ਦੱਖਣੀ ਕੋਰੀਆ ਹਵਾਈ ਹਾਦਸਾ : 179 ਮੌਤਾਂ ਦਾ ਕਾਰਨ ਬਚੇ ਹਾਦਸੇ ਦੇ ਚਸ਼ਮਦੀਦ ਨੇ ਦੱਸਿਆ ਹੌਲ਼ਨਾਕ ਮੰਜ਼ਰ

ਤਸਵੀਰ ਸਰੋਤ, Reuters/Yonhap
- ਲੇਖਕ, ਰੂਥ ਕਾਮਰਫੋਰਡ
- ਰੋਲ, ਬੀਬੀਸੀ ਨਿਊਜ਼
ਕਾਲਜ ਦੇ ਇਮਤਿਹਾਨ ਖ਼ਤਮ ਹੋਣ ਤੋਂ ਬਾਅਦ ਮੇਂਗ ਗੀ-ਸੂ ਦੇ ਭਤੀਜੇ ਅਤੇ ਉਨ੍ਹਾਂ ਦੇ ਦੋ ਪੁੱਤਰ ਥਾਈਲੈਂਡ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਲਈ ਇਹ ਯਾਤਰਾ ਜਸ਼ਨਨੁਮਾ ਸੀ।
ਪਰ ਲੈਂਡਿੰਗ ਦੌਰਾਨ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਾਂਤ ਬਣ ਗਈ।
ਐਤਵਾਰ ਸਵੇਰੇ ਦੱਖਣੀ ਕੋਰੀਆ ਵਿੱਚ ਜੇਜੂ ਏਅਰ ਦਾ ਜਹਾਜ਼ ਲੈਂਡਿੰਗ ਸਮੇਂ ਕਰੈਸ਼ ਹੋ ਗਿਆ ਜਿਸ ਵਿੱਚ ਇੰਨ੍ਹਾ ਤਿੰਨਾਂ ਸਮੇਤ 179 ਹੋਰ ਲੋਕ ਵੀ ਮਾਰੇ ਗਏ।
78 ਸਾਲਾ ਮੇਂਗ ਗੀ-ਸੂ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰਾ ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ।"
"ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਹੈ।"
ਮੇਂਗ ਗੀ-ਸੂ ਦਾ ਪਰਿਵਾਰ ਬੈਂਕਾਕ ਤੋਂ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਯਾਤਰਾ ਕਰ ਰਿਹਾ ਸੀ, ਜੋ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 09:00 ਵਜੇ ਦੇ ਕਰੀਬ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਿਆ ਅਤੇ ਇੱਕ ਕੰਧ ਨਾਲ ਟਕਰਾ ਗਿਆ।
ਦੱਖਣੀ ਕੋਰੀਆ ਦੀ ਧਰਤੀ 'ਤੇ ਅੱਜ ਤੱਕ ਵਾਪਰੇ ਸਭ ਤੋਂ ਘਾਤਕ ਜਹਾਜ਼ ਹਾਦਸਿਆਂ ਵਿੱਚੋਂ ਇੱਕ ਬੋਇੰਗ 737-800 ਦਾ ਹੈ, ਜਿਸ ਦੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ।
ਪੀੜਤਾਂ ਵਿੱਚ ਚਾਲਕ ਦਲ ਦੇ ਚਾਰ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚੋ ਦੋ ਨੂੰ ਮਲਬੇ ਵਿੱਚੋਂ ਜ਼ਿੰਦਾ ਬਚਾ ਲਿਆ ਗਿਆ ਸੀ।

ਯੋਨਹਾਪ ਨਿਊਜ਼ ਏਜੰਸੀ ਦੇ ਅਨੁਸਾਰ, ਫਲਾਈਟ 7C2216 'ਤੇ ਸਵਾਰ 179 ਯਾਤਰੀਆਂ ਦੀ ਉਮਰ ਤਿੰਨ ਸਾਲ ਤੋਂ 78 ਸਾਲ ਦੇ ਵਿਚਕਾਰ ਸੀ, ਹਾਲਾਂਕਿ ਜ਼ਿਆਦਾਤਰ ਯਾਤਰੀ 40, 50 ਅਤੇ 60 ਦੇ ਦਹਾਕੇ ਦੇ ਸਨ।
ਅਧਿਕਾਰੀਆਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿੱਚੋ ਦੋ ਥਾਈਲੈਂਡ ਦੇ ਨਾਗਰਿਕ ਹਨ ਅਤੇ ਬਾਕੀ ਦੱਖਣੀ ਕੋਰੀਆ ਦੇ ਹਨ।
ਮਰਨ ਵਾਲੇ ਲੋਕਾਂ ਵਿੱਚੋਂ ਪੰਜ ਬੱਚੇ 10 ਸਾਲ ਤੋਂ ਘੱਟ ਉਮਰ ਦੇ ਸਨ, ਜਿਨ੍ਹਾਂ ਵਿੱਚ ਸਭ ਤੋਂ ਛੋਟਾ ਯਾਤਰੀ ਤਿੰਨ ਸਾਲ ਦਾ ਲੜਕਾ ਸੀ।
ਪੀੜਤ ਪਰਿਵਾਰ ਦੀ ਇੱਕ 60 ਸਾਲਾਂ ਮਹਿਲਾ ਨੇ ਯੋਨਹਾਪ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਪੰਜ ਲੋਕ ਇਸ ਹਾਦਸਾ ਗ੍ਰਸਤ ਜਹਾਜ਼ 'ਚ ਸਵਾਰ ਸਨ।
ਇਨ੍ਹਾਂ ਮੈਂਬਰਾਂ 'ਚ ਉਨ੍ਹਾਂ ਦੇ ਭਰਾ, ਭਰਜਾਈ, ਭਤੀਜੀ ਅਤੇ ਭਤੀਜੀ ਦੇ ਦੋ ਛੋਟੇ ਬੱਚੇ ਸ਼ਾਮਲ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਨੇ ਉਨ੍ਹਾਂ ਦੇ ਪਰਿਵਾਰ ਤੋਂ ਤਿੰਨ ਪੀੜੀਆਂ ਨੂੰ ਖੋਹ ਲਿਆ ਹੈ।
ਮਾਰੇ ਗਏ ਯਾਤਰੀਆਂ 'ਚੋ ਜ਼ਿਆਦਾਤਰ ਲੋਕ ਥਾਈਲੈਂਡ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਕੇ ਆਪਣੇ ਘਰ ਪਰਤ ਰਹੇ ਸਨ।
ਹਾਦਸੇ 'ਚ ਮਾਰੇ ਗਏ ਜੋਂਗਲੁਕ ਡੌਂਗਮੇਨੀ ਦੇ ਚਚੇਰੇ ਭਰਾ ਪੋਰਨਫਿਚਾਇਆ ਚੈਲੇਰਮਸਿਨ ਨੇ ਬੀਬੀਸੀ ਥਾਈ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਖ਼ਬਰ ਸੁਣੀ ਤਾਂ ਉਹ "ਸਦਮੇ" 'ਚ ਚੱਲੇ ਗਏ।
ਉਨ੍ਹਾਂ ਕਿਹਾ, "ਖ਼ਬਰ ਸੁਣਦਿਆਂ ਹੀ ਮੇਰੇ ਲੂਹ-ਕੰਡੇ ਖੜੇ ਹੋ ਗਏ। ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਹਾਦਸਾ ਵਾਪਰਿਆ ਗਿਆ ਹੈ।"
ਹਾਦਸੇ 'ਚ ਮਾਰੇ ਗਏ ਜੋਂਗਲੁਕ ਪਿਛਲੇ ਪੰਜ ਸਾਲਾਂ ਤੋਂ ਦੱਖਣੀ ਕੋਰੀਆ ਵਿੱਚ ਖੇਤੀਬਾੜੀ ਉਦਯੋਗ ਵਿੱਚ ਕੰਮ ਕਰ ਰਹੇ ਸਨ।
ਉਹ ਆਮ ਤੌਰ 'ਤੇ ਛੁੱਟੀਆਂ ਦੌਰਾਨ ਆਪਣੇ ਬਿਮਾਰ ਪਿਤਾ ਅਤੇ ਆਪਣੇ ਦੋ ਬੱਚਿਆਂ ਨੂੰ ਮਿਲਣ ਥਾਈਲੈਂਡ ਜਾਂਦੇ ਸਨ।
ਦਿਲ ਦੀ ਬਿਮਾਰੀ ਨਾਲ ਪੀੜਤ ਉਨ੍ਹਾਂ ਦੇ ਪਿਤਾ ਨੂੰ ਜਦੋਂ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ "ਵੱਡਾ ਝੱਟਕਾ' ਲੱਗਾ।
"ਇਹ ਉਨ੍ਹਾਂ ਦੇ ਲਈ ਅਸਹਿ ਹੈ। ਜੋਂਗਲੁਕ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਸੀ।"
ਜੋਂਗਲੁਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨੋਂ ਬੱਚੇ ਵਿਦੇਸ਼ ਵਿੱਚ ਕੰਮ ਕਰਦੇ ਸਨ।

ਤਸਵੀਰ ਸਰੋਤ, BBC/Hosu Lee
ਬੈਂਕਾਕ ਤੋਂ ਵਾਪਸੀ ਦੌਰਾਨ ਜਹਾਜ਼ ਹਾਦਸੇ ਵਿੱਚ ਮਾਰੀ ਗਈ ਮੀ-ਸੂਕ ਦੀ ਪਛਾਣ ਉਨ੍ਹਾਂ ਦੇ ਫਿੰਗਰਪ੍ਰਿੰਟਸ ਤੋਂ ਹੋਈ।
ਉਨ੍ਹਾਂ ਦੇ 71 ਸਾਲਾਂ ਪਿਤਾ ਜਿਓਂ ਜੇ-ਯੰਗ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਲਈ ਬੈਂਕਾਕ ਗਈ ਸੀ।
ਮੀ-ਸੂਕ ਦੇ ਪਿਤਾ ਨੇ ਕਿਹਾ, "ਮੇਰੇ ਲਈ ਵਿਸ਼ਵਾਸ ਕਰਨਾ ਔਖਾ ਹੈ ਕਿ ਮੇਰੀ 40 ਸਾਲਾਂ ਧੀ ਦਾ ਅਜਿਹਾ ਅੰਤ ਹੋਇਆ ਹੈ।"
ਪਿਤਾ ਨੇ ਆਪਣੀ ਧੀ ਮੀ-ਸੂਕ ਨੂੰ ਆਖ਼ਰੀ ਵਾਰ 21 ਦਸੰਬਰ ਨੂੰ ਦੇਖਿਆ ਸੀ, ਜਦੋਂ ਉਹ ਉਨ੍ਹਾਂ ਦੇ ਘਰ ਕੁਝ ਭੋਜਨ ਅਤੇ ਆਉਣ ਵਾਲੇ ਸਾਲ ਦਾ ਕੈਲੰਡਰ ਲੈ ਕੇ ਆਈ ਸੀ।
ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੈ। ਮੀ-ਸੂਕ ਆਪਣੇ ਪਿੱਛੇ ਪਤੀ ਅਤੇ ਇੱਕ ਧੀ ਛੱਡ ਗਏ ਹਨ।
ਹਾਦਸੇ 'ਚ ਮਾਰੇ ਗਈ ਇੱਕ ਹੋਰ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦੀ ਪੀੜਤ ਭੈਣ ਦੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਤੋਂ ਬਾਅਦ ਥੋੜ੍ਹਾ ਚੰਗਾ ਸਮਾਂ ਆਇਆ ਸੀ, ਜਿਸ ਕਰਕੇ ਉਸ ਨੇ ਛੁੱਟੀ 'ਤੇ ਜਾਣ ਦਾ ਫੈਸਲਾ ਲਿਆ।
ਉਨ੍ਹਾਂ ਨੇ ਯੋਨਹਾਪ ਨਿਊਜ਼ ਏਜੰਸੀ ਨੂੰ ਦੱਸਿਆ, "ਮੇਰੀ ਭੈਣ ਨੇ ਬਹੁਤ ਮਾੜਾ ਸਮਾਂ ਵੇਖਿਆ ਹੈ। ਉਸ ਦੇ ਹਾਲਾਤ ਕੁਝ ਸੁਧਰੇ ਹੀ ਸੀ ਕਿ ਉਸ ਨੇ ਘੁੰਮਣ ਦਾ ਫੈਸਲਾ ਲਿਆ।"

ਤਸਵੀਰ ਸਰੋਤ, EPA
ਹਾਦਸੇ ਤੋਂ ਬਚਣ ਵਾਲੇ ਦੋ ਫਲਾਈਟ ਅਟੈਂਡੈਂਟ ਜਹਾਜ਼ ਦੇ ਪਿਛਲੇ ਸਿਰੇ ਤੋਂ ਮਿਲੇ ਸਨ।
ਨਿਊਜ਼ ਏਜੰਸੀ ਨੇ ਯੋਨਹਾਪ ਦੀ ਰਿਪੋਰਟ ਮੁਤਾਬਕ ਇਨ੍ਹਾਂ 'ਚੋ ਇੱਕ 33 ਸਾਲਾ ਬੰਦਾ ਸੀ ਜਿਸਦਾ ਉਪਨਾਮ ਲੀ ਹੈ।
ਲੀ ਨੂੰ ਪਹਿਲਾਂ ਲਗਭਗ 25 ਕਿਲੋਮੀਟਰ (15.5 ਮੀਲ) ਦੂਰ ਮੋਕਪੋ ਦੇ ਇੱਕ ਹਸਪਤਾਲ ਵਿੱਚ ਲੈ ਕੇ ਗਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਰਾਜਧਾਨੀ ਦੇ ਈਵਾ ਵੂਮੈਨ ਯੂਨੀਵਰਸਿਟੀ ਸਿਓਲ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ।
ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਲੀ ਦਾ ਇਲਾਜ ਕਰ ਰਹੇ ਡਾਕਟਰ ਜੂ ਵੂਨਗ ਨੇ ਦੱਸਿਆ ਕਿ ਲੀ ਦਾ ਕਹਿਣਾ ਹੈ, "ਮੇਰੇ ਹੋਸ਼ 'ਚ ਆਉਣ ਤੋਂ ਪਹਿਲਾਂ ਹੀ ਮੈਨੂੰ ਬਚਾ ਲਿਆ ਗਿਆ ਸੀ।"
ਡਾਕਟਰ ਜੂ ਨੇ ਦੱਸਿਆ ਕਿ ਲੀ ਨੂੰ ਮਲਟੀਪਲ ਫ੍ਰੈਕਚਰ ਹੋਏ ਹਨ ਅਤੇ ਉਨ੍ਹਾਂ ਦਾ ਸਰੀਰ ਮੁਕੰਮਲ ਤੌਰ 'ਤੇ ਅਧਰੰਗ ਗ੍ਰਸਤ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਲੀ ਨੂੰ ਵਿਸ਼ੇਸ਼ ਦੇਖਭਾਲ ਹੇਠ ਰੱਖਿਆ ਹੋਇਆ ਹੈ।
ਯੋਨਹਾਪ ਨੇ ਅੱਗੇ ਦੱਸਿਆ ਕਿ ਦੂਜੀ ਜ਼ਿੰਦਾ ਬਚਾਈ ਗਈ 25 ਸਾਲਾ ਮਹਿਲਾ ਫਲਾਈਟ ਅਟੈਂਡੈਂਟ ਦਾ ਉਪਨਾਮ ਕੂ ਹੈ ਅਤੇ ਉਹ ਪੂਰਬੀ ਸਿਓਲ ਦੇ ਆਸਨ ਮੈਡੀਕਲ ਸੈਂਟਰ ਵਿੱਚ ਇਲਾਜ ਅਧੀਨ ਹਨ।
ਰਿਪੋਰਟ ਮੁਤਾਬਕ ਉਨ੍ਹਾਂ ਦੇ ਸਿਰ ਅਤੇ ਗਿੱਟੇ 'ਤੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
"ਪਹਿਲਾਂ ਮੈਨੂੰ ਸੰਘਣਾ ਕਾਲਾ ਧੂੰਆਂ ਦਿੱਸਿਆ ਅਤੇ ਫਿਰ ਇੱਕ ਜ਼ੋਰਦਾਰ ਧਮਾਕਾ ਹੋਇਆ"

ਤਸਵੀਰ ਸਰੋਤ, Pornphichaya Chalermsin
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦਾ ਕਾਰਨ ਕੀ ਸੀ, ਪਰ ਕਈ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਹਾਜ਼ ਕਰੈਸ਼ ਹੋਣ ਤੋਂ ਪਹਿਲਾ ਹੀ ਖ਼ਰਾਬ ਸਥਿਤੀ 'ਚ ਸੀ।
ਸਥਾਨਕ ਰੈਸਟੋਰੈਂਟ ਦੇ ਮਾਲਕ ਇਮ ਯੰਗ-ਹਾਕ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਇਹ ਤੇਲ ਟੈਂਕਰ ਹਾਦਸਾ ਸੀ।
"ਮੈਂ ਬਾਹਰ ਗਿਆ ਜਿਥੋਂ ਮੈਂ ਸੰਘਣਾ, ਕਾਲਾ ਧੂੰਆਂ ਉੱਠਦਾ ਦੇਖਿਆ। ਉਸ ਤੋਂ ਬਾਅਦ, ਮੈਂ ਇੱਕ ਜ਼ੋਰਦਾਰ ਧਮਾਕਾ ਸੁਣਿਆ, ਇਸ ਵੱਡੇ ਧਮਾਕੇ ਤੋਂ ਬਾਅਦ ਘੱਟੋ-ਘੱਟ ਸੱਤ ਹੋਰ ਛੋਟੇ ਧਮਾਕੇ ਸੁਣਨ ਨੂੰ ਮਿਲੇ।"
"ਜਦੋਂ ਦੁਨੀਆ ਦੇ ਦੂਜੇ ਹਿੱਸੇ 'ਚ ਹਾਦਸੇ ਵਾਪਰਦੇ ਹਨ ਤਾਂ ਸਾਨੂੰ ਬੁਰਾ ਲੱਗਦਾ ਹੈ, ਪਰ ਇਹ ਇੱਥੇ ਵਾਪਰਿਆ ਹੈ। ਇਹ ਸਾਡੇ ਲਈ ਬਹੁਤ ਦੁਖਦਾਈ ਹੈ।"
41 ਸਾਲਾਂ ਯੂ ਜੇ-ਯੋਂਗ, ਜੋ ਹਵਾਈ ਅੱਡੇ ਦੇ ਨੇੜੇ ਸਨ, ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਕਰੈਸ਼ ਤੋਂ ਥੋੜ੍ਹੀ ਦੇਰ ਪਹਿਲਾਂ ਜਹਾਜ਼ ਦੇ ਸੱਜੇ ਵਿੰਗ 'ਤੇ ਇੱਕ ਚੰਗਿਆੜੀ ਦੇਖੀ ਸੀ।
70 ਸਾਲਾਂ ਕਿਮ ਯੋਂਗ-ਚਿਓਲ ਨੇ ਕਿਹਾ ਕਿ ਜਹਾਜ਼ ਸ਼ੁਰੂ ਵਿੱਚ ਲੈਂਡ ਕਰਨ ਵਿੱਚ ਅਸਫ਼ਲ ਰਿਹਾ ਅਤੇ ਦੁਬਾਰਾ ਲੈਂਡਿੰਗ ਕੋਸ਼ਿਸ਼ ਕਰਨ ਲਈ ਮੁੜ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਇੱਕ "ਜ਼ੋਰਦਾਰ ਧਮਾਕਾ" ਸੁਣਨ ਤੋਂ ਬਾਅਦ "ਅਕਾਸ਼ ਵਿੱਚ ਕਾਲਾ ਧੂੰਆਂ ਉੱਡਦਾ" ਦੇਖਿਆ।
ਇੱਕ ਫਾਇਰਫਾਈਟਰ ਜਿਸਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਸੀ ਨੇ ਰਾਇਟਰਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ "ਇਸ ਪੈਮਾਨੇ ਦਾ ਹਾਦਸਾ 'ਨਹੀਂ ਦੇਖਿਆ ਸੀ।

ਤਸਵੀਰ ਸਰੋਤ, Reuters
ਘਟਨਾ ਵਾਲੀ ਥਾਂ 'ਤੇ ਮੌਜੂਦ ਬੀਬੀਸੀ ਦੇ ਪੱਤਰਕਾਰਾਂ ਨੇ ਕਿਹਾ ਹੈ ਕਿ ਐਤਵਾਰ ਸ਼ਾਮ ਨੂੰ ਟਰਮੀਨਲ 'ਤੇ ਪਰਿਵਾਰਕ ਮੈਂਬਰਾਂ ਦੇ ਰੋਣ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ, ਜਦਕਿ ਉਨ੍ਹਾਂ 'ਚੋ ਕੁਝ ਇਸ ਗੱਲ 'ਤੋਂ ਗੁੱਸੇ ਹਨ ਕਿ ਲਾਸ਼ਾਂ ਦੀ ਪਛਾਣ ਕਰਨ 'ਚ ਬਹੁਤ ਸਮਾਂ ਲੱਗ ਰਿਹਾ ਹੈ।
ਸੈਂਕੜੇ ਲੋਕ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਪਣੇ ਅਜ਼ੀਜ਼ਾਂ ਦੀ ਪਛਾਣ ਹੋਣ ਦੀ ਉਡੀਕ ਕਰ ਰਹੇ ਹਨ।
ਕੁਝ ਲੋਕਾਂ ਨੇ ਪੀੜਤਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਅਧਿਕਾਰੀਆਂ ਨੂੰ ਡੀਐੱਨਏ ਦੇ ਨਮੂਨੇ ਦਿੱਤੇ ਹਨ ਅਤੇ ਸਰਕਾਰ ਨੇ ਸੋਗਮਈ ਪਰਿਵਾਰਾਂ ਨੂੰ ਅੰਤਿਮ-ਸੰਸਕਾਰ ਸੇਵਾਵਾਂ ਅਤੇ ਅਸਥਾਈ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਹੈ।
ਅਗਲੇ ਸੱਤ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਵੀ ਕੀਤਾ ਗਿਆ ਹੈ।
ਪਰ ਮਰਨ ਵਾਲਿਆਂ ਦੇ ਸਾਰੇ ਅਜੀਜ਼ਾਂ ਲਈ, ਬਹੁਤ ਸਾਰੇ ਸਵਾਲ ਅਜੇ ਵੀ ਬਰਕਰਾਰ ਹਨ।
ਸਭ ਤੋਂ ਮੁਖ ਸਵਾਲ ਹੈ ਕਰੈਸ਼ ਦਾ ਕਾਰਨ ਅਤੇ ਜੇਕਰ ਇਸ ਨੂੰ ਟਾਲਿਆ ਜਾ ਸਕਦਾ ਸੀ ਜਾ ਨਹੀਂ।
ਜੀਓਨ ਨੇ ਰਾਇਟਰਜ਼ ਨੂੰ ਦੱਸਿਆ "ਹਵਾਈ ਅੱਡੇ ਦੇ ਨੇੜੇ ਪਾਣੀ ਡੂੰਘਾ ਨਹੀਂ ਹੈ।"
"(ਇੱਥੇ) ਸੀਮਿੰਟ ਦੇ ਇਸ ਰਨਵੇ ਨਾਲੋਂ ਨਰਮ ਖੇਤ ਹਨ। ਇੱਥੇ ਦੀ ਬਜਾਏ ਪਾਇਲਟ ਨੇ ਜਹਾਜ਼ ਉੱਥੇ ਕਿਉਂ ਨਹੀਂ ਉਤਾਰਿਆ ?"
ਮੀ-ਸੂਕ ਲਗਭਗ ਘਰ ਪਹੁੰਚ ਚੁੱਕੀ ਸੀ, ਇਸ ਲਈ ਉਨ੍ਹਾਂ ਦੇ ਪਿਤਾ ਨੂੰ ਕਾਲ ਕਰਨ ਜਾਂ ਸੁਨੇਹਾ ਭੇਜਣਾ ਜ਼ਰੂਰੀ ਨਹੀਂ ਲੱਗਾ।
"ਉਹ ਲਗਭਗ ਘਰ ਪਹੁੰਚ ਗਈ ਸੀ - ਉਸ ਨੂੰ ਲੱਗਾ ਕਿ ਉਹ ਘਰ ਆ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












