You’re viewing a text-only version of this website that uses less data. View the main version of the website including all images and videos.
ਬਿਕਰਮ ਮਜੀਠੀਆ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਵਿਜੀਲੈਂਸ ਬਿਊਰੋ ਦੀ ਛਾਪੇਮਾਰੀ ਦੌਰਾਨ ਕੀ-ਕੀ ਬਰਾਮਦ ਹੋਇਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੋਹਾਲੀ ਕੋਰਟ ਵੱਲੋਂ 7 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਬੀਤੇ ਦਿਨੀਂ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਮੁਤਾਬਕ, ਅੱਜ ਉਨ੍ਹਾਂ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਵਿਜੀਲੈਂਸ ਟੀਮ ਨੇ ਮਜੀਠੀਆ ਲਈ 12 ਦਿਨਾਂ ਦੀ ਰਿਮਾਂਡ ਮੰਗੀ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਇਹ ਕਾਰਵਾਈ ਮਜੀਠੀਆ ਖਿਲਾਫ ਪੰਜਾਬ ਰਾਜ ਅਪਰਾਧ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 02 (2021) ਦੀ ਚੱਲ ਰਹੀ ਜਾਂਚ ਦੇ ਮਾਮਲੇ 'ਚ ਕੀਤੀ ਗਈ ਹੈ।
ਵਿਜੀਲੈਂਸ ਬਿਊਰੋ ਪੰਜਾਬ ਦੁਆਰਾ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਮਜੀਠੀਆ ਵੱਲੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਸਫੇਦ ਧਨ ਵਿੱਚ ਤਬਦੀਲ ਕਰਨ ਦਾ ਖੁਲਾਸਾ ਹੋਇਆ ਹੈ।
ਜਾਂਚ ਵਿੱਚ ਕੀ-ਕੀ ਬਰਾਮਦ ਹੋਇਆ
ਪ੍ਰੈਸ ਰਿਲੀਜ਼ ਮੁਤਾਬਕ, ਐੱਸਆਈਟੀ ਵੱਲੋਂ 22 ਵਿਅਕਤੀਆਂ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ 'ਤੇ ਕੀਤੀ ਗਈ ਤਲਾਸ਼ੀ ਅਤੇ ਜ਼ਬਤੀ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਕਈ ਜਾਇਦਾਦਾਂ ਦੇ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਦੇ ਕਈ ਕਾਗਜ਼ਾਤ ਬਰਾਮਦ ਹੋਏ ਹਨ।
ਪੰਜਾਬ ਰਾਜ ਅਪਰਾਧ ਪੁਲਿਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਨੰਬਰ 02 (2021) ਦੀ ਜਾਂਚ ਕਰ ਰਹੀ ਐੱਸਆਈਟੀ ਅਤੇ ਵਿਜੀਲੈਂਸ ਬਿਊਰੋ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਸਫੇਦ ਧਨ ਵਿੱਚ ਬਦਲਿਆ ਗਿਆ ਹੈ।
540 ਕਰੋੜ ਰੁਪਏ ਦੀ ਕਮਾਈ ਬਾਰੇ ਕੀ ਦੱਸਿਆ ਗਿਆ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਤੋਂ ਪ੍ਰਾਪਤ ਹੋਈ ਕਮਾਈ 540 ਕਰੋੜ ਰੁਪਏ ਤੋਂ ਵੱਧ ਦੀ ਸੀ, ਜਿਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਸਫੇਦ ਧਨ 'ਚ ਬਦਲਿਆ ਗਿਆ:
1. ਬਿਕਰਮ ਸਿੰਘ ਮਜੀਠੀਆ ਦੁਆਰਾ ਨਿਯੰਤਰਿਤ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜਮ੍ਹਾਂ।
2. ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ ₹141 ਕਰੋੜ ਦੀ ਰਕਮ ਭੇਜਣਾ।
3. ਕੰਪਨੀ ਦੇ ਵਿੱਤੀ ਬਿਆਨਾਂ ਵਿੱਚ ਬਿਨ੍ਹਾਂ ਕਿਸੇ ਸਪੱਸ਼ਟੀਕਰਨ ਦੇ ₹236 ਕਰੋੜ ਤੋਂ ਵੱਧ ਰਕਮ ਦਿਖਾਉਣਾ।
4. ਬਿਕਰਮ ਸਿੰਘ ਮਜੀਠੀਆ ਦੁਆਰਾ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨ੍ਹਾਂ ਚੱਲ/ਅਚੱਲ ਜਾਇਦਾਦਾਂ ਦੀ ਪ੍ਰਾਪਤੀ।
ਵਿਜੀਲੈਂਸ ਬਿਊਰੋ ਨੇ ਪ੍ਰੈੱਸ ਰਿਲੀਜ਼ 'ਚ ਹੋਰ ਕੀ ਦੱਸਿਆ
ਵਿਜੀਲੈਂਸ ਬਿਊਰੋ ਦੇ ਬੁਲਾਰੇ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਐੱਸਆਈਟੀ ਦੀ ਰਿਪੋਰਟ ਦੇ ਆਧਾਰ 'ਤੇ ਐੱਨਡੀਪੀਐਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ, ਮਿਤੀ 20-12-2021 ਨੂੰ ਦਰਜ ਐੱਫਆਈਆਰ ਨੰਬਰ 02 ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਵਿੱਚ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਏ ਹਨ ਕਿ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਚਿੱਟੇ ਧਨ ਵਿੱਚ ਬਦਲਿਆ।
ਵਿਜੀਲੈਂਸ ਬਿਊਰੋ ਅਤੇ ਐੱਸਆਈਟੀ ਦੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਰਕਮ ਸਰਾਇਆ ਇੰਡਸਟਰੀਜ਼ ਵਿੱਚ ਨਿਵੇਸ਼ ਕੀਤੀ ਗਈ, ਜਿਸਦੀ ਵਿਵਸਥਾ ਖੁਦ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਸੀ।
ਬੁਲਾਰੇ ਨੇ ਕਿਹਾ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ 540 ਕਰੋੜ ਰੁਪਏ ਦੀ ਕਮਾਈ ਦਾ ਪਤਾ ਲੱਗ ਚੁੱਕਿਆ ਹੈ, ਜੋ ਕਿ ਮਜੀਠੀਆ ਦੁਆਰਾ ਇੱਕ ਜਨਤਕ ਪ੍ਰਤੀਨਿਧੀ (ਵਿਧਾਇਕ) ਅਤੇ ਸਾਬਕਾ ਕੈਬਨਿਟ ਮੰਤਰੀ ਰਹਿੰਦੇ ਹੋਏ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਕਮਾਈ ਗਈ ਸੀ।
ਇਹ ਵੀ ਸਾਹਮਣੇ ਆਇਆ ਹੈ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਤਨੀ ਗਨੀਵ ਕੌਰ ਦੇ ਨਾਮ 'ਤੇ ਅਚੱਲ ਅਤੇ ਚੱਲ ਜਾਇਦਾਦਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਪੇਸ਼ ਨਹੀਂ ਕੀਤਾ ਗਿਆ ਹੈ।
ਚਾਹੇ ਜਿੰਨਾ ਮਰਜ਼ੀ ਤਕੜਾ ਬੰਦਾ ਹੈ, ਮੈਂ ਤਰਸ ਨਹੀਂ ਕਰਾਂਗਾ- ਸੀਐੱਮ ਮਾਨ
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿ ਪਿਛਲੇ ਕੁਝ ਮਹੀਨਿਆਂ ਤੋਂ 'ਯੁੱਧ ਨਸ਼ਿਆਂ ਵਿਰੁੱਧ' ਜੋ ਸਾਡੀ ਮੁਹਿੰਮ ਚੱਲ ਰਹੀ ਹੈ, ਉਹ ਪੂਰੇ ਜ਼ੋਰਾਂ 'ਤੇ ਹੈ।
ਉਨ੍ਹਾਂ ਕਿਹਾ, ''ਤੁਹਾਡੇ (ਮੀਡੀਆ) ਦੇ ਕੈਮਰਿਆਂ ਰਾਹੀਂ ਦਿਖਾਇਆ ਗਿਆ ਕਿ ਡਰੱਗ ਤਸਕਰਾਂ ਨੇ ਸ਼ਾਨਦਾਰ ਕੋਠੀਆਂ ਬਣਾਈਆਂ ਹੋਈਆਂ ਸਨ, ਲੋਕਾਂ ਦੇ ਘਰ ਉਜਾੜ ਕੇ। ਉਨ੍ਹਾਂ 'ਤੇ ਬੁਲਡੋਜ਼ਰ ਵੀ ਚੱਲਿਆ ਹੈ ਅਤੇ ਸਾਰਾ ਕੁਝ ਪਤਾ ਕਰਕੇ ਹੀ ਅਸੀਂ ਕਾਨੂੰਨੀ ਤੌਰ 'ਤੇ ਕਾਰਵਾਈ ਕੀਤੀ ਹੈ।''
''ਅਸੀਂ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ-ਹੌਲੀ ਸਾਰੇ ਸਬੂਤ ਆ ਜਾਣਗੇ ਸਾਡੇ ਕੋਲ, ਵਾਰੀ ਵੱਡਿਆਂ ਦੀ ਵੀ ਆਵੇਗੀ। ਲੋਕਾਂ ਦੇ ਘਰਾਂ 'ਚ ਸੱਥਰ ਵਿਛਾ ਕੇ, ਸਾਡੀਆਂ ਮਾਵਾਂ-ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਕਰਕੇ, ਆਪ ਤਿੰਨ-ਤਿੰਨ ਮੰਜ਼ਿਲਾ ਕੋਠੀਆਂ ਬਣਾ ਕੇ ਲੋਕਾਂ ਦੀਆਂ ਮੌਤਾਂ 'ਤੇ ਮਹਿਫਲਾਂ ਲਾਉਣਾ, ਇਹ ਬਰਦਾਸ਼ਤ ਨਹੀਂ ਹੋ ਸਕਦਾ।''
ਸੀਐੱਮ ਮਾਨ ਨੇ ਕਿਹਾ ਕਿ ''ਆਮ ਆਦਮੀ ਪਾਰਟੀ ਨੇ ਗਾਰੰਟੀ ਦੇ ਰੂਪ 'ਚ ਇਹ ਕਿਹਾ ਸੀ, ਥੋੜ੍ਹਾ ਸਮਾਂ ਲੱਗ ਗਿਆ ਪਰ ਇਸ ਸਮੇਂ ਇਹ ਮੁਹਿੰਮ ਪੂਰੀ ਜ਼ੋਰਾਂ 'ਤੇ ਹੈ। ਲੋਕ ਫੋਨ ਕਰਕੇ ਦੱਸਦੇ ਹਨ ਕਿ ਬਹੁਤ ਫਰਕ ਪੈ ਗਿਆ।''
ਉਨ੍ਹਾਂ ਬਿਨ੍ਹਾਂ ਕਿਸੇ ਦਾ ਨਾਮ ਲਿਆਂ ਕਿਹਾ ਕਿ ''ਅਸੀਂ ਕਹਿੰਦੇ ਰਹੇ ਹਾਂ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ, ਭਾਵੇਂ ਕੋਈ ਸਿਆਸੀ ਤੌਰ 'ਤੇ ਕਿੰਨਾ ਵੀ ਤਾਕਤਵਰ ਰਿਹਾ ਹੋਵੇ ਜਾਂ ਹੈ।''
ਉਨ੍ਹਾਂ ਕਿਹਾ, ''ਛੋਟੇ ਤਾਂ ਫੜ੍ਹੇ ਜਾਂਦੇ ਹਨ ਪਰ ਜਿਹੜੇ ਮੁੱਖ ਨੇ ਉਹ ਕਦੇ ਕਾਬੂ ਨਹੀਂ ਆਉਂਦੇ ਸਨ, ਅਸੀਂ ਕਾਫੀ ਹੱਦ ਤੱਕ ਇਸ ਮਾਫੀਏ ਨੂੰ ਤੋੜਨ 'ਚ ਕਾਮਯਾਬ ਹਾਂ। ਕੰਮ ਅਜੇ ਵੀ ਚੱਲ ਰਿਹਾ ਹੈ।''
''ਮੈਂ ਫਿਰ ਕਹਿੰਦਾ ਹਾਂ, ਚਾਹੇ ਜਿੰਨਾ ਮਰਜ਼ੀ ਕੋਈ ਤਕੜਾ ਬੰਦਾ ਹੈ, ਜਿੰਨਾ ਮਰਜ਼ੀ ਕੋਈ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਹੈ ਜਾਂ ਹੋ ਸਕਦਾ ਹੈ ਅਫਸਰ ਉਸ ਤੋਂ ਡਰਦੇ ਹੋਣ ਜਾਂ ਉਸੇ ਨੇ ਲਾਏ ਹੋਣ ਪਰ ਨਸ਼ਿਆਂ ਦੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ 'ਤੇ ਤਰਸ ਨਹੀਂ ਕਰਾਂਗਾ, ਚਾਹੇ ਜੋ ਮਰਜ਼ੀ ਹੋ ਜਾਵੇ।''
''ਇੱਥੇ ਕਿਸੇ ਦੀ ਕੋਈ ਸਿਫਾਰਸ਼ ਨਹੀਂ ਚੱਲਦੀ, ਕਿਸੇ ਮਾਮੇ-ਭੂਆ ਦੇ ਪੁੱਤ ਦਾ ਫੋਨ ਨਹੀਂ ਚੱਲਣਾ। ਇੱਥੇ ਸਿੱਧੀ ਪੁਲਿਸ ਆਵੇਗੀ, ਨਾਰਕੋ ਵਾਲੇ ਆਉਣਗੇ ਅਤੇ ਸਾਰੇ ਜ਼ਰੂਰੀ ਕਾਗਜ਼ ਦਿਖਾ ਕੇ ਤੁਹਾਨੂੰ ਬਣਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਹਨ।''
''ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ, ਲੋਕਾਂ ਦਾ ਕੀ ਹਾਲ ਹੈ। ਉਨ੍ਹਾਂ 'ਚ ਨਫਰਤ ਹੈ ਉਨ੍ਹਾਂ ਪ੍ਰਤੀ ਕਿ ਸ਼ੁਕਰ ਹੈ ਯਾਰ, ਕਿਸੇ ਨਾ ਹੱਥ ਪਾਇਆ।''
ਉਨ੍ਹਾਂ ਕਿਹਾ, ''ਪੂਰੇ ਪੱਕੇ ਪੈਰੀਂ ਕੰਮ ਕੀਤਾ ਹੈ ਅਤੇ ਜਿੰਨੇ ਵੀ ਹੁਣ ਤੱਕ ਅੰਦਰ ਗਏ ਹਨ, ਉਨ੍ਹਾਂ 'ਚੋਂ 80-90 ਫੀਸਦੀ ਦੀ ਜ਼ਮਾਨਤ ਨਹੀਂ ਹੋਈ।''
ਉਨ੍ਹਾਂ ਕਿਹਾ ਕਿ ''ਪਹਿਲਾਂ ਜਿਹੜੇ ਕਹਿੰਦੇ ਸੀ ਕਿ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੇ ਉਹ ਹੁਣ ਕੱਲ੍ਹ ਦੀ ਕਾਰਵਾਈ ਦੀ ਨਿੰਦਾ ਕਰੀ ਜਾਂਦੇ ਨੇ, ਇਸਦਾ ਮਤਲਬ ਉਹ ਵੀ ਰਲ਼ੇ ਹੋਏ ਨੇ।''
'ਮੇਰੇ ਖਿਲਾਫ਼ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ'
ਇਸ ਛਾਪੇਮਾਰੀ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਬੀਤੇ ਦਿਨੀਂ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਉਹ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆਏ।
ਮਜੀਠੀਆ ਦੇ ਪਤਨੀ ਗਨੀਵ ਕੌਰ ਨੇ ਵੀ ਇਲਜ਼ਾਮ ਲਾਇਆ ਕਿ ਵਿਜੀਲੈਂਸ ਦੇ ਅਧਿਕਾਰੀ ਜ਼ਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਧੱਕਾਮੁੱਕੀ ਵੀ ਕੀਤੀ।
ਬੁੱਧਵਾਰ ਦੇ ਛਾਪਿਆਂ ਬਾਰੇ ਦਸਦਿਆਂ ਮਜੀਠੀਆ ਨੇ ਸੋਸ਼ਲ ਮੀਡਿਆ ਐਕਸ 'ਤੇ ਪੋਸਟ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ, "ਮੈਂ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿੱਚ ਮੇਰੇ ਖਿਲਾਫ਼ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਿਆ ਤਾਂ ਹੁਣ ਮੇਰੇ ਖਿਲਾਫ਼ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ।"
ਉਨ੍ਹਾਂ ਅੱਗੇ ਕਿਹਾ, "ਅੱਜ ਵਿਜੀਲੈਂਸ ਦੇ ਐੱਸਐੱਸਪੀ ਦੀ ਅਗਵਾਈ ਹੇਠ ਟੀਮ ਨੇ ਮੇਰੇ ਘਰ ਛਾਪੇਮਾਰੀ ਕੀਤੀ ਹੈ। ਭਗਵੰਤ ਮਾਨ ਜੀ ਇਹ ਗੱਲ ਸਮਝ ਲਓ, ਜਿੰਨੇ ਮਰਜ਼ੀ ਪਰਚੇ ਦੇ ਦਿਓ, ਨਾ ਤਾਂ ਮੈਂ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ।"
ਛਾਪੇਮਾਰੀ ਦਾ ਵਿਰੋਧ ਕਰਦੇ ਹੋਏ ਮਜੀਠੀਆ ਦੇ ਪਤਨੀ ਗਨੀਵ ਕੌਰ, ਜੋ ਕਿ ਮਜੀਠਾ ਤੋਂ ਅਕਾਲੀ ਵਿਧਾਇਕ ਵੀ ਹਨ, ਨੇ ਕਿਹਾ, "ਅੱਜ ਸਵੇਰੇ ਤੀਹ ਲੋਕ ਜ਼ਬਰਦਸਤੀ ਸਾਡੇ ਘਰ ਵਿੱਚ ਦਰਵਾਜ਼ੇ ਧੱਕ ਕੇ ਦਾਖਲ ਹੋਏ। ਇਹ ਸਾਡੀ ਨਿੱਜੀ ਰਿਹਾਇਸ਼ ਹੈ। ਕੋਈ ਵੀ ਅਜਿਹਾ ਨਹੀਂ ਕਰ ਸਕਦਾ।"
ਉਨ੍ਹਾਂ ਕਿਹਾ, ''ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਨਾ ਉਨ੍ਹਾਂ ਨਾਲ ਕੋਈ ਗੱਲ ਕੀਤੀ ਗਈ ਅਤੇ ਨਾ ਹੀ ਕੁਝ ਦੱਸਿਆ ਜਾ ਰਿਹਾ। ਘਰ ਵਿੱਚ ਜ਼ਰੂਰੀ ਵਸਤਾਂ ਦੀ ਫਰੋਲਾ-ਫਰੋਲੀ ਕੀਤੀ ਗਈ ਹੈ।''
ਗਨੀਵ ਨੇ ਕਿਹਾ ਕਿ ਚੰਡੀਗੜ੍ਹ ਵਿਚਲੇ ਘਰ ਵਿੱਚ ਵੀ ਵਿਜੀਲੈਂਸ ਧੱਕੇ ਨਾਲ ਅੰਦਰ ਗਈ ਹੈ, ਉੱਥੇ ਕੋਈ ਨਹੀਂ ਹੈ, ਸਿਰਫ਼ ਉਨ੍ਹਾਂ ਦੀ 80 ਸਾਲ ਦੇ ਮਾਤਾ ਮੌਜੂਦ ਹਨ। ਉੱਥੇ ਵੀ ਫਰੋਲਾ-ਫਰਾਲੀ ਕੀਤੀ ਜਾ ਰਹੀ ਹੈ।
ਗੁੱਸੇ ਵਿੱਚ ਆਏ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣ ਵਾਲੇ ਸਨ ਜਦੋਂ ਵਿਜੀਲੈਂਸ ਬਿਊਰੋ ਦੇ ਬੰਦੇ ਉਨ੍ਹਾਂ ਦੇ ਘਰ ਵਿੱਚ ਵੜ ਗਏ ਅਤੇ ਪਰਿਵਾਰ ਨੂੰ 'ਡਰਾਇਆ'।
ਕੀ ਹੈ 2021 ਦਾ ਕੇਸ ?
ਦਸੰਬਰ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।
ਮੁਹਾਲੀ ਵਿੱਚ ਦਰਜ ਕੀਤੀ ਗਈ ਇਹ ਐੱਫ਼ਆਈਆਰ ਐੱਨਡੀਪੀਐੱਸ ਦੀ ਧਾਰਾ 25, 27 A ਤੇ 29 ਦੇ ਤਹਿਤ ਦਰਜ ਕੀਤੀ ਗਈ ਸੀ।
ਦਰਅਸਲ 2013 ਵਿੱਚ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਸ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਸੀ। ਕਈ ਸਾਲਾਂ ਤੋਂ ਇਹ ਕੇਸ 'ਭੋਲਾ ਡਰੱਗ ਕੇਸ' ਵਜੋਂ ਜਾਣਿਆ ਜਾਂਦਾ ਰਿਹਾ ਹੈ।
ਪੰਜਾਬ ਪੁਲਿਸ ਦਾ ਬਰਖ਼ਾਸਤ ਡੀਐੱਸਪੀ ਤੇ ਕੌਮਾਂਤਰੀ ਭਲਵਾਨ ਜਗਦੀਸ਼ ਸਿੰਘ ਭੋਲਾ ਇਸ ਮਾਮਲੇ ਦਾ ਮੁੱਖ ਮੁਲਜ਼ਮ ਸੀ ਜੋ ਕੁਝ ਹਫ਼ਤੇ ਪਹਿਲਾਂ ਹੀ ਜੇਲ੍ਹ ਤੋਂ ਜਮਾਨਤ ਉੱਤੇ ਬਾਹਰ ਆਇਆ ਹੈ।
2021 ਦੌਰਾਨ ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਉੱਤੇ ਇਲਜ਼ਾਮ ਲਾਏ ਗਏ ਕਿ ਉਨ੍ਹਾਂ ਨੇ ਡਰੱਗ ਮਾਫੀਆ ਦੇ ਮੁੱਖ ਸਰਗਨੇ ਜਗਦੀਸ਼ ਭੋਲਾ, ਮਨਿੰਦਰ ਸਿੰਘ ਔਲਖ਼ ਅਤੇ ਜਗਜੀਤ ਸਿੰਘ ਚਾਹਲ ਨੂੰ ਵਿੱਤੀ ਅਤੇ ਲੌਜਿਸਟਿਕ ਮਦਦ ਮੁਹੱਈਆ ਕਰਵਾਈ ਸੀ।
ਇਹ ਮਾਮਲਾ ਕਈ ਸਾਲ ਅਦਾਲਤਾਂ ਦੇ ਚੱਕਰ ਕੱਟਦਾ ਰਿਹਾ ਅਤੇ ਬਿਕਰਮ ਮਜੀਠੀਆ ਇਸ ਮਾਮਲੇ ਨੂੰ ਆਪਣੇ ਖਿਲਾਫ਼ ਸਿਆਸੀ ਸਾਜਿਸ਼ ਕਰਾਰ ਦਿੰਦੇ ਰਹੇ ਹਨ।
ਫਰਵਰੀ 2022 ਵਿੱਚ ਮਜੀਠੀਆ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਕਈ ਮਹੀਨੇ ਜੇਲ੍ਹ ਵਿੱਚ ਰਹੇ ਅਤੇ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ। ਉਨ੍ਹਾਂ ਉੱਤੇ ਸ਼ਰਤ ਲਾਈ ਗਈ ਕਿ ਉਹ ਇਸ ਮਾਮਲੇ ਬਾਰੇ ਨਾ ਸਿਆਸੀ ਅਤੇ ਨਾ ਜਨਤਕ ਤੌਰ ਉੱਤੇ ਕੋਈ ਬਿਆਨਬਾਜ਼ੀ ਕਰਨਗੇ।
ਮਜੀਠੀਆ ਦੀ ਜਮਾਨਤ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਪਰ ਸੁਪਰੀਮ ਕੋਰਟ ਨੇ ਜਮਾਨਤ ਨੂੰ ਬਰਕਰਾਰ ਰੱਖਦਿਆਂ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਕੜੀ ਵਿੱਚ ਮਾਰਚ 2025 ਵਿੱਚ ਮਜੀਠੀਆ ਪੁੱਛਗਿੱਛ ਲਈ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੁੰਦੇ ਰਹੇ।
ਵਿਜੀਲੈਂਸ ਦਾ ਕਹਿਣਾ ਹੈ ਕਿ ਉਹ ਬਿਕਰਮ ਮਜੀਠੀਆ ਅਤੇ ਡਰੱਗ ਸਿੰਡੀਕੇਟ ਵਿਚਾਲੇ ਹੋਏ ਲੈਣ-ਦੇਣ ਅਤੇ ਹਵਾਲਾ ਮਾਮਲੇ ਦੀ ਜਾਂਚ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ