'ਪਤਨੀ ਤੋਂ ਵੱਖ ਹੋਣਾ ਮੇਰੇ ਲਈ ਧੀ ਦੀ ਮੌਤ ਨਾਲੋਂ ਵੀ ਔਖਾ ਹੈ', ਅਮਰੀਕਾ ਰਹਿੰਦੇ ਪਰਵਾਸੀਆਂ ਦੀਆਂ ਕਿੰਨੀਆਂ ਮੁਸ਼ਕਲਾਂ ਵਧੀਆਂ?

ਤਸਵੀਰ ਸਰੋਤ, Getty Images
- ਲੇਖਕ, ਵੈਲੇਨਟੀਨਾ ਓਰੋਪੇਜ਼ਾ
- ਰੋਲ, ਬੀਬੀਸੀ ਵਰਲਡ ਨਿਊਜ਼
ਮਾਰੀਓ ਦੀ 3 ਸਾਲ, 3 ਮਹੀਨੇ ਅਤੇ 14 ਦਿਨਾਂ ਤੋਂ ਆਪਣੀ ਪਤਨੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ।
ਮੂਲ ਰੂਪ ਤੋਂ ਵੈਨੇਜ਼ੁਏਲਾ ਦੇ ਰਹਿਣ ਵਾਲੇ ਮਾਰੀਓ ਇੱਕ ਪ੍ਰਵਾਸੀ ਹਨ ਅਤੇ ਆਪਣੀ ਪਤਨੀ ਸੋਫੀਆ ਤੋਂ ਦੂਰ ਰਹਿਣ ਦੇ ਹਰ ਪਲ ਨੂੰ ਸ਼ਿੱਦਤ ਨਾਲ ਗਿਣ ਰਹੇ ਹਨ। ਬਿਲਕੁਲ ਉਸੇ ਸ਼ਿੱਦਤ ਨਾਲ ਜਿਸ ਨਾਲ ਉਹ ਨਿਵੇਸ਼ ਕੰਪਨੀਆਂ ਵਿੱਚ ਵਿੱਤ ਦਾ ਪ੍ਰਬੰਧਨ ਕਰਦੇ ਹਨ ਜਾਂ ਟ੍ਰਾਈਥਲੋਨ ਲਈ ਆਪਣੀ ਸਿਖਲਾਈ ਕਰਦੇ ਹਨ।
ਮਾਰੀਓ, ਸੰਯੁਕਤ ਰਾਜ ਅਮਰੀਕਾ ਵਿੱਚ ਅਸਥਾਈ ਸੁਰੱਖਿਅਤ ਸਥਿਤੀ (ਟੀਪੀਐਸ) ਤਹਿਤ ਰਹਿ ਰਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਨੇ ਪੈਰੋਲ ਦੀ ਬੇਨਤੀ ਕੀਤੀ ਹੋਈ ਹੈ।
ਪੈਰੋਲ ਤੋਂ ਭਾਵ ਇੱਕ ਮਾਨਵਤਾਵਾਦੀ ਪਰਮਿਟ ਤੋਂ ਹੈ, ਜੋ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰ ਨੇ 5,30,000 ਵੈਨੇਜ਼ੁਏਲਾ, ਕਿਊਬਨ, ਨਿਕਾਰਾਗੁਆਨ ਅਤੇ ਹੈਤੀ ਵਾਸੀਆਂ ਨੂੰ ਦਿੱਤਾ ਸੀ।
ਕਸਟਮ ਅਤੇ ਸਰਹੱਦੀ ਸੁਰੱਖਿਆ ਦਫਤਰ ਦੇ ਅੰਕੜਿਆਂ ਅਨੁਸਾਰ, ਇਹ ਉਹ ਲੋਕ ਹਨ ਜੋ ਆਪਣੇ ਦੇਸ਼ਾਂ ਵਿੱਚ ਆ ਰਹੇ ਸੰਕਟਾਂ ਤੋਂ ਭੱਜਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਪਹੁੰਚੇ ਸਨ।
ਪਰ ਡੋਨਲਡ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਇੱਕ ਦਿਨ ਬਾਅਦ ਹੀ ਇਸ ਵਿਧੀ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹ ਸੰਯੁਕਤ ਰਾਜ ਅਮਰੀਕਾ ਵਿੱਚ ਅਨਿਯਮਿਤ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਕੀਤੇ ਗਏ ਉਪਾਵਾਂ ਦੇ ਇੱਕ ਸਮੂਹ ਦਾ ਹਿੱਸਾ ਹੈ।

ਹਾਲਾਂਕਿ ਸੋਫੀਆ ਨੂੰ ਪਿਛਲੇ ਸਾਲ ਮਈ ਵਿੱਚ ਪੈਰੋਲ ਮਿਲ ਗਈ ਸੀ, ਪਰ ਉਹ ਅਜੇ ਵੀ ਕਰਾਕਸ ਵਿੱਚ ਸੰਯੁਕਤ ਰਾਜ ਦੇ ਅਧਿਕਾਰੀਆਂ ਦੁਆਰਾ ਆਪਣਾ ਯਾਤਰਾ ਪਰਮਿਟ ਜਾਰੀ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਦੇ ਪੁੱਤਰ ਨੇ ਵੀ ਉਸੇ ਸਮੇਂ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੂੰ ਪੈਰੋਲ ਪ੍ਰਾਪਤ ਕਰਨ ਤੋਂ ਤਿੰਨ ਦਿਨ ਬਾਅਦ ਹੀ ਯਾਤਰਾ ਪਰਮਿਟ ਮਿਲ ਗਿਆ ਸੀ ਅਤੇ ਜੂਨ ਵਿੱਚ ਉਹ ਵੀ ਪਰਵਾਸ ਕਰ ਗਿਆ ਸੀ।
ਮਾਰੀਓ ਨੇ ਇੱਕ ਵਟਸਐਪ ਕਾਲ 'ਤੇ ਕਿਹਾ, "ਸੱਚ ਕਹਾਂ ਤਾਂ ਮੈਂ ਅਮਰੀਕਾ ਛੱਡ ਕੇ ਜਾਣ ਦੀ ਸੋਚ ਰਿਹਾ ਹਾਂ। ਮੈਂ ਤਿੰਨ ਸਾਲਾਂ ਤੋਂ ਉਡੀਕ ਕਰ ਰਿਹਾ ਹਾਂ ਕਿ ਮੇਰੀ ਪਤਨੀ ਪੈਰੋਲ ਉੱਤੇ ਮੇਰੇ ਕੋਲ ਆ ਜਾਵੇ ਅਤੇ ਹੁਣ ਉਨ੍ਹਾਂ ਨੇ ਇਸ ਨੂੰ ਮੁਅੱਤਲ ਕਰ ਦਿੱਤਾ ਹੈ। ਮੈਂ ਤਾਂ ਤੰਗ ਆ ਗਿਆ ਹਾਂ।"
ਇਸ ਕਾਲ 'ਤੇ ਸੋਫ਼ੀਆ ਵੀ ਜੁੜੇ ਹੋਏ ਸਨ।
ਕਾਨੂੰਨੀ ਤੌਰ 'ਤੇ ਮਾਈਗ੍ਰੇਟ

ਤਸਵੀਰ ਸਰੋਤ, Getty Images
ਅਮਰੀਕਾ ਤੋਂ ਬਾਹਰ ਪ੍ਰਵਾਸੀ ਸੀਬੀਪੀ ਵਨ ਰਾਹੀਂ ਆਪਣੀਆਂ ਪ੍ਰਕਿਰਿਆਵਾਂ ਦਾ ਪ੍ਰਬੰਧਨ ਕਰ ਸਕਦੇ ਹਨ, ਇੱਕ ਐਪਲੀਕੇਸ਼ਨ ਜਿਸ ਨੂੰ ਬਾਇਡਨ ਪ੍ਰਸ਼ਾਸਨ ਨੇ ਜਨਵਰੀ 2023 ਵਿੱਚ ਚਾਲੂ ਕੀਤਾ ਸੀ, ਜਿਸ ਰਾਹੀਂ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੁਲਾਕਾਤਾਂ ਤਹਿ ਕੀਤੀਆਂ ਜਾ ਸਕਦੀਆਂ ਹਨ।
ਪਰ ਟਰੰਪ ਦੇ ਆਉਣ ਤੋਂ ਬਾਅਦ ਪਲੇਟਫਾਰਮ ਨੂੰ ਬੰਦ ਕਰ ਦਿੱਤਾ ਗਿਆ ਅਤੇ 940,000 ਲੋਕਾਂ ਦੀਆਂ ਰਜਿਸਟ੍ਰੇਸ਼ਨਾਂ ਨੂੰ ਮਿਟਾ ਦਿੱਤਾ ਗਿਆ।
ਕਰਾਕਸ ਤੋਂ ਸੋਫੀਆ ਨੇ ਕਿਹਾ, "ਸਾਡਾ ਇਰਾਦਾ ਹਮੇਸ਼ਾ ਸਹੀ ਤਰੀਕੇ ਨਾਲ, ਕਾਨੂੰਨੀ ਤੌਰ 'ਤੇ ਪਰਵਾਸ ਕਰਨਾ ਰਿਹਾ ਹੈ। ਅਸੀਂ ਨਿਯਮਾਂ ਦੀ ਪਾਲਣਾ ਕੀਤੀ, ਅਸੀਂ ਇਸ ਪ੍ਰਕਿਰਿਆ ਵਿੱਚ ਆਪਣਾ ਪੈਸਾ ਲਗਾਇਆ ਅਤੇ ਹੁਣ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਕਰੀਏ।"

ਤਸਵੀਰ ਸਰੋਤ, Getty Images
ਇਸ ਜੋੜੇ ਦੀ ਬੇਨਤੀ ਮੁਤਾਬਕ, ਉਨ੍ਹਾਂ ਦੀ ਪਛਾਣ ਇੱਥੇ ਗੁਪਤ ਰੱਖੀ ਜਾ ਰਹੀ ਹੈ। ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਪੈਰੋਲ ਪ੍ਰਾਪਤਕਰਤਾਵਾਂ ਅਤੇ ਸੀਬੀਪੀ ਵਨ ਮੁਲਾਕਾਤਾਂ ਦੇ ਰਜਿਸਟ੍ਰੇਸ਼ਨ ਦੀ ਆਗਿਆ ਦੇਣ ਲਈ ਹੋਰ ਵਿਧੀਆਂ ਲਾਗੂ ਕਰਦਾ ਹੈ ਤਾਂ ਇਹ ਗਵਾਹੀ ਉਨ੍ਹਾਂ ਲਈ ਕਿਸੇ ਤਰ੍ਹਾਂ ਨੁਕਸਾਨਦਾਇਕ ਨਹੀਂ ਹੋਵੇਗੀ।
ਹਾਲਾਂਕਿ, ਇਹ ਅਜੇ ਪਤਾ ਨਹੀਂ ਹੈ ਕਿ ਟਰੰਪ ਪ੍ਰਸ਼ਾਸਨ ਦਾ ਫੈਸਲਾ ਲਟਕੇ ਹੋਏ ਮਾਮਲਿਆਂ ਨੂੰ ਰੱਦ ਕਰੇਗਾ ਜਾਂ ਸਿਰਫ਼ ਨਵੀਆਂ ਅਰਜ਼ੀਆਂ ਰੋਕੀਆਂ ਜਾਣਗੀਆਂ।
ਇਹ ਵੀ ਸਪਸ਼ਟ ਨਹੀਂ ਹੈ ਕਿ ਸੋਫੀਆ ਵਰਗੇ ਲੋਕਾਂ ਦਾ ਕੀ ਹੋਵੇਗਾ, ਜਿਨ੍ਹਾਂ ਦੀ ਅਰਜ਼ੀ ਤਾਂ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ ਅਤੇ ਉਹ ਯਾਤਰਾ ਪਰਮਿਟ ਦੀ ਉਡੀਕ ਕਰ ਰਹੇ ਹਨ।
ਪੈਰੋਲ ਤੋਂ ਦੇਸ਼ ਨਿਕਾਲੇ ਤੱਕ
ਬਾਇਡਨ ਨੇ ਯੂਕਰੇਨ 'ਤੇ ਰੂਸੀ ਹਮਲੇ ਕਾਰਨ ਪੈਦਾ ਹੋਏ ਪ੍ਰਵਾਸ ਸੰਕਟ ਲਈ ਇੱਕ ਰਾਹਤ ਵਜੋਂ ਮਾਨਵਤਾਵਾਦੀ ਪੈਰੋਲ ਸ਼ੁਰੂ ਕੀਤੀ ਸੀ।
ਅਪ੍ਰੈਲ 2022 ਵਿੱਚ, ਅਮਰੀਕਾ ਨੇ ਯੂਕਰੇਨ ਦੇ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਆਉਣ ਅਤੇ ਵਰਕ ਪਰਮਿਟ ਨਾਲ 2 ਸਾਲ ਰਹਿਣ ਦੀ ਪੇਸ਼ਕਸ਼ ਲਈ ਇਸ ਵਿਧੀ ਨੂੰ ਲਾਗੂ ਕੀਤਾ ਸੀ।
ਕੁਝ ਮਹੀਨਿਆਂ ਬਾਅਦ, ਅਕਤੂਬਰ 2022 ਵਿੱਚ ਇਸ ਪ੍ਰੋਗਰਾਮ ਨੂੰ ਵੈਨੇਜ਼ੁਏਲਾ ਵਾਸੀਆਂ ਲਈ ਵੀ ਚਲਾ ਦਿੱਤਾ ਗਿਆ, ਜਿਥੋਂ ਪਿਛਲੇ ਦਹਾਕੇ ਦੌਰਾਨ ਕੁੱਲ 7.8 ਮਿਲੀਅਨ ਪ੍ਰਵਾਸੀ ਅਤੇ ਸ਼ਰਨਾਰਥੀ ਆਏ, ਜੋ ਕਿ ਅਮਰੀਕੀ ਮਹਾਂਦੀਪ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪਲਾਇਨ ਬਣ ਗਿਆ।
ਜਨਵਰੀ 2023 ਵਿੱਚ, ਪੈਰੋਲ ਦਾ ਵਿਸਤਾਰ ਕਰਕੇ ਕਿਊਬਾ, ਹੈਤੀ ਅਤੇ ਨਿਕਾਰਾਗੁਆ ਦੇ ਨਾਗਰਿਕਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਪਰ ਟਰੰਪ ਦੇ ਸਭ ਤੋਂ ਮਹੱਤਵਪੂਰਨ ਮੁਹਿੰਮ ਵਾਅਦਿਆਂ ਵਿੱਚੋਂ ਇੱਕ - ਸੰਯੁਕਤ ਰਾਜ ਅਮਰੀਕਾ ਵਿੱਚ ਅਨਿਯਮਿਤ ਪ੍ਰਵਾਸ ਨੂੰ ਰੋਕਣਾ ਸੀ, ਜੋ ਕਿ ਬਾਇਡਨ ਪ੍ਰਸ਼ਾਸਨ ਦੌਰਾਨ ਇਤਿਹਾਸਕ ਪੱਧਰ 'ਤੇ ਪਹੁੰਚ ਗਿਆ ਸੀ।
ਇਸ ਲਈ ਜਿਵੇਂ ਹੀ ਟਰੰਪ ਨੇ ਅਹੁਦਾ ਸੰਭਾਲਿਆ, ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦੇਵੇਗੀ। ਇਸ ਦਾ ਮਤਲਬ ਹੈ ਕਿ ਇਹ ਫੈਸਲਾ ਕਾਨੂੰਨੀ ਇਮੀਗ੍ਰੇਸ਼ਨ ਤੋਂ ਬਿਨਾਂ ਦੇਸ਼ ਵਿੱਚ ਰਹਿਣ ਵਾਲੇ ਘੱਟੋ-ਘੱਟ 11 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਨ੍ਹਾਂ ਨੇ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ "ਰਾਸ਼ਟਰੀ ਐਮਰਜੈਂਸੀ" ਘੋਸ਼ਿਤ ਕੀਤੀ ਅਤੇ ਇਸ ਦੀ ਰਾਖੀ ਲਈ ਫੌਜੀ ਬਲ ਵੀ ਤਾਇਨਾਤ ਕਰ ਦਿੱਤੇ ਹਨ।
ਇੱਥੋਂ ਤੱਕ ਕਿ ਉਸ ਕਾਨੂੰਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜੋ ਸੁਰੱਖਿਆ ਬਲਾਂ ਨੂੰ ਗਿਰਜਾਘਰਾਂ, ਸਕੂਲਾਂ ਅਤੇ ਹਸਪਤਾਲਾਂ ਵਿੱਚ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੀ ਭਾਲ ਕਰਨ ਤੋਂ ਰੋਕਦਾ ਸੀ। ਇਹ ਉਹ ਸਥਾਨ ਹਨ ਜੋ ਪਹਿਲਾਂ "ਸੰਵੇਦਨਸ਼ੀਲ" ਮੰਨੇ ਜਾਂਦੇ ਸਨ ਅਤੇ ਇੱਥੇ ਇਮੀਗ੍ਰੇਸ਼ਨ ਛਾਪਿਆਂ ਦੀ ਮਨਾਹੀ ਸੀ।
ਇੱਕ ਤੀਜਾ ਦੇਸ਼

ਤਸਵੀਰ ਸਰੋਤ, Getty Images
ਮਾਰੀਓ ਉਨ੍ਹਾਂ ਕਾਰਨਾਂ ਬਾਰੇ ਵੀ ਦੱਸਦੇ ਹਨ, ਜਿਸਨੇ ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਜਾਣ ਲਈ ਪ੍ਰੇਰਿਤ ਕੀਤਾ।
ਪਹਿਲਾਂ, ਵੈਨੇਜ਼ੁਏਲਾ ਵਿੱਚ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਦੀ ਮੌਤ ਹੋ ਗਈ। ਦਵਾਈ ਦੀ ਘਾਟ ਕਾਰਨ ਉਸ ਨੂੰ ਸਹੀ ਇਲਾਜ ਨਹੀਂ ਮਿਲ ਸਕਿਆ ਸੀ ਅਤੇ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਫਿਰ, ਉਨ੍ਹਾਂ ਨੇ ਜੀਵਨ ਨੂੰ ਇੱਕ ਨਵੀਂ ਸ਼ੁਰੂਆਤ ਦੇਣ ਲਈ ਕੋਲੰਬੀਆ ਜਾਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਇੱਕ ਕੰਪਨੀ ਸ਼ੁਰੂ ਕੀਤੀ ਪਰ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਉਹ ਕੰਪਨੀ ਵੀ ਦੀਵਾਲੀਆ ਹੋ ਗਈ।
ਉਸ ਅਸਫਲਤਾ ਤੋਂ ਉਭਰਨ ਲਈ, ਮਾਰੀਓ ਨੇ ਅਮਰੀਕਾ ਵਿੱਚ ਨੌਕਰੀ ਕਰਨ ਦਾ ਫੈਸਲਾ ਕੀਤਾ, ਜਦਕਿ ਸੋਫੀਆ ਸਭ ਕੁਝ ਸਹੀ ਹੋਣ ਦੀ ਉਮੀਦ ਵਿੱਚ ਕਰਾਕਸ ਵਾਪਸ ਆ ਗਏ ਅਤੇ ਉਥੋਂ ਘਰ-ਬਾਰ ਸਮੇਟਣ ਦਾ ਕੰਮ ਸ਼ੁਰੂ ਕੀਤਾ।
ਉਨ੍ਹਾਂ ਨੇ ਸਭ ਕੁਝ ਵੇਚ ਦਿੱਤਾ ਅਤੇ ਅਮਰੀਕਾ ਵਿੱਚ ਸੈਟਲ ਹੋਣ ਲਈ ਜੋ ਕਾਗਜ਼ੀ ਕਾਰਵਾਈ ਕਰਨੀ ਸੀ, ਉਸ ਲਈ ਆਪਣੀ ਬੱਚਤ ਦੀ ਵਰਤੋਂ ਕੀਤੀ।

ਤਸਵੀਰ ਸਰੋਤ, Getty Images
ਮਾਰਿਓ ਕਹਿੰਦੇ ਹਨ, "ਇਸ ਸਾਰੀ ਪ੍ਰਕਿਰਿਆ 'ਤੇ ਸਾਨੂੰ ਲਗਭਗ 30 ਹਜ਼ਾਰ ਯੂਐਸ ਡਾਲਰ ਖਰਚ ਕਰਨੇ ਪਏ ਅਤੇ ਹੁਣ ਮੈਂ ਆਪਣੀ ਪਤਨੀ ਨੂੰ ਦੇਖ ਵੀ ਨਹੀਂ ਸਕਦਾ? ਇਹ ਹੁਣ ਕੋਈ ਕੋਸ਼ਿਸ਼ ਨਹੀਂ ਹੈ, ਇਹ ਇੱਕ ਕੁਰਬਾਨੀ ਹੈ।"
ਅਗਸਤ 2024 ਵਿੱਚ, ਸੋਫੀਆ ਅਤੇ ਹਜ਼ਾਰਾਂ ਹੋਰ ਬਿਨੈਕਾਰਾਂ ਦੀ ਪ੍ਰਕਿਰਿਆ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਸੀ, ਇਸ ਦਾ ਕਾਰਨ ਸੀ ਵੱਡੇ ਪੱਧਰ 'ਤੇ ਅਰਜ਼ੀਆਂ ਵਿੱਚ ਹੋਈ ਧੋਖਾਧੜੀ ਦੀ ਜਾਂਚ ਕਰਨਾ। ਇਸੇ ਕਰਕੇ ਸੋਫੀਆ ਅਤੇ ਮਾਰੀਓ ਦੇ ਮਿਲਣ ਵਿੱਚ ਦੇਰੀ ਹੋ ਰਹੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ, ਮਾਰੀਓ ਅਤੇ ਸੋਫੀਆ ਨੇ ਵਟਸਐਪ ਚੈਟ ਰਾਹੀਂ ਇੱਕ ਸਾਂਝਾ ਰੋਜ਼ਾਨਾ ਰੁਟੀਨ ਬਣਾਇਆ ਹੈ। ਜਦੋਂ ਵੀ ਸੋਫੀਆ ਨੂੰ ਕਰਾਕਸ ਵਿੱਚ ਚੰਗਾ ਇੰਟਰਨੈਟ ਕਨੈਕਸ਼ਨ ਮਿਲਦਾ ਹੈ ਤਾਂ ਉਹ ਵੀਡੀਓ ਕਾਲ ਰਾਹੀਂ ਆਪਸ ਵਿੱਚ ਗੱਲ ਕਰਦੇ ਹਨ।
ਮਾਰੀਓ ਨਿਰਾਸ਼ਾ ਜਤਾਉਂਦੇ ਹੋਏ ਕਹਿੰਦੇ ਹਨ, "ਅਸੀਂ ਗੁੱਸੇ ਅਤੇ ਨਿਰਾਸ਼ ਹਾਂ, ਇਹ ਹੁਣ ਸਮਾਂ ਬਰਬਾਦ ਕਰਨ ਬਾਰੇ ਨਹੀਂ ਹੈ, ਸਗੋਂ ਸਾਡੇ ਵਿਆਹੁਤਾ ਜੀਵਨ ਦੇ ਬਰਬਾਦ ਹੋਣ ਬਾਰੇ ਹੈ। ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ।"

ਤਸਵੀਰ ਸਰੋਤ, Getty Images
ਇਹ ਜੋੜਾ ਵੈਨੇਜ਼ੁਏਲਾ ਵਿੱਚ ਰਹਿਣ ਤੋਂ ਵੀ ਇਨਕਾਰ ਕਰ ਰਿਹਾ ਹੈ। ਵੈਨੇਜ਼ੁਏਲਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਤੀਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਬਾਅਦ ਇੱਕ ਰਾਜਨੀਤਿਕ ਸੰਕਟ ਵਿੱਚ ਫਸਿਆ ਹੋਇਆ ਹੈ।
ਮਾਰੀਓ ਕੋਲ ਇੱਕ ਯੂਰਪੀਅਨ ਪਾਸਪੋਰਟ ਹੈ। ਜੇਕਰ ਉਨ੍ਹਾਂ ਨੂੰ ਅਗਲੇ ਛੇ ਮਹੀਨਿਆਂ ਵਿੱਚ ਅਮਰੀਕਾ ਵਿੱਚ ਇਕੱਠੇ ਸੈਟਲ ਹੋਣ ਦਾ ਕੋਈ ਰਸਤਾ ਨਹੀਂ ਮਿਲਦਾ, ਤਾਂ ਉਹ ਇਟਲੀ ਚਲੇ ਜਾਣਗੇ, ਜੋ ਕਿ ਉਨ੍ਹਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਦੀ ਧਰਤੀ ਹੈ। ਫਿਰ ਉਹ ਉੱਥੇ ਹੀ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਜੀਵਨ ਬਿਤਾਉਣ ਬਾਰੇ ਸੋਚ ਰਹੇ ਹਨ।
ਉਨ੍ਹਾਂ ਕਿਹਾ, "ਆਪਣੀ ਪਤਨੀ ਤੋਂ ਵੱਖ ਹੋਣਾ ਮੇਰੇ ਲਈ ਸਾਡੀ ਧੀ ਦੀ ਮੌਤ ਨਾਲੋਂ ਵੀ ਔਖਾ ਰਿਹਾ ਹੈ। ਉਨ੍ਹਾਂ ਹਾਲਾਤਾਂ ਵਿੱਚ ਅਸੀਂ ਇੱਕ-ਦੂਜੇ ਦੇ ਨਾਲ ਤਾਂ ਸੀ ਪਰ ਇਸ ਵਾਰ ਅਸੀਂ ਅਜਿਹੀ ਸਥਿਤੀ ਵਿੱਚ ਫਸ ਗਏ ਹਾਂ ਜਿਸ ਦਾ ਸਾਨੂੰ ਪਤਾ ਤੱਕ ਨਹੀਂ ਕਿ ਇਹ ਸਭ ਕਦੋਂ ਖਤਮ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












