ ਅਰਪਣਾ ਅੱਖਰਾਂ ਨੂੰ ਸਿੱਧਾ ਲਿਖਦੀ।'

ਦਿੱਲੀ ਵਿੱਚ ਆਪਣੀ ਧੀ ਨਾਲ ਰਹਿੰਦੇ ਪਦਮ ਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕਹਾਣੀਕਾਰ ਅਜੀਤ ਕੌਰ, ਔਰਤ-ਮਰਦ ਦੇ ਰਿਸ਼ਤਿਆਂ ਅਤੇ ਸਿਆਸੀ ਮੁੱਦਿਆਂ ਬਾਰੇ ਬੇਬਾਕੀ ਨਾਲ ਲਿਖਣ ਲਈ ਜਾਣੇ ਜਾਂਦੇ ਹਨ।

ਕਰੀਬ ਦੋ ਦਰਜਨ ਕਿਤਾਬਾਂ ਲਿਖਣ ਵਾਲੇ ਅਜੀਤ ਕੌਰ ਨੇ ਆਪਣੀ ਸਵੈ-ਜੀਵਨੀ "ਖ਼ਾਨਾਬਦੋਸ਼" ਨਾਲ ਪ੍ਰਸਿੱਧੀ ਹਾਸਿਲ ਕੀਤੀ ਸੀ।

'ਮੈਂ ਸ਼ੁਰੂ ਤੋਂ ਹੀ ਬੜੀ ਦਲੇਰ ਰਹੀ ਹਾਂ'

16 ਨਵੰਬਰ, 1934 ਨੂੰ ਲਾਹੌਰ ਵਿੱਚ ਜਨਮੇ ਅਜੀਤ ਕੌਰ ਨੇ 16 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਪਰ ਉਨ੍ਹਾਂ ਦੀ ਪਹਿਲੀ ਕਿਤਾਬ 'ਗੁਲਬਾਨੋ' 26 ਸਾਲ ਦੀ ਉਮਰ ਵਿੱਚ, ਸਾਲ 1960 ਵਿੱਚ ਛਪੀ ਸੀ। ਇਸ ਕਿਤਾਬ ਨੂੰ ਸਾਲ 1961 ਵਿੱਚ 'ਬੈਸਟ ਬੁੱਕ ਆਫ਼ ਦਿ ਈਅਰ' ਐਵਾਰਡ ਮਿਲਿਆ ਸੀ।

ਬੇਬਾਕੀ ਨਾਲ ਲਿਖਣ ਬਾਰੇ ਅਜੀਤ ਕੌਰ ਕਹਿੰਦੇ ਹਨ, ''ਮੈਂ ਸ਼ੁਰੂ ਤੋਂ ਹੀ ਬੜੀ ਦਲੇਰ ਰਹੀ ਹਾਂ। ਮੇਰੇ ਆਸ-ਪਾਸ ਜਿੰਨੀਆਂ ਮਹਿਲਾਵਾਂ ਸਨ, ਮੇਰੀ ਮਾਂ, ਮਾਸੀਆਂ, ਚਾਚੀਆਂ ਅਤੇ ਤਾਈਆਂ, ਉਹ ਸਭ ਏਨੀਆਂ ਦੁਬਕੀਆਂ ਹੋਈਆਂ ਸਨ ਕਿ ਉਸ ਖ਼ਿਲਾਫ਼ ਇਹ ਮੇਰਾ ਅੰਦੋਲਨ ਸੀ ਕਿ ਬੇਬਾਕੀ ਅਤੇ ਦਲੇਰੀ ਨਾਲ ਲਿਖਣਾ ਚਾਹੀਦਾ ਹੈ। ਮੈਂ ਕਦੇ ਕੁਝ ਲੁਕਾ ਕੇ ਨਹੀਂ ਲਿਖਿਆ।''

ਉਹ ਕਹਿੰਦੇ ਹਨ, ''ਨਰਮ-ਨਰਮ ਤੇ ਇਸ਼ਕ-ਮੁਸ਼ਕ ਦੀਆਂ ਜੋ ਕਹਾਣੀਆਂ ਔਰਤਾਂ ਲਿਖਦੀਆਂ ਹਨ, ਮੈਂ ਉਹ ਨਹੀਂ ਲਿਖੀਆਂ। ਸਿਰਫ਼ ਦੋ ਇਸ਼ਕ ਦੇ ਕਿੱਸੇ ਹਨ, ਜੋ ਖ਼ਾਨਾਬਦੋਸ਼ ਵਿੱਚ ਦਰਜ ਹਨ।''

ਐਮਰਜੈਂਸੀ: 'ਕਾਲੇ ਖੂਹ' 'ਤੇ ਇੰਦਰਾ ਗਾਂਧੀ ਦੀ ਨਰਾਜ਼ਗੀ

ਅਜੀਤ ਕੌਰ ਨੇ ਆਪਣੀਆਂ ਕਹਾਣੀਆਂ ਸਮਾਜਿਕ ਮੁੱਦਿਆਂ ਤੋਂ ਇਲਾਵਾ ਸਿਆਸੀ ਮਾਹੌਲ ਅਤੇ ਉਸ ਦੇ ਨਤੀਜਿਆਂ ਬਾਰੇ ਵੀ ਲਿਖੀਆਂ ਹਨ।

ਅਜੀਤ ਕੌਰ ਦੱਸਦੇ ਹਨ, ''ਮੈਂ ਸਿਆਸਤ ਖ਼ਿਲਾਫ਼ ਵੀ ਲਿਖਿਆ। ਜਦੋਂ ਐਂਮਰਜੈਂਸੀ ਲੱਗੀ ਤਾਂ ਮੈਂ ਉਸ ਖ਼ਿਲਾਫ਼ 'ਕਾਲੇ ਖੂਹ' ਕਹਾਣੀ ਲਿਖੀ। ਜਦੋਂ ਇਹ ਕਹਾਣੀ ਰੇਡੀਓ 'ਤੇ ਬ੍ਰਾਡਕਾਸਟ ਹੋਣ ਲੱਗੀ ਤਾਂ ਅੰਮ੍ਰਿਤਾ ਨੇ ਪੁੱਛਿਆ ਕਿ ਇਸ ਵਿੱਚ ਕੋਈ ਗੜਬੜ ਤਾਂ ਨਹੀਂ। ਮੈਂ ਕਿਹਾ ਨਹੀਂ, ਇਹ ਤਾਂ ਸਿੱਧੀ ਜਿਹੀ ਕਹਾਣੀ ਹੈ। ਉਹ ਐਂਮਰਜੈਂਸੀ ਦੇ ਖ਼ਿਲਾਫ਼ ਸੀ। ਜਿਹੜੇ ਸਮਝ ਗਏ, ਉਹ ਸਮਝ ਗਏ ਪਰ ਜੋ ਨਾ ਸਮਝੇ, ਵੋ ਅਨਾੜੀ ਹੈਂ।''

ਉਹ ਕਹਿੰਦੇ ਹਨ, ''ਮੈਂ ਐਂਮਰਜੈਂਸੀ ਵਿਰੁੱਧ ਲਿਖਿਆ ਪਰ ਅੰਮ੍ਰਿਤਾ ਪ੍ਰੀਤਮ ਲੋਕਾਂ ਦੇ ਦਸਤਖ਼ਤ ਕਰਵਾ ਰਹੀ ਸੀ ਕਿ ਇੰਦਰਾ ਗਾਂਧੀ ਨੇ ਵਧੀਆ ਕੰਮ ਕੀਤਾ ਹੈ ਪਰ ਇੱਕ ਮੈਂ ਹੀ ਸੀ ਜਿਸ ਨੇ ਦਸਤਖ਼ਤ ਨਹੀਂ ਕੀਤੇ। ਇਸ ਕਾਰਨ ਇੰਦਰਾ ਗਾਂਧੀ ਮੇਰੇ ਨਾਲ ਨਰਾਜ਼ ਵੀ ਹੋ ਗਈ। ਮੈਂ ਕਿਹਾ ਜਦੋਂ ਮੇਰੀ ਆਤਮਾ ਕਹਿੰਦੀ ਹੈ ਕਿ ਇਹ ਗਲਤ ਹੈ ਤਾਂ ਮੈਂ ਦਸਤਖ਼ਤ ਕਿਉਂ ਕਰਾਂ? ''

ਅਜੀਤ ਕੌਰ ਅੱਗੇ ਦੱਸਦੇ ਹਨ, ''ਹਿੰਦੀ ਵਿੱਚ ਲੇਖਕ ਸ਼੍ਰੀਕਾਂਤ ਵਰਮਾ ਦਸਤਖ਼ਤ ਕਰਵਾ ਰਿਹਾ ਸੀ। ਅੰਮ੍ਰਿਤਾ ਅਤੇ ਸ਼੍ਰੀਕਾਂਤ ਵਰਮਾ ਨੂੰ ਰਾਜ ਸਭਾ ਮਿਲੀ ਹੋਈ ਸੀ ਪਰ ਅਸੀਂ ਕੀ ਲੈਣਾ, ਅਸੀਂ ਤਾਂ ਫ਼ਕੀਰ ਲੋਕ ਹਾਂ।''

ਆਪ੍ਰੇਸ਼ਨ ਬਲੂ ਸਟਾਰ 'ਤੇ ਇੰਦਰਾਂ ਗਾਂਧੀ ਨੂੰ ਸਲਾਹ

ਅਜੀਤ ਕੌਰ ਨੇ ਆਪ੍ਰੇਸ਼ਨ ਬਲੂ ਸਟਾਰ ਵਿਰੁੱਧ 'ਲਹੂ ਦੇ ਚੁਬੱਚੇ' ਅਤੇ ਇਸ ਤੋਂ ਬਾਅਦ ਦੇ ਕਤਲੇਆਮ ਬਾਰੇ 'ਨਵੰਬਰ ਚੁਰਾਸੀ' ਕਹਾਣੀ ਲਿਖੀ।

ਉਹ ਕਹਿੰਦੇ ਹਨ ਕਿ 'ਲਹੂ ਦੇ ਚੁਬੱਚੇ' ਕਹਾਣੀ ਦੀਆਂ ਫੋਟੋ ਕਾਪੀਆਂ ਕਰਕੇ ਦੁਨੀਆਂ ਭਰ ਵਿੱਚ ਵੰਡੀਆਂ ਗਈਆਂ ਸਨ।

ਅਜੀਤ ਕੌਰ ਦੱਸਦੇ ਹਨ, ''ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਨੇ ਵੱਡੇ-ਵੱਡੇ ਸਰਦਾਰਾਂ ਨੂੰ ਚਾਹ ਪੀਣ ਲਈ ਬੁਲਾਇਆ ਸੀ ਤਾਂ ਜੋ ਪੁੱਛਿਆ ਜਾਵੇ ਕਿ ਆਪ੍ਰੇਸ਼ਨ ਬਲੂ ਸਟਾਰ ਬਾਰੇ ਤੁਹਾਡਾ ਕੀ ਖਿਆਲ ਹੈ?''

ਉਹ ਕਹਿੰਦੇ ਹਨ, ''ਇੱਕ ਗਰੁੱਪ ਵਿੱਚ ਮੈਨੂੰ ਵੀ ਬੁਲਾ ਲਿਆ ਗਿਆ। ਮੈਂ ਚੁੱਪ-ਚਾਪ ਬੈਠੀ ਰਹੀ ਪਰ ਬਾਕੀ ਸਾਰੇ ਤਾਰੀਫ਼ਾਂ ਕਰਦੇ ਰਹੇ। ਫਿਰ ਇੰਦਰਾ ਗਾਂਧੀ ਕਹਿੰਦੀ, 'ਆਪ ਕਾ ਕਯਾ ਖ਼ਿਆਲ ਹੈ?' ਮੈਂ ਕਿਹਾ ਜੇ ਤੂੰ ਜ਼ਿੰਦਗੀ ਵਿੱਚ ਕੋਈ ਇਤਿਹਾਸਿਕ ਗਲਤੀ ਕੀਤੀ ਹੈ ਤਾਂ ਉਹ ਇਹ ਹੈ।''

''ਇਸ ਦਾ ਇੱਕੋ ਇਲਾਜ ਹੈ ਕਿ ਸਿਰ ਉੱਪਰ ਦੁਪੱਟਾ ਲੈ ਕੇ ਅਤੇ ਹੱਥ ਜੋੜ ਕੇ ਹਰਿਮੰਦਰ ਸਾਹਿਬ ਜਾ ਅਤੇ ਕਹਿ ਕਿ ਮੈਂ ਮੁਆਫ਼ੀ ਮੰਗਣ ਆਈ ਹਾਂ, ਮੈਂ ਤੁਹਾਡੀ ਧੀ ਹਾਂ।''

ਅਜੀਤ ਕੌਰ ਮੁਤਾਬਕ, ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਿਹਾ, ''ਸਿੱਖ ਦਿਮਾਗ ਤੋਂ ਨਹੀਂ ਸੋਚਦਾ, ਸਿੱਖ ਦਿਲ ਤੋਂ ਸੋਚਦਾ ਹੈ, ਸਿੱਖ ਭਾਵੁਕ ਬੰਦਾ ਹੈ, ਉਨ੍ਹਾਂ ਕਹਿਣਾ ਕਿ ਸਾਡੀ ਧੀ ਮੁਆਫ਼ੀ ਮੰਗਣ ਆਈ ਹੈ, ਚਲੋ ਮੁਆਫ਼ ਕਰੋ। ਮੈਂ ਕਿਹਾ ਨਹੀਂ ਤਾਂ ਇਸ ਦਾ ਨਤੀਜਾ ਗਲਤ ਵੀ ਹੋ ਸਕਦ ਹੈ। ਮੈਂ ਕਹਿ ਆਈ ਸੀ।''

'ਮੈਂ ਹਵਾ 'ਚੋਂ ਕਹਾਣੀ ਨਹੀਂ ਫੜਦੀ'

ਅਜੀਤ ਕੌਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਔਰਤ ਅਤੇ ਮਰਦ ਦੇ ਰਿਸ਼ਤਿਆਂ 'ਤੇ ਅਧਾਰਿਤ ਹਨ।

ਆਪਣੀਆਂ ਕਹਾਣੀਆਂ ਵਿੱਚ ਨਿੱਜੀ ਤਜਰਬੇ, ਕਲਪਨਾ ਅਤੇ ਅਸਲੀਅਤ ਦੀ ਵਰਤੋਂ ਬਾਰੇ ਉਹ ਕਹਿੰਦੇ ਹਨ, ''ਮੈਂ ਹਵਾ 'ਚੋਂ ਕਹਾਣੀ ਨਹੀਂ ਫੜਦੀ, ਮੇਰੀਆਂ ਸਾਰੀਆਂ ਕਹਾਣੀਆਂ ਵਿੱਚ ਜਾਂ ਤਾਂ ਮੈਂ ਹਾਂ ਜਾਂ ਮੇਰੇ ਆਸ-ਪਾਸ ਦੀ ਜ਼ਿੰਦਗੀ ਹੈ ਅਤੇ ਜਾਂ ਆਸ-ਪਾਸ ਦੇ ਮਰਦ-ਔਰਤਾਂ ਹਨ। ਮੈਂ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚੋਂ ਕਹਾਣੀਆਂ ਚੁੱਕਦੀ ਹਾਂ।''

ਪੰਜਾਬੀ 'ਚ ਕਿਵੇਂ ਲਿਖਣ ਲੱਗੇ?

ਅਜੀਤ ਕੌਰ ਭਾਵੇਂ ਪੰਜਾਬੀ ਵਿੱਚ ਆਪਣੀਆਂ ਕਹਾਣੀਆਂ ਕਰਕੇ ਜ਼ਿਆਦਾ ਹਰਮਨ ਪਿਆਰੇ ਹਨ ਪਰ ਉਨ੍ਹਾਂ ਨੇ ਨਾਵਲ, ਰੇਖਾ-ਚਿੱਤਰ ਅਤੇ ਲੇਖ ਵੀ ਲਿਖੇ ਹਨ।

ਸੈਕਰਡ ਹਾਰਟ ਸਕੂਲ ਵਿੱਚ ਪੜ੍ਹੇ ਅਤੇ ਦਿੱਲੀ ਤੋਂ ਅਰਥ-ਸ਼ਾਸਤਰ (ਇਕਨੋਮਿਕਸ) ਵਿੱਚ ਐੱਮਏ ਕਰਨ ਵਾਲੇ ਅਜੀਤ ਕੌਰ ਪੰਜਾਬੀ ਵੱਲ ਪਰਤਣ ਬਾਰੇ ਇੱਕ ਦਿਲਚਸਪ ਕਿੱਸਾ ਸੁਣਾਉਂਦੇ ਹਨ।

ਆਪਣੇ ਬਚਪਨ ਦੀ ਇੱਕ ਘਟਨਾ ਬਾਰੇ ਯਾਦ ਕਰਦਿਆਂ ਉਹ ਕਹਿੰਦੇ ਹਨ, ''ਛੋਟੇ ਹੁੰਦਿਆਂ ਮੈਨੂੰ ਸੈਕਰਡ ਹਾਰਟ ਸਕੂਲ ਵਿੱਚ ਦਾਖਿਲ ਕਰਵਾਇਆ ਗਿਆ। ਇੱਕ ਦਿਨ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਗਿਆਨੀ ਕਰਤਾਰ ਸਿੰਘ ਕਹਿੰਦੇ, 'ਬਾਪੂ ਈਸ਼ਰ ਸਿੰਘ ਦੀ ਦੋਹਤਰੀ ਤੈਨੂੰ ਗੁਰਮੁੱਖੀ ਨਹੀਂ ਆਉਂਦੀ?' ਫਿਰ ਮੈਂ ਅੱਠ ਸਾਲ ਦੀ ਉਮਰ ਵਿੱਚ ਬੁੱਧੀਮਾਨੀ ਦੀਆਂ ਕਿਤਾਬਾਂ ਪੜ੍ਹੀਆਂ। ਇਨ੍ਹਾਂ ਵਿੱਚ ਹੀਰ-ਰਾਂਝਾ, ਵਾਰਿਸ ਸ਼ਾਹ, ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਸਨ। ਇਸ ਤੋਂ ਬਾਅਦ ਮੈਂ ਪੰਜਾਬੀ ਵਾਲੇ ਪਾਸੇ ਪੈ ਗਈ।''

ਜਦੋਂ ਅਜੀਤ ਕੌਰ ਨੇ ਜੇਲ੍ਹ ਵਿੱਚ ਰਾਤ ਕੱਟੀ

ਲਾਹੌਰ ਵਿੱਚ ਪੈਦਾ ਹੋਏ ਅਜੀਤ ਕੌਰ ਦਾ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਹਿਲਾਂ ਜਲੰਧਰ ਵੱਸਣਾ ਚਾਹੁੰਦਾ ਸੀ ਪਰ ਫਿਰ ਉਹ ਸ਼ਿਮਲਾ ਜਾ ਵਸੇ ਅਤੇ ਉੱਥੋਂ ਦਿੱਲੀ ਚਲੇ ਗਏ।

ਅਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਮੱਖਣ ਸਿੰਘ ਪੇਸ਼ੇ ਵੱਜੋਂ ਡਾਕਟਰ ਸਨ ਅਤੇ ਉਨ੍ਹਾਂ ਦੇ ਘਰ ਅਕਸਰ ਕਾਂਗਰਸੀ ਕਾਰਕੁਨਾਂ ਦੀਆਂ ਵੱਡੀਆਂ-ਵੱਡੀਆਂ ਬੈਠਕਾਂ ਹੁੰਦੀਆਂ ਸਨ।

ਅਤੀਤ ਕੌਰ ਕਹਿੰਦੇ ਹਨ ਕਿ ਉਹ ਅਮਰ ਸਿੰਘ ਸ਼ੇਰੇ-ਪੰਜਾਬ, ਉਰਦੂ ਅਖ਼ਬਾਰ 'ਮਿਲਾਪ' ਦੇ ਰਣਬੀਰ ਅਤੇ ਗੁਰਮੁੱਖ ਸਿੰਘ ਮੁਸਾਫ਼ਰ ਨੂੰ ਨਿੱਜੀ ਤੌਰ 'ਤੇ ਪਛਾਣਦੇ ਸਨ। ਉਹ ਨੌਕਰਾਂ ਨਾਲ ਉਨ੍ਹਾਂ ਨੂੰ ਲੱਸੀ ਪਿਲਾਉਣ ਜਾਂਦੇ ਸਨ।

ਅਜੀਤ ਕੌਰ ਦੱਸਦੇ ਹਨ ਕਿ ਜਦੋਂ ਸੁਭਾਸ਼ ਚੰਦਰ ਬੋਸ ਦੀ 'ਇੰਡੀਅਨ ਨੈਸ਼ਨਲ ਆਰਮੀ' ਹਾਰ ਗਈ ਸੀ ਤਾਂ ਤਿੰਨ ਵੱਡੇ 'ਜਰਨੈਲ' ਫੜ ਕੇ ਲਾਲ ਕਿਲ੍ਹੇ ਵਿੱਚ ਕੈਦ ਕਰ ਲਏ ਗਏ ਸਨ।

ਉਹ ਕਹਿੰਦੇ ਹਨ, ''ਸਾਨੂੰ ਤਿਰੰਗੇ ਦੀਆਂ ਛੋਟੀਆਂ-ਛੋਟੀਆਂ ਝੰਡੀਆਂ ਫੜਾ ਦਿੱਤੀਆਂ ਜਾਂਦੀਆਂ ਸਨ। ਅਸੀਂ ਨਾਅਰੇ ਲਗਾਉਂਦੇ ਸੀ, 'ਲਾਲ ਕਿਲ੍ਹੇ ਸੇ ਆਈ ਆਵਾਜ਼, ਸਹਿਗਲ, ਢਿੱਲੋਂ, ਸ਼ਾਹਨਵਾਜ਼... ਰਿਹਾਅ ਕਰੋ, ਰਿਹਾਅ ਕਰੋ..।' ਇੱਕ ਦਿਨ ਸਾਨੂੰ ਪੁਲਿਸ ਫੜ ਕੇ ਲੈ ਗਈ ਅਤੇ ਮੈਂ ਇੱਕ ਰਾਤ ਜੇਲ੍ਹ ਵਿੱਚ ਵੀ ਰਹੀ ਹੋਈ ਹਾਂ। ਇਸ ਲਈ ਮੈਂ ਵੀ ਫ੍ਰੀਡਮ ਫਾਈਟਰ ਹਾਂ।''

'ਮੇਰੀ ਕਲਮ ਵਿੱਚ ਅੰਤਾਂ ਦੀ ਸ਼ਕਤੀ ਹੈ'

ਇਹ ਪੁੱਛੇ ਜਾਣ 'ਤੇ ਕਿ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਨੇ ਉਨ੍ਹਾਂ ਦੀ ਲੇਖਣੀ ਨੂੰ ਕਿਵੇਂ ਤਰਾਸ਼ਿਆ, ਉਹ ਕਹਿਣ ਲੱਗੇ ਕਿ ''ਮੈਂ ਸੋਚਦੀ ਹਾਂ ਕਿ ਮੈਂ ਇਨ੍ਹਾਂ ਨੂੰ ਸ਼ੇਪ ਦਿੱਤੀ ਹੈ ਕਿਉਂਕਿ ਮੇਰੀ ਕਲਮ ਵਿੱਚ ਅੰਤਾਂ ਦੀ ਸ਼ਕਤੀ ਹੈ। ਜੋ ਸ਼ੇਪ ਦਿੱਤੀ ਹੈ, ਮੈਂ ਹੀ ਦਿੱਤੀ ਹੈ, ਉਨ੍ਹਾਂ ਨੇ ਮੈਨੂੰ ਨਹੀਂ ਦਿੱਤੀ।''

ਸਿਆਸੀ ਲਹਿਰਾਂ ਤੇ ਸਿਆਸੀ ਘਟਨਾਵਾਂ ਬਾਰੇ ਲੇਖਕਾਂ ਦੇ ਫ਼ਰਜ਼ ਬਾਰੇ ਉਹ ਕਹਿੰਦੇ ਹਨ, ''ਦੁਨੀਆਂ ਵਿੱਚ ਹੁੰਦੀ ਉਥਲ-ਪੁਥਲ ਖ਼ਿਲਾਫ਼ ਲੇਖਕਾਂ ਨੂੰ ਗੱਜ ਕੇ ਬੋਲਣਾ ਚਾਹੀਦਾ ਹੈ, ਜੇ ਲੇਖਕ ਨਹੀਂ ਬੋਲਣਗੇ ਤਾਂ ਵਪਾਰੀ ਬੋਲੇਗਾ?''

ਰੱਬ ਨਾਲ ਰੋਸਾ

ਅਜੀਤ ਕੌਰ ਦੀਆਂ ਦੋ ਧੀਆਂ ਹਨ। ਉਨ੍ਹਾਂ ਦੀ ਇੱਕ ਧੀ ਅਰਪਣਾ ਕੌਰ ਹਨ, ਜੋ ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਇੱਕ ਮਸ਼ਹੂਰ ਪੇਂਟਰ ਹਨ। ਉਨ੍ਹਾਂ ਦੀ ਦੂਜੀ ਧੀ ਕੈਂਡੀ ਕੌਰ ਦਾ ਪੈਰਿਸ ਵਿੱਚ ਇੱਕ ਦਰਦਨਾਕ ਹਾਦਸੇ ਕਾਰਨ ਦੇਹਾਂਤ ਹੋ ਗਿਆ ਸੀ।

ਭਾਵੁਕ ਹੁੰਦੇ ਹੋਏ ਅਜੀਤ ਕੌਰ ਕਹਿੰਦੇ ਹਨ, ''ਜਦੋਂ ਮੇਰੀ ਧੀ ਮਰ ਰਹੀ ਸੀ ਤਾਂ ਮੈਂ ਰੱਬ ਨਾਲ ਰੁੱਸ ਗਈ ਸੀ ਕਿ ਮੈਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਮੈਨੂੰ ਇੰਨਾ ਵੱਡਾ ਸਦਮਾ ਦਿੱਤਾ ਹੈ। ਥੋੜ੍ਹੇ ਦਿਨ ਰੁੱਸੀ ਰਹੀ ਪਰ ਤਾਂ ਵੀ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਜੋ ਸਾਡੇ ਦਾਰ ਜੀ ਲਾਹੌਰ ਤੋਂ ਸਿਰ ਉੱਪਰ ਚੁੱਕ ਕੇ ਲਿਆਏ ਸਨ।''

ਉਹ ਕਹਿੰਦੇ ਹਨ, ''ਫਿਰ ਮੈਂ ਕਿਹਾ ਕਿ ਰੁੱਸ ਕੇ ਵੀ ਕੀ ਮਿਲਣਾ? ਨਾਸਤਿਕ ਮੈਂ ਕਦੇ ਨਹੀਂ ਹੋਈ, ਬੱਸ ਰੁੱਸੀ ਹੋਈ ਸੀ।''

ਪੰਜਾਬੀ 'ਚ ਲਿਖੇ ਜਾ ਰਹੇ ਸਾਹਿਤ ਬਾਰੇ ਕੀ ਸੋਚਦੇ ਹਨ

ਪੰਜਾਬੀ ਦੇ ਸਾਹਿਤ ਬਾਰੇ ਅਜੀਤ ਕੌਰ ਮੰਨਦੇ ਹਨ ਕਿ ਕੁਝ ਲੇਖਕ ਕਾਫ਼ੀ ਚੰਗਾ ਲਿਖ ਰਹੇ ਹਨ ਪਰ ਕਾਫ਼ੀ ਨੌਜਵਾਨ ਤੇਜ਼ੀ ਨਾਲ ਐਵਾਰਡ ਹਾਸਿਲ ਕਰਨ ਦੀ ਦੌੜ ਵਿੱਚ ਹਨ।

ਉਹ ਕਹਿੰਦੇ ਹਨ, ''ਕੁਝ ਲੋਕ ਵਧੀਆ ਲਿਖ ਰਹੇ ਹਨ ਜਿਵੇਂ ਵਰਿਆਮ ਸੰਧੂ ਦੀਆਂ ਕਹਾਣੀਆਂ ਹਨ, ਪ੍ਰੇਮ ਪ੍ਰਕਾਸ਼ ਅਤੇ ਮੋਹਨ ਭੰਡਾਰੀ ਦੀਆਂ ਕਹਾਣੀਆਂ। ਬਲਬੀਰ ਮਾਧੋਪੁਰੀ ਦੀ 'ਛਾਂਗਿਆ ਰੁੱਖ' ਬਹੁਤ ਵਧੀਆ ਰਚਨਾ ਹੈ ਪਰ ਕੁਝ ਲੋਕ ਯੱਕੜ ਹੀ ਮਾਰ ਰਹੇ ਹਨ।''

ਆਪਣੀ ਗੱਲ ਖਤਮ ਕਰਦਿਆਂ ਅਜੀਤ ਕੌਰ ਨੇ ਕਿਹਾ, ''ਪਹਿਲੀ ਰਚਨਾ ਦੀ ਤਾਰੀਫ਼ ਚਾਹੁਣ ਵਾਲਿਆਂ ਨੂੰ ਮੈਂ ਇੱਕੋ ਸਲਾਹ ਦਿੰਦੀ ਹਾਂ ਕਿ ਲਿਖਣਾ ਰਿਆਜ਼ ਮੰਗਦਾ ਹੈ, ਬਸ ਲਿਖੀ ਜਾਓ, ਲਿਖੀ ਜਾਓ, ਉਸ ਨੂੰ ਮੈਗਜ਼ੀਨਾਂ ਵਿੱਚ ਛਪਵਾਓ ਅਤੇ ਫ਼ਿਰ ਦੇਖੋ ਕਿਤਾਬ ਦੀ ਕਦੋਂ ਸੂਰਤ ਬਣਦੀ ਹੈ। ਮਹਿਲਾ ਮਿੱਤਰ ਲਈ ਇੱਕ ਕਵਿਤਾ ਲਿਖ ਕੇ ਇਹ ਨਾ ਸਮਝੋ ਕਿ ਮੈਂ ਕਵੀ ਬਣ ਗਿਆ। ਮੇਰੀ ਪਹਿਲੀ ਕਿਤਾਬ 10 ਸਾਲਾਂ ਬਾਅਦ ਛਪੀ ਸੀ ਅਤੇ 26 ਸਾਲ ਬਾਅਦ ਸਾਹਿਤ ਅਕਾਦਮੀ ਐਵਾਰਡ ਮਿਲਿਆ ਸੀ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)