'ਮੈਂ ਸਿੱਖ ਸੀ, ਪੱਗ ਬੰਨਦਾ ਸੀ ਪਰ ਫਿਰ ਮੈਂ ਆਪਣੇ ਵਾਲ ਕਟਵਾਉਣ ਦਾ ਫੈਸਲਾ ਲਿਆ', '84 ਦੇ ਕਤਲੇਆਮ ਨੇ ਕਿਵੇਂ ਬਦਲੀ ਸੀ ਪਰਮੀਤ ਸੇਠੀ ਦੀ ਜ਼ਿੰਦਗੀ

''ਮੇਰਾ ਚਚੇਰਾ ਭਰਾ ਤਰੁਨ ਅਤੇ ਉਹਨਾਂ ਦੇ ਪਿਤਾ ਬਦਕਿਸਮਤੀ ਨਾਲ ਦਿੱਲੀ ਵਿੱਚ ਹੋਏ (ਸਿੱਖ ਵਿਰੋਧੀ) ਦੰਗਿਆਂ ਦੌਰਾਨ ਮਾਰੇ ਗਏ ਸਨ… ਉਸ ਤੋਂ ਪਹਿਲਾਂ ਮੈਂ ਸਿੱਖ ਸੀ, ਪੱਗ ਬੰਨਦਾ ਸੀ ਪਰ ਫਿਰ ਮੈਂ ਆਪਣੇ ਵਾਲ ਕਟਵਾਉਣ ਦਾ ਫੈਸਲਾ ਲਿਆ।''

ਅਦਾਕਾਰ, ਨਿਰਦੇਸ਼ਕ ਅਤੇ ਫ਼ਿਲਮ ਲੇਖਕ ਪਰਮੀਤ ਸੇਠੀ ਆਪਣੇ ਵਾਲ ਕਟਵਾਉਣ, ਪੱਗ ਬੰਨਣੀ ਛੱਡਣ, ਦਿੱਲੀ ਵਿੱਚ 1984 ਦੇ ਕਤਲੇਆਮ ਅਤੇ ਪਤਨੀ ਅਰਚਨਾ ਪੂਰਨ ਸਿੰਘ ਨਾਲ ਵਿਆਹੁਤਾ ਜੀਵਨ ਬਾਰੇ ਇੱਕ ਵਲੌਗ ਵਿੱਚ ਬੋਲੇ ਹਨ।

ਪਰਮੀਤ ਸੇਠੀ ਗੁਰਦਾਸ ਮਾਨ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ 'ਦੇਸ ਹੋਇਆ ਪ੍ਰਦੇਸ' ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ', 'ਦਿਲ ਧੜਕਨੇ ਦੋ' ਅਤੇ 'ਲੈਲਾ ਮਜਨੂੰ' ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

ਸੇਠੀ ਨੇ ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫ਼ਿਲਮ 'ਬਦਮਾਸ਼ ਕੰਪਨੀ' ਨਾਲ ਆਪਣੇ ਲੇਖਕ ਤੇ ਨਿਰਦੇਸ਼ਕ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਪਰਮੀਤ ਸੇਠੀ ਨੇ ਇਹ ਗੱਲਬਾਤ ਆਪਣੇ ਪੁੱਤਰ ਆਰਿਆਮਨ ਸੇਠੀ ਨਾਲ ਯੂ-ਟਿਊਬ 'ਤੇ ਕੀਤੇ ਵਲੋਗ, 'ਮਾਈ ਡੈਡਜ਼ ਲਾਈਫ਼ ਸਟੋਰੀ' ਵਿੱਚ ਕੀਤੀ ਹੈ।

ਵਾਲ ਕਟਵਾਉਣ ਦਾ ਫੈਸਲਾ

ਪਰਮੀਤ ਸੇਠੀ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਪਾਕਿਸਤਾਨ ਦੇ ਗੁਜਰਾਵਾਲਾਂ ਤੋਂ ਦਿੱਲੀ ਆਏ ਸਨ ਅਤੇ ਉਹਨਾਂ ਦਾ ਜਨਮ ਦਿੱਲੀ ਵਿੱਚ ਹੀ ਹੋਇਆ ਸੀ।

ਇਸ ਦੇ ਨਾਲ ਹੀ 1984 ਦੇ ਦਿੱਲੀ ਦੰਗਿਆ ਦੌਰਾਨ ਡਿਫ਼ੈਂਸ ਕਲੋਨੀ ਵਿੱਚ ਰਹਿੰਦਿਆਂ ਉਹਨਾਂ ਦੇ ਇੱਕ ਕਜ਼ਨ ਅਤੇ ਚਾਚੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਵਾਲ ਕਟਵਾਏ ਅਤੇ ਪੱਗ ਬੰਨਣੀ ਛੱਡ ਦਿੱਤੀ।

ਸੇਠੀ ਦੱਸਦੇ ਹਨ, ''ਮੇਰਾ ਚਚੇਰਾ ਭਰਾ ਤਰੁਨ ਅਤੇ ਉਹਨਾਂ ਦੇ ਪਿਤਾ ਬਦਕਿਸਮਤੀ ਨਾਲ ਦਿੱਲੀ ਵਿੱਚ ਹੋਏ ਦੰਗਿਆਂ ਦੌਰਾਨ ਮਾਰੇ ਗਏ ਸਨ। ਉਹ ਮੇਰੇ ਬਹੁਤ ਨੇੜੇ ਦਾ ਕਜ਼ਨ ਸੀ ਅਤੇ ਸਾਡੇ ਵਿੱਚ ਸਿਰਫ਼ ਛੇ ਮਹੀਨਿਆਂ ਦਾ ਫ਼ਰਕ ਸੀ। ਅਸੀਂ ਇਕੱਠੇ ਵੱਡੇ ਹੋਏ ਸੀ। ਉਸ ਤੋਂ ਪਹਿਲਾਂ ਮੈਂ ਸਿੱਖ ਸੀ, ਪੱਗ ਬੰਨਦਾ ਸੀ ਪਰ ਫਿਰ ਮੈਂ ਆਪਣੇ ਵਾਲ ਕਟਵਾਉਣ ਦਾ ਫੈਸਲਾ ਲਿਆ।''

''ਉਸ ਸਮੇਂ ਬਹੁਤ ਦਹਿਸ਼ਤ ਸੀ ਅਤੇ ਇਹ ਮੇਰੀ ਜ਼ਿੰਦਗੀ ਵਿੱਚ ਵੱਡਾ ਮੋੜ ਸੀ। ਮੇਰੇ ਪਿਤਾ ਲਈ ਇਹ ਮੰਨਣਾ ਕਿ ਉਹਨਾਂ ਦੇ ਪੁੱਤ ਨੇ ਵਾਲ ਕਟਵਾਏ ਹਨ, ਬਹੁਤ ਵੱਡੀ ਗੱਲ ਸੀ। ਉਹਨਾਂ ਦਾ ਵੀ ਇੱਕ ਕਜ਼ਨ (ਭਰਾ) ਮਰ ਗਿਆ ਸੀ ਜਿਸ ਨਾਲ ਉਹ ਇਕੱਠੇ ਵੱਡੇ ਹੋਏ ਸਨ। ਉਹਨਾਂ ਲਈ ਇਹ ਬਹੁਤ ਵੱਡਾ ਝਟਕਾ ਸੀ।''

31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਵਿਰੋਧੀ ਕਤਲੇਆਮ ਹੋਇਆ ਸੀ।

ਸਰਕਾਰ ਵੱਲੋਂ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਮੁਤਾਬਕ ਇਸ ਕਤਲੇਆਮ ਵਿੱਚ 2733 ਸਿੱਖਾਂ ਦਾ ਕਤਲ ਹੋਇਆ ਸੀ।

ਹਾਲਾਂਕਿ ਸਰਕਾਰੀ ਅੰਕੜਿਆਂ ਅਤੇ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਵਿੱਚ ਫ਼ਰਕ ਹੈ।

ਪਤੀ-ਪਤਨੀ ਦਾ ਰਿਸ਼ਤਾ ਤੇ 'ਕਿਚ-ਕਿਚ'

ਪਰਮੀਤ ਸੇਠੀ ਦੱਸਦੇ ਹਨ ਕਿ ਉਹਨਾਂ ਨੇ ਇੱਕ ਸਮੇਂ 'ਆਰਟ ਆਫ਼ ਲਿਵਿੰਗ' ਦਾ ਕੋਰਸ ਕੀਤਾ।

ਸੇਠੀ ਕਹਿੰਦੇ ਹਨ, ''ਮੈਂ 'ਆਰਟ ਆਫ਼ ਲਿਵਿੰਗ' ਦਾ ਕੋਰਸ ਕੀਤਾ। ਅਰਚਨਾ ਨੇ ਮੈਨੂੰ ਧੱਕੇ ਨਾਲ ਕਰਵਾਇਆ। ਅਸੀਂ ਪਤੀ-ਪਤਨੀ ਦੇ ਰਿਸ਼ਤੇ ਵਿੱਚ ਬਹੁਤ ਬੁਰੇ ਸਮੇਂ ਵਿੱਚੋਂ ਲੰਘ ਰਹੇ ਸੀ। ਉਸ ਸਮੇਂ ਸਾਡੇ ਵਿੱਚ ਬਹੁਤ ਕਿਚ-ਕਿਚ ਹੋ ਰਹੀ ਸੀ।''

ਉਹ ਦੱਸਦੇ ਹਨ, ''ਕੋਰਸ ਨਾਲ ਮੇਰੇ ਅੰਦਰ ਜੋ ਵੀ ਕਚਰਾ ਪਿਆ ਸੀ, ਉਹ ਸਭ ਬਾਹਰ ਨਿਕਲ ਗਿਆ। ਮੈਡੀਟੇਸ਼ਨ ਦੀ ਕਿਰਿਆ ਦੌਰਾਨ ਮੈਂ ਸਭ ਤੋਂ ਪਹਿਲਾਂ ਚੀਕਿਆ। ਉੱਚੀ ਸਾਰੀ... ਆਪਣੀ ਭੈਣ ਲਈ (ਜਿਨ੍ਹਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ)। ਮੈਂ ਜੀਅ ਭਰ ਕੇ ਰੋਇਆ। ਇਸ ਤੋਂ ਬਾਅਦ, ਮੈਂ ਕਲਪਨਾ ਵਿੱਚ ਰੱਜ ਕੇ ਖਾਣਾ ਖਾਦਾ ਕਿਉਂਕਿ ਮੈਂ ਐਕਟਰ ਹੋਣ ਕਾਰਨ ਡਾਇਟਿੰਗ ਕਰਦਾ ਸੀ।''

ਪਰਮੀਤ ਸੇਠੀ ਅਤੇ ਅਰਚਨਾ ਪੂਰਨ ਸਿੰਘ ਦਾ ਵਿਆਹ 1992 ਵਿੱਚ ਹੋਇਆ ਸੀ ਅਤੇ ਉਹਨਾਂ ਦੇ ਦੋ ਪੁੱਤਰ ਹਨ।

ਅਰਚਨਾ ਪੂਰਨ ਸਿੰਘ ਇੱਕ ਮਸ਼ਹੂਰ ਅਦਾਕਾਰਾ ਹਨ ਅਤੇ ਕਈ ਫ਼ਿਲਮਾਂ ਵਿੱਚ ਕੰਮ ਚੁੱਕੇ ਹਨ।

ਹਿੰਦੀ ਫ਼ਿਲਮਾਂ ਵਿੱਚ ਆਪਣੇ ਮਜ਼ਾਕੀਆ ਕਿਰਦਾਰਾਂ ਕਰਕੇ ਪਛਾਣ ਬਣਾਉਣ ਵਾਲੇ ਅਰਚਨਾ ਪੂਰਨ ਸਿੰਘ ਨੇ ਟੀਵੀ ਉੱਤੇ ਵੀ ਕੰਮ ਕੀਤਾ ਹੈ।

'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਬਤੌਰ ਜੱਜ ਨਜ਼ਰ ਆਉਣ ਵਾਲੇ ਅਰਚਨਾ ਇਸ ਤੋਂ ਪਹਿਲਾਂ ਕਾਮੇਡੀ ਸ਼ੋਅ 'ਕਾਮੇਡੀ ਸਰਕਸ' ਵਿੱਚ ਵੀ ਬਤੌਰ ਜੱਜ ਨਜ਼ਰ ਆਏ ਸਨ।

1998 ਵਿੱਚ ਆਈ ਮਸ਼ਹੂਰ ਹਿੰਦੀ ਫ਼ਿਲਮ 'ਕੁਝ ਕੁਝ ਹੋਤਾ ਹੈ' ਵਿੱਚ ਉਨ੍ਹਾਂ ਦੇ ਕਿਰਦਾਰ 'ਮਿਸ ਬਰਗੈਂਜ਼ਾ' ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ।

1982 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਰਚਨਾ ਨੇ ਹੁਣ ਤੱਕ ਸੈਂਕੜੇ ਫ਼ਿਲਮਾਂ ਅਤੇ ਟੀਵੀ ਸੀਰੀਜ਼ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਰਾਜਾ ਹਿੰਦੁਸਤਾਨੀ, ਅਗਨੀਪਥ, ਮਹੋਬਤੇਂ, ਮਸਤੀ, ਕ੍ਰਿਸ਼, ਓਏ ਲੱਕੀ-ਲੱਕੀ ਓਏ, ਪੰਜਾਬੀ ਫ਼ਿਲਮ ਤੇਰਾ ਮੇਰਾ ਕੀ ਰਿਸ਼ਤਾ, ਹਾਊਸਫੁੱਲ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਜਦੋਂ ਅਹਿਸਾਸ ਹੋਇਆ, 'ਮੈਂ ਕੌਣ ਹਾਂ'

ਪਰਮੀਤ ਦੱਸਦੇ ਕਿ ਉਹਨਾਂ ਨੇ ਬਚਪਨ ਬਿਨਾ ਪੈਸੇ ਦੇ ਕੱਟਿਆ ਅਤੇ ਉਹਨਾਂ ਨੇ ਜਵਾਨੀ ਵਿੱਚ ਸ਼ਰਟਾਂ ਵੀ ਵੇਚੀਆਂ ਸਨ।

ਆਪਣੀ ਜ਼ਿੰਦਗੀ ਦੇ ਤਜ਼ਰਬੇ ਬਾਰੇ ਉਹ ਕਹਿੰਦੇ ਹਨ ਕਿ ਜਿਵੇਂ-ਜਿਵੇਂ ਉਹਨਾਂ ਦੀ ਚੇਤਨਾ ਵਧਦੀ ਗਈ ਤਾਂ ਉਹਨਾਂ ਅੰਦਰ ਸਵਾਲ ਆਇਆ ਕਿ 'ਮੈਂ ਕੌਣ ਹੈ'?

ਸੇਠੀ ਕਹਿੰਦੇ ਹਨ, ''ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਹਾਣੀ ਸੁਣਾਉਣ ਵਾਲਾ ਹਾਂ। ਮੈਨੂੰ ਲੱਗਾ ਮੈਂ ਕਹਾਣੀ ਲਿਖ ਸਕਦਾ ਹਾਂ ਅਤੇ ਨਿਰਦੇਸ਼ਨ ਕਰ ਸਕਦਾ ਹਾਂ। ਇਸ ਨਾਲ ਮੈਂ ਕਦੇ ਨਹੀਂ ਥੱਕਦਾ ਅਤੇ ਹਮੇਸ਼ਾ ਆਨੰਦ ਮਾਣਦਾ ਹਾਂ।''

ਉਹ ਕਹਿੰਦੇ ਹਨ, ''ਮੈਂ ਪੈਸਾ ਕਮਾਇਆ ਅਤੇ ਘਰ ਬਣਾਇਆ ਪਰ ਜਦੋਂ ਇਹ ਸਭ ਬਣ ਗਿਆ ਤਾਂ ਮੈਂ ਅਰਚਨਾ ਨੂੰ ਕਿਹਾ ਕਿ ਯਾਰ ਸਭ ਕੁਝ ਹੋ ਗਿਆ ਹੈ। ਕੀ ਹੁਣ ਮੈਂ ਆਪਣੀ ਜ਼ਿੰਦਗੀ ਜੀਅ ਸਕਦਾ ਹਾਂ? ਉਸ ਨੇ ਕਿਹਾ, 'ਮੈਂ ਹਾਂ ਨਾ, ਤੂੰ ਟੈਂਸ਼ਨ ਨਾ ਲੈ'। ਫਿਰ ਉਸ ਸਮੇਂ ਮੈਂ ਲਿਖਣਾ ਸ਼ੁਰੂ ਕੀਤਾ।''

ਇਸ ਤੋਂ ਬਾਅਦ ਹੀ ਉਹਨਾਂ ਨੇ 'ਬਦਮਾਸ਼ ਕੰਪਨੀ' ਫ਼ਿਲਮ ਲਿਖੀ ਅਤੇ ਡਾਇਰੈਕਟ ਕੀਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)