'ਸਾਨੂੰ ਨਹੀਂ ਪਤਾ ਕੋਈ ਜਿਉਂਦਾ ਵੀ ਬਚਿਆ ਜਾਂ ਨਹੀਂ'- ਵਾਸ਼ਿੰਗਟਨ 'ਚ ਅਮਰੀਕੀ ਫ਼ੌਜ ਦੇ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼, 64 ਲੋਕ ਸਨ ਸਵਾਰ

ਵਾਸਿੰਗਟਨ ਡੀਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟ ਗਿਆ ਅਤੇ ਨਦੀ ਵਿੱਚ ਡਿੱਗ ਗਿਆ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਨੇੜੇ ਇੱਕ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਹਵਾ ਵਿੱਚ ਹੀ ਇੱਕ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ।

ਇਸ ਜਹਾਜ਼ 'ਚ 64 ਲੋਕ ਸਵਾਰ ਸਨ। ਇਨ੍ਹਾਂ ਵਿੱਚ 60 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ।

ਪੁਲਿਸ ਅਧਿਕਾਰੀਆਂ ਨੇ ਬੀਬੀਸੀ ਦੇ ਅਮਰੀਕੀ ਸਹਿਯੋਗੀ ਨਿਊਜ਼ ਚੈਨਲ ਸੀਬੀਐੱਸ ਨੂੰ ਦੱਸਿਆ ਕਿ ਹੁਣ ਤੱਕ 19 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਇਸ ਸੀਆਰਜੇ 700 ਜਹਾਜ਼ ਨੇ ਵਾਸ਼ਿੰਗਟਨ ਤੋਂ ਕਾਨਸਾਸ ਲਈ ਉਡਾਨ ਭਰੀ ਸੀ।

ਅਮਰੀਕੀ ਮੀਡੀਆ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ, ਟੱਕਰ ਤੋਂ ਬਾਅਦ ਜਹਾਜ਼ ਹਵਾ ਵਿੱਚ ਹੀ ਦੋ ਹਿੱਸਿਆਂ 'ਚ ਟੁੱਟ ਗਿਆ ਅਤੇ ਪੋਟੋਮੈਕ ਨਦੀ 'ਚ ਜਾ ਡਿੱਗਿਆ। ਨਦੀ 'ਚ ਯਾਤਰੀਆਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ।

ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਵਾਪਰੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਜਹਾਜ਼ ਨੇ ਰੀਗਨ ਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਐਮਰਜੈਂਸੀ ਫੋਰਸ ਦੇ ਮੈਂਬਰ ਹਵਾਈ ਅੱਡੇ 'ਤੇ ਪਹੁੰਚ ਗਏ ਹਨ। 10 ਤੋਂ ਵੱਧ ਐਂਬੂਲੈਂਸਾਂ ਅਤੇ ਟਰੱਕ ਵੀ ਮੌਕੇ 'ਤੇ ਮੌਜੂਦ ਹਨ।

ਰੀਗਨ ਏਅਰਪੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਫ਼ਿਲਹਾਲ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।

ਇੱਕ ਅਮਰੀਕੀ ਫ਼ੌਜੀ ਅਧਿਕਾਰੀ ਨੇ ਬੀਬੀਸੀ ਦੇ ਸਹਿਯੋਗੀ ਨਿਊਜ਼ ਚੈਨਲ ਸੀਬੀਐੱਸ ਨੂੰ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਹੈਲੀਕਾਪਟਰ ਅਮਰੀਕੀ ਫ਼ੌਜ ਦਾ ਬਲੈਕ ਹਾਕ ਹੈਲੀਕਾਪਟਰ ਸੀ।

ਹੈਲੀਕਾਪਟਰ ਵਿੱਚ ਤਿੰਨ ਅਮਰੀਕੀ ਫ਼ੌਜੀ ਸਵਾਰ ਸਨ।

ਹਾਦਸਾਗ੍ਰਸਤ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸਾਗ੍ਰਸਤ ਜਹਾਜ਼

ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦੇ ਹੋਏ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਹੈਲੀਕਾਪਟਰ ਵਿੱਚ ਕੋਈ ਸੀਨੀਅਰ ਅਧਿਕਾਰੀ ਨਹੀਂ ਸੀ ਪਰ ਇਸ 'ਚ ਸਵਾਰ ਫੌਜੀਆਂ ਦੀ ਹਾਲਤ ਵੀ ਸਪੱਸ਼ਟ ਨਹੀਂ ਹੈ।

ਸੀਬੀਐੱਸ ਨਾਲ ਗੱਲਬਾਤ ਕਰਦਿਆਂ ਇੱਕ ਹੋਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਇਸ ਹੈਲੀਕਾਪਟਰ ਨੇ ਵਰਜੀਨੀਆ ਦੇ ਫ਼ੋਰਟ ਬੇਲੀਵੋਰ ਤੋਂ ਉਡਾਣ ਭਰੀ ਸੀ। ਇਹ ਹਵਾਈ ਅੱਡਾ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ਦੇ ਦੱਖਣ-ਪੱਛਮ ਵਿੱਚ ਸਥਿਤ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, ''ਮੈਨੂੰ ਰੀਗਨ ਨੈਸ਼ਨਲ ਏਅਰਪੋਰਟ 'ਤੇ ਹੋਏ ਹਾਦਸੇ ਦੀ ਪੂਰੀ ਜਾਣਕਾਰੀ ਮਿਲੀ ਹੈ। ਮੈਂ ਸਥਿਤੀ 'ਤੇ ਨਜ਼ਰ ਰੱਖ ਰਿਹਾ ਹਾਂ। ਪ੍ਰਮਾਤਮਾ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"

ਜਹਾਜ਼ ਨਦੀ ਵਿੱਚ ਡਿੱਗਿਆ

ਬਚਾਅ ਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਚਾਅ ਕਿਸ਼ਤੀਆਂ ਨੇ ਫ਼ੌਰਨ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ

ਵਾਸ਼ਿੰਗਟਨ ਡੀਸੀ ਦੇ ਫਾਇਰ ਅਤੇ ਈਐੱਮਐੱਸ ਵਿਭਾਗ ਨੇ ਕਿਹਾ ਹੈ ਕਿ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗਿਆ ਹੈ।

ਫਾਇਰਬੋਟਸ ਨਦੀ 'ਚ ਮੁਸਾਫਰਾਂ ਦੇ ਬਚਾਅ ਅਤੇ ਰਾਹਤ ਕਾਰਜ 'ਚ ਲੱਗੀਆਂ ਹੋਈਆਂ ਹਨ।

ਉੱਪ-ਰਾਸ਼ਟਰਪਤੀ ਜੇਡੀ ਵੈਂਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ, ''ਅਸੀਂ ਹਾਦਸੇ ਦੇ ਸਾਰੇ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਬਿਹਤਰੀ ਦੀ ਆਸ ਕਰ ਰਹੇ ਹਾਂ।"

ਬਚਾਅ ਕਾਰਜਾਂ 'ਚ ਰੁਕਾਵਟ ਬਣਿਆ ਮੌਸਮ

ਬਚਾਅ ਕਾਰਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ ਬਚਾਅ ਕਾਰਜ ਫ਼ੌਰਨ ਸ਼ੁਰੂ ਕਰ ਦਿੱਤੇ ਗਏ ਪਰ ਰਾਤ ਦੇ ਹਨੇਰੇ ਅਤੇ ਬਰਫ਼ੀਲੀ ਠੰਡ ਕਾਰਨ ਕੰਮ ਦਸਤਿਆਂ ਦਾ ਕੰਮ ਮੁਸ਼ਕਿਲਾਂ ਭਰਿਆ ਹੈ

ਵਾਸ਼ਿੰਗਟਿਨ ਡੀਸੀ ਵਿੱਚ ਪੋਟੋਮੈਕ ਨਦੀ ਅੰਦਰ ਬਚਾਅ ਕਾਰਜ ਸੌਖੇ ਨਹੀਂ ਹਨ। ਘਟਨਾ ਸਥਲ ਉੱਤੇ ਰਾਹਤ ਕਰਮੀ ਪਾਣੀ ਵਿੱਚ ਡਿੱਗੇ ਹਾਦਸਾਗ੍ਰਸਤ ਵਾਹਨ ਉੱਤੇ ਛਾਲਾਂ ਮਾਰਦੇ ਦੇਖੇ ਗਏ।

ਐਮਰਜੈਂਸੀ ਸੇਵਾਵਾਂ ਦੇ ਮੁਖੀ ਜੌਨ ਡੌਨਲੇ ਨੇ ਚੇਤਾਵਨੀ ਦਿੰਦਿਆਂ ਦੱਸਿਆ,"ਉੱਥੇ ਰਾਤ ਦਾ ਘੁੱਪ ਹਨੇਰਾ ਹੈ। ਬਹੁਤ ਘੱਟ ਰੌਸ਼ਨੀ ਅਤੇ ਬਰਫ਼ੀਲੇ ਵਾਤਾਵਰਣ ਕਾਰਨ ਰਾਹਤ ਕਰਮੀਆਂ ਲਈ ਕੰਮ ਕਰਨਾ ਔਖਾ ਹੈ।"

ਪੋਟੋਮੈਕ ਨਦੀ ਅੰਦਰ ਬਚਾਅ ਕਾਰਜ ਸੌਖੇ ਨਹੀਂ ਹਨ
ਤਸਵੀਰ ਕੈਪਸ਼ਨ, ਪੋਟੋਮੈਕ ਨਦੀ ਅੰਦਰ ਬਚਾਅ ਕਾਰਜ ਸੌਖੇ ਨਹੀਂ ਹਨ

ਜੌਨ ਨੇ ਦੱਸਿਆ ਕਿ ਉਹ ਰੇਡੀਓ ਸੁਣ ਰਹੇ ਸਨ ਜਦੋਂ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਫ਼ੋਨ ਆਇਆ।

ਉਨ੍ਹਾਂ ਕਿਹਾ,"ਹਾਦਸਾਗ੍ਰਸਤ ਜਹਾਜ਼ ਦੀ ਭਾਲ ਵਿੱਚ ਬਚਾਅ ਕਿਸ਼ਤੀਆਂ ਬਹੁਤ ਤੇਜ਼ੀ ਨਾਲ ਨਦੀ ਵਿੱਚ ਉਤਾਰੀਆਂ ਗਈਆਂ।"

ਜਦੋਂ ਲੋਕਾਂ ਦੇ ਜ਼ਿਉਂਦੇ ਹੋਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਜੌਨ ਨੇ ਕਿਹਾ ਕਿ ਇਸ ਬਾਰੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ, ਪਰ ਹਾਲੇ ਬਚਾਅ ਦਸਤੇ ਪੀੜਤਾਂ ਦੀ ਭਾਲ ਵਿੱਚ ਲੱਗੇ ਹੋਏ ਹਨ।

ਉਨ੍ਹਾਂ ਕਿਹਾ, "ਸਾਨੂੰ ਨਹੀਂ ਪਤਾ ਕੋਈ ਜਿਉਂਦਾ ਵੀ ਬਚਿਆ ਜਾਂ ਨਹੀਂ।"

ਚਸ਼ਮਦੀਦ ਨੇ ਕੀ ਕਿਹਾ?

ਹਾਦਸੇ ਦੇ ਚਸ਼ਮਦੀਦ ਸਥਾਨਕ ਨਾਗਰਿਕ ਜਿੰਮੀ ਮੈਜ਼ੇਓ ਨੇ ਕਿਹਾ ਕਿ ਉਹ ਅਸਮਾਨ ਵਿੱਚ ਜਹਾਜ਼ ਨੂੰ ਦੇਖ ਰਹੇ ਸਨ।

ਉਨ੍ਹਾਂ ਦੱਸਿਆ ਕਿ ਜਹਾਜ਼ ਆਮ ਉਡਾਣਾਂ ਵਰਗਾ ਨਹੀਂ ਸੀ ਨਜ਼ਰ ਆ ਰਿਹਾ। ਇਸ ਤੋਂ ਬਾਅਦ ਅਚਾਨਕ ਉਨ੍ਹਾਂ ਨੇ ਅਸਮਾਨ ਵਿੱਚ ਇੱਕ ਚਿੱਟੀ ਚਮਕ ਵੇਖੀ।

ਜਿੰਮੀ ਨੇ ਸੋਚਿਆ ਕਿ ਉਹ ਇੱਕ ਸ਼ੂਟਿੰਗ ਸਟਾਰ ਹੋ ਸਕਦਾ ਹੈ।

ਉਨ੍ਹਾਂ ਨੇ ਇਸ ਬਾਰੇ ਬਹੁਤਾ ਨਹੀਂ ਸੋਚਿਆ ਪਰ ਫ਼ਿਰ ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਮੌਕੇ 'ਤੇ ਪਹੁੰਚਦੇ ਦੇਖਿਆ।

ਪੈਂਟਾਗਨ ਦੀ ਨਜ਼ਰ

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ, ''ਅਸੀਂ ਮਾਮਲੇ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਹਰ ਲੋੜ ਦੀ ਪੂਰਤੀ ਲਈ ਤਿਆਰ ਹਾਂ। ਅਸੀਂ ਦੁਰਘਟਨਾ ਦੇ ਹਰ ਇੱਕ ਪੀੜਤ ਲਈ ਪ੍ਰਾਰਥਨਾ ਕਰ ਰਹੇ ਹਾਂ।"

ਵਾਸ਼ਿੰਗਟਨ ਡੀਸੀ ਤੋਂ ਰਿਪੋਰਟਿੰਗ ਕਰਦੇ ਹੋਏ ਰਾਸੇਲ ਲੂਕਰ ਨੇ ਲਿਖਿਆ, "ਮੈਂ ਹੁਣੇ ਹੀ ਹਵਾਈ ਅੱਡੇ ਦੇ ਨੇੜੇ ਇੱਕ ਇਮਾਰਤ ਵਿੱਚ ਰਹਿਣ ਵਾਲੇ ਜੋਸੇ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸਾ ਜਹਾਜ਼ ਦੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਹੋਇਆ ਜਾਪਦਾ ਹੈ।"

"ਟਰਮੀਨਲ 'ਤੇ ਵੱਡੀ ਗਿਣਤੀ 'ਚ ਲੋਕ ਮੌਜੂਦ ਹਨ। ਉਨ੍ਹਾਂ ਨੂੰ ਨਜ਼ਰ ਆ ਰਿਹਾ ਸੀ ਕਿ ਦੁਰਘਟਨਾ ਪੀੜਤਾਂ ਨੂੰ ਉਥੋਂ ਚੁੱਕ ਕੇ ਲਿਜਾਇਆ ਜਾ ਰਿਹਾ ਹੈ।"

"ਇਸ ਹਾਦਸੇ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਸਹਿਮ ਗਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)