ਯੂਕੇ ਵਿੱਚ ਇਸ ਤਕਨੀਕ ਰਾਹੀਂ ਪਤਾ ਲੱਗੇਗਾ ਕਿ ਕੌਣ-ਕੌਣ ਉੱਥੇ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਐਮਾ ਰੋਸੀਟਰ
- ਰੋਲ, ਬੀਬੀਸੀ ਪੱਤਰਕਾਰ
ਯੂਕੇ ਵਿੱਚ ਸੰਸਦ ਮੈਂਬਰਾਂ ਦੀ ਇੱਕ ਅੰਤਰ-ਪਾਰਟੀ ਕਮੇਟੀ ਦਾ ਕਹਿਣਾ ਹੈ ਕਿ ਯੂਕੇ ਦੇ ਗ੍ਰਹਿ ਦਫ਼ਤਰ ਨੂੰ ਇਹ ਨਹੀਂ ਪਤਾ ਕਿ ਵਿਦੇਸ਼ੀ ਕਾਮੇ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਬ੍ਰਿਟੇਨ ਛੱਡ ਰਹੇ ਹਨ ਜਾਂ ਕੀ ਉਹ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਲਈ ਉੱਥੇ ਹੀ ਰਹੇ ਹਨ।
ਸਰਕਾਰੀ ਖ਼ਰਚਿਆਂ ਦੀ ਜਾਂਚ ਕਰਨ ਵਾਲੀ ਪਬਲਿਕ ਅਕਾਊਂਟਸ ਕਮੇਟੀ (ਪੀਏਸੀ) ਨੇ ਕਿਹਾ ਕਿ ਗ੍ਰਹਿ ਮੰਤਰਾਲਾ 2020 ਵਿੱਚ, ਵੀਜ਼ਾ ਜਾਰੀ ਕਰਨਾ ਸ਼ੁਰੂ ਕਰਨ ਤੋਂ ਬਾਅਦ ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਨਿਗਰਾਨੀ ਕਰਨ ਵਿੱਚ ਅਸਫਲ ਰਿਹਾ ਹੈ।
ਗ੍ਰਹਿ ਦਫ਼ਤਰ ਇਹ ਵਿਸ਼ਲੇਸ਼ਣ ਕਰਨ ਵਿੱਚ ਵੀ ਅਸਫ਼ਲ ਰਿਹਾ ਹੈ ਕਿ ਅਜਿਹੇ ਵੀਜ਼ਿਆਂ 'ਤੇ ਯੂਕੇ ਆਏ ਲੋਕਾਂ ਵਿੱਚੋਂ ਕਿੰਨੇ ਵਾਪਸ ਆਏ ਹਨ।
ਇਹ ਦਸੰਬਰ 2020 ਵਿੱਚ ਸ਼ੁਰੂ ਹੋਇਆ ਸੀ ਅਤੇ 2024 ਦੇ ਅੰਤ ਤੱਕ ਤਕਰੀਬਨ 1.18 ਲੱਖ ਲੋਕਾਂ ਨੇ ਇਸ ਸਹੂਲਤ ਤਹਿਤ ਯੂਕੇ ਆਉਣ ਲਈ ਅਰਜ਼ੀ ਦਿੱਤੀ ਸੀ।
ਗ੍ਰਹਿ ਦਫ਼ਤਰ ਨੇ ਕਿਹਾ ਕਿ ਇਸ ਨੂੰ ਵਿਰਾਸਤ ਵਿੱਚ ਇੱਕ 'ਟੁੱਟਿਆ ਹੋਇਆ ਇਮੀਗ੍ਰੇਸ਼ਨ ਸਿਸਟਮ' ਮਿਲਿਆ ਹੈ ਅਤੇ ਉਹ 'ਸਿਸਟਮ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ' ਲਈ ਕੰਮ ਕਰ ਰਿਹਾ ਹੈ।
ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਲੋਕ ਯੂਕੇ ਵਿੱਚ ਰਹਿੰਦੇ ਹਨ

ਤਸਵੀਰ ਸਰੋਤ, Getty Images
ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਹੁਨਰਮੰਦ ਵਰਕਰ ਵੀਜ਼ਾ ਰੂਟ ਨੇ ਟੀਅਰ 2 (ਜਨਰਲ) ਵਰਕ ਵੀਜ਼ਾ ਦੀ ਥਾਂ ਲੈ ਲਈ।
ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਅਤੇ ਸਮਾਜਿਕ ਖੇਤਰਾਂ ਵਿੱਚ ਹੁਨਰ ਦੀ ਘਾਟ ਅਤੇ ਨੌਕਰੀਆਂ ਦੀਆਂ ਅਸਾਮੀਆਂ ਨੂੰ ਪੂਰਾ ਕਰਨ ਲਈ 2022 ਵਿੱਚ ਪਿਛਲੀ ਕੰਜ਼ਰਵੇਟਿਵ ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ ਸੀ, ਜਿਸ ਕਾਰਨ ਵਿਦੇਸ਼ੀ ਕਾਮਿਆਂ ਦਾ ਕਾਨੂੰਨੀ ਪਰਵਾਸ ਰਿਕਾਰਡ ਪੱਧਰ ਤੱਕ ਵੱਧਿਆ।
ਪਰ ਪੀਏਸੀ ਨੇ ਗ੍ਰਹਿ ਦਫ਼ਤਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ 'ਬੁਨਿਆਦੀ' ਜਾਣਕਾਰੀ ਇਕੱਠਾ ਕਰਨ ਵਿੱਚ ਅਸਫ਼ਲ ਰਿਹਾ ਹੈ ਕਿ ਕੀ ਲੋਕ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਯੂਕੇ ਛੱਡ ਦਿੰਦੇ ਹਨ ਅਤੇ ਇਹ ਜਾਣਨ ਵਿੱਚ ਬਹੁਤ ਘੱਟ ਦਿਲਚਸਪੀ ਦਿਖਾ ਰਹੇ ਹਨ ਕਿ ਇਹ ਸਕੀਮ ਅਜੇ ਵੀ ਕਿਵੇਂ ਕੰਮ ਕਰ ਰਹੀ ਹੈ।
ਇਸਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਅਜੇ ਵੀ ਏਅਰਲਾਈਨਾਂ ਵੱਲੋਂ ਰੱਖੇ ਗਏ ਯਾਤਰੀ ਰਿਕਾਰਡਾਂ 'ਤੇ ਨਿਰਭਰ ਕਰਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਦੇਸ਼ ਛੱਡ ਕੇ ਗਿਆ ਹੈ। ਸਾਲ 2020 ਤੋਂ ਬਾਅਦ ਇਨ੍ਹਾਂ ਰਿਕਾਰਡਾਂ ਦਾ ਕੋਈ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਹੈ।
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਗ੍ਰਹਿ ਦਫ਼ਤਰ ਨੂੰ ਇਹ ਵੀ ਫ਼ੈਸਲਾ ਕਰਨ ਦੀ ਲੋੜ ਹੈ ਕਿ ਦੇਸ਼ ਛੱਡਣ ਵਾਲੇ ਲੋਕਾਂ ਦੇ ਰਿਕਾਰਡ ਰੱਖਣ ਲਈ ਕਿਹੜੇ ਕਦਮ ਚੁੱਕੇ ਜਾਣਗੇ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ, "ਇਸ ਗੱਲ ਦੇ ਵਿਆਪਕ ਸਬੂਤ ਹਨ ਕਿ ਕਾਮੇ ਕਰਜ਼ੇ ਹੇਠ, ਬਹੁਤ ਜ਼ਿਆਦਾ ਕੰਮ ਦੇ ਘੰਟਿਆਂ ਅਤੇ ਸ਼ੋਸ਼ਣ ਵਾਲੀਆਂ ਸਥਿਤੀਆਂ ਤੋਂ ਪੀੜਤ ਸਨ।"

ਤਸਵੀਰ ਸਰੋਤ, Getty Images
ਵਿਭਾਗ 'ਤੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ 'ਹੌਲੀ ਅਤੇ ਬੇਅਸਰ' ਯਤਨ ਕਰਨ ਦਾ ਇਲਜ਼ਾਮ ਲਗਾਇਆ ਗਿਆ।
ਗ੍ਰਹਿ ਸਕੱਤਰ ਯਵੇਟ ਕੂਪਰ ਨੇ ਮਈ ਵਿੱਚ ਕਿਹਾ ਸੀ ਕਿ ਸਰਕਾਰ ਰਿਕਾਰਡ ਪਰਵਾਸ ਨੂੰ ਰੋਕਣ ਦੀ ਯੋਜਨਾ ਦੇ ਹਿੱਸੇ ਵਜੋਂ ਦੇਖਭਾਲ ਕਰਮਚਾਰੀਆਂ ਦੀ ਭਰਤੀ ਬੰਦ ਕਰ ਦੇਵੇਗੀ।
ਪਰ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬੀਬੀਸੀ ਬ੍ਰੇਕਫਾਸਟ ਨੂੰ ਦੱਸਿਆ ਕਿ ਰਿਪੋਰਟ ਦੇ ਨਤੀਜੇ ਸਹੀ ਹਨ ਅਤੇ ਸਿਸਟਮ 'ਜਿੰਨੀ ਲੋੜ ਹੈ ਓਨਾਂ ਮਜ਼ਬੂਤ ਨਹੀਂ ਰਿਹਾ' ਹੈ।
ਉਨ੍ਹਾਂ ਨੇ ਪਿਛਲੇ ਸਾਲ ਕੀਅਰ ਸਟਾਰਮਰ ਦੇ ਜਿੱਤ ਤੋਂ ਬਾਅਦ ਦਿੱਤੇ ਭਾਸ਼ਣ ਦੀਆਂ ਟਿੱਪਣੀਆਂ ਨੂੰ ਦੁਹਰਾਉਂਦੇ ਹੋਏ ਕਿਹਾ, "ਬਦਲਾਅ ਸਿਰਫ਼ ਇੱਕ ਸਵਿੱਚ ਦਬਾਉਣ ਨਾਲ ਨਹੀਂ ਹੁੰਦਾ।"
ਜਦੋਂ ਪੁੱਛਿਆ ਗਿਆ ਕਿ ਗ੍ਰਹਿ ਮੰਤਰਾਲਾ ਦੇਸ਼ ਵਿੱਚ ਦਾਖਲ ਹੋਣ ਅਤੇ ਜਾਣ ਵਾਲੇ ਲੋਕਾਂ ਦੀ ਸਹੀ ਨਿਗਰਾਨੀ ਕਦੋਂ ਕਰ ਸਕੇਗਾ?

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਸਿਸਟਮ ਦਾ ਇੱਕ ਗਿਣਨਯੋਗ ਹਿੱਸਾ ਹੁਣ ਲਾਗੂ ਹੋ ਗਿਆ ਹੈ ਅਤੇ ਕੰਮ ਕਰ ਰਿਹਾ ਹੈ।"
ਸਰਕਾਰ ਕੰਮ ਵਾਲੀ ਥਾਂ 'ਤੇ ਬਾਇਓਮੈਟ੍ਰਿਕ ਟੈਸਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਕਿਸੇ ਵਿਅਕਤੀ ਦੇ ਉਂਗਲਾਂ ਦੇ ਨਿਸ਼ਾਨਾਂ ਰਾਹੀਂ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਾਨੂੰਨੀ ਤੌਰ 'ਤੇ ਯੂਕੇ ਵਿੱਚ ਰਹਿ ਰਿਹਾ ਹੈ ਅਤੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ, "ਅਸੀਂ ਇਸ ਮਾਮਲੇ 'ਤੇ ਅਹਿਮ ਪ੍ਰਗਤੀ ਕਰਨ ਜਾ ਰਹੇ ਹਾਂ।"
'ਪਾਰਦਰਸ਼ਤਾ ਦੀ ਘਾਟ'

ਤਸਵੀਰ ਸਰੋਤ, Getty Images
ਗ੍ਰਹਿ ਦਫ਼ਤਰ ਦੀ ਸਥਾਈ ਸਕੱਤਰ ਡੇਮ ਐਂਟੋਨੀਆ ਰੋਮੀਓ ਨੇ ਵੀ ਕਿਹਾ ਹੈ ਕਿ ਓਵਰਸਟੇਅਰਿੰਗ (ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰਹਿਣਾ) ਇੱਕ 'ਸਮੱਸਿਆ' ਹੈ ਜਿਸ ਨੂੰ ਵਿਭਾਗ 'ਹੱਲ' ਕਰ ਰਿਹਾ ਹੈ।
ਪਰ ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਡਾਇਰੈਕਟਰ ਡਾਕਟਰ ਮੈਡੇਲੀਨ ਸੈਂਪਸਨ ਦੇ ਮੁਤਾਬਕ, ਇਸ ਬਾਰੇ 'ਕੋਈ ਪਾਰਦਰਸ਼ਤਾ' ਨਹੀਂ ਹੈ ਕਿ ਗ੍ਰਹਿ ਦਫ਼ਤਰ ਲੋਕਾਂ ਨੂੰ ਨਵੀਆਂ ਨੌਕਰੀਆਂ ਲੱਭਣ ਵਿੱਚ ਕਿਵੇਂ ਮਦਦ ਕਰਦਾ ਹੈ।
ਉਨ੍ਹਾਂ ਨੇ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ ਕਿ ਉਸਦੀ ਜੋ ਪ੍ਰਕਿਰਿਆ ਹੁਣ ਤੱਕ ਹੋਈ ਹੈ ਉਹ 'ਬਹੁਤ ਪ੍ਰਭਾਵਸ਼ਾਲੀ' ਨਹੀਂ ਜਾਪਦੀ।
ਉਨ੍ਹਾਂ ਚਿੰਤਾ ਜਤਾਈ, "ਮੈਨੂੰ ਲੱਗਦਾ ਹੈ ਕਿ ਇਹ ਕੁਝ ਸਮੇਂ ਲਈ ਗ੍ਰਹਿ ਦਫ਼ਤਰ ਲਈ ਇੱਕ ਮੁੱਦਾ ਰਹੇਗਾ।"
ਗ੍ਰਹਿ ਦਫ਼ਤਰ ਦੇ ਬੁਲਾਰੇ ਨੇ ਕਿਹਾ, "ਇਹ ਰਿਪੋਰਟ ਫਿਰ ਤੋਂ ਪੁਸ਼ਟੀ ਕਰਦੀ ਹੈ ਕਿ ਪੰਜ ਸਾਲ ਪਹਿਲਾਂ ਹੁਨਰਮੰਦ ਕਾਮਿਆਂ 'ਤੇ ਵੀਜ਼ਾ ਪਾਬੰਦੀਆਂ ਨੂੰ ਢਿੱਲਾ ਕਰਨ ਦੇ ਸਰਕਾਰ ਦੇ ਫ਼ੈਸਲੇ ਕਾਰਨ ਯੂਕੇ ਵਿੱਚ ਪਰਵਾਸ ਦੇ ਪੱਧਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਸਾਲ 2023 ਵਿੱਚ ਤਕਰੀਬਨ 10 ਲੱਖ ਲੋਕ ਇੱਥੇ ਆਏ।"
"ਅਸੀਂ ਟੁੱਟੇ ਹੋਏ ਇਮੀਗ੍ਰੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਕਦਮ ਚੁੱਕੇ ਹਨ। ਅਸੀਂ 2012 ਤੋਂ ਸਭ ਤੋਂ ਵੱਧ ਹੁਨਰਮੰਦ ਕਾਮਿਆਂ ਦੀ ਸਪਾਂਸਰਸ਼ਿਪ ਨੂੰ ਮੁਅੱਤਲ ਕਰ ਦਿੱਤਾ ਹੈ।"
"ਅਸੀਂ ਹੁਨਰਮੰਦ ਕਾਮਿਆਂ ਲਈ ਸਿੱਖਿਆ ਦੀ ਲੋੜ ਨੂੰ ਡਿਗਰੀ ਪੱਧਰ ਤੱਕ ਵਧਾ ਦਿੱਤਾ ਹੈ। ਅਤੇ ਅਸੀਂ ਸਿਹਤ ਸੰਭਾਲ ਖੇਤਰ ਵਿੱਚ ਵਿਦੇਸ਼ੀ ਭਰਤੀ ਨੂੰ ਖ਼ਤਮ ਕਰ ਦਿੱਤਾ ਹੈ।"
"ਇਮੀਗ੍ਰੇਸ਼ਨ 'ਤੇ ਵ੍ਹਾਈਟ ਪੇਪਰ ਨਾਲ ਅਸੀਂ ਪਰਵਾਸ ਨੂੰ ਅਗਲੇ ਪੱਧਰ 'ਤੇ ਲੈ ਜਾਵਾਂਗੇ। ਅਸੀਂ ਉੱਚ-ਹੁਨਰ ਵਾਲੇ ਅਤੇ ਬ੍ਰਿਟਿਸ਼ ਕਾਮਿਆਂ ਦਾ ਸਮਰਥਨ ਕਰਾਂਗੇ ਅਤੇ ਜਨਤਾ ਦਾ ਵਿਸ਼ਵਾਸ ਜਿੱਤਾਂਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












