ਅਮਰੀਕਾ 'ਚ ਗ਼ੈਰ-ਕਾਨੂੰਨੀ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਜਾਰੀ, 30 ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਨਜ਼ਰਬੰਦੀ ਸੈਂਟਰ ਕਿੱਥੇ ਬਣਾਇਆ

ਤਸਵੀਰ ਸਰੋਤ, Getty Images
- ਲੇਖਕ, ਬਰਨਡ ਡੈਬੁਸਮੈਨ ਜੂਨੀਅਰ ਅਤੇ ਵਿਲ ਗ੍ਰਾਂਟ
- ਰੋਲ, ਬੀਬੀਸੀ ਨਿਊਜ਼
ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਪਰਾਧਿਕ ਅਤੇ ਬਿਨਾਂ ਅਪਰਾਧ ਵਾਲਾ ਪਿਛੋਕੜ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
20 ਜਨਵਰੀ ਤੋਂ ਜਦੋਂ ਤੋਂ ਟਰੰਪ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਸ਼ਿਕਾਗੋ, ਨਿਊ ਯਾਰਕ, ਡੈਨਵਰ ਅਤੇ ਲਾਸ ਐਂਜਲਸ ਵਰਗੇ ਵੱਡੇ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਡਰ ਕਾਰਨ ਕਈ ਭਾਈਚਾਰਿਆਂ ਦੇ ਲੋਕ ਕੰਮ ʼਤੇ ਨਹੀਂ ਜਾ ਰਹੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਨੇ ਕੈਰੋਲੀਨ ਲੈਵਿਟ ਨੇ ਕਿਹਾ ਕਿ ਅਪਰਾਧੀਆਂ ਦੀ ਗ੍ਰਿਫ਼ਤਾਰੀ ਨੂੰ ਪਹਿਲ ਦਿੱਤੀ ਜਾਵੇਗੀ ।
ਗੁਆਂਤਾਨਾਮੋ ਬੇ ਭੇੇਜੇ ਜਾਣਗੇ ਪਰਵਾਸੀ
ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸ (ਆਈਸੀਈ) ਦੇ ਅੰਕੜਿਆਂ ਮੁਤਾਬਕ, ਵ੍ਹਾਈਟ ਹਾਊਸ ਵਿੱਚ ਟਰੰਪ ਦੀ ਵਾਪਸੀ ਤੋਂ ਬਾਅਦ ਹੁਣ ਤੱਕ 3500 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛਾਪਿਆਂ ਨੂੰ ''ਟਾਰਗੈਟ ਇਨਫੋਰਸਮੈਂਟ ਆਪ੍ਰੇਸ਼ਨ" ਦੱਸਿਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਹਿੰਸਕ ਗਿਰੋਹ ਦੇ ਮੈਂਬਰਾਂ ਅਤੇ ਖ਼ਤਰਨਾਕ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗ੍ਰਿਫ਼ਤਾਰੀਆਂ ਨੂੰ ਤੇਜ਼ ਕਰਨ ਲਈ ਹੋਰ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਏਜੰਟਾਂ ਨੂੰ ਵੀ ਤੈਨਾਤ ਕੀਤਾ ਹੈ।
ਟਰੰਪ ਨੇ ਗੁਆਂਟਾਨਾਮੋ ਬੇ ਵਿੱਚ ਇੱਕ ਪਰਵਾਸੀ ਨਜ਼ਰਬੰਦੀ ਸਹੂਲਤ ਵਾਲਾ ਸੈਂਟਰ ਬਣਾਉਣ ਦਾ ਆਦੇਸ਼ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ 30,000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਊਬਾ ਵਿੱਚ ਅਮਰੀਕੀ ਜਲ ਸੈਨਾ ਦੇ ਅੱਡੇ 'ਤੇ ਸਥਿਤ ਇਹ ਸਹੂਲਤ ਉੱਚ-ਸੁਰੱਖਿਆ ਵਾਲੀ ਫੌਜੀ ਜੇਲ੍ਹ ਤੋਂ ਵੱਖਰੀ ਹੋਵੇਗੀ ਅਤੇ ਇਸ ਵਿੱਚ "ਅਮਰੀਕੀ ਲੋਕਾਂ ਨੂੰ ਧਮਕੀ ਦੇਣ ਵਾਲੇ ਸਭ ਤੋਂ ਖ਼ਰਾਬ ਅਪਰਾਧੀ ਗ਼ੈਰ-ਕਾਨੂੰਨੀ ਪਰਵਾਸੀਆਂ" ਨੂੰ ਰੱਖਿਆ ਜਾਵੇਗਾ।
ਗੁਆਂਟਾਨਾਮੋ ਬੇ ਲੰਬੇ ਸਮੇਂ ਤੋਂ ਪਰਵਾਸੀਆਂ ਨੂੰ ਰੱਖਣ ਲਈ ਵਰਤੀ ਜਾਂਦੀ ਰਹੀ ਹੈ, ਇੱਕ ਅਜਿਹਾ ਅਭਿਆਸ ਜਿਸ ਦੀ ਕੁਝ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਆਲੋਚਨਾ ਕੀਤੀ ਗਈ ਹੈ।

ਕਿਊਬਾ ਨੇ ਲਗਾਇਆ ਇਲਜ਼ਾਮ
ਇਸ ਦੇ ਨਾਲ ਹੀ ਟਰੰਪ ਦੇ "ਸਰਹੱਦੀ ਜ਼ਾਰ" ਟੌਮ ਹੋਮਨ ਨੇ ਕਿਹਾ ਕਿ ਉੱਥੇ ਮੌਜੂਦਾ ਸਹੂਲਤ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਉਸ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੁਆਰਾ ਚਲਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਮਰੀਕੀ ਤੱਟ ਰੱਖਿਅਕ ਸਮੁੰਦਰ ਵਿੱਚ ਪਰਵਾਸੀਆਂ ਨੂੰ ਰੋਕਣ ਤੋਂ ਬਾਅਦ ਸਿੱਧੇ ਉੱਥੇ ਲੈ ਕੇ ਜਾਣਗੇ ਅਤੇ "ਸਖ਼ਤ" ਨਜ਼ਰਬੰਦੀ ਮਾਪਦੰਡ ਲਾਗੂ ਕੀਤੇ ਜਾਣਗੇ।
ਇਹ ਸਪੱਸ਼ਟ ਨਹੀਂ ਹੈ ਕਿ ਇਸ ਸਹੂਲਤ ਦੀ ਕੀਮਤ ਕਿੰਨੀ ਹੋਵੇਗੀ ਜਾਂ ਇਹ ਕਦੋਂ ਪੂਰੀ ਹੋਵੇਗੀ।
ਟਰੰਪ ਦਾ ਇਹ ਐਲਾਨ ਉਨ੍ਹਾਂ ਵੱਲੋਂ ਅਖੌਤੀ ਕਾਨੂੰਨ ਲਾਕੇਨ ਰਿਲੈ ਐਕਟ ਵਿੱਚ ਦਸਤਖ਼ਤ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਚੋਰੀ ਜਾਂ ਹਿੰਸਕ ਅਪਰਾਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੁਕੱਦਮੇ ਤੱਕ ਜੇਲ੍ਹ ਵਿੱਚ ਰੱਖਣ ਦੀ ਲੋੜ ਹੈ।
ਇਸ ਬਿੱਲ ਦਾ ਨਾਮ ਜਾਰਜੀਆ ਦੀ ਇੱਕ ਨਰਸਿੰਗ ਦੀ ਵਿਦਿਆਰਥਣ ਦੇ ਨਾਮ 'ਤੇ ਰੱਖਿਆ ਗਿਆ ਹੈ ਜਿਸ ਦਾ ਪਿਛਲੇ ਸਾਲ ਵੈਨੇਜ਼ੁਏਲਾ ਦੇ ਇੱਕ ਪਰਵਾਸੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਇਸ ਨੂੰ ਪਿਛਲੇ ਹਫ਼ਤੇ ਕਾਂਗਰਸ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਸੀ, ਜੋ ਕਿ ਪ੍ਰਸ਼ਾਸਨ ਲਈ ਇੱਕ ਸ਼ੁਰੂਆਤੀ ਵਿਧਾਨਕ ਜਿੱਤ ਸੀ।

ਤਸਵੀਰ ਸਰੋਤ, Getty Images
30 ਹਜ਼ਾਰ ਲੋਕਾਂ ਨੂੰ ਰੱਖਣ ਦੀ ਸਮਰੱਥਾ
ਵ੍ਹਾਈਟ ਹਾਊਸ ਵਿੱਚ ਦਸਤਖ਼ਤ ਸਮਾਗਮ ਵਿੱਚ, ਟਰੰਪ ਨੇ ਕਿਹਾ ਕਿ ਨਵਾਂ ਗਵਾਂਟਾਨਾਮੋ ਕਾਰਜਕਾਰੀ ਆਦੇਸ਼ ਰੱਖਿਆ ਅਤੇ ਗ੍ਰਹਿ ਸੁਰੱਖਿਆ ਵਿਭਾਗਾਂ ਨੂੰ 30,000 ਬਿਸਤਰਿਆਂ ਵਾਲੇ ਹਸਪਤਾਲ ਲਈ "ਤਿਆਰੀਆਂ ਸ਼ੁਰੂ" ਕਰਨ ਦਾ ਨਿਰਦੇਸ਼ ਦੇਵੇਗਾ।
ਉਨ੍ਹਾਂ ਨੇ ਪਰਵਾਸੀਆਂ ਬਾਰੇ ਕਿਹਾ, "ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਇੰਨੀ ਬੁਰੀ ਹੈ ਕਿ ਅਸੀਂ ਉਨ੍ਹਾਂ ਦੇਸ਼ਾਂ 'ਤੇ ਵੀ ਭਰੋਸਾ ਨਹੀਂ ਕਰ ਸਕਦੇ ਜੋ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਆਉਣ।"
"ਇਸੇ ਕਰਕੇ ਅਸੀਂ ਉਨ੍ਹਾਂ ਨੂੰ ਗੁਆਂਟਾਨਾਮੋ ਭੇਜਣ ਜਾ ਰਹੇ ਹਾਂ... ਉਥੋਂ ਨਿਕਲਣਾ ਬਹੁਤ ਮੁਸ਼ਕਲ ਹੈ।"
ਟਰੰਪ ਦਾ ਕਹਿਣਾ ਹੈ ਕਿ ਇਹ ਸਹੂਲਤ ਅਮਰੀਕਾ ਵਿੱਚ ਬਿਨਾਂ ਦਸਤਾਵੇਜ਼ ਵਾਲੇ ਪਰਵਾਸੀਆਂ ਨੂੰ ਰੱਖਣ ਦੀ ਸਮਰੱਥਾ ਨੂੰ ਦੁੱਗਣਾ ਕਰ ਦੇਵੇਗੀ।
ਅਮਰੀਕਾ ਪਹਿਲਾਂ ਹੀ ਦਹਾਕਿਆਂ ਤੋਂ ਗਵਾਂਟਾਨਾਮੋ ਵਿਖੇ ਇੱਕ ਸਹੂਲਤ ਦੀ ਰਿਪਬਲਿਕਨ ਤੇ ਡੈਮੋਕ੍ਰੇਟ ਦੋਵਾਂ ਵੱਲੋਂ ਵਰਤੋਂ ਵੱਖ-ਵੱਖ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ, ਇਸ ਨੂੰ ਗਵਾਂਟਾਨਾਮੋ ਮਾਈਗ੍ਰੈਂਟ ਆਪ੍ਰੇਸ਼ਨ ਸੈਂਟਰ (ਜੀਐੱਮਓਸੀ) ਵਜੋਂ ਜਾਣਿਆ ਜਾਂਦਾ ਹੈ।
ਇੰਟਰਨੈਸ਼ਨਲ ਰਫਿਊਜੀ ਅਸਿਸਟੈਂਸ ਪ੍ਰੋਜੈਕਟ (ਆਈਆਰਏਪੀ) ਨੇ ਆਪਣੀ 2024 ਦੀ ਰਿਪੋਰਟ ਵਿੱਚ ਸਰਕਾਰ 'ਤੇ ਪਰਵਾਸੀਆਂ ਨੂੰ ਸਮੁੰਦਰ ਵਿੱਚ ਰੋਕਣ ਅਤੇ ਗੁਪਤ ਰੂਪ ਵਿੱਚ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ "ਅਣਮਨੁੱਖੀ" ਹਾਲਤਾਂ ਵਿੱਚ ਰੱਖਣ ਦਾ ਇਲਜ਼ਾਮ ਲਗਾਇਆ ਹੈ।
ਜੀਓਐੱਮਓਸੀ ਮੁੱਖ ਤੌਰ 'ਤੇ ਸਮੁੰਦਰ ਵਿੱਚ ਫੜੇ ਗਏ ਪਰਵਾਸੀਆਂ ਨੂੰ ਰੱਖਦਾ ਹੈ ਅਤੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਨੇ ਹਾਲ ਹੀ ਵਿੱਚ ਸੂਚਨਾ ਦੀ ਆਜ਼ਾਦੀ ਐਕਟ ਦੇ ਤਹਿਤ ਇਸ ਸਾਈਟ ਬਾਰੇ ਰਿਕਾਰਡ ਦਾ ਖੁਲਾਸਾ ਕਰਨ ਦੀ ਬੇਨਤੀ ਕੀਤੀ ਗਈ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਪ੍ਰਸ਼ਾਸਨ ਨੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਕੋਲ "ਕੋਈ ਨਜ਼ਰਬੰਦੀ ਕੇਂਦਰ ਨਹੀਂ ਹੈ ਅਤੇ ਉੱਥੇ ਕੋਈ ਪਰਵਾਸੀ ਨਹੀਂ ਹਨ।"
ਹਾਲਾਂਕਿ, ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੋਜਨਾਬੱਧ ਵਿਸਤ੍ਰਿਤ ਸਹੂਲਤ ਨੂੰ ਪੂਰੀ ਤਰ੍ਹਾਂ ਹਿਰਾਸਤ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਯੋਜਨਾ ਦੀ ਨਿੰਦਾ
ਉਧਰ ਕਿਊਬਾ ਦੀ ਸਰਕਾਰ ਨੇ ਇਸ ਯੋਜਨਾ ਦੀ ਤੁਰੰਤ ਨਿੰਦਾ ਕੀਤੀ, ਅਮਰੀਕਾ ਦੇ "ਕਬਜ਼ੇ ਵਾਲੀ" ਜ਼ਮੀਨ 'ਤੇ ਤਸ਼ੱਦਦ ਅਤੇ ਗ਼ੈਰ-ਕਾਨੂੰਨੀ ਨਜ਼ਰਬੰਦੀ ਦਾ ਇਲਜ਼ਾਮ ਲਗਾਇਆ ਹੈ।
ਕੈਲੀਫੋਰਨੀਆ ਸਥਿਤ ਪਰਵਾਸੀ ਅਧਿਕਾਰ ਪ੍ਰੋਜੈਕਟ ਦੀ ਡਾਇਰੈਕਟਰ, ਵਕੀਲ ਜੀਨਾ ਅਮਾਟੋ-ਲੌਫ ਦਾ ਕਹਿਣਾ ਹੈ, "ਮੈਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਦੂਰ-ਦੂਰ ਤੱਕ ਨਹੀਂ ਦੇਖੀ ਅਤੇ ਇਹ ਰਾਸ਼ਟਰਪਤੀ ਦੇ ਕਾਰਜਕਾਲ ਦੇ ਪਹਿਲੇ ਕੁਝ ਦਿਨ ਹੀ ਹਨ।"
ਇਹ ਪ੍ਰੋਜੈਕਟ ਪਬਲਿਕ ਕੌਂਸਲ ਨਾਮਕ ਇੱਕ ਕਾਨੂੰਨ ਫਰਮ ਦਾ ਇੱਕ ਵਿਭਾਗ ਹੈ। "ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।"
ਉਨ੍ਹਾਂ ਨੇ ਅੱਗੇ ਕਿਹਾ ਕਿ "ਇਸ ਦਾ ਉਦੇਸ਼ ਲੋਕਾਂ ਵਿੱਚ ਡਰ ਅਤੇ ਖੌਫ਼ ਪੈਦਾ ਕਰਨਾ ਹੈ। ਇਹ ਕੰਮ ਕਰ ਰਿਹਾ ਹੈ। ਇਹ ਭਾਈਚਾਰੇ ਵਿੱਚ ਦਹਿਸ਼ਤ ਵੀ ਪੈਦਾ ਕਰ ਰਿਹਾ ਹੈ।"
ਵ੍ਹਾਈਟ ਹਾਊਸ ਅਤੇ ਆਈਸੀਈ ਨੇ ਇਨ੍ਹਾਂ ਵਿੱਚੋਂ ਕੁਝ ਗ੍ਰਿਫ਼ਤਾਰੀਆਂ ਨੂੰ ਜਨਤਕ ਕੀਤਾ ਹੈ, ਜਿਸ ਵਿੱਚ ਸ਼ੱਕੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਮੂਲ ਦੇਸ਼ਾਂ ਅਤੇ ਅਪਰਾਧਾਂ ਦਾ ਵੇਰਵਾ ਦਿੱਤਾ ਗਿਆ ਹੈ।
ਇਸ ਵਿੱਚ ਸੈਕਸ ਅਪਰਾਧ, ਹਮਲੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧ ਸ਼ਾਮਲ ਹਨ।
ਪਰ ਵ੍ਹਾਈਟ ਹਾਊਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਛਾਪਿਆਂ ਵਿੱਚ ਫੜਿਆ ਗਿਆ ਕੋਈ ਵੀ ਗ਼ੈਰ-ਦਸਤਾਵੇਜ਼ੀ ਪਰਵਾਸੀ ਭਾਵੇਂ ਉਹ ਅਪਰਾਧੀ ਹੋਵੇ ਜਾਂ ਨਾ, ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਭਾਵੇਂ ਕਿ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿਣਾ ਵੀ ਇੱਕ ਸਿਵਲ ਮਾਮਲਾ ਹੈ।
ਇਸ ਹਫ਼ਤੇ ਦੇ ਸ਼ੁਰੂ ਵਿੱਚ, ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਦਾਅਵਾ ਕੀਤਾ ਸੀ ਕਿ "ਉਹ ਸਾਰੇ" ਅਪਰਾਧੀ ਹਨ।

ਤਸਵੀਰ ਸਰੋਤ, Getty Images
ਲੋਕ ਘਰੋਂ ਨਿਕਲਣ ਤੋਂ ਵੀ ਡਰੇ
ਇਨ੍ਹਾਂ ਗ੍ਰਿਫ਼ਤਾਰੀਆਂ ਦਾ ਪਹਿਲਾਂ ਹੀ ਅਮਰੀਕਾ ਵਿੱਚ ਰਹਿੰਦੇ ਕਈ ਪਰਵਾਸੀ ਭਾਈਚਾਰਿਆਂ 'ਤੇ ਨਕਾਰਾਤਮਕ ਪ੍ਰਭਾਵ ਪਿਆ ਹੈ।
ਉਦਾਹਰਨ ਲਈ, ਲਫ ਨੇ ਕਿਹਾ ਕਿ ਗ਼ੈਰ-ਦਸਤਾਵੇਜ਼ੀ ਗਾਹਕ ਕਿਸੇ ਵੀ ਸਰਕਾਰੀ ਏਜੰਸੀ ਕੋਲ ਜਾਣ ਤੋਂ ਡਰਦੇ ਹਨ, ਇੱਥੋਂ ਤੱਕ ਕਿ ਡਰਾਈਵਿੰਗ ਲਾਇਸੈਂਸ ਹਾਸਿਲ ਕਰਨ ਲਈ ਵੀ ਤੇ ਹਸਪਤਾਲਾਂ ਵਿੱਚ ਡਾਕਟਰੀ ਸਹਾਇਤਾ ਲੈਣ ਲਈ।
ਅਮਿਕਾ ਸੈਂਟਰ ਫਾਰ ਇਮੀਗ੍ਰੈਂਟ ਰਾਈਟਸ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਲੁਕੇਂਸ ਦਾ ਕਹਿਣਾ ਹੈ, "ਅਸੀਂ ਸੁਣ ਰਹੇ ਹਾਂ ਕਿ ਲੋਕ ਡਰੇ ਹੋਏ ਹਨ ਅਤੇ ਸਾਨੂੰ ਹਰ ਪਾਸਿਓਂ ਫੋਨ ਆ ਰਹੇ ਹਨ।"
ਅਮਿਕਾ ਸੈਂਟਰ ਇੱਕ ਅਜਿਹੀ ਸੰਸਥਾ ਹੈ ਜੋ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।
ਉਨ੍ਹਾਂ ਨੇ ਕਿਹਾ, "ਲੋਕ ਕੰਮ 'ਤੇ ਜਾਣ ਜਾਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ।"
ਉਨ੍ਹਾਂ ਅੱਗੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੰਗਠਨ ਵੱਲੋਂ ਨਜ਼ਰਬੰਦੀ ਕੇਂਦਰਾਂ ਦਾ ਦੌਰਾ ਕਰਨ ਅਤੇ ਨਜ਼ਰਬੰਦਾਂ ਨਾਲ ਮੁਲਾਕਾਤ ਕਰਨ ਦੇ ਯਤਨਾਂ ਨੂੰ ਰੋਕ ਦਿੱਤਾ ਹੈ।
ਉਨ੍ਹਾਂ ਨੇ ਕਿਹਾ, "ਇਹੀ ਉਹ ਹੈ ਜੋ ਵ੍ਹਾਈਟ ਹਾਊਸ ਚਾਹੁੰਦਾ ਹੈ, ਲੋਕਾਂ ਵਿੱਚ ਡਰ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਨਾ। ਅਸੀਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ।"

ਤਸਵੀਰ ਸਰੋਤ, Getty Images
ਬੋਲੀਵੀਅਨ ਪਰਵਾਸੀ ਗੈਬਰੀਏਲਾ 20 ਸਾਲ ਪਹਿਲਾਂ ਅਮਰੀਕਾ ਵਿੱਚ ਦਾਖ਼ਲ ਹੋਈ ਸੀ। ਯਾਤਰਾ ਦੌਰਾਨ ਉਨ੍ਹਾਂ ਨੂੰ ਤਸਕਰਾਂ ਮੱਕੀ ਦੇ ਪੌਦਿਆਂ ਹੇਠ ਲੁਕਾ ਕੇ ਲਿਆਂਦਾ ਸੀ।
ਮੈਰੀਲੈਂਡ ਵਿੱਚ ਸਫਾਈ ਕਰਮੀ ਗੈਬਰੀਏਲਾ ਨੂੰ ਟਰੰਪ ਜਿੱਤਣ ʼਤੇ ਪਹਿਲਾਂ ਇੰਨੀ ਚਿੰਤਾ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਅਪਰਾਧੀਆਂ ਨੂੰ ਉਹ ਨਿਸ਼ਾਨਾ ਬਣਾਉਣਗੇ।
ਪਰ ਪ੍ਰਸ਼ਾਸਨ ਦੇ ਨੌਂ ਦਿਨਾਂ ਬਾਅਦ, ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਬਹੁਤ ਸਾਰੇ ਗੁਆਂਢੀ ਡਰ ਗਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਇਮਾਰਤ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ। ਹੁਣ ਕੋਈ ਵੀ ਚਰਚ ਨਹੀਂ ਜਾ ਰਿਹਾ। ਅਸੀਂ ਸਮੂਹਿਕ ਪ੍ਰਾਰਥਨਾਵਾਂ ਔਨਲਾਈਨ ਸੁਣ ਰਹੇ ਹਾਂ।"
ਗੈਬਰੀਏਲਾ ਵਾਂਗ, ਕਾਰਲੋਸ ਸ਼ੁਰੂ ਵਿੱਚ ਟਰੰਪ ਦੀ ਚੋਣ ਜਿੱਤ ਬਾਰੇ ਆਸ਼ਾਵਾਦੀ ਸੀ ਅਤੇ ਸੋਚਦੇ ਸਨ ਕਿ ਉਨ੍ਹਾਂ ਨੂੰ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਮਹਿੰਗਾਈ ਘਟਾਉਣ ਦੇ ਟਰੰਪ ਦੇ ਵਾਅਦਿਆਂ ਤੋਂ ਅਸਿੱਧੇ ਤੌਰ 'ਤੇ ਲਾਭ ਹੋਵੇਗਾ।
ਉਹ ਕਹਿੰਦੇ ਹਨ, "ਇਹ ਡਰਾਉਣਾ ਹੈ। ਮੈਂ ਕੰਮ ਤੋਂ ਇਲਾਵਾ ਘਰੋਂ ਬਾਹਰ ਨਿਕਲਣ ʼਤੇ ਪਰਹੇਜ਼ ਕਰਦਾ ਹਾਂ। ਮੈਨੂੰ ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾਲ ਕੋਈ ਇਤਰਾਜ਼ ਨਹੀਂ ਹੈ। ਪਰ ਅਸੀਂ ਸੁਣਦੇ ਰਹਿੰਦੇ ਹਾਂ ਕਿ ਹੋਰ ਲੋਕਾਂ, ਕਾਮਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।"
ਇਹ ਸਪੱਸ਼ਟ ਨਹੀਂ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਕਿੰਨੇ ਦਾ ਅਪਰਾਧਿਕ ਇਤਿਹਾਸ ਵਾਲੇ ਹਨ ਅਤੇ ਕਿੰਨੇ ਉਹ ਹਨ ਜਿਨ੍ਹਾਂ ਨੂੰ ਪਹਿਲੇ ਟਰੰਪ ਪ੍ਰਸ਼ਾਸਨ ਨੇ "ਸਹਿਯੋਗੀ" ਗ੍ਰਿਫ਼ਤਾਰੀਆਂ ਕਿਹਾ ਸੀ।
ਐਨਬੀਸੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ 26 ਜਨਵਰੀ ਨੂੰ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚੋਂ ਸਿਰਫ਼ 52 ਫੀਸਦ ਨੂੰ "ਅਪਰਾਧਿਕ ਗ੍ਰਿਫਤਾਰੀਆਂ" ਮੰਨਿਆ ਗਿਆ ਸੀ।
ਬੀਬੀਸੀ ਨੇ ਇਨ੍ਹਾਂ ਅੰਕੜਿਆਂ 'ਤੇ ਟਿੱਪਣੀ ਲਈ ਵ੍ਹਾਈਟ ਹਾਊਸ ਨਾਲ ਸੰਪਰਕ ਕੀਤਾ ਹੈ।
ਮੰਗਲਵਾਰ ਨੂੰ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਜਦੋਂ ਉਨ੍ਹਾਂ ਨੂੰ ਇਸ ਨੰਬਰ ਬਾਰੇ ਪੁੱਛਿਆ ਗਿਆ, ਤਾਂ ਲੇਵਿਟ ਨੇ ਸਿਰਫ਼ ਇਹੀ ਕਿਹਾ ਕਿ ਜੋ ਵੀ "ਸਾਡੇ ਦੇਸ਼ ਦੇ ਕਾਨੂੰਨ ਤੋੜਦਾ ਹੈ" ਉਹ ਅਪਰਾਧੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












