ਇੱਕ ਅਜਿਹਾ ਟਾਪੂ ਜਿੱਥੇ ਸਿਰਫ਼ 20 ਲੋਕ ਹਨ ਪਰ ਲੱਖਾਂ ਪੰਛੀ ਰਹਿੰਦੇ ਹਨ, ਯੂਰਪ ਦੇ ਸੈਲਾਨੀਆਂ ਲਈ ਇਹ ਕਿਵੇਂ ਖਿੱਚ ਦਾ ਕੇਂਦਰ ਬਣਿਆ

    • ਲੇਖਕ, ਮਿਸ਼ੇਲ ਗਰੋਸ
    • ਰੋਲ, ਬੀਬੀਸੀ ਨਿਊਜ਼

ਆਈਸਲੈਂਡ ਦੇ ਉੱਤਰੀ ਤੱਟ ਤੋਂ ਲਗਭਗ 40 ਕਿਲੋਮੀਟਰ ਦੂਰ ਸਥਿਤ ਇਹ ਟਾਪੂ ਯੂਰਪ ਦੇ ਸਭ ਤੋਂ ਦੂਰ-ਦੁਰਾਡੇ ਬਸੇਰਿਆਂ ਵਿਚੋਂ ਇੱਕ ਹੈ। ਇਥੇ ਸਮੁੰਦਰੀ ਪੰਛੀਆਂ ਦੀ ਵੱਡੀ ਆਬਾਦੀ ਵੀ ਪਾਈ ਜਾਂਦਾ ਹੈ।

ਇਥੋਂ ਦੀ ਠੰਡੀ ਤੇਜ਼ ਹਵਾ ਸੂਈ ਵਾਂਗ ਚੁਭਦੀ ਹੈ।

ਅਗਸਤ ਦੇ ਆਖਰੀ ਦਿਨਾਂ ਵਿੱਚ ਜਦੋਂ ਇਥੇ ਸੂਰਜ ਚਮਕ ਰਿਹਾ ਸੀ, ਉਦੋਂ ਵੀ ਗ੍ਰੀਮਸੀ ਟਾਪੂ ਦੀ ਹਵਾ ਇੰਨੀ ਤੇਜ਼ ਸੀ ਕਿ ਉਹ ਸਾਡੀ ਵਾਟਰਪਰੂਫ ਜੈਕਟਸ ਨੂੰ ਵੀ ਚੀਰਦੀ ਹੋਈ ਮਹਿਸੂਸ ਹੁੰਦੀ ਸੀ।

ਮੇਰੇ ਪਤੀ ਅਤੇ ਮੈਂ ਗ੍ਰੀਮਸੀ ਟਾਪੂ 'ਤੇ ਲੱਕੜ ਦੀ ਪਤਲੀ ਸੋਟੀ ਲੈ ਕੇ ਪਹੁੰਚੇ ਸੀ। ਇਹ ਸੋਟੀ ਪੰਛੀਆਂ ਤੋਂ ਬਚਣ ਲਈ ਸੀ।

ਆਰਕਟਿਕ ਟਰਨਸ ਨਾਮ ਦੇ ਇਥੋਂ ਦੇ ਪੰਛੀ ਇਸ ਗੱਲ ਨੂੰ ਲੈ ਕੇ ਬਦਨਾਮ ਹਨ ਕਿ ਜੇ ਤੁਸੀਂ ਉਨ੍ਹਾਂ ਦੇ ਆਲ੍ਹਣੇ ਦੇ ਨੇੜੇ ਜਾਓਗੇ ਤਾਂ ਉਹ ਤੁਹਾਡੇ 'ਤੇ ਹਮਲਾ ਕਰ ਦੇਣਗੇ।

ਜਿਵੇਂ ਹੀ ਅਸੀਂ ਟਾਪੂ ਦੇ ਛੋਟੇ-ਵੱਡੇ ਕਰਵ ਬੇਸਾਲਟ ਚੱਟਾਨਾਂ ਦੇ ਨੇੜਿਓਂ ਗੁਜ਼ਰੇ, ਉਥੇ ਸਾਨੂੰ ਕੁਝ ਪਫਿਨ ਪੰਛੀ ਵੀ ਦਿਖਾਈ ਦਿੱਤੇ, ਜੋ ਸਮੁੰਦਰ ਵੱਲ ਜਾਣ ਤੋਂ ਪਹਿਲਾਂ ਹਾਲੇ ਵੀ ਟਾਪੂ 'ਤੇ ਸਨ ਅਤੇ ਹੁਣ ਇਹ ਅਪਰੈਲ ਵਿੱਚ ਵਾਪਸ ਜਾਣਗੇ।

ਸਮੁੰਦਰੀ ਪੰਛੀਆਂ ਨੂੰ ਦੇਖਣ ਲਈ ਆਉਂਦੇ ਹਨ ਲੋਕ

ਗ੍ਰਿਮਸੀ ਟਾਪੂ 6.5 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਆਈਸਲੈਂਡ ਦੇ ਉਤਰੀ ਤੱਟ ਤੋਂ ਲਗਭਗ 40 ਕਿਲੋਮੀਟਰ ਦੂਰ ਸਥਿਤ ਹੈ।

ਇਹ ਆਈਸਲੈਂਡ ਦਾ ਸਭ ਤੋਂ ਉੱਤਰ ਵਿੱਚ ਵਸਿਆ ਹੋਇਆ ਖੇਤਰ ਹੈ। ਇਹ ਕੇਵਲ ਅਜਿਹਾ ਹਿੱਸਾ ਹੈ, ਜੋ ਆਰਕਟਿਕ ਸਰਕਲ ਦੇ ਨੇੜੇ ਆਉਂਦਾ ਹੈ।

1931 ਤੱਕ ਗ੍ਰਿਮਸੀ ਟਾਪੂ ਤੱਕ ਪਹੁੰਚਣ ਦਾ ਕੇਵਲ ਇੱਕ ਤਰੀਕਾ ਛੋਟੀ ਕਿਸ਼ਤੀ ਹੀ ਹੋਇਆ ਕਰਦੀ ਸੀ, ਜੋ ਸਾਲ ਵਿੱਚ ਦੋ ਵਾਰ ਟਾਪੂ 'ਤੇ ਯਾਤਰੀਆਂ ਨੂੰ ਪਹੁੰਚਾਉਣ ਲਈ ਆਉਂਦੀ ਸੀ।

ਅੱਜ-ਕੱਲ੍ਹ ਅਕੁਰੇਰੀ ਸ਼ਹਿਰ ਤੋਂ 20 ਮਿੰਟ ਦੀ ਉਡਾਣ ਅਤੇ ਡਾਲਵਿਕ ਪਿੰਡ ਤੋਂ ਤਿੰਨ ਘੰਟੇ ਦੀ ਕਿਸ਼ਤੀ ਯਾਤਰਾ ਕਰ ਕੇ ਲੋਕ ਦੂਰ-ਦੁਰਾਡੇ ਅਤੇ ਚੱਟਾਨੀ ਟਾਪੂ ਤੱਕ ਪਹੁੰਚ ਸਕਦੇ ਹਨ।

ਸਾਡੇ ਵਰਗੇ ਜ਼ਿਆਦਾਤਰ ਸੈਲਾਨੀ, ਯੂਰਪ ਦੀਆਂ ਸਭ ਤੋਂ ਦੂਰ-ਦੁਰਾਡੇ ਦੀਆਂ ਬਸਤੀਆਂ ਵਿੱਚੋਂ ਇੱਕ ਅਤੇ ਇਸਦੇ ਵਿਲੱਖਣ ਸਮੁੰਦਰੀ ਪੰਛੀਆਂ ਅਤੇ ਜੰਗਲੀ ਜੀਵਣ ਨੂੰ ਦੇਖਣ ਲਈ ਆਉਂਦੇ ਹਨ।

ਇਥੇ ਆਰਕਟਿਕ ਟਰਨਸ ਤੋਂ ਇਲਾਵਾ ਪਫਿਨ, ਬਲੈਕ ਲੇਗਡ ਕਿਟਿਵੇਕਸ, ਕੇਜ਼ਰਬਿਲਸ ਅਤੇ ਗਿਲਮੋਟਸ ਵਰਗੇ ਪੰਛੀ ਵੀ ਰਹਿੰਦੇ ਹਨ।

ਇਸ ਤੋਂ ਇਲਾਵਾ ਇਥੇ ਮਸਤਮੌਲਾ ਘੁੰਮਣ ਵਾਲੇ ਆਈਸਲੈਂਡਿਕ ਘੋੜੇ ਅਤੇ ਭੇਡਾਂ ਵੀ ਰਹਿੰਦੀਆਂ ਹਨ।

ਅੰਦਾਜ਼ਨ ਇਥੇ ਸਮੁੰਦਰੀ ਪੰਛੀਆਂ ਦੀ ਗਿਣਤੀ ਪ੍ਰਤੀ ਵਿਅਕਤੀ 50,000 ਹੈ।

ਸਥਾਨਕ ਗਾਈਡ ਕੀ ਕਹਿੰਦੇ ਹਨ?

ਸਥਾਨਕ ਟੂਰ ਗਾਈਡ ਅਤੇ ਆਰਕਟਿਕ ਟਰਿੱਪ ਦੀ ਮਾਲਕ ਹਲਾ ਇੰਗੋਲਫਸਡੋਟਿਰ ਨੇ ਦੱਸਿਆ,"ਤੁਸੀਂ ਇਹ ਨਹੀਂ ਮੰਨੋਗੇ ਪਰ ਇਥੇ ਪੱਕੇ ਤੌਰ 'ਤੇ ਸਿਰਫ 20 ਲੋਕ ਹੀ ਰਹਿੰਦੇ ਹਨ।"

ਆਈਸਲੈਂਡ ਦੀ ਰਾਜਧਾਨੀ ਰੇਕਯਾਵਿਕ ਵਿੱਚ ਜਨਮੀ ਇੰਗੋਲਫਸਡੋਟਿਰ ਦੱਖਣੀ-ਪੂਰਬ ਆਈਸਲੈਂਡ ਵਿੱਚ ਵੱਡੀ ਹੋਈ ਹੈ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਭੈਣ ਨਾਲ ਮਿਲਣ ਤੋਂ ਬਾਅਦ ਗ੍ਰਿਮਸੀ ਵਿੱਚ ਕਾਫੀ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੀ ਭੈਣ ਕਈ ਸਾਲ ਪਹਿਲਾਂ ਇੱਕ ਸਥਾਨਕ ਮਛਬਾਰੇ ਨਾਲ ਵਿਆਹ ਕਰ ਕੇ ਇਸ ਟਾਪੂ 'ਤੇ ਚਲੀ ਗਈ ਸੀ।

20 ਸਾਲਾਂ ਤੱਕ ਗ੍ਰਿਮਸੀ ਵਿੱਚ ਬਸ ਇੱਕ ਟੂਰ ਗਾਈਡ ਦੇ ਤੌਰ 'ਤੇ ਰਹਿਣ ਤੋਂ ਬਾਅਦ ਇੰਗੋਲਫਸਡੋਟਿਰ ਨੇ ਕਿਹਾ ਕਿ 2019 ਵਿੱਚ ਇਥੇ ਹਮੇਸ਼ਾ ਲਈ ਵਸ ਜਾਣ ਦਾ ਫ਼ੈਸਲਾ ਕੀਤਾ ਸੀ ਅਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਉਹ ਦੱਸਦੇ ਹਨ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਇਥੇ ਆਪਣੇ ਪਿਆਰ ਲਈ ਆਈ ਹਾਂ ਪਰ ਮੈਨੂੰ ਇਸ ਟਾਪੂ ਨਾਲ ਪਿਆਰ ਹੋ ਗਿਆ ਹੈ।

ਉਹ ਕਹਿੰਦੇ ਹਨ,"ਇਥੇ ਇੱਕ ਯਾਦੂ ਹੈ, ਇਥੋਂ ਦੇ ਲੋਕਾਂ, ਟਾਪੂ ਵਾਸੀਆਂ ਅਤੇ ਕੁਦਰਤ ਨਾਲ ਮੈਨੂੰ ਪਿਆਰ ਹੋ ਗਿਆ ਹੈ। ਇਥੋਂ ਦੀ ਕੁਦਰਤ ਇੱਕ ਵੱਖਰੀ ਤਰ੍ਹਾਂ ਦੀ ਹੈ।"

"ਇਥੇ ਸਰਦੀਆਂ ਵਿੱਚ ਇਸ ਦਾ ਪ੍ਰਭਾਵ ਵੱਖਰਾ ਹੁੰਦਾ ਹੈ ਅਤੇ ਹਨੇਰੇ ਨਾਲ ਨਾਰਦਰਨ ਲਾਈਟਾਂ, ਤਾਰੇ ਅਤੇ ਤੂਫਾਨ ਆਉਂਦੇ ਹਨ। ਬਸੰਤ ਦੇ ਮੌਸਮ ਵਿੱਚ ਰੋਸ਼ਨੀ ਅਤੇ ਪੰਛੀ ਆਉਂਦੇ ਹਨ। ਇਥੇ ਹਰ ਮੌਸਮ ਖਾਸ ਹੁੰਦਾ ਹੈ।"

ਟੂਰ ਕੰਪਨੀ ਚਲਾਉਣ ਤੋਂ ਇਲਾਵਾ ਇੰਗੋਲਫਸਡੋਟਿਰ ਆਪਣੇ ਘਰ ਦੇ ਬਾਹਰ ਨੌ ਕਮਰਿਆਂ ਵਾਲੇ ਗੈਸਟ ਹਾਊਸ ਦੀ ਮਾਲਕ ਵੀ ਹਨ ਅਤੇ ਖੁਦ ਹੀ ਉਨ੍ਹਾਂ ਨੂੰ ਚਲਾਉਂਦੇ ਹਨ।

ਜਦੋਂ ਉਹ ਸੈਲਾਨੀਆਂ ਦੀ ਦੇਖਭਾਲ ਨਹੀਂ ਕਰ ਰਹੇ ਹੁੰਦੇ ਤਾਂ ਇੰਗੋਲਫਸਡੋਟਿਰ ਰੋਜ਼ ਗ੍ਰਿਮਸੀ ਦੇ ਪਾਵਰ ਸਟੇਸ਼ਨ ਜਾਂਦੇ ਹਨ। ਉਹ ਉਥੇ ਇਹ ਯਕੀਨੀ ਬਣਾਉਂਦੇ ਹਨ ਕਿ ਟਾਪੂ ਲੋੜ ਮੁਤਾਬਕ ਬਿਜਲੀ ਪੈਦਾ ਕਰ ਰਿਹਾ ਹੈ ਜਾਂ ਨਹੀਂ।

ਕੀ ਕਰਦੇ ਹਨ ਇਥੋਂ ਦੇ ਲੋਕ?

ਆਈਸਲੈਂਡ ਭੂ-ਥਰਮਲ ਅਤੇ ਨਵਿਆਉਣਯੋਗ ਊਰਜਾ ਉਪਰ ਨਿਰਭਰ ਹੈ ਪਰ ਗ੍ਰਿਮਸੀ ਇੰਨਾ ਦੂਰ ਹੈ ਕਿ ਉਹ ਕੌਮੀ ਪਾਵਰ ਗਰਿੱਡ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਦੀ ਬਜਾਏ ਪੂਰਾ ਟਾਪੂ ਇੱਕ ਡੀਜ਼ਲ ਜਨਰੈਟਰ ਉਪਰ ਚੱਲਦਾ ਹੈ।

ਇੰਗੋਲਫਸਡੋਟਿਰ ਕਹਿੰਦੇ ਹਨ,"ਟੂਰ ਉਪਰ ਆਏ ਲੋਕ ਮੈਨੂੰ ਅਕਸਰ ਪੁੱਛਦੇ ਹਨ ਕਿ ਜਦੋਂ ਮੈਂ ਅੱਕ ਜਾਂਦੀ ਹਾਂ ਤਾਂ ਕੀ ਕਰਦੀ ਹਾਂ, ਪਰ ਇਸ ਤੋਂ ਇਲਾਵਾ ਮੇਰੇ ਕੋਲ ਬਹੁਤ ਕੁਝ ਕਰਨ ਨੂੰ ਹੁੰਦਾ ਹੈ।"

"ਜਿਵੇਂ ਬਾਕੀ ਲੋਕ ਰਹਿੰਦੇ ਹਨ, ਉਵੇਂ ਹੀ ਅਸੀਂ ਵੀ ਰਹਿੰਦੇ ਹਾਂ। ਅਸੀਂ ਕੰਮ ਕਰਦੇ ਹਾਂ, ਜਿਮ ਜਾਂਦੇ ਹਾਂ।"

ਗ੍ਰਿਮਸੀ ਵਿੱਚ ਕੋਈ ਵੀ ਹਸਪਤਾਲ, ਡਾਕਟਰ ਜਾਂ ਪੁਲਿਸ ਸਟੇਸ਼ਨ ਨਹੀਂ ਹੈ।

ਇੰਗੋਲਫਸਡੋਟਿਰ ਦੱਸਦੇ ਹਨ ਕਿ ਐਮਰਜੈਂਸੀ ਸਥਿਤੀ ਲਈ ਤੱਟ ਰੱਖਿਅਕ ਅਤੇ ਐਮਰਜੈਂਸੀ ਸੇਵਾਵਾਂ ਨੇ ਟਾਪੂ ਵਾਸੀਆਂ ਨੂੰ ਸਿਖਲਾਈ ਦਿੱਤੀ ਹੈ।

ਇੰਗੋਲਫਸਡੋਟਿਰ ਕਹਿੰਦੇ ਹਨ,"ਜੇ ਤੁਸੀਂ ਇਥੇ ਰਹਿੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣਾ ਸਿਖਣਾ ਹੋਵੇਗਾ। ਅਸੀਂ ਕਿਸੇ ਵੀ ਚੀਜ਼ ਲਈ ਤਿਆਰ ਰਹਿੰਦੇ ਹਾਂ।"

"ਐਮਰਜੈਂਸੀ ਸਥਿਤੀ ਲਈ ਉਨ੍ਹਾਂ ਨੇ ਸਾਨੂੰ ਸਿਖਲਾਈ ਦਿੱਤੀ ਹੈ ਤਾਂ ਕਿ ਕਿਸੇ ਵੀ ਪ੍ਰਸਥਿਤੀ ਵਿੱਚ ਅਸੀਂ ਖੁਦ ਦੇਖ-ਰੇਖ ਕਰ ਸਕੀਏ ਅਤੇ ਹਰ ਤੀਜੇ ਹਫ਼ਤੇ ਵਿੱਚ ਪਲੇਨ ਦੀ ਮਦਦ ਨਾਲ ਡਾਕਟਰ ਇਥੇ ਆਉਂਦੇ ਹਨ।"

ਇਸ ਟਾਪੂ ਦੇ ਦੱਖਣ-ਪੱਛਣ ਵੱਲ ਕੁਝ ਘਰ ਮੌਜੂਦ ਹਨ, ਜਿਨ੍ਹਾਂ ਵਿੱਚ ਕਈ ਸੈਲਾਨੀਆਂ ਦੇ ਲਈ ਗੈਸਟ ਹਾਊਸ ਦੇ ਰੂਪ ਵਿੱਚ ਕੰਮ ਕਰਦੇ ਹਨ।

ਇਥੇ ਸੈਂਡਵਿਕ ਨਾਮ ਦੀ ਬਸਤੀ ਹੈ। ਇਥੇ ਮੌਜੂਦ ਸਕੂਲ ਇੱਕ ਕਮਿਊਨਿਟੀ ਸੈਂਟਰ ਦੇ ਰੂਪ ਵਿੱਚ ਕੰਮ ਕਰਦਾ ਹੈ।

ਇਥੇ ਇਕ ਦਸਤਕਾਰੀ ਗੈਲਰੀ ਅਤੇ ਕੈਫੇ ਵੀ ਹੈ, ਜੋ ਘਰੇਲੂ ਸਾਮਾਨ, ਸਵੇਟਰ ਅਤੇ ਹੋਰ ਛੋਟੇ ਸਾਮਾਨ ਵੇਚਦਾ ਹੈ।

ਇਥੇ ਇਕ ਕਰਿਆਨੇ ਦੀ ਦੁਕਾਨ ਵੀ ਹੈ, ਜੋ ਹਰ ਦਿਨ ਕਰੀਬ ਇੱਕ ਘੰਟੇ ਲਈ ਖੁੱਲ੍ਹਦੀ ਹੈ।

ਨਾਲ ਹੀ ਇਥੇ ਇਕ ਰੈਸਤਰਾਂ ਵੀ ਹੈ, ਜਿਸ ਵਿੱਚ ਇਕ ਬਾਰ, ਸਵੀਮਿੰਗ ਪੂਲ, ਲਾਇਬ੍ਰੇਰੀ, ਚਰਚ ਅਤੇ ਇੱਕ ਹਵਾਈ ਪੱਟੀ ਵੀ ਹੈ।

ਗ੍ਰਿਮਸੀ ਦਾ ਇਤਿਹਾਸ ਕੀ ਹੈ?

ਆਈਸਲੈਂਡ ਦੇ ਕਈ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੀ ਤਰ੍ਹਾਂ ਗ੍ਰਿਮਸੀ ਦਾ ਇਤਿਹਾਸ ਲੋਕ ਕਥਾਵਾਂ ਵਿੱਚ ਦਰਜ ਹੈ।

ਇਥੇ ਅਜਿਹੀ ਕਹਾਣੀ ਚੱਲਦੀ ਹੈ ਕਿ ਇਸ ਟਾਪੂ ਦਾ ਨਾਮ ਗ੍ਰਿਮੁਰ ਨਾਮਕ ਨਾਰਸ ਵਾਸੀ ਨਾਲ ਜੁੜਿਆ ਹੋਇਆ ਹੈ, ਮੰਨਿਆ ਜਾਂਦਾ ਹੈ ਕਿ ਇਹ ਪੱਛਮੀ ਨਾਰਵੇ ਦੇ ਸੋਗਨ ਜ਼ਿਲ੍ਹੇ ਤੋਂ ਆਏ ਸਨ।

ਗ੍ਰਿਮਸੇ ਦਾ ਸਭ ਤੋਂ ਪੁਰਾਣਾ ਜਾਣਿਆ ਜਾਣ ਵਾਲਾ ਜ਼ਿਕਰ 1024 ਦਾ ਹੈ, ਜੋ ਆਈਸਲੈਂਡਿਕ ਮਹਾਂਕਾਵਿ ਹੇਮਸਕਰਿੰਗਲਾ ਵਿੱਚ ਮਿਲਦਾ ਹੈ।

ਇਸ ਵਿੱਚ ਨਾਰਵੇ ਦੇ ਰਾਜਾ ਓਲਾਫੁਰ ਨੇ ਦੋਸਤੀ ਦੇ ਪ੍ਰਤੀਕ ਵਜੋਂ ਗ੍ਰਿਮਸੀ ਨੂੰ ਮੰਗਿਆ ਸੀ।

ਪਰ ਸਥਾਨਕ ਲੋਕਾਂ ਨੇ ਇਹ ਗੱਲ ਨਹੀਂ ਮੰਨੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਹ ਟਾਪੂ ਬਹੁਤ ਕੀਮਤੀ ਹੈ।

ਨਿਮੋਨਿਆ ਅਤੇ ਮੱਛੀ ਫੜਨ ਨਾਲ ਜੁੜੀ ਘਟਨਾਵਾਂ ਦੇ ਕਾਰਨ 18ਵੀਂ ਸ਼ਤਾਬਦੀ ਦੇ ਅਖ਼ੀਰ ਵਿੱਚ ਗ੍ਰਿਮਸੀ ਦੀ ਆਬਾਦੀ ਲਗਭਗ ਖਤਮ ਹੋ ਗਈ ਸੀ।

ਛੋਟੀ ਕਿਸ਼ਤੀਆਂ, ਖਰਾਬ ਮੌਸਮ ਅਤੇ ਬੰਦਰਗਾਹ ਦੀ ਘਾਟ ਕਾਰਨ ਇਥੇ ਉਤਰਨਾ ਜ਼ੋਖਮ ਭਰਿਆ ਕੰਮ ਸੀ।

ਫਿਰ ਵੀ ਤੱਟ ਦੇ ਨਾਲ ਰਹਿਣ ਵਾਲੇ ਮਛੇਰਿਆਂ ਅਤੇ ਵਪਾਰ ਕਰਨ ਲਈ ਹੁਸੈਵਿਕ ਆਉਣ ਵਾਲੇ ਲੋਕਾਂ ਕਾਰਨ ਭਾਈਚਾਰਾ ਬਚਿਆ ਰਿਹਾ।

2009 ਵਿੱਚ ਗ੍ਰਿਮਸੀ ਅਕੁਰੇਰੀ ਨਗਰ ਪਾਲਿਕਾ ਹਿੱਸਾ ਬਣਿਆ ਸੀ, ਫਿਰ ਵੀ ਟਾਪੂ ਦੇ ਕੁਝ ਹਿੰਮਤੀ ਨਿਵਾਸੀ ਆਪਣੀ ਵੱਖਰੀ ਪਛਾਣ 'ਤੇ ਮਾਣ ਕਰਦੇ ਹਨ।

ਗ੍ਰਿਮਸੇ ਵਿੱਚ ਸੈਰ-ਸਪਾਟਾ ਪ੍ਰੋਜੈਕਟ ਦੇ ਮੈਨੇਜਰ ਟ੍ਰਾਈਗਵਾਡੋਟੀਰ ਕਹਿੰਦੇ ਹਨ," ਅੱਜ ਗ੍ਰਿਮਸੀ ਦੀ ਜ਼ਮੀਨ ਦੇ ਮਾਲਕ ਇਥੋਂ ਦੇ ਵਸਨੀਕ, ਅਕੁਰੇਰੀ ਸ਼ਹਿਰ ਅਤੇ ਆਈਸਲੈਂਡ ਦੀ ਸਰਕਾਰ ਹੈ, ਜੋ ਟਾਪੂ ਦੀ ਕੁਦਰਤੀ ਵਿਰਾਸਤ ਅਤੇ ਮਜ਼ਬੂਤ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਦੇ ਹਨ।"

ਇਸ ਆਕਰਸ਼ਿਕ ਟਾਪੂ 'ਤੇ ਆਉਣ ਵਾਲੇ ਬਾਕੀ ਲੋਕਾਂ ਦੀ ਤਰ੍ਹਾਂ ਟ੍ਰਾਈਗਵਾਡੋਟੀਰ ਨੂੰ ਵੀ ਇਸ ਟਾਪੂ ਨਾਲ ਖਾਸ ਲਗਾਵ ਹੋ ਗਿਆ ਸੀ।

ਟ੍ਰਾਈਗਵਾਡੋਟੀਰ ਕਹਿੰਦੇ ਹਨ ਕਿ ਇਸ ਟਾਪੂ ਦੇ ਬਾਰੇ ਵਿੱਚ ਮੈਨੂੰ ਜੋ ਸਭ ਤੋਂ ਪਸੰਦ ਆਉਂਦਾ ਹੈ, ਉਹ ਇਸਦੀ ਦੂਰਅੰਦੇਸ਼ੀ ਹੈ।

ਉਹ ਅੱਗੇ ਕਹਿੰਦੇ ਹਨ,"ਇਸ ਘਾਹ ਵਾਲੇ ਟਾਪੂ ਦੀਆਂ ਵੱਡੀਆਂ ਚੱਟਾਨਾਂ ਦੇ ਕੋਲ ਘੁੰਮਦੇ ਹੋਏ, ਇਥੋਂ ਦੇ ਸ਼ਾਂਤ ਦ੍ਰਿਸ਼ ਨੂੰ ਮਹਿਸੂਸ ਕਰਨਾ ਅਤੇ ਹਜ਼ਾਰਾਂ ਸਮੁੰਦਰੀ ਪੰਛੀਆਂ ਨਾਲ ਘਿਰੇ ਹੋਣਾ ਇੱਕ ਖਾਸ ਅਨੁਭਵ ਹੈ।"

ਪਫਿਨਸ ਤੋਂ ਇਲਾਵਾ, ਇਸ ਟਾਪੂ ਦਾ ਇੱਕ ਹੋਰ ਪ੍ਰਮੁੱਖ ਸੈਲਾਨੀ ਆਕਰਸ਼ਣ ਇਸਦਾ ਭੂਗੋਲਿਕ ਸਥਾਨ ਹੈ।

66°N ਅਕਸ਼ਾਂਸ਼ 'ਤੇ ਸਥਿਤ, ਗ੍ਰਿਮਸੀ ਆਈਸਲੈਂਡ ਦੇ ਇਕਲੌਤੇ ਹਿੱਸੇ ਵਜੋਂ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ, ਜੋ ਆਰਕਟਿਕ ਸਰਕਲ ਦੇ ਅੰਦਰ ਸਥਿਤ ਹੈ ਅਤੇ ਇਸ ਦੇ ਦੋ ਨਿਸ਼ਾਨ ਹਨ।

2017 ਵਿੱਚ, ਇੱਕ 3,447 ਕਿਲੋਗ੍ਰਾਮ ਦਾ ਕੰਕਰੀਟ ਕਲਾ "ਓਰਬਿਸ ਐਟ ਗਲੋਬਸ" ਸਥਾਪਤ ਕੀਤੀ ਗਈ ਸੀ, ਜਿਸ ਨੂੰ ਟਾਪੂ ਦੇ ਸਭ ਤੋਂ ਉੱਚੇ ਅਤੇ ਉੱਤਰੀ ਹਿੱਸੇ 'ਤੇ ਰੱਖਿਆ ਗਿਆ ਤਾਂ ਕਿ ਉਸ ਕਾਲਪਨਿਕ ਰੇਖਾ ਦਾ ਪਤਾ ਲਗਾਇਆ ਜਾ, ਜਿਥੇ ਆਰਕਟਿਕ ਸਰਕਲ ਅਤੇ ਗ੍ਰਿਮਸੀ ਮਿਲਦੇ ਹਨ।

ਇੰਗੋਲਫਸਡੋਟਿਰ ਕਹਿੰਦੇ ਹਨ,"ਇਸ ਟਾਪੂ ਲਈ ਇਹ ਇਕ ਬਿਹਤਰੀਨ ਮਾਰਕਟਿੰਗ ਟੂਰ ਰਿਹਾ ਹੈ, ਇਸ ਨੂੰ ਇਥੋਂ ਕਿਤੇ ਵੀ ਘੁਮਾਉਣਾ ਅਸੰਭਵ ਵਰਗਾ ਹੈ, ਅਜਿਹਾ ਕਰਨ ਲਈ ਆਈਸਲੈਂਡ ਤੋਂ ਸਾਨੂੰ ਖਾਸ ਉਪਕਰਨ ਦੀ ਜ਼ਰੂਰਤ ਹੋਵੇਗੀ।"

"ਸਾਡੇ ਕੋਲ ਆਰਕਟਿਕ ਸਰਕਲ ਵਿੱਚ ਇੱਕ ਹੋਰ ਸਮਾਰਕ ਹੈ, ਜੋ ਕਿ 1970 ਤੋਂ ਇੱਥੇ ਹੈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲੇਗਾ।"

ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ 23.5 ਡਿਗਰੀ 'ਤੇ ਝੁਕੀ ਹੋਈ ਹੈ, ਜਿਸ ਕਾਰਨ ਆਰਕਟਿਕ ਸਰਕਲ ਹਰ ਸਾਲ ਥੋੜ੍ਹਾ ਥੋੜ੍ਹਾ ਬਦਲਦਾ ਹੈ।

ਇਸ ਪਰਿਵਰਤਨ ਨੂੰ ਇਥੇ ਦਰਸਾਉਣ ਵਾਲਾ ਗੋਲਾ ਹਰ ਸਾਲ ਕਰੀਬ 14 ਮੀਟਰ ਖਿਸਕਦਾ ਹੈ ਪਰ ਕਦੇ-ਕਦੇ ਇਹ 130 ਮੀਟਰ ਤੱਕ ਵੀ ਖਿਸਕ ਸਕਦਾ ਹੈ।

ਲੰਬੇ ਸਮੇਂ ਤੱਕ ਰਹਿੰਦਾ ਹੈ ਹਨੇਰਾ

ਦਸੰਬਰ ਤੋਂ ਲੈ ਕੇ ਫਰਵਰੀ ਦੇ ਮੱਧ ਤੱਕ ਟਾਪੂ ਪੂਰੀ ਤਰ੍ਹਾਂ ਹਨੇਰੇ ਦੀ ਗ੍ਰਿਫ਼ਤ ਵਿੱਚ ਹੋ ਜਾਂਦਾ ਹੈ।

ਇੰਗੋਲਫਸਡੋਟਿਰ ਨੇ ਕਿਹਾ,"ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਹਨੇਰੇ ਤੋਂ ਡਰ ਨਹੀਂ ਲੱਗਦਾ। ਇਕ ਸਮੇਂ ਤੋਂ ਬਾਅਦ ਇਹ ਕੁਝ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ ਪਰ ਅਸੀਂ ਜਾਣਦੇ ਹਾਂ ਕਿ ਹਨੇਰੇ ਤੋਂ ਬਾਅਦ ਫਿਰ ਦਿਨ ਹੋਵੇਗਾ।"

ਗ੍ਰਿਮਸੀ ਟਾਪੂ ਵਾਸੀ ਹਨੇਰੇ ਨਾਲ ਨਜਿੱਠਣ ਲਈ ਇੱਕ ਤਰੀਕਾ ਅਪਣਾਉਂਦੇ ਹਨ, ਉਹ ਹੈ ਆਸ-ਪਾਸ ਰੋਸ਼ਨ ਕਰਨ ਦੀ ਤਿਆਰੀ।

ਗ੍ਰਿਮਸੀ ਟਾਪੂ ਦੇ ਭਵਿੱਖ ਨੂੰ ਲੈ ਕੇ ਇੰਗੋਲਫਸਡੋਟਿਰ ਨੇ ਦੱਸਿਆ ਕਿ ਆਉਣ ਵਾਲੀਆਂ ਗਰਮੀਆਂ ਵਿੱਚ ਕੁਝ ਨਵੀਂ ਯੋਜਨਾਵਾਂ 'ਤੇ ਕੰਮ ਹੋ ਰਿਹਾ ਹੈ।

ਇਨ੍ਹਾਂ ਵਿੱਚ ਲੇਖਕਾਂ ਅਤੇ ਹੋਰ ਰਚਨਾਤਮਕ ਲੋਕਾਂ ਦੇ ਲਈ ਸੋਚਿਆ ਜਾ ਰਿਹਾ ਹੈ ਕਿ ਉਹ ਉੱਥੇ ਪੁਰਾਣੇ ਘਰਾਂ ਵਿੱਚ ਰਹਿ ਸਕਣ।

ਗ੍ਰਿਮਸੀ ਟਾਪੂ ਦੀ ਯਾਤਰਾ ਦੌਰਾਨ ਸਾਡੇ 'ਤੇ ਟਰਨ (ਇਕ ਪ੍ਰਕਾਰ ਦਾ ਪੰਛੀ) ਨੇ ਹਮਲਾ ਨਹੀਂ ਕੀਤਾ ਪਰ ਉਥੇ ਬਿਤਾਏ ਗਏ ਕੁਝ ਦਿਨਾਂ ਨੇ ਮੈਨੂੰ ਸਮਾਜ ਵਿੱਚ ਇਕਜੁੱਟਤਾ ਦੀ ਅਹਿਮੀਅਤ ਨੂੰ ਸਮਝਾਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)