'ਮੋਂਥਾ' ਚੱਕਰਵਾਤ ਕਿੰਨਾ ਖ਼ਤਰਨਾਕ, ਜਾਣੋ ਕਿਵੇਂ ਰੱਖੇ ਜਾਂਦੇ ਹਨ ਸਮੁੰਦਰੀ ਤੂਫ਼ਾਨਾਂ ਦੇ ਨਾਮ, ਕੀ ਹੈ ਦਿਲਚਸਪ ਕਹਾਣੀ

ਬੰਗਾਲ ਦੀ ਖਾੜੀ ਦੇ ਪੱਛਮੀ-ਮੱਧ ਵਿੱਚ ਬਣਿਆ ਚੱਕਰਵਾਤੀ ਤੂਫ਼ਾਨ 'ਮੋਂਥਾ' ਨੇ ਮੰਗਲਵਾਰ ਸ਼ਾਮ 7 ਵਜੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੇ ਨੇੜੇ ਲੈਂਡਫਾਲ ਕੀਤਾ ਸੀ।

ਇਸ ਵੱਡੇ ਤੂਫਾਨ ਨੇ ਮੰਗਲਵਾਰ ਸ਼ਾਮ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਲਿਆਂਦੀ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ, ਅਧਿਕਾਰੀਆਂ ਨੂੰ ਸਾਵਧਾਨੀ ਲਈ ਉਪਾਅ ਕਰਨ ਦੇ ਨਿਰਦੇਸ਼ ਦਿੱਤੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਉਨ੍ਹਾਂ ਖੇਤਰਾਂ ਵਿੱਚ ਸਾਵਧਾਨੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿੱਥੇ ਚੱਕਰਵਾਤ ਮੋਂਥਾ ਦੇ ਮੱਦੇਨਜ਼ਰ ਬਾਰਿਸ਼ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।

ਮੰਗਲਵਾਰ ਰਾਤ ਨੂੰ ਤੂਫ਼ਾਨ ਆਂਧਰਾ ਪ੍ਰਦੇਸ਼ ਦੇ ਮਛਲੀਪਟਨਮ ਅਤੇ ਕਲਿੰਗਪਟਨਮ ਵਿਚਕਾਰ, ਕਾਕੀਨਾਡਾ ਨੂੰ ਪਾਰ ਕਰ ਗਿਆ ਹੈ।

ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ, ਇਹ ਹੁਣ ਥੋੜ੍ਹਾ ਕਮਜ਼ੋਰ ਹੋ ਗਿਆ ਹੈ।

ਆਓ ਜਾਣਦੇ ਹਾਂ ਕਿ ਚੱਕਰਵਾਤ ਮੋਂਥਾ ਦਾ ਇਹ ਨਾਮ ਕਿਵੇਂ ਰੱਖਿਆ ਗਿਆ ਅਤੇ ਇਸ ਦਾ ਕੀ ਅਰਥ ਹੈ।

ਕਿਵੇਂ ਪਿਆ ਇਸ ਚੱਕਰਵਾਤ ਦਾ ਨਾਮ ਮੋਂਥਾ?

ਉੱਤਰੀ ਹਿੰਦ ਮਹਾਸਾਗਰ ਖੇਤਰ ਵਿੱਚ ਆਉਣ ਵਾਲੇ ਚੱਕਰਵਾਤਾਂ ਦੇ ਨਾਮ ਉਸ ਖੇਤਰ ਦੇ ਦੇਸ਼ਾਂ ਦੁਆਰਾ ਪ੍ਰਦਾਨ ਕੀਤੀ ਗਈ ਇੱਕ ਪਹਿਲਾਂ ਤੋਂ ਨਿਰਧਾਰਤ ਸੂਚੀ ਵਿੱਚੋਂ ਰੱਖੇ ਜਾਂਦੇ ਹਨ।

ਮੋਂਥਾ ਨਾਮ ਥਾਈਲੈਂਡ ਦੁਆਰਾ ਸੁਝਾਇਆ ਗਿਆ ਸੀ। ਥਾਈਲੈਂਡ ਉਨ੍ਹਾਂ 13 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ ਜੋ ਉੱਤਰੀ ਹਿੰਦ ਮਹਾਸਾਗਰ ਖੇਤਰ ਵਿੱਚ ਚੱਕਰਵਾਤਾਂ ਦੇ ਨਾਮਕਰਨ ਵਿੱਚ ਯੋਗਦਾਨ ਪਾਉਂਦੇ ਹਨ।

ਕਿਹੜੇ ਦੇਸ਼ ਚੱਕਰਵਾਤਾਂ ਦੇ ਨਾਮਕਰਨ ਵਿੱਚ ਯੋਗਦਾਨ ਪਾਉਂਦੇ ਹਨ?

ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਲਈ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ (ਈਐਸਸੀਏਪੀ) ਅਤੇ ਵਿਸ਼ਵ ਮੌਸਮ ਸੰਗਠਨ (ਡਬਲਯੂਐਮਓ) ਨੇ ਸਾਲ 2000 ਵਿੱਚ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਚੱਕਰਵਾਤਾਂ ਦੇ ਨਾਮਕਰਨ ਲਈ ਇੱਕ ਪ੍ਰਣਾਲੀ ਸ਼ੁਰੂ ਕੀਤੀ ਸੀ।

ਇਸ ਪ੍ਰਣਾਲੀ ਦੇ ਤਹਿਤ ਬੰਗਲਾਦੇਸ਼, ਭਾਰਤ, ਮਾਲਦੀਵ, ਮਿਆਂਮਾਰ, ਓਮਾਨ, ਪਾਕਿਸਤਾਨ, ਸ਼੍ਰੀਲੰਕਾ ਅਤੇ ਥਾਈਲੈਂਡ ਸਮੇਤ ਦੇਸ਼ਾਂ ਦੇ ਇੱਕ ਸਮੂਹ ਨੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਉੱਠਣ ਵਾਲੇ ਚੱਕਰਵਾਤਾਂ ਲਈ 13 ਨਾਵਾਂ ਦੀ ਇੱਕ ਸੂਚੀ ਸੌਂਪੀ।

ਸਾਲ 2018 ਵਿੱਚ ਇਨ੍ਹਾਂ ਦੇਸ਼ਾਂ ਦੇ ਪੈਨਲ ਵਿੱਚ ਈਰਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਵੀ ਸ਼ਾਮਲ ਹੋ ਗਏ। ਇਸ ਪੈਨਲ ਦਾ ਕੰਮ ਚੱਕਰਵਾਤਾਂ ਦੇ ਨਾਮ ਨਿਰਧਾਰਤ ਕਰਨਾ ਹੈ।

ਇਨ੍ਹਾਂ ਦੇਸ਼ਾਂ ਦੁਆਰਾ ਸੁਝਾਏ ਗਏ ਨਾਮ ਦੇਸ਼ ਦੇ ਨਾਮ ਦੀ ਵਰਣਮਾਲਾ ਅਨੁਸਾਰ ਸੂਚੀਬੱਧ ਕੀਤੇ ਜਾਂਦੇ ਹਨ। ਇਸ ਸੂਚੀ ਦੀ ਸ਼ੁਰੂਆਤ ਬੰਗਲਾਦੇਸ਼ ਤੋਂ ਸ਼ੁਰੂ ਹੁੰਦੀ ਹੈ।

ਫਿਰ ਇਸ ਤੋਂ ਬਾਅਦ ਭਾਰਤ, ਈਰਾਨ, ਮਾਲਦੀਵ, ਓਮਾਨ ਅਤੇ ਪਾਕਿਸਤਾਨ ਦਾ ਨਾਮ ਆਉਂਦਾ ਹੈ। ਚੱਕਰਵਾਤਾਂ ਦੇ ਨਾਮ ਇਸ ਕ੍ਰਮ ਮੁਤਾਬਕ ਹੀ ਰੱਖੇ ਜਾਂਦੇ ਹਨ।

ਅਪ੍ਰੈਲ 2020 ਵਿੱਚ ਇਨ੍ਹਾਂ ਨਾਵਾਂ ਵਾਲੀ ਨਵੀਂ ਸੂਚੀ ਨੂੰ ਮੈਂਬਰ ਦੇਸ਼ਾਂ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।

ਚੱਕਰਵਾਤਾਂ ਦੇ ਨਾਮ ਰੱਖਣ ਪਿੱਛੇ ਕੀ ਮਕਸਦ?

ਦੁਨੀਆਂ ਭਰ ਵਿੱਚ ਖੇਤਰੀ ਤੌਰ 'ਤੇ 6 ਵਿਸ਼ੇਸ਼ ਮੌਸਮ ਕੇਂਦਰ ਅਤੇ ਪੰਜ ਚੱਕਰਵਾਤ ਚੇਤਾਵਨੀ ਕੇਂਦਰ ਹਨ। ਇਨ੍ਹਾਂ ਕੇਦਰਾਂ ਦਾ ਕੰਮ ਚੱਕਰਵਾਤ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਅਤੇ ਉਨ੍ਹਾਂ ਦੇ ਨਾਮ ਰੱਖਣਾ ਹੈ।

ਛੇ ਵਿਸ਼ੇਸ਼ ਮੌਸਮ ਕੇਂਦਰਾਂ ਵਿੱਚੋਂ ਇੱਕ ਭਾਰਤੀ ਮੌਸਮ ਵਿਭਾਗ ਵੀ ਹੈ, ਜੋ ਚੱਕਰਵਾਤਾਂ ਅਤੇ ਟਾਈਫੂਨਾਂ ਬਾਰੇ ਐਡਵਾਇਜ਼ਰੀ ਜਾਰੀ ਕਰਦਾ ਹੈ।

ਨਵੀਂ ਦਿੱਲੀ ਵਿੱਚ ਸਥਿਤ ਇਸ ਕੇਂਦਰ ਦਾ ਕੰਮ ਉੱਤਰੀ ਹਿੰਦ ਮਹਾਸਾਗਰ ਵਿੱਚ ਉੱਠਣ ਵਾਲੇ ਚੱਕਰਵਾਤਾਂ ਦਾ ਨਾਮਕਰਨ ਕਰਨਾ ਵੀ ਹੈ। ਉੱਤਰੀ ਹਿੰਦ ਮਹਾਸਾਗਰ ਦੇ ਤਹਿਤ ਹੀ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਆਉਂਦੇ ਹਨ।

ਚੱਕਰਵਾਤਾਂ ਦਾ ਨਾਮ ਰੱਖਣ ਨਾਲ ਹੀ ਵਿਗਿਆਨਕ ਭਾਈਚਾਰੇ, ਆਫ਼ਤ ਪ੍ਰਬੰਧਕਾਂ, ਮੀਡੀਆ ਅਤੇ ਆਮ ਲੋਕਾਂ ਨੂੰ ਹਰੇਕ ਚੱਕਰਵਾਤ ਦੀ ਵੱਖਰੇ ਤੌਰ 'ਤੇ ਪਛਾਣ ਹੋਣ 'ਚ ਮਦਦ ਮਿਲਦੀ ਹੈ। ਇਸ ਨਾਲ ਜਾਗਰੂਕਤਾ ਫੈਲਾਉਣ 'ਚ ਵੀ ਸੁਵਿਧਾ ਹੁੰਦੀ ਹੈ।

ਇੱਕੋ ਸਮੇਂ ਖੇਤਰ ਵਿੱਚ ਦੋ ਚੱਕਰਵਾਤ ਆਉਣ ਦੀ ਸੂਰਤ ਵਿੱਚ ਕੋਈ ਉਲਝਣ ਨਹੀਂ ਹੁੰਦੀ।

ਜਿਸ ਚੱਕਰਵਾਤ ਦੀ ਗੱਲ ਹੋ ਰਹੀ ਹੋਵੇ, ਉਸ ਨੂੰ ਆਸਾਨੀ ਨਾਲ ਯਾਦ ਰੱਖਿਆ ਜਾਂ ਸਕਦਾ ਹੈ ਅਤੇ ਚੱਕਰਵਾਤ ਸਬੰਧੀ ਚੇਤਾਵਨੀਆਂ ਨੂੰ ਵੱਡੇ ਪੈਮਾਨੇ 'ਤੇ ਲੋਕਾਂ ਤੱਕ ਪਹੁੰਚਾਉਣ 'ਚ ਮਦਦ ਮਿਲਦੀ ਹੈ।

ਇਸ ਲਈ ਵੱਖ-ਵੱਖ ਸਮੁੰਦਰੀ ਖੇਤਰਾਂ ਵਿੱਚ ਆਉਣ ਵਾਲੇ ਚੱਕਰਵਾਤਾਂ ਦੇ ਨਾਮ ਖੇਤਰੀ ਤੌਰ 'ਤੇ ਮਨੋਨੀਤ ਮੌਸਮ ਕੇਂਦਰਾਂ ਜਾਂ ਚੱਕਰਵਾਤ ਚੇਤਾਵਨੀ ਕੇਂਦਰਾਂ ਦੁਆਰਾ ਰੱਖੇ ਜਾਂਦੇ ਹਨ।

ਸਾਲ 2000 ਵਿੱਚ ਮਸਕਟ ਵਿੱਚ ਹੋਏ 27ਵੇਂ ਈਐਸਸੀਏਪੀ ਅਤੇ ਡਬਲਯੂਐਮਓ ਸੰਮੇਲਨ ਤੋਂ ਬਾਅਦ ਚੱਕਰਵਾਤਾਂ ਦੇ ਨਾਮ ਰੱਖਣ ਨੂੰ ਲੈ ਕੇ 'ਤੇ ਸਿਧਾਂਤਕ ਤੌਰ 'ਤੇ ਰਜ਼ਾਮੰਦੀ ਹੋਈ ਅਤੇ ਸਾਲ 2004 ਦੇ ਸਤੰਬਰ ਮਹੀਨੇ ਵਿੱਚ ਮੈਂਬਰ ਦੇਸ਼ਾਂ ਵਿੱਚ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਇਸਦੀ ਸ਼ੁਰੂਆਤ ਹੋਈ।

ਉਸ ਸਮੇਂ ਸੂਚੀ ਵਿੱਚ ਅੱਠ ਦੇਸ਼ਾਂ ਦੁਆਰਾ ਸੁਝਾਏ ਗਏ ਨਾਮ ਸ਼ਾਮਲ ਸਨ। ਇਸ ਸੂਚੀ ਵਿੱਚ ਹੁਣ ਤੱਕ ਵਰਤੇ ਗਏ ਲਗਭਗ ਸਾਰੇ ਨਾਮ ਸ਼ਾਮਲ ਸਨ, ਸਿਰਫ਼ ਆਖਰੀ - ਅਮਫਨ ਨੂੰ ਛੱਡ ਕੇ।

ਸਾਲ 2018 ਵਿੱਚ, ਈਐਸਸੀਏਪੀ ਅਤੇ ਡਬਲਯੂਐਮਓ ਦੇ 45ਵੇਂ ਸੰਮੇਲਨ ਵਿੱਚ ਚੱਕਰਵਾਤ ਦੇ ਨਾਵਾਂ ਦੀ ਇੱਕ ਨਵੀਂ ਸੂਚੀ ਤਿਆਰ ਕੀਤੀ ਗਈ। ਇਸ ਵਿੱਚ ਪੰਜ ਨਵੇਂ ਮੈਂਬਰ ਦੇਸ਼ਾਂ ਦੁਆਰਾ ਸੁਝਾਏ ਗਏ ਨਾਮ ਵੀ ਸ਼ਾਮਲ ਸਨ।

ਇਹ ਦੇਸ਼ ਸਨ - ਈਰਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯਮਨ।

ਇਸ ਨਾਲ ਮੈਂਬਰਾਂ ਦੀ ਕੁੱਲ ਗਿਣਤੀ 13 ਹੋ ਗਈ। ਇਸ ਸੰਮੇਲਨ ਵਿੱਚ ਭਾਰਤੀ ਮੌਸਮ ਵਿਭਾਗ ਦੇ ਡਾ. ਮ੍ਰਿਤਿਉਂਜੈ ਮੋਹਾਪਾਤਰਾ ਨੂੰ ਵੱਖ-ਵੱਖ ਮੈਂਬਰ ਦੇਸ਼ਾਂ ਵਿਚਕਾਰ ਤਾਲਮੇਲ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੱਕਰਵਾਤਾਂ ਦੇ ਨਾਮ ਸਾਰੇ ਸਥਾਪਿਤ ਮਾਪਦੰਡਾਂ ਅਨੁਸਾਰ ਰੱਖੇ ਗਏ ਹਨ।

ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਨੂੰ ਮਿਆਂਮਾਰ ਵਿੱਚ ਹੋਈ 46ਵੀਂ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ਅਤੇ ਚਰਚਾ ਤੋਂ ਬਾਅਦ ਇਸ ਨੂੰ ਅਪ੍ਰੈਲ 2020 ਵਿੱਚ ਮਨਜ਼ੂਰੀ ਦੇ ਦਿੱਤੀ ਗਈ।

ਨਾਮਕਰਨ ਵੇਲੇ ਕਿਹੜੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ?

  • ਪ੍ਰਸਤਾਵਿਤ ਨਾਮ ਕਿਸੇ ਵੀ ਰਾਜਨੀਤਿਕ ਪਾਰਟੀ, ਸ਼ਖਸੀਅਤ, ਧਰਮ, ਸੱਭਿਆਚਾਰ ਜਾਂ ਲਿੰਗ ਦੇ ਅਧਾਰ ਤੇ ਨਹੀਂ ਹੋਣੇ ਚਾਹੀਦੇ।
  • ਨਾਮ ਅਜਿਹਾ ਹੋਵੇ ਜਿਸ ਨਾਲ ਕਿਸੇ ਵੀ ਸਮੂਹ ਜਾਂ ਵਰਗ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ।
  • ਇਹ ਸੁਣਨ ਵਿੱਚ ਬਹੁਤ ਜ਼ਿਆਦਾ ਬੇਰਹਿਮ ਜਾਂ ਰੁੱਖਾ ਨਹੀਂ ਲੱਗਣਾ ਚਾਹੀਦਾ।
  • ਇਹ ਘੱਟ ਸ਼ਬਦਾਂ ਵਾਲਾ ਅਤੇ ਆਸਾਨੀ ਨਾਲ ਬੋਲਿਆ ਜਾ ਸਕਣ ਵਾਲਾ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਮੈਂਬਰ ਦੇਸ਼ ਲਈ ਇਤਰਾਜ਼ਯੋਗ ਨਹੀਂ ਹੋਣਾ ਚਾਹੀਦਾ।
  • ਇਸ ਵਿੱਚ ਅੰਗਰੇਜ਼ੀ ਦੇ ਸਿਰਫ਼ ਅੱਠ ਅੱਖਰ ਹੋਣੇ ਚਾਹੀਦੇ ਹਨ।
  • ਪ੍ਰਸਤਾਵਿਤ ਨਾਮ, ਉਨ੍ਹਾਂ ਦੇ ਉਚਾਰਨ ਅਤੇ ਵੁਆਇਸ ਓਵਰ ਦੇ ਨਾਲ ਹੋਣੇ ਚਾਹੀਦੇ ਹਨ।
  • ਪੈਨਲ ਕਿਸੇ ਵੀ ਨਾਮ ਨੂੰ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ, ਜੇਕਰ ਕੋਈ ਨਾਮ ਕਿਸੇ ਮਾਪਦੰਡ 'ਤੇ ਖਰਾ ਨਹੀਂ ਉਤਰਦਾ।
  • ਕਿਸੇ ਤਰ੍ਹਾਂ ਦਾ ਇਤਰਾਜ਼ ਦਰਜ ਕਰਾਉਣ ਦੀ ਸਥਿਤੀ ਵਿੱਚ, ਪੈਨਲ ਦੀ ਪ੍ਰਵਾਨਗੀ ਨਾਲ ਸਾਲਾਨਾ ਕਾਨਫਰੰਸ ਵਿੱਚ ਪਹਿਲਾਂ ਤੈਅ ਕੀਤੇ ਗਏ ਨਾਵਾਂ ਦੀ ਦੁਬਾਰਾ ਸਮੀਖਿਆ ਕੀਤੀ ਜਾ ਸਕਦੀ ਹੈ।
  • ਇੱਕ ਨਾਮ ਦੀ ਮੁੜ ਵਰਤੋਂ ਨਹੀਂ ਕੀਤੀ ਜਾ ਸਕਦੀ। ਹਰ ਵਾਰ ਇੱਕ ਨਵਾਂ ਨਾਮ ਚੁਣਿਆ ਜਾਣਾ ਚਾਹੀਦਾ ਹੈ। ਪ੍ਰਸਤਾਵਿਤ ਨਾਮ ਦਿੱਲੀ ਕੇਂਦਰ ਨੂੰ ਛੱਡ ਕੇ ਦੁਨੀਆਂ ਦੇ ਕਿਸੇ ਵੀ ਮੌਸਮ ਕੇਂਦਰ ਵਿੱਚ ਦਰਜ ਨਹੀਂ ਹੋਣਾ ਚਾਹੀਦਾ।

ਸਾਲ 2004 ਵਿੱਚ ਅੱਠ ਦੇਸ਼ਾਂ ਨੇ ਜੋ ਸੂਚੀ ਤਿਆਰ ਕੀਤੀ ਸੀ, ਉਸ ਵਿੱਚ ਦਰਜ ਨਾਮ ਅਮਫਨ ਤੂਫ਼ਾਨ ਦੇ ਆਉਣ ਤੱਕ ਖ਼ਤਮ ਹੋ ਗਏ ਸਨ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਉੱਤਰੀ ਹਿੰਦ ਮਹਾਸਾਗਰ ਦੇ ਖੇਤਰ ਵਿੱਚ ਆਮ ਤੌਰ 'ਤੇ ਹਰ ਸਾਲ ਪੰਜ ਚੱਕਰਵਾਤ ਉੱਠਦੇ ਹਨ। ਤਾਂ ਉਸ ਹਿਸਾਬ ਨਾਲ ਅਗਲੇ 25 ਸਾਲਾਂ ਤੱਕ ਲਈ ਜੋ ਨਵੀਂ ਸੂਚੀ ਤਿਆਰ ਹੋਈ ਹੈ, ਉਸ 'ਚ ਸ਼ਾਮਲ ਨਾਵਾਂ ਨਾਲ ਹੀ ਕੰਮ ਚੱਲਦਾ ਰਹੇਗਾ।

ਹਰੇਕ ਦੇਸ਼ ਨੇ ਨਵੀਂ ਸੂਚੀ ਵਿੱਚ 13 ਨਾਮ ਦਿੱਤੇ ਹਨ। ਅਰਨਬ (ਬੰਗਲਾਦੇਸ਼), ਸ਼ਾਹੀਨ ਅਤੇ ਬਹਾਰ (ਕਤਰ) ਅਤੇ ਪਿੰਕੂ (ਮਿਆਂਮਾਰ) ਇਸ ਸੂਚੀ ਵਿੱਚ ਸ਼ਾਮਲ ਕੁਝ ਨਾਮ ਹਨ।

ਭਾਰਤ ਦੁਆਰਾ ਪ੍ਰਸਤਾਵਿਤ ਚੱਕਰਵਾਤਾਂ/ਤੂਫ਼ਾਨਾਂ ਦੇ ਨਾਮ ਹਨ - ਗਤੀ, ਤੇਜ਼, ਮੁਰਾਸੂ (ਤਮਿਲ ਦਾ ਇੱਕ ਸੰਗੀਤ ਯੰਤਰ), ਆਗ, ਨੀਰ, ਪ੍ਰਭਾਂਜਨ, ਘੁਰਨੀ, ਅੰਬੁਦ, ਜਲਾਧੀ ਅਤੇ ਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)