ਮੋਦੀ ਦੀ ਨਵੀਂ ਕੈਬਨਿਟ ਵਿੱਚ ਕਿਹੜੇ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਮਿਲੀ ਥਾਂ, ਕੌਣ ਹੋਏ ਬਾਹਰ

ਤਸਵੀਰ ਸਰੋਤ, Doordarshan
ਐਤਵਾਰ ਸ਼ਾਮ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ।
ਉਨ੍ਹਾਂ ਦੇ ਨਾਲ-ਨਾਲ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਐੱਸ ਜੈਸ਼ੰਕਰ ਸਣੇ ਹੋਰ ਸੰਸਦ ਮੈਂਬਰਾਂ ਨੇ ਵੀ ਕੇਂਦਰੀ ਵਜ਼ਾਰਤ ਵਿੱਚ ਸਹੁੰ ਚੁੱਕੀ।
ਇਸ ਸਮਾਗਮ ਵਿੱਚ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਏ। ਭਾਰਤ ਦੇ ਗੁਆਂਢੀ ਦੇਸ਼ਾਂ ਦੇ ਆਗੂ ਇਸ ਸਹੁੰ ਚੁੱਕ ਸਮਾਗਮ ਵਿੱਚ ਖਾਸ ਤੌਰ ਉਪਰ ਪਹੁੰਚੇ ਸਨ।
ਇਨ੍ਹਾਂ ਆਗੂਆਂ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮੇਸਿੰਘੇ, ਮਾਲਦੀਵਜ਼ ਦੇ ਰਾਸ਼ਟਰਪਤੀ ਮੁਹੰਮਦ ਮੁਇੱਜ਼ੂ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪਰਾਚੰਦਾ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੋਦੀ ਨਾਲ 30 ਕੈਬਨਿਟ ਮੰਤਰੀਆਂ, 5 ਰਾਜ ਮੰਤਰੀ ਅਜ਼ਾਦ ਪ੍ਰਭਾਰ ਅਤੇ 36 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ।
ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਸ਼ਾਮੀ 7.15 ਮਿੰਟ ਤੋਂ 9.50 ਮਿੰਟ ਤੱਕ ਹੋਏ ਸਮਾਗਮ ਦੌਰਾਨ ਸਹੁੰ ਚੁਕਾਈ।
ਭਾਰਤੀ ਜਨਤਾ ਪਾਰਟੀ ਨੂੰ ਕੁਲ 240 ਸੀਟਾਂ ਉੱਤੇ ਜਿੱਤ ਹਾਸਲ ਹੋਈ। ਐੱਨਡੀਏ ਗੱਠਜੋੜ ਦੇ ਹਿੱਸੇ ਕੁਲ 293 ਸੀਟਾਂ ਆਈਆਂ।
ਹਾਲਾਂਕਿ, ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੀ ਸੀਟ ਉੱਤੇ ਜਿੱਤ ਹਾਸਲ ਨਹੀਂ ਕਰ ਸਕੀ ਪਰ ਕੇਂਦਰੀ ਵਜ਼ਾਰਤ ਵਿੱਚ ਪੰਜਾਬ ਦੇ ਸਿਆਸੀ ਆਗੂ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਰਵਨੀਤ ਸਿੰਘ ਬਿੱਟੂ ਮਾਰਚ 2024 ਵਿੱਚ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਰਵਨੀਤ ਸਿੰਘ ਬਿੱਟੂ ਦੇ ਨਾਲ-ਨਾਲ ਪੰਜਾਬ ਦੇ ਗੁਆਂਢੀ ਸੂਬਿਆਂ – ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਕਿਹੜੇ ਕਿਹੜੇ ਚਿਹਰਿਆਂ ਨੂੰ ਵਜ਼ਾਰਤ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਕਿਸ ਨੂੰ ਇਸ ਵਾਰ ਬਾਹਰ ਰੱਖਿਆ ਗਿਆ ਹੈ, ਪੜ੍ਹੋ ਇਸ ਰਿਪੋਰਟ ਵਿੱਚ...
ਮਨੋਹਰ ਲਾਲ ਖੱਟਰ

ਤਸਵੀਰ ਸਰੋਤ, ANI
ਹਰਿਆਣਾ ਵਿੱਚ ਕਾਂਗਰਸ ਦੇ ਭਜਨ ਲਾਲ ਤੋਂ ਬਾਅਦ ਯਾਨਿ ਸਾਲ 1996 ਤੋਂ ਬਾਅਦ ਮਨੋਹਰ ਲਾਲ ਖੱਟਰ ਸਾਲ 2014 ਵਿੱਚ ਪਹਿਲੇ ਗੈਰ-ਜਾਟ ਮੁੱਖ ਮੰਤਰੀ ਬਣੇ ਸਨ।
ਮਨੋਹਰ ਲਾਲ ਖੱਟਰ ਪੰਜਾਬੀ ਖੱਤਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਮਨੋਹਰ ਲਾਲ ਖੱਟਰ 14 ਸਾਲਾਂ ਤੱਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਰਹੇ ਸਨ । ਮਨੋਹਰ ਲਾਲ ਖੱਟਰ ਸਾਲ 2000 ਤੋਂ 2014 ਤੱਕ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਸਨ।
ਉਹ ਅਕਤੂਬਰ 2014 ਤੋਂ ਲੈ ਕੇ ਮਾਰਚ 2024 ਤੱਕ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਰਹੇ।
ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ ਹਰਿਆਣਾ ਦੀ 10 ਦੀਆਂ 10 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ, ਇਸ ਵਾਰ ਪਾਰਟੀ ਸਿਰਫ਼ 5 ਸੀਟਾਂ ਉੱਤੇ ਹੀ ਕਾਮਯਾਬ ਹੋ ਸਕੀ।
ਮਨੋਹਰ ਲਾਲ ਖੱਟਰ ਦਾ 2020-21 ਦੇ ਕਿਸਾਨ ਅੰਦੋਲਨ ਪ੍ਰਤੀ ਸਖ਼ਤ ਰਵੱਈਆ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਹਰਿਆਣਾ ਵਿੱਚ ਜਾਟ ਭਾਈਚਾਰੇ ਵੱਲੋਂ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਹਰਦੀਪ ਸਿੰਘ ਪੁਰੀ

ਤਸਵੀਰ ਸਰੋਤ, ANI
ਹਰਦੀਪ ਸਿੰਘ ਪੁਰੀ ਭਾਰਤੀ ਵਿਦੇਸ਼ ਸੇਵਾ ਵਿੱਚ ਕੂਟਨੀਤਕ ਰਹਿ ਚੁੱਕੇ ਹਨ।
ਉਹ ਸਾਲ 2009 ਤੋਂ 2013 ਤੱਕ ਭਾਰਤ ਦੇ ਸੰਯੁਕਤ ਰਾਸ਼ਟਰ ਦੇ ਮੈਂਬਰ ਸਨ।
ਹਰਦੀਪ ਸਿੰਘ ਪੁਰੀ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਸਾਲ 2019 ਵਿੱਚ ਅੰਮ੍ਰਿਤਸਰ ਲੋੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ।
ਪਰ ਉਹ ਚੋਣ ਹਾਰ ਗਏ ਸਨ।
ਪਿਛਲੀ ਸਰਕਾਰ ਵਿੱਚ ਉਨ੍ਹਾਂ ਕੋਲ ਹਾਊਸਿੰਗ ਤੇ ਅਰਬਨ ਅਫੇਅਰਜ਼ ਮੰਤਰਾਲਾ ਅਤੇ ਪੈਟ੍ਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲਾ ਸੀ।
ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, ANI
ਰਵਨੀਤ ਸਿੰਘ ਬਿੱਟੂ ਮਾਰਚ 2024 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਇਸ ਐਲਾਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਚਾਹੇ ਉਹ ਨਿੱਝਰ ਦਾ ਮੁੱਦਾ ਹੋਵੇ, ਅਮ੍ਰਿਤਪਾਲ ਦਾ ਮੁੱਦਾ ਹੋਵੇ, ਚਾਹੇ ਪਾਕਿਸਤਾਨ ਦਾ ਮੁੱਦੇ ਹੋਵੇ ਜਾਂ ਕਿਸਾਨਾਂ ਦਾ, ਮੈਂ ਭਾਜਪਾ ’ਚ ਜਾ ਕੇ ਸਾਰੇ ਮੁੱਦੇ ਹੱਲ ਕਰਵਾਵਾਂਗਾ।”
ਉਨ੍ਹਾਂ ਕਿਹਾ, “ਮੈਨੂੰ ਹਾਰਨ ਤੋਂ ਬਾਅਦ ਚੁਣਿਆ ਗਿਆ ਹੈ, ਮੇਰੇ ਉੱਤੇ ਵਿਸ਼ਵਾਸ ਕੀਤਾ ਗਿਆ ਹੈ ਕਿ ਇਹ ਬੰਦਾ ਚੰਗੇ ਦਿਨ ਲਿਆ ਸਕਦਾ ਹੈ।”
ਉਨ੍ਹਾਂ ਕਿਹਾ, “ਮੇਰਾ ਕੰਮ ਪੁਲ਼ ਬਣਨ ਦਾ ਕੰਮ ਹੈ।”

ਤਸਵੀਰ ਸਰੋਤ, ANI
ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਲਈ ਭਾਜਪਾ ਦੇ ਵੱਡੇ ਹੋਰ ਵੱਡੇ ਚਿਹਰਿਆਂ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਲੁਧਿਆਣਾ ਆਏ ਸਨ।
ਉਨ੍ਹਾਂ ਨੇ ਮੰਚ ਤੋਂ ਬੋਲਦਿਆਂ ਇਹ ਕਿਹਾ ਸੀ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਵੱਡਾ ਬੰਦਾ ਬਣਾਉਣਗੇ।
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ, “ਇਹ ਰਵਨੀਤ ਬਿੱਟੂ ਮੇਰਾ ਦੋਸਤ ਹੈ, 5 ਸਾਲਾਂ ਤੋਂ ਮੇਰਾ ਦੋਸਤ ਬਣਿਆ ਹੈ, ਇਸ ਨੂੰ ਲੁਧਿਆਣਾ ਤੋਂ ਦਿੱਲੀ ਦੀ ਸੰਸਦ ਵਿੱਚ ਭੇਜੋ, ਇਸ ਨੂੰ ਵੱਡਾ ਬੰਦਾ ਬਣਾਉਣ ਦਾ ਕੰਮ ਮੈਂ ਕਰਾਂਗਾ।”
ਰਵਨੀਤ ਬਿੱਟੂ ਦਾ ਜਨਮ ਸਤੰਬਰ 1975 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ‘ਚ ਪੈਂਦੇ ਕੋਟਲਾ ਅਫ਼ਗਾਨਾ ‘ਚ ਹੋਇਆ ਸੀ।
ਉਨ੍ਹਾਂ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।
ਰਵਨੀਤ ਸਿੰਘ ਬਿੱਟੂ ਦੇ ਦਾਦਾ ਮਰਹੂਮ ਬੇਅੰਤ ਸਿੰਘ ਕਾਂਗਰਸ ਸਰਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।
ਉਨ੍ਹਾਂ ਦੀ 31 ਅਗਸਤ 1995 ਵਿੱਚ ਚੰਡੀਗੜ੍ਹ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਇਸ ਵੇਲੇ ਰਵਨੀਤ ਬਿੱਟੂ ਦੀ ਉਮਰ 20 ਸਾਲ ਸੀ।
ਰਾਓ ਇੰਦਰਜੀਤ ਸਿੰਘ

ਤਸਵੀਰ ਸਰੋਤ, ANI
ਗੁਰੂਗ੍ਰਾਮ ਤੋਂ ਲੋਕ ਸਭਾ ਮੈਂਬਰ ਦੀ ਚੋਣ ਜਿੱਤੇ ਰਾਓ ਇੰਦਰਜੀਤ ਸਿੰਘ ਨੂੰ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਬਣਾਇਆ ਗਿਆ ਹੈ।
ਰਾਓ ਇੰਦਰਜੀਤ ਸਿੰਘ ਸਾਲ 1998 ਤੋਂ ਲਗਾਤਾਰ ਲੋਕ ਸਭਾ ਮੈਂਬਰ ਦੀ ਚੋਣ ਜਿੱਤ ਰਹੇ ਹਨ।
ਉਹ ਸਾਲ 1999 ਅਤੇ ਸਾਲ 2009 ਤੋਂ ਮਹੇਂਦਰਗੜ੍ਹ ਤੋਂ ਚੋਣ ਜਿੱਤੇ ਸਨ। ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਅਦਾਕਾਰ ਰਾਜ ਬੱਬਰ ਨੂੰ 75 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਰਾਓ ਇੰਦਰਜੀਤ ਸਿੰਘ ਸ਼ੂਟਿੰਗ ਦੇ ਖਿਡਾਰੀ ਵੀ ਹਨ। ਉਹ ਸਾਊਥ ਏਸ਼ੀਆ ਫੈਡਰੇਸ਼ਨ ਗੇਮਜ਼ ਵਿੱਚ ਤਿੰਨ ਸੋਨੇ ਦੇ ਤਮਗੇ ਜਿੱਤ ਚੁੱਕੇ ਹਨ।
ਉਹ ਪਿਛਲੀ ਸਰਕਾਰ ਵਿੱਚ ਵੀ ਕੇਂਦਰੀ ਰਾਜ ਮੰਤਰੀ ਸਨ।
ਕ੍ਰਿਸ਼ਨ ਪਾਲ ਗੁਰਜਰ

ਤਸਵੀਰ ਸਰੋਤ, Getty Images
ਹਰਿਆਣਾ ਦੇ ਫਰੀਦਾਬਾਦ ਲੋਕ ਸਭਾ ਹਲਕੇ ਤੋਂ ਐੱਮਪੀ ਕ੍ਰਿਸ਼ਨ ਪਾਲ ਗੁਰਜਰ ਨੂੰ ਤੀਜੀ ਵਾਰ ਰਾਜ ਮੰਤਰੀ ਬਣਾਇਆ ਗਿਆ ਹੈ।
ਉਨ੍ਹਾਂ ਨੇ ਸਾਲ 2014 ਦੀ ਚੋਣ ਕਰੀਬ 4 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ, ਇਸ ਮਗਰੋਂ ਉਨ੍ਹਾਂ ਨੇ ਸਾਲ 2019 ਵਿੱਚ ਛੇ ਲੱਖ ਵੋਟਾਂ ਦੇ ਫ਼ਰਕ ਨਾਲ ਵਿਰੋਧੀ ਉਮੀਦਵਾਰ ਨੂੰ ਹਰਾਇਆ ਸੀ।
2024 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 1.5ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ।
ਗੁਰਜਰ ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਨਜ਼ਦੀਕ ਵੀ ਮੰਨਿਆ ਜਾਂਦਾ ਹੈ।
ਜੇਪੀ ਨੱਡਾ

ਤਸਵੀਰ ਸਰੋਤ, Getty Images
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਵਿਧਾਇਕ ਰਹਿ ਚੁੱਕੇ ਜੇਪੀ ਨੱਡਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਸਾਲ 2020 ਤੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹਨ।
ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ।
ਉਹ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ।ਨੱਡਾ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ।
ਸਾਲ 2014 ਤੋਂ ਲੈ ਕੇ 2019 ਤੱਕ ਉਹ ਮੋਦੀ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੰਤਰੀ ਰਹੇ ਸਨ
ਜਿਤੇਂਦਰ ਸਿੰਘ

ਤਸਵੀਰ ਸਰੋਤ, Getty Images
ਜਿਤੇਂਦਰ ਸਿੰਘ ਜੰਮੂ ਕਸ਼ਮੀਰ ਦੇ ਊਧਮਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਜਤਿੰਦਰ ਸਿੰਘ ਨਰਿੰਦਰ ਮੋਦੀ ਦੀ ਪਿਛਲੀ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ।
ਉਹ ਪੇਸ਼ੇ ਤੋਂ ਡਾਕਟਰ ਵੀ ਰਹਿ ਚੁੱਕੇ ਹਨ।
ਜਿਤੇਂਦਰ ਸਿੰਘ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਹਮਾਇਤੀ ਰਹੇ ਹਨ। ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ(ਅਜ਼ਾਦ ਚਾਰਜ) ਬਣਾਇਆ ਗਿਆ ਹੈ।
ਕਿਸ ਨੂੰ ਰੱਖਿਆ ਗਿਆ ਬਾਹਰ
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਨੁਰਾਗ ਠਾਕੁਰ ਨੂੰ ਇਸ ਵਾਰ ਕੇਂਦਰੀ ਵਜ਼ਾਰਤ ਤੋਂ ਬਾਹਰ ਰੱਖਿਆ ਗਿਆ ਹੈ।
ਉਨ੍ਹਾਂ ਕੋਲ ਪਿਛਲੀ ਸਰਕਾਰ ਵਿੱਚ ਖੇਡ, ਨੌਜਵਾਨ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੇ ਮੰਤਰਾਲੇ ਸਨ।
ਉਨ੍ਹਾਂ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।












