ਜਦੋਂ ਭਾਰਤੀ ਬਜ਼ੁਰਗ ਦਾ ਦਿਲ ਪਾਕਿਸਤਾਨੀ ਬੱਚੀ ਦੇ ਜਿਸਮ ਵਿੱਚ ਜਾ ਕੇ 'ਧੜਕਿਆ'

- ਲੇਖਕ, ਸ਼ਾਰਧਾ ਵੀ
- ਰੋਲ, ਬੀਬੀਸੀ ਤਾਮਿਲ
ਹਸਪਤਾਲ ਦੀ ਗਿਆਰਵੀਂ ਮੰਜ਼ਿਲ ਤੋਂ ਬਾਹਰ ਚੇਨਈ ਸ਼ਹਿਰ ਨੂੰ ਦੇਖ ਰਹੀ ਸਨੋਬਰ ਰਾਸ਼ਿਦ ਮੁਤਾਬਕ, “ਕਰਾਚੀ ਵਿੱਚ ਘਰ ਇਸਤੋਂ ਨੇੜੇ ਹੋਣਗੇ ਪਰ ਉੱਥੇ ਸ਼ਾਇਦ ਇੰਨੇ ਰੰਗ ਨਾ ਹੋਣ।”
ਜਦੋਂ ਕੋਈ ਦਸ ਮਹੀਨੇ ਪਹਿਲਾਂ ਸਨੋਬਰ ਆਪਣੀ 19 ਸਾਲਾਂ ਦੀ ਧੀ, ਆਇਸ਼ਾ ਦਾ ਦਿਲ ਬਦਲਵਾਉਣ ਇੱਥੇ ਆਏ ਸਨ ਤਾਂ ਉਹ ਬੇਹੱਦ ਖ਼ੁਸ਼ ਸਨ।
ਸੱਤ ਸਾਲ ਪਹਿਲਾਂ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਆਇਸ਼ਾ ਨੂੰ ਸੱਤ ਸਾਲ ਦੀ ਉਮਰ ਵਿੱਚ ਦਿਲ ਨੂੰ 25% ਨੁਕਸਾਨ ਪਹੁੰਚਿਆ ਹੋਇਆ ਸੀ। ਸਮੇਂ ਦੇ ਨਾਲ ਆਇਸ਼ਾ ਦਾ ਦਿਲ ਜਵਾਬ ਦੇਣ ਲੱਗਿਆ।
ਸਾਲ 2019 ਵਿੱਚ ਦਿਲ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਇੱਕ ਦਿਲ ਦੇ ਸੀਨੀਅਰ ਡਾਕਟਰ ਕੋਲ ਆਉਣਾ ਪਿਆ।
ਆਇਸ਼ਾ ਨੂੰ ਮਸਨੂਈ ਧੜਕਣ ਦਿੱਤੀ ਗਈ। ਕਰਾਚੀ ਵਾਪਸ ਜਾਣ ਤੋਂ ਬਾਅਦ ਆਇਸ਼ਾ ਨੂੰ ਇਨਫੈਕਸ਼ਨ ਹੋ ਗਈ ਅਤੇ ਉਨ੍ਹਾਂ ਦਾ ਸੱਜੇ ਪਾਸੇ ਦਾ ਦਿਨ ਨਾਕਾਮ ਹੋਣ ਲੱਗਿਆ।
ਫਿਰ ਡਾਕਟਰਾਂ ਨੇ ਕਿਹਾ ਕਿ ਦਿਲ ਬਦਲਣਾ ਹੀ ਇੱਕੋ-ਇੱਕ ਹੱਲ ਹੈ।

ਸਨੋਬਰ ਮੁਤਾਬਕ, “ਸਰਜਰੀ ਪਾਕਿਸਤਾਨ ਵਿੱਚ ਨਹੀਂ ਕੀਤੀ ਜਾ ਸਕਦੀ। ਡਾਕਟਰਾਂ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇ ਉਹ ਭਾਰਤ ਆਉਣ ਜਾਂ ਕੈਨੇਡਾ ਚਲੇ ਜਾਣ। ਜਦੋਂ ਅਸੀਂ ਇਸ ਬਾਰੇ ਖੋਜ ਕੀਤੀ ਤਾਂ ਦੇਖਿਆ ਕਿ ਭਾਰਤ ਹੀ ਸਭ ਤੋਂ ਵਧੀਆ ਹੈ।”
ਉਨ੍ਹਾਂ ਨੇ ਚੇਨਈ ਵਿੱਚ ਇੱਕ ਡਾਕਟਰ ਨੂੰ ਫੋਨ ਕੀਤਾ ਪਰ ਇਲਾਜ ਲਈ ਪੈਸੇ ਨਹੀਂ ਸਨ। ਡਾਕਟਰ ਨੇ ਸਾਨੂੰ ਆ ਕੇ ਮਿਲਣ ਲਈ ਕਿਹਾ। ਜਦੋਂ ਪਹਿਲੀ ਵਾਰ ਸਾਡਾ ਵੀਜ਼ਾ ਮਨ੍ਹਾਂ ਕਰ ਦਿੱਤਾ ਗਿਆ ਤਾਂ ਅਸੀਂ ਦੁਬਾਰਾ ਅਪਲਾਈ ਕੀਤਾ ਅਤੇ ਵੀਜ਼ਾ ਮਿਲਣ ਉੱਤੇ ਭਾਰਤ ਆ ਗਏ।
ਦਿਲ ਦੇ ਸੀਨੀਅਰ ਡਾਕਟਰ ਕੇਆਰ ਬਾਲਾਕ੍ਰਿਸ਼ਨਨ ਦੱਸਦੇ ਹਨ, “ਜਦੋਂ ਪਹਿਲੀ ਵਾਰ ਆਇਸ਼ਾ ਆਈ ਤਾਂ ਉਸ ਨੂੰ ਦਿਲ ਦੀ ਸਮੱਸਿਆ ਸੀ। ਇਲਾਜ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਲਈ ਈਸੀਐੱਮਓ ( ਮਸਨੂਈ ਦਿਲ ਫੇਫੜਿਆਂ ਦਾ ਉਪਕਰਣ) ਲਗਾਉਣਾ ਪਿਆ। ਅਸੀਂ ਇੱਕ ਖੂਨ ਨੂੰ ਪੰਪ ਕਰਨ ਵਾਲਾ ਮਸਨੂਈ ਪੰਪ ਵੀ ਲਾਇਆ। ਇਸ ਤੋ ਬਾਅਦ ਸਿਹਤਯਾਬੀ ਲਈ ਸਾਨੂੰ ਆਪਣੇ ਘਰ ਭੇਜ ਦਿੱਤਾ ਗਿਆ। ਪਾਕਿਸਤਾਨ ਵਿੱਚ ਮਸਨੂਈ ਪੰਪ ਉੱਪਰ ਨਿਗਰਾਨੀ ਰੱਖਣ ਦੀ ਪ੍ਰਣਾਲੀ ਮੌਜੂਦ ਨਹੀਂ ਹੈ।”
ਅੰਗ ਬਦਲਣ ਬਾਰੇ ਭਾਰਤੀ ਕਾਨੂੰਨ

ਤਸਵੀਰ ਸਰੋਤ, MGM HOSPITAL
ਡਾ਼ ਕੇਆਰ ਬਾਲਾਕ੍ਰਿਸ਼ਨਨ, ਚੇਨਈ ਦੇ ਐੱਮਜੀਐੱਮ ਹਸਪਤਾਲ ਵਿੱਚ ਦਿਲ ਫੇਫੜੇ ਬਦਲਣ ਦੇ ਵਿਭਾਗ ਦੇ ਨਿਰਦੇਸ਼ਕ ਹਨ। ਉਹ ਸਾਲ 2019 ਤੋਂ ਆਇਸ਼ਾ ਦਾ ਇਲਾਜ ਕਰ ਰਹੇ ਹਨ।
ਉਹ ਦੱਸਦੇ ਹਨ, “ਆਇਸ਼ਾ ਦਿਲ ਦੀ ਬਹੁਤ ਗੰਭੀਰ ਸਥਿਤੀ ਨਾਲ ਇੱਥੇ ਆਈ ਸੀ। ਉਸ ਨੂੰ ਦੋ ਦਿਨਾਂ ਲਈ ਭਰਤੀ ਕਰਨਾ ਪਿਆ ਅਤੇ ਕਈ ਦਿਨਾਂ ਤੱਕ ਬੇਹੋਸ਼ ਰਹੀ ਸੀ। ਕਿਉਂਕਿ ਉਹ ਪਹਿਲਾਂ ਤੋਂ ਹੀ ਸਾਡੇ ਕੋਲੋਂ ਇਲਾਜ ਕਰਵਾ ਰਹੀ ਸੀ, ਅਸੀਂ ਉਸਦੀ ਜਿੰਨੀ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ।”
ਦਿੱਲੀ ਵਿੱਚ ਇੱਕ ਭਾਰਤੀ ਪਰਿਵਾਰ ਆਪਣੇ 69 ਸਾਲਾ ਬਜ਼ੁਰਗ ਦਾ ਦਿਲ ਦਾਨ ਕਰਨ ਲਈ ਤਿਆਰ ਸੀ।
ਸੁਰੇਸ਼ ਰਾਓ ਕੇਜੀ, ਐੱਮਜੀਐੱਮ ਹਸਪਤਾਲ ਵਿੱਚ ਦਿਲ ਫੇਫੜੇ ਬਦਲਣ ਦੇ ਵਿਭਾਗ ਦੇ ਜੁਆਇੰਟ ਡਾਇਰੈਕਟਰ ਹਨ।
ਉਨ੍ਹਾਂ ਨੇ ਦੱਸਿਆ, ਭਾਰਤ ਵਿੱਚ ਅੰਗ ਬਦਲਣ ਦੀ ਨੀਤੀ ਮੁਤਾਬਕ, ਜੇ ਕੋਈ ਅੰਗ ਕਿਸੇ ਭਾਰਤੀ ਲਈ ਸਹੀ ਬੈਠਦਾ ਹੈ ਤਾਂ ਪਹਿਲ ਉਸ ਨੂੰ ਦਿੱਤੀ ਜਾਵੇਗੀ। ਇਸ ਲਈ ਆਇਸ਼ਾ ਨੂੰ ਦਸ ਮਹੀਨੇ ਉਡੀਕ ਕਰਨੀ ਪਈ। ਆਇਸ਼ਾ ਨੂੰ ਇਹ ਦਿਲ ਇਸ ਲਈ ਮਿਲਿਆ ਕਿਉਂਕਿ ਕੋਈ ਇਹ ਦਿਲ ਲੈਣ ਲਈ ਅੱਗੇ ਨਹੀਂ ਆਇਆ।
ਪੈਸੇ ਦਾ ਇੰਤਜ਼ਾਮ ਕਿਵੇਂ ਹੋਇਆ?

ਤਸਵੀਰ ਸਰੋਤ, MGM HOSPITAL
“ਜੇ ਉਹ ਦਿਲ ਨਾ ਮਿਲਦਾ ਤਾਂ ਸ਼ਾਇਦ ਆਇਸ਼ਾ ਨਾ ਬਚਦੀ ਅਤੇ ਉਹ ਦਿਲ ਵੀ ਬੇਕਾਰ ਚਲਿਆ ਜਾਂਦਾ। ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਆਇਸ਼ਾ ਨੂੰ ਉਹ ਦਿਲ ਮਿਲ ਰਿਹਾ ਹੈ, ਅਸੀਂ ਉਸ ਨੂੰ ਅਪਰੇਸ਼ਨ ਲਈ ਤਿਆਰ ਕੀਤਾ। ਦਿੱਲੀ ਤੋਂ ਪੰਜ ਘੰਟਿਆਂ ਵਿੱਚ ਹਸਪਤਾਲ ਪਹੁੰਚ ਗਿਆ। ਉਹ ਦਿਲ ਜਿਸ ਨੇ ਪੰਜ ਘੰਟੇ ਪਹਿਲਾਂ ਧੜਕਣਾ ਬੰਦ ਕਰ ਦਿੱਤਾ ਸੀ। ਨਵੇਂ ਸਰੀਰ ਵਿੱਚ ਲਗਦੇ ਹੀ ਇਸ ਨੂੰ ਧੜਕਣਾ ਸ਼ੁਰੂ ਕਰ ਦੇਣਾ ਚਾਹੀਦਾ ਸੀ ਅਸੀਂ ਇਸ ਦੀ ਪਹਿਲੀ ਧੜਕਣ ਦੇਖਣ ਲਈ ਉਤਾਵਲੇ ਸੀ।”
ਆਇਸ਼ਾ ਦੇ ਪਰਿਵਾਰ ਕੋਲ ਪੈਸੇ ਦੀ ਕਮੀ ਬਾਰੇ ਪੁੱਛੇ ਜਾਣ ਉੱਤੇ ਡਾ਼ ਬਾਲਾਕ੍ਰਿਸ਼ਨਨ ਨੇ ਕਿਹਾ, “ਆਇਸ਼ਾ ਦੇ ਪਰਿਵਾਰ ਕੋਲ ਇਲਾਜ ਲਈ ਪੂਰੇ ਪੈਸੇ ਨਹੀਂ ਸਨ। ਇਲਾਜ ਇੱਕ ਗੈਰ ਸਰਕਾਰੀ ਸੰਸਥਾ ਆਇਸ਼ਵਮ, ਅੰਗ ਦਾਨ ਲੈਣ ਵਾਲੇ ਪਰਿਵਾਰਾਂ ਵੱਲੋਂ ਦਾਨ ਕੀਤੇ ਪੈਸੇ ਅਤੇ ਮੇਰੇ ਆਪਣੇ ਪੈਸੇ ਨਾਲ ਸੰਭਵ ਹੋ ਸਕਿਆ।”
ਗੈਰ ਸਰਕਾਰੀ ਸੰਸਥਾ ਆਇਸ਼ਵਮ ਦੀ ਮਦਦ ਨਾਲ ਹੁਣ ਤੱਕ ਦਿਲ ਦੇ 12000 ਅਪਰੇਸ਼ਨ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 175 ਦਿਲ ਬਦਲੀ ਦੇ ਅਪਰੇਸ਼ਨ ਸਨ।
ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ ਆਇਸ਼ਾ

ਤਸਵੀਰ ਸਰੋਤ, AYESHA RASHID
ਬੀਬੀਸੀ ਨਾਲ ਗੱਲ ਕਰਦਿਆਂ ਆਇਸ਼ਾ ਨੇ ਆਪਣੀ ਜ਼ਿੰਦਗੀ ਬਚਾਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ।
ਆਇਸ਼ਾ ਦਾ ਕਹਿਣਾ ਸੀ, “ਮੈਂ ਅਪਰੇਸ਼ਨ ਤੋਂ ਬਾਅਦ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਡਾਕਟਰਾਂ ਨੇ ਕਿਹਾ ਹੈ ਮੈਂ ਦੋ ਮਹੀਨੇ ਬਾਅਦ ਘਰ ਵਾਪਸ ਜਾ ਸਕਦੀ ਹਾਂ। ਮੈਂ ਘਰ ਵਾਪਸ ਜਾ ਕੇ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ। ਮੈਂ ਭਵਿੱਖ ਵਿੱਚ ਇੱਕ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹਾਂ”
“ਭਾਰਤ ਵਿੱਚ ਰਹਿਣਾ ਪਾਕਿਸਤਾਨ ਤੋਂ ਇਲਾਵਾ ਕਿਸੇ ਹੋਰ ਦੇਸ ਵਿੱਚ ਰਹਿਣ ਵਰਗਾ ਨਹੀਂ ਲੱਗਦਾ। ਇੱਥੇ ਅਤੇ ਉੱਥੇ ਸਾਰਾ ਕੁਝ ਹੀ ਇੱਕੋ ਜਿਹਾ ਹੈ, ਕੁਝ ਵੀ ਵੱਖਰਾ ਨਹੀਂ ਲਗਦਾ।”
ਜਦੋਂ ਪੁੱਛਿਆ ਕਿ ਚੇਨਈ ਵਿੱਚ ਕੁਝ ਦੇਖਿਆ ਹੈ ਤਾਂ ਆਇਸ਼ਾ ਨੇ ਕਿਹਾ, “ਮੇਰਾ ਜ਼ਿਆਦਾਤਰ ਸਮਾਂ ਹਸਪਤਾਲ ਵਿੱਚ ਹੀ ਬੀਤਿਆ ਹੈ। ਇੱਕ ਵਾਰ ਮੌਕਾ ਮਿਲਣ ਉੱਤੇ ਸਮੁੰਦਰ ਦੇ ਕੰਢੇ ਉੱਤੇ ਗਈ ਸੀ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਕੋਈ ਸਮੁੰਦਰ ਦਾ ਕੰਢਾ ਦੇਖਿਆ। ਮੈਂ ਇੱਕ ਮਾਲ ਵਿੱਚ ਸ਼ੌਪਿੰਗ ਕਰਨ ਵੀ ਗਈ ਸੀ। ਜਦੋਂ ਮੈਂ ਚੇਨਈ ਵਿੱਚ ਡੋਸਾ ਬਹੁਤ ਪਸੰਦ ਆਇਆ।”








