ਵੀਡੀਓ ਵਾਇਰਲ ਹੋਣ ਮਗਰੋਂ ਨਾਬਾਲਗ ਰੇਪ ਪੀੜਤਾ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਹੁਣ ਤੱਕ ਕੀ ਹੋਈ ਹੈ ਕਾਰਵਾਈ

ਤਸਵੀਰ ਸਰੋਤ, GAURAV GULMOHAR/BBC
ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਇੱਕ ਸਕੂਲ ਪ੍ਰਿੰਸੀਪਲ ਦੇਵੇਂਦਰ ਕੁਮਾਰ ਮਿਸ਼ਰ ਦਾ ਕਥਿਤ ਤੌਰ ਉੱਤੇ ਇੱਕ ਨਾਬਾਲਗ ਵਿਦਿਆਰਥਣ ਨਾਲ ਇਤਰਾਜ਼ਯੋਗ ਵੀਡੀਓ ਪਿਛਲੇ ਤਿੰਨ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਮੁਲਜ਼ਮ ਪਿੰਡ ਦੀ ਹੀ ਇੱਕ ਗ਼ਰੀਬ ਘਰ ਦੀ ਵਿਦਿਆਰਥਣ ਨਾਲ ਕਥਿਤ ਤੌਰ ਉੱਤੇ ਅਸ਼ਲੀਲ ਹਰਕਤ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਵਾਇਰਲ ਹੋਣ ਤੋਂ ਇੱਕ ਦਿਨ ਬਾਅਦ ਹੀ ਪੀੜਤ ਵਿਦਿਆਰਥਣ ਨੇ ਦਿੱਲੀ-ਹਾਵੜਾ ਰੇਲਵੇ ਟਰੈਕ ਦੇ ਸਾਹਮਣੇ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।
ਗੰਭੀਰ ਰੂਪ ਵਿੱਚ ਜ਼ਖਮੀ ਵਿਦਿਆਰਥਣ ਨੂੰ ਕੌਸ਼ਾਂਬੀ ਜ਼ਿਲ੍ਹੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜ਼ਿਲ੍ਹਾ ਹਸਪਤਾਲ ਦੇ ਸੀਐੱਮਓ ਡਾ਼ ਸੁਨੀਲ ਕੁਮਾਰ ਸ਼ੁਕਲ ਨੇ ਬੀਬੀਸੀ ਨੂੰ ਦੱਸਿਆ, “ਸਾਡੇ ਇੱਥੇ ਜੋ ਬੱਚੀ ਦਾਖ਼ਲ ਹੈ, ਰੇਲਵੇ ਟਰੈਕ ਉੱਤੇ ਮਿਲੀ ਸੀ। ਉੱਥੇ ਜੋ ਉਸ ਨੂੰ ਸੱਟ ਲੱਗੀ ਸੀ ਉਸੇ ਦਾ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਸਥਿਤੀ ਠੀਕ ਹੈ।”
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤਾ ਦੀ ਮਾਂ ਦੇ ਬਿਆਨ ਦੇ ਅਧਾਰ ਉੱਤੇ ਪੁਲਿਸ ਨੇ ਮੁੱਖ ਮੁਲਜ਼ਮ ਦੇਵੇਂਦਰ ਕੁਮਾਰ ਮਿਸ਼ਰ ਉੱਤੇ ਆਈਪੀਸੀ ਦੀ ਧਾਰਾ, 376,504, 506, 120ਬੀ ਅਤੇ ਪਾਸਕੋ ਐਕਟ ਦੀ ਧਾਰਾ 3 ਅਤੇ 4 ਅਤੇ ਆਈਟੀ ਐਕਟ ਦੀ ਧਾਰਾ 67ਏ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਜਦਕਿ ਪੁਲਿਸ ਨੇ ਵੀਡੀਓ ਵਾਇਰਲ ਕਰਨ ਦੇ ਮੁਲਜ਼ਮ ਰਾਜੂ ਸਿੰਘ ਉੱਤੇ ਆਈਪੀਸੀ ਦੀ ਧਾਰਾ 120ਬੀ ਅਤੇ 67ਏ ਆਈਟੀ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਕੌਸ਼ਾਂਬੀ ਜ਼ਿਲ੍ਹੇ ਦੇ ਸਿਰਾਥੂ ਸੀਓ ਅਵਧੇਸ਼ ਕੁਮਾਰ ਵਿਸ਼ਵਕਰਮਾ ਨੇ ਦੱਸਿਆ, “ਇਸ ਕੇਸ ਵਿੱਚ ਅੱਗੇ ਇਹ ਹੈ ਕਿ ਬੱਚੀ ਦਾਖਲ ਹੈ, ਅਜੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਅਜੇ 161 ਵਿੱਚ ਕਾਰਵਾਈ ਹੋ ਚੁੱਕੀ ਹੈ। ਡੀਐੱਨਏ ਨਮੂਨੇ ਲਈ ਚਲਿਆ ਗਿਆ ਹੈ। 164 ਦੀ ਕਾਰਵਾਈ ਨਹੀਂ ਹੋਈ ਹੈ ਕਿਉਂਕਿ ਉਹ ਬੋਲਣ ਵਿੱਚ ਸਮਰੱਥ ਨਹੀਂ ਹੈ। ਬੋਲ ਤਾ ਰਹੀ ਹੈ ਪਰ ਸਾਫ਼ ਨਹੀਂ ਬੋਲਿਆ ਜਾ ਰਿਹਾ। ਛੇਤੀ ਤੋਂ ਛੇਤੀ ਸਾਡੀ ਜਾਂਚ ਪੂਰੀ ਕੀਤੀ ਜਾਵੇਗੀ। ਮੁਲਜ਼ਮ ਅਤੇ ਉਸ ਦਾ ਸਹਾਇਕ ਗ੍ਰਿਫ਼ਤਾਰ ਕਰ ਲਏ ਗਏ ਹਨ।”
ਖ਼ੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇ ਤੁਸੀਂ ਵੀ ਤਣਾਅ ਵਿੱਚੋਂ ਲੰਘ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨ ਸਾਥੀ ਹੈਲਪਲਾਈਨ ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਕੀ ਹੈ ਪੂਰਾ ਮਾਮਲਾ
ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਇਲਾਕੇ ਵਿੱਚ ਪੰਜ ਜੂਨ ਦੀ ਸ਼ਾਮ ਨੂੰ (ਕਈ ਲੋਕਾਂ ਦੇ ਬਿਆਨਾਂ ਦੇ ਅਧਾਰ ਉੱਤੇ) ਇੱਕ ਅਸ਼ਲੀਲ ਵੀਡੀਓ ਲੋਕਾਂ ਦੇ ਮੋਬਾਈਲ ਵਿੱਚ ਪਹੁੰਚਣਾ ਸ਼ੁਰੂ ਹੋਇਆ।
ਰਾਤ ਹੁੰਦੇ-ਹੁੰਦੇ ਨਾਬਾਲਗ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਦੇ ਮੋਬਾਈਲ ਫੋਨ ਵਿੱਚ ਵੀ ਪਹੁੰਚ ਗਿਆ।
ਛੇ ਜੂਨ ਨੂੰ ਵਿਦਿਆਰਥਣ ਦੀ ਮਾਂ ਨੇ ਕੋਖਰਾਜ ਥਾਣੇ ਵਿੱਚ ਸਕੂਲ ਦੇ ਪ੍ਰਿੰਸੀਪਲ ਦੇਵੇਂਦਰ ਕੁਮਾਰ ਮਿਸ਼ਰ ਦੇ ਨਾਮ ਸ਼ਿਕਾਇਤ ਦਰਜ ਕਰਵਾਈ।
ਅੱਠ ਜੂਨ ਦੀ ਸਵੇਰ ਵਾਇਰਲ ਵੀਡੀਓ ਤੋਂ ਸ਼ਰਮਿੰਦਗੀ ਝੱਲ ਰਹੀ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਨਿਰਾਸ਼ ਵਿਦਿਆਰਥਣ ਨੇ ਘਰੋਂ ਨਿਕਲ ਕੇ ਪਿੱਛੇ ਰੇਲਵੇ ਪਟੜੀ ਦੇ ਸਾਹਮਣੇ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।
ਪਰਿਵਾਰ ਵਾਲਿਆਂ ਨੇ ਮੌਕੇ ਉੱਤੇ ਪਹੁੰਚ ਕੇ ਉਸਦੀ ਜਾਨ ਬਚਾਈ ਅਤੇ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਘਟਨਾ ਇੱਕ ਮਹੀਨੇ ਤੋਂ ਪਿਹਲਾਂ ਦੀ ਹੈ। 29 ਅਪ੍ਰੈਲ ਪਰਿਵਾਰ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਸੋਗ ਵਿੱਚ ਸ਼ਾਮਲ ਹੋਣ ਗਿਆ ਸੀ।
ਘਰ ਵਿੱਚ ਵਿਦਿਆਰਥਣ ਇਕੱਲੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਨਾਬਾਲਗ ਵਿਦਿਆਰਥਣ ਨੂੰ ਇਕੱਲਾ ਦੇਖ ਕੇ ਦੇਵੇਂਦਰ ਕੁਮਾਰ ਮਿਸ਼ਰ ਨੇ ਘਰ ਵਿੱਚ ਵੜ ਕੇ ਉਸ ਨਾਲ ਗਲਤ ਹਰਕਤ ਕੀਤੀ।

ਇਸੇ ਦੌਰਾਨ ਰਾਜੂ ਸਿੰਘ ਨਾਮ ਦੇ ਇੱਕ ਹੋਰ ਨੌਜਵਾਨ ਨੇ ਘਰ ਵਿੱਚ ਦਾਖਲ ਹੋ ਕੇ ਵੀਡੀਓ ਬਣਾ ਲਿਆ, ਜਿਸ ਨੂੰ ਮਹੀਨੇ ਭਰ ਮਗਰੋਂ ਪੰਜ ਜੂਨ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ।
ਮੁੱਖ ਮੁਲਜ਼ਮ ਦੇਵੇਂਦਰ ਕੁਮਾਰ ਮਿਸ਼ਰ ਸਮੇਤ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਰਾਜੂ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਹਸਪਤਾਲ ਵਿੱਚ ਭੈਣ ਦਾ ਇਲਾਜ ਕਰਵਾ ਰਹੇ ਵਿਦਿਆਰਥਣ ਦੇ ਵੱਡੇ ਭਰਾ ਨੇ ਦੱਸਿਆ, “ਮੈਂ ਪਹਿਲੇ ਪੰਦਰਾਂ ਦਿਨ ਕਮਾਉਣ-ਖਾਣ ਲਈ ਪੁਣੇ ਗਿਆ ਸੀ। ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇਖ ਕੇ ਪਤਾ ਚੱਲ਼ਿਆ ਕਿ ਸਾਡੀ ਭੈਣ ਨਾਲ ਗਲਤ ਹੋਇਆ ਹੈ। ਮੈਂ ਘਰ ਵਿੱਚ ਮੰਮੀ ਨੂੰ ਫੋਨ ਕਰਕੇ ਪੁੱਛਿਆ ਪਰ ਉਨ੍ਹਾਂ ਨੂੰ ਵੀ ਕੁਝ ਨਹੀਂ ਪਤਾ ਸੀ।”
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ।
ਨਾਬਾਲਗ ਰੇਪ ਪੀੜਤਾ ਦੀ ਮਾਂ ਨੇ ਰੋਂਦੇ ਹੋਏ ਕਿਹਾ, “ ਉਹ ਵੱਡਾ ਵਿਅਕਤੀ ਹੈ, ਅਸੀਂ ਗਰੀਬ। ਸਾਡਾ ਕੌਣ ਸਾਥ ਦੇਵੇ? ਉਸਦੀ ਸਭ ਥਾਂ ਪਕੜ ਹੈ। ਪੈਸੇ ਵਾਲਾ ਹੈ। ਗਰੀਬ ਜਾਣ ਕੇ ਸਾਨੂੰ ਦਬਾ ਰਹੇ ਹਨ। ਸੋਚਿਆ ਹੋਵੇਗਾ ਜਾਨ ਵੀ ਚਲੀ ਗਈ ਤਾਂ ਕੀ ਕਰ ਲੈਣਗੇ?”
ਗਰੀਬ ਹੈ ਪੀੜਤ ਪਰਿਵਾਰ

ਤਸਵੀਰ ਸਰੋਤ, GAURAV GULMOHAR/BBC
ਇਹ ਪਰਿਵਾਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਬਣੇ ਘਰ ਵਿੱਚ ਰਹਿ ਰਿਹਾ ਹੈ। ਘਰ ਵਿੱਚ ਸਾਡੀ ਮੁਲਾਕਾਤ ਪੀੜਤਾ ਦੀ ਵੱਡੀ ਭੈਣ ਨਾਲ।
ਉਨ੍ਹਾਂ ਨੇ ਦੱਸਿਆ, “ਇਸ ਵਾਰ ਉਸਦਾ 11ਵੀਂ ਵਿੱਚ ਨਾਮ ਲਿਖਿਆ ਗਿਆ ਸੀ। ਉਹ ਘਰ ਤੋਂ ਇੰਟਰ ਕਾਲਜ ਵਿੱਚ ਪੜ੍ਹਦੀ ਹੈ। ਪੜ੍ਹਾਈ ਲਿਖਾਈ ਵਿੱਚ ਵਧੀਆ ਸੀ। ਘਰ ਦਾ ਸਾਰਾ ਕੰਮਕਾਜ ਕਰਦੀ ਸੀ। ਪਾਰਲਰ ਦਾ ਕੰਮ ਸਿੱਖਣ ਲਈ ਕਹਿ ਰਹੀ ਸੀ। ਮਾਂ-ਬਾਪ ਵੀ ਸਿਲਾਈ-ਕਢਾਈ ਸਿਖਾਉਣ ਦੀ ਸੋਚ ਰਹੇ ਸਨ ਪਰ ਇਹ ਘਟਨਾ ਵਾਪਰ ਗਈ।”
ਉਹ ਖ਼ੁਦ ਨੂੰ ਸੰਭਾਲਦੇ ਹੋਏ ਦੱਸਦੇ ਹਨ, “ਉਹ ਦੇਵੇਂਦਰ ਮਿਸ਼ਰ ਘਰੇ ਆਉਂਦਾ-ਜਾਂਦਾ। ਉਸਦੀ ਉਮਰ ਲਗਭਗ 50 ਸਾਲ ਹੈ। ਜਿਸ ਸਕੂਲ ਵਿੱਚ ਦੇਵੇਂਦਰ ਮਿਸ਼ਰ ਪ੍ਰਿੰਸੀਪਲ ਹੈ ਉਸ ਸਕੂਲ ਦੇ ਮਾਲਕ ਦਾ ਖੇਤ ਹਿੱਸੇ ਉੱਤੇ ਲਿਆ ਗਿਆ ਹੈ। ਇਸ ਲਈ ਉਸਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ ਪਰ ਇਸ ਤਰ੍ਹਾਂ ਕਰ ਦੇਵੇਗਾ ਕੋਈ ਨਹੀਂ ਜਾਣਦਾ ਸੀ।”
ਇਲਾਕੇ ਦੇ ਐੱਮਸੀ ਘਨਸ਼ਿਆਮ ਪਾਸੀ ਨੇ ਬੀਬੀਸੀ ਨੂੰ ਦੱਸਿਆ, “ਗਰੀਬ ਪਰਿਵਾਰ ਦੀ ਕੁੜੀ ਸੀ, ਇਸ ਲਈ ਉਸਦੀ ਸ਼ੋਸ਼ਣ ਹੋਇਆ। ਜਾਤੀ ਦੇਖ ਕੇ ਸ਼ੋਸ਼ਣ ਕੀਤਾ ਗਿਆ। ਇੱਕ ਅਧਿਆਪਕ ਅਤੇ ਗੁਰੂ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਸ ਲਈ ਕੁੜੀ ਨੇ ਦੁਖੀ ਹੋ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।”
ਕਨੈਕਸ਼ਨ ਦਾ ਡਰਾਵਾ?

ਤਸਵੀਰ ਸਰੋਤ, GAURAV GULMOHAR/BBC
ਸਥਾਨਕ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਖ਼ੁਦ ਨੂੰ ਆਰਐੱਸਐੱਸ ਦਾ ਅਹੁਦੇਦਾਰ ਦੱਸਦਾ ਸੀ। ਅਜਿਹੀਆਂ ਵੀ ਅਫ਼ਵਾਹਾਂ ਹਨ ਕਿ ਸਕੂਲ ਵੀ ਆਰਐੱਸਐੱਸ ਵੱਲੋਂ ਚਲਾਇਆ ਜਾਂਦਾ ਸੀ।
ਪਿੰਡ ਵਾਸੀਆਂ ਦੇ ਮੁਤਾਬਕ ਸਰਸਵਤੀ ਵਿਦਿਆ ਮੰਦਰ ਦਾ ਪ੍ਰਿੰਸੀਪਲ ਦੇਵੇਂਦਰ ਕੁਮਾਰ ਮਿਸ਼ਰ ਆਪਣੇ ਆਪ ਨੂੰ ਆਰਐੱਸਐੱਸ ਦਾ ਜ਼ਿਲ੍ਹਾ ਮੁਖੀ ਦੱਸਦਾ ਸੀ।
ਲੇਕਿਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਕਾਰਜਵਾਹਕ ਸ਼੍ਰੀਕ੍ਰਿਸ਼ਣ ਪਾਂਡੇਯ ਨੇ ਸੰਬੰਧਿਕ ਸਕੂਲ ਅਤੇ ਉਸਦੇ ਪ੍ਰਿੰਸੀਪਲ ਮੁੱਖ ਮੁਲਜ਼ਮ ਦੇਵੇਂਦਰ ਕੁਮਾਰ ਮਿਸ਼ਰ ਨਾਲ ਸੰਘ ਦੇ ਕਿਸੇ ਵੀ ਕਿਸਮ ਦੇ ਸੰਬੰਧ ਤੋਂ ਸਾਫ਼ ਇਨਕਾਰ ਕਰਦੇ ਹਨ।
ਉਨ੍ਹਾਂ ਨੇ ਦੱਸਿਆ, “ਇਹ ਸਕੂਲ ਆਰਐੱਸਐੱਸ ਵੱਲੋਂ ਨਹੀਂ ਸਗੋਂ ਜਨ ਸਿੱਖਿਆ ਸਮਿਤੀ ਵੱਲੋਂ ਚਲਾਇਆ ਜਾ ਰਿਹਾ ਹੈ। ਦੇਵੇਂਦਰ ਕੁਮਾਰ ਮਿਸ਼ਰ ਆਰਐੱਸਐੱਸ ਨਾਲ ਬਿਲਕੁਲ ਨਹੀਂ ਜੁੜਿਆ ਹੋਇਆ ਹੈ। ਕਦੇ ਵੀ ਸ਼ਾਖਾ ਨਹੀਂ ਗਿਆ। ਇਹ ਫਰਾਡੀਆ ਆਦਮੀ ਹੈ। ਉਹ ਆਪਣੇ-ਆਪ ਨੂੰ ਜ਼ਿਲ੍ਹਾ ਸੰਘ ਮੁਖੀ ਦੱਸਦਾ ਸੀ ਪਰ ਨਾ ਕੋਈ ਅਹੁਦੇਦਾਰ ਹੈ ਅਤੇ ਨਾ ਹੀ ਸਵੈਮ-ਸੇਵਕ ਹੈ।”
ਮੁਲਜ਼ਮ ਉੱਤੇ ਪੀੜਤ ਪਰਿਵਾਰ ਨੂੰ ਧਮਕਾਉਣ ਦਾ ਇਲਜ਼ਾਮ
ਮੁਲਜ਼ਮ ਪ੍ਰਿੰਸੀਪਲ ਦੇਵੇਂਦਰ ਕੁਮਾਰ ਮਿਸ਼ਰ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਨੂੰ ਧਮਕਾਉਣ ਦਾ ਇਲਜ਼ਾਮ ਹੈ।
ਪੀੜਤਾ ਦੀ ਮਾਂ ਨੇ ਦੱਸਿਆ, “ਅਸੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਮਿਲੇ, ਉਹ ਬੋਲਿਆ ਕੁਝ ਫਾਇਦਾ ਲੈ ਕੇ ਮਸਲਾ ਦੱਬ ਦਿਓ। ਅਸੀਂ ਕਿਹਾ ਕਿ ਧੌਣ ਵੱਢੀ ਜਾਵੇ ਪਰ ਅਸੀਂ ਮਸਲਾ ਨਹੀਂ ਦੱਬਾਂਗੇ। ਅਸੀਂ ਗਰੀਬ ਹਾਂ ਤਾਂ ਕੀ ਸਾਡੀ ਇੱਜ਼ਤ ਨਹੀਂ ਹੈ?”
ਪੀੜਤਾ ਦੇ ਚਚੇਰੇ ਭਰਾ ਨੂੰ ਵੀ ਮੁਲਜ਼ਮ ਨੇ ਧਮਕੀ ਭਰੇ ਫੋਨ ਕੀਤੇ ਸਨ।
ਉਹ ਦੱਸਦੇ ਹਨ, “ਦੇਵੇਂਦਰ ਮਿਸ਼ਰ ਨੇ ਫੋਨ ਕਰਕੇ ਕਿਹਾ ਕਿ ਸੀਓ ਤੋਂ ਕੁਟਵਾਊਂਗਾ ਤਾਂ ਦਿਮਾਗ ਟਿਕਾਣੇ ਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਮਾਮਲੇ ਵਿੱਚ ਉੱਚਿਤ ਕਾਰਵਾਈ ਹੋਵੇ।”

ਤਸਵੀਰ ਸਰੋਤ, GAURAV GULMOHAR/BBC
ਪੀੜਤਾ ਦੇ ਵੱਡੇ ਭਰਾ ਨੇ ਆਪਣਾ ਫੋਨ ਦਿਖਿਆ। ਉਸ ਵਿੱਚ ਬੁੱਧਵਾਰ ਜਾਣੀ ਪੰਜ ਜੂਨ ਨੂੰ ਦੇਵੇਂਦਰ ਕੁਮਾਰ ਮਿਸ਼ਰ ਦੇ ਨੰਬਰ ਤੋਂ ਵੱਖ-ਵੱਖ ਸਮੇਂ ਤਿੰਨ ਵਾਰ ਕਾਲ ਆਈ ਹੈ।
ਉਹ ਦੱਸਦੇ ਹਨ, “ਮੈਂ ਪੁਣੇ ਵਿੱਚ ਸੀ। ਮੈਨੂੰ ਫੋਨ ਕਰਕੇ ਦੇਵੇਂਦਰ ਕੁਮਾਰ ਮਿਸ਼ਰ ਨੇ ਧਮਕਾਇਆ। ਕਹਿੰਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੈਂ ਆਰਐੱਸਐੱਸ ਦਾ ਆਗੂ ਹਾਂ।”
ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਇਸ ਤੋਂ ਪਹਿਲਾਂ ਵੀ ਦੇਵੇਂਦਰ ਕੁਮਾਰ ਦਾ ਨਾਮ ਛੇੜ-ਛਾੜ ਦੇ ਮਾਮਲੇ ਵਿੱਚ ਆ ਚੁੱਕਿਆ ਹੈ। ਲੇਕਿਨ ਕੋਈ ਵੀ ਮਾਮਲਾ ਪੁਲਿਸ ਸ਼ਿਕਾਇਤ ਤੱਕ ਨਹੀਂ ਪਹੁੰਚਿਆ।
ਦੇਵੇਂਦਰ ਮਿਸ਼ਰ ਦਾ ਆਪਣਾ ਪਰਿਵਾਰ ਹੈ। ਸਕੂਲ ਦੇ ਕੋਲ ਹੀ ਆਪਣੀ ਪਤਨੀ ਅਤੇ 15 ਸਾਲ ਦੇ ਪੁੱਤਰ ਨਾਲ ਰਹਿੰਦੇ ਸਨ।
ਲੇਕਿਨ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਹੀ ਘਰ ਦੇ ਬਾਹਰ ਜਿੰਦਾ ਲੱਗਿਆ ਹੋਇਆ ਹੈ। ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦਾ ਪਤਾ ਨਹੀਂ ਲੱਗ ਸਕਿਆ ਹੈ।
ਸਮਾਜਵਾਦੀ ਪਾਰਟੀ ਦੇ ਕੌਸ਼ਾਂਬੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਇੰਦਰਜੀਤ ਸਰੋਜ ਨੇ ਹਸਪਤਾਲ ਵਿੱਚ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ, “ਉਹ ਦਬੰਗ ਵਿਅਕਤੀ ਹੈ ਅਤੇ ਪੇਸ਼ੇਵਰ ਅਪਰਾਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਵਾਰਦਾਤ ਉਹ ਕਈ ਵਾਰ ਕਰ ਚੁੱਕਿਆ ਹੈ। ਇਸ ਲਈ ਪੁਲਿਸ ਇਸ ਕੇਸ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ।”
ਇਸ ਪੂਰੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਦੀ ਭੂਮਿਕਾ ਉੱਤੇ ਵੀ ਸਵਾਲ ਉੱਠ ਰਹੇ ਹਨ। ਕਿਉਂਕਿ ਗ੍ਰਿਫ਼ਤਾਰੀ ਤੋਂ ਬਾਅਦ ਵੀ ਮੁੱਖ ਮੁਲਜ਼ਮ ਦੀਆਂ ਪੁਲਿਸ ਹਿਰਾਸਤ ਵਿੱਚ ਮੁਸਕਰਾਉਂਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਦਿਖ ਰਹੀਆਂ ਹਨ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਦਾ ਦਾਅਵਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਗਈ ਹੈ।
ਮਾਮਲੇ ਵਿੱਚ ਮੁੱਖ ਮੁਲਜ਼ਮ ਦੀਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਵੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਨਜ਼ਰ ਆ ਰਹੀਆਂ ਹਨ।
ਲੇਕਿਨ ਭਾਜਪਾ ਦੇ ਕੌਸ਼ਾਂਬੀ ਦੇ ਜ਼ਿਲ੍ਹਾ ਪ੍ਰਧਾਨ ਧਰਮਰਾਜ ਮੌਰਿਅ, ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਦੇਵੇਂਦਰ ਕੁਮਾਰ ਮਿਸ਼ਰ ਦੇ ਭਾਜਪਾ ਨਾ ਕਿਸੇ ਵੀ ਕਿਸਮ ਦੇ ਸੰਬੰਧ ਤੋਂ ਇਨਕਾਰ ਕਰਦੇ ਹਨ।
ਧਰਮਰਾਜ ਮੌਰਿਅ ਨੇ ਕਿਹਾ, “ਇਸਦਾ ਭਾਜਪਾ ਨਾਲ ਕੋਈ ਸੰਬੰਧ ਨਹੀਂ ਹੈ, ਉਹ ਸ਼ਿਸ਼ੂ ਮੰਦਿਰ ਦਾ ਅਧਿਆਪਕ ਹੈ। ਅੱਜ ਕੱਲ੍ਹ ਕੋਈ ਵੀ ਫੋਟੋ ਖਿਚਾਵਾ ਲੈਂਦਾ ਹੈ। ਫੋਟੋ ਖਿਚਵਾਉਣ ਦਾ ਜ਼ਮਾਨਾ ਹੈ, ਲੋਕ ਪਹੁੰਚਦੇ ਹਨ ਫ਼ੋਟੋ ਖਿਚਵਾ ਕੇ ਚਲੇ ਜਾਂਦੇ ਹਨ। ਕਿਸੇ ਦੇ ਨਾਲ ਕੋਈ ਖੜ੍ਹਾ ਹੁੰਦਾ ਹੈ ਤਾਂ ਭੱਜ ਤਾਂ ਸਕਦੇ ਨਹੀਂ। ਕਿਸੇ ਦੇ ਮੱਥੇ ਉੱਤੇ ਥੋੜ੍ਹੀ ਲਿਖਿਆ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਵਿਅਕਤੀ ਹੈ।”
ਉੱਤਰ ਪ੍ਰਦੇਸ਼ ਵਿੱਚ ਜੁਰਮ ਦੇ ਅੰਕੜੇ

ਤਸਵੀਰ ਸਰੋਤ, GAURAV GULMOHAR/BBC
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਮੁਤਾਬਕ ਦਲਿਤਾਂ ਦੇ ਖਿਲਾਫ਼ ਅਪਰਾਧ ਦੇ ਮਾਮਲੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ਉੱਤੇ ਹੈ।
ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਖਿਲਾਫ਼ ਅਪਰਾਧਾਂ ਦੀ ਸੰਖਿਆ ਸਾਲ ਦਰ ਸਾਲ ਵਧੀ ਹੀ ਹੈ।
ਸਾਲ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਦੇ ਖਿਲਾਫ਼ ਅਪਰਾਧ ਦੇ 15,368 ਮਾਮਲੇ ਦਰਜ ਕੀਤੇ ਗਏ ਸਨ। 2021 ਵਿੱਚ ਇਹ ਸੰਖਿਆ 13,146 ਅਤੇ ਸਾਲ 2020 ਵਿੱਚ ਇਹ ਸੰਖਿਆ 12,714 ਸੀ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਮੁਤਾਬਕ ਔਰਤਾਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿੱਚ ਵੀ ਉੱਤਰ ਪ੍ਰਦੇਸ਼ ਮੋਹਰੀ ਸੂਬਾ ਹੈ।
ਉੱਤਰ ਪ੍ਰਦੇਸ਼ ਵਿੱਚ ਔਰਤਾਂ ਖਿਲਾਫ਼ ਅਪਰਾਧਾਂ ਦੀ ਸੰਖਿਆ ਹਰ ਸਾਲ ਵਧੀ ਹੈ।
ਸਾਲ 2022 ਵਿੱਚ ਸੂਬੇ ਅੰਦਰ ਔਰਤਾਂ ਖਿਲਾਫ਼ ਅਪਰਾਧ ਦੇ 65,743 ਮਾਮਲੇ ਦਰਜ ਕੀਤੇ ਗਏ ਸਨ। ਸਾਲ 2021 ਵਿੱਚ ਇਹ ਸੰਖਿਆ 56,083 ਅਤੇ ਸਾਲ 2020 ਵਿੱਚ 49,385 ਸੀ।
ਮਹੱਤਵਪੂਰਨ ਜਾਣਕਾਰੀ
ਮਾਨਸਿਕ ਸਮੱਸਿਆਵਾਂ ਦਾ ਇਲਾਜ ਦਵਾਈ ਅਤੇ ਇਲਾਜ ਨਾਲ ਸੰਭਵ ਹੈ। ਇਸ ਲਈ ਤੁਹਾਨੂੰ ਮਨੋਚਕਿਸਤਕ ਦੀ ਮਦਦ ਲੈਣੀ ਚਾਹੀਦੀ ਹੈ। ਤੁਸੀਂ ਹੇਠ ਲਿਖੇ ਹੈਲਪ ਲਾਈਨ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ—
- ਸਮਾਜਿਕ ਨਿਆਂ ਅਤੇ ਸਸ਼ਕਤੀਕਰ ਮੰਤਰਾਲਾ ਦੀ ਹੈਲਪਲਾਈਨ (1800-599-0019) 13 ਭਾਸ਼ਾਵਾਂ ਵਿੱਚ ਉਪਲਭਧ ਹੈ।
- ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼—
- 9868396824, 9868396841, 011-22574820
- ਹਿਤਗੁਤ ਹੈਲਪਲਾਈਨ, ਮੁੰਬਈ— 022- 24131212
- ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ— 080 - 26995000








