ਭਾਰਤ ਦੇ ʻਆਪ੍ਰੇਸ਼ਨ ਸਿੰਦੂਰʼ ʼਤੇ ਮੀਡੀਆ ਨੂੰ ਜਾਣਕਾਰੀ ਦੇਣ ਵਾਲੀਆਂ ਦੋ ਮਹਿਲਾ ਅਫ਼ਸਰ ਕੌਣ ਹਨ

ਤਸਵੀਰ ਸਰੋਤ, Getty Images
ਭਾਰਤੀ ਫੌਜ ਨੇ ਕਿਹਾ ਹੈ ਕਿ ਉਸ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ "ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ।"
ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।
ਉਨ੍ਹਾਂ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਸੀ।
ਫੌਜ ਨੇ ਆਪਣੇ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਅਤੇ ਇਸ ਬਾਰੇ ਜਾਣਕਾਰੀ ਦੇਣ ਲਈ ਬੁੱਧਵਾਰ ਸਵੇਰੇ ਫੌਜ ਦੀਆਂ ਦੋ ਮਹਿਲਾ ਅਧਿਕਾਰੀ ਪੱਤਰਕਾਰਾਂ ਸਾਹਮਣੇ ਪੇਸ਼ ਹੋਈਆਂ। ਆਓ ਜਾਣਦੇ ਹਾਂ ਕਿ ਉਹ ਦੋਵੇਂ ਅਧਿਕਾਰੀ ਕੌਣ ਹਨ...

ਤਸਵੀਰ ਸਰੋਤ, @SpokespersonMoD
ਕਰਨਲ ਸੋਫ਼ੀਆ ਕੁਰੈਸ਼ੀ
ਕਰਨਲ ਸੋਫ਼ੀਆ ਕੁਰੈਸ਼ੀ ਭਾਰਤੀ ਫੌਜ ਦੀ ਇੱਕ ਅਧਿਕਾਰੀ ਹੈ।
ਸਾਲ 2016 ਵਿੱਚ, ਬਹੁ-ਰਾਸ਼ਟਰੀ ਫੀਲਡ ਸਿਖਲਾਈ ਅਭਿਆਸ ਭਾਰਤੀ ਸ਼ਹਿਰ ਪੁਣੇ ਵਿੱਚ ਹੋਇਆ ਸੀ। ਐੱਫਟੀਐੱਕਸ ਦੇ 'ਫੋਰਸ 18' ਵਿੱਚ ਆਸਿਆਨ ਪਲੱਸ ਦੇਸ਼ ਸ਼ਾਮਲ ਸਨ। ਇਹ ਭਾਰਤੀ ਧਰਤੀ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜ਼ਮੀਨੀਂ ਫੌਜੀ ਅਭਿਆਸ ਸੀ।
ਇਸ ਵਿੱਚ 40 ਸੈਨਿਕਾਂ ਦੀ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਸਿਗਨਲ ਕੋਰ ਦੀ ਮਹਿਲਾ ਅਧਿਕਾਰੀ ਲੈਫਟੀਨੈਂਟ ਕਰਨਲ ਸੋਫ਼ੀਆ ਕੁਰੈਸ਼ੀ ਨੇ ਕੀਤੀ ਸੀ।
ਉਸ ਸਮੇਂ, ਉਨ੍ਹਾਂ ਨੂੰ ਇੰਨੇ ਵੱਡੇ ਬਹੁ-ਰਾਸ਼ਟਰੀ ਅਭਿਆਸ ਵਿੱਚ ਭਾਰਤੀ ਫੌਜ ਦੀ ਸਿਖਲਾਈ ਟੀਮ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣਨ ਦਾ ਦੁਰਲੱਭ ਮਾਣ ਪ੍ਰਾਪਤ ਹੋਇਆ ਸੀ।

ਤਸਵੀਰ ਸਰੋਤ, EPA
ਰੱਖਿਆ ਮੰਤਰਾਲੇ ਨੇ ਵੀ ਆਪਣੀ ਇੱਕ ਪਿਛਲੀ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਸੀ ਅਤੇ ਸੋਫ਼ੀਆ ਕੁਰੈਸ਼ੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਕੁਰੈਸ਼ੀ ਗੁਜਰਾਤ ਤੋਂ ਹਨ। ਉਨ੍ਹਾਂ ਨੇ ਬਾਇਓਕੈਮਿਸਟ੍ਰੀ ਵਿੱਚ ਪੋਸਟ ਗ੍ਰੇਜੂਏਟ ਕੀਤੀ ਹੈ। ਕੁਰੈਸ਼ੀ ਇੱਕ ਫੌਜੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਦਾਦਾ ਜੀ ਭਾਰਤੀ ਫੌਜ ਵਿੱਚ ਸਨ। ਉਨ੍ਹਾਂ ਦਾ ਵਿਆਹ ਮੈਕੇਨਾਈਜ਼ਡ ਇਨਫੈਂਟਰੀ ਦੇ ਇੱਕ ਅਧਿਕਾਰੀ ਨਾਲ ਹੋਇਆ ਹੈ।
ਸੌਫ਼ੀਆਂ ਕੁਰੈਸ਼ੀ ਸਾਲ 1999 ਵਿੱਚ 17 ਸਾਲ ਦੀ ਉਮਰ ਵਿੱਚ ਸ਼ੌਰਟ ਸਰਵਿਸ ਕਮਿਸ਼ਨ ਰਾਹੀਂ ਭਾਰਤੀ ਫੌਜ ਵਿੱਚ ਆਏ ਸਨ।
ਉਨ੍ਹਾਂ ਨੇ ਛੇ ਸਾਲਾਂ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਵੀ ਕੰਮ ਕੀਤਾ ਹੈ। ਇਸ ਵਿੱਚ 2006 ਵਿੱਚ ਕਾਂਗੋ ਵਿੱਚ ਇੱਕ ਮਹੱਤਵਪੂਰਨ ਦੌਰਾ ਸ਼ਾਮਲ ਸੀ।
ਉਸ ਵੇਲੇ ਉਨ੍ਹਾਂ ਦੀ ਮੁੱਖ ਭੂਮਿਕਾ ਸ਼ਾਂਤੀ ਕਾਰਜਾਂ ਵਿੱਚ ਸਿਖਲਾਈ ਨਾਲ ਸਬੰਧਤ ਯੋਗਦਾਨ ਦੇਣ ਦੀ ਸੀ।
ਮੈਨੂੰ ਆਪਣੀ ਧੀ 'ਤੇ ਮਾਣ ਹੈ- ਕਰਨਲ ਸੋਫ਼ੀਆ ਦੇ ਪਿਤਾ
ਕਰਨਲ ਸੋਫੀਆ ਦੇ ਪਿਤਾ ਤਾਜ ਮੁਹੰਮਦ ਕੁਰੈਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਮੈਨੂੰ ਮਾਣ ਹੈ ਕਿ ਮੇਰੀ ਧੀ ਨੇ ਦੇਸ਼ ਲਈ ਕੁਝ ਕੀਤਾ ਹੈ। ਅਸੀਂ ਰਾਸ਼ਟਰ ਪ੍ਰਤੀ ਸਮਰਪਿਤ ਹਾਂ। ਪਹਿਲਾਂ ਅਸੀਂ ਭਾਰਤੀ ਹਾਂ ਅਤੇ ਫਿਰ ਹਿੰਦੂ ਅਤੇ ਮੁਸਲਮਾਨ।"
ਕਰਨਲ ਸੋਫੀਆ ਦੀ ਫੌਜ ਵਿੱਚ ਭਰਤੀ ਹੋਣ ਦੀ ਪ੍ਰੇਰਨਾ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੇ ਪਿਤਾ ਨੇ ਕਿਹਾ, "ਉਹ ਹਮੇਸ਼ਾ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਕੋਈ ਭਰਾ ਫੌਜ ਵਿੱਚ ਨਹੀਂ ਜਾ ਰਿਹਾ ਹੈ, ਕੀ ਮੈਨੂੰ ਜਾਣਾ ਚਾਹੀਦਾ ਹੈ..? ਤਾਂ ਮੈਂ ਤੁਰੰਤ ਹਾਂ ਕਹਿ ਦਿੱਤੀ ਅਤੇ ਉਨ੍ਹਾਂ ਦਾ ਫੌਜ ਵਿੱਚ ਸਲੈਕਸ਼ਨ ਹੋ ਗਿਆ।"
ਜਦੋਂ ਕਰਨਲ ਸੋਫੀਆ ਨੇ ਮੀਡੀਆ ਨਾਲ ਆਪ੍ਰੇਸ਼ਨ ਸਿੰਦੂਰ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਮਨ ਵਿੱਚ ਆਈਆਂ ਕਈ ਭਾਵਨਾਵਾਂ ਬਾਰੇ ਗੱਲ ਕਰਦਿਆਂ ਕਿਹਾ, "ਮੈਨੂੰ ਉਸ ਪਲ ਮਾਣ ਮਹਿਸੂਸ ਹੋਇਆ। ਮੈਨੂੰ ਲੱਗਾ ਕਿ ਮੇਰੀ ਧੀ ਨੇ ਵੀ ਆਪਣੇ ਦੇਸ਼ ਲਈ ਕੁਝ ਕੀਤਾ ਹੈ।"

ਤਸਵੀਰ ਸਰੋਤ, HARDIK
ਆਪਣੀ ਧੀ ਦੀ ਫੌਜ ਵਿੱਚ ਭਰਤੀ ਹੋਣ ਦੀ ਪ੍ਰੇਰਨਾ ਬਾਰੇ ਗੱਲ ਕਰਦੇ ਹੋਏ, ਕਰਨਲ ਸੋਫੀਆ ਦੀ ਮਾਂ ਹਲੀਮਾ ਬੀਬੀ ਕੁਰੈਸ਼ੀ ਨੇ ਕਿਹਾ, "ਉਸ ਦੀ ਦਾਦੀ ਉਸ ਨੂੰ ਦੱਸਦੀ ਹੁੰਦੀ ਸੀ ਕਿ ਉਸ ਦੇ ਦਾਦਾ ਜੀ ਅਤੇ ਪਿਤਾ ਫੌਜ ਵਿੱਚ ਭਰਤੀ ਹੋ ਗਏ ਸਨ। ਇਸ ਲਈ ਸੋਫੀਆ ਉਨ੍ਹਾਂ ਨੂੰ ਕਹਿੰਦੀ ਹੁੰਦੀ ਸੀ ਕਿ ਮੇਰਾ ਕੋਈ ਵੀ ਭਰਾ ਫੌਜ ਵਿੱਚ ਭਰਤੀ ਨਹੀਂ ਹੋਇਆ ਹੈ, ਇਸ ਲਈ ਮੈਂ ਵੱਡੀ ਹੋ ਕੇ ਫੌਜ ਵਿੱਚ ਸ਼ਾਮਲ ਹੋਵਾਂਗੀ।"
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਫੌਜ ਵਿੱਚ ਭਰਤੀ ਹੋਣ ਬਾਰੇ ਕੋਈ ਡਰ ਨਹੀਂ ਹੈ।
ਸੋਫ਼ੀਆ ਦੀ ਮਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰਨਲ ਸੋਫ਼ੀਆ ਦਾ ਪੁੱਤਰ ਵੀ ਹੁਣ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ।
ਕਰਨਲ ਸੋਫ਼ੀਆ ਦੇ ਭਰਾ ਮੁਹੰਮਦ ਸੰਜੇਭਾਈ ਕੁਰੈਸ਼ੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਪਹਿਲਗਾਮ ਘਟਨਾ ਤੋਂ ਵੱਧ ਨਿੰਦਣਯੋਗ ਕੋਈ ਘਟਨਾ ਨਹੀਂ ਹੋ ਸਕਦੀ। ਇਹ ਇੱਕ ਪ੍ਰਤੀਕਿਰਿਆ ਸੀ ਅਤੇ ਮੌਜੂਦਾ ਪਲ਼ ਸਾਡੇ ਪਰਿਵਾਰ ਸਮੇਤ ਪੂਰੇ ਭਾਰਤ ਲਈ ਬਹੁਤ ਮਾਣ ਵਾਲਾ ਪਲ਼ ਹੈ।"
"ਜਦੋਂ ਸਾਡੀ ਭੈਣ ਸੋਫ਼ੀਆ ਨੇ ਆਰਮੀ ਸਕੂਲ- ਕੇਂਦਰੀ ਵਿਦਿਆਲਿਆ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਵਡੋਦਰਾ ਵਿੱਚ ਹੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਆਪਣੀ ਉੱਚ ਸਿੱਖਿਆ ਐੱਮਐੱਸ ਯੂਨੀਵਰਸਿਟੀ ਕਰ ਰਹੀ ਸੀ। ਜਦੋਂ ਉਹ ਆਪਣੀ ਪੀਐੱਚਡੀ ਕਰ ਰਹੀ ਸੀ, ਉਹ ਯੂਨੀਵਰਸਿਟੀ ਵਿੱਚ ਸਹਾਇਕ ਲੈਕਚਰਾਰ ਵਜੋਂ ਕੰਮ ਕਰ ਰਹੀ ਸੀ।"
"ਉਨ੍ਹਾਂ ਨੂੰ ਭਾਰਤੀ ਫੌਜ ਦੇ ਸ਼ਾਰਟ ਸਰਵਿਸ ਕਮਿਸ਼ਨ ਲਈ ਚੁਣਿਆ ਗਿਆ ਸੀ। ਇਸ ਤੋਂ ਬਾਅਦ, ਉਹ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿੱਚ ਸ਼ਾਮਲ ਹੋ ਗਿਆ, ਭਾਵੇਂ ਉਸ ਦੀ ਪੀਐੱਚਡੀ ਵਿੱਚ ਸਿਰਫ ਇੱਕ ਸਾਲ ਬਾਕੀ ਸੀ।"

ਤਸਵੀਰ ਸਰੋਤ, MEA India
ਵਿਓਮਿਕਾ ਸਿੰਘ
ਵਿੰਗ ਕਮਾਂਡਰ ਵਿਓਮਿਕਾ ਸਿੰਘ ਦੂਜੀ ਅਧਿਕਾਰੀ ਸਨ ਜਿਨ੍ਹਾਂ ਨੇ ਮੀਡੀਆ ਨੂੰ ਫੌਜ ਦੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ।
ਵਿਓਮਿਕਾ ਸਿੰਘ ਭਾਰਤੀ ਹਵਾਈ ਸੈਨਾ ਵਿੱਚ ਇੱਕ ਹੈਲੀਕਾਪਟਰ ਪਾਇਲਟ ਹੈ। ਰਿਪੋਰਟਾਂ ਅਨੁਸਾਰ, ਉਹ ਹਮੇਸ਼ਾ ਪਾਇਲਟ ਬਣਨਾ ਚਾਹੁੰਦੇ ਸਨ।
ਉਨ੍ਹਾਂ ਦੇ ਨਾਮ ਦਾ ਅਰਥ ਹੈ 'ਅਸਮਾਨ ਨਾਲ ਜੁੜਨ ਵਾਲਾ' ਅਤੇ ਇਸ ਨਾਮ ਨੇ ਉਨ੍ਹਾਂ ਦੀ ਇੱਛਾ ਨੂੰ ਆਕਾਰ ਦਿੱਤਾ।
ਵਿਓਮਿਕਾ ਸਿੰਘ ਨੈਸ਼ਨਲ ਕੈਡੇਟ ਕੋਰ ਯਾਨਿ ਐੱਨਸੀਸੀ ਵਿੱਚ ਸਨ ਅਤੇ ਉਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੈ। ਉਨ੍ਹਾਂ ਨੂੰ 2019 ਵਿੱਚ ਭਾਰਤੀ ਹਵਾਈ ਸੈਨਾ ਦੀ ਫਲਾਇੰਗ ਬ੍ਰਾਂਚ ਵਿੱਚ ਪਾਇਲਟ ਵਜੋਂ ਸਥਾਈ ਕਮਿਸ਼ਨ ਮਿਲਿਆ।
ਵਿਓਮਿਕਾ ਸਿੰਘ ਨੇ 2500 ਘੰਟੇ ਤੋਂ ਵੱਧ ਸਮਾਂ ਉਡਾਣ ਭਰੀ ਹੈ। ਉਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਚੇਤਕ ਅਤੇ ਚੀਤਾ ਵਰਗੇ ਹੈਲੀਕਾਪਟਰ ਉਡਾਏ ਹਨ।
ਉਨ੍ਹਾਂ ਨੇ ਕਈ ਬਚਾਅ ਕਾਰਜਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚੋਂ ਇੱਕ ਕਾਰਵਾਈ ਨਵੰਬਰ 2020 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












