ਧਰਮ ਯੁੱਧ ਮੋਰਚਾ ਕੀ ਸੀ ਜਿਸ ਨੇ ਅਕਾਲੀਆਂ ਤੇ ਭਿੰਡਰਾਂਵਾਲੇ ਨੂੰ ਇਕੱਠੇ ਕੀਤਾ, ਪਰ ਨਤੀਜਾ ਕੀ ਨਿਕਲਿਆ?

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਇਹ 1980ਵਿਆਂ ਦਾ ਦੌਰ ਸੀ, ਜਦੋਂ ਹਰਚੰਦ ਸਿੰਘ ਲੌਂਗੋਵਾਲ, ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਦੇਵ ਸਿੰਘ ਤਲਵੰਡੀ ਆਪੋ-ਆਪਣੇ ਪੱਧਰ 'ਤੇ ਪੰਜਾਬ ਦੇ ਪਾਣੀਆਂ ਅਤੇ ਹੋਰ ਮੰਗਾਂ ਲਈ ਲੜ ਰਹੇ ਸਨ, ਹਲਾਂਕਿ, 'ਸਾਰੀਆਂ ਧਿਰਾਂ ਸਫ਼ਲਤਾਂ ਤੋਂ ਦੂਰ' ਸਨ।

ਪਰ ਫ਼ਿਰ 4 ਅਗਸਤ, 1982 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ 'ਧਰਮ ਯੁੱਧ ਮੋਰਚਾ' ਸ਼ੁਰੂ ਕੀਤਾ। ਜੋ ਕਰੀਬ ਪੌਣੇ ਦੋ ਸਾਲ ਤੱਕ ਚਲਿਆ।

ਇਸ ਦੇ 15 ਨੁਕਤੀ ਡਿਮਾਂਡ ਚਾਰਟਰ ਵਿੱਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ, ਪਾਣੀਆਂ ਦੇ ਮਸਲੇ ਦਾ ਹੱਲ ਅਤੇ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਨਾ ਸ਼ਾਮਿਲ ਸੀ।

1 ਨਵੰਬਰ, 1966 ਨੂੰ ਭਾਸ਼ਾ ਦੇ ਅਧਾਰ 'ਤੇ ਸਥਾਪਤ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਸਨ।

'ਧਰਮ ਯੁੱਧ ਮੋਰਚੇ' ਬਾਰੇ ਅਕਾਲੀ ਦਲ ਦੇ ਇੱਕ ਬੁਲਾਰੇ ਦੇ ਬਿਆਨ ਨੂੰ 'ਦਿ ਟਰੁੱਥ ਅਬਾਊਟ ਪੰਜਾਬ-ਐੱਸਜੀਪੀਸੀ 'ਵਾਈਟ ਪੇਪਰ' ਨਾਂ ਦੀ ਕਿਤਾਬ ਵਿੱਚ ਡਾ. ਗੁਰਦਰਸ਼ਨ ਢਿੱਲੋਂ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ: ''ਸਾਡੀ ਕੌਮੀ ਪਰੰਪਰਾ ਦੇ ਅਨੁਸਾਰ, ਆਪਣੇ ਜਾਇਜ਼ ਅਧਿਕਾਰਾਂ ਲਈ ਲੜਾਈ 'ਧਰਮ ਯੁੱਧ' ਤੋਂ ਇਲਾਵਾ ਹੋਰ ਕੁਝ ਨਹੀਂ ਹੈ।''

ਇਹ 'ਧਰਮ ਯੁੱਧ ਮੋਰਚਾ' ਕੀ ਸੀ ਜਿਸ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਦੌਰ ਚੱਲਿਆ, ਫ਼ਿਰਕੂ ਹਿੰਸਾ ਦੀ ਹਨ੍ਹੇਰੀ ਵਗੀ, ਆਪ੍ਰੇਸ਼ਨ ਬਲੂ ਸਟਾਰ ਵਾਪਰਿਆ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ?

ਧਰਮ ਯੁੱਧ ਮੋਰਚਾ ਕੀ ਸੀ?

8 ਅਪ੍ਰੈਲ, 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਸਮਾਗਮ ਪਟਿਆਲਾ ਦੇ ਕਪੂਰੀ ਪਿੰਡ ਵਿਖੇ ਹੋਇਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ 24 ਅਪ੍ਰੈਲ, 1982 ਨੂੰ ਕਪੂਰੀ ਵਿੱਚ 'ਨਹਿਰ ਰੋਕੋ ਮੋਰਚਾ' ਸ਼ੁਰੂ ਕਰ ਦਿੱਤਾ ਗਿਆ।

'ਦਿ ਟਰੁੱਥ ਅਬਾਊਟ ਪੰਜਾਬ-ਐੱਸਜੀਪੀਸੀ 'ਵਾਈਟ ਪੇਪਰ'' ਅਨੁਸਾਰ 13 ਅਪ੍ਰੈਲ 1981 ਤੋਂ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਪੰਜਾਬ ਨੂੰ ਵਧੇਰੇ ਅਧਿਕਾਰਾਂ ਦੇਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਜਿਸ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ।

ਦੂਜੇ ਪਾਸੇ ਜੁਲਾਈ 17, 1982 ਤੋਂ ਦਮਦਮੀ ਟਕਸਾਲ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਸੰਘਰਸ਼ ਸੁਰੂ ਕਰ ਦਿੱਤਾ ਸੀ।

ਇਸ ਦੌਰ ਦੀ ਰਿਪੋਰਟਿੰਗ ਕਰਨ ਵਾਲੇ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, ''ਟਕਸਾਲ ਮੈਂਬਰ ਥਾਰਾ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਧਰਮ ਯੁੱਧ ਮੋਰਚੇ ਵਿੱਚ ਮਹਿਤਾ ਚੌਂਕ ਤੋਂ ਆ ਗਏ ਅਤੇ ਉਹਨਾਂ ਨੇ ਬੰਦੇ ਭੇਜਣੇ ਸ਼ੁਰੂ ਕਰ ਦਿੱਤੇ।''

ਉਹ ਦੱਸਦੇ ਹਨ, ''ਸਾਰੀਆਂ ਧਿਰਾਂ ਨੇ ਵਿਚਾਰ ਚਰਚਾ ਤੋਂ ਬਾਅਦ ਸਾਂਝਾ ਸੰਘਰਸ਼ ਲੜਨ ਦਾ ਫੈਸਲਾ ਲਿਆ।''

ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, ''ਪਾਣੀਆਂ ਦੇ ਮਸਲਿਆਂ ਦੀ ਲੜਾਈ ਸਮੇਂ ਅਕਾਲੀਆਂ ਦੇ ਨਾਲ-ਨਾਲ ਪੰਜਾਬ ਦੀਆਂ ਖੱਬੀਆਂ ਧਿਰਾਂ ਵੀ ਲੜ ਰਹੀਆਂ ਸਨ।''

'ਪੰਜਾਬ: ਜਰਨੀਜ਼ ਥਰੂ ਫਾਲਟ ਲਾਇਨਜ਼' ਨਾਂ ਦੀ ਕਿਤਾਬ ਦੇ ਲੇਖਕ ਅਮਨਦੀਪ ਸੰਧੂ ਕਹਿੰਦੇ ਹਨ, ''ਸ਼ੁਰੂਆਤ ਪਾਣੀ ਦੇ ਮਸਲੇ ਤੋਂ ਹੋਈ ਸੀ ਪਰ ਫ਼ਿਰ ਭਿੰਡਰਾਂਵਾਲੇ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ 'ਤੇ ਜ਼ੋਰ ਦਿੱਤਾ।''

ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਲਈ ਵਧੇਰੇ ਅਧਿਕਾਰਾਂ ਦੀ ਮੰਗ ਕਰਦਾ ਸੀ।

ਮੋਰਚਾ ਕਿਵੇਂ ਕੰਮ ਕਰਦਾ ਸੀ?

ਬੀਬੀਸੀ ਨਿਊਜ਼ ਦੇ ਪੱਤਰਕਾਰ ਮਾਰਕ ਟਲੀ ਅਤੇ ਸਤੀਸ਼ ਜੈਕਬ ਨੇ ਵੀ ਇਸ ਦੌਰ ਦੀ ਰਿਪੋਰਟਿੰਗ ਕੀਤੀ ਹੈ। ਦੋਵਾਂ ਨੇ 'ਅੰਮ੍ਰਿਤਸਰ ਮਿਸਜ਼ ਇੰਦਰਾਜ਼ ਲਾਸਟ ਬੈਟਲ' ਨਾਂ ਦੀ ਕਿਤਾਬ ਵੀ ਲਿਖੀ ਹੈ।

ਧਰਮ ਯੁੱਧ ਮੋਰਚੇ ਬਾਰੇ ਉਹ ਲਿਖਦੇ ਹਨ, ''ਭਿੰਡਰਾਂਵਾਲੇ ਨੇ ਐਲਾਨ ਕੀਤਾ ਕਿ ਅਮਰੀਕ ਸਿੰਘ ਦੀ ਰਿਹਾਈ ਲਈ ਉਹਨਾਂ ਦਾ ਮੋਰਚਾ ਅਕਾਲੀ ਮੋਰਚੇ ਵਿੱਚ ਸ਼ਾਮਲ ਹੋ ਰਿਹਾ ਹੈ।''

ਲੌਂਗੋਵਾਲ ਇਸ ਮੋਰਚੇ ਦੇ ਡਿਕਟੇਟਰ (ਸੰਚਾਲਕ) ਸਨ। ਹਲਾਂਕਿ, ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਭਿੰਡਰਾਂਵਾਲੇ ਦੇ ਮੋਰਚੇ ਵਿੱਚ ਪਹੁੰਚਣ ਕਾਰਨ ਅਕਾਲੀਆਂ ਅੰਦਰ ਮੋਰਚਾ ਹੱਥੋਂ ਨਿਕਲਣ ਦੇ ਡਰ ਦੀ ਭਾਵਨਾ ਆਉਣ ਲੱਗੀ।

ਮੋਰਚੇ ਬਾਰੇ ਮਾਰਕ ਟਲੀ ਅਤੇ ਸਤੀਸ਼ ਜੈਕਬ ਲਿਖਦੇ ਹਨ, ''ਨਵਾਂ ਮੋਰਚਾ ਬਹੁਤ ਸਫਲ ਰਿਹਾ। ਇੱਕ ਵਾਰ ਫਿਰ ਸੈਂਕੜੇ ਸਿੱਖ ਹਰ ਰੋਜ਼ ਹਰਿਮੰਦਰ ਸਾਹਿਬ ਦੇ ਅੰਦਰ ਇਕੱਠੇ ਹੁੰਦੇ ਸਨ। ਲੌਂਗੋਵਾਲ ਲਗਭਗ ਹਰ ਰੋਜ਼ ਬੋਲਦੇ ਸਨ, ਭਿੰਡਰਾਂਵਾਲੇ ਕਦੇ-ਕਦੇ ਬੋਲਦੇ।''

ਉਹ ਲਿਖਦੇ ਹਨ, ''ਦੋ ਮਹੀਨਿਆਂ ਦੇ ਅੰਦਰ-ਅੰਦਰ ਜੇਲ੍ਹਾਂ ਭਰ ਗਈਆਂ। ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਵਿਸ਼ੇਸ਼ ਜੇਲ੍ਹਾਂ ਸਥਾਪਤ ਕਰਨੀਆਂ ਪਈਆਂ।''

'ਦਿ ਟਰੁੱਥ ਅਬਾਊਟ ਪੰਜਾਬ-ਐੱਸਜੀਪੀਸੀ 'ਵਾਈਟ ਪੇਪਰ' ਮੁਤਾਬਕ, ''ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਔਸਤਨ ਪੰਜ ਸੌ ਲੋਕ ਦਰਬਾਰ ਸਾਹਿਬ ਜਾਂਦੇ ਸਨ। ਸੰਗਤ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਦੇ ਸਨ।''

''11 ਸਤੰਬਰ 1982 ਨੂੰ, 34 ਅੰਦੋਲਨਕਾਰੀ ਉਸ ਸਮੇਂ ਮਾਰੇ ਗਏ ਸਨ, ਜਦੋਂ ਇੱਕ ਬੱਸ, ਜਿਸ ਵਿੱਚ ਉਨ੍ਹਾਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ, ਉਹ ਅੰਮ੍ਰਿਤਸਰ ਦੇ ਨੇੜੇ ਇੱਕ ਰੇਲਗੱਡੀ ਨਾਲ ਟਕਰਾ ਗਈ। ਇਸ ਘਟਨਾ ਨੇ ਪੰਜਾਬ ਵਿੱਚ ਬਹੁਤ ਹੰਗਾਮਾ ਮਚਾ ਦਿੱਤਾ।''

ਹਿੰਸਾ ਦੀ ਸ਼ੁਰੂਆਤ

ਇਸ ਦੌਰਾਨ ਅਕਾਲੀ ਦਲ ਨੇ ਸੜਕਾਂ 'ਤੇ ਉੱਤਰਨ ਦਾ ਐਲਾਨ ਕਰ ਕੀਤਾ।

ਢਿੱਲੋਂ ਲਿਖਦੇ ਹਨ, ''ਮੋਰਚੇ ਦੀ ਹੌਲੀ ਰਫ਼ਤਾਰ ਕਾਰਨ ਅਕਾਲੀ ਦਲ ਦਬਾਅ ਹੇਠ ਆ ਗਿਆ। ਜਨਤਾ ਬੇਚੈਨ ਹੋ ਗਈ ਅਤੇ ਨਤੀਜੇ ਚਾਹੁੰਦੀ ਸੀ। ਲੌਂਗੋਵਾਲ ਨੇ 4 ਅਪ੍ਰੈਲ, 1983 ਨੂੰ ਇੱਕ ਦਿਨ ਲਈ 'ਰਸਤਾ ਰੋਕੋ' ਅੰਦੋਲਨ ਦੇ ਨਿਰਦੇਸ਼ ਦਿੱਤੇ।''

ਉਹ ਲਿਖਦੇ ਹਨ ਕਿ ਇਸ ਦੌਰਾਨ ਹੋਈ 'ਹਿੰਸਾ ਵਿੱਚ 24 ਲੋਕ ਮਾਰੇ ਗਏ ਅਤੇ ਮਲੇਰਕੋਟਲਾ ਕੋਲ ਕੁਪ ਕਲਾਂ ਵਿੱਚ ਟਰੈਕਟਰਾਂ ਤੇ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ।'

ਇਸੇ ਦੌਰਾਨ 25 ਅਪ੍ਰੈਲ, 1983 ਨੂੰ ਜਲੰਧਰ ਰੇਂਜ ਦੇ ਡੀਆਈਜੀ ਏਐੱਸ ਅਟਵਾਲ ਦਾ ਹਰਮਿੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਆਉਂਦਿਆਂ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ।

ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ।

ਜਸਪਾਲ ਸਿੱਧੂ ਦੱਸਦੇ ਹਨ, ''ਮੋਰਚਾ ਸ਼ਾਂਤੀਪੂਰਵਕ ਚੱਲਿਆ ਪਰ ਨਾਲ ਦੀ ਨਾਲ ਸੰਤ ਭਿੰਡਰਾਂਵਾਲੇ ਨਾਲ ਕੁਝ ਹਥਿਆਰਬੰਦ ਬੰਦੇ ਜੁੜ ਗਏ ਜੋ ਐਕਸ਼ਨ (ਹਿੰਸਕ ਕਾਰਵਾਈਆਂ) ਕਰਕੇ ਦਰਬਾਰ ਸਾਹਿਬ ਅੰਦਰ ਆ ਜਾਂਦੇ ਸਨ।''

ਉਹ ਦੱਸਦੇ ਹਨ, ''ਇਸ ਦੌਰਾਨ ਹਰਿਆਣਾ ਅਤੇ ਰਾਜਸਥਾਨ ਵਿੱਚ ਗੁਰਦੁਆਰਿਆਂ ਉਪਰ ਹਮਲੇ ਹੋਏ, ਉਸ ਦੇ ਪ੍ਰਤੀਕਰਮ ਵਿੱਚ ਪੰਜਾਬ ਵਿੱਚ ਵੀ ਹਿੰਸਾ ਸ਼ੁਰੂ ਹੋ ਗਈ। ਇਸ ਦੌਰਾਨ ਹਿੰਦੂ-ਸਿੱਖਾਂ ਦੇ ਕਤਲ ਹੋਣ ਲੱਗੇ। ਹਾਲਾਂਕਿ, ਢਿੱਲਵਾਂ ਵਰਗੇ ਕਾਂਡ ਦੀ ਉਸ ਸਮੇਂ ਕਿਸੇ ਜ਼ਿੰਮੇਵਾਰੀ ਨਹੀਂ ਲਈ ਸੀ।''

ਡਾ. ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, ''ਦਰਅਸਲ, ਪੰਜਾਬ ਦੇ ਕਾਨੂੰਨੀ ਅਧਿਕਾਰ ਦੇ ਮਸਲੇ ਨੂੰ ਕਾਨੂੰਨ ਵਿਵਸਥਾ ਦੀ ਮੁੱਦਾ ਬਣਾ ਦਿੱਤਾ ਗਿਆ ਸੀ।''

ਜੂਨ 1984 ਵਿੱਚ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ।

ਅਪ੍ਰੈਲ ਅਤੇ ਮਈ 1985 ਵਿੱਚ ਸੀਨੀਅਰ ਅਕਾਲੀ ਆਗੂਆਂ ਦੀ ਜੇਲ੍ਹ ਤੋਂ ਰਿਹਾਈ ਬਾਅਦ ਨਵਾਂ ਅਧਿਆਇ ਸ਼ੁਰੂ ਹੋਇਆ। ਲੌਂਗੋਵਾਲ ਨੇ ਜੇਲ੍ਹ ਵਿੱਚੋਂ ਬਾਹਰ ਆ ਕੇ ਇਹ ਮੋਰਚਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।

ਮੋਰਚੇ 'ਚੋਂ ਕੀ ਨਿਕਲਿਆ?

ਸਰਕਾਰ ਮੁਤਾਬਕ ਆਪ੍ਰੇਸ਼ਨ ਬਲੂ ਸਟਾਰ ਦਾ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ।

ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਰਹੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ, ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ।

ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।

31 ਅਕਤੂਬਰ, 1984 ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਉਨ੍ਹਾਂ ਦੇ ਸਿੱਖ ਨਿੱਜੀ ਅੰਗ ਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ।

ਅਮਨਦੀਪ ਸੰਧੂ ਕਹਿੰਦੇ ਹਨ, ''ਮੋਰਚਾ ਹਰਚੰਦ ਸਿੰਘ ਲੌਂਗੋਵਾਲ ਦੇ ਹੱਥੋਂ ਨਿਕਲ ਕੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਥ ਚਲਾ ਗਿਆ ਸੀ। ਭਿੰਡਰਾਂਵਾਲੇ ਥੋੜੇ ਗਰਮ ਖ਼ਿਆਲੀ ਸੀ ਪਰ ਲੌਂਗੋਵਾਲ ਥੋੜੇ ਦਰਮਿਆਨੇ ਵਿਚਾਰਾਂ ਵਾਲੇ ਸਨ।''

ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, ''ਕਾਂਗਰਸ ਭਿੰਡਰਾਂਵਾਲੇ ਨੂੰ ਅਕਾਲੀਆਂ ਦੇ ਵਿਰੁੱਧ ਵਰਤਣਾ ਚਾਹੁੰਦੀ ਸੀ। ਛੇਤੀ ਹੀ ਲੌਂਗੋਵਾਲ ਅਤੇ ਭਿੰਡਰਾਂਵਾਲੇ ਵਿੱਚ ਮਤਭੇਦ ਹੋ ਗਏ। ਇਸ ਧਰਮ ਯੁੱਧ ਮੋਰਚੇ ਵਿੱਚੋਂ ਜ਼ਿਆਦਾ ਕੁਝ ਨਹੀਂ ਨਿਕਲਿਆ।''

ਅਮਨਦੀਪ ਸੰਧੂ ਮੁਤਾਬਕ, ''ਸਰਕਾਰਾਂ ਅਤੇ ਸੁਪਰੀਮ ਕੋਰਟ ਨੇ ਹਾਲੇ ਤੱਕ ਕੁਝ ਨਹੀਂ ਕੀਤਾ ਅਤੇ ਐੱਸ.ਵਾਈ.ਐੱਲ ਦਾ ਮੁੱਦਾ ਹਾਲੇ ਵੀ ਉਸੇ ਤਰ੍ਹਾਂ ਖੜ੍ਹਾ ਹੈ ਜੋ ਬਹੁਤ ਹੀ ਉਦਾਸ ਕਰਨ ਵਾਲਾ ਪੱਖ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)