ਲੋਕ ਸਭਾ ਚੋਣਾਂ: ਨੌਜਵਾਨਾਂ ਨੇ ਕਿਹੜੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਔਰਤਾਂ ਦੀ ਪਸੰਦ ਕਿਹੜੀ ਪਾਰਟੀ ਰਹੀ, ਸੀਐੱਸਡੀਐੱਸ ਦੇ ਅੰਕੜਿਆਂ ਤੋਂ ਸਮਝੋ

ਤਸਵੀਰ ਸਰੋਤ, Getty Images
- ਲੇਖਕ, ਸੰਜੇ ਕੁਮਾਰ
- ਰੋਲ, ਸੀਐੱਸਡੀਐੱਸ
ਭਾਰਤ ਵਰਗੇ ਵਿਸ਼ਾਲ ਤੇ ਵਿਭਿੰਨਤਾ ਨਾਲ ਭਰੇ ਦੇਸ਼ ਦੇ ਵੋਟਰਾਂ ਖ਼ਾਸਕਰ ਨੌਜਵਾਨਾਂ, ਜੋ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ, ਦੀ ਪਸੰਦ ਅਜਿਹੀ ਹੈ ਜਿਸ ਨੂੰ ਬਹੁਤ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ।
ਸਖ਼ਤ ਮੁਕਾਬਲੇ ਵਾਲੀ ਲੜਾਈ ਵਿੱਚ ਉਨ੍ਹਾਂ ਦੇ ਵੋਟ ਫ਼ੈਸਲਾਕੁੰਨ ਹੋ ਸਕਦੇ ਹਨ, ਜਿਸ ਕਰਕੇ ਉਹ ਸਿਆਸੀ ਪਾਰਟੀਆਂ ਦਾ ਮੁੱਖ ਨਿਸ਼ਾਨਾ ਬਣ ਜਾਂਦੇ ਹਨ।
ਸਮਝਦੇ ਹਾਂ ਇਸ ਵਾਰ ਨੌਜਵਾਨਾਂ ਦੇ ਵੋਟਾਂ ਕਿਸ ਸੋਚ-ਸਮਝ ਨਾਲ ਪਾਈਆਂ?

ਇਸ ਵਾਰ ਦੀ ਕਹਾਣੀ
ਸਾਲ 2019 ਵਿੱਚ 20 ਫ਼ੀਸਦੀ ਨੌਜਵਾਨ ਵੋਟਰਾਂ ਨੇ ਕਾਂਗਰਸ ਦਾ ਸਮਰਥਨ ਕੀਤਾ ਸੀ।
ਇਹ ਅੰਕੜਾ 2024 ਵਿੱਚ ਸਿਰਫ਼ ਇੱਕ ਫ਼ੀਸਦੀ ਵਧਿਆ ਹੈ।
ਇਹ ਅੰਕੜਾ ਕਾਂਗਰਸ ਲਈ ਨੌਜਵਾਨਾਂ ਦੀ ਕਿਸੇ ਵੱਡੀ ਲਾਮਬੰਦੀ ਵੱਲ ਇਸ਼ਾਰਾ ਨਹੀਂ ਕਰਦਾ। ਦੂਜੇ ਪਾਸੇ ਭਾਜਪਾ ਨੂੰ ਨੌਜਵਾਨਾਂ ਦਾ ਮਿਲਿਆ ਸਮਰਥਨ ਕਿਤੇ ਜ਼ਿਆਦਾ ਹੈ।
ਉਨ੍ਹਾਂ ਨੂੰ 40 ਫ਼ੀਸਦੀ ਨੌਜਵਾਨ ਵੋਟਰਾਂ ਦਾ ਸਮਰਥਨ ਮਿਲਿਆ, ਜੋ ਕਿ ਇੱਕ ਵੱਖਰਾ ਪੈਟਰਨ ਹੈ। ਇਹ ਉਨ੍ਹਾਂ ਨੂੰ ਵੱਡੀ ਉਮਰ ਦੇ ਵੋਟਰਾਂ ਨਾਲੋਂ ਵੱਖਰਾ ਕਰਦਾ ਹੈ।
2024 ਵਿੱਚ ਭਾਜਪਾ ਦੇ ਨੌਜਵਾਨ ਸਮਰਥਕਾਂ ਵਿੱਚ ਬਹੁਤ ਮਾਮੂਲੀ ਗਿਰਾਵਟ ਆਈ ਸੀ।
25 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਸਿਰਫ਼ ਇੱਕ ਫ਼ੀਸਦੀ ਵੋਟਾਂ ਦਾ ਨੁਕਸਾਨ ਹੋਇਆ ਹੈ ਅਤੇ 26 ਤੋਂ 35 ਸਾਲ ਦੀ ਉਮਰ ਦੇ ਵੋਟਰਾਂ ਵਿੱਚ ਦੋ ਫ਼ੀਸਦੀ ਵੋਟ ਦਾ ਨੁਕਸਾਨ ਹੋਇਆ ਹੈ।
ਇਹ ਵਰਤਾਰਾ ਸਵਾਲ ਖੜਾ ਕਰਦਾ ਹੈ ਕਿ ਕਾਂਗਰਸ ਭਾਜਪਾ ਨੂੰ ਚੁਣੌਤੀ ਕਿਵੇਂ ਦੇ ਸਕੀ ਅਤੇ ਨੌਜਵਾਨਾਂ ਨੇ ਇਸ ਵਿੱਚ ਕੀ ਭੂਮਿਕਾ ਨਿਭਾਈ?
2024 ਦੀਆਂ ਲੋਕ ਸਭਾ ਚੋਣਾਂ ਵਿੱਚ, 21 ਫ਼ੀਸਦੀ ਨੌਜਵਾਨ ਵੋਟਰਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ, ਜਦੋਂ ਕਿ 39 ਫ਼ੀਸਦੀ ਨੇ ਭਾਜਪਾ ਨੂੰ ਅਤੇ ਤਕਰੀਬਨ 7 ਫ਼ੀਸਦੀ ਨੇ ਭਾਜਪਾ ਦੇ ਸਹਿਯੋਗੀਆਂ ਨੂੰ ਸਮਰਥਨ ਦਿੱਤਾ।
ਐਨਡੀਏ ਨੂੰ ਨੌਜਵਾਨਾਂ ਦਾ ਕੁੱਲ 46 ਫੀਸਦੀ ਵੋਟ ਸ਼ੇਅਰ ਮਿਲਿਆ ਹੈ।
ਹਾਲਾਂਕਿ, ਇੰਡੀਆ ਗਠਜੋੜ ਨੂੰ ਫ਼ਾਇਦਾ ਇਹ ਹੋਇਆ ਕਿ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ 12 ਫ਼ੀਸਦੀ ਨੌਜਵਾਨਾਂ ਦੀਆਂ ਵੋਟਾਂ ਮਿਲੀਆਂ ਹਨ ਜੋ ਕਿ ਭਾਜਪਾ ਸਹਿਯੋਗੀਆਂ (7%) ਤੋਂ ਵੱਧ ਸੀ।
ਇਸ ਨਾਲ-ਨਾਲ ਐੱਨਡੀਏ ਅਤੇ ਇੰਡੀਆ ਗਠਜੋੜ ਵਿਚਕਾਰ ਵੋਟ ਸ਼ੇਅਰ ਵਿੱਚ ਫ਼ਰਕ ਨੂੰ ਘੱਟ ਕਰਨ ਵਿੱਚ ਮਦਦ ਮਿਲੀ।
ਸੰਖੇਪ ਵਿੱਚ, ਭਾਜਪਾ ਬਿਨਾਂ ਕਿਸੇ ਨੁਕਸਾਨ ਦੇ ਪਾਰਟੀ ਲਈ ਨੌਜਵਾਨਾਂ ਦਾ ਸਮਰਥਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ ਹੈ।
ਜਦੋਂ ਕਿ ਕਾਂਗਰਸ ਅਤੇ ਇਸ ਦੇ ਸਹਿਯੋਗੀ ਦਲਾਂ ਨੇ ਨੌਜਵਾਨ ਵੋਟਰਾਂ ਵਿੱਚ ਕਾਫ਼ੀ ਲੀਡ ਹਾਸਲ ਕੀਤੀ।
ਅਤੇ ਸਭ ਤੋਂ ਮਹੱਤਵਪੂਰਨ, ਹਾਲਾਂਕਿ ਕਾਂਗਰਸ ਅਲੱਗ-ਅਲੱਗ ਉਮਰ ਦੇ ਵੋਟਰ ਗਰੁੱਪਾਂ ਦਰਮਿਆਨ ਕਾਂਗਰਸ ਤੇ ਭਾਜਪਾ ਦੇ ਮਾਮਲੇ ਵਿੱਚ ਇਸ ਦੇ ਸਹਿਯੋਗੀਆਂ ਦਾ ਵੋਟ ਸ਼ੇਅਰ ਬਰਾਬਰ ਰਿਹਾ, ਪਰ ਜਿਵੇਂ-ਜਿਵੇਂ ਵੱਡੀ ਉਮਰ ਦੇ ਵੋਟਰਾਂ ਦੀ ਗੱਲ ਹੁੰਦੀ ਹੈ ਉਨ੍ਹਾਂ ਦਾ ਸਮਰਥਨ ਘਟਦਾ ਗਿਆ।
ਇਸ ਦਾ ਮਤਲਬ ਹੈ ਕਿ ਬਜ਼ੁਰਗ ਵੋਟਰਾਂ ਦੀ ਬਜਾਇ ਨੌਜਵਾਨ ਵੋਟਰਾਂ ਦੀ ਭਾਜਪਾ ਪ੍ਰਤੀ ਖਿੱਚ ਬਰਕਰਾਰ ਰਹੀ।

ਤਸਵੀਰ ਸਰੋਤ, Getty Images
2024 ਵਿੱਚ ਔਰਤ ਵੋਟਰਾਂ ਦੀ ਪਸੰਦ ਕੀ ਰਹੀ
ਅਜਿਹਾ ਲੱਗਦਾ ਹੈ ਕਿ ਭਾਰਤੀ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਅਹਿਮੀਅਤ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।
ਇਹ ਸੱਚ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਸਿਆਸਤ ਵਿੱਚ ਔਰਤਾਂ ਨੂੰ ਚਰਚਾ ਵਿੱਚ ਵਧੇਰੇ ਕੇਂਦਰੀ ਜਗ੍ਹਾ ਮਿਲ ਰਹੀ ਹੈ।
ਪਰ ਦੂਜੇ ਪਾਸੇ, ਇਸ ਗੱਲ ਦਾ ਸਮਰਥਨ ਕਰਨ ਲਈ ਕੋਈ ਤੱਥ ਨਹੀਂ ਹੈ ਕਿ ਪਾਰਟੀ 2019 ਵਿੱਚ ਵੱਡੀ ਜਿੱਤ ਅਤੇ 2024 ਵਿੱਚ ਵਧੀਆ ਪ੍ਰਦਰਸ਼ਨ ਦੇ ਬਾਵਜੂਦ, ਭਾਜਪਾ ਦੇ ਪੱਖ ਵਿੱਚ ਔਰਤਾਂ ਦੀਆਂ ਵੋਟਾਂ ਵਿੱਚ ਕੋਈ ਨਿਰਣਾਇਕ ਬਦਲਾਅ ਆਇਆ ਹੈ।
ਯਕੀਨਨ, ਔਰਤਾਂ ਪਹਿਲਾਂ ਦੇ ਮੁਕਾਬਲੇ ਹੁਣ ਵੱਡੀ ਗਿਣਤੀ ਔਰਤਾਂ ਵੋਟ ਵੋਟ ਪਾਉਣ ਲਈ ਬਾਹਰ ਆ ਰਹੀਆਂ ਹਨ।
ਔਰਤਾਂ ਦੀ ਵੋਟਿੰਗ 'ਤੇ ਸ਼ੁਰੂਆਤੀ ਅੰਕੜੇ (ਵੋਟਿੰਗ ਦੇ 7ਵੇਂ ਪੜਾਅ ਨੂੰ ਛੱਡ ਕੇ) ਦਰਸਾਉਂਦੇ ਹਨ ਕਿ ਔਰਤਾਂ ਅਤੇ ਮਰਦਾਂ ਨੇ 2019 ਦੇ ਬਰਾਬਰ ਅਨੁਪਾਤ ਵਿੱਚ ਵੋਟਾਂ ਪਾਈਆਂ।
ਪਾਠਕਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦੀ ਵੋਟਿੰਗ ਮਰਦਾਂ ਦੇ ਮੁਕਾਬਲੇ ਸਿਰਫ਼ 0.6 ਫ਼ੀਸਦੀ ਘੱਟ ਸੀ। ਇਹ ਫ਼ਰਕ 1990 ਦੇ ਦਹਾਕੇ ਵਿੱਚ 10% ਤੋਂ ਵੱਧ ਹੁੰਦਾ ਸੀ।
ਪਰ ਤੱਥ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਕਿ ਰਾਸ਼ਟਰੀ ਪੱਧਰ 'ਤੇ ਭਾਜਪਾ ਦੇ ਹੱਕ ਵਿਚ ਔਰਤਾਂ ਦੀਆਂ ਵੋਟਾਂ ਵਿੱਚ ਫੈਸਲਾਕੁੰਨ ਤਬਦੀਲੀ ਆਈ ਹੈ।
ਇਸ ਵਿਸ਼ੇ 'ਤੇ ਆਮ ਵਿਚਾਰ ਦੇ ਉਲਟ, ਲੋਕਨੀਤੀ-ਸੀਐੱਸਡੀਐਸ ਪੋਸਟ-ਚੋਣ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਜਪਾ ਨੂੰ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਸਮਰਥਨ ਘੱਟ ਮਿਲਦਾ ਹੈ। ਇਹ ਸਿਰਫ 2024 ਦੀਆਂ ਲੋਕ ਸਭਾ ਚੋਣਾਂ ਲਈ ਹੀ ਸੱਚ ਨਹੀਂ ਹੈ।

ਤਸਵੀਰ ਸਰੋਤ, Getty Images
ਅਸਲ ਵਿੱਚ ਇਹ ਗੱਲ 2019 ਅਤੇ 2014 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਲਈ ਵੀ ਸੱਚ ਹੈ।
ਅੰਕੜੇ ਦੱਸਦੇ ਹਨ ਕਿ ਹਾਲ ਹੀ ਵਿੱਚ ਮੁਕੰਮਲ ਹੋਈਆਂ ਚੋਣਾਂ ਵਿੱਚ, 37 ਫ਼ੀਸਦੀ ਪੁਰਸ਼ਾਂ ਅਤੇ 36 ਫ਼ੀਸਦੀ ਔਰਤਾਂ ਨੇ ਭਾਜਪਾ ਨੂੰ ਵੋਟ ਦਿੱਤੀ, ਜਿਸਦਾ ਮਤਲਬ ਹੈ ਕਿ ਪਾਰਟੀ ਨੂੰ ਪ੍ਰਾਪਤ ਵੋਟਾਂ ਵਿੱਚ ਸਿਰਫ਼ ਇੱਕ ਪ੍ਰਤੀਸ਼ਤ ਦਾ ਜੈਂਡਰ ਗੈਪ ਹੈ।
ਦੂਜੇ ਪਾਸੇ, ਕਾਂਗਰਸ ਨੂੰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਲਗਾਤਾਰ ਵੱਧ ਸਮਰਥਨ ਹਾਸਲ ਹੋਇਆ ਹੈ।
ਐੱਨਈਐੱਸ ਅੰਕੜਿਆਂ 'ਤੇ ਆਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 1990 ਦੇ ਦਹਾਕੇ ਤੋਂ ਕਾਂਗਰਸ ਦੇ ਹੱਕ ਵਿੱਚ ਜੈਂਡਰ ਗੈਪ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ।
ਹਾਲਾਂਕਿ 2024 ਵਿੱਚ ਕਾਂਗਰਸ ਨੂੰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦਾ ਜ਼ਿਆਦਾ ਸਮਰਥਨ ਮਿਲਿਆ ਹੈ।
ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਵੱਡੀ ਜਿੱਤ ਦੀ ਕਹਾਣੀ ਇਸ ਦੀਆਂ ਲੋਕ ਭਲਾਈ ਸਕੀਮਾਂ 'ਤੇ ਆਧਾਰਿਤ ਸੀ। ਔਰਤ ਵੋਟਰਾਂ ਦਾ ਧਿਆਨ ਖ਼ਾਸ ਕਰਕੇ ਉਜਵਲਾ ਸਕੀਮ ਨਾਲ ਜੋੜਿਆ ਗਿਆ ਸੀ।
ਪਰ ਲੋਕਨੀਤੀ-ਸੀਐੱਸਡੀਐੱਸ ਦੇ ਚੋਣ ਤੋਂ ਬਾਅਦ ਦੇ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ 2019 ਵਿੱਚ ਵੀ, ਭਾਜਪਾ ਆਮ ਤੌਰ 'ਤੇ ਔਰਤਾਂ ਲਈ ਸਭ ਤੋਂ ਘੱਟ ਤਰਜ਼ੀਹੀ ਪਾਰਟੀ ਰਹੀ ਸੀ।
ਅਜਿਹਾ ਲੱਗਦਾ ਹੈ ਕਿ ਇਹ ਵਰਤਾਰਾ 2024 ਵਿੱਚ ਵੀ ਜਾਰੀ ਰਹੇਗਾ।
ਔਰਤਾਂ ਵਿੱਚ ਭਾਜਪਾ ਦੇ ਲਗਾਤਾਰ ਪਛੜਨ ਨੂੰ ਦੋ ਪੱਧਰਾਂ 'ਤੇ ਸਮਝਾਇਆ ਜਾ ਸਕਦਾ ਹੈ।
ਪਹਿਲਾਂ, 2014 ਤੱਕ ਪਾਰਟੀ ਦੀ ਕੁੱਲ ਵੋਟ ਹਿੱਸੇਦਾਰੀ ਸੀਮਤ ਸੀ ਅਤੇ ਭਾਵੇਂ ਅਸੀਂ ਉਨ੍ਹਾਂ ਦੀ ਕੁੱਲ ਗਿਣਤੀ ਨੂੰ ਜੋੜ ਦੇਈਏ ਤਾਂ ਵੀ, ਦਰਅਸਲ ਵੱਡੀ ਗਿਣਤੀ ਔਰਤਾਂ ਨੇ ਪਾਰਟੀ ਨੂੰ ਵੋਟ ਨਹੀਂ ਪਾਈ।
ਦੂਸਰਾ- ਲੰਬੇ ਸਮੇਂ ਤੋਂ, ਭਾਜਪਾ ਨੂੰ ਭਾਰਤੀ ਸਮਾਜ ਦੇ ਸਮਾਜਿਕ ਤੌਰ 'ਤੇ ਉੱਚ ਵਰਗ ਦੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਲਈ ਇਸਦਾ ਸਮਾਜਿਕ ਅਧਾਰ ਅਸਮਾਨ ਸੀ।
ਇਹ ਦੋ ਕਾਰਕ ਇਕੱਠੇ ਪਾਰਟੀ ਦੇ ਅੱਜ ਤੱਕ ਦੇ ਜੈਂਡਰ ਗੈਪ ਲਈ ਇੱਕ ਸੰਭਾਵੀ ਸਪੱਸ਼ਟੀਕਰਨ ਦੇ ਸਕਦੇ ਹਨ।

ਇਹ ਅਸਮਾਨਤਾ 2024 ਵਿੱਚ ਵੀ ਦਿਖਾਈ ਦੇ ਰਹੀ ਹੈ।
ਵੱਖ-ਵੱਖ ਸਮਾਜਿਕ ਸਮੂਹਾਂ ਵਿੱਚ ਔਰਤਾਂ ਦੀ ਵੋਟਿੰਗ ਤਰਜ਼ੀਹ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਥੋੜ੍ਹੀ-ਬਹੁਤ ਹਮਾਇਤੀ ਵਧੇਰੇ ਪੜ੍ਹੀਆਂ-ਲਿਖੀਆਂ ਔਰਤਾਂ ਨੇ ਤਾਂ ਜ਼ਰੂਰ ਕੀਤੀ ਹੈ। ਪਰ ਪੇਂਡੂ ਅਤੇ ਸ਼ਹਿਰੀ ਵਿੱਚ ਅਜਿਹਾ ਨਜ਼ਰ ਨਹੀਂ ਆਉਂਦਾ।
ਦੂਜੇ ਸ਼ਬਦਾਂ ਵਿੱਚ, 2024 ਵਿੱਚ ਔਰਤਾਂ ਦੀਆਂ ਵੋਟਾਂ ਦੇ ਅੰਕੜੇ ਮਹਿਲਾ ਵੋਟਰਾਂ ਵਿੱਚ ਭਾਜਪਾ ਦੇ ਘੱਟ ਪ੍ਰਭਾਵ ਦੇ ਪੁਰਾਣੇ ਰੁਝਾਨ ਦੀ ਪੁਸ਼ਟੀ ਕਰਦੇ ਹਨ।
ਹਾਲਾਂਕਿ, ਪਾਰਟੀ ਨੇ ਵੱਖ-ਵੱਖ ਸਮਾਜਿਕ ਭਾਈਚਾਰਿਆਂ, ਜਿਵੇਂ ਕਿ ਦਲਿਤ, ਆਦਿਵਾਸੀਆਂ, ਪੇਂਡੂ ਵੋਟਰਾਂ ਵਿੱਚ ਆਪਣਾ ਆਧਾਰ ਵਧਾਇਆ ਹੈ।
(ਲੋਕਨੀਤੀ-ਸੀਐੱਸਡੀਐੱਸ ਵੱਲੋਂ 191 ਸੰਸਦੀ ਹਲਕਿਆਂ ਵਿੱਚ 776 ਥਾਵਾਂ 'ਤੇ ਵੋਟਾਂ ਤੋਂ ਬਾਅਦ ਦਾ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਦਾ ਨਮੂਨਾ ਕੌਮਾਂਤਰੀ ਪੱਧਰ 'ਤੇ ਭਾਰਤੀ ਵੋਟਰਾਂ ਦੇ ਸਮਾਜਿਕ ਪ੍ਰੋਫ਼ਾਈਲ ਦਾ ਪ੍ਰਤੀਨਿਧ ਹੈ। ਸਾਰੇ ਸਰਵੇਖਣ ਜ਼ਿਆਦਾਤਰ ਵੋਟਰਾਂ ਦੇ ਘਰਾਂ ਵਿੱਚ ਆਹਮੋ-ਸਾਹਮਣੇ ਬੈਠ ਕੇ ਕੀਤੇ ਗਏ ਇੰਟਰਵਿਊਜ਼ ਜ਼ਰੀਏ ਕਰਵਾਏ ਕਰਵਾਏ ਗਏ ਸਨ।)












