ਲੀਪ ਈਅਰ: ਇਹ 4 ਸਾਲ 'ਚ ਇੱਕ ਵਾਰੀ ਕਿਉਂ ਆਉਂਦਾ ਹੈ ਅਤੇ ਇਸ ਨਾਲ ਕਿਹੜੀਆਂ ਮਿੱਥਾਂ ਜੁੜੀਆਂ ਹਨ?

ਇਸ ਸਾਲ, ਸਾਡੇ ਕੈਲੰਡਰ ਵਿੱਚ ਇੱਕ ਵਾਧੂ ਦਿਨ ਜੁੜਿਆ ਹੈ। ਯਾਨਿ ਕਿ ਇਸ ਸਾਲ 365 ਦੀ ਬਜਾਇ 366 ਦਿਨਾਂ ਦੇ ਨਾਲ ਇਹ ਲੀਪ ਈਅਰ ਬਣ ਜਾਂਦਾ ਹੈ।

ਸਾਲ ਦੇ ਸਭ ਤੋਂ ਛੋਟੇ ਮਹੀਨੇ ਨੂੰ ਇੱਕ ਵਾਧੂ ਦਿਨ 29 ਫਰਵਰੀ ਮਿਲ ਜਾਂਦਾ ਹੈ, ਜਿਸ ਨੂੰ ਲੀਪ ਡੇ (ਲੀਪ ਦਿਨ) ਕਿਹਾ ਜਾਂਦਾ ਹੈ, ਜੋ ਕਿ ਸੱਭਿਆਚਾਰਕ ਪਰੰਪਰਾਵਾਂ ਅਤੇ ਅੰਧਵਿਸ਼ਵਾਸਾਂ ਨਾਲ ਚਿੰਨ੍ਹਿਤ ਹੈ।

ਲੀਪ ਸਾਲ ਆਮ ਤੌਰ 'ਤੇ ਹਰ ਚਾਰ ਸਾਲਾਂ ਬਾਅਦ ਆਉਂਦਾ ਹੈ। ਪਿਛਲਾ 2020 ਸੀ ਅਤੇ ਅਗਲਾ 2028 ਲਈ ਤੈਅ ਹੈ।

ਪਰ ਦੁਨੀਆ ਭਰ ਦੀਆਂ ਵੱਖ-ਵੱਖ ਪਰੰਪਰਾਵਾਂ ਦੇ ਨਾਲ ਇਸ ਨਿਯਮ ਦੇ ਕੁਝ ਅਪਵਾਦ ਹਨ, ਜਿਨ੍ਹਾਂ ਬਾਰੇ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ।

ਲੀਪ ਈਅਰ ਕਿਉਂ ਹੁੰਦਾ ਹੈ ?

ਇੱਕ ਕੈਲੰਡਰ ਸਾਲ ਆਮ ਤੌਰ 'ਤੇ 365 ਦਿਨਾਂ ਦਾ ਹੁੰਦਾ ਹੈ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ। ਪਰ 365 ਅਸਲ ਵਿੱਚ ਇੱਕ ਕਰੀਬੀ ਸੰਖਿਆ ਹੈ।

ਧਰਤੀ ਨੂੰ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ 365.242190 ਦਿਨ ਲੱਗਦੇ ਹਨ।

ਭਾਵ 365 ਦਿਨ, 5 ਘੰਟੇ, 48 ਮਿੰਟ ਅਤੇ 56 ਸਕਿੰਟ। ਇਸ ਨੂੰ ਸਾਈਡਰੀਅਲ ਸਾਲ ਕਿਹਾ ਜਾਂਦਾ ਹੈ।

ਸਾਈਡਰੀਅਲ ਸਾਲ ਕੈਲੰਡਰ ਸਾਲ ਨਾਲੋਂ ਥੋੜ੍ਹਾ ਲੰਬਾ ਹੁੰਦਾ ਹੈ, ਇਸ ਲਈ ਵਾਧੂ ਘੰਟੇ, ਮਿੰਟ ਅਤੇ ਸਕਿੰਟਾਂ ਨੂੰ ਘਟਾਉਣ ਦੀ ਲੋੜ ਹੁੰਦੀ ਹੈ।

ਸਮੇਂ-ਸਮੇਂ 'ਤੇ ਇੱਕ ਵਾਧੂ ਦਿਨ ਜੋੜਨ ਨਾਲ ਸਾਡੇ ਕੈਲੰਡਰ ਸਾਲ ਮੌਸਮਾਂ ਦੇ ਨਾਲ ਅਨੁਕੂਲ ਅਤੇ ਸਮਕਾਲੀ ਰਹਿੰਦੇ ਹਨ।

ਲੀਪ ਈਅਰ ਦੀਆਂ ਪਰੰਪਰਾਵਾਂ ਕੀ ਹਨ?

ਲੀਪ ਸਾਲਾਂ ਨਾਲ ਜੁੜੀਆਂ ਬਹੁਤ ਸਾਰੀਆਂ ਪਰੰਪਰਾਵਾਂ ਅਤੇ ਅੰਧਵਿਸ਼ਵਾਸ ਹਨ।

ਬੈਚਲਰ ਡੇ, ਕਈ ਵਾਰ ਔਰਤਾਂ ਦੇ ਵਿਸ਼ੇਸ਼ ਅਧਿਕਾਰ ਵਜੋਂ ਜਾਣਿਆ ਜਾਂਦਾ ਹੈ। ਇੱਕ ਆਇਰਿਸ਼ ਪਰੰਪਰਾ ਹੈ ਜਿਸ ਦੇ ਤਹਿਤ ਔਰਤਾਂ ਨੂੰ ਇਸ ਦਿਨ ਪੁਰਸ਼ਾਂ ਨੂੰ ਪ੍ਰਪੋਜ਼ ਕਰਨ ਦਿੱਤਾ ਜਾਂਦਾ ਹੈ।

ਬੇਸ਼ੱਕ, ਆਧੁਨਿਕ ਦੌਰ ਵਿੱਚ ਔਰਤਾਂ ਸਾਲ ਦੇ ਕਿਸੇ ਵੀ ਦਿਨ ਆਪਣੀ ਮਰਜ਼ੀ ਨਾਲ ਪੁਰਸ਼ਾਂ ਨੂੰ ਪ੍ਰਪੋਜ਼ ਕਰ ਸਕਦੀਆਂ ਹਨ। ਪਰ ਇਹ ਪਰੰਪਰਾ 5 ਸਦੀ ਦੀ ਮੰਨੀ ਜਾਂਦੀ ਹੈ। ਇਸ ਨੂੰ ਸੇਂਟ ਬ੍ਰਿਜੇਟ ਅਤੇ ਸੇਂਟ ਪੈਟ੍ਰਿਕ ਦੀ ਕਥਾ 'ਤੇ ਆਧਾਰਿਤ ਮੰਨਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਬ੍ਰਿਜੇਟ ਪੈਟ੍ਰਿਕ ਕੋਲ ਸ਼ਿਕਾਇਤ ਕਰਨ ਗਈ ਸੀ ਕਿ ਔਰਤਾਂ ਨੂੰ ਵਿਆਹ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਕਿਉਂਕਿ ਮਰਦ ਪ੍ਰਪੋਜ਼ ਕਰਨ ਵਿੱਚ ਦੇਰੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੌਕੇ ਦਿੱਤੇ ਜਾਣੇ ਚਾਹੀਦੇ ਹਨ।

ਅਜਿਹੀਆਂ ਪਰੰਪਰਾਵਾਂ ਵੀ ਹਨ ਜਦੋਂ ਕਿਸੇ ਔਰਤ ਦੇ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਜਾਵੇ ਤਾਂ ਅਜਿਹੇ 'ਚ ਆਦਮੀ ਨੂੰ ਲਾੜੀ ਬਣਨ ਦੀ ਉਸ ਦੀ ਇੱਛਾ ਲਈ ਮੁਆਵਜ਼ਾ ਦੇਣਾ ਪੈਂਦਾ ਹੈ। ਆਮ ਤੌਰ 'ਤੇ ਉਸ ਲਈ ਦਸਤਾਨੇ ਜਾਂ ਰੇਸ਼ਮ ਦਾ ਗਾਊਨ ਖਰੀਦਣ ਦੇ ਰੂਪ ਵਿੱਚ।

ਹੋਰਨਾਂ ਸੱਭਿਆਚਾਰਾਂ ਵਿੱਚ, ਲੀਪ ਡੇ ਨੂੰ ਬਦਕਿਸਮਤੀ ਦਾ ਦਿਨ ਮੰਨਿਆ ਜਾਂਦਾ ਹੈ।

ਗ੍ਰੀਸ ਵਿੱਚ, ਰਵਾਇਤੀ ਤੌਰ 'ਤੇ ਲੀਪ ਈਅਰ ਦੌਰਾਨ ਅਤੇ ਖਾਸ ਕਰਕੇ ਲੀਪ ਵਾਲੇ ਦਿਨ ਵਿਆਹ ਕਰਵਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਪਰੰਪਰਾ ਇਹ ਹੈ ਕਿ ਇੱਕ ਲੀਪ ਈਅਰ ਵਿੱਚ ਹੋਏ ਵਿਆਹ ਦਾ ਤਲਾਕ ਹੋ ਜਾਂਦਾ ਹੈ।

ਰਵਾਇਤੀ ਤੌਰ 'ਤੇ, ਯੂਨਾਨੀ ਲੀਪ ਈਅਰ ਵਿੱਚ ਵਿਆਹ ਕਰਨ ਤੋਂ ਪਰਹੇਜ਼ ਕਰਦੇ ਹਨ।

ਸਕੌਟਲੈਂਡ ਵਿੱਚ, ਲੋਕ ਵਿਸ਼ਵਾਸ ਕਰਦੇ ਸਨ ਕਿ ਲੀਪ ਡੇ ਉਦੋਂ ਹੁੰਦਾ ਸੀ ਜਦੋਂ ਚੁੜੈਲਾਂ ਤਬਾਹੀ ਮਚਾਉਣ ਲਈ ਇਕੱਠੀਆਂ ਹੁੰਦੀਆਂ ਸਨ। ਕੁਝ ਸਕੌਟਲੈਂਡ ਦੇ ਕੁਝ ਲੋਕ ਅਜੇ ਵੀ 29 ਫਰਵਰੀ ਨੂੰ ਬੱਚੇ ਨੂੰ ਜਨਮ ਦੇਣਾ ਮਾੜੀ ਕਿਸਮਤ ਸਮਝਦੇ ਹਨ।

ਉਨ੍ਹਾਂ ਦਾ ਮੰਨਣਾ ਸੀ ਕਿ 29 ਫਰਵਰੀ ਨੂੰ ਚੁੜੈਲਾਂ ਨੇ ਬਹੁਤ ਮੁਸੀਬਤਾਂ ਪੈਦਾ ਕੀਤੀਆਂ ਸਨ।

ਇਸ ਦੇ ਉਲਟ, ਕੁਝ ਸੱਭਿਆਚਾਰ ਇਸ ਦਿਨ ਪੈਦਾ ਹੋਣ ਨੂੰ ਖੁਸ਼ਕਿਸਮਤੀ ਸਮਝਦੇ ਹਨ। ਖ਼ਗੋਲ-ਵਿਗਿਆਨੀ ਇਹ ਵੀ ਮੰਨਦੇ ਹਨ ਕਿ ਜੇਕਰ ਤੁਹਾਡਾ ਜਨਮ ਦਿਨ ਲੀਪ ਡੇ 'ਤੇ ਆਉਂਦਾ ਹੈ, ਤਾਂ ਤੁਸੀਂ ਇੱਕ ਵਿਲੱਖਣ ਪ੍ਰਤਿਭਾਵਾਨ ਬਣ ਜਾਓਗੇ।

ਲੀਪ ਡੇ ਫਰਵਰੀ ਵਿੱਚ ਕਿਉਂ ਹੁੰਦਾ ਹੈ?

ਲੀਪ ਦਿਨ ਨੂੰ ਜੋੜਨ ਲਈ ਮਹੀਨੇ ਵਜੋਂ ਫਰਵਰੀ ਦੀ ਚੋਣ ਨੂੰ ਪ੍ਰਾਚੀਨ ਰੋਮ ਵਿੱਚ ਜੂਲੀਅਸ ਸੀਜ਼ਰ ਦੇ ਕੈਲੰਡਰ ਸੁਧਾਰਾਂ ਤੋਂ ਦੇਖਿਆ ਜਾ ਸਕਦਾ ਹੈ।

ਸੀਜ਼ਰ ਨੇ ਜੂਲੀਅਨ ਕੈਲੰਡਰ ਪੇਸ਼ ਕੀਤਾ, ਜਿਸ ਵਿੱਚ ਸੂਰਜੀ ਸਾਲ ਦੇ ਨਾਲ ਕੈਲੰਡਰ ਸਾਲ ਨੂੰ ਇਕਸਾਰ ਕਰਨ ਲਈ ਇੱਕ ਲੀਪ ਸਾਲ ਸ਼ਾਮਲ ਸੀ।

1582 ਵਿੱਚ ਜੂਲੀਅਨ ਕੈਲੰਡਰ ਦੇ ਗ੍ਰੈਗੋਰੀਅਨ ਕੈਲੰਡਰ ਵਿੱਚ ਵਿਕਸਤ ਹੋਣ ਤੋਂ ਬਾਅਦ ਵੀ, ਫਰਵਰੀ ਵਿੱਚ ਲੀਪ ਦਿਨ ਜੋੜਨ ਦੀ ਪਰੰਪਰਾ ਜਾਰੀ ਰਹੀ।

ਇੱਕ ਪਿੱਤਲ ਦਾ ਸਦੀਵੀ ਕੈਲੰਡਰ, ਜੋ ਜੂਲੀਅਨ ਅਤੇ ਗ੍ਰੇਗੋਰੀਅਨ ਕੈਲੰਡਰਾਂ ਵਿੱਚ ਈਸਟਰ ਦੀਆਂ ਤਰੀਕਾਂ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਸੀ।

ਜੇਕਰ ਸਾਡੇ ਕੋਲ ਲੀਪ ਈਅਰ ਨਾ ਹੁੰਦਾ ਤਾਂ ਕੀ ਹੁੰਦਾ?

ਜੇਕਰ ਸਾਡੇ ਕੋਲ ਲੀਪ ਸਾਲ ਨਾ ਹੁੰਦੇ ਅਤੇ ਕੈਲੰਡਰਾਂ ਦੇ ਵਿਚਕਾਰ ਵਾਧੂ ਸਮੇਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ, ਤਾਂ ਮੌਸਮਾਂ ਵਿੱਚ ਅੰਤਰ ਆਉਣਾ ਸ਼ੁਰੂ ਹੋ ਜਾਵੇਗਾ।

ਉਦਾਹਰਨ ਲਈ, ਲਗਭਗ 700 ਸਾਲਾਂ ਦੀ ਮਿਆਦ ਵਿੱਚ, ਉੱਤਰੀ ਗੋਲਾਰਧ ਵਿੱਚ ਗਰਮੀਆਂ ਜੂਨ ਦੀ ਬਜਾਇ ਦਸੰਬਰ ਵਿੱਚ ਸ਼ੁਰੂ ਹੁੰਦੀਆਂ।

ਜੇਕਰ ਸਾਡੇ ਕੋਲ ਕੋਈ ਲੀਪ ਸਾਲ ਨਹੀਂ ਸੀ, ਤਾਂ ਉੱਤਰੀ ਗੋਲਿਸਫਾਇਰ ਅੰਤ ਵਿੱਚ ਜੂਨ ਵਿੱਚ ਸਰਦੀਆਂ ਦਾ ਅਨੁਭਵ ਕਰੇਗਾ, ਜਦੋਂ ਕਿ ਦੱਖਣੀ ਗੋਲਿਸਫਾਇਰ ਵਿੱਚ ਗਰਮੀਆਂ ਦਾ ਅਨੁਭਵ ਹੋਵੇਗਾ।

ਲੀਪ ਸਾਲ ਕਿੰਨੀ ਵਾਰ ਆਉਂਦਾ ਹੈ?

ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਲੀਪ ਸਾਲ ਅਕਸਰ ਚਾਰ ਸਾਲ ਬਾਅਦ ਆਉਂਦਾ ਹੈ ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ।

ਅਜਿਹਾ ਇਸ ਲਈ ਹੈ ਕਿਉਂਕਿ ਚਾਰ ਸਾਲਾਂ ਦੀ ਮਿਆਦ ਵਿੱਚ ਸਾਈਡਰੀਅਲ ਸਾਲ (ਦਿਨਾਂ, ਘੰਟਿਆਂ, ਮਿੰਟਾਂ ਅਤੇ ਸਕਿੰਟਾਂ ਦੀ ਸਹੀ ਸੰਖਿਆ) ਅਤੇ ਕੈਲੰਡਰ ਸਾਲ ਵਿੱਚ ਅੰਤਰ ਬਿਲਕੁਲ 24 ਘੰਟੇ ਨਹੀਂ ਹੁੰਦਾ ਹੈ। ਇਹ ਅਸਲ ਵਿੱਚ 23.262222 ਘੰਟੇ ਹੈ।

ਇਸ ਲਈ ਇਸ ਅੰਤਰ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ।

ਨਿਯਮ ਇਹ ਹੈ ਕਿ ਸਾਲ ਨੂੰ ਇੱਕ ਲੀਪ ਸਾਲ ਉਦੋਂ ਮੰਨਿਆ ਜਾਂਦਾ ਹੈ ਜਦੋਂ ਇਸ ਨੂੰ ਪੂਰਨ ਸੰਖਿਆ ਹਾਸਿਲ ਕਰਨ ਲਈ ਚਾਰ ਨਾਲ ਵੰਡਿਆ ਜਾ ਸਕਦਾ ਹੈ।

ਉਹ ਸਾਲ ਹੈ ਜਿਨ੍ਹਾਂ ਨੂੰ 100 ਨਾਲ ਭਾਗ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਲੀਪ ਸਾਲ ਨਹੀਂ ਮੰਨਿਆ ਜਾਂਦਾ ਹੈ।

ਹਾਲਾਂਕਿ, ਜੇਕਰ ਇੱਕ ਸਾਲ ਨੂੰ 400 ਨਾਲ ਵੰਡਣ ਨਾਲ ਪੂਰੀ ਸੰਖਿਆ ਵਿੱਚ ਨਤੀਜਾ ਨਿਕਲਦਾ ਹੋਵੇ ਤਾਂ ਇਸਨੂੰ ਅਜੇ ਵੀ ਲੀਪ ਸਾਲ ਮੰਨਿਆ ਜਾਂਦਾ ਹੈ।

ਗੁੰਝਲਦਾਰ ਲੱਗ ਰਿਹਾ ਹੈ ਨਾ ? ਆਓ ਅਸੀਂ ਹੇਠ ਲਿਖੀਆਂ ਉਦਾਹਰਣਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ-

ਸਾਲ 2000 ਇੱਕ ਲੀਪ ਸਾਲ ਸੀ - ਕਿਉਂਕਿ ਇਸਨੂੰ 4 ਅਤੇ 400 ਦੋਵਾਂ ਨਾਲ ਵੰਡਿਆ ਜਾ ਸਕਦਾ ਹੈ।

ਸਾਲ 2000 ਲੀਪ ਦਾ ਸਾਲ ਸੀ ਕਿਉਂਕਿ ਇਸ ਨੂੰ 4 ਅਤੇ 400, ਦੋਵਾਂ ਨਾਲ ਭਾਗ ਕੀਤਾ ਜਾ ਸਕਦਾ ਸੀ।

ਪਰ ਸਾਲ, 1700, 1800 ਅਤੇ 1900 ਨੂੰ 4 ਨਾਲ ਭਾਗ ਕੀਤਾ ਜਾ ਸਕਦਾ ਸੀ ਪਰ 400 ਸਾਲ ਨਹੀਂ, ਇਸ ਲਈ ਉਹ ਲੀਪ ਸਾਲ ਨਹੀਂ ਸਨ।

ਅਗਲੀ ਵਾਰ 2100 ਸਾਲ ਲੀਪ ਸਾਲ ਨਹੀਂ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)