ਪੰਜਾਬ ਵਿੱਚ 'ਆਪ੍ਰੇਸ਼ਨ ਸ਼ੀਲਡ' ਤਹਿਤ ਕਰਵਾਈ ਗਈ ਮੌਕ ਡ੍ਰਿਲ ਦੌਰਾਨ ਕੀ ਕੁਝ ਹੋਇਆ

ਤਸਵੀਰ ਸਰੋਤ, Gurpreet Singh Chawla/BBC
ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ 31 ਮਈ, ਭਾਵ ਅੱਜ ਦੇਸ਼ ਦੀ ਪੱਛਮੀ ਸਰਹੱਦ ਦੇ ਨਾਲ ਲੱਗਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ।
ਇਹ ਡ੍ਰਿਲ ਪੰਜਾਬ ਵਿੱਚ ਵੀ, ਖ਼ਾਸ ਕਰਕੇ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋ ਰਹੀ ਹੈ।
ਇਹ ਮੌਕ ਡ੍ਰਿਲ ਸਿਵਲ ਡਿਫੈਂਸ ਐਕਸਰਸਾਈਜ਼ "ਆਪ੍ਰੇਸ਼ਨ ਸ਼ੀਲਡ" ਦੇ ਤਹਿਤ ਕਰਵਾਈ ਜਾ ਰਹੀ ਦੂਜੇ ਗੇੜ ਦੀ ਡ੍ਰਿੱਲ ਹੈ। ਪਹਿਲੇ ਗੇੜ ਦੀ ਡ੍ਰਿਲ 7 ਮਈ ਨੂੰ ਆਯੋਜਿਤ ਕੀਤੀ ਗਈ ਸੀ।
ਮੌਕ ਡ੍ਰਿਲ ਇੱਕ ਤਰ੍ਹਾਂ ਦਾ "ਅਭਿਆਸ" ਹੁੰਦਾ ਹੈ, ਜਿਸ ਵਿੱਚ ਲੋਕਾਂ ਨੂੰ ਐਮਰਜੈਂਸੀ ਦੇ ਹਾਲਾਤ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਜੇਕਰ ਹਵਾਈ ਹਮਲਾ ਜਾਂ ਬੰਬ ਹਮਲਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ।
ਇਸ ਦੌਰਾਨ ਇਹ ਦੇਖਿਆ ਜਾਂਦਾ ਹੈ ਕਿ ਲੋਕ ਐਮਰਜੈਂਸੀ ਸਥਿਤੀ ਵਿੱਚ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਇਸ ਲਈ ਚੁਣੇ ਹੋਏ ਲੋਕਾਂ ਅਤੇ ਵਲੰਟੀਅਰਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਇਹ ਮੌਕ ਡ੍ਰਿਲ ਕਿਉਂ ਕਰਵਾਈ ਜਾ ਰਹੀ ਹੈ, ਕਿੱਥੇ ਹੋ ਰਹੀ ਹੈ ਅਤੇ ਇਸ ਦੌਰਾਨ ਕੀ-ਕੀ ਹੋ ਰਿਹਾ ਹੈ।
ਮੌਕ ਡ੍ਰਿਲ ਕਿੱਥੇ-ਕਿੱਥੇ ਹੋ ਰਹੀ ਹੈ

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ, ਪਾਕਿਸਤਾਨ ਦੇ ਨਾਲ ਲੱਗਦੇ ਭਾਰਤ ਦੇ ਸਰਹੱਦੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਮੌਕ ਡ੍ਰਿਲ 31 ਮਈ, 2025, ਭਾਵ ਅੱਜ ਕਰਵਾਈ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਸ਼ਾਮ 5 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵੱਖੋ-ਵੱਖਰੇ ਸਥਾਨ ਅਤੇ ਸੁਵਿਧਾ ਮੁਤਾਬਕ, ਇਸ ਸਮੇਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
‘ਮੌਕ ਡ੍ਰਿਲ ਤਿਆਰੀ ਦੇਖਣ ਲਈ ਹੈ’- ਡੀਸੀ ਅੰਮ੍ਰਿਤਸਰ

ਤਸਵੀਰ ਸਰੋਤ, DPRO Amritsar
ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਆਮ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਸਾਡੇ ਜ਼ਿਲ੍ਹੇ ਵਿੱਚ ਸਰਾਕਰ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ਉੱਤੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ।”
“6 ਵਜੇ ਮੌਕ ਡ੍ਰਿਲ ਹੋ ਰਹੀ ਹੈ ਅਤੇ 9 ਵਜੇ ਬਲੈਕਆਊਟ ਹੋਵੇਗਾ। ਰਾਤ 8 ਵਜੇ ਤੋਂ 8.30 ਵਜੇ ਤੱਕ ਬਲੈਕਆਊਟ ਰਹੇਗਾ, ਜ਼ਿਆਦਾਤਰ ਥਾਵਾਂ 'ਤੇ ਫੀਡਰ ਕੇਂਦਰੀ ਤੌਰ 'ਤੇ ਬੰਦ ਰਹਿਣਗੇ।”
ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ, "ਇਹ ਮਹਿਜ਼ ਮੌਕ ਡ੍ਰਿਲ ਹੈ ਤਾਂ ਜੋ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਕਿਸੇ ਵੀ ਕਿਸਮ ਦੀ ਖ਼ਤਰੇ ਵਾਲੀ ਸਥਿਤੀ ਵਿੱਚ ਤਿਆਰੀ ਦੇਖੀ ਜਾ ਸਕੇ।"
"ਇਸ ਪ੍ਰੀਕਿਰਿਆ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਤਿਆਰੀ ਨੂੰ ਦੇਖਣ ਲਈ ਹੀ ਕੀਤੀ ਜਾ ਰਹੀ ਹੈ।"
ਅੰਮ੍ਰਿਤਸਰ ਵਿੱਚ ਮੌਕ ਡ੍ਰਿਲ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼

ਤਸਵੀਰ ਸਰੋਤ, pardeep sharma/bbc
ਅੰਮ੍ਰਿਤਸਰ ਵਿੱਚ ਮੌਕ ਡ੍ਰਿਲ ਦੌਰਾਨ ਅਤੇ ਬਲੈਕਆਊਟ ਦੌਰਾਨ ਦਿੱਤੇ ਗਏ ਦਿਸ਼ਾ-ਨਿਰਦੇਸ਼ ਕੀਤੇ ਗਏ ਹਨ।
- ਮਹੱਤਵਪੂਰਨ ਅਤੇ ਜ਼ਰੂਰੀ ਸੇਵਾਵਾਂ, ਪੇਂਡੂ ਖੇਤਰ, ਹਵਾਈ ਅੱਡਾ ਅਤੇ ਅੰਦਰੂਨੀ ਸ਼ਹਿਰ ਭਾਵ ਵਾਲਿਡ ਸਿਟੀ ਨੂੰ ਬਲੈਕ ਆਊਟ ਤੋਂ ਛੋਟ ਦਿੱਤੀ ਗਈ ਹੈ।
- ਅੰਦਰੂਨੀ ਸ਼ਹਿਰ ਖੇਤਰ ਅਤੇ ਉਹ ਇਲਾਕੇ, ਜਿਨ੍ਹਾਂ ਨੂੰ ਕੇਂਦਰੀ ਫੀਡਰ ਬੰਦ ਹੋਣ ਤੋਂ ਛੋਟ ਦਿੱਤੀ ਗਈ ਹੈ, ਦੇ ਵਸਨੀਕਾਂ ਨੂੰ ਸਵੈ-ਇੱਛਾ ਨਾਲ ਲਾਈਟਾਂ ਬੰਦ ਕਰਕੇ ਬਲੈਕਆਊਟ ਦੇ ਅਭਿਆਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
- ਇਸ ਸਮੇਂ ਦੌਰਾਨ ਸਾਰੇ ਸਾਈਨਬੋਰਡ ਅਤੇ ਬਾਹਰੀ ਲਾਈਟਾਂ ਬੰਦ ਕੀਤੀਆਂ ਜਾਣ ਅਤੇ ਲਾਈਟਾਂ ਚਾਲੂ ਕਰਨ ਲਈ ਜਨਰੇਟਰ ਜਾਂ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਇਹ ਸਿਰਫ਼ ਇੱਕ ਅਭਿਆਸ ਹੈ, ਪਰ ਸ਼ਹਿਰ ਵਾਸੀਆਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
- ਇਸ ਸਮੇਂ ਦੌਰਾਨ ਬਲੈਕ ਆਊਟ ਲਾਗੂ ਕਰਨ ਵਾਲੀਆਂ ਏਜੰਸੀਆਂ ਡਿਊਟੀ 'ਤੇ ਹੋਣਗੀਆਂ।
ਇਸ ਦੌਰਾਨ ਕੀ ਕੁਝ ਹੋਇਆ

ਤਸਵੀਰ ਸਰੋਤ, Gurpreet Singh Chawla/BBC
ਇਸ ਦੌਰਾਨ ਹਮਲੇ ਵਾਲੀਆਂ ਸਥਿਤੀਆਂ ਨਾਲ ਨਜਿੱਠਣ ਦਾ ਅਭਿਆਸ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਲੋਕ ਅਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਵਿਵਹਾਰ ਕਰਦੇ ਹਨ ਅਤੇ ਕਿਵੇਂ ਸਾਰੀ ਸਥਿਤੀ ਨੂੰ ਸੰਭਾਲਿਆ ਜਾ ਸਕਦਾ ਹੈ।
ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਅਭਿਆਸ ਕਰਨ ਦਾ ਹੁਕਮ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਸ਼ਾਮਲ ਹਨ:

- ਸਿਵਲ ਡਿਫੈਂਸ ਵਾਰਡਨਾਂ/ਵਲੰਟੀਅਰਾਂ, ਸਥਾਨਕ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਅਤੇ ਐਨਸੀਸੀ ਵਰਗੇ ਵਿੰਗਜ਼ ਦੇ ਨੌਜਵਾਨ ਵਲੰਟੀਅਰਾਂ ਨੂੰ ਇਕੱਠੇ ਕੀਤਾ ਜਾਵੇਗਾ ਤਾਂ ਜੋ ਵੱਖ-ਵੱਖ ਸੇਵਾਵਾਂ ਦਾ ਸੰਚਾਲਨ ਕੀਤਾ ਜਾ ਸਕੇ।
- ਦੁਸ਼ਮਣ ਦੇ ਜਹਾਜ਼ਾਂ, ਡਰੋਨਾਂ ਅਤੇ ਮਿਜ਼ਾਈਲ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਅਭਿਆਸ ਕਰਵਾਇਆ ਜਾਵੇਗਾ।
- ਹਵਾਈ ਸੈਨਾ ਅਤੇ ਸਿਵਲ ਡਿਫੈਂਸ ਕੰਟਰੋਲ ਰੂਮਾਂ ਵਿਚਕਾਰ ਹੌਟਲਾਈਨਾਂ ਨੂੰ ਐਕਟਿਵ ਕੀਤਾ ਜਾਵੇਗਾ ਅਤੇ ਕੇਂਦਰੀ ਤੌਰ 'ਤੇ ਨਿਯੰਤਰਿਤ ਅਤੇ ਸੰਚਾਲਿਤ ਹਵਾਈ ਹਮਲੇ ਦੇ ਸਾਇਰਨਾਂ ਨੂੰ ਐਕਟਿਵ ਕੀਤਾ ਜਾਵੇਗਾ।
- ਐਮਰਜੈਂਸੀ / ਮਹੱਤਵਪੂਰਨ ਸੇਵਾਵਾਂ ਨੂੰ ਛੱਡ ਕੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਬਿਜਲੀ ਬੰਦ ਰੱਖਣ ਲਈ ਕਿਹਾ ਜਾ ਸਕਦਾ ਹੈ।
- ਕਿਸੇ ਫੌਜੀ ਸਟੇਸ਼ਨ 'ਤੇ ਦੁਸ਼ਮਣ ਡਰੋਨਾਂ ਦੇ ਹਮਲੇ ਦੀ ਸਥਿਤੀ ਵਿੱਚ ਅਤੇ ਸਿਵਲ ਪ੍ਰਸ਼ਾਸਨ ਤੋਂ ਸਟੇਸ਼ਨ ਕਮਾਂਡਰ ਦੁਆਰਾ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਕੱਢਣ ਲਈ ਸਹਾਇਤਾ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਦੌਰਾਨ 20 ਪੀੜਤਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਕੱਢਣ ਦਾ ਅਭਿਆਸ ਕੀਤਾ ਜਾਵੇਗਾ।
- ਵੱਡੇ ਪੱਧਰ 'ਤੇ ਸੱਟਾਂ ਲੱਗਣ ਦੇ ਮੱਦੇਨਜ਼ਰ, ਮੈਡੀਕਲ ਟੀਮਾਂ ਵਿੱਚ ਵਾਧਾ ਅਤੇ ਜ਼ਖਮੀਆਂ ਲਈ 30 ਯੂਨਿਟ ਖੂਨ ਦੀ ਲੋੜ ਦੀ ਮੰਗ ਕੀਤੀ ਜਾ ਸਕਦੀ ਹੈ।
- ਜੇਕਰ ਰੀਅਰ ਏਰੀਆ ਸੁਰੱਖਿਆ ਯੋਜਨਾ ਦੇ ਹਿੱਸੇ ਵਜੋਂ, ਭਾਰਤੀ ਫੌਜ ਹਥਿਆਰਬੰਦ ਬਲਾਂ ਦੀਆਂ ਨਾਮਜ਼ਦ ਇਕਾਈਆਂ ਦੇ ਨਾਲ ਬਾਰਡਰ ਵਿੰਗ ਹੋਮ ਗਾਰਡਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕਰਦੀ ਹੈ ਤਾਂ ਅਜਿਹੇ ਵਿੱਚ ਉਨ੍ਹਾਂ ਨੂੰ ਵਰਤਮਾਨ ਕੰਮ ਤੋਂ ਤੁਰੰਤ ਮੁਕਤ ਕਰਕੇ ਅਤੇ ਭਾਰਤੀ ਫੌਜ ਨਾਲ ਆਪ੍ਰੇਸ਼ਨ ਵਾਲੇ ਸਥਾਨ 'ਤੇ ਪਹੁੰਚਣ ਦਾ ਅਭਿਆਸ ਕੀਤਾ ਜਾਵੇਗਾ।

ਮੌਕ ਡ੍ਰਿੱਲ ਕੀ ਹੁੰਦੀ ਹੈ?

ਮੌਕ ਡ੍ਰਿਲ ਕਿਉਂ ਕਰਵਾਈ ਜਾ ਰਹੀ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ, ਲੰਘੀ 7 ਮਈ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਸਨ।
ਇਸਦਾ ਕਾਰਨ – ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਿਹਾ ਤਣਾਅ ਸੀ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧ ਰਿਹਾ ਸੀ।
ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਫੈਸਲੇ ਲਏ ਹਨ। ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਇਲਾਵਾ, ਭਾਰਤ ਨੇ ਪਾਕਿਸਤਾਨ ਤੋਂ ਹਰ ਤਰ੍ਹਾਂ ਦੇ ਦਰਾਮਦ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਭਾਰਤ 'ਤੇ ਕੁਝ ਪਾਬੰਦੀਆਂ ਐਲਾਨੀਆਂ ਸਨ।

ਤਸਵੀਰ ਸਰੋਤ, Getty Images
ਭਾਰਤ-ਪਾਕਿਸਤਾਨ ਵਿਚਕਾਰ ਟਕਰਾਅ ਅਤੇ ਜੰਗਬੰਦੀ
ਇਸ ਮਗਰੋਂ ਭਾਰਤ ਨੇ 7-8 ਮਈ ਦੀ ਦਰਮਿਆਨੀ ਰਾਤ ਦੌਰਾਨ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਨੌਂ ਟਿਕਾਣਿਆਂ 'ਤੇ ਹਮਲੇ ਕੀਤੇ ਸਨ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਵੀ ਕਾਰਵਾਈ ਕੀਤੀ ਗਈ ਸੀ। ਹਾਲਾਂਕਿ, ਚਾਰ ਦਿਨਾਂ ਤੱਕ ਚੱਲੇ ਟਕਰਾਅ ਮਗਰੋਂ ਭਾਰਤ ਅਤੇ ਪਾਕਿਸਤਾਨ ਵਿੱਚ ਜੰਗਬੰਦੀ ਦਾ ਐਲਾਨ ਹੋ ਗਿਆ ਸੀ। ਪਰ ਭਾਰਤ ਵੱਲੋਂ ਪਾਕਿਸਤਾਨ 'ਤੇ ਲਗਾਈਆਂ ਪਾਬੰਦੀਆਂ ਅਜੇ ਵੀ ਜਾਰੀ ਹਨ।
ਨਾਲ ਹੀ ਭਾਰਤ ਸਰਕਾਰ ਦੇ ਆਗੂਆਂ ਵੱਲੋਂ ਵਾਰ-ਵਾਰ ਦੁਹਰਾਇਆ ਗਿਆ ਹੈ ਕਿ 'ਆਪ੍ਰੇਸ਼ਨ ਸਿੰਦੂਰ' ਅਜੇ ਚਾਲੂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












