ਅੰਮ੍ਰਿਤਾ ਪ੍ਰੀਤਮ: ਬੇਬਾਕ ਲੇਖਿਕਾ ਦੇ ਪਿਆਰ ਅਤੇ ਇਮਰੋਜ਼ ਤੋਂ 7 ਸਾਲ ਵੱਡੇ ਹੋਣ ਦੇ ਮਲਾਲ ਦੀ ਕਹਾਣੀ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਅੰਮ੍ਰਿਤਾ ਪ੍ਰੀਤਮ... ਜਿਸ ਦੀ ਬੇਬਾਕੀ ਸਿਰਫ਼ ਲਿਖ਼ਤਾਂ ਤੱਕ ਸੀਮਿਤ ਨਹੀਂ ਰਹੀ ਬਲਕਿ ਉਸ ਦੀ ਜ਼ਿੰਦਗੀ ’ਚ ਵੀ ਖ਼ੂਬ ਝਲਕੀ।

ਆਪਣੇ ਸਮੇਂ ਦੇ ਮਸ਼ਹੂਰ ਲੇਖਕ ਸਾਹਿਰ ਲੁਧਿਆਣਵੀ ਨਾਲ ਪਿਆਰ, ਉਨ੍ਹਾਂ ਨੇ ਕਦੇ ਲੁਕਾਇਆ ਨਹੀਂ। ਵੱਖ-ਵੱਖ ਮੰਚਾਂ ਤੋਂ ਦਲੇਰੀ ਨਾਲ ਦੋਹਾਂ ਦਰਮਿਆਨ ਜਵਾਬ-ਤਲਬੀ ਚੱਲਦੀ ਰਹੀ।

ਇਮਰੋਜ਼ ਜਿਸ ਨੇ ਮੁਹੱਬਤ ਨਿਭਾਉਣੀ ਸਿਖਾਈ, ਉਸ ਦਾ ਫੇਰ ਸਾਰੀ ਉਮਰ ਸਾਥ ਨਾ ਛੱਡਿਆ। ਵਿਆਹ ਦੇ ਬੰਧਨ ’ਚ ਬੱਝੇ ਨਹੀਂ, ਪਰ ਤਾਉਮਰ ਇਕੱਠੇ ਰਹੇ ਤੇ ਇਮਰੋਜ਼ ਦੇ ਹੱਥਾਂ ’ਚ ਹੀ ਅੰਮ੍ਰਿਤਾ ਨੇ ਦਮ ਤੋੜਿਆ।

ਇਮਰੋਜ਼ ਇੱਕ ਪੇਂਟਰ ਸਨ। ਉਹ ਖ਼ੂਬਸੂਰਤ ਤਸਵੀਰਾਂ ਬਣਾਉਂਦੇ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੈਨਵਸ ’ਤੇ ਅੰਮ੍ਰਿਤਾ ਦੇ ਰੰਗਾ ਨੂੰ ਉਤਾਰ ਲਿਆ।

31 ਅਗਸਤ 2025 ਨੂੰ ਅੰਮ੍ਰਿਤਾ ਪ੍ਰੀਤਮ ਦਾ 106ਵਾਂ ਜਨਮ ਦਿਹਾੜਾ ਹੈ। ਪਾਕਿਸਤਾਨ ਵਿੱਚ ਪੰਜਾਬ ਦੇ ਗੁਜਰਾਂਵਾਲਾ ’ਚ ਪੈਦਾ ਹੋਏ ਅੰਮ੍ਰਿਤਾ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ’ਚ ਉਨ੍ਹਾਂ ਦੀ ਜੀਵਨੀ ‘ਰਸੀਦੀ ਟਿਕਟ’ ਵੀ ਸ਼ਾਮਲ ਹੈ।

ਅੰਮ੍ਰਿਤਾ ਦੇ ਜਨਮ ਦਿਨ ਮੌਕੇ ਅਸੀਂ ਅੰਮ੍ਰਿਤਾ ਤੇ ਇਮਰੋਜ਼ ਦੇ ਦਿਲਚਸਪ ਰੌਸ਼ਨ ਰਿਸ਼ਤੇ ਬਾਰੇ ਪੜ੍ਹਦੇ ਹਾਂ।

ਅੰਮ੍ਰਿਤਾ ਅਤੇ ਇਮਰੋਜ਼ ਨੇ ਇੱਕ-ਦੂਜੇ ਨੂੰ ਬੇਤਹਾਸ਼ਾ ਚਿੱਠੀਆਂ ਲਿਖੀਆਂ। ਕਦੇ ਇਨ੍ਹਾਂ ਚਿੱਠੀਆਂ ’ਚ ਆਪਣਾ ਦਰਦ ਬਿਆਨ ਕਰਦੇ, ਕਦੇ ਨਾਰਾਜ਼ਗੀ ਜ਼ਾਹਰ ਕਰਦੇ ਤਾਂ ਕਦੇ ਇੱਕ-ਦੂਜੇ ਤੋਂ ਵਿਛੋੜੇ ਦੀ ਤੜਪ ਦੀ ਗਵਾਹੀ ਭਰਦੇ।

ਇਹ ਚਿੱਠੀਆਂ ਮੂਲ ਰੂਪ ਵਿੱਚ ਪੰਜਾਬੀ ’ਚ ਸਨ।

ਇਨ੍ਹਾਂ ਚਿੱਠੀਆਂ ਨੂੰ ‘ਦਸਤਾਵੇਜ਼’ ਨਾਮ ਦੀ ਕਿਤਾਬ ’ਚ ਪਰੋਇਆ ਗਿਆ ਹੈ। ਇਨ੍ਹਾਂ ਚਿੱਠੀਆਂ ਦਾ ਅੰਗਰੇਜ਼ੀ ਵਿੱਚ ਤਰਜੁਮਾ ਕੀਤਾ ਡੇਰਾ ਬੱਸੀ ਦੇ ਸਰਕਾਰੀ ਕਾਲਜ ਦੀ ਸਾਬਕਾ ਪ੍ਰਿੰਸੀਪਲ ਅਰਵਿੰਦਰ ਕੌਰ ਨੇ। ਇਸ ਕਿਤਾਬ ਦਾ ਨਾਮ ਹੈ ‘ਅੰਮ੍ਰਿਤਾ ਐਂਡ ਇਮਰੋਜ਼ ਇਨ ਦਾ ਟਾਇਮਜ਼ ਆਫ਼ ਲਵ ਐਂਡ ਲੌਂਗਿੰਗ’।

ਅੰਮ੍ਰਿਤਾ ਅਤੇ ਇਮਰੋਜ਼ ਦੀ ਦੋਸਤ ਉਮਾ ਤ੍ਰਿਲੋਕ ਨੇ ‘ਖ਼ਤੋਂ ਕਾ ਸਫ਼ਰਨਾਮਾ’ ਕਿਤਾਬ ’ਚ ਇਨ੍ਹਾਂ ਚਿੱਠੀਆਂ ਦਾ ਹਿੰਦੀ ’ਚ ਤਰਜ਼ੁਮਾ ਕੀਤਾ ਹੈ।

ਅਸੀਂ ਇਨ੍ਹਾਂ ਚਿੱਠੀਆਂ ਦੇ ਕੁਝ ਖ਼ਾਸ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਇਮਰੋਜ਼ ਤੋਂ 7 ਸਾਲ ਵੱਡੇ ਹੋਣ ਦਾ ਮਲਾਲ

ਉਮਾ ਤ੍ਰਿਲੋਕ ‘ਖ਼ਤੋਂ ਕਾ ਸਫ਼ਰਨਾਮਾ’ ’ਚ ਲਿੱਖਦੇ ਹਨ, “ਅੰਮ੍ਰਿਤਾ ਨੂੰ ਇਮਰੋਜ਼ ਤੋਂ 7 ਸਾਲ ਵੱਡਾ ਹੋਣਾ ਚੁੱਭਦਾ ਰਿਹਾ। ਉਨ੍ਹਾਂ ਨੂੰ ਇਹ ਗੱਲ ਝੰਜੋੜਦੀ ਰਹੀ ਕਿ ਜਦੋਂ ਉਨ੍ਹਾਂ ਨੂੰ ਉਨ੍ਹਾਂ ਦਾ ਪਿਆਰ ਮਿਲਿਆ ਤਾਂ ਜ਼ਿੰਦਗੀ ਦੀ ਸ਼ਾਮ ਹੋ ਚੱਲੀ ਸੀ। ਉਹ ਆਪਣੀ ਬਕਾਇਆ ਜ਼ਿੰਦਗੀ ਇਮਰੋਜ਼ ਨਾਲ ਭਰਪੂਰ ਜਿਊਣਾ ਚਾਹੁੰਦੇ ਸੀ।”

ਪਰ ਇਮਰੋਜ਼ ਅਜਿਹਾ ਨਹੀਂ ਸੋਚਦੇ ਸਨ। 2 ਅਕਤੂਬਰ 1959 ਨੂੰ ਲਿਖੇ ਆਪਣੇ ਖੱਤ ’ਚ ਇਮਰੋਜ਼ ਕਹਿੰਦੇ ਹਨ, “ਕਿਉਂ ਉਮਰ ਨੂੰ ਸਾਲਾਂ ’ਚ ਗਿਣਦੇ ਹੋ। ਕਿਉਂ ਨਹੀਂ ਮੇਰੀ ਲਗਨ ਦੇ ਹਿਸਾਬ ਨਾਲ ਗਿਣਦੇ।”

“ਤੁਸੀਂ ਆਪਣੇ ਮਾਜ਼ਾ (ਭੂਤਕਾਲ) ਨੂੰ ਅਤੇ ਮਾਜ਼ਾ ਦੀਆਂ ਤਲਖ਼ੀਆ ਨੂੰ ਸਹਿ ਰਹੇ ਹੋ। ਇਹ ਤਕਲੀਫ਼ ਆਰਜ਼ੀ ਹੈ। ਆਓ, ਮੁਸਤਕਬਿਲ (ਭਵਿੱਖ) ’ਚ ਆ ਜਾਓ, ਮੁਸਤਕਬਿਲ ਆਪਣੀਆਂ ਸਾਰੀਆਂ ਮੁਸਕੁਰਾਹਟਾਂ ਦੇ ਨਾਲ ਆਪਣਾ ਦਰ ਅਤੇ ਦਿਲ ਖੋਲੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।”

ਅੰਮ੍ਰਿਤਾ ਪ੍ਰੀਤਮ 30 ਅਕਤੂਬਰ 1959 ਨੂੰ ਇਮਰੋਜ਼ ਨੂੰ ਲਿਖੀ ਆਪਣੀ ਚਿੱਠੀ ਵਿੱਚ ਇਸ ਦਾ ਜਵਾਬ ਕੁਝ ਇਸ ਤਰ੍ਹਾਂ ਦਿੰਦੇ ਹਨ, “ਮੇਰੀ ਉਮਰ ਦੇ ਸਾਲ ਇਸ ਸੱਚ ਨੂੰ ਵੇਖਣ ਲਈ ਠਹਿਰ ਕਿਉਂ ਨਹੀਂ ਜਾਂਦੇ। ਮੇਰੀ ਉਮਰ ਦਿਲ ਦਾ ਸਾਥ ਨਹੀਂ ਦੇ ਰਹੀ। ਆਪਣੀ ਉਮਰ ਦੇ ਇੰਨੇ ਵਰ੍ਹਿਆਂ ਦਾ ਬੋਝ ਮੇਰੇ ਕੋਲੋਂ ਸਹਿਣ ਨਹੀਂ ਹੁੰਦਾ।”

ਇਹ ਗੱਲ ਉਨ੍ਹਾਂ ਨੇ ਆਪਣੀਆਂ ਚਿੱਠੀਆਂ ‘ਚ ਵਾਰ-ਵਾਰ ਕਹੀ ਹੈ। 1 ਫਰਵਰੀ 1960 ਨੂੰ ਲਿਖੇ ਆਪਣੇ ਖ਼ਤ ’ਚ ਅੰਮ੍ਰਿਤਾ ਕਹਿੰਦੇ ਹਨ, “ਤੁਸੀਂ ਮੈਨੂੰ ਜ਼ਿੰਦਗੀ ਦੀ ਸ਼ਾਮ ’ਚ ਕਿਉਂ ਮਿਲੇ। ਜ਼ਿੰਦਗੀ ਦਾ ਸਫ਼ਰ ਖ਼ਤਮ ਹੋਣ ਵਾਲਾ ਹੈ। ਜੇਕਰ ਤੁਹਾਨੂੰ ਮਿਲਣਾ ਹੀ ਸੀ ਤਾਂ ਜ਼ਿੰਦਗੀ ਦੀ ਦੁਪਿਹਰ ’ਚ ਮਿਲਦੇ। ਉਸ ਦੁਪਹਿਰ ਦਾ ਸੇਕ ਤਾਂ ਦੇਖ ਲੈਂਦੇ।”

ਇਮਰੋਜ਼ ਵੱਲੋਂ ਅੰਮ੍ਰਿਤਾ ਨੂੰ ਦਿੱਤੇ ਬੇਸ਼ੁਮਾਰ ਨਾਮ

ਇਮਰੋਜ਼ ਅੰਮ੍ਰਿਤਾ ਨੂੰ ਬਥੇਰੇ ਨਾਵਾਂ ਨਾਲ ਬੁਲਾਂਉਦੇ ਰਹਿੰਦੇ। ਕਦੇ ‘ਆਸ਼ੀ’ ਕਹਿੰਦੇ ਤੇ ਕਦੇ ‘ਬਰਕਤ’।

ਇਮਰੋਜ਼ ਨੂੰ ਜੋ ਵੀ ਸੋਹਣਾ ਲੱਗਦਾ, ਉਸ ਨਾਮ ਨਾਲ ਅੰਮ੍ਰਿਤਾ ਨੂੰ ਬੁਲਾਉਣ ਲੱਗਦੇ। ਜੋ ਵੀ ਪਸੰਦ ਆਉਂਦਾ, ਉਹਦੇ ਨਾਮ ’ਤੇ ਅੰਮ੍ਰਿਤਾ ਦਾ ਨਾਮ ਰੱਖ ਦਿੰਦੇ।

ਜਦੋਂ ਉਨ੍ਹਾਂ ਨੇ ‘ਜ਼ੋਰਬਾ ਦਾ ਗ੍ਰੀਕ’ ਨਾਵਲ ਪੜਿਆ ਤਾਂ, ਉਹ ਅੰਮ੍ਰਿਤਾ ਨੂੰ ‘ਜ਼ੋਰਬੀ’ ਕਹਿਣ ਲੱਗੇ। ਜਦੋਂ ਸਪੈਨਿਸ਼ ਆਰਟਿਸਟ ਗੋਯਾ ’ਤੇ ਲਿਖਿਆ ਨਾਵਲ ‘ਦਿ ਨੇਕਿਡ ਮਾਜਾ’ ਪੜ੍ਹਿਆ ਤਾਂ ਕਿੰਨੀ ਦੇਰ ਅੰਮ੍ਰਿਤਾ ਨੂੰ ‘ਮਾਜਾ’ ਕਹਿਣ ਲੱਗੇ।

ਇੱਕ ਵਾਰ ਇਮਰੋਜ਼ ਨੇ ਹੱਸਦਿਆਂ ਅੰਮ੍ਰਿਤਾ ਨੂੰ ਪੁੱਛਿਆ ਕਿ ਤੁਸੀਂ ਕਿਸ ’ਤੇ ਗਏ ਹੋ ਤਾਂ ਅੰਮ੍ਰਿਤਾ ਨੇ ਫੱਟ ਜਵਾਬ ਦਿੱਤਾ, ‘ਖ਼ੁਦਾ ਤੇ’। ਉਸ ਵੇਲੇ ਤੋਂ ਇਮਰੋਜ਼ ਉਨ੍ਹਾਂ ਨੂੰ ‘ਖ਼ੁਦਾ’ ਕਹਿਣ ਲੱਗੇ।

ਫਿਰ ਅੰਮ੍ਰਿਤਾ ਨੇ ਵੀ ਇਮਰੋਜ਼ ਨੂੰ ਕਈ ਨਾਮ ਦਿੱਤੇ। ਅੰਮ੍ਰਿਤਾ ਵੱਲੋਂ ਇਮਰੋਜ਼ ਨੂੰ ਲਿਖੀਆਂ ਚਿੱਠੀਆਂ ’ਚ ਉਹ ਅਕਸਰ ਵੱਖ-ਵੱਖ ਨਾਮਾਂ ਨਾਲ ਸੰਬੋਧਨ ਕਰਦੇ।

ਕਦੇ ‘ਜੀਤੀ’ ਕਹਿੰਦੇ ਤੇ ਕਦੇ ‘ਇਮਵਾ’। ਕਦੇ ‘ਮੇਰੇ ਮਜ਼ਹਬ, ਮੇਰੀ ਇਮਾਨ’ ਕਹਿੰਦੇ ਤਾਂ ਕਦੇ ‘ਮੇਰੀ ਤਕਦੀਰ’, ‘ਜ਼ਾਲਿਮ’, ‘ਮੇਰੇ ਯਕੀਨ’, ‘ਮੇਰੇ ਬਾਦਬਾਂ’ ਕਹਿੰਦੇ।

‘ਮੈਂ ਪਾਗਲ ਹਾਂ ਤੇ ਤੂੰ ਸ਼ਾਇਰਾ’

ਇਮਰੋਜ਼ ਨੂੰ ਲੱਗਦਾ ਸੀ ਕਿ ਉਨ੍ਹਾਂ ਦੋਹਾਂ ਦਰਮਿਆਨ ਦੂਰੀ ਅੰਮ੍ਰਿਤਾ ਦੀ ਹੀ ਸਿਰਜੀ ਹੈ। 21 ਫਰਵਰੀ 1960 ਨੂੰ ਉਹ ਆਪਣੇ ਇਸ ਦੁਖ਼ ਨੂੰ ਬਿਆਨ ਕਰਦਿਆਂ ਕੁਝ ਇੰਝ ਲਿੱਖਦੇ ਹਨ...

ਇਸ ਦੇ ਜਵਾਬ ’ਚ ਅੰਮ੍ਰਿਤਾ ਚਿੱਠੀ ਲਿਖਦਿਆਂ ਕਹਿੰਦੇ ਹਨ, “ਮੈਨੂੰ ਸ਼ੋਹਰਤ ਪਿਆਰੀ ਨਹੀਂ, ਜੋ ਬਿਰਹਾ ਦੇ ਗੀਤਾਂ ਤੋਂ ਮਿਲੀ ਹੈ। ਮੈਂ ਜ਼ਿੰਦਗੀ ਦੇ ਉਸ ਜਲਵੇ ਦਾ ਇੰਤਜ਼ਾਰ ਕਰਦੀ ਹਾਂ, ਜੋ ਮੇਰੀ ਮੰਜ਼ਿਲ ਮੈਨੂੰ ਦਿਖਾਵੇਗੀ।”

“ਮੈਨੂੰ ਲੱਗਦਾ ਹੈ, ਜਿਵੇਂ ਸਾਹਿਰ ਦੀ ਮੁਹੱਬਤ ਦੇ 14 ਸਾਲ ਵੀ ਤੁਹਾਡੇ ਤੱਕ ਪੁੱਜਣ ਦੀ ਇੱਕ ਰਾਹ ਸੀ।”

ਇੱਕ ਛੱਤ ਹੇਠਾਂ ਦੋਹਾਂ ਦਾ ਰਹਿਣਾ

ਉਮਾ ਤ੍ਰਿਲੋਕ ਆਪਣੀ ਕਿਤਾਬ ‘ਖ਼ਤੋਂ ਕਾ ਸਫ਼ਰਨਾਮਾ’ ’ਚ ਲਿੱਖਦੇ ਹਨ ਕਿ ਨਵੰਬਰ 1960 ਤੋਂ ਦਸੰਬਰ 1963 ਤੱਕ ਅੰਮ੍ਰਿਤਾ ਇਮਰੋਜ਼ ਤੋਂ ਨਾਰਾਜ਼ ਰਹੇ।

ਅੰਮ੍ਰਿਤਾ ਨੇ 1961 ’ਚ ਦਿੱਲੀ ਦੇ ਹੌਜ਼ ਖ਼ਾਸ ’ਚ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ। ਦੋਹੇਂ ਘਰ ਬਣਦਾ ਦੇਖਦੇ ਰਹੇ। 1962 ’ਚ ਅੰਮ੍ਰਿਤਾ ਆਪਣੇ ਇਸ ਨਵੇਂ ਘਰ ’ਚ ਰਹਿਣ ਲੱਗੇ।

ਫਿਰ 8 ਜਨਵਰੀ 1964 ਨੂੰ ਦੋਹੇਂ ਉਸ ਘਰ ’ਚ ਨਾਲ-ਨਾਲ ਰਹਿਣ ਲੱਗੇ।

ਅੰਮ੍ਰਿਤਾ-ਇਮਰੋਜ਼ ਦੀਆਂ ਚਿੱਠੀਆਂ ਦਾ ਅੰਗਰੇਜ਼ੀ ਵਿੱਚ ਤਰਜੁਮਾ ਕਰਨ ਵਾਲੇ ਅਰਵਿੰਦਰ ਕੌਰ ਕਹਿੰਦੇ ਹਨ ਕਿ ਇਹ ਫੈਸਲਾ ਉਨ੍ਹਾਂ ਲਈ ਆਸਾਨ ਨਹੀਂ ਰਿਹਾ ਹੋਵੇਗਾ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਜ਼ਰਾ ਸੋਚੋ, ਉਸ ਵਕਤ ਦੋਹਾਂ ਨੇ ਬਿਨਾਂ ਵਿਆਹ ਤੋਂ ਇਕੱਠਿਆਂ ਰਹਿਣ ਦਾ ਫੈਸਲਾ ਕੀਤਾ। ਅੰਮ੍ਰਿਤਾ ਦੇ ਬੱਚੇ ਅਕਸਰ ਇਮਰੋਜ਼ ਕੋਲ ਰਹਿੰਦੇ ਸਨ। ਉਨ੍ਹਾਂ ਨੇ ਸਮਾਜ ਦੇ ਬੰਧਨਾਂ ਨੂੰ ਕਦੇ ਖ਼ੁਦ ’ਤੇ ਹਾਵੀ ਨਹੀਂ ਕੀਤਾ।”

ਜਦੋਂ ਇਮਰੋਜ਼ ਅੰਮ੍ਰਿਤਾ ਦੀ ਆਦਤ ਬਣ ਗਏ

ਰੋਜ਼ੀ-ਰੋਟੀ ਲਈ ਇਮਰੋਜ਼ ਨੂੰ ਦਿੱਲੀ ਛੱਡ ਕੇ ਕਈ ਵਾਰ ਬੰਬਈ ਜਾਣਾ ਪੈਂਦਾ ਸੀ। ਇਮਰੋਜ਼ ਉੱਥੇ ਬੰਬਈ ’ਚ ਇਕੱਲੇ ਅਤੇ ਅੰਮ੍ਰਿਤਾ ਇੱਥੇ ਦਿੱਲੀ ’ਚ।

26 ਸਤੰਬਰ 1968 ਨੂੰ ਅੰਮ੍ਰਿਤਾ ਵੱਲੋਂ ਇਮਰੋਜ਼ ਨੂੰ ਲਿਖਿਆ ਖ਼ਤ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੰਮ੍ਰਿਤਾ ਨੂੰ ਇਮਰੋਜ਼ ਤੋਂ ਦੂਰੀ ਬਰਦਾਸ਼ਤ ਨਹੀਂ ਹੁੰਦੀ ਸੀ।

ਉਹ ਲਿਖਦੇ ਹਨ,

‘ਖੁਸ਼ਨਸੀਬ ਰੂਹ ਨੇ ਆਪਣਾ ਮੁਕਾਮ ਪਾ ਲਿਆ’

ਉਮਾ ਤ੍ਰਿਲੋਕ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਜਦੋਂ ਆਪਣੇ ਆਖ਼ਰੀ ਵੇਲੇ ਅੰਮ੍ਰਿਤਾ ਬਹੁਤ ਬਿਮਾਰ ਹੋ ਗਏ ਤਾਂ, ਫਿਰ ਸ਼ੁਰੂ ਹੋਈ ਇਮਰੋਜ਼ ਦੀ ਤੀਮਾਰਦਾਰੀ।

ਇਮਰੋਜ਼ ਨੇ ਉਨ੍ਹਾਂ ਨੂੰ ਬੱਚਿਆਂ ਦੀ ਤਰ੍ਹਾਂ ਸੰਭਾਲਿਆ, ਹੱਥਾਂ ਨਾਲ ਖਿਲਾਇਆ, ਹੱਥੀਂ ਸਾਰੇ ਕੰਮ ਕੀਤੇ ਅਤੇ ਅੰਮ੍ਰਿਤਾ ਨੇ ਉਨ੍ਹਾਂ ਦੇ ਹੱਥਾਂ ’ਚ ਹੀ ਦਮ ਤੋੜ ਦਿੱਤਾ।

ਇਮਰੋਜ਼ ਨੇ ਕਿਹਾ ਕਿ ਇੱਕ ਖੁਸ਼ਨਸੀਬ ਰੂਹ ਨੇ ਆਪਣਾ ਮੁਕਾਮ ਪਾ ਲਿਆ।

ਉਨ੍ਹਾਂ ਕਿਹਾ, “ਅੰਮ੍ਰਿਤਾ ਮਰੀ ਨਹੀਂ ਹੈ, ਇਮਰੋਜ਼ ਦੀ ਹਸਤੀ ’ਚ ਅੰਮ੍ਰਿਤਾ ਕਾਇਮ ਹੈ ਅਤੇ ਹਮੇਸ਼ਾ ਰਹੇਗੀ।”

ਇੱਕ ਬੇਬਾਕ ਅਤੇ ਬਹਾਦੁਰ ਔਰਤ

‘ਅੰਮ੍ਰਿਤਾ ਐਂਡ ਇਮਰੋਜ਼ ਇਨ ਦਾ ਟਾਇਮਜ਼ ਆਫ਼ ਲਵ ਐਂਡ ਲੌਂਗਿੰਗ’ ਦੀ ਲੇਖਿਕਾ ਅਰਵਿੰਦਰ ਕੌਰ ਕਹਿੰਦੇ ਹਨ ਕਿ ਅੰਮ੍ਰਿਤਾ ਇੱਕ ਬੇਬਾਕ ਔਰਤ ਸਨ। ਦੋਹਾਂ ਨੇ ਹੀ ਸਮਾਜ ਨੂੰ ਇੱਕ ਪਾਸੇ ਰੱਖ ਕੇ ਆਪਣਾ ਰਿਸ਼ਤਾ ਨਿਭਾਇਆ।

ਅਰਵਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਇਕ ਦੂਜੇ ਨੂੰ ਪੂਰੀ ਸਪੇਸ ਦਿੰਦੇ ਸੀ ਅਤੇ ਇੱਕ ਦੂਜੇ ਦੇ ਕੰਮ ਅਤੇ ਕਲਾ ਦੀ ਕਦਰ ਕਰਦੇ ਸਨ। ਉਨ੍ਹਾਂ ਨੇ ਕਦੇ ਇੱਕ-ਦੂਜੇ ਤੇ ਹੱਕ ਨਹੀਂ ਜਤਾਇਆ ਬਲਕਿ ਇੱਕ-ਦੂਜੇ ਲਈ ਬਿਨਾਂ ਕਿਸੇ ਲਾਲਚ ਤੋਂ ਥੰਮ ਵਾਂਗ ਖੜ੍ਹੇ ਰਹੇ।

“ਆਲ ਇੰਡੀਆ ਰੇਡੀਓ ਦੇ ਦਫ਼ਤਰ ਸਕੂਟਰ ’ਤੇ ਜਾਂਦਿਆਂ ਅੰਮ੍ਰਿਤਾ ਅਕਸਰ ਇਮਰੋਜ਼ ਦੀ ਪਿੱਠ ’ਤੇ ਸਾਹਿਰ-ਸਾਹਿਰ ਲਿੱਖਦੀ ਰਹਿੰਦੇ, ਪਰ ਇਮਰੋਜ਼ ਨੇ ਕਦੇ ਇਸ ਨੂੰ ਆਪਣੇ ਇਬਾਦਤੀ ਪਿਆਰ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ।”