ਕੰਟਰੋਲ ਰੇਖਾ ਨੇੜੇ ਗੁਰਦੁਆਰਾ ਸਾਹਿਬ ਵਿੱਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਬਾਰੇ ਸੀਐੱਮ ਭਗਵੰਤ ਮਾਨ ਨੇ ਕੀ ਜਾਣਕਾਰੀ ਦਿੱਤੀ

ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ਆਪ੍ਰੇਸ਼ਨ ਸਿੰਦੂਰ’ ਕੀਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ।

ਸਾਰ

  • ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 'ਆਪ੍ਰੇਸ਼ਨ ਸਿੰਦੂਰ' ਕੀਤਾ ਹੈ।
  • ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 9 ਟਿਕਾਣਿਆਂ ਉੱਤੇ ਹਮਲਾ ਕੀਤਾ ਹੈ।
  • ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜਖ਼ਮੀ ਹੋ ਗਏ ਹਨ। ਭਾਰਤ ਵਲੋਂ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
  • 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਬਹੁਤ ਤਣਾਅਪੂਰਨ ਹੋ ਗਏ ਹਨ।
  • ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ।
  • ਪੰਜਾਬ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ ਤੇ ਪਠਾਨਕੋਟ ਵਿੱਚ ਅਗਲੇ 72 ਘੰਟਿਆਂ ਲਈ ਸਕੂਲ ਦੇ ਵਿਦਿਅਕ ਸੰਸਥਾਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ।
  • ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਤੇ ਸਿਵਿਲ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਲਾਈਵ ਕਵਰੇਜ

ਲਾਈਵ ਰਿਪੋਰਟਿੰਗ: ਜਸਪਾਲ ਸਿੰਘ, ਰਾਜਵੀਰ ਕੌਰ ਗਿੱਲ ਤੇ ਬਰਿੰਦਰ ਸਿੰਘ

  1. ਪਾਕਿਸਤਾਨ ਪੀਐੱਮ ਸ਼ਹਿਬਾਜ਼ ਸ਼ਰੀਫ ਬੋਲੇ, 'ਭਾਰਤ ਨੇ ਹਮਲਾ ਕਰਕੇ ਗਲਤੀ ਕੀਤੀ'

    ਸ਼ਹਿਬਾਜ਼ ਸ਼ਰੀਫ਼

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਦੇਸ਼ ਦੀ ਆਵਾਮ ਨੂੰ ਬੁੱਧਵਾਰ ਰਾਤ ਸੰਬੋਧਿਤ ਕੀਤਾ। ਸੰਬੋਧਨ ਵਿੱਚ ਉਨ੍ਹਾਂ ਕਿਹਾ, "ਭਾਰਤ ਨੇ ਪਾਕਿਸਤਾਨ 'ਤੇ ਹਮਲਾ ਕਰ ਕੇ ਗ਼ਲਤੀ ਕੀਤੀ ਹੈ ਅਤੇ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।"

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਫ਼ੌਜ ਨੇ ਬਹਾਦਰੀ ਦਿਖਾਉਂਦੇ ਹੋਏ ਲੜਾਈ ਲੜੀ। ਉਨ੍ਹਾਂ ਨੇ ਹਮਲਾਵਰ ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਮਾਰ ਸੁੱਟਿਆ।"

    ਹਾਲਾਂਕਿ, ਬੀਬੀਸੀ ਪਾਕਿਸਤਾਨ ਦੇ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ।

    ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਹਮਲੇ ਵਿੱਚ 26 ਲੋਕ ਮਾਰੇ ਗਏ ਅਤੇ 46 ਜ਼ਖ਼ਮੀ ਹੋਏ। ਹਾਲਾਂਕਿ ਭਾਰਤ ਨੇ ਇਸ ਬਾਬਤ ਕੋਈ ਸਪਸ਼ਟੀਕਰਨ ਨਹੀਂ ਦਿੱਤੀ ਹੈ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਗਾਮ ਵਿੱਚ ਪਿਛਲੇ ਮਹੀਨੇ ਜੋ ਹੋਇਆ, ਉਹ ਪਾਕਿਸਤਾਨ ਨਾਲ ਸਬੰਧਤ ਨਹੀਂ ਸੀ ਅਤੇ ਪਾਕਿਸਤਾਨ 'ਤੇ ਝੂਠੇ ਇਲਜ਼ਾਮ ਲਗਾਏ ਗਏ ਸਨ।

    ਭਾਰਤ ਵੱਲੋਂ ਪਾਕਿਸਤਾਨ ਦੇ ਪੀਐੱਮ ਵੱਲੋਂ ਕੀਤੇ ਸੰਬੋਧਨ ਉੱਤੇ ਕੋਈ ਪ੍ਰਤੀਕਰਮ ਹਾਲੇ ਨਹੀਂ ਆਇਆ ਹੈ।

  2. ਪੁੰਛ ਵਿੱਚ ਗੁਰਦੁਆਰਾ ਸਾਹਿਬ 'ਤੇ ਪਾਕਿਸਤਾਨੀ ਗੋਲੀਬਾਰੀ ਬਾਰੇ ਭਗਵੰਤ ਮਾਨ ਨੇ ਕੀ ਜਾਣਕਾਰੀ ਦਿੱਤੀ?

    ਭਗਵੰਤ ਮਾਨ

    ਤਸਵੀਰ ਸਰੋਤ, ANI

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਐੱਲਓਸੀ ਨੇੜੇ ਸਥਿਤ ਗੁਰਦੁਆਰਾ ਸਾਹਿਬ 'ਤੇ ਪਾਕਿਸਤਾਨ ਵੱਲੋਂ ਬੰਬ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ।"

    "ਇਸ ਹਮਲੇ ਵਿੱਚ ਭਾਈ ਅਮਰੀਕ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਅਤੇ ਰੂਬੀ ਕੌਰ ਦੀ ਮੌਤ ਹੋ ਗਈ।"

    ਉਨ੍ਹਾਂ ਲਿਖਿਆ, "ਜਿੱਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ, ਉੱਥੇ ਇਸ ਤਰ੍ਹਾਂ ਦਾ ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ। ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗ਼ਲਤ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ।"

    ਇਸ ਮਾਮਲੇ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

    ਉਨ੍ਹਾਂ ਨੇ ਐਕਸ 'ਤੇ ਲਿਖਿਆ, "ਅਸੀਂ ਪੁੰਛ ਦੇ ਪਵਿੱਤਰ ਗੁਰਦੁਆਰਾ ਗੁਰੂ ਸਿੰਘ ਸਭਾ ਸਾਹਿਬ 'ਤੇ ਪਾਕਿਸਤਾਨੀ ਫੌਜ ਦੇ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ।"

    "ਭਾਈ ਅਮਰੀਕ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀ ਦੀ ਸ਼ਹਾਦਤ ਬਹੁਤ ਦੁਖਦਾਈ ਘਾਟਾ ਹੈ। ਭਾਰਤ ਅਜਿਹੀ ਬਰਬਰਤਾ ਨੂੰ ਬਰਦਾਸ਼ਤ ਨਹੀਂ ਕਰੇਗਾ।"

  3. ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਮਾਰਿਆ ਜਿਨ੍ਹਾਂ ਨੇ ਸਾਡੇ ਮਾਸੂਮਾਂ ਨੂੰ ਮਾਰਿਆ: ਰਾਜਨਾਥ ਸਿੰਘ

    ਰਾਜਨਾਥ ਸਿੰਘ

    ਤਸਵੀਰ ਸਰੋਤ, ANI

    ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖ਼ਿਲਾਫ਼ ਭਾਰਤੀ ਫੌਜ ਨੇ 'ਸਟੀਕਤਾ, ਚੌਕਸੀ ਅਤੇ ਸੰਵੇਦਨਸ਼ੀਲਤਾ' ਨਾਲ ਕਾਰਵਾਈ ਕੀਤੀ ਹੈ।

    ਬਾਰਡਰ ਸੜਕ ਸੰਗਠਨ (ਬੀਆਰਓ) ਦੇ ਸਥਾਪਨਾ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ, ਉਨ੍ਹਾਂ ਕਿਹਾ, "ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਸਾਡੀ ਭਾਰਤੀ ਫੌਜ ਨੇ ਸਾਰੇ ਭਾਰਤੀਆਂ ਨੂੰ ਮਾਣ ਦਿਵਾਇਆ ਹੈ।"

    ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।

    ਰਾਜਨਾਥ ਸਿੰਘ ਨੇ ਕਿਹਾ, "ਭਾਰਤੀ ਫੌਜ ਨੇ ਸਟੀਕਤਾ, ਚੌਕਸੀ ਅਤੇ ਸੰਵੇਦਨਸ਼ੀਲਤਾ ਨਾਲ ਕਾਰਵਾਈ ਕੀਤੀ। ਜੋ ਨਿਸ਼ਾਨੇ ਨਿਰਧਾਰਤ ਕੀਤੇ ਗਏ ਸਨ, ਉਨ੍ਹਾਂ ਨੂੰ ਸਟੀਕਤਾ ਨਾਲ ਅਤੇ ਤੈਅ ਯੋਜਨਾ ਦੇ ਅਨੁਸਾਰ ਉਨ੍ਹਾਂ ਸਟੀਕਤਾ ਨਾਲ ਤਬਾਹ ਕਰ ਦਿੱਤਾ ਗਿਆ।"

    "ਕਿਸੇ ਵੀ ਨਾਗਰਿਕ ਸਥਾਨ ਜਾਂ ਨਾਗਰਿਕ ਆਬਾਦੀ ਵਾਲੇ ਇਲਾਕੇ ਨੂੰ ਜ਼ਾਰ ਵੀ ਪ੍ਰਭਾਵਿਤ ਨਹੀਂ ਹੋਣ ਦੀ ਸੰਵੇਦਨਸ਼ੀਲਤਾ ਵੀ ਦਿਖਾਈ।"

    ਰਾਜਨਾਥ ਸਿੰਘ ਨੇ ਰਾਮਾਇਣ ਵਿੱਚ ਅਸ਼ੋਕ ਵਾਟਿਕਾ ਦੇ ਕਿੱਸੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ʻਅਸੀਂ (ਭਾਰਤੀ ਫੌਜ) ਹਨੂੰਮਾਨ ਜੀ ਦੇ ਆਦਰਸ਼ਾਂ ਦੀ ਪਾਲਣਾ ਕੀਤੀ।ʼ

    ਰੱਖਿਆ ਮੰਤਰੀ ਨੇ ਕਿਹਾ, "ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਮਾਰਿਆ ਜਿਨ੍ਹਾਂ ਨੇ ਸਾਡੇ ਮਾਸੂਮ ਲੋਕਾਂ ਨੂੰ ਮਾਰਿਆ।"

  4. ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਮਲਿਆਂ ਤੋਂ ਬਾਅਦ ਕੀ ਹਨ ਉਥੋਂ ਦੇ ਹਾਲਾਤ

    ਵੀਡੀਓ ਕੈਪਸ਼ਨ, ਭਾਰਤ ਨੇ ਮੁਜ਼ੱਫ਼ਰਾਬਾਦ 'ਚ ਜਿਸ ਥਾਂ ਹਮਲਾ ਕੀਤਾ, ਉੱਥੇ ਕੀ ਹਾਲ ਹੈ?

    ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਮਲਿਆਂ ਤੋਂ ਬਾਅਦ ਕੀ ਹਨ ਉਥੋਂ ਦੇ ਹਾਲਾਤ।

    ਦੇਖੋ ਬੀਬੀਸੀ ਉਰਦੂ ਦੇ ਪੱਤਰਕਾਰ ਫ਼ਰਹਤ ਜਾਵੇਦ ਦੀ ਮੁਜ਼ੱਫਰਾਬਾਦ ਤੋਂ ਗਰਾਉਂਡ ਰਿਪੋਰਟ।

    ਐਡਿਟ:ਰਾਜਨ ਪਪਨੇਜਾ

  5. ਭਾਰਤ ਦੇ 'ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ' ਦੇ ਦਾਅਵੇ 'ਤੇ ਪਾਕਿਸਤਾਨ ਨੇ ਇਹ ਕਿਹਾ

    ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ

    ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਮੀਟਿੰਗ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

    ਪਾਕਿਸਤਾਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣੀ ਧਰਤੀ 'ਤੇ ਅੱਤਵਾਦੀ ਢਾਂਚਿਆਂ ਹੋਣ ਦੇ ਭਾਰਤ ਦੇ ਦਾਅਵੇ ਬੇਬੁਨਿਆਦ ਹਨ। ਪਾਕਿਸਤਾਨ ਨੇ ਵੀ ਦੁਹਰਾਇਆ ਹੈ ਕਿ ਭਾਰਤ ਦੇ ਇਹ ਦੋਸ਼ ਬੇਬੁਨਿਆਦ ਹਨ।

    ਬਿਆਨ ਵਿੱਚ ਕਿਹਾ ਗਿਆ, "ਇਹ ਯਾਦ ਰੱਖਣ ਯੋਗ ਹੈ ਕਿ 22 ਅਪ੍ਰੈਲ 2025 ਤੋਂ ਤੁਰੰਤ ਬਾਅਦ, ਪਾਕਿਸਤਾਨ ਨੇ ਇੱਕ ਭਰੋਸੇਯੋਗ, ਪਾਰਦਰਸ਼ੀ ਅਤੇ ਨਿਰਪੱਖ ਜਾਂਚ ਲਈ ਇੱਕ ਅਸਲ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬਦਕਿਸਮਤੀ ਨਾਲ ਸਵੀਕਾਰ ਨਹੀਂ ਕੀਤਾ ਗਿਆ ਸੀ।"

    ਬਿਆਨ ਵਿੱਚ ਕਿਹਾ ਗਿਆ ਹੈ ਕਿ ਕੌਮਾਂਤਰੀ ਮੀਡੀਆ ਨੇ 6 ਮਈ ਨੂੰ ਕਥਿਤ ‘ਅੱਤਵਾਦੀ ਕੈਂਪਾਂ’ ਦਾ ਦੌਰਾ ਕੀਤਾ ਸੀ ਅਤੇ ਅੱਜ (ਬੁੱਧਵਾਰ) ਹੋਰ ਦੌਰੇ ਕਰਨੇ ਤੈਅ ਕੀਤੇ ਗਏ ਹਨ।

    ਬਿਆਨ ਵਿੱਚ ਕਿਹਾ ਗਿਆ ਹੈ, “ਹਾਲਾਂਕਿ, ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਕੋਈ ਸਬੂਤ ਦਿੱਤੇ ਬਿਨਾਂ, ਭਾਰਤ ਨੇ ਅੱਗੇ ਵਧ ਕੇ ‘ਆਪਣੇ ਸਿਆਸੀ ਮਕਸਦਾਂ’ ਨੂੰ ਅੱਗੇ ਵਧਾਉਣ ਲਈ ਨਿਰਦੋਸ਼ ਨਾਗਰਿਕਾਂ 'ਤੇ ਹਮਲਾ ਕੀਤਾ।"

    ਜ਼ਿਕਰਯੋਗਾ ਹੈ ਕਿ ਭਾਰਤ ਵਲੋਂ ਹਾਲੇ ਤੱਕ ਪਾਕਿਸਤਾਨ ਦੇ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ। ਬੀਬੀਸੀ ਸੁਤੰਤਰ ਤੌਰ ’ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

  6. ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਤਣਾਅ, ਫਿਰੋਜ਼ਪੁਰ ਦੇ ਕਈ ਪਿੰਡਾਂ ਹੋਏ ਖਾਲੀ

    ਵੀਡੀਓ ਕੈਪਸ਼ਨ, ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਈ ਲੋਕਾਂ ਨੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ

    ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਉੱਤੇ ਵਸੇ 12-14 ਤੋਂ ਵੱਧ ਸਰਹੱਦੀ ਪਿੰਡਾਂ ਦੇ ਲੋਕ ਆਪਣਾ ਸਾਮਾਨ ਲੈ ਕੇ ਪਿੰਡ ਖਾਲੀ ਕਰ ਰਹੇ ਹਨ।

    ਕਿਹੜੇ ਡਰਾਂ ਤੇ ਖ਼ਦਸ਼ਿਆਂ ਵਿੱਚ ਲੋਕ ਛੱਡ ਰਹੇ ਹਨ ਘਰ। ਇਸ ਬਾਰੇ ਦੇਖੋ ਬੀਬੀਸੀ ਦੇ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ।

    ਸ਼ੂਟ: ਗੁਰਦੇਵ ਸਿੰਘ, ਐਡਿਟ: ਰਾਜਨ ਪਪਨੇਜਾ

  7. ਪੰਜਾਬ ਵਿੱਚ ਕਈ ਥਾਵਾਂ 'ਤੇ ਹੋਈ ਮੌਕ ਡ੍ਰਿਲ, ਦੇਖੋ ਤਸਵੀਰਾਂ

    ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਆਦੇਸ਼ ਉੱਤੇ ਦੇਸ਼ ਭਰ ਵਿੱਚ ਕਈ ਥਾਾਵਾਂ ਉੱਤੇ ਅੱਜ ਮੌਕ ਡ੍ਰਿਲ ਹੋ ਰਹੀ ਹੈ।

    ਸਰਕਾਰ ਨੇ ਦੇਸ਼ ਭਰ ਦੇ 244 ਸੂਚੀਬੱਧ ਸਿਵਲ ਡਿਫੈਂਸ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦਾ ਅਭਿਆਸ ਅਤੇ ਰਿਹਰਸਲ ਕਰਨ ਦੇ ਨਿਰਦੇਸ਼ ਦਿੱਤੇ ਹਨ।

    ਦੇਸ਼ ਭਰ ਵਿੱਚ ਮੌਕ ਡ੍ਰਿਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

    ਚੰਡੀਗੜ੍ਹ
    ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਸੈਕਟਰ 17 ਵਿੱਚ ਡ੍ਰਿਲ ਦੀਆਂ ਕੁਝ ਤਸਵੀਰਾਂ
    ਚੰਡੀਗੜ੍ਹ
    ਜ਼ਿਲ੍ਹਾ ਗੁਰਦਾਸਪੁਰ

    ਤਸਵੀਰ ਸਰੋਤ, Gurpreet Chawla/BBC

    ਜ਼ਿਲ੍ਹਾ ਗੁਰਦਾਸਪੁਰ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਜ਼ਿਲ੍ਹਾ ਗੁਰਦਾਸਪੁਰ ਵਿੱਚ ਮੌਕ ਡ੍ਰਿਲ ਦੀਆਂ ਤਿਆਰੀਆਂ
    ਚੰਡੀਗੜ੍ਹ
  8. ਉਮਰ ਅਬਦੁੱਲਾ ਨੇ ਕਿਹਾ, "ਕੋਈ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨਹੀਂ ਚਾਹੁੰਦਾ, ਪਰ..."

    ਉਮਰ ਅਬਦੁੱਲਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਉਮਰ ਅਬਦੁੱਲਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਲੋਕਾਂ ਨੂੰ ਇਲਾਕਾ ਨਾ ਛੱਡਣ ਦੀ ਅਪੀਲ ਕੀਤੀ ਹੈ

    ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਖੇਤਰ ਵਿੱਚ ਕੋਈ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨਹੀਂ ਚਾਹੁੰਦਾ ਪਰ ਤਣਾਅ ਘਟਾਉਣਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ।

    ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਭਾਰਤ ਦੇ ਹਵਾਈ ਹਮਲਿਆਂ 'ਤੇ ਟਿੱਪਣੀ ਕਰਦੇ ਹੋਏ, ਉਮਰ ਅਬਦੁੱਲਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਪਹਿਲਗਾਮ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ‘ਢੁਕਵਾਂ ਜਵਾਬ’ ਦੇਣ ਲਈ ‘ਸਹੀ ਰਸਤਾ’ ਚੁਣਿਆ ਹੈ।

    ਉਮਰ ਅਬਦੁੱਲਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਲਾਕਾ ਛੱਡਣ ਦੀ ਲੋੜ ਨਹੀਂ ਹੈ।

  9. ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀ ਹੈ ਮਾਹੌਲ

    ਘਰਾਂ ਤੋਂ ਜਾਂਦੇ ਲੋਕ

    ਤਸਵੀਰ ਸਰੋਤ, Gurdev Singh/BBC

    ਤਸਵੀਰ ਕੈਪਸ਼ਨ, ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕ ਘਰ ਖਾਲ੍ਹੀ ਕਰ ਰਹੇ ਹਨ

    ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਉੱਤੇ ਵੱਸੇ 12-14 ਤੋਂ ਵੱਧ ਸਰਹੱਦੀ ਪਿੰਡਾਂ ਵਿੱਚ ਲੋਕ ਸਮਾਨ ਲੈ ਕੇ ਪਿੰਡ ਖਾਲ੍ਹੀ ਕਰ ਰਹੇ ਹਨ।

    ਇਹ ਲੋਕ ਪਰਿਵਾਰ ਦੇ ਇੱਕ ਦੋ ਜੀਅ ਘਰ ਛੱਡ ਕੇ ਜਾ ਰਹੇ ਹਨ, ਜੋ ਪਸ਼ੂਆਂ ਅਤੇ ਘਰਾਂ ਦੇ ਦੇਖਭਾਲ ਕਰ ਸਕਣ।

    ਪੰਜੋ ਬਾਈ

    ਤਸਵੀਰ ਸਰੋਤ, Gurdev Singh/BBC

    ਤਸਵੀਰ ਕੈਪਸ਼ਨ, ਪੰਜੋ ਬਾਈ ਮੋਗਾ ਜਿਲ੍ਹੇ ਵਿੱਚ ਰਹਿੰਦੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ

    ਇੱਕ ਬਜ਼ੁਰਗ ਔਰਤ, ਪੰਜੋ ਬਾਈ, ਨੇ ਕਿਹਾ, "ਅਸੀਂ ਆਪਣਾ ਅਨਾਜ ਲੈ ਕੇ ਸੁਰੱਖਿਆ ਲਈ ਮੋਗਾ ਜ਼ਿਲ੍ਹੇ ਜਾ ਰਹੇ ਹਾਂ। ਇੱਥੇ ਜੰਗ ਦੀ ਸੰਭਾਵਨਾ ਹੈ ਅਤੇ ਪਾਕਿਸਤਾਨ ਰਾਤ ਨੂੰ ਹਮਲਾ ਕਰ ਸਕਦਾ ਹੈ।"

    ਬੀਬੀਸੀ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ।

  10. 'ਸਾਡੇ ਘਰ ਸੜ ਗਏ, ਪਰ ਖੁਸ਼ਕਿਸਮਤੀ ਨਾਲ ਅਸੀਂ ਬਚ ਗਏ': ਬਾਰਾਮੂਲਾ ਦੇ ਲੋਕਾਂ ਦੀ ਹੱਡਬੀਤੀ

    ਮਨਜ਼ੂਰ
    ਤਸਵੀਰ ਕੈਪਸ਼ਨ, ਮਨਜ਼ੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ

    ਬੀਬੀਸੀ ਨੇ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਦੇ ਇੱਕ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਚਾਰ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ।

    18 ਸਾਲਾ ਮਨਜ਼ੂਰ ਉਰੀ ਵਿੱਚ ਕੰਟਰੋਲ ਰੇਖਾ ਦੇ ਨੇੜੇ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਸੌਂ ਰਹੇ ਸਨ ਜਦੋਂ ਖਿੜਕੀ ਵਿੱਚੋਂ ਆ ਕੇ ਇੱਕ ਗੋਲੀ ਦੇ ਛਰੇ ਉਨ੍ਹਾਂ ਦੀ ਬਾਂਹ ਵਿੱਚ ਲੱਗੇ।

    ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀਆਂ ਕੱਢਣ ਲਈ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਵੇਗੀ।

    ਬਦਰਦੀਨ ਨਾਇਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਜਖ਼ਮੀ ਹਾਲਤ ਵਿੱਚ ਇਸੇ ਹਸਪਤਾਲ ’ਚ ਇਲਾਜ ਅਧੀਨ ਹਨ।

    ਬੁੱਧਵਾਰ ਸਵੇਰੇ ਤੜਕੇ, ਕੰਟਰੋਲ ਰੇਖਾ ਦੇ ਨੇੜੇ ਸਲਾਮਾਬਾਦ ਵਿੱਚ ਉਨ੍ਹਾਂ ਦੇ ਘਰਾਂ ਦੇ ਨੇੜੇ ਗੋਲੀਬਾਰੀ ਹੋਈ, ਜਿਸ ਵਿੱਚ ਉਹ ਜ਼ਖਮੀ ਹੋ ਗਏ।

    ਨਾਇਕ ਅਤੇ ਉਨ੍ਹਾਂ ਦੇ ਅੱਠ ਸਾਲਾ ਪੁੱਤ ਦੇ ਸਿਰ ’ਤੇ ਸੱਟ ਲੱਗੀ ਹੈ।

    ਨਾਇਕ ਕਹਿੰਦੇ ਹਨ, "ਸਾਡੇ ਘਰ ਨੁਕਸਾਨੇ ਗਏ ਸਨ, ਪਰ ਖੁਸ਼ਕਿਸਮਤੀ ਨਾਲ ਅਸੀਂ ਬਚ ਗਏ।"

  11. ਪਾਕਿਸਤਾਨੀ ਪੰਜਾਬ ਦੀ ਮੁਰੀਦਕੇ ਦੀ ਮਸਜਿਦ ਉਮੂਲ ਕੁਰਾ ਜਿੱਥੇ ਹਮਲਾ ਹੋਇਆ ’ਚ ਕੀ ਹਨ ਹਾਲਾਤ

    ਵੀਡੀਓ ਕੈਪਸ਼ਨ, ਪਾਕਿਸਤਾਨ ਦੀ ਉਹ ਥਾਂ ਜਿੱਥੇ ਭਾਰਤ ਨੇ ਹਮਲਾ ਕੀਤਾ

    ਭਾਰਤ ਦੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕੀਤੇ ਗਏ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਬਹੁਤ ਗਿਆ ਹੈ।

    ਬੀਬੀਸੀ ਉਰਦੂ ਦੇ ਪੱਤਰਕਾਰ ਉਮਰ ਦਰਾਜ਼ ਨੰਗਿਆਣਾ ਪਾਕਿਸਤਾਨੀ ਪੰਜਾਬ ਦੇ ਮੁਰੀਦਕੇ ਪਹੁੰਚੇ ਜਿੱਥੇ ਭਾਰਤ ਨੇ ਹਮਲਾ ਕੀਤਾ ਸੀ।

    ਜ਼ਿਕਰਯੋਗ ਹੈ ਕਿ ਭਾਰਤ ਨੇ ਮੁਰੀਦਕੇ ਵਿੱਚ ਮੌਜੂਦ ਮਸਜਿਦ ਉਮੂਲ ਕੁਰਾ ਨੂੰ ਨਿਸ਼ਾਨਾ ਬਣਾਇਆ ਹੈ।

    ਦੇਖੋ ਉਥੇ ਕੀ ਹਨ ਹਾਲਾਤ।

  12. ਪਾਕਿਸਤਾਨ ਨੇ ਭਾਰਤ ਦੇ ਕੂਟਨੀਤਿਕ ਕੀਤੇ ਤਲਬ

    ਪਾਕਿਸਤਾਨੀ ਵਿਦੇਸ਼ ਮੰਤਰਾਲਾ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਸਵੀਰ

    ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਇੱਕ ਚੋਟੀ ਦੇ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ ਹੈ ਅਤੇ ਭਾਰਤ ਦੇ ਹਵਾਈ ਹਮਲਿਆਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

    ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤੀ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਇਹ ਹਮਲੇ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਸਪੱਸ਼ਟ ਉਲੰਘਣਾ ਹਨ ਅਤੇ ਅਜਿਹੇ ਹਮਲੇ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਨਿਯੰਤਰਿਤ ਕਰਨ ਵਾਲੇ ਸੰਮੇਲਨਾਂ ਦੀ ਉਲੰਘਣਾ ਹਨ।

    ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ।

  13. ਭਾਰਤੀ ਫ਼ੌਜ ਦੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਵਾਈ ਹਮਲੇ ਤੋਂ ਬਾਅਦ ਕੀ ਕੁਝ ਵਾਪਰਿਆ

    ਪੁੰਛ

    ਤਸਵੀਰ ਸਰੋਤ, Gett

    ਤਸਵੀਰ ਕੈਪਸ਼ਨ, ਪੁੰਛ ਇਲਾਕੇ ਵਿੱਚ ਉੱਠਦਾ ਧੂੰਆਂ

    ਜੇਕਰ ਤੁਸੀਂ ਹੁਣੇ ਸਾਡੇ ਲਾਈਵ ਪੇਜ਼ ਨਾਲ ਹੁਣ ਜੁੜੇ ਹੋ ਤਾਂ ਜਾਣੋ ਹੁਣ ਤੱਕ ਕੀ-ਕੀ ਹੋਇਆ ਹੈ...

    • ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਹਮਲੇ ਕੀਤੇ ਹਨ।
    • ਭਾਰਤ ਨੇ ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਹੈ।
    • ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ 'ਤੇ ਹਮਲਾ ਕੀਤਾ ਹੈ।
    • ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ ’ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।
    • ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜਖ਼ਮੀ ਹੋ ਗਏ ਹਨ। ਭਾਰਤ ਵਲੋਂ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ ’ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
    • ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਅਤੇ 32 ਲੋਕ ਜ਼ਖ਼ਮੀ ਹਨ।
    • ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ 'ਗਿਣੇ-ਮਿੱਥੇ ਹੋਏ ਅਤੇ ਗੈਰ-ਭੜਕਾਊ' ਸਨ।
    • ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਸਥਾਪਨਾ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।
    • ਪਾਕਿਸਤਾਨ ਅਤੇ ਭਾਰਤ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ।
    • ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰਨ ਤੋਂ ਬਾਅਦ, ਕਈ ਏਅਰਲਾਈਨਾਂ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀਆਂ ਹਨ।
  14. ਭਾਰਤ ਦੇ ਹਮਲੇ ਵਿੱਚ ਪਰਿਵਾਰ ਦੇ 10 ਮੈਂਬਰ ਤੇ ਚਾਰ ਸਾਥੀ ਮਾਰੇ ਗਏ: ਮਸੂਦ ਅਜ਼ਹਰ

    ਮਸੂਦ ਅਜ਼ਹਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਸੂਦ ਅਜ਼ਹਰ ਦਾ ਪੋਸਟਰ

    ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ ’ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।

    ਜਾਰੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਮਸੂਦ ਅਜ਼ਹਰ ਦੀ ਵੱਡੀ ਭੈਣ ਅਤੇ ਉਨ੍ਹਾਂ ਦੇ ਪਤੀ, ਮਸੂਦ ਅਜ਼ਹਰ ਦੇ ਭਾਣਜੇ ਅਤੇ ਉਨ੍ਹਾਂ ਦੀ ਪਤਨੀ, ਇੱਕ ਹੋਰ ਭਾਣਜੀ ਦੇ ਇਲਾਵਾ ਪਰਿਵਾਰ ਦੇ ਪੰਜ ਬੱਚੇ ਵੀ ਸ਼ਾਮਲ ਹਨ।

    ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਹਮਲੇ ਵਿੱਚ ਮਸੂਦ ਅਜ਼ਹਰ ਦੇ ਇੱਕ ਕਰੀਬੀ ਸਾਥੀ ਅਤੇ ਉਨ੍ਹਾਂ ਦੀ ਮਾਂ ਤੋਂ ਇਲਾਵਾ ਦੋ ਹੋਰ ਕਰੀਬੀ ਸਾਥੀ ਮਾਰੇ ਗਏ ਹਨ।

  15. ਭਾਰਤ ਨੇ ਪਾਕਿਸਤਾਨ ਉੱਤੇ ਕੀਤੇ ਹਮਲੇ ਬਾਰੇ ਕੀ ਦੱਸਿਆ

    ਵੀਡੀਓ ਕੈਪਸ਼ਨ, ਭਾਰਤ ਨੇ ਪਾਕਿਸਤਾਨ ਉੱਤੇ ਕੀਤੇ ਹਮਲੇ ਬਾਰੇ ਕੀ ਦੱਸਿਆ

    ਭਾਰਤ ਸਰਕਾਰ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ 9 ਟਿਕਾਣਿਆਂ ’ਤੇ ਹਮਲਾ ਕੀਤਾ ਗਿਆ ਹੈ।ਜਾਣੋ ਤਾਜ਼ਾ ਅਪਡੇਟਐਡਿਟ – ਰਾਜਨ ਪਪਨੇਜਾ

  16. ਪਾਕਿਸਾਤਨੀ ਗੋਲੀਬਾਰੀ ਵਿੱਚ 10 ਭਾਰਤੀ ਮਾਰੇ ਗਏ- ਭਾਰਤੀ ਫ਼ੌਜ ਦਾ ਦਾਅਵਾ

    ਪੁੰਛ

    ਤਸਵੀਰ ਸਰੋਤ, Gett

    ਤਸਵੀਰ ਕੈਪਸ਼ਨ, ਪੁੰਛ ਵਿੱਚ ਗੋਲੀਬਾਰੀ ਤੋਂ ਬਾਅਦ ਇਲਾਕਾ ਛੱਡੇ ਕੇ ਜਾਂਦੇ ਹੋਏ ਸਥਾਨਕ ਲੋਕ

    ਭਾਰਤੀ ਫ਼ੌਜ ਦੇ ਇੱਕ ਉੱਚ ਅਧਿਕਾਰੀ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਭਾਰਤੀ ਪਾਸੇ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।

    ਸਾਰੀਆਂ ਮੌਤਾਂ ਪੁੰਛ ਜ਼ਿਲ੍ਹੇ ਵਿੱਚ ਹੋਈਆਂ ਹਨ, ਜੋ ਕਿ ਕੰਟਰੋਲ ਰੇਖਾ (ਐੱਲਓਸੀ) ਦੇ ਨੇੜੇ ਸਥਿਤ ਹੈ। ਅਧਿਕਾਰੀ ਦਾ ਦਾਅਵਾ ਹੈ ਕਿ ਇਸ ਗੋਲੀਬਾਰੀ ਵਿੱਚ ਘੱਟੋ-ਘੱਟ 32 ਲੋਕ ਜਖਮੀ ਹੋ ਗਏ ਹਨ।

    ਇਸ ਦੌਰਾਨ, ਪਾਕਿਸਤਾਨ ਨੇ ਰਿਪੋਰਟ ਦਿੱਤੀ ਹੈ ਕਿ ਭਾਰਤੀ ਹਵਾਈ ਹਮਲੇ ਵਿੱਚ 26 ਨਾਗਰਿਕ ਮਾਰੇ ਗਏ ਅਤੇ 46 ਲੋਕ ਜ਼ਖਮੀ ਹੋਏ ਹਨ।

    ਹਾਲਾਂਕਿ, ਭਾਰਤ ਵਲੋਂ ਹਾਲੇ ਤੱਕ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ ’ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

    ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ 'ਗਿਣੇ-ਮਿੱਥੇ ਹੋਏ ਅਤੇ ਗੈਰ-ਭੜਕਾਊ' ਸਨ।

    ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਸਥਾਪਨਾ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।

  17. ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਬਿਨਾਂ ਦਰਸ਼ਨ ਕੀਤੇ ਪਰਤੇ

    ਕਰਤਾਰਪੁਰ ਲਾਂਘਾ

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਭਾਰਤ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ, ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ।

    ਸ਼ਰਧਾਲੂਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਦੀ ਉਡੀਕ ਕਰ ਰਹੇ ਸਨ।

    ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।

    ਅੱਜ 491 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ, ਜਦਕਿ ਸਵੇਰ ਤੋਂ ਸੰਗਤ ਵੀ ਘੱਟ ਆਈ ਪਰ ਜੋ ਸ਼ਰਧਾਲੂ ਆਏ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।

  18. ਚੰਡੀਗੜ੍ਹ ਏਅਰਪੋਰਟ ਬੰਦ, ਯਾਤਰੀਆਂ ਨੂੰ ਪਰਤਣਾ ਪਿਆ ਵਾਪਸ

    ਚੰਡੀਗੜ੍ਹ ਏਅਰਪੋਰਟ ਬਾਹਰ ਯਾਤਰੀ
    ਤਸਵੀਰ ਕੈਪਸ਼ਨ, ਚੰਡੀਗੜ੍ਹ ਏਅਰਪੋਰਟ ਵੀ ਬੰਦ ਕੀਤਾ ਗਿਆ ਹੈ

    ਭਾਰਤ ਦੇ ਕਈ ਹਵਾਈ ਅੱਡੇ ਬੰਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਚੰਡੀਗੜ੍ਹ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਵੀ ਸ਼ਾਮਲ ਹੈ।

    ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਕਈ ਲੋਕਾਂ ਨੂੰ ਉਡਾਣ ਦੇ ਰੱਦ ਜਾਂ ਡਿਲੇਅ ਹੋਣ ਬਾਰੇ ਏਅਰਪੋਰਟ ਪਹੁੰਚਣ ਤੋਂ ਬਾਅਦ ਜਾਣਕਾਰੀ ਮਿਲੀ।

    ਯਾਤਰੀਆਂ ਦਾ ਦਾਅਵਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਅਰਪੋਸਟ ਦੇ ਅੰਦਰ ਦਾਖਲ ਹੀ ਨਹੀਂ ਹੋਣ ਦਿੱਤਾ।

    ਨਾਸਿਕ ਤੋਂ ਚੰਡੀਗੜ੍ਹ ਅਤੇ ਹਿਮਾਚਲ ਘੁੰਮਣ ਆਏ ਇੱਕ ਪਰਿਵਾਰ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਲੈਣੀ ਸੀ ਪਰ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਮੁੜਨਾ ਪਿਆ।

    ਲੁਧਿਆਣਾ ਨਾਲ ਸਬੰਧ ਰੱਖਦੇ ਨੌਜਵਾਨ ਰਾਜਨ ਨੇ ਚੰਡੀਗੜ੍ਹ ਤੋਂ ਆਬੂ-ਧਾਬੀ ਜਾਣਾ ਸੀ ਪਰ ਉਹ ਵੀ ਦੁੱਚਿਤੀ ਵਿੱਚ ਹੈ। ਰਾਜਨ ਦਾ ਕਹਿਣਾ ਹੈ ਕਿ ਜੇ ਇਹ ਫਲਾਈਟ ਨਾ ਗਈ ਤਾਂ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਉਸ ਦਾ ਵਿੱਤੀ ਨੁਕਸਾਨ ਵੀ ਹੋਵੇਗਾ।

    ਨਵਾਂਸ਼ਹਿਰ ਤੋਂ ਗੁਰਦੀਪ ਕੁਮਾਰ ਨੇ ਚੰਡੀਗੜ੍ਹ ਤੋਂ ਬਹਿਰੀਨ ਜਾਣਾ ਸੀ।

    ਗੁਰਦੀਪ ਬਹਿਰੀਨ ਵਿੱਚ ਨੌਕਰੀ ਕਰਦੇ ਹਨ ਪਰ ਅੱਜ ਦੀ ਫਲਾਈਟ ਰੱਦ ਕਰਕੇ ਉਸ ਦੀ ਫਲਾਈਟ ਵੀਰਵਾਰ ਸ਼ਾਮ ਚਾਰ ਵਜੇ ਦੀ ਕੀਤੀ ਗਈ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਜੇ ਕੱਲ੍ਹ ਵੀ ਫਲਾਈਟ ਨੇ ਉਡਾਣ ਨਾ ਭਰੀ ਤਾਂ ਉਨ੍ਹਾਂ ਕੋਲ ਕੋਈ ਰਾਹ ਨਹੀਂ ਬਚੇਗਾ।

  19. ਪਾਕਿਸਤਾਨ ਨੇ ਪੰਜ ਭਾਰਤੀ ਲੜਾਕੂ ਜਹਾਜ਼ ਅਤੇ ਇੱਕ ਡਰੋਨ ਨਸ਼ਟ ਕਰਨ ਦਾ ਕੀਤਾ ਦਾਅਵਾ

    ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ। ਹਾਲਾਂਕਿ, ਪਾਕਿਸਤਾਨ ਦੇ ਇਸ ਦਾਅਵੇ 'ਤੇ ਭਾਰਤ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

    ਪਾਕਿਸਤਾਨ ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਹੈ, "ਹੁਣ ਤੱਕ, ਮੈਂ ਤੁਹਾਨੂੰ ਪੁਸ਼ਟੀ ਕਰ ਸਕਦਾ ਹਾਂ ਕਿ ਪੰਜ ਭਾਰਤੀ ਜਹਾਜ਼ - ਜਿਨ੍ਹਾਂ ਵਿੱਚ ਤਿੰਨ ਰਾਫੇਲ, ਇੱਕ ਐੱਸਯੂ- 30 ਅਤੇ ਇੱਕ ਮਿਗ- 29 ਸ਼ਾਮਲ ਹਨ ਅਤੇ ਇੱਕ ਹੇਰੋਨ ਡਰੋਨ ਨੂੰ ਵੀ ਡੇਗ ਦਿੱਤਾ ਗਿਆ ਹੈ।"

    ਇਹ ਵੀਡੀਓ ਖ਼ਬਰ ਏਜੰਸੀ ਰਾਇਟਰਜ਼ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

    ਭਾਰਤ ਵਲੋਂ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ ’ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

  20. ਕਰਨਲ ਸੋਫੀਆ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਵਿੱਚ ਕਦੋਂ ਅਤੇ ਕਿਹੜੇ ਨਿਸ਼ਾਨੇ 'ਤੇ ਹਮਲਾ ਕੀਤਾ ਸੀ

    ਕਰਨਲ ਸੋਫੀਆ ਕੁਰੈਸ਼ੀ

    ਤਸਵੀਰ ਸਰੋਤ, PIB

    ਤਸਵੀਰ ਕੈਪਸ਼ਨ, ਕਰਨਲ ਸੋਫੀਆ ਕੁਰੈਸ਼ੀ

    ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਮਲਿਆਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਭਾਰਤੀ ਹਥਿਆਰਬੰਦ ਫ਼ੌਜਾਂ ਨੇ 6-7 ਮਈ 2025 ਦੀ ਰਾਤ ਨੂੰ 1:05 ਵਜੇ ਤੋਂ 1:30 ਵਜੇ ਦੇ ਵਿਚਕਾਰ 'ਆਪ੍ਰੇਸ਼ਨ ਸਿੰਦੂਰ' ਚਲਾਇਆ।

    “ਇਸ ਕਾਰਵਾਈ ਵਿੱਚ, ਨੌਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।"

    ਕਰਨਲ ਸੋਫੀਆ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ 'ਅੱਤਵਾਦੀ ਢਾਂਚੇ' ਬਣਾਏ ਜਾ ਰਹੇ ਸਨ ਅਤੇ ਇਹ 'ਅੱਤਵਾਦੀ ਢਾਂਚੇ' ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਫ਼ੈਲੇ ਹੋਏ ਹਨ।

    ਦੂਜੇ ਪਾਸੇ, ਪਾਕਿਸਤਾਨ ਪਹਿਲਗਾਮ ਹਮਲੇ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਾ ਆ ਰਿਹਾ ਹੈ ਅਤੇ ਅਜੇ ਤੱਕ ਭਾਰਤ ਦੇ ਹਾਲੀਆ ਦਾਅਵਿਆਂ 'ਤੇ ਕੁਝ ਨਹੀਂ ਕਿਹਾ ਹੈ।