ਵਰਲਡ ਕੱਪ ਦੀ ਹਾਰ ਨੂੰ ਭੁੱਲ ਕੇ ਟੀਮ ਇੰਡੀਆ ਨੇ 15 ਮਹੀਨਿਆਂ 'ਚ ਕਿਵੇਂ ਆਪਣੇ ਨਾਮ ਕੀਤੇ ਦੋ ਵੱਡੇ ਖ਼ਿਤਾਬ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ
    • ਲੇਖਕ, ਪ੍ਰਵੀਣ
    • ਰੋਲ, ਬੀਬੀਸੀ ਪੱਤਰਕਾਰ

"2007 ਦੀ ਹਾਰ ਤੋਂ ਬਾਅਦ, ਵਰਲਡ ਕੱਪ ਜਿੱਤਣਾ ਮੇਰਾ ਸੁਪਨਾ ਬਣ ਗਿਆ ਸੀ। ਮੈਂ ਇਸ ਨੂੰ ਇੱਕ ਚੁਣੌਤੀ ਦੀ ਤਰਾਂ ਸਵੀਕਾਰ ਕੀਤਾ। ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਟਰਾਫੀ ਜਿੱਤਣਾ ਚਾਹੁੰਦਾ ਹਾਂ। ਇਹ ਇੱਕ ਵੱਡੀ ਚੁਣੌਤੀ ਸੀ ਅਤੇ ਮੈਂ ਇਸ ਦੇ ਲਈ ਪੂਰੀ ਸ਼ਿੱਦਤ ਨਾਲ ਕੰਮ ਕੀਤਾ।"

2011 'ਚ ਟੀਮ ਇੰਡੀਆ ਨੇ ਜਦੋਂ 28 ਸਾਲਾਂ ਬਾਅਦ ਵਿਸ਼ਵ ਕੱਪ ਜਿੱਤਿਆ ਤਾਂ ਸਚਿਨ ਤੇਂਦੁਲਕਰ ਨੇ ਮਿਡ ਡੇਅ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਸੀ।

ਉਹ ਸਚਿਨ ਤੇਂਦੁਲਕਰ ਦਾ ਆਖਰੀ ਵਰਲਡ ਕੱਪ ਸੀ। ਵਿਰਾਟ ਕੋਹਲੀ ਉਸ ਸਮੇਂ ਟੀਮ ਇੰਡੀਆ ਦੇ ਉੱਭਰਦੇ ਹੋਏ ਸਿਤਾਰੇ ਸਨ। ਰੋਹਿਤ ਸ਼ਰਮਾ ਉਸ ਵਿਸ਼ਵ ਕੱਪ ਦਾ ਹਿੱਸਾ ਤਾਂ ਨਹੀਂ ਸਨ, ਪਰ ਉਨ੍ਹਾਂ 'ਚ ਵੀ ਟੀਮ ਇੰਡੀਆ ਦਾ ਭਵਿੱਖ ਵੇਖਿਆ ਜਾ ਰਿਹਾ ਸੀ।

12 ਸਾਲ ਬਾਅਦ ਟੀਮ ਇੰਡੀਆ ਬਹੁਤ ਹੀ ਨੇੜੇ ਆ ਕੇ ਵੀ ਵਰਲਡ ਕੱਪ ਦਾ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ। ਪਰ ਸਚਿਨ ਤੇਂਦੁਲਕਰ ਦੀ ਤਰ੍ਹਾਂ ਹੀ ਰੋਹਿਤ ਸ਼ਰਮਾ ਦੀ ਟੀਮ ਨੇ ਵੀ ਇਸ ਖਿਤਾਬ ਨੂੰ ਆਪਣੇ ਨਾਮ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ।

ਅਤੇ ਇਸ ਚੁਣੌਤੀ ਨੂੰ ਪਾਰ ਕਰਦੇ ਹੋਏ ਟੀਮ ਇੰਡੀਆ ਨੇ 15 ਮਹੀਨਿਆਂ ਦੇ ਅੰਦਰ-ਅੰਦਰ ਹੀ ਦੋ ਵੱਡੇ ਖਿਤਾਬ ਜਿੱਤ ਲਏ ਹਨ।

29 ਜੂਨ, 2024 ਨੂੰ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਟੀਮ ਇੰਡੀਆ ਨੇ ਟੀ-20 ਵਰਲਡ ਕੱਪ ਜਿੱਤਿਆ ਸੀ ਅਤੇ ਹੁਣ 9 ਮਾਰਚ 2025 ਨੂੰ ਭਾਰਤੀ ਟੀਮ ਨੇ ਰਿਕਾਰਡ ਤੀਜੀ ਵਾਰ ਚੈਂਪੀਅਨਜ਼ ਟਰਾਫੀ 'ਤੇ ਆਪਣੀ ਜਿੱਤ ਦਰਜ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

2007 ਦੇ ਇੱਕ ਰੋਜ਼ਾ ਵਿਸ਼ਵ ਕੱਪ 'ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹਲ ਦ੍ਰਾਵਿੜ, ਵਰਿੰਦਰ ਸਹਿਵਾਗ ਅਤੇ ਧੋਨੀ ਵਰਗੇ ਚੋਟੀ ਦੇ ਖਿਡਾਰੀਆਂ ਨਾਲ ਲੈਸ ਟੀਮ ਇੰਡੀਆ ਪਹਿਲੇ ਹੀ ਦੌਰ 'ਚ ਬਾਹਰ ਹੋ ਗਈ ਸੀ।

ਉਸ ਤੋਂ ਬਾਅਦ ਟੀਮ ਇੰਡੀਆ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਸਿਰਫ 6 ਮਹੀਨਿਆਂ ਬਾਅਦ ਹੀ ਪਹਿਲਾ ਟੀ-20 ਵਰਲਡ ਕੱਪ ਜਿੱਤਿਆ। 2011 'ਚ ਟੀਮ ਇੰਡੀਆ ਨੇ 28 ਸਾਲਾਂ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਅਤੇ ਫਿਰ ਦੂਜੀ ਵਾਰ 2013 'ਚ ਚੈਂਪੀਅਨਜ਼ ਟਰਾਫੀ ਆਪਣੇ ਨਾਮ ਕੀਤੀ।

ਇਸ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਰੋਹਿਤ ਸ਼ਰਮਾ ਦੀ ਵਾਪਸੀ ਵਜੋਂ ਵੀ ਵੇਖਿਆ ਜਾਂਦਾ ਹੈ। ਇਸੇ ਟੂਰਨਮੈਂਟ 'ਚ ਰੋਹਿਤ ਸ਼ਰਮਾ ਨੂੰ ਓਪਨਿੰਗ ਕਰਨ ਦਾ ਮੌਕਾ ਹਾਸਲ ਹੋਇਆ ਅਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਪਰ ਇਸ ਤੋਂ ਬਾਅਦ ਖਿਤਾਬੀ ਜਿੱਤ ਦੇ ਲਈ ਲੰਮੇ ਇੰਤਜ਼ਾਰ ਦਾ ਸਿਲਸਿਲਾ ਸ਼ੁਰੂ ਹੋਇਆ।

2013 ਤੋਂ 2023 ਤੱਕ 'ਚੋਕਰਸ' ਦਾ ਟੈਗ

ਟੀਮ ਇੰਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 10 ਸਾਲ ਚੰਗੇ ਪ੍ਰਦਰਸ਼ਨ ਦੇ ਮੌਕੇ ਟੀਮ ਇੰਡੀਆ ਖਿਤਾਬ ਨਹੀਂ ਜਿੱਤ ਪਾਈ

2014 'ਚ ਹੋਏ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਰ ਫਾਈਨਲ 'ਚ ਸ਼੍ਰੀਲੰਕਾ ਨੇ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਟੀਮ ਇੰਡੀਆ ਨੂੰ ਖਿਤਾਬ ਤੋਂ ਦੂਰ ਕਰ ਦਿੱਤਾ।

2015 ਇੱਕ ਰੋਜ਼ਾ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਸਫ਼ਰ ਸੈਮੀਫਾਈਨਲ 'ਚ ਖਤਮ ਹੋ ਗਿਆ ਸੀ। 2016 ਦੇ ਟੀ-20 ਵਿਸ਼ਵ ਕੱਪ 'ਚ ਵੀ ਟੀਮ ਇੰਡੀਆ ਸੈਮੀਫਾਈਨਲ ਤੋਂ ਅਗਾਂਹ ਨਾ ਜਾ ਸਕੀ।

2017 ਦੇ ਚੈਂਪੀਅਨਜ਼ ਟਰਾਫੀ ਫਾਈਨਲ 'ਚ ਭਾਰਤ ਨੂੰ ਪਾਕਿਸਤਾਨ ਨੇ 180 ਦੌੜਾਂ ਨਾਲ ਮਾਤ ਦਿੱਤੀ ਸੀ। 2019 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ ਸੀ।

2021 'ਚ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜਿੱਤਣ ਤੋਂ ਵੀ ਰੋਕਿਆ । ਉਸੇ ਸਾਲ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਵੀ ਨਹੀਂ ਪਹੁੰਚ ਸਕੀ ਸੀ।

2022 ਦੇ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸਫ਼ਰ ਸੈਮੀਫਾਈਨਲ ਤੱਕ ਹੀ ਰਿਹਾ। 2023 ਦੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਭਾਰਤੀ ਟੀਮ ਦੇ ਹੱਥ ਨਿਰਾਸ਼ਾ ਹੀ ਲੱਗੀ।

2023 'ਚ ਵਿਸ਼ਵ ਕੱਪ ਭਾਰਤੀ ਸਰਜ਼ਮੀਨ 'ਤੇ ਖੇਡਿਆ ਜਾ ਰਿਹਾ ਸੀ। ਲਗਾਤਾਰ 10 ਮੈਚ ਜਿੱਤ ਕੇ ਟੀਮ ਇੰਡੀਆ ਨੇ ਅਜਿਹਾ ਜਜ਼ਬਾ ਤੇ ਜਨੂੰਨ ਵਿਖਾਇਆ ਕਿ ਉਹ ਬੀਤੇ 10 ਸਾਲਾਂ ਦੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੀ ਹੈ। ਪਰ ਫਾਈਨਲ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਹੈਰਾਨੀਜਕ ਹਾਰ ਦੇ ਕੇ ਰੋਹਿਤ ਸ਼ਰਮਾ ਦੀ ਟੀਮ ਦੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਚਕਨਾ ਚੂਰ ਕਰ ਦਿੱਤਾ।

ਉਸ ਹਾਰ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਨਿਰਾਸ਼-ਹਤਾਸ਼ ਚਿਹਰਿਆਂ ਨਾਲ ਇਹ ਜ਼ਰੂਰ ਸੋਚਿਆ ਹੋਵੇਗਾ ਕਿ ਆਖੀਰੀ ਅਜਿਹਾ ਕੀ ਕੀਤਾ ਜਾਵੇ ਕਿ ਆਖਰੀ ਸਮੇਂ 'ਚ ਖਿਤਾਬ ਉਨ੍ਹਾਂ ਦੇ ਹੱਥੋਂ ਨਾ ਨਿਕਲੇ।

ਟੀ-20 ਵਰਲਡ ਕੱਪ ਦੀ ਜਿੱਤ

ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ

ਸਾਲ 2023 ਦੀ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਉਭਰਨ ਦਾ ਸਿਲਸਿਲਾ 8 ਮਹੀਨੇ ਬਾਅਦ ਸ਼ੁਰੂ ਹੋ ਗਿਆ।

ਟੀ-20 ਵਿਸ਼ਵ ਕੱਪ 'ਚ 9 ਜੂਨ ਨੂੰ ਗਰੁੱਪ ਸਟੇਜ ਦੇ ਮੁਕਾਬਲੇ 'ਚ ਭਾਰਤੀ ਟੀਮ ਦੀ ਟੱਕਰ ਪਾਕਿਸਤਾਨ ਨਾਲ ਸੀ। ਟੀਮ ਇੰਡੀਆ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ 119 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ।

12 ਓਵਰਾਂ ਤੋਂ ਬਾਅਦ ਪਾਕਿਸਤਾਨ ਨੇ ਦੋ ਵਿਕਟਾਂ ਗੁਆ ਕੇ 72 ਦੌੜਾਂ ਬਣਾ ਲਈਆਂ ਸਨ ਅਤੇ ਉਸ ਦੀ ਜਿੱਤ ਯਕੀਨੀ ਹੀ ਲੱਗ ਰਹੀ ਸੀ। ਪਰ ਇੱਥੋਂ ਹੀ ਭਾਰਤੀ ਟੀਮ ਨੇ ਵਾਪਸੀ ਕੀਤੀ।

ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਇਸ ਮੁਕਾਬਲੇ ਨੂੰ 6 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਤਾਂ ਜਿਵੇਂ ਭਾਰਤ ਦੀ ਜਿੱਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਥੋਂ ਹੀ ਭਾਰਤੀ ਟੀਮ ਨੇ ਆਪਣੇ ਭਰੋਸੇ ਨੂੰ ਮੁੜ ਕਾਇਮ ਕੀਤਾ, ਉਹ ਅਸੰਭਵ ਜਾਪਦੇ ਮੈਚਾਂ 'ਚ ਵੀ ਆਪਣਾ ਦਬਦਬਾ ਬਣਾ ਸਕਦੀ ਹੈ।

29 ਜੂਨ ਨੂੰ ਖੇਡੇ ਗਏ ਫਾਈਨਲ 'ਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 176 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਜਿੱਤ ਦੇ ਲਈ 30 ਗੇਂਦਾਂ 'ਚ 29 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ 6 ਵਿਕਟਾਂ ਅਜੇ ਬਾਕੀ ਸਨ। ਬੁਮਰਾਹ ਨੇ ਅਗਲੇ ਓਵਰ 'ਚ ਮਹਿਜ 4 ਦੌੜਾਂ ਹੀ ਦਿੱਤੀਆਂ। ਮੁਕਾਬਲਾ ਦਿਲਚਸਪ ਹੋਣ ਲੱਗਿਆ।

17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਪਾਂਡਿਆ ਨੇ ਕਲਾਸੇਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। ਹਰ ਗੁਜ਼ਰਦੀ ਗੇਂਦ ਦੇ ਨਾਲ ਮੈਚ ਰੋਮਾਂਚਕ ਹੁੰਦਾ ਜਾ ਰਿਹਾ ਸੀ। ਬੁਮਰਾਹ ਨੇ ਜਾਦੂ ਵਿਖਾਇਆ ਅਤੇ 18ਵੇਂ ਓਵਰ 'ਚ 2 ਦੌੜਾਂ ਹੀ ਦਿੱਤੀਆਂ। ਭਾਰਤ ਦੀ ਮੈਚ 'ਚ ਵਾਪਸੀ ਹੋਈ ਅਤੇ ਬਾਕੀ ਦਾ ਕੰਮ ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਨੇ ਪੂਰਾ ਕੀਤਾ।

ਭਾਰਤ ਨੇ 7 ਦੌੜਾਂ ਨਾਲ ਫਾਈਨਲ ਮੈਚ ਆਪਣੇ ਨਾਮ ਕੀਤਾ ਅਤੇ 11 ਸਾਲਾਂ ਤੋਂ ਚੱਲ ਰਹੇ ਆਈਸੀਸੀ ਟੂਰਨਾਮੈਂਟ ਹਾਰਨ ਦੇ ਸਿਲਸਿਲੇ ਨੂੰ ਲਗਾਮ ਪਈ।

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ

 ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ

ਇਸ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ, "ਪਿਛਲੇ 3-4 ਸਾਲਾਂ ਦੌਰਾਨ ਸਾਡੇ 'ਤੇ ਕੀ ਬੀਤਿਆ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਇੱਕ ਟੀਮ ਵੱਜੋਂ ਬਹੁਤ ਸਖ਼ਤ ਮਿਹਨਤ ਕੀਤੀ ਅਤੇ ਹੁਣ ਜਿੱਤ ਤੋਂ ਬਾਅਦ ਬਹੁਤ ਕੁਝ ਪਿੱਛੇ ਰਹਿ ਗਿਆ ਹੈ।"

"ਅਜਿਹਾ ਨਹੀਂ ਹੈ ਕਿ ਇਹ ਜਿੱਤ ਪਹਿਲੀ ਵਾਰ ਹਾਸਲ ਹੋਈ ਹੈ। ਅਸੀਂ ਤਿੰਨ-ਚਾਰ ਸਾਲਾਂ ਤੋਂ ਬਹੁਤ ਮਿਹਨਤ ਕਰ ਰਹੇ ਸੀ, ਪਰ ਨਤੀਜਾ ਅੱਜ ਸਾਡੀ ਝੋਲੀ ਪਿਆ ਹੈ। ਅਸੀਂ ਬਹੁਤ ਸਾਰੇ ਦਬਾਅ ਵਾਲੇ ਮੁਕਾਬਲੇ ਖੇਡੇ ਹਨ, ਪਰ ਨਤੀਜਾ ਸਾਡੇ ਹੱਕ 'ਚ ਨਹੀਂ ਰਿਹਾ।"

"ਫਿਰ ਸਾਨੂੰ ਸਮਝ ਆਈ ਕਿ ਕੀ ਕਰਨ ਦੀ ਜ਼ਰੂਰਤ ਹੈ। ਅੱਜ ਉਸ ਦੀ ਇੱਕ ਮਿਸਾਲ ਹੈ। ਸਾਨੂੰ ਪਤਾ ਲੱਗਿਆ ਕਿ ਕਿਵੇਂ ਵਾਪਸੀ ਕੀਤੀ ਜਾਂਦੀ ਹੈ। ਅਸੀਂ ਇੱਕ ਟੀਮ ਦੀ ਤਰ੍ਹਾਂ ਡਟੇ ਰਹੇ।"

ਚੈਂਪੀਅਨਜ਼ ਟਰਾਫੀ ਦਾ ਸ਼ਾਨਦਾਰ ਅਜੇਤੂ ਸਫ਼ਰ

ਟੀਮ ਇੰਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਮ ਇੰਡੀਆ ਨੇ ਸਾਰੇ ਪੰਜਾਂ ਮੈਚਾਂ ਵਿੱਚ ਜਿੱਤ ਦਰਜ ਕੀਤੀ

ਟੀ-20 ਵਿਸ਼ਵ ਕੱਪ 'ਚ ਮਿਲੀ ਜਿੱਤ ਦੇ ਸਿਲਸਿਲੇ ਨੂੰ ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ ਦੇ ਜ਼ਰੀਏ ਅੱਗੇ ਵਧਾਇਆ ਹੈ। ਪੂਰੇ ਟੂਰਨਾਮੈਂਟ 'ਚ ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਕਮਾਲ ਦੇ ਫਾਰਮ 'ਚ ਵਿਖਾਈ ਦਿੱਤੇ।

ਪੰਜਾਂ ਮੈਚਾਂ 'ਚ ਇੱਕ ਵਾਰ ਵੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵਿਰੋਧੀ ਟੀਮ ਨੂੰ 300 ਦੌੜਾਂ ਬਣਾਉਣ ਨਹੀਂ ਦਿੱਤੀਆਂ। ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੋਟੀ ਦੇ 10 ਖਿਡਾਰੀਆਂ 'ਚ 3 ਭਾਰਤੀ ਗੇਂਦਬਾਜ਼ ਸ਼ਾਮਲ ਹਨ।

ਵਰੁਣ ਚੱਕਰਵਰਤੀ ਭਾਰਤ ਦਾ 'ਟਰੰਪ ਕਾਰਡ' ਸਾਬਤ ਹੋਏ। ਉਨ੍ਹਾਂ ਨੇ 3 ਮੈਚਾਂ 'ਚ ਹੀ 9 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਵੀ 5 ਮੈਚਾਂ 'ਚ 9 ਵਿਕਟਾਂ ਲੈਣ 'ਚ ਕਾਮਯਾਬ ਰਹੇ। ਕੁਲਦੀਪ ਯਾਦਵ ਨੇ ਪੰਜ ਮੈਚਾਂ 'ਚ 7 ਵਿਕਟਾਂ ਲਈਆਂ।

ਇਸ ਦੇ ਨਾਲ ਹੀ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 15 ਖਿਡਾਰੀਆਂ 'ਚ ਪੰਜ ਭਾਰਤੀ ਖਿਡਾਰੀਆਂ ਦੇ ਨਾਮ ਸ਼ਾਮਲ ਹਨ। ਸ਼੍ਰੇਅਸ ਆਈਰ ਨੇ 243 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ 'ਚ 218 ਦੌੜਾਂ ਬਣਾਈਆਂ।

ਇਹ ਇਸ ਗੱਲ ਦੀ ਇੱਕ ਮਿਸਾਲ ਹੈ ਕਿ ਕਿਵੇਂ ਟੀਮ ਦੇ ਹਰ ਇੱਕ ਖਿਡਾਰੀ ਨੇ ਟੀਮ ਦੀ ਜਿੱਤ ਨੂੰ ਪੱਕਾ ਕਰਨ ਲਈ ਜ਼ਿੰਦ ਜਾਨ ਨਾਲ ਮਿਹਨਤ ਕੀਤੀ ਅਤੇ ਆਪੋ-ਆਪਣਾ ਯੋਗਦਾਨ ਦਿੱਤਾ। ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ ਦੇ ਕਿਸੇ ਵੀ ਮੈਚ 'ਚ ਬਿਨ੍ਹਾਂ ਕਿਸੇ ਮੁਸ਼ਕਲ ਦੇ ਵਿਰੋਧੀ ਟੀਮ ਨੂੰ ਮਾਤ ਦਿੱਤੀ।

ਜਿੱਤ ਤੋਂ ਬਾਅਦ ਰੋਹਿਤ ਸ਼ਰਮਾਂ ਦੇ ਸ਼ਬਦ

ਰੋਹਿਤ ਅਤੇ ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਹਿਤ ਅਤੇ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਖਿਤਾਬ ਨਾਲ

ਫਾਈਨਲ ਮੈਚ 'ਚ 76 ਦੌੜਾਂ ਦੀ ਪਾਰੀ ਖੇਡਣ ਲਈ ਕਪਤਾਨ ਰੋਹਿਤ ਸ਼ਰਮਾ ਨੂੰ ਪਲੇਅਰ ਆਫ਼ ਦਾ ਮੈਚ ਦਾ ਖਿਤਾਬ ਦਿੱਤਾ ਗਿਆ।

ਖਿਤਾਬ ਹਾਸਲ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ, "ਬਹੁਤ ਚੰਗਾ ਲੱਗ ਰਿਹਾ ਹੈ। ਅਸੀਂ ਬਹੁਤ ਵਧੀਆ ਕ੍ਰਿਕਟ ਖੇਡੀ ਹੈ ਅਤੇ ਨਤੀਜੇ ਸਾਡੇ ਹੱਕ 'ਚ ਰਹੇ ਹਨ। ਮੈਂ ਅਟੈਕਿੰਗ ਕ੍ਰਿਕਟ ਖੇਡ ਰਿਹਾ ਹਾਂ ਅਤੇ ਇਸ 'ਚ ਕਈ ਵਾਰ ਨਤੀਜੇ ਤੁਹਾਡੇ ਹੱਕ 'ਚ ਨਹੀਂ ਆਉਂਦੇ ਹਨ।"

"ਇਸ ਲਈ ਮੈਨੂੰ ਬੱਲੇਬਾਜ਼ੀ 'ਚ ਡੇਪਥ ਚਾਹੀਦੀ ਸੀ। ਜਡੇਜਾ ਦਾ ਅੱਠਵੇਂ ਨੰਬਰ 'ਤੇ ਹੋਣਾ ਭਰੋਸਾ ਦਿੰਦਾ ਹੈ। ਮੇਰੇ ਦਿਮਾਗ 'ਚ ਸਭ ਕੁਝ ਸਪੱਸ਼ਟ ਸੀ ਕਿ ਮੈਨੂੰ ਕੀ ਚਾਹੀਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)