You’re viewing a text-only version of this website that uses less data. View the main version of the website including all images and videos.
ਆਪ੍ਰੇਸ਼ਨ ਬਲੂ ਸਟਾਰ: ਜਦੋਂ ਇੱਕ ਕਾਂਗਰਸੀ ਆਗੂ ਨੇ ਇੰਦਰਾ ਗਾਂਧੀ ਨੂੰ ਅਬਦਾਲੀ ਦੇ ਹਮਲਿਆਂ ਦੇ ਨਤੀਜੇ ਚੇਤੇ ਕਰਵਾਏ ਸੀ, ਫੌਜ ਵੱਲੋਂ ਆਪ੍ਰੇਸ਼ਨ ਖਿਲਾਫ ਕੌਣ ਬੋਲਿਆ ਸੀ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਹਿਯੋਗੀ
25 ਮਈ, 1984 ਨੂੰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਖਰਕਾਰ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਸਿੱਖ ਕੱਟੜਪੰਥੀਆਂ ਨੂੰ ਹਟਾਉਣ ਲਈ ਫ਼ੌਜ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ।
ਇੰਦਰਾ ਗਾਂਧੀ ਨੇ ਫ਼ੌਜ ਮੁਖੀ ਜਨਰਲ ਏਐੱਸ ਵੈਦਿਆ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਵਧਾਨ ਰਹਿਣ ਕਿਉਂਕਿ ਪੰਜਾਬ ਪ੍ਰਸ਼ਾਸਨ ਉੱਥੋਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸੇ ਵੀ ਸਮੇਂ ਉਨ੍ਹਾਂ ਦੀ ਮਦਦ ਮੰਗ ਸਕਦਾ ਹੈ।
ਇੰਦਰਾ ਗਾਂਧੀ ਦੇ ਪ੍ਰਿੰਸੀਪਲ ਸੈਕਟਰੀ ਪੀਸੀ ਅਲੈਗਜ਼ੈਂਡਰ ਆਪਣੀ ਕਿਤਾਬ 'ਥਰੂ ਦ ਕਾਰੀਡੋਰਸ ਆਫ਼ ਪਾਵਰ' ਵਿੱਚ ਲਿਖਦੇ ਹਨ, "ਵੈਦਿਆ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਸ਼ਕਤੀ ਦਾ ਵੱਧ ਤੋਂ ਵੱਧ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਇਸਦੀ ਵਰਤੋਂ ਘੱਟ ਤੋਂ ਘੱਟ ਹੋਵੇਗੀ।"
"ਇੰਦਰਾ ਨੇ ਜਨਰਲ ਵੈਦਿਆ ਨੂੰ ਵਾਰ-ਵਾਰ ਕਿਹਾ ਕਿ ਤੁਹਾਡੇ ਆਪ੍ਰੇਸ਼ਨ ਨਾਲ ਗੁਰਦੁਆਰੇ ਅਤੇ ਖ਼ਾਸ ਕਰਕੇ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਮੈਂ ਇੱਥੇ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਫ਼ੌਜੀ ਆਪ੍ਰੇਸ਼ਨ ਜਿਸਦੀ ਪ੍ਰਧਾਨ ਮੰਤਰੀ ਨੇ 25 ਮਈ ਨੂੰ ਇਜਾਜ਼ਤ ਦਿੱਤੀ ਸੀ ਅਤੇ ਜਿਸ ਬਾਰੇ ਵੈਦਿਆ ਨੇ 27 ਮਈ ਨੂੰ ਸਾਡੇ ਨਾਲ ਚਰਚਾ ਕੀਤੀ ਸੀ, ਉਹ ਸਿਰਫ਼ ਗੁਰਦੁਆਰਿਆਂ ਦੀ ਘੇਰਾਬੰਦੀ ਕਰਨ ਅਤੇ ਕੱਟੜਪੰਥੀਆਂ ਨੂੰ ਬਾਹਰ ਕੱਢਣ ਤੱਕ ਸੀਮਤ ਸੀ।"
ਜਨਰਲ ਵੈਦਿਆ ਨੇ ਇੰਦਰਾ ਨੂੰ ਆਪਣੀ ਬਦਲੀ ਹੋਈ ਯੋਜਨਾ ਬਾਰੇ ਦੱਸਿਆ
ਚਾਰ ਦਿਨ ਬਾਅਦ, ਜਨਰਲ ਵੈਦਿਆ ਨੇ ਇੰਦਰਾ ਗਾਂਧੀ ਨਾਲ ਫ਼ੌਰਨ ਮੁਲਾਕਾਤ ਲਈ ਕਿਹਾ।
29 ਮਈ ਨੂੰ ਹੋਈ ਇਸ ਮੀਟਿੰਗ ਵਿੱਚ, ਉਨ੍ਹਾਂ ਪ੍ਰਧਾਨ ਮੰਤਰੀ ਨੂੰ ਆਪਣੀ ਬਦਲੀ ਹੋਈ ਯੋਜਨਾ ਅਤੇ ਇਸਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਮੀਟਿੰਗ ਵਿੱਚ ਰਾਮਨਾਥ ਕਾਓ (ਭਾਰਤੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਮੁਖੀ), ਪੀਸੀ ਅਲੈਗਜ਼ੈਂਡਰ ਅਤੇ ਰੱਖਿਆ ਰਾਜ ਮੰਤਰੀ ਕੇਪੀ ਸਿੰਘਦੇਵ ਵੀ ਮੌਜੂਦ ਸਨ।
ਜਨਰਲ ਵੈਦਿਆ ਨੇ ਕਿਹਾ, "ਘੇਰਾਬੰਦੀ ਦੀ ਯੋਜਨਾ ਹੋਰ ਸਾਰੇ ਗੁਰਦੁਆਰਿਆਂ 'ਤੇ ਲਾਗੂ ਕੀਤੀ ਜਾ ਸਕਦੀ ਹੈ ਪਰ ਹਰਿਮੰਦਰ ਸਾਹਿਬ 'ਤੇ ਨਹੀਂ। ਕੱਟੜਪੰਥੀਆਂ ਨੂੰ ਅਚਾਨਕ ਹਰਿਮੰਦਰ ਸਾਹਿਬ ਵਿੱਚ ਦਾਖਲ ਹੋ ਕੇ ਅਤੇ ਘੱਟੋ-ਘੱਟ ਤਾਕਤ ਦੀ ਵਰਤੋਂ ਕਰਕੇ ਕਾਬੂ ਕੀਤਾ ਜਾ ਸਕਦਾ ਹੈ।"
"ਫ਼ੌਜ ਦੇ ਕਮਾਂਡੋ ਇਸ ਕਾਰਵਾਈ ਨੂੰ ਇੰਨੀ ਜਲਦੀ ਅੰਜਾਮ ਦੇਣਗੇ ਕਿ ਅੱਤਵਾਦੀਆਂ ਨੂੰ ਸੋਚਣ ਦਾ ਸਮਾਂ ਨਹੀਂ ਮਿਲੇਗਾ ਅਤੇ ਮੰਦਰ ਦੀ ਇਮਾਰਤ ਨੂੰ ਵੀ ਨੁਕਸਾਨ ਨਹੀਂ ਪਹੁੰਚੇਗਾ।"
ਇੰਦਰਾ ਨੇ ਜਨਰਲ ਵੈਦਿਆ ਨੂੰ ਕਈ ਔਖੇ ਸਵਾਲ ਪੁੱਛੇ
ਪੀਸੀ ਅਲੈਗਜ਼ੈਂਡਰ ਲਿਖਦੇ ਹਨ, "ਯੋਜਨਾ ਵਿੱਚ ਇਸ ਅਚਾਨਕ ਤਬਦੀਲੀ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੈਰਾਨ ਰਹਿ ਗਏ। ਉਹ ਗੁਰਦੁਆਰੇ ਦੇ ਅੰਦਰ ਤਾਕਤ ਦੀ ਵਰਤੋਂ ਤੋਂ ਬਹੁਤ ਪਰੇਸ਼ਾਨ ਦਿਖਾਈ ਦਿੱਤੇ ਅਤੇ ਵੈਦਿਆ ਨੂੰ ਕਈ ਸਵਾਲ ਪੁੱਛੇ।"
"ਉਨ੍ਹਾਂ ਨੇ ਪੁੱਛਿਆ ਕਿ ਜੇਕਰ ਕੱਟੜਪੰਥੀ ਸਖ਼ਤ ਵਿਰੋਧ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਨਾਲ ਕਿਵੇਂ ਨਜਿੱਠੋਗੇ? ਉਹ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਕੱਟੜਪੰਥੀਆਂ ਨੂੰ ਕਾਬੂ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ? ਅਤੇ ਜੇਕਰ ਕੱਟੜਪੰਥੀ ਉਸ ਜਗ੍ਹਾ 'ਤੇ ਪਨਾਹ ਲੈਣ ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ ਤਾਂ ਤੁਸੀਂ ਕੀ ਕਰੋਗੇ?"
"ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਘੇਰਾਬੰਦੀ ਦੀ ਯੋਜਨਾ ਨੂੰ ਇੰਨੀ ਜਲਦੀ ਕਿਉਂ ਛੱਡਿਆ ਜਾ ਰਿਹਾ ਹੈ? ਇੰਦਰਾ ਗਾਂਧੀ ਨੇ ਜਨਰਲ ਵੈਦਿਆ ਨੂੰ ਇਸ ਕਾਰਵਾਈ ਵਿੱਚ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਵੀ ਸਵਾਲ ਕੀਤਾ।"
"ਉਹ ਜਨਰਲ ਵੈਦਿਆ ਤੋਂ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਕੀ ਇਸ ਤਰ੍ਹਾਂ ਦੀ ਕਾਰਵਾਈ ਦਾ ਭਾਰਤੀ ਫ਼ੌਜ ਵਿੱਚਲੇ ਸਿੱਖ ਫ਼ੌਜੀਆਂ ਦੀ ਵਫ਼ਾਦਾਰੀ ਅਤੇ ਅਨੁਸ਼ਾਸਨ 'ਤੇ ਕੋਈ ਅਸਰ ਪਵੇਗਾ?"
ਜਨਰਲ ਸੁੰਦਰਜੀ ਦੀ ਇੰਦਰਾ ਗਾਂਧੀ ਨਾਲ ਮੁਲਾਕਾਤ
ਚਾਰ ਦਿਨਾਂ ਬਾਅਦ, ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਸੁੰਦਰਜੀ ਦਿੱਲੀ ਆਏ ਅਤੇ ਇੰਦਰਾ ਗਾਂਧੀ ਨੂੰ ਮਿਲੇ। ਅਜਿਹਾ ਜ਼ਾਹਰ ਹੁੰਦਾ ਹੈ ਕਿ ਇਸ ਮਾਮਲੇ ਵਿੱਚ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਨਾਲੋਂ ਪੱਛਮੀ ਕਮਾਂਡ ਦੇ ਮੁਖੀ ਜਨਰਲ ਸੁੰਦਰਜੀ ਦੀ ਸਲਾਹ 'ਤੇ ਜ਼ਿਆਦਾ ਭਰੋਸਾ ਕੀਤਾ ਹੋਵੇ।
ਅੰਮ੍ਰਿਤਸਰ ਦੇ ਉਸ ਸਮੇਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਬਾਅਦ ਵਿੱਚ ਪੰਜਾਬ ਦੇ ਮੁੱਖ ਸਕੱਤਰ ਰਹੇ ਰਮੇਸ਼ ਇੰਦਰ ਸਿੰਘ ਆਪਣੀ ਕਿਤਾਬ 'ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ' ਵਿੱਚ ਲਿਖਦੇ ਹਨ, "ਸੁੰਦਰਜੀ ਨੇ ਇੱਕ ਤੇਜ਼ 'ਬਲਿਟਰਜ਼' ਦੀ ਵਕਾਲਤ ਕੀਤੀ, ਜਿਸਨੂੰ ਆਧੁਨਿਕ ਭਾਸ਼ਾ ਵਿੱਚ 'ਸਰਜੀਕਲ ਸਟ੍ਰਾਈਕ' ਕਿਹਾ ਜਾਂਦਾ ਹੈ ਅਤੇ ਸਿਆਸੀ ਅਗਵਾਈ ਨੇ ਇਸਨੂੰ ਸਵੀਕਾਰ ਕਰ ਲਿਆ।"
"ਸੁੰਦਰਜੀ ਨੂੰ ਇਸ ਆਪ੍ਰੇਸ਼ਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ ਕਿਉਂਕਿ, ਸਿਕੰਦਰ ਦੇ ਸ਼ਬਦਾਂ ਵਿੱਚ, 'ਇੰਦਰਾ ਗਾਂਧੀ ਜਰਨੈਲਾਂ ਦੇ ਪੇਸ਼ੇਵਰ ਫ਼ੈਸਲੇ ਦਾ ਸਤਿਕਾਰ ਕਰਦੇ ਸਨ।' ਸੁੰਦਰਜੀ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਆਤਮਕਥਾ ਵਿੱਚ, ਸੁੰਦਰਜੀ ਦੀ ਪਤਨੀ ਵਾਣੀ ਨੇ ਲਿਖਿਆ - 'ਜਦੋਂ ਸੁੰਦਰਜੀ ਇੰਦਰਾ ਨੂੰ ਮਿਲਣ ਤੋਂ ਬਾਅਦ ਸਵੇਰੇ 2 ਵਜੇ ਘਰ ਵਾਪਸ ਆਏ, ਤਾਂ ਉਨ੍ਹਾਂ ਨੇ ਮੈਨੂੰ ਸਿਰਫ਼ ਇਹ ਕਿਹਾ, 'ਇਟ ਇਜ਼ ਅ ਟਫ਼ ਵਨ (ਇਹ ਵਾਲਾ ਕੰਮ ਔਖਾ ਹੈ)'।"
ਚੀਫ਼ ਆਫ਼ ਕਮਾਂਡ ਦੀ ਉਲੰਘਣਾ
ਸੁੰਦਰਜੀ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਇੱਕ ਤੋਂ ਵੱਧ ਵਾਰ ਮਿਲੇ।
ਇਸ ਦੀ ਪੁਸ਼ਟੀ ਕਰਦੇ ਹੋਏ, ਉਸ ਸਮੇਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ, ਲੈਫਟੀਨੈਂਟ ਜਨਰਲ ਵੀਕੇ ਨਾਇਰ, ਆਪਣੀ ਕਿਤਾਬ 'ਫ੍ਰਾਮ ਫੈਟੀਗਜ਼ ਟੂ ਸਿਵਿਜ਼' ਵਿੱਚ ਲਿਖਦੇ ਹਨ, "ਜਨਰਲ ਸੁੰਦਰਜੀ ਅਤੇ ਉਨ੍ਹਾਂ ਦੇ ਚੀਫ਼ ਆਫ਼ ਸਟਾਫ ਜਨਰਲ ਦਿਆਲ ਨੂੰ ਕਈ ਵਾਰ ਪ੍ਰਧਾਨ ਮੰਤਰੀ ਦਫ਼ਤਰ ਤੋਂ ਬਾਹਰ ਆਉਂਦੇ ਦੇਖਿਆ ਗਿਆ, ਜਦੋਂ ਕਿ ਵੈਦਿਆ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸਨ।"
"ਰਾਜਨੀਤਿਕ ਲੀਡਰਸ਼ਿਪ ਚੀਫ਼ ਆਫ਼ ਕਮਾਂਡ ਉਲੰਘਣਾ ਕਰਦੇ ਹੋਏ, ਆਪ੍ਰੇਸ਼ਨਲ ਕਮਾਂਡਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ।"
"ਭਾਰਤ ਦੇ ਫ਼ੌਜੀ ਇਤਿਹਾਸ ਵਿੱਚ ਇਹ ਦੂਜੀ ਵਾਰ ਸੀ ਜਦੋਂ ਸਿਆਸੀ ਲੀਡਰਸ਼ਿਪ ਨੇ ਫ਼ੌਜ ਮੁਖੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇੱਕ ਜੂਨੀਅਰ ਜਨਰਲ ਨਾਲ ਸਲਾਹ ਕੀਤੀ ਅਤੇ ਦੋਵੇਂ ਵਾਰ ਫ਼ੌਜ ਨੂੰ ਮਾੜੇ ਨਤੀਜੇ ਭੁਗਤਣੇ ਪਏ।"
"ਪਹਿਲੀ ਵਾਰ ਅਜਿਹਾ 1962 ਵਿੱਚ ਚੀਨ ਨਾਲ ਜੰਗ ਦੌਰਾਨ ਹੋਇਆ ਸੀ, ਜਦੋਂ ਲੈਫ਼ਟੀਨੈਂਟ ਜਨਰਲ ਬੀਐੱਮ ਕੌਲ ਨੂੰ ਫ਼ੌਜ ਮੁਖੀ ਨਾਲੋਂ ਵੱਧ ਤਰਜੀਹ ਦਿੱਤੀ ਗਈ ਸੀ। ਦੂਜੀ ਵਾਰ ਇਹ ਆਪਰੇਸ਼ਨ ਬਲੂ ਸਟਾਰ ਦੌਰਾਨ ਹੋਇਆ ਸੀ।"
ਕਈ ਫੌਜੀ ਅਫਸਰਾਂ ਨੇ ਆਪ੍ਰੇਸ਼ਨ ਬਲੂ ਸਟਾਰ ਦਾ ਵਿਰੋਧ ਕੀਤਾ ਸੀ
ਉਸ ਸਮੇਂ, ਲੈਫ਼ਟੀਨੈਂਟ ਜਨਰਲ ਸੀਐੱਨ ਸੋਮੰਨਾ ਰੱਖਿਆ ਮਾਮਲਿਆਂ ਨਾਲ ਸਬੰਧਤ ਇੱਕ ਥਿੰਕ ਟੈਂਕ ਦੇ ਮੁਖੀ ਹੁੰਦੇ ਸਨ।
ਉਹ ਮੰਨਦੇ ਸਨ ਕਿ ਫ਼ੌਜ ਨੂੰ ਸਿਰਫ਼ ਪੇਸ਼ੇਵਰ ਕਾਰਨਾਂ ਕਰਕੇ ਪੰਜਾਬ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਮੇਜਰ ਜਨਰਲ ਵੀ.ਕੇ. ਨਾਇਰ ਦਾ ਇਹ ਵੀ ਮੰਨਣਾ ਸੀ ਕਿ ਪੰਜਾਬ ਵਿੱਚ ਇੱਕ ਧਾਰਮਿਕ- ਸਿਆਸੀ ਸਮੱਸਿਆ ਸੀ ਅਤੇ ਇਸਨੂੰ ਫ਼ੌਜੀ ਕਾਰਵਾਈ ਨਾਲ ਹੱਲ ਨਹੀਂ ਕੀਤਾ ਜਾ ਸਕਦਾ।"
"ਉਨ੍ਹਾਂ ਨੇ ਜਨਰਲ ਵੈਦਿਆ ਨੂੰ ਇੱਕ ਤੋਂ ਵੱਧ ਵਾਰ ਆਪਣੇ ਵਿਚਾਰ ਸਾਂਝੇ ਕੀਤੇ ਸਨ ਪਰ ਉਨ੍ਹਾਂ ਨੂੰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ।"
ਜਨਰਲ ਨਾਇਰ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਕਿਸੇ ਵੀ ਸੰਕਟ 'ਤੇ ਪ੍ਰਤੀਕਿਰਿਆ ਨਾ ਦੇਣਾ ਜਨਰਲ ਵੈਦਿਆ ਦੀ ਸ਼ਖਸੀਅਤ ਦੀ ਖ਼ਾਸੀਅਤ ਸੀ।"
"ਮੈਨੂੰ ਲੱਗਾ ਕਿ ਅਜਿਹੇ ਨਾਜ਼ੁਕ ਸਮੇਂ 'ਤੇ ਗ਼ਲਤ ਵਿਅਕਤੀ ਫ਼ੌਜ ਦੀ ਅਗਵਾਈ ਕਰ ਰਿਹਾ ਸੀ। ਉਹ ਇੱਕ ਅਜਿਹਾ ਵਿਅਕਤੀ ਸੀ ਜੋ ਬਿਨ੍ਹਾਂ ਸਵਾਲ ਕੀਤੇ ਆਪਣੀ ਸਿਆਸੀ ਲੀਡਰਸ਼ਿਪ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ।"
"ਉਨ੍ਹਾਂ ਕੋਲ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਵਰਗਾ ਕੱਦ ਅਤੇ ਹਿੰਮਤ ਨਹੀਂ ਸੀ, ਜਿਨ੍ਹਾਂ ਨੇ ਅਪ੍ਰੈਲ 1971 ਵਿੱਚ ਬੰਗਲਾਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਦੇ ਪ੍ਰਧਾਨ ਮੰਤਰੀ ਦੇ ਹੁਕਮ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਫ਼ੌਜ ਅਜੇ ਇਸ ਲਈ ਤਿਆਰ ਨਹੀਂ ਹੈ।"
"ਸ਼ਾਇਦ ਇਸ ਪਿੱਛੇ ਇਹ ਕਾਰਨ ਵੀ ਰਿਹਾ ਹੋਵੇ ਕਿ ਉਹ ਸਭ ਤੋਂ ਸੀਨੀਅਰ ਜਨਰਲ ਐੱਸਕੇ ਸਿਨਹਾ ਨੂੰ ਪਛਾੜ ਕੇ ਭਾਰਤ ਦੇ 13ਵੇਂ ਫ਼ੌਜ ਮੁਖੀ ਬਣੇ ਸਨ।"
'ਰੱਖਿਆ ਮੰਤਰਾਲਾ ਅਤੇ ਫੌਜ ਮੁਖੀ ਸਿਰਫ਼ ਦਰਸ਼ਕ ਹਨ'
ਜਦੋਂ ਇਹ ਤਕਰੀਬਨ ਤੈਅ ਹੋ ਗਿਆ ਸੀ ਕਿ ਫ਼ੌਜ ਨੂੰ ਪੰਜਾਬ ਭੇਜਿਆ ਜਾਵੇਗਾ, ਤਾਂ ਲੈਫਟੀਨੈਂਟ ਜਨਰਲ ਵੀਕੇ ਨਾਇਰ ਨੇ ਮਈ 1984 ਵਿੱਚ ਕਰਨਲ ਜੀਐੱਸ ਬੱਲ ਅਤੇ ਕਰਨਲ ਐੱਸਪੀ ਕਪੂਰ ਦੀ ਮਦਦ ਨਾਲ ਇੱਕ ਬਦਲਵੀਂ ਯੋਜਨਾ ਬਣਾਈ।
ਇਸ ਵਿੱਚ, ਫ਼ੌਜ ਨੂੰ ਇੱਕ ਕਾਰਜਸ਼ੀਲ ਸ਼ਕਤੀ ਦੀ ਬਜਾਇ ਇੱਕ ਮਨੋਵਿਗਿਆਨਕ ਹਥਿਆਰ ਵਜੋਂ ਵਰਤਿਆ ਜਾਣਾ ਸੀ। ਇਸ ਰਣਨੀਤੀ ਦਾ ਮਕਸਦ ਜਨਤਕ ਰਾਇ ਨੂੰ ਆਪਣੇ ਵੱਲ ਕਰਨਾ ਸੀ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਸੁੰਦਰਜੀ ਨੇ ਰੱਖਿਆ ਮੰਤਰਾਲੇ ਅਤੇ ਫ਼ੌਜ ਦੀ ਚੇਨ ਆਫ਼ ਕਮਾਂਡ ਦੇ ਪ੍ਰਸਤਾਵ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਸਿੱਧੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ। ਰੱਖਿਆ ਮੰਤਰਾਲਾ ਅਤੇ ਫ਼ੌਜ ਮੁਖੀ ਸਿਰਫ਼ ਦਰਸ਼ਕ ਬਣ ਕੇ ਖੜ੍ਹੇ ਰਹੇ।"
ਜਨਰਲ ਨਾਇਰ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਇਸ ਵਿਸ਼ੇ 'ਤੇ ਫ਼ੌਜ ਦੇ ਅੰਦਰ ਚਰਚਾ ਫ਼ਰਵਰੀ 1984 ਤੋਂ ਸ਼ੁਰੂ ਹੋ ਗਈ ਸੀ। ਸਾਰੀ ਜਾਣਕਾਰੀ ਇਕੱਠੀ ਕਰਨ ਅਤੇ ਇਸਦਾ ਮੁਲਾਂਕਣ ਕਰਨ ਤੋਂ ਬਾਅਦ, ਮੈਂ ਫ਼ੌਜ ਮੁਖੀ ਨੂੰ ਇੱਕ ਬੰਦ ਕਮਰੇ ਵਿੱਚ ਮਿਲਿਆ।"
"ਮੈਂ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਮਿਲਣ ਅਤੇ ਫ਼ੌਜ ਦੇ ਵਿਚਾਰਾਂ ਤੋਂ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਇਸ ਦੇ ਪਿੱਛੇ ਇੱਕ ਕਾਰਨ ਇਹ ਸੀ ਕਿ ਪੰਜਾਬ ਫ਼ੌਜ ਲਈ ਬਹੁਤ ਮਹੱਤਵਪੂਰਨ ਸੀ।"
ਫ਼ੌਜ ਭੇਜਣ ਤੋਂ ਇਲਾਵਾ ਹੋਰ ਬਦਲਾਂ 'ਤੇ ਵਿਚਾਰ
ਕੀ ਸਰਕਾਰ ਨੇ ਪੰਜਾਬ ਵਿੱਚ ਫ਼ੌਜ ਭੇਜਣ ਤੋਂ ਇਲਾਵਾ ਕਿਸੇ ਹੋਰ ਵਿਕਲਪ 'ਤੇ ਵਿਚਾਰ ਕੀਤਾ ਸੀ?
ਬੀਰਬਲ ਨਾਥ, ਜੋ ਉਸ ਸਮੇਂ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਨ, ਨੇ ਆਪਣੀ ਕਿਤਾਬ 'ਦਿ ਅਨਡਿਸਕਲੋਜ਼ਡ ਪੰਜਾਬ ਇੰਡੀਆ ਬੀਸੀਜ਼ਡ ਬਾਏ ਟੈਰਰ' ਵਿੱਚ ਖੁਲਾਸਾ ਕੀਤਾ ਸੀ, "ਸਰਕਾਰੀ ਹਲਕਿਆਂ ਵਿੱਚ ਭਿੰਡਰਾਂਵਾਲੇ ਨਾਲ ਨਜਿੱਠਣ ਲਈ ਇਜ਼ਰਾਈਲ ਵਰਗੀ ਯੋਜਨਾ 'ਤੇ ਵਿਚਾਰ ਕੀਤਾ ਜਾ ਰਿਹਾ ਸੀ।"
"ਇਸਦਾ ਸਾਰ ਇਹ ਸੀ ਕਿ ਇੱਕ ਸ਼ਾਰਪਸ਼ੂਟਰ ਭਿੰਡਰਾਂਵਾਲੇ ਨੂੰ ਦੂਰੋਂ ਨਿਸ਼ਾਨਾ ਬਣਾਏ, ਪਰ ਜਿਸ ਕੇਂਦਰੀ ਏਜੰਸੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਉਹ ਬਹਾਨਾ ਬਣਾ ਕੇ ਇਸ ਤੋਂ ਪਿੱਛੇ ਹਟ ਗਈ।"
ਬੀਰਬਲ ਨਾਥ ਨੇ ਇਸ ਲਈ ਪੈਸੇ ਦੇ ਬਦਲੇ ਕਿਸੇ ਵਿਦੇਸ਼ੀ ਤੋਂ ਮਦਦ ਲੈਣ ਦਾ ਪ੍ਰਸਤਾਵ ਵੀ ਰੱਖਿਆ ਸੀ, ਪਰ ਇਸ ਦੀ ਇਜਾਜ਼ਤ ਬਹੁਤ ਦੇਰ ਨਾਲ ਮਿਲੀ।
ਰਾਅ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਜੀਬੀਐੱਸ ਸਿੱਧੂ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇੱਕ ਬਹੁਤ ਹੀ ਗੁਪਤ ਹੈਲੀਬੋਰਨ ਆਪ੍ਰੇਸ਼ਨ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਸੀ ਜਿਸ ਵਿੱਚ ਭਿੰਡਰਾਂਵਾਲੇ ਨੂੰ ਹਰਿਮੰਦਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਤੋਂ ਅਗਵਾ ਕੀਤਾ ਜਾਣਾ ਸੀ।"
"ਇਸਨੂੰ ਆਪ੍ਰੇਸ਼ਨ 'ਸਨ ਡਾਊਨ' ਦਾ ਨਾਮ ਵੀ ਦਿੱਤਾ ਗਿਆ ਸੀ। ਪਰ ਇਸਦੇ ਫਾਇਦੇ ਅਤੇ ਨੁਕਸਾਨਾਂ 'ਤੇ ਵਿਚਾਰ ਕਰਨ ਤੋਂ ਬਾਅਦ, ਇੰਦਰਾ ਗਾਂਧੀ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ।"
ਇੰਦਰਾ ਗਾਂਧੀ ਦਾ ਕੌਨ ਨੂੰ ਸੁਨੇਹਾ
2 ਜੂਨ ਨੂੰ, ਰਾਤ 8 ਵਜੇ ਤੋਂ ਪਹਿਲਾਂ, ਸਰਕਾਰ ਵੱਲੋਂ ਨਿਯੰਤਰਿਤ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਸਟੇਸ਼ਨਾਂ ਨੇ ਆਪਣੇ ਨਿਯਮਤ ਪ੍ਰੋਗਰਾਮ ਬੰਦ ਕਰ ਦਿੱਤੇ ਅਤੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਰਾਤ 8.30 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਮਾਰਕ ਟੱਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ 'ਅੰਮ੍ਰਿਤਸਰ ਮਿਸਿਜ਼ ਗਾਂਧੀਜ਼ ਲਾਸਟ ਬੈਟਲ' ਵਿੱਚ ਲਿਖਦੇ ਹਨ, "8:30 ਵਜੇ ਦਾ ਸਮਾਂ ਬੀਤ ਗਿਆ ਪਰ ਕੋਈ ਸੁਨੇਹਾ ਪ੍ਰਸਾਰਿਤ ਨਹੀਂ ਹੋਇਆ। ਉਨ੍ਹਾਂ ਦਾ ਪ੍ਰਸਾਰਣ 9:15 ਵਜੇ ਸ਼ੁਰੂ ਹੋਇਆ, ਤਕਰੀਬਨ 45 ਮਿੰਟ ਦੀ ਦੇਰੀ ਨਾਲ।"
"ਉਨ੍ਹਾਂ ਨੇ ਆਖਰੀ ਸਮੇਂ 'ਤੇ ਆਪਣੇ ਭਾਸ਼ਣ ਵਿੱਚ ਕੁਝ ਬਦਲਾਅ ਕੀਤੇ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ, 'ਖੂਨ ਨਾ ਵਹਾਓ, ਨਫ਼ਰਤ ਵਹਾਓ।' ਪਰ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਜੇ ਲੋੜ ਪਈ ਤਾਂ ਉਹ ਖੂਨ ਵਹਾਉਣਗੇ।"
ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਫ਼ੌਜ ਭੇਜਣ ਦੇ ਕਦਮ ਨਾਲ ਨਾ ਸਿਰਫ਼ ਇੱਕ ਸਿਆਸੀ ਜੋਖਮ ਚੁੱਕਿਆ, ਸਗੋਂ ਉਸ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਵੀ ਦਾਅ 'ਤੇ ਲਗਾਇਆ।
ਮਾਰਕ ਟਲੀ ਅਤੇ ਸਤੀਸ਼ ਜੈਕਬ ਲਿਖਦੇ ਹਨ, "ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਆਪਣੇ ਪੁੱਤਰ ਅਤੇ ਧੀ ਨੂੰ ਬੋਰਡਿੰਗ ਸਕੂਲ ਤੋਂ ਵਾਪਸ ਬੁਲਾਉਣ।"
"ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਦੀ ਗਰੰਟੀ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਉਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਅੰਦਰ ਰਹਿਣ।"
ਜਨਰਲ ਦਿਆਲ ਨੂੰ ਰਾਜਪਾਲ ਦਾ ਸਲਾਹਕਾਰ ਬਣਾਇਆ ਗਿਆ
ਇਸ ਦੌਰਾਨ, 28 ਮਈ ਨੂੰ ਇੰਦਰਾ ਗਾਂਧੀ ਨੇ ਪੰਜਾਬ ਦੇ ਰਾਜਪਾਲ ਬੀਡੀ ਪਾਂਡੇ ਨੂੰ ਦਿੱਲੀ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਪੰਜਾਬ ਵਿੱਚ ਫ਼ੌਜ ਬੁਲਾ ਰਹੀ ਹੈ।
ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਗੱਲ ਨੂੰ ਗੁਪਤ ਰੱਖਣ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਨਾਲ ਵੀ ਇਸ ਬਾਰੇ ਚਰਚਾ ਨਾ ਕਰਨ।
2 ਜੂਨ ਨੂੰ, ਪਾਂਡੇ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਨੂੰ ਕੇਂਦਰ ਸਰਕਾਰ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਇਸ ਸਬੰਧ ਵਿੱਚ ਪੱਛਮੀ ਕਮਾਂਡ ਦੇ ਮੁਖੀ ਲੈਫ਼ਟੀਨੈਂਟ ਜਨਰਲ ਨੂੰ ਇੱਕ ਪੱਤਰ ਲਿਖਿਆ ਗਿਆ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਫ਼ੌਜ ਭੇਜਣ ਦਾ ਪੱਤਰ ਜਨਰਲ ਸੁੰਦਰਜੀ ਤੱਕ ਪਹੁੰਚਣ ਤੋਂ ਪਹਿਲਾਂ, ਲੈਫ਼ਟੀਨੈਂਟ ਜਨਰਲ ਆਰ ਐੱਸ ਦਿਆਲ ਨੂੰ ਪੰਜਾਬ ਦੇ ਰਾਜਪਾਲ ਦਾ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।"
"ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਿਸੇ ਸੇਵਾਮੁਕਤ ਫ਼ੌਜੀ ਜਨਰਲ ਨੂੰ ਸਿਵਲੀਅਨ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸੇ ਦਿਨ, ਜਨਰਲ ਦਿਆਲ ਨੇ ਪੰਜਾਬ ਪੁਲਿਸ ਮੁਖੀ ਪੀਐੱਸ ਭਿੰਡਰ ਨਾਲ ਇੱਕ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਨ ਕੀਤਾ। ਪਰ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਫ਼ੌਜ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਜਾ ਰਹੀ ਹੈ।"
ਫ਼ੌਜ ਦੇ ਸੁਪਰੀਮ ਕਮਾਂਡਰ ਨੂੰ ਆਪ੍ਰੇਸ਼ਨ ਬਲੂ ਸਟਾਰ ਬਾਰੇ ਜਾਣਕਾਰੀ ਨਹੀਂ ਹੈ
29 ਜੂਨ ਨੂੰ ਮੇਰਠ ਸਥਿਤ 9ਵੀਂ ਇੰਨਫ਼ੈਂਟਰੀ ਡਿਵੀਜ਼ਨ ਦੇ ਫ਼ੌਜੀ 300 ਮੀਲ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪਹੁੰਚਣ ਲੱਗੇ ਸਨ।
ਉਹ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨ ਲਈ ਆਏ ਸਨ ਪਰ ਸਥਾਨਕ ਪ੍ਰਸ਼ਾਸਨ ਨੂੰ ਇਸ ਬਾਰੇ ਅਧਿਕਾਰਤ ਤੌਰ 'ਤੇ ਸੂਚਿਤ ਨਹੀਂ ਕੀਤਾ ਗਿਆ ਸੀ।
3 ਜੂਨ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਸੀ। ਫ਼ੌਜ ਦੇ ਸੁਪਰੀਮ ਕਮਾਂਡਰ ਹੋਣ ਦੇ ਬਾਵਜੂਦ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਆਪ੍ਰੇਸ਼ਨ ਬਲੂ ਸਟਾਰ ਬਾਰੇ ਕੋਈ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਉਨ੍ਹਾਂ ਨੇ ਆਪਣੀ ਆਤਮਕਥਾ 'ਮੈਮੋਇਰਜ਼ ਆਫ਼ ਗਿਆਨੀ ਜ਼ੈਲ ਸਿੰਘ' ਵਿੱਚ ਲਿਖਿਆ, "ਮੈਨੂੰ ਆਪ੍ਰੇਸ਼ਨ ਬਲੂ ਸਟਾਰ ਬਾਰੇ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ ਸੀ। ਮੈਨੂੰ ਇਸ ਆਪ੍ਰੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗਿਆ।"
ਪੀ.ਸੀ. ਅਲੈਗਜ਼ੈਂਡਰ ਇਸ ਦੇ ਦੋ ਕਾਰਨ ਦੱਸਦੇ ਹਨ। ਉਹ ਲਿਖਦੇ ਹਨ, "ਉਦੋਂ ਤੱਕ ਪ੍ਰਧਾਨ ਮੰਤਰੀ ਦੇ ਉਨ੍ਹਾਂ ਨਾਲ ਸਬੰਧ ਇੰਨੇ ਵਿਗੜ ਗਏ ਸਨ ਕਿ ਉਨ੍ਹਾਂ ਦਾ ਉਨ੍ਹਾਂ 'ਤੇ ਵਿਸ਼ਵਾਸ ਉੱਠ ਗਿਆ ਸੀ। ਦੂਜਾ, ਉਨ੍ਹਾਂ ਨੂੰ ਨੁਕਸਾਨ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਸੀ।"
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਨਾਰਾਜ਼ਗੀ
ਇਹ ਸਭ ਜਾਣਦੇ ਹਨ ਕਿ ਇੰਦਰਾ ਗਾਂਧੀ 30 ਮਈ ਨੂੰ ਗਿਆਨੀ ਜ਼ੈਲ ਸਿੰਘ ਨੂੰ ਮਿਲਣ ਗਏ ਸਨ ਅਤੇ ਇਹ ਮੁਲਾਕਾਤ ਦੋ ਘੰਟੇ ਜਾਰੀ ਰਹੀ ਸੀ।
ਜ਼ੈਲ ਸਿੰਘ ਆਪਣੀ ਆਤਮਕਥਾ ਵਿੱਚ ਲਿਖਦੇ ਹਨ, "ਮੈਂ ਪ੍ਰਧਾਨ ਮੰਤਰੀ ਨੂੰ ਭੜਕਾਊਣ ਵਾਲੀ ਕਾਰਵਾਈ ਖ਼ਿਲਾਫ਼ ਸੁਚੇਤ ਕੀਤਾ ਸੀ ਅਤੇ ਉਨ੍ਹਾਂ ਨੂੰ ਬੰਦੂਕਧਾਰੀਆਂ ਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢਣ ਲਈ ਇੱਕ ਸੂਖਮ ਰਣਨੀਤੀ ਵਰਤਣ ਦੀ ਸਲਾਹ ਦਿੱਤੀ।"
ਇਹ ਸਪੱਸ਼ਟ ਸੀ ਕਿ ਰਾਸ਼ਟਰਪਤੀ ਦੀ ਸਲਾਹ 'ਤੇ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਮੁਤਾਬਕ, ਉਨ੍ਹਾਂ ਨੂੰ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਪੁਲਿਸ ਕਾਰਵਾਈ ਦੀ ਯੋਜਨਾ ਬਣਾਈ ਜਾ ਰਹੀ ਸੀ ਜਦੋਂ ਕਿ ਫ਼ੌਜ ਦੀ 9ਵੀਂ ਇੰਨਫ਼ੈਂਟਰੀ ਡਿਵੀਜ਼ਨ 29 ਮਈ ਨੂੰ ਅੰਮ੍ਰਿਤਸਰ ਪਹੁੰਚ ਚੁੱਕੀ ਸੀ।
ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਇਹ ਸਵਾਲ ਚੁੱਕਿਆ, "ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੰਨਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਘੱਟੋ ਘੱਟ ਮੈਨੂੰ ਸੂਚਿਤ ਤਾਂ ਕਰ ਸਕਦੇ ਸੀ, ਪਰ ਉਨ੍ਹਾਂ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।"
ਇੰਦਰਾ ਗਾਂਧੀ ਨੇ ਪ੍ਰਣਬ ਮੁਖਰਜੀ ਦੀ ਦਲੀਲ ਨੂੰ ਵੀ ਨਕਾਰਿਆ
ਦਰਅਸਲ, ਪੰਜਾਬ ਵਿੱਚ ਫ਼ੌਜ ਭੇਜਣ ਦਾ ਫ਼ੈਸਲਾ ਮਈ ਵਿੱਚ ਹੋਈ ਸਿਆਸੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਸੀ।
ਉਦੋਂ ਪ੍ਰਣਬ ਮੁਖਰਜੀ ਨੇ ਇਸ ਬਾਰੇ ਆਪਣੇ ਸ਼ੱਕ ਪ੍ਰਗਟ ਕੀਤੇ ਸਨ, ਪਰ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਕਿਹਾ ਕਿ ਮੈਨੂੰ ਨਤੀਜਿਆਂ ਦਾ ਪਤਾ ਹੈ।
ਮੁਖਰਜੀ ਨੇ ਆਪਣੀ ਕਿਤਾਬ 'ਦਿ ਟਰਬੁਲੈਂਟ ਈਅਰਜ਼ 1980-1996' ਵਿੱਚ ਲਿਖਿਆ ਸੀ, "ਮੈਨੂੰ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਯਾਦ ਆਇਆ ਕਿ ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨਾਲ ਕੁਝ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪਏ ਸਨ।"
"ਪਰ ਇੰਦਰਾ ਗਾਂਧੀ ਦਾ ਜਵਾਬ ਸੀ, 'ਕਈ ਵਾਰ ਇਤਿਹਾਸ ਮੰਗ ਕਰਦਾ ਹੈ ਕਿ ਅਜਿਹਾ ਕਦਮ ਚੁੱਕਿਆ ਜਾਵੇ ਜੋ ਬਾਅਦ ਵਿੱਚ ਭਾਵੇਂ ਸਹੀ ਸਾਬਤ ਨਾ ਹੋਵੇ ਪਰ ਉਸ ਸਮੇਂ ਉਹ ਸਭ ਤੋਂ ਢੁੱਕਵਾਂ ਕਦਮ ਜਾਪੇ। ਇਸ ਫ਼ੈਸਲੇ ਨੂੰ ਟਾਲਿਆ ਨਹੀਂ ਜਾ ਸਕਦਾ'।"
ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ
3 ਜੂਨ ਨੂੰ ਫ਼ੌਜੀ ਵਰਦੀ ਵਿੱਚ ਇੱਕ ਮੋਟਰਸਾਈਕਲ ਸਵਾਰ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਪਹੁੰਚਿਆ। ਉਸ ਕੋਲ 9ਵੀਂ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਕੇਐੱਸ ਬਰਾੜ ਦਾ ਜ਼ਿਲ੍ਹਾ ਮੈਜਿਸਟਰੇਟ ਗੁਰਦੇਵ ਸਿੰਘ ਲਈ ਇੱਕ ਡੀਓ ਪੱਤਰ (ਲਿਖਤੀ ਸਰਕਾਰੀ ਚਿੱਠੀ) ਸੀ।
ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਜਨਰਲ ਬਰਾੜ ਅੰਮ੍ਰਿਤਸਰ ਪਹੁੰਚ ਗਏ ਹਨ ਅਤੇ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀਆਂ ਵੱਖ-ਵੱਖ ਇਕਾਈਆਂ ਦੇ ਕਮਾਂਡਰ ਵਜੋਂ ਉਨ੍ਹਾਂ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ।
ਇਸ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਉਨ੍ਹਾਂ ਨੇ ਸ਼ਾਮ 5 ਵਜੇ ਸੀਨੀਅਰ ਪ੍ਰਸ਼ਾਸਨਿਕ ਅਤੇ ਫ਼ੌਜੀ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾਈ ਹੈ ਤਾਂ ਜੋ ਉਹ ਸਾਰੇ ਇੱਕ ਦੂਜੇ ਤੋਂ ਵਾਕਫ਼ ਹੋ ਸਕਣ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਅਸੀਂ ਪਹਿਲੀ ਵਾਰ 3 ਜੂਨ ਨੂੰ ਸ਼ਾਮ 5 ਵਜੇ ਹੋਈ ਇਸ ਮੀਟਿੰਗ ਵਿੱਚ ਬਲੂ ਸਟਾਰ ਦਾ ਨਾਮ ਸੁਣਿਆ। ਮੈਂ ਰਸਮੀ ਤੌਰ 'ਤੇ ਅੰਮ੍ਰਿਤਸਰ ਦੇ ਡੀਐੱਮ ਵਜੋਂ ਅਹੁਦਾ ਨਹੀਂ ਸੰਭਾਲਿਆ ਸੀ, ਪਰ ਗੁਰੂਦੇਵ ਸਿੰਘ ਛੁੱਟੀ 'ਤੇ ਜਾਣ ਵਾਲੇ ਸਨ, ਇਸ ਲਈ ਨਿਰੰਤਰਤਾ ਬਣਾਈ ਰੱਖਣ ਲਈ, ਮੈਂ ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਗਿਆ ਸੀ।"
"ਕੇਐੱਸ ਬਰਾੜ ਨੇ ਸਾਨੂੰ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ 3 ਜੂਨ ਨੂੰ ਰਾਤ 9 ਵਜੇ ਤੋਂ ਪੂਰੇ ਸੂਬੇ ਵਿੱਚ ਕਰਫਿਊ ਲਗਾਇਆ ਜਾਵੇਗਾ।"
ਬਰਾੜ ਅਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਵਿਚਕਾਰ ਟਕਰਾਅ
ਇਸ ਮੀਟਿੰਗ ਵਿੱਚ ਹੀ ਜਨਰਲ ਬਰਾੜ ਅਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਜੀਐੱਸ ਪੰਧੇਰ ਵਿਚਕਾਰ ਬਹਿਸ ਹੋ ਗਈ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਬਰਾੜ ਚਾਹੁੰਦੇ ਸਨ ਕਿ ਫ਼ੌਜ ਦੇ ਦਾਖਲ ਹੋਣ ਤੋਂ ਪਹਿਲਾਂ, ਮੰਦਰ ਦੇ ਨੇੜੇ ਤਾਇਨਾਤ ਸੀਆਰਪੀਐੱਫ਼ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨ 4-5 ਜੂਨ ਦੀ ਰਾਤ ਨੂੰ ਕੰਪਲੈਕਸ ਦੇ ਅੰਦਰ ਬਣੇ ਕਿਲ੍ਹੇ 'ਤੇ ਗੋਲੀਬਾਰੀ ਕਰਨ, ਤਾਂ ਜੋ ਕੱਟੜਪੰਥੀ ਉਸ ਗੋਲੀਬਾਰੀ ਦਾ ਜਵਾਬ ਦੇ ਸਕਣ, ਜਿਸ ਤੋਂ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਆਪਣੇ ਟਿਕਾਣੇ ਕਿੱਥੇ ਸਥਾਪਿਤ ਕੀਤੇ ਹਨ।"
"ਪੰਧੇਰ ਨੇ ਬਰਾੜ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਹ ਇਸ ਸਬੰਧ ਵਿੱਚ ਲਿਖਤੀ ਹੁਕਮ ਪ੍ਰਾਪਤ ਹੋਣ ਤੱਕ ਇਸਦੀ ਪਾਲਣਾ ਨਹੀਂ ਕਰਨਗੇ।"
"ਉਸਨੇ ਇਹ ਵੀ ਦਲੀਲ ਦਿੱਤੀ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਸਿਰਫ਼ ਤਾਂ ਹੀ ਗੋਲੀਬਾਰੀ ਕਰਨਗੇ ਜੇਕਰ ਕੱਟੜਪੰਥੀ ਉਨ੍ਹਾਂ 'ਤੇ ਪਹਿਲਾਂ ਗੋਲੀਬਾਰੀ ਕਰਨਗੇ। ਆਪਣਾ ਆਪਾ ਗੁਆਉਂਦੇ ਹੋਏ, ਬਰਾੜ ਚੀਕਿਆ, 'ਇਹ ਬਗ਼ਾਵਤ ਹੈ', ਪਰ ਇਸ ਤਲਖ਼ੀ ਦਾ ਪੰਧੇਰ 'ਤੇ ਕੋਈ ਅਸਰ ਨਹੀਂ ਹੋਇਆ।"
ਫ਼ੌਜ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦੀ ਕਮੀ
ਜ਼ਾਹਿਰ ਹੈ ਕਿ ਜਨਰਲ ਬਰਾੜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਉਸ ਬਾਰੇ ਸ਼ਿਕਾਇਤ ਕੀਤੀ ਅਤੇ ਪੰਧੇਰ ਨੂੰ ਹਟਾਉਣ ਦੀ ਮੰਗ ਕੀਤੀ।
ਦੂਜੇ ਪਾਸੇ, ਪੰਧੇਰ ਵੀ ਕਿਸੇ ਜਨਰਲ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ ਸੀ, ਇਸ ਲਈ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਵਾਇਰਲੈੱਸ ਸੁਨੇਹਾ ਭੇਜਿਆ ਜਿਸ ਵਿੱਚ ਉਨ੍ਹਾਂ ਨੂੰ ਛੁੱਟੀ 'ਤੇ ਜਾਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਗਈ।
ਉਸ ਸਮੇਂ ਦੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਬੀਰਬਲ ਨਾਥ ਨੇ ਪੰਧੇਰ ਨੂੰ ਹਟਾਉਣ ਦੀ ਬੇਨਤੀ ਦਾ ਵਿਰੋਧ ਨਾ ਕੀਤਾ। ਬਾਅਦ ਵਿੱਚ, ਪੰਧੇਰ ਵਿਰੁੱਧ ਜਨਰਲ ਬਰਾੜ ਦੇ ਜ਼ੁਬਾਨੀ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਉਨ੍ਹਾਂ ਵਿਰੁੱਧ ਇਲਜ਼ਾਮ ਸਾਬਤ ਨਾ ਹੋ ਸਕੇ ਅਤੇ ਉਨ੍ਹਾਂ ਨੂੰ ਪਹਿਲਾਂ ਮਨੀਪੁਰ ਦਾ ਪੁਲਿਸ ਡਾਇਰੈਕਟਰ ਜਨਰਲ ਅਤੇ ਬਾਅਦ ਵਿੱਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਸਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਫ਼ੌਜ ਸਿਵਲ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੇ ਸਹਿਯੋਗ ਅਤੇ ਤਾਲਮੇਲ ਦੀ ਉਮੀਦ ਕਰ ਰਹੀ ਸੀ।"
"ਜਨਰਲ ਦੇ ਰਵੱਈਏ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਸਨ, ਉਨ੍ਹਾਂ ਨੂੰ ਜ਼ਮੀਨੀ ਹਾਲਾਤ ਦੀ ਕੋਈ ਸਮਝ ਨਹੀਂ ਸੀ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਨਹੀਂ ਲੈ ਕੇ ਚੱਲਣਾ ਚਾਹੁੰਦੇ ਸਨ।"
ਸੀਆਈਡੀ ਦੇ ਮੁਲਾਂਕਣ ਨੂੰ ਅਣਡਿੱਠਾ ਕੀਤਾ ਗਿਆ
ਐੱਸਪੀ ਸੀਆਈਡੀ ਪੰਡਿਤ ਹਰਜੀਤ ਸਿੰਘ ਨੇ ਅੰਦਾਜ਼ਾ ਲਗਾਇਆ ਕਿ ਮੰਦਰ ਕੰਪਲੈਕਸ ਵਿੱਚ 400-500 ਕੱਟੜਪੰਥੀ ਹਨ ਅਤੇ ਜੇਕਰ ਫ਼ੌਜ ਕੰਪਲੈਕਸ ਵਿੱਚ ਦਾਖਲ ਹੋਈ ਤਾਂ ਉਹ (ਕੱਟੜਪੰਥੀ) ਆਖਰੀ ਸਾਹ ਤੱਕ ਉਨ੍ਹਾਂ ਨਾਲ ਲੜਨਗੇ।
ਉਨ੍ਹਾਂ ਇਹ ਵੀ ਕਿਹਾ ਕਿ ਕੱਟੜਪੰਥੀਆਂ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਹਰਜੀਤ ਸਿੰਘ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਗੁਰਦੁਆਰਾ ਕੰਪਲੈਕਸ ਦੇ ਅੰਦਰ ਤਕਰੀਬਨ 1500 ਸ਼ਰਧਾਲੂ ਫ਼ਸੇ ਹੋਏ ਹਨ।
ਰਮੇਸ਼ ਇੰਦਰ ਸਿੰਘ ਲਿਖਦੇ ਹਨ, "ਪਰ ਜਨਰਲ ਬਰਾੜ ਨੇ ਇਸ ਨੂੰ ਰੱਦ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਜਦੋਂ ਕੱਟੜਪੰਥੀ ਸਾਡੇ ਕਾਲੇ ਭੂਤਾਂ (ਕਾਲੀ ਵਰਦੀ ਪਹਿਨੇ ਕਮਾਂਡੋ) ਨੂੰ ਵੇਖਣਗੇ, ਤਾਂ ਉਹ ਭੱਜ ਜਾਣਗੇ। ਇਤਿਹਾਸ ਦਰਸਾਉਂਦਾ ਹੈ ਕਿ ਜਨਰਲ ਬਰਾੜ ਦਾ ਮੁਲਾਂਕਣ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ