43 ਜਣਿਆਂ ਦਾ ਟੱਬਰ ਸੀ, 35 ਮਾਰੇ ਗਏ, ਬਾਕੀ ਬਚੇ ਤੰਬੂ ’ਚ ਰਹਿ ਰਹੇ

- ਲੇਖਕ, ਆਲਾ ਰਾਗੀ
- ਰੋਲ, ਬੀਬੀਸੀ ਪੱਤਰਕਾਰ
"ਜੰਗ ਕਾਰਨ ਇਹ ਈਦ ਕਿਸੇ ਹੋਰ ਈਦ ਵਾਂਗ ਨਹੀਂ ਹੈ, ਅਸੀਂ ਆਪਣਾ ਪਰਿਵਾਰ ਗੁਆ ਦਿੱਤਾ।"
ਇਹ ਬੋਲ ਇੱਕ 11 ਸਾਲਾ ਬੱਚੇ ਲਯਾਨ ਦੇ ਹਨ ਜੋ ਰਫਾਹ ਵਿੱਚ ਰਹਿੰਦੀ ਹੈ।
ਜਦੋਂ ਮੁਸਲਮਾਨ ਈਦ-ਉਲ-ਫ਼ਿਤਰ ਮਨਾਉਣ ਦੀ ਤਿਆਰੀ ਕਰ ਰਹੇ ਹਨ ਤਾਂ ਗਾਜ਼ਾ ਦੇ ਬੱਚਿਆਂ ਦਾ ਕਹਿਣਾ ਹੈ ਕਿ ਈਦ ਦੀ ਖੁਸ਼ੀ ਉਨ੍ਹਾਂ ਤੋਂ ਖੋਹ ਲਈ ਗਈ ਹੈ।
ਦਰਅਸਲ, ਇਹ ਤਿਉਹਾਰ ਜੋ ਰਮਜ਼ਾਨ ਦੇ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਹੈ।
ਸੰਯੁਕਤ ਰਾਸ਼ਟਰ ਦੇ ਬੱਚਿਆਂ ਦੀ ਸੰਸਥਾ, ਯੂਨੀਸੇਫ ਦੇ ਅਨੁਸਾਰ, ਜੋ ਬੱਚੇ ਅਨਾਥ ਹਨ ਜਾਂ ਉਨ੍ਹਾਂ ਦੀ ਦੇਖਭਾਲ ਲਈ ਕੋਈ ਬਾਲਗ਼ ਨਹੀਂ ਹੈ। ਗਾਜ਼ਾ ਪੱਟੀ ਵਿੱਚ ਵਿਸਥਾਪਿਤ ਆਬਾਦੀ ਦਾ ਇੱਕ ਫੀਸਦ ਹਿੱਸਾ ਅਜਿਹੇ ਬੱਚਿਆ ਦਾ ਹੈ।
ਬੱਚਿਆਂ ਤੋਂ ਬਿਨਾਂ ਕੋਈ ਕੈਂਪ ਨਹੀਂ ਹੈ ਜਿਨ੍ਹਾਂ ਨੇ ਮਾਪਿਆਂ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਦਾ ਨੁਕਸਾਨ ਨਾ ਝੱਲਿਆ ਹੋਵੇ।
ਲਯਾਨ ਅਤੇ ਉਸ ਦੀ ਭੈਣ ਸਿਵਰ, ਜੋ ਕਿ 18 ਮਹੀਨਿਆਂ ਦੀ ਹੈ, ਉਸ ਦੇ ਪਰਿਵਾਰ ਵਿੱਚ ਇੱਕਲੇ ਬੱਚੇ ਹਨ।
ਪਰਿਵਾਰ ਦੇ ਬਾਕੀ ਮੈਂਬਰ ਅਕਤੂਬਰ ਵਿੱਚ ਗਾਜ਼ਾ ਸ਼ਹਿਰ ਦੇ ਅਲ-ਅਹਲੀ ਹਸਪਤਾਲ ਵਿੱਚ ਮਾਰੇ ਗਏ ਸੀ।
ਦਰਅਸਲ, ਇੱਥੇ ਉਨ੍ਹਾਂ ਨੇ ਪੱਟੀ ਵਿੱਚ ਬੰਬ ਧਮਾਕੇ ਤੋਂ ਬਚਣ ਲਈ ਸ਼ਰਨ ਮੰਗੀ ਸੀ।

ਲਯਾਨ ਨੇ ਉਸ ਰਾਤ ਆਪਣੇ ਪਰਿਵਾਰ ਦੇ 35 ਮੈਂਬਰਾਂ ਨੂੰ ਗੁਆ ਦਿੱਤਾ, ਜਿਸ ਵਿੱਚ ਉਸ ਦੇ ਮਾਤਾ-ਪਿਤਾ ਅਤੇ ਉਸ ਦੇ ਪੰਜ ਭੈਣ-ਭਰਾ ਸ਼ਾਮਲ ਸਨ।
ਉਸ ਮੁਤਾਬਕ, "ਸਾਡੇ ਪਰਿਵਾਰ ਨੂੰ ਹਸਪਤਾਲ ਪਹੁੰਚੇ ਅਜੇ ਅੱਧਾ ਘੰਟਾ ਹੀ ਹੋਇਆ ਸੀ ਜਦੋਂ ਦੋ ਮਿਜ਼ਾਈਲਾਂ ਸਾਡੇ 'ਤੇ ਆ ਡਿੱਗੀਆਂ। ਮੈਂ ਜਾਗਿਆ ਅਤੇ ਮੇਰਾ ਸਾਰਾ ਪਰਿਵਾਰ ਟੁਕੜੇ-ਟੁਕੜੇ ਹੋ ਗਿਆ ਸੀ।"
ਗਾਜ਼ਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਹਸਪਤਾਲ 'ਤੇ ਹਮਲੇ ਨਾਲ ਸੈਂਕੜੇ ਲੋਕ ਮਾਰੇ ਗਏ ਸਨ, ਜਿਸ ਲਈ ਅੱਤਵਾਦੀ ਸਮੂਹ ਫ਼ਲਸਤੀਨੀ ਇਸਲਾਮਿਕ ਜੇਹਾਦ ਅਤੇ ਇਜ਼ਰਾਈਲ ਨੇ ਇੱਕ-ਦੂਜੇ 'ਤੇ ਇਲਜ਼ਾਮ ਲਗਾਏ ਹਨ।
ਲਯਾਨ ਨੂੰ ਆਪਣੀ ਇੱਕ ਰਿਸ਼ਤੇਦਾਰ ਅਤੇ ਭਰਾ ਨਾਲ ਮਿਲ ਕੇ ਕੁਝ ਰਾਹਤ ਮਿਲੀ। ਜਿਸ ਨਾਲ ਉਹ ਅਤੇ ਉਸ ਦੀ ਭੈਣ ਦੱਖਣੀ ਗਾਜ਼ਾ ਦੇ ਰਫਾਹ ਵਿੱਚ ਇੱਕ ਤੰਬੂ ਵਿੱਚ ਸ਼ਰਨ ਲੈ ਰਹੇ ਹਨ।
ਯੁੱਧ ਤੋਂ ਪਹਿਲਾਂ, ਲਯਾਨ ਆਪਣੇ ਮਾਪਿਆਂ ਨਾਲ ਈਦ ਲਈ ਨਵੇਂ ਕੱਪੜੇ ਖਰੀਦਦੀ ਸੀ, ਉਹ ਈਦ ਦੀਆਂ ਕੂਕੀਜ਼ ਪਕਾਉਂਦੇ ਸਨ, ਜਿਸ ਨੂੰ ਸਥਾਨਕ ਤੌਰ 'ਤੇ "ਮਾਮੌਲ" ਕਿਹਾ ਜਾਂਦਾ ਹੈ ਅਤੇ ਪਰਿਵਾਰਕ ਇਕੱਠਾਂ ਦਾ ਆਨੰਦ ਮਾਣਦੇ ਸਨ।
ਉਹ ਆਖਦਾ ਹੈ, "ਪਰ ਇਸ ਸਾਲ ਕੋਈ ਪਰਿਵਾਰਕ ਇਕੱਠ ਨਹੀਂ ਹੋਵੇਗਾ। ਇਸ ਈਦ 'ਤੇ ਕੋਈ ਵੀ ਸਾਨੂੰ ਮਿਲਣ ਨਹੀਂ ਆਵੇਗਾ।"

24 ਸਾਲਾ ਅਲੀ ਉਸ ਦੀ ਅਤੇ ਉਸਦੀ ਭੈਣ ਦੀ ਦੇਖਭਾਲ ਕਰ ਰਿਹਾ ਹੈ। ਯੁੱਧ ਕਾਰਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।
ਪੈਸੇ ਦੀ ਘਾਟ ਹੋਣ ਦੇ ਬਾਵਜੂਦ ਅਲੀ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੀ ਪਹੁੰਚ ਮੁਤਾਬਕ ਆਪਣੇ ਭਰਾਵਾਂ ਲਈ ਕੱਪੜੇ ਅਤੇ ਖਿਡੌਣੇ ਖਰੀਦੇਗਾ।
ਲਯਾਨ ਦੇ ਚਚੇਰੇ ਭਰਾ ਗਾਜ਼ਾ ਸਿਟੀ ਦੇ ਜ਼ੀਤੁਨ ਇਲਾਕੇ ਵਿੱਚ ਇੱਕ ਇਮਾਰਤ ਵਿੱਚ ਆਪਣੇ ਪਰਿਵਾਰ ਦੇ 43 ਮੈਂਬਰਾਂ ਨਾਲ ਇਕੱਠੇ ਰਹਿੰਦੇ ਸਨ। ਹੁਣ ਬਚੇ ਹੋਏ ਲੋਕ ਦੱਖਣੀ ਗਾਜ਼ਾ ਵਿੱਚ ਇੱਕ ਤੰਬੂ ਵਿੱਚ ਰਹਿ ਰਹੇ ਹਨ।
ਲਯਾਨ ਵਾਂਗ, ਉਸ ਦਾ 14 ਸਾਲ ਚਚੇਰਾ ਭਰਾ ਮਹਿਮੂਦ ਵੀ ਯੁੱਧ ਵਿੱਚ ਅਨਾਥ ਹੋ ਗਿਆ ਹੈ।
ਉਸਨੇ ਅਲ-ਅਹਲੀ ਹਸਪਤਾਲ ਵਿੱਚ ਉਸੇ ਘਟਨਾ ਵਿੱਚ ਆਪਣੇ ਮਾਤਾ-ਪਿਤਾ ਅਤੇ ਆਪਣੇ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਗੁਆ ਦਿੱਤਾ। ਜਦੋਂ ਹਮਲਾ ਹੋਇਆ ਤਾਂ ਉਹ ਬਾਹਰ ਸੀ ਕਿਉਂਕਿ ਉਹ ਆਪਣੇ ਪਰਿਵਾਰ ਲਈ ਪਾਣੀ ਲੈਣ ਗਿਆ ਸੀ।
"ਜਦੋਂ ਮੈਂ ਵਾਪਿਸ ਆਇਆ, ਮੈਂ ਸਭ ਨੂੰ ਮਰਿਆ ਹੋਇਆ ਦੇਖਿਆ, ਉਹ ਦੇਖ ਕੇ ਮੈਂ ਹੈਰਾਨ ਰਹਿ ਗਿਆ।"
ਯੁੱਧ ਤੋਂ ਪਹਿਲਾਂ, ਮਹਿਮੂਦ ਬਾਡੀ ਬਿਲਡਿੰਗ ਚੈਂਪੀਅਨ ਬਣਨ ਦਾ ਸੁਪਨਾ ਦੇਖ ਰਿਹਾ ਸੀ ਅਤੇ ਮਿਸਰ ਵਿੱਚ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ।
ਹੁਣ ਉਹ ਸਿਰਫ ਗਾਜ਼ਾ ਪੱਟੀ ਦੇ ਉੱਤਰ ਵਿੱਚ ਘਰ ਵਾਪਸ ਆਉਣ ਅਤੇ ਆਪਣੇ ਮਾਤਾ-ਪਿਤਾ ਦੀ ਯਾਦਗਾਰ ਦੇ ਸੁਪਨੇ ਦੇਖਦਾ ਹੈ।
ਉਹ ਆਖਦਾ ਹੈ, "ਇਸ ਈਦ ਦੀ ਕੋਈ ਖੁਸ਼ੀ ਨਹੀਂ ਹੋਵੇਗੀ। ਅਸੀਂ ਸੜਕਾਂ ਨੂੰ ਰੌਸ਼ਨੀਆਂ ਨਾਲ ਸਜਾਉਂਦੇ ਸੀ, ਪਰ ਅੱਜ, ਅਸੀਂ ਤੰਬੂ ਵਿੱਚ ਸਜਾਵਟ ਵਜੋਂ ਇੱਕ ਰੱਸੀ ਟੰਗ ਸਕਦੇ ਹਾਂ।"
ਫ਼ਲਸਤੀਨੀ ਸੈਂਟਰਲ ਬਿਊਰੋ ਆਫ਼ ਸਟੈਟਿਸਟਿਕਸ ਰਿਪੋਰਟ ਕਰਦਾ ਹੈ ਕਿ ਗਾਜ਼ਾ ਵਿੱਚ 43,000 ਤੋਂ ਵੱਧ ਬੱਚੇ ਇੱਕ ਜਾਂ ਦੋਵਾਂ ਮਾਪਿਆਂ ਤੋਂ ਬਿਨਾਂ ਰਹਿ ਰਹੇ ਹਨ।
ਹਾਲਾਂਕਿ ਸਹੀ ਅੰਕੜੇ ਹਾਸਿਲ ਕਰਨਾ ਔਖਾ ਹੈ, ਪਰ ਯੂਨੀਸੇਫ ਦਾ ਅੰਦਾਜ਼ਾ ਹੈ ਕਿ ਗਾਜ਼ਾ ਪੱਟੀ ਵਿੱਚ ਘੱਟੋ-ਘੱਟ 17,000 ਬੱਚੇ ਇਕੱਲੇ ਇਸ ਯੁੱਧ ਦੌਰਾਨ ਬਿਨਾਂ ਕਿਸੇ ਸਹਾਰੇ ਦੇ ਜਾਂ ਆਪਣੇ ਮਾਪਿਆਂ ਤੋਂ ਵਿਛੜ ਗਏ ਹਨ।

ਇਕੱਠੇ ਖਾਣਾ ਪਕਾਉਣਾ
ਈਦ ਦਾ ਰਵਾਇਤੀ ਅਰਥ ਹੈ ਪਰਿਵਾਰਕ ਇਕੱਠ ਅਤੇ ਇਸ ਮੌਕੇ ਨੂੰ ਮਨਾਉਣ ਲਈ ਵਿਸ਼ੇਸ਼ ਭੋਜਨ ਬਣਾਇਆ ਜਾਣਾ, ਪਰ ਦੋਵਾਂ ਦੀ ਗ਼ੈਰ-ਮੌਜੂਦਗੀ ਅਤੇ ਚੱਲ ਰਹੀ ਜੰਗ ਵਿਚਾਲੇ ਬੱਚਿਆਂ ਕੋਲ ਸਿਰਫ ਉਨ੍ਹਾਂ ਦੀਆਂ ਯਾਦਾਂ ਹੀ ਬਚੀਆਂ ਹਨ।
ਈਦ 'ਤੇ ਗਜ਼ਾਨ ਟੇਬਲ 'ਤੇ ਬਹੁਤ ਸਾਰੇ ਪਕਵਾਨਾਂ ਵਿੱਚ ਸੁਮਾਕੀਆ (ਇੱਕ ਮੀਟ ਸਟੂਅ) ਅਤੇ ਇੱਥੋਂ ਤੱਕ ਕਿ ਫਾਸਿਖ (ਨਮਕੀਨ ਮੱਛੀ) ਸ਼ਾਮਲ ਹੁੰਦੀਆਂ ਹਨ, ਪਰ ਈਦ ਕੂਕੀਜ਼ ਇਸ ਮੌਕੇ ਲਈ ਮੁੱਖ ਮਠਿਆਈ ਬਣੀਆਂ ਰਹਿੰਦੀਆਂ ਹਨ।
ਦੱਖਣੀ ਸ਼ਹਿਰ ਰਫਾਹ ਵਿੱਚ ਵਿਸਥਾਪਿਤ ਲੋਕਾਂ ਲਈ ਇੱਕ ਕੈਂਪ ਵਿੱਚ, ਲਗਭਗ 10 ਔਰਤਾਂ ਫ਼ਲਸਤੀਨੀ ਵਿਅਕਤੀ, ਮਾਜਦ ਨਾਸਰ ਅਤੇ ਉਸ ਦੇ ਪਰਿਵਾਰ ਦੇ ਤੰਬੂ ਵਿੱਚ ਈਦ ਦੀਆਂ ਕੂਕੀਜ਼ ਪਕਾਉਣ ਲਈ ਇਕੱਠੀਆਂ ਹੋਈਆਂ ਹਨ।
20 ਸਾਲਾ ਮਜਦ ਉੱਤਰ ਤੋਂ ਉੱਜੜ ਕੇ ਆਇਆ ਹੈ। ਉਸ ਨੇ 'ਕੈਂਪ ਦੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਈਦ ਦਾ ਸੁਆਦ ਤਾਜ਼ਾ ਕਰਨ ਲਈ' ਇੱਕ ਪਹਿਲਕਦਮੀ ਸ਼ੁਰੂ ਕੀਤੀ ਅਤੇ ਨੇੜਲੇ ਤੰਬੂਆਂ ਵਿੱਚ ਆਪਣੇ ਗੁਆਂਢੀਆਂ ਨੂੰ ਇਕੱਠੇ ਕੂਕੀਜ਼ ਪਕਾਉਣ ਲਈ ਸੱਦਾ ਦਿੱਤਾ।
ਉਹ ਦੱਸਦਾ ਹੈ, "ਮਾਮੌਲ ਤਿਆਰ ਕਰਨ ਵਾਲੀ ਸਮੱਗਰੀ ਦੀਆਂ ਕੀਮਤਾਂ ਪਿਛਲੇ ਸਾਲਾਂ ਨਾਲੋਂ ਤਿੰਨ ਤੋਂ ਚਾਰ ਗੁਣਾ ਵੱਧ ਮਹਿੰਗੀਆਂ ਹਨ।"
ਇਸ ਨੌਜਵਾਨ ਕੈਂਪ ਵਿੱਚ ਲਗਭਗ 60 ਪਰਿਵਾਰਾਂ ਨੂੰ ਗੋਲ ਕੇਕ ਵੰਡੇ ਗਏ।
ਲਗਭਗ 17 ਲੱਖ ਵਿਸਥਾਪਿਤ ਲੋਕ ਪੂਰੀ ਪੱਟੀ ਵਿੱਚ ਸਖ਼ਤ ਹਾਲਾਤ ਵਿੱਚ ਰਹਿੰਦੇ ਹਨ ਅਤੇ ਭੋਜਨ ਅਤੇ ਪਾਣੀ ਦੀ ਘਾਟ ਕਾਰਨ ਸਹਾਇਤਾ 'ਤੇ ਨਿਰਭਰ ਕਰਦੇ ਹਨ।

ਸਰਕਸ ਬੱਚਿਆਂ ਲਈ ਰਾਹਤ ਦੀ ਇੱਕ ਆਸ
ਹਾਲਾਤਾਂ ਦੇ ਬਾਵਜੂਦ, ਅਹਿਮਦ ਮੁਸ਼ਤਾਹਾ ਅਤੇ ਉਸਦੀ ਟੀਮ ਆਪਣੀ ਸਰਕਸ ਨਾਲ ਵੱਧ ਤੋਂ ਵੱਧ ਅਨਾਥ ਬੱਚਿਆਂ ਲਈ ਕੁਝ ਖੁਸ਼ੀ ਲਿਆਉਣ ਦੀ ਆਸ ਕਰ ਰਹੇ ਹਨ।
ਇਸ ਦੇ ਨਾਲ ਹੀ ਉਹ ਈਦ ਮੌਕੇ ਉੱਤਰੀ ਗਾਜ਼ਾ ਵਿੱਚ ਵਿਸਥਾਪਿਤ ਲੋਕਾਂ ਦੇ ਕੈਂਪਾਂ ਦਾ ਦੌਰਾ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ।
ਇਸ ਖੇਤਰ ਵਿੱਚ ਅੰਦਾਜ਼ਨ 3,00,000 ਲੋਕ ਹਨ ਜੋ ਅਕਾਲ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।
ਸਰਕਸ ਦੇ ਸੰਸਥਾਪਕ ਮੁਸ਼ਤਾਹਾ ਆਖਦੇ ਹਨ, "ਅਸੀਂ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਉਹ ਈਦ ਮਨਾ ਸਕਣ।"
ਸਰਕਸ ਦੀ ਸਥਾਪਨਾ 2011 ਵਿੱਚ ਕੀਤੀ ਗਈ ਸੀ। ਇਹ ਗਾਜ਼ਾ ਸ਼ਹਿਰ ਵਿੱਚ ਜਿਸ ਇਮਾਰਤ ਤੋਂ ਸੰਚਾਲਿਤ ਹੁੰਦੀ ਸੀ ਉਹ ਬੰਬ ਨਾਲ ਉਡਾ ਦਿੱਤੀ ਗਈ। ਉੱਥੇ ਹੀ ਇਹ ਬੱਚਿਆਂ ਨੂੰ ਸਰਕਸ ਕਲਾ ਵੀ ਸਿਖਾਉਂਦੇ ਸੀ।
ਜੰਗ ਤੋਂ ਪਹਿਲਾਂ, ਮੁਸ਼ਤਾਹਾ ਅਤੇ ਉਨ੍ਹਾਂ ਦੀ 10 ਕਲਾਕਾਰਾਂ ਦੀ ਟੀਮ ਬੱਚਿਆਂ ਅਤੇ ਅਨਾਥਾਂ ਲਈ ਪਾਰਕਾਂ ਵਿੱਚ ਪ੍ਰਦਰਸ਼ਨ ਕਰਦੀ ਸੀ।
ਕੈਂਪਾਂ ਅਤੇ ਖੇਤਰ ਦੇ ਖੰਡਰ ਹੁਣ ਉਨ੍ਹਾਂ ਦੇ ਪ੍ਰਦਰਸ਼ਨ ਦੀ ਪਿੱਠਭੂਮੀ ਸਿਰਜਦੇ ਹਨ, ਜਿਨ੍ਹਾਂ ਵਿੱਚ ਕਲਾਬਾਜ਼ੀਆਂ ਅਤੇ ਜੁਗਲਬੰਦੀ ਤੋਂ ਲੈ ਕੇ ਇੱਕ ਜੋਕਰ ਰਾਹੀਂ ਮਜ਼ਾਕੀਆ ਸਕੈਚ ਤੱਕ ਹੁੰਦੇ ਹਨ, ਜੋ ਬੱਚਿਆਂ ਨੂੰ ਹਸਾਉਂਦੇ ਹਨ।
ਮੁਸ਼ਤਾਹਾ ਕਹਿੰਦੇ ਹਨ, "ਜਦੋਂ ਵੀ ਅਸੀਂ ਅੱਗੇ ਵਧਦੇ ਹਾਂ ਤਾਂ ਸਾਨੂੰ ਬਹੁਤ ਜੋਖ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਕਈ ਵਾਰ ਚਮਤਕਾਰੀ ਢੰਗ ਨਾਲ ਬਚ ਗਏ ਅਤੇ ਅਸੀਂ ਜ਼ਖਮੀ ਹੋਏ, ਪਰ ਸਾਨੂੰ ਸਿਰਫ਼ ਇਸ ਗੱਲ ਦੀ ਪਰਵਾਹ ਹੈ ਕਿ ਬੱਚਿਆਂ ਨੂੰ ਯੁੱਧ ਦੀਆਂ ਮੁਸੀਬਤਾਂ ਨੂੰ ਭੁਲਾਉਣ ਲਈ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕੀਤੀ ਜਾਵੇ।"












