ਦੁਬਈ ਨੇ ਸਮੁੰਦਰ ਵਿੱਚ ਆਰਟੀਫੀਸ਼ੀਅਲ ਟਾਪੂ ਬਣਾ ਤਾਂ ਲਏ ਪਰ ਇਨ੍ਹਾਂ ਵਿੱਚ ਵਸੋਂ ਕਿਉਂ ਨਹੀਂ ਹੋ ਸਕੀ

ਤਸਵੀਰ ਸਰੋਤ, Getty Images
- ਲੇਖਕ, ਜੇਰੇਮੀ ਹਾਵੇਲ
- ਰੋਲ, ਬੀਬੀਸੀ ਵਰਲਡ ਸਰਵਿਸ
ਪਿਛਲੇ ਲਗਭਗ ਇੱਕ ਦਹਾਕੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ ਦੁਬਈ ਆਪਣੀਆਂ ਵੱਡੀਆਂ-ਵੱਡੀਆਂ ਯੋਜਨਾਵਾਂ ਨਾਲ ਦੁਨੀਆਂ ਨੂੰ ਹੈਰਾਨ ਕਰਦਾ ਆਇਆ ਹੈ।
ਫਿਰ ਭਾਵੇਂ ਉਹ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫ਼ਾ ਹੋਵੇ, ਦੁਨੀਆਂ ਦੀ ਸਭ ਤੋਂ ਸਮਾਰਟ ਹੋਟਲ ਬੁਰਜ ਅਲ ਅਰਬ ਹੋਵੇ ਜਾਂ ਫਿਰ ਦੁਬਈ ਦੇ ਸਮੁੰਦਰੀ ਕੰਢੇ ਦੇ ਨੇੜੇ ਵਿਕਸਿਤ ਕੀਤਾ ਜਾ ਰਿਹਾ ਬਣਾਵਟੀ ਪਾਮ ਆਈਲੈਂਡ।
ਹਾਲਾਂਕਿ ਅਰਬਾਂ ਡਾਲਰ ਦੀ ਇੱਕ ਯੋਜਨਾ ਅਜਿਹੀ ਵੀ ਹੈ, ਜੋ ਜ਼ਿਆਦਾਤਰ ਖਾਲੀ ਅਤੇ ਸੁੰਨਸਾਨ ਪਈ ਹੈ।
ਇਹ ਯੋਜਨਾ 260 ਛੋਟੇ ਛੋਟੇ ਟਾਪੂਆਂ ਦਾ ਇੱਕ ਜਾਲ ਹੈ, ਜਿਨ੍ਹਾਂ ਨੂੰ ਦੁਨੀਆਂ ਦੇ ਸਾਰੇ ਮਹਾਂਦੀਪਾਂ ਦੇ ਅਕਾਰ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

ਇਸ ਦੀਪ ਸਮੂਹ ਦਾ ਕੰਮ ਸ਼ੂਰੂ ਹੋਏ ਨੂੰ ਵੀਹ ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ।
ਸਵਾਲ ਇਹ ਹੈ ਕਿ ਦਿ ਵਰਲਡ ਆਈਲੈਂਡਜ਼ ਦੇ ਨਾਲ ਕੀ ਹੋਇਆ ਹੈ? ਇਸ ਦੀਪ ਸਮੂਹ ਨੂੰ ਕਿਉਂ ਵਿਕਸਿਤ ਕੀਤਾ ਜਾ ਰਿਹਾ ਸੀ?
'ਦਿ ਵਰਲਡ' ਨਾਮ ਦੀ ਇਸ ਯੋਜਨਾ ਦੀ ਕਲਪਨਾ 260 ਬਣਾਵਟੀ ਟਾਪੂਆਂ ਵਜੋਂ ਕੀਤੀ ਗਈ ਸੀ।
ਇਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਜਾਣਾ ਸੀ, ਜਿਵੇਂ ਧਰਤੀ ਉੱਤੇ ਸਾਰੇ ਮਹਾਂਦੀਪ ਜਾਣੀ— ਅਫ਼ਰੀਕਾ, ਅੰਟਰਾਕਟਿਕਾ, ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਓਸ਼ਨੀਆ ਵਸੇ ਹੋਏ ਹਨ।
'ਦਿ ਵਰਲਡ' ਯੋਜਨਾ ਦੁਬਈ ਦੇ ਸਮੁੰਦਰੀ ਕਿਨਾਰੇ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਬਣਾਈ ਜਾ ਰਹੀ ਸੀ।
ਹਰ ਦੀਪ ਦਾ ਨਾਮ ਉਸ ਦੇਸ, ਇਲਾਕੇ ਜਾਂ ਸ਼ਹਿਰ ਦੇ ਨਾਮ ਉੱਤੇ ਰੱਖਿਆ ਗਿਆ ਹੈ, ਜਿਸ ਮਹਾਦੀਪ ਵਿੱਚ ਉਸ ਅਬਾਦ ਹੈ।
ਇਸ ਯੋਜਨਾ ਦੇ ਤਹਿਤ ਨਿੱਜੀ ਕੰਪਨੀਆਂ ਨੇ ਇਨ੍ਹਾਂ ਦੀਪਾਂ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਹੋਟਲ, ਰੈਸਟੋਰੈਂਟ ਜਾਂ ਬੰਗਲੇ ਕੋਠੀਆਂ ਦਾ ਵਿਕਾਸ ਕਰਨਾ ਸੀ।
ਇਸ ਨਾਲ ਇੱਥੇ ਆਉਣ ਵਾਲਿਆਂ ਨੂੰ ਦੁਨੀਆਂ ਦੇ ਵੱਖ-ਵੱਖ ਸੱਭਿਆਚਾਰਾਂ ਦੀ ਇੱਕ ਝਲਕ ਦੇਖਣ ਨੂੰ ਮਿਲਣੀ ਸੀ।
ਸਰਕਾਰ ਤੋਂ ਮਦਦ ਹਾਸਲ ਕਰਨ ਵਾਲੀ ਇੱਕ ਕੰਪਨੀ ਨਖ਼ੀਲ ਪ੍ਰਾਪਰਟੀਜ਼ ਨੇ ਪਾਮ ਜੁਮੇਇਰਾ ਦੇ ਨਾਮ ਤੋਂ ਇੱਕ ਬਣਾਵਟੀ ਟਾਪੂ ਵਿਕਸਿਤ ਕੀਤਾ ਸੀ।
ਇਸ ਵਿੱਚ ਚਾਰੇ ਪਾਸੇ ਆਲੀਸ਼ਾਨ ਪ੍ਰਾਪਰਟੀਜ਼ ਅਤੇ ਦਰਜਨਾਂ ਹੋਟਲ ਬਣਾਏ ਗਏ ਸਨ। 'ਦਿ ਵਰਲਡ' ਨੂੰ ਵਿਕਾਸ ਦੀ ਸਭ ਤੋਂ ਆਲੀਸ਼ਾਨ ਮਿਸਾਲ ਵਜੋਂ ਤਿਆਰ ਕੀਤਾ ਜਾਣਾ ਸੀ।
ਇਨ੍ਹਾਂ ਦੀਪਾਂ ਨੂੰ ਬਣਾਉਣ ਤੋਂ ਬਾਅਦ ਦੁਬਈ ਦੀ ਤੱਟ ਰੇਖਾ ਵਿੱਚ 230 ਕਿਲੋਮੀਟਰ ਦਾ ਵਾਧਾ ਵੀ ਹੋਣਾ ਸੀ।
ਉਮੀਦ ਇਹ ਕੀਤੀ ਜਾ ਰਹੀ ਸੀ ਕਿ ਇਸ ਨਾਲ ਦੁਬਈ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।
'ਦਿ ਵਰਲਡ' ਯੋਜਨਾ ਦਾ ਐਲਾਨ 2003 ਵਿੱਚ ਦੁਬਈ ਦੇ ਹਾਕਮ ਸ਼ੇਖ ਮੁਹੰਮਦ ਅਲ ਅਕਤੂਮ ਨੇ ਕੀਤਾ ਸੀ।
'ਦਿ ਵਰਲਡ' ਨੂੰ ਕਿਵੇਂ ਬਣਾਇਆ ਗਿਆ?
ਨਖੀਲ ਪ੍ਰਾਪਰਟੀਜ਼ ਨੇ 'ਦਿ ਵਰਲਡ' ਉੱਤੇ ਸਾਲ 2003 ਵਿੱਚ ਹੀ ਕੰਮ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਟਾਪੂਆਂ ਨੂੰ ਫ਼ਾਰਸ ਦੀ ਖਾੜੀ ਦੇ ਸਮੁੰਦਰੀ ਤਲ ਤੋਂ 32.1 ਕਰੋੜ ਟਨ ਰੇਤ ਕੱਢ ਕੇ ਬਣਾਇਆ ਗਿਆ ਸੀ।
ਵਾਤਾਵਰਣ ਮਾਹਰ ਮੰਨਦੇ ਹਨ ਕਿ ਸਮੁੰਦਰ ਦੇ ਤਲ ਤੋਂ ਰੇਤ ਦੀ ਖੁਦਾਈ ਕੀਤੇ ਜਾਣ ਨਾਲ ਫਾਰਸ ਦੀ ਖਾੜੀ ਵਿੱਚ ਮੂੰਗੇ ਦੀਆਂ ਚਟਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਨਖੀਲ ਪ੍ਰਾਪਰਟੀਜ਼ ਨੇ ਉਨ੍ਹਾਂ ਨੂੰ ਫਿਰ ਤੋਂ ਬਣਾਉਣ ਅਤੇ ਮੂੰਗੇ ਨੂੰ ਦੁਬਾਰਾ ਅਬਾਦ ਕਰਨ ਲਈ ਜੀਵ ਵਿਗਿਆਨੀਆਂ ਦੀਆਂ ਸੇਵਾਵਾਂ ਵੀ ਲਈਆਂ ਸਨ।

ਤਸਵੀਰ ਸਰੋਤ, Getty Images
'ਦਿ ਵਰਲਡ' ਮੁਸ਼ਕਿਲ ਵਿੱਚ ਕਿਵੇਂ ਫਸ ਗਿਆ?
ਨਖੀਲ ਪ੍ਰਾਪਰਟੀਜ਼ ਨੇ ਇਨ੍ਹਾਂ ਬਣਾਵਟੀ ਟਾਪੂਆਂ ਅਤੇ ਆਲੇ-ਦੁਆਲੇ ਦੇ ਸਮੁੰਦਰੀ ਇਲਾਕੇ ਦਾ ਨਿਰਮਾਣ 2008 ਵਿੱਚ ਪੂਰਾ ਕਰ ਲਿਆ ਸੀ।
ਕੰਪਨੀ ਨੇ ਕਿਹਾ ਸੀ ਕਿ ਇਸ ਵਿੱਚੋਂ 70 ਫੀਸਦੀ ਹਿੱਸੇ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿੱਚ ਕਾਮਯਾਬ ਰਹੀ ਸੀ।
ਹਾਲਾਂਕਿ ਭਿਆਨਕ ਆਰਥਿਕ ਸੰਕਟ ਕਾਰਨ ਇਨ੍ਹਾਂ ਟਾਪੂਆਂ ਉੱਤੇ ਸਹੂਲਤਾਂ ਦੇ ਵਿਕਾਸ ਦਾ ਕੰਮ ਰੁਕ ਗਿਆ ਸੀ।
ਅਮਰੀਕਾ ਤੋਂ ਸ਼ੁਰੂ ਹੋਏ ਇਸ ਆਰਥਿਕ ਸੰਕਟ ਨੇ 2007 ਵਿੱਚ ਦੁਬਈ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ ਅਤੇ ਇਸਦਾ ਅਸਰ 2010 ਤੱਕ ਰਿਹਾ ਸੀ।
ਇਸੇ ਦੌਰਾਨ ਦੁਬਈ ਵਿੱਚ ਜਾਇਦਾਦ ਦੀਆਂ ਕੀਮਤਾਂ ਵਿੱਚ ਬਹੁਤ ਮੰਦੀ ਆ ਗਈ। ਇਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਨੇ ਜਾਂ ਤਾਂ ਇਸ ਯੋਜਨਾ ਵਿੱਚੋਂ ਆਪਣਾ ਹੱਥ ਖਿੱਚ ਲਿਆ, ਜਾਂ ਫਿਰ ਕੰਮ ਰੋਕ ਦਿੱਤਾ।
ਖ਼ੁਦ ਨਖੀਲ ਪ੍ਰਪਾਰਟੀਜ਼ ਦੇ ਉੱਪਰ ਵੀ ਅਰਬਾਂ ਡਾਲਰ ਦਾ ਕਰਜ਼ ਚੜ੍ਹ ਗਿਆ ਸੀ।
ਨਖੀਲ ਨੂੰ 2009 ਵਿੱਚ ਜਾ ਕੇ ਉਸ ਸਮੇਂ ਰਾਹਤ ਮਿਲੀ ਜਦੋਂ ਦੁਬਈ ਦੇ ਗੁਆਂਢੀ ਅਮੀਰਾਤ, ਅਬੂ ਧਾਬੀ ਨੇ ਦੁਬਈ ਵਿੱਚ 10 ਅਰਬ ਡਾਲਰ ਦਾ ਨਿਵੇਸ਼ ਕੀਤਾ।
ਇਸ ਦਾ ਮਤਲਬ ਇਹ ਸੀ ਕਿ ਨਖੀਲ ਨੂੰ ਉਸਦੀ ਮਾਲਕ ਕੰਪਨੀ ਦੁਬਈ ਵਰਲਡ ਦੇ ਰਾਹੀਂ ਇਸ ਮੁਸ਼ਕਿਲ ਵਿੱਚੋਂ ਕੱਢਿਆ ਜਾ ਸਕਿਆ।
'ਦਿ ਵਰਲਡ' ਵਿੱਚ ਹੁਣ ਤੱਕ ਕੀ ਕੁਝ ਬਣਾਇਆ ਜਾ ਚੁੱਕਿਆ ਹੈ?

ਤਸਵੀਰ ਸਰੋਤ, Getty Images
ਇਸ ਯੋਜਨਾ ਵੱਲ ਦੁਨੀਆਂ ਦਾ ਧਿਆਨ ਖਿੱਚਣ ਲਈ ਨਖੀਲ ਪ੍ਰਾਪਰਟੀਜ਼ ਨੇ ਲੈਪਲੈਂਡ ਨਾਮ ਦੇ ਦੀਪ ਉੱਤੇ ਇੱਕ ਮਕਾਨ ਨੁਮਾਇਸ਼ ਲਈ ਬਣਾਇਆ।
ਉੱਥੇ ਹੀ ਇੱਕ ਦੀਪ ਨੂੰ ਫਾਰਮੂਲਾ ਵੰਨ ਦੇ ਵਿਸ਼ਵ ਚੈਂਪੀਅਨ ਮਾਈਕਲ ਸ਼ੂਮਾਕਰ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਬਦਲੇ ਦਾਨ ਵਜੋਂ ਦੇ ਦਿੱਤਾ ਗਿਆ। ਇਸ ਦੀਪ ਉੱਤੇ ਵੀ ਇੱਕ ਸ਼ਾਨਦਾਰ ਇਮਾਰਤ ਬਣੀ ਹੋਈ ਹੈ।
ਸਾਲ 2012 ਵਿੱਚ ਲਿਬਨਾਮ ਨਾਮ ਦੇ ਦੀਪ ਉੱਤੇ ਦਿ ਰੌਇਲ ਆਈਲੈਂਡ ਬੀਚ ਕਲੱਬ ਖੁੱਲ੍ਹਿਆ। ਇਹ ਰੈਸਟੋਰੈਂਟ ਅਤੇ ਸ਼ਰਾਬਖਾਨੇ ਦੀ ਸਹੂਲਤ ਵਾਲਾ ਇੱਕ ਰਿਜ਼ਾਰਟ ਹੈ।
2022 ਵਿੱਚ ਅਨਾਤਾਰਾ ਵਰਲਡ, ਆਈਲੈਂਡ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੀਪ ਉੱਤੇ ਵੀ ਹੋਟਲ ਦੇ ਕਮਰਿਆਂ, ਸੁਈਟ,ਵਿਲਾ ਅਤੇ ਸਪਾ ਨਾਲ ਲੈਸ ਇੱਕ ਰਿਜ਼ਾਰਟ ਬਣਾਇਆ ਗਿਆ ਹੈ।
ਹਾਲਾਂਕਿ 'ਦਿ ਵਰਲਡ' ਦੇ ਬਾਕੀ ਸਾਰੇ ਦੀਪ ਉਵੇਂ ਹੀ ਰੇਤ ਦੇ ਉਜਾੜ ਟਿੱਲਿਆਂ ਵਰਗੇ ਪਏ ਹਨ।
ਏਲੇਸਟੇਅਰ ਬਾਨੇਟ, ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਨਿਊਕਾਸਲ ਵਿੱਚ ਭੂਗੋਲ ਦੇ ਪ੍ਰੋਫੈਸਰ ਅਤੇ ਇ ਜਰਨੀ ਇਨਟੂ ਦਿ ਇਰਾ ਆਫ਼ ਆਰਟੀਫਿਸ਼ੀਅਲ ਆਈਲੈਂਡਜ਼ ਦੇ ਲੇਖਕ ਹਨ।
ਉਹ ਕਹਿੰਦੇ ਹਨ, “ਦਿ ਵਰਲਡ ਨਾਲ ਸਮੱਸਿਆ ਇਹ ਹੈ ਕਿ ਦਿ ਪਾਮ ਤੋਂ ਉਲਟ ਇਹ ਦੁਬਈ ਤੋਂ ਸਿੱਧੇ ਤੌਰ ਉੱਤੇ ਨਹੀਂ ਜੁੜਿਆ ਹੋਇਆ। ਅਜਿਹਾ ਕੋਈ ਪੁਲ ਨਹੀਂ ਹੈ, ਜਿੱਥੋਂ ਦੀ ਹੋ ਕੇ ਕੋਈ ਕਾਰ ਨਾਲ ਸਿੱਧਾ ਇਨ੍ਹਾਂ ਦੀਪਾਂ ਉੱਤੇ ਜਾ ਸਕੇ। ਇਨ੍ਹਾਂ ਦੀਪਾਂ ਨੂੰ ਆਪਸ ਵਿੱਚ ਜੋੜਨ ਵਾਲੀ ਕੋਈ ਸੜਕ ਨਹੀਂ ਬਣਾਈ ਗਈ ਹੈ।”
ਇਸਦਾ ਮਤਲਬ ਹੈ ਕਿ ਇੱਥੇ ਜਾਇਦਾਦ ਬਣਾਉਣ ਵਾਲਿਆਂ ਲਈ ਇਮਾਰਤ ਉਸਾਰੀ ਦਾ ਸਮਾਨ ਅਤੇ ਮਜ਼ਦੂਰਾਂ ਨੂੰ ਲੈ ਕੇ ਜਾਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਫਿਰ ਇਨ੍ਹਾਂ ਦੀਪਾਂ ਉੱਤੇ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਉਣਾ ਵੀ ਇੱਕ ਚੁਣੌਤੀ ਹੈ।
ਇਨ੍ਹਾਂ ਟਾਪੂਆਂ ਨੂੰ ਦੁਬਈ ਨਾਲ ਜੋੜਨ ਦਾ ਇੱਕ ਹੀ ਜ਼ਰੀਆ ਹੈ। ਪਾਮ ਜੁਮੇਇਰਾ ਤੋਂ ਚੱਲਣ ਵਾਲੀ ਇੱਕ ਫੇਰੀ ਸੇਵਾ ਲੋਕਾਂ ਨੂੰ ਇੱਥੇ ਲਿਆਉਂਦੀ ਹੈ ਅਤੇ ਵਾਪਸ ਲੈ ਜਾਂਦੀ ਹੈ।

ਤਸਵੀਰ ਸਰੋਤ, Getty Images
ਪਿਛਲੇ ਇੱਕ ਦਹਾਕੇ ਦੌਰਾਨ ਦੁਬਈ ਸਥਿਤ ਕਲੇਨਡਿਅੰਸ ਗਰੁੱਪ ਨਾਮ ਦੀ ਕੰਪਨੀ ਦਿ ਹਾਰਟ ਆਫ਼ ਯੂਰਪ ਨਾਮ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ। ਜਿਸ ਦੀ ਲਾਗਤ ਪੰਜ ਅਰਬ ਡਾਲਰ ਆਉਣ ਦੀ ਉਮੀਦ ਹੈ।
ਇਹ ਕੰਪਨੀ ਨੂੰ ਆਸਟਰੀਆ ਦੇ ਉੱਦਮੀ ਜੋਸੇਫ਼ ਕਲੇਨਡਿਅੰਸਟ ਚਲਾਉਂਦੇ ਹਨ। ਇਸ ਯੋਜਨਾ ਦੇ ਤਹਿਤ ਕਈ ਤਰ੍ਹਾਂ ਦੇ ਆਲੀਸ਼ਾਨ ਹੋਟਲ, ਨਿੱਜੀ ਕੋਠੀਆਂ ਅਤੇ ਯੂਰਪੀ ਸ਼ੈਲੀ ਵਿੱਚ ਤੈਰਦੇ ਹੋਏ ਵਿਲਾ ਬਣਾਏ ਜਾਣੇ ਹਨ।
ਇਨ੍ਹਾਂ ਸਿਰਾਏ ਨੂੰ 'ਦਿ ਵਰਲਡ' ਦੇ ਜਰਮਨੀ, ਮੋਨਾਕੋ, ਸਵੀਡਨ ਅਤੇ ਵੈਨਿਸ ਦੇ ਟਾਪੂਆਂ ਉੱਤੇ ਬਣਾਇਆ ਜਾਣਾ ਹੈ (ਹਾਲਾਂਕਿ ਇਨ੍ਹਾਂ ਵਿੱਚੋਂ ਕੋਈ ਵੀ ਦੇਸ ਜਾਂ ਸ਼ਹਿਰ ਅਸਲ ਵਿੱਚ ਦੀਪ ਨਹੀਂ ਹੈ)
ਇਸ ਯੋਜਨਾ ਦੇ ਤਹਿਤ ਇੱਕ ਰੇਨਿੰਗ ਸਟਰੀਟ ਵੀ ਬਣਾਈ ਜਾਣੀ ਹੈ। ਜਿੱਥੇ ਆਉਣ ਵਾਲਿਆਂ ਨੂੰ ਭਿਆਨਕ ਗਰਮੀ ਪੈਣ ਉੱਤੇ ਬਣਾਵਟੀ ਮੀਂਹ ਵਿੱਚ ਭਿੱਜਣ ਦਾ ਮਜ਼ਾ ਵੀ ਮਿਲੇਗਾ।
ਇਹ ਕੰਪਲੈਕਸ 2026 ਵਿੱਚ ਬਣ ਕੇ ਤਿਆਰ ਹੋਣਾ ਹੈ।
'ਦਿ ਵਰਲਡ' ਦੀ ਬਣਾਵਟ ਉੱਤੇ ਵੱਡਾ ਕੰਮ ਕਰ ਲਈ ਨਖੀਲ ਪ੍ਰਾਪਰਟੀਜ਼ ਠੇਕੇਦਾਰਾਂ ਦੀ ਭਾਲ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਸਾਰੇ 260 ਦੀਪਾਂ ਨੂੰ ‘ਮਹਾਦੀਪਾਂ’ ਵਜੋਂ ਇੱਕ ਦੂਜੇ ਨਾਲ ਜੋੜਿਆ ਜਾਵੇਗਾ।
ਮੂਲ ਰੂਪ ਵਿੱਚ ਤਾਂ ਦਿ ਵਰਲਡ ਦੇ ਹਰ ਟਾਪੂ ਲਈ ਪਾਣੀ ਅਤੇ ਬਿਜਲੀ ਦੀ ਆਪਣੀ ਵੱਖਰੀ ਸਹੂਲਤ ਹੋਣੀ ਸੀ਼। ਲੇਕਿਨ, ਇਹ ਬਹੁਤ ਮਹਿੰਗਾ ਪੈਣਾ ਅਤੇ ਗੈਰਅਮਲੀ ਵਿਕਲਪ ਸੀ।
ਜਦੋਂ ਇਨ੍ਹਾਂ ਬਣਾਵਟੀ ਟਾਪੂਆਂ ਨੂੰ ਮਹਾਦੀਪਾਂ ਵਜੋਂ ਇੱਕ-ਦੂਜੇ ਨਾਲ ਜੋੜ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਦੀਪ ਬਿਜਲੀ ਵਰਗੀਆਂ ਸਹੂਲਤਾਂ ਇੱਕ ਦੂਜੇ ਨਾਲ ਵੰਡਣਗੇ।













