ਨੁਸਰਤ ਫਤਿਹ ਅਲੀ ਖ਼ਾਨ: 'ਸਿੰਗਿੰਗ ਬੁੱਧਾ' ਤੋਂ 'ਮਿਸਟਰ ਅੱਲ੍ਹਾ ਹੂ ਅਕਬਰ' ਤੱਕ ਦੇ ਰੋਚਕ ਕਿੱਸੇ

ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ
    • ਲੇਖਕ, ਈਮਾਦ ਖ਼ਾਲਿਦ
    • ਰੋਲ, ਬੀਬੀਸੀ ਉਰਦੂ

ਸਾਲ 1960 ਦੇ ਦਹਾਕੇ ਵਿੱਚ ਫ਼ੈਸਲਾਬਾਦ ਦੇ ਇੱਕ ਬਜ਼ੁਰਗ ਸਾਂਈ ਮੁਹੰਮਦ ਬਖ਼ਸ਼ ਉਰਫ਼ ਲਸੂੜੀ ਸ਼ਾਹ ਦੇ ਦਰਬਾਰ ਵਿੱਚ ਇੱਕ ਛੋਟੀ ਉਮਰ ਦਾ ਮੁੰਡਾ ਪ੍ਰਮਾਤਮਾ ਅਤੇ ਮੁਹੰਮਦ ਸਾਹਿਬ ਦੀ ਕਦਰਦਾਨੀ ਵਿੱਚ ਨਾਤੀਆ ਕਲਾਮ ਪੜ੍ਹਦਾ ਸੀ।

ਇਹ ਕੋਈ ਵੱਡੀ ਗੱਲ ਨਹੀਂ ਸੀ। ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪੰਜਾਬ ਦੇ ਇਸ ਮੁੰਡੇ ਨੂੰ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੀ ਦੁਨੀਆਂ ਦਾ 'ਸ਼ਹਿਨਸ਼ਾਹ-ਏ-ਕਵਾਲੀ' ਕਿਹਾ ਜਾਵੇਗਾ।

ਉਸ ਨੌਜਵਾਨ ਦਾ ਸਬੰਧ ਕਵਾਲ ਘਰਾਨੇ ਨਾਲ ਹੀ ਸੀ। ਉਸ ਦੇ ਵਰਗੇ ਕਈ ਨੌਜਵਾਨਾਂ ਨੂੰ ਬਚਪਨ ਵਿੱਚ ਹੀ ਸੁਰ, ਤਾਲ ਅਤੇ ਲੈਅ ਸਿਖਾ ਦਿੱਤੀ ਜਾਂਦੀ ਸੀ, ਚਾਹੇ ਉਹ ਚਾਹੁੰਦੇ ਹੋਣ ਜਾਂ ਨਾ।

BBC social media page
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਰ ਉਸ ਮੁੰਡੇ ਦੀ ਸੁਰਾਂ ਵਿੱਚ ਅਜਿਹੀ ਲੈਅ ਅਤੇ ਉੱਚੀ ਸੁਰ ਸੀ ਕਿ ਸੁਣਨ ਵਾਲੇ ਸੁਰਾਂ ਵਿੱਚ ਹੀ ਗੁਆਚ ਜਾਂਦੇ।

ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜਲੰਧਰ ਤੋਂ ਆਏ ਇੱਕ ਪਰਿਵਾਰ ਵਿੱਚ ਜਨਮੇ ਇਸ ਮੁੰਡੇ ਦਾ ਨਾਮ ਨੁਸਰਤ ਫ਼ਤਿਹ ਅਲੀ ਖ਼ਾਨ ਰੱਖਿਆ ਗਿਆ ਸੀ। ਉਨ੍ਹਾਂ ਦਾ ਪਰਿਵਾਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸੰਬੰਧ ਰੱਖਦਾ ਸੀ।

ਪਰ ਇਹ ਉਹ ਸਮਾਂ ਸੀ ਜਦੋਂ ਨੁਸਰਤ ਨੂੰ ਕੋਈ ਨਹੀਂ ਜਾਣਦਾ ਸੀ। ਹਾਂ ਸਾਰਿਆਂ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਉਸ ਸਮੇਂ ਦੇ ਮਕਬੂਲ ਕਵਾਲ ਉਸਦਾਤ ਫ਼ਤਿਹ ਅਲੀ ਖ਼ਾਨ ਦਾ ਬੇਟਾ ਹੈ।

ਨੁਸਰਤ ਦੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਨਾਲ ਚੰਗੇ ਸੰਬੰਧ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੁਸਰਤ ਦੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਨਾਲ ਚੰਗੇ ਸੰਬੰਧ ਸਨ

ਬਚਪਨ ਤੋਂ ਹੀ ਸੀ ਸੰਗੀਤ ਦਾ ਜਨੂੰਨ

ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ।

1960 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਆਪਣੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਚੇ ਉਸਤਾਦ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਤੋਂ ਕਵਾਲੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਸੱਤਰਵੇਂ ਦੇ ਦਹਾਕੇ ਵਿੱਚ ਚਾਚੇ ਮੁਬਾਰਕ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਆਪਣੇ ਕਵਾਲ ਘਰਾਨੇ ਦੀ ਵਾਗਡੋਰ ਸੰਭਾਲ ਲਈ।

ਫ਼ੈਸਲਾਬਾਦ ਦੇ ਮਸ਼ਹੂਰ ਝੰਗ ਬਾਜ਼ਾਰ ਦੇ ਇੱਕ ਦਰਬਾਰ ਤੋਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰਨ ਵਾਲੇ ਇਸ ਲੜਕੇ 'ਤੇ ਪਹਿਲੀ ਪਾਰਖ਼ੀ ਨਜ਼ਰ ਮੀਆਂ ਰਹਿਮਤ ਦੀ ਪਈ ਜੋ ਫ਼ੈਸਲਾਬਾਦ ਵਿੱਚ ਹੀ ਗ੍ਰਾਮੋਫ਼ੋਨ ਰਿਕਾਰਡਜ਼ ਦੀ ਇੱਕ ਦੁਕਾਨ ਦਾ ਮਾਲਕ ਸੀ।

ਉਸਦੇ ਨੁਸਰਤ ਦੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਨਾਲ ਪਹਿਲਾਂ ਹੀ ਚੰਗੇ ਸੰਬੰਧ ਸਨ।

ਉਸਤਾਦ ਨੁਸਰਤ ਨੇ ਕਵਾਲੀ ਤੋਂ ਪਹਿਲਾਂ ਤਬਲਾ ਵਜਾਉਣ ਦੀ ਸਿਖਿਆ ਲਈ ਸੀ ਅਤੇ ਤਬਲਾ ਵਜਾਉਣ ਵਿੱਚ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ

ਤਸਵੀਰ ਸਰੋਤ, Abdul Majid

ਤਸਵੀਰ ਕੈਪਸ਼ਨ, ਉਸਤਾਦ ਨੁਸਰਤ ਨੇ ਕਵਾਲੀ ਤੋਂ ਪਹਿਲਾਂ ਤਬਲਾ ਵਜਾਉਣ ਦੀ ਸਿਖਿਆ ਲਈ ਸੀ ਅਤੇ ਤਬਲਾ ਵਜਾਉਣ ਵਿੱਚ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ

ਗਾਉਣ ਵਾਲਾ ਤਾਂ ਥੱਕ ਗਿਆ ਪਰ ਨੁਸਰਤ ਦਾ ਤਬਲਾ ਨਾ ਰੁੱਕਿਆ

ਰਹਿਮਤ ਗ੍ਰਾਮੋਫ਼ੋਨ ਰਿਕਾਰਡਜ਼ ਸਟੂਡੀਓ ਦੇ ਮਾਲਕ ਮੀਆਂ ਰਹਿਮਤ ਦੇ ਬੇਟੇ ਮੀਆਂ ਅਸਦ ਉਸਤਾਦ ਨੁਸਰਤ ਅਲੀ ਖ਼ਾਨ ਬਾਰੇ ਦੱਸਦੇ ਹਨ ਕਿ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਹਾਲੇ ਵੀ ਤਾਜ਼ਾ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੁਸਰਤ ਦੇ ਪਰਿਵਾਰ ਨੂੰ 1960 ਦੇ ਦਹਾਕੇ ਤੋਂ ਜਾਣਦੇ ਸਨ।

ਉਨ੍ਹਾਂ ਦੱਸਿਆ, "ਸਭ ਤੋਂ ਪਹਿਲਾਂ ਮੇਰੇ ਪਿਤਾ ਦੀ ਮੁਲਾਕਾਤ ਨੁਸਰਤ ਦੇ ਪਿਤਾ ਨਾਲ ਹੋਈ ਸੀ ਜੋ ਕਿ ਫ਼ੈਸਲਾਬਾਦ ਦੇ ਮਕਬੂਲ ਕਵਾਲ ਸਨ।"

"ਨੁਸਰਤ ਨਾਲ ਮੇਰੇ ਪਿਤਾ ਦੀ ਜਾਣ ਪਹਿਚਾਣ ਤਾਂ ਬਚਪਨ ਤੋਂ ਹੀ ਸੀ ਪਰ ਜਦੋਂ ਆਪਣੇ ਚਾਚਾ ਉਸਤਾਦ ਮੁਬਾਰਕ ਖ਼ਾਨ ਦੀ ਮੌਤ ਤੋਂ ਬਾਅਦ ਨੁਸਰਤ ਨੇ ਆਪਣੇ ਕਵਾਲ ਘਰਾਨੇ ਦੇ ਕੰਮ ਦੀ ਜ਼ਿੰਮੇਵਾਰੀ ਲਈ ਤਾਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਬਤੌਰ ਗਾਇਕ ਨੋਟਿਸ ਕੀਤਾ।"

ਮੀਆਂ ਅਸਦ ਦੱਸਦੇ ਹਨ, "ਸ਼ੁਰੂਆਤ ਵਿੱਚ ਨੁਸਰਤ ਫ਼ੈਸਲਾਬਾਦ ਦੇ ਇੱਕ ਸੂਫ਼ੀ ਬਜ਼ੁਰਗ ਸਾਈਂ ਮੁਹੰਮਦ ਬਖ਼ਸ਼ ਅਲਮਾਰੂਫ ਬਾਬਾ ਲਸੂੜੀ ਸ਼ਾਹ ਦੇ ਦਰਬਾਰ 'ਤੇ ਨਾਤੀਆ ਕਲਾਮ ਪੜ੍ਹਦੇ ਅਤੇ ਕਵਾਲੀਆਂ ਗਾਉਂਦੇ ਸਨ। ਉਨ੍ਹਾਂ ਦਾ ਘਰ ਵੀ ਦਰਬਾਰ ਦੇ ਸਾਹਮਣੇ ਹੀ ਸੀ।"

ਮੀਆਂ ਅਸਦ ਮੁਤਾਬਿਕ, ਉਸਤਾਦ ਨੁਸਰਤ ਨੇ ਕਵਾਲੀ ਤੋਂ ਪਹਿਲਾਂ ਤਬਲਾ ਵਜਾਉਣ ਦੀ ਸਿੱਖਿਆ ਲਈ ਸੀ ਅਤੇ ਤਬਲਾ ਵਜਾਉਣ ਵਿੱਚ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ।

ਉਨ੍ਹਾਂ ਨੇ ਆਪਣੇ ਪਿਤਾ ਤੋਂ ਸੁਣੇ ਇੱਕ ਕਿੱਸੇ ਦਾ ਜ਼ਿਕਰ ਕਰਦਿਆਂ ਕਿਹਾ,"ਨੁਸਰਤ ਜਦੋਂ 10-11 ਸਾਲ ਦੇ ਸਨ ਤਾਂ ਕਵਾਲੀ ਦੀ ਇੱਕ ਮਹਿਫ਼ਲ ਵਿੱਚ ਕੋਈ ਤਬਲਾ ਵਜਾਉਣ ਵਾਲਾ ਨਹੀਂ ਸੀ ਮਿਲ ਰਿਹਾ ਤਾਂ ਨੁਸਰਤ ਨੂੰ ਤਬਲਾ ਵਜਾਉਣ ਲਈ ਕਿਹਾ ਗਿਆ। ਉਥੇ ਉਨ੍ਹਾਂ ਨੇ ਇੰਨਾਂ ਮਗਨ ਹੋ ਕੇ ਤਬਲਾ ਵਜਾਇਆ ਕਿ ਗਾਉਣ ਵਾਲਾ ਤਾਂ ਥੱਕ ਗਿਆ ਅਤੇ ਸੁਣਨ ਵਾਲਿਆਂ 'ਤੇ ਉਨ੍ਹਾਂ ਨੇ ਕੋਈ ਜਾਦੂ ਜਿਹਾ ਕਰ ਦਿੱਤਾ।"

ਉਨ੍ਹਾਂ ਦੇ ਪਿਤਾ 1970ਦੇ ਦਹਾਕੇ 'ਚ ਨੁਸਰਤ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਲੈ ਆਏ ਜਿਥੋਂ ਉਨ੍ਹਾਂ ਨੇ ਆਪਣੀਆਂ ਕਵਾਲੀਆਂ ਅਤੇ ਗ਼ਜ਼ਲਾਂ ਦੀ ਰਿਕਾਰਡਿੰਗ ਸ਼ੁਰੂ ਕੀਤੀ

ਤਸਵੀਰ ਸਰੋਤ, Abdul Majid

ਤਸਵੀਰ ਕੈਪਸ਼ਨ, ਉਨ੍ਹਾਂ ਦੇ ਪਿਤਾ 1970ਦੇ ਦਹਾਕੇ 'ਚ ਨੁਸਰਤ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਲੈ ਆਏ ਜਿਥੋਂ ਉਨ੍ਹਾਂ ਨੇ ਆਪਣੀਆਂ ਕਵਾਲੀਆਂ ਅਤੇ ਗ਼ਜ਼ਲਾਂ ਦੀ ਰਿਕਾਰਡਿੰਗ ਸ਼ੁਰੂ ਕੀਤੀ

ਕਲਾਮ ਚੁਣਨਾ ਅਤੇ ਪੜ੍ਹਨਾ ਨੁਸਰਤ ਨੇ ਸਿਖਾਇਆ

ਮੀਆਂ ਅਸਦ ਦਾ ਉਸਤਾਦ ਨੁਸਰਤ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ ਕਦੀ ਗ੍ਰਾਮੋਫ਼ੋਨ ਰਿਕਾਰਡਿੰਗ ਸਟੂਡੀਓ ਅਤੇ ਕਦੀ ਘਰ। ਹਾਲਾਂਕਿ ਉਨ੍ਹਾਂ ਦਾ ਨੁਸਰਤ ਨਾਲ ਪੇਸ਼ੇਵਰ ਸੰਬੰਧ 1992 ਵਿੱਚ ਬਣਿਆ ਜਦੋਂ ਉਹ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਲੱਗੇ।

ਮੀਆਂ ਅਸਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ 1970ਦੇ ਦਹਾਕੇ 'ਚ ਨੁਸਰਤ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਲੈ ਆਏ ਜਿਥੋਂ ਉਨ੍ਹਾਂ ਨੇ ਆਪਣੀਆਂ ਕਵਾਲੀਆਂ ਅਤੇ ਗ਼ਜ਼ਲਾਂ ਦੀ ਰਿਕਾਰਡਿੰਗ ਸ਼ੁਰੂ ਕੀਤੀ ਅਤੇ ਫ਼ਿਰ ਤਰੱਕੀ ਅਤੇ ਸ਼ੌਹਰਤ ਦੀਆਂ ਮੰਜ਼ਿਲਾਂ ਨੂੰ ਛੂੰਹਦੇ ਤੁਰੇ ਗਏ।

ਮੀਆਂ ਅਸਦ ਦੱਸਦੇ ਹਨ ਕਿ ਰਹਿਮਤ ਗ੍ਰਾਮੋਫ਼ੋਨ ਸਟੂਡੀਓ ਵਿੱਚ ਰਿਕਾਰਡ ਕੀਤੀਆਂ ਗਈਆਂ ਨੁਸਰਤ ਦੀਆਂ ਸ਼ੁਰੂਆਤੀ ਕਵਾਲੀਆਂ ਵਿੱਚੋਂ ਇੱਕ 'ਯਾਦਾਂ ਵਿਛੜੇ ਸਜਨ ਦੀਆਂ' ਅਤੇ ਦੂਸਰੀ 'ਅਲੀ ਮੌਲਾ, ਅਲੀ ਮੌਲਾ' ਸਨ ਜੋ ਦੁਨੀਆਂ ਭਰ 'ਚ ਮਕਬੂਲ ਹੋਈਆਂ।

ਉਹ ਦੱਸਦੇ ਹਨ ਇੰਨਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਕਵਾਲੀਆਂ ਰਿਕਾਰਡ ਕੀਤੀਆਂ ਗਈਆਂ ਸਨ।

"ਉਨ੍ਹਾਂ ਦੀਆਂ ਬੇਸ਼ੁਮਾਰ ਰਿਕਾਰਡਿੰਗਜ਼ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਅਰਤੇ ਉਹ ਰਿਕਾਰਡਿੰਗ ਕਰਵਾਉਣ ਸਾਡੇ ਸਟੂਡੀਓ ਆਉਂਦੇ ਰਹੇ।'

ਨੁਸਰਤ ਫਤਿਹ ਅਲੀ ਖਾਨ

ਤਸਵੀਰ ਸਰੋਤ, MIAN ASAD/REHMAT GRAMOPHONE

ਮੀਆਂ ਅਸਦ ਮੁਤਾਬਿਕ ਰਹਿਮਤ ਗ੍ਰਾਮੋਫ਼ੋਨ ਹਾਉਸ ਰਿਕਾਰਡਿੰਗ ਕੰਪਨੀ ਨੇ ਨੁਸਰਤ ਦੇ 100 ਤੋਂ ਵੱਧ ਮਿਊਜ਼ਿਕ ਐਲਬਮ ਰਿਕਾਰਡ ਕਰਕੇ ਮਾਰਕਿਟ ਵਿੱਚ ਰਿਲੀਜ਼ ਕੀਤੇ।

ਜਿੰਨਾਂ ਵਿੱਚ ਬਜ਼ੁਰਗ ਸੂਫ਼ੀ ਬੁੱਲ੍ਹੇ ਸ਼ਾਹ ਕਲਾਮਾਂ ਸਮੇਤ ਹੋਰ ਦੂਸਰੇ ਲੇਖਕਾਂ ਦੇ ਕਲਾਮ ਵੀ ਸ਼ਾਮਲ ਸਨ।

ਅਜਿਹੇ ਇੱਕ ਸ਼ਖ਼ਸ ਇਲੀਆਸ ਹੁਸੈਨ ਹਨ ਜੋ ਨੁਸਰਤ ਦੇ ਜਵਾਨੀ ਦੇ ਦਿਨਾਂ ਤੋਂ ਉਨ੍ਹਾਂ ਦੇ ਸ਼ਗਿਰਦ ਹਨ ਅਤੇ ਉਸ ਦੀ ਕਵਾਲ ਪਾਰਟੀ ਵਿੱਚ ਬਤੌਰ ਪ੍ਰੋਮਪਟ ਸ਼ਾਮਿਲ ਹੁੰਦੇ ਆਏ ਸਨ।

58 ਸਾਲਾਂ ਦੇ ਇਲਿਆਸ ਹੁਸੈਨ ਕਹਿੰਦੇ ਹਨ, "ਸਾਡਾ ਖ਼ਾਨਦਾਨ ਫ਼ਤਿਹ ਅਲੀ ਖ਼ਾਨ ਦੇ ਘਰਾਨੇ ਦੀ ਕਈ ਪੁਸ਼ਤਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਮੈਂ 1975 ਤੋਂ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਜਾਣਦਾ ਹਾਂ। ਮੈਂ ਸਕੂਲ ਜਾਂਦਾ ਇੱਕ ਬੱਚਾ ਸੀ ਅਤੇ ਆਪਣੇ ਪਿਤਾ ਨਾਲ ਉਨ੍ਹਾਂ ਦੇ ਘਰ ਕੰਮ ਕਰਨ ਜਾਂਦਾ ਸੀ। ਮੈਂ ਉਨ੍ਹਾਂ ਦਾ ਸ਼ਗਿਰਦ ਸੀ ਅਤੇ 1983 ਤੋਂ ਲੈ ਕੇ 1997 ਵਿੱਚ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦੀ ਕਵਾਲ ਪਾਰਟੀ ਵਿੱਚ ਸ਼ਾਮਲ ਰਿਹਾ।"

ਉਨ੍ਹਾਂ ਕਿਹਾ, "ਮੇਰੇ ਦਾਦਾ ਅਤੇ ਪਿਤਾ ਵੀ ਇਸ ਘਰਾਨੇ ਵਿੱਚ ਸ਼ਗਿਰਦ ਸਨ, ਸਾਨੂੰ ਇਸ ਘਰਾਨੇ ਨਾਲ ਇਸ਼ਕ ਸੀ।"

ਉਹ ਕਹਿੰਦੇ ਹਨ,"10 ਸਾਲ ਦੀ ਉਮਰ ਵਿੱਚ ਜਦੋਂ ਮੈਂ ਉਨ੍ਹਾਂ ਦੇ ਘਰ ਜਾਣਾ ਸ਼ੁਰੂ ਕੀਤਾ ਤਾਂ ਰਾਹਤ ਫ਼ਤਿਹ ਅਲੀ ਖ਼ਾਨ ਦੇ ਪਿਤਾ ਉਸਤਾਦ ਫ਼ਾਰੂਖ ਫ਼ਤਿਹ ਅਲੀ ਖ਼ਾਨ ਨੇ ਕਿਹਾ ਕਿ ਮੈਂ ਪ੍ਰੌਮਪਟ ਦਾ ਕੰਮ ਸਿੱਖਾਂ। ਹੌਲੀ ਹੌਲੀ ਮੈਨੂੰ ਉਸਤਾਦ ਨੁਸਰਤ ਅਤੇ ਫ਼ਾਰੁਖ਼ ਫ਼ਤਿਹ ਅਲੀ ਖ਼ਾਨ ਨੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ।"

ਉਹ ਦੱਸਦੇ ਹਨ ਕਿ ਇਸ ਤੋਂ ਬਾਅਦ ਕਲਾਮ ਨੂੰ ਚੁਣਨਾ, ਪੜ੍ਹਨਾ ਲਿਖਣਾ ਸਭ ਨੁਸਰਤ ਫ਼ਤਿਹ ਅਲੀ ਖ਼ਾਨ ਨੇ ਹੀ ਉਨ੍ਹਾਂ ਨੂੰ ਸਿਖਾਇਆ।

ਇਲੀਆਸ ਹੁਸੈਨ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਰਹਿਮਤ ਗ਼੍ਰਾਮੋਫ਼ੋਨ ਤੋਂ ਰਿਕਾਰਡ ਕਰਵਾਈਆਂ ਗਈਆਂ ਮਸ਼ਹੂਰ ਕਵਾਲੀਆਂ ਵਿੱਚ 'ਜਲਪਾਲ ਨਬੀ ਮੇਰੇ ਦਰਦ ਦੀ ਦਵਾ' ਅਤੇ ਗ਼ਜ਼ਲਾਂ ਵਿੱਚ 'ਯਾਦਾਂ ਵਿਛੜੇ ਸਜਨ ਦੀਆਂ ਆਈਆਂ' ਵੀ ਸ਼ਾਮਲ ਹਨ।

ਪਹਿਲੀ ਵਾਰ ਇਕੱਲਿਆਂ ਗਾਉਣਾ

ਮੀਆਂ ਅਸਦ ਉਸਤਾਦ ਨੁਸਰਤ ਅਲੀ ਖ਼ਾਨ ਦੀ ਪਹਿਲੀ ਸੋਲੋ ਰਿਕਾਰਡਿੰਗ ਦਾ ਕਿੱਸਾ ਕੁਝ ਇਸ ਤਰ੍ਹਾਂ ਦੱਸਦੇ ਹਨ, "ਇਹ ਅੱਸੀਂਵਾਂ ਦਹਾਕਾ ਸੀ ਅਤੇ ਇੱਕ ਦਿਨ ਉਸਤਾਦ ਨੁਸਰਤ ਅਲੀ ਖ਼ਾਨ ਰਿਕਾਰਡਿੰਗ ਲਈ ਹਮੇਸ਼ਾਂ ਦੀ ਤਰ੍ਹਾਂ ਸਮੇਂ ਤੋਂ ਪਹਿਲਾਂ ਆ ਗਏ ਅਤੇ ਉਡੀਕ ਦੇ ਬਾਵਜ਼ੂਦ ਉਨ੍ਹਾਂ ਦੇ ਸਾਥੀ ਸਮੇਂ ’ਤੇ ਨਾ ਪਹੁੰਚੇ, ਇਸ ਤੋਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਪੰਜਾਬੀ ਵਿੱਚ ਹੀ ਕਿਹਾ,'ਆਓ ਖ਼ਾਨ ਸਾਹਿਬ ਅੱਜ ਸੋਲੋ ਹੀ ਰਿਕਾਰਡ ਕਰਦੇ ਹਾਂ।"

"ਇਸਤੇ ਨੁਸਰਤ ਫ਼ਤਿਹ ਅਲੀ ਖ਼ਾਂ ਸਾਹਿਬ ਪਹਿਲਾਂ ਤਾਂ ਪਰੇਸ਼ਾਨ ਹੋਏ ਪਰ ਫ਼ਿਰ ਮੇਰੇ ਪਿਤਾ ਦੇ ਜ਼ਿੱਦ ਕਰਨ 'ਤੇ ਹਾਮੀ ਭਰ ਦਿੱਤੀ ਅਤੇ ਫ਼ੌਰਨ ਸਟੂਡੀਓ ਵਿੱਚ ਮੌਜੂਦ ਇੱਕ ਸ਼ਾਇਰ ਤੋਂ ਗ਼ਜ਼ਲ ਲਿਖਵਾਈ ਗਈ ਅਤੇ ਉਨ੍ਹਾਂ ਨੇ ਪਹਿਲੀ ਵਾਰ ਸੋਲੋ ਰਿਕਾਰਡਿੰਗ ਦੀ ਸ਼ੁਰੂਆਤ ਕੀਤੀ।"

ਮੀਆਂ ਅਸਲ ਕਹਿੰਦੇ ਹਨ, "ਉਨ੍ਹਾਂ ਦੀ ਸ਼ੁਰੂਆਤੀ ਸੋਲੋ ਰਿਕਾਰਡਿੰਗ ਜਿਹੜੀ ਸਭ ਤੋਂ ਵੱਧ ਮਸ਼ਹੂਰ ਹੋਈ 'ਸੁਣ ਚਰਖ਼ੇ ਦੀ ਮਿੱਠੀ ਮਿੱਠੀ ਕੂਕ' ਸੀ।"

"ਜਦੋਂ ਇਹ ਗ਼ਜ਼ਲ ਬਾਜ਼ਾਰ ਵਿੱਚ ਆਈ ਤਾਂ ਉਨ੍ਹਾਂ ਦੀ ਗਾਇਕੀ ਨੂੰ ਇੱਕ ਨਵੀਂ ਪ੍ਰਸਿੱਧੀ ਮਿਲੀ। ਇਸ ਕਰਕੇ ਕਈ ਗਾਇਕ ਅਤੇ ਕਲਾਕਾਰ ਸਾਡੇ ਨਾਲ ਨਾਰਾਜ਼ ਵੀ ਹੋ ਗਏ ਕਿ ਸ਼ਾਇਦ ਹੁਣ ਖ਼ਾਨ ਸਾਹਿਬ ਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਰਹੇਗੀ।"

ਉਨ੍ਹਾਂ ਦੀ ਸ਼ੁਰੂਆਤੀ ਸੋਲੋ ਰਿਕਾਰਡਿੰਗ ਜਿਹੜੀ ਸਭ ਤੋਂ ਵੱਧ ਮਸ਼ਹੂਰ ਹੋਈ 'ਸੁਣ ਚਰਖ਼ੇ ਦੀ ਮਿੱਠੀ ਮਿੱਠੀ ਕੂਕ' ਸੀ।

ਤਸਵੀਰ ਸਰੋਤ, MUHAMMAD FAROOQ RAO/FAROOQ STUDIOS

ਤਸਵੀਰ ਕੈਪਸ਼ਨ, ਉਨ੍ਹਾਂ ਦੀ ਸ਼ੁਰੂਆਤੀ ਸੋਲੋ ਰਿਕਾਰਡਿੰਗ ਜਿਹੜੀ ਸਭ ਤੋਂ ਵੱਧ ਮਸ਼ਹੂਰ ਹੋਈ 'ਸੁਣ ਚਰਖ਼ੇ ਦੀ ਮਿੱਠੀ ਮਿੱਠੀ ਕੂਕ' ਸੀ।

ਸਟੂਡੀਓ ਵਿੱਚ ਨੁਸਰਤ ਦਾ ਖ਼ਾਸ ਸੋਫ਼ਾ

ਰਹਿਮਤ ਗ੍ਰਾਮੋਫ਼ੋਨ ਦੇ ਮਾਲਿਕ ਮੀਆਂ ਅਸਦ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਨੁਸਰਤ ਦਾ ਉਨ੍ਹਾਂ ਦੇ ਪਿਤਾ ਨਾਲ ਸੰਬੰਧ ਬਹੁਤ ਗਹਿਰਾ ਅਤੇ ਦੋਸਤਾਨਾ ਸੀ, ਕਿਉਂਕਿ ਉਹ ਗੱਲਾਬਾਤਾਂ ਦੇ ਸ਼ੋਕੀਨ ਸਨ ਅਤੇ ਅਕਸਰ ਦੁਕਾਨ 'ਤੇ ਆ ਜਾਂਦੇ ਸੀ।

"ਭਾਰੀ ਸਰੀਰ ਕਾਰਣ ਉਨ੍ਹਾਂ ਨੂੰ ਉਥੇ ਬੈਠਣ ਵਿੱਚ ਖ਼ਾਸੀ ਦਿੱਕਤ ਆਉਂਦੀ ਸੀ ਇਸ ਲਈ ਮੇਰੇ ਵੱਡੇ ਭਰਾ ਨੇ ਉਨ੍ਹਾਂ ਲਈ ਇੱਕ ਖ਼ਾਸ ਸੋਫ਼ਾ ਬਣਵਾਇਆ ਤਾਂ ਕਿ ਉਹ ਉਸ 'ਤੇ ਬੈਠ ਸਕਣ।"

ਸਫ਼ਰ ਦੌਰਾਨ ਜਦੋਂ ਜਹਾਜ਼ ਵਿੱਚ ਹਰਮੋਨੀਅਮ ਨਹੀਂ ਸੀ ਹੁੰਦਾ ਤਾਂ ਉਸਤਾਦ ਨੁਸਰਤ ਸੀਨੇ ਜਾਂ ਪੇਟ 'ਤੇ ਹੀ ਉਂਗਲੀਆਂ ਰੱਖ ਕੇ ਸੁਰਾਂ ਦਾ ਰਿਆਜ਼ ਕਰਿਆ ਕਰਦੇ ਸਨ

ਤਸਵੀਰ ਸਰੋਤ, ILLAYAS HUSSAIN

ਤਸਵੀਰ ਕੈਪਸ਼ਨ, ਸਫ਼ਰ ਦੌਰਾਨ ਜਦੋਂ ਜਹਾਜ਼ ਵਿੱਚ ਹਰਮੋਨੀਅਮ ਨਹੀਂ ਸੀ ਹੁੰਦਾ ਤਾਂ ਉਸਤਾਦ ਨੁਸਰਤ ਸੀਨੇ ਜਾਂ ਪੇਟ 'ਤੇ ਹੀ ਉਂਗਲੀਆਂ ਰੱਖ ਕੇ ਸੁਰਾਂ ਦਾ ਰਿਆਜ਼ ਕਰਿਆ ਕਰਦੇ ਸਨ

ਸਾਰੀ ਸਾਰੀ ਰਾਤ ਰਿਆਜ਼

ਉਸਤਾਦ ਨੁਸਰਤ ਦੇ ਸ਼ਾਗਿਰਦ ਅਤ ਸਾਥੀ ਰਹੇ ਇਲੀਆਸ ਹੁਸੈਨ ਕਹਿੰਦੇ ਹਨ,"ਖ਼ਾਨ ਸਾਹਿਬ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਿੰਨਾ ਵੀ ਲੰਬਾ ਸ਼ੋਅ ਕਰਨ ਕਰਕੇ ਵਾਪਸ ਹੋਟਲ ਵਿੱਚਲੇ ਆਪਣੇ ਕਮਰੇ ਵਿੱਚ ਆਉਂਦੇ ਕਹਿੰਦੇ ਕਿ ਉਨ੍ਹਾਂ ਦਾ ਹਰਮੋਨੀਅਮ ਕਮਰੇ ਵਿੱਚ ਰੱਖ ਦਿੱਤਾ ਜਾਵੇ ਅਸੀਂ ਆਪਣੀ ਨੀਂਦ ਪੂਰੀ ਕਰਕੇ ਜਦੋਂ ਉੱਠਦੇ ਤਾਂ ਉਨ੍ਹਾਂ ਨੂੰ ਉਸਦੇ ਰਿਆਜ਼ ਕਰਦਿਆਂ ਦੇਖਦੇ।"

ਇਲੀਆਸ ਹੁਸੈਨ ਮੁਤਾਬਿਕ, ਉਸਤਾਦ ਸੌਣ ਵੇਲੇ ਵੀ ਆਪਣਾ ਹਰਮੋਨੀਅਮ ਬਿਸਤਰੇ 'ਤੇ ਰੱਖਦੇ ਅਤੇ ਉਨ੍ਹਾਂ ਦੀ ਇੱਕ ਉਂਗਲੀ ਹਰਮੋਨੀਅਮ 'ਤੇ ਹੀ ਰਹਿੰਦੀ ਸੀ।

ਉਹ ਕਹਿੰਦੇ ਹਨ ਕਿ ਸਫ਼ਰ ਦੌਰਾਨ ਜਦੋਂ ਜਹਾਜ਼ ਵਿੱਚ ਹਰਮੋਨੀਅਮ ਨਹੀਂ ਸੀ ਹੁੰਦਾ ਤਾਂ ਉਸਤਾਦ ਨੁਸਰਤ ਸੀਨੇ ਜਾਂ ਪੇਟ 'ਤੇ ਹੀ ਉਂਗਲੀਆਂ ਰੱਖ ਕੇ ਸੁਰਾਂ ਦਾ ਰਿਆਜ਼ ਕਰਿਆ ਕਰਦੇ ਸਨ।

ਉਹ ਦੱਸਦੇ ਹਨ, "ਮੈਂ ਸਾਰੀ ਉਮਰ ਉਨ੍ਹਾਂ ਨੂੰ ਕਦੀ ਹਰਮੋਨੀਅਮ ਤੋਂ ਬਿਨ੍ਹਾਂ ਨਹੀਂ ਦੇਖਿਆ।"

ਮੀਆਂ ਅਸਦ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਸੰਗੀਤ ਅਤੇ ਸੁਰਾਂ ਨੂੰ ਲੈ ਕੇ ਸਮਝ ਦਾ ਇੱਕ ਕਿੱਸਾ ਸੁਣਾਉਂਦੇ ਹਨ, "ਇੱਕ ਬੜੇ ਨਿੱਜੀ ਸਮਾਗਮ ਵਿੱਚ ਜਦੋਂ ਉਸਤਾਦ ਨੁਸਰਤ ਪ੍ਰਫਾਰਮ ਕਰ ਰਹੇ ਸੀ ਤਾਂ ਉਨ੍ਹਾਂ ਦੇ ਸੰਗੀਤ 'ਤੇ ਲੋਕ ਨੋਟ ਸੁੱਟ ਰਹੇ ਸਨ।”

“ਇਸੇ ਦੌਰਾਨ ਉਨ੍ਹਾਂ ਨੇ ਇੱਕ ਸਾਜਿੰਦੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਹਰਮੋਨੀਅਮ ਦਾ ਸੁਰ ਠੀਕ ਨਹੀਂ ਦੇਖੋ ਇਸ ਵਿੱਚ ਕੀ ਦਿੱਕਤ ਹੈ। ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਉਸ ਵਾਜੇ ਦੀ ਹਵਾ ਵਾਲੀ ਜਗ੍ਹਾ ਇੱਕ ਹਜ਼ਾਰ ਦਾ ਨੋਟ ਫੱਸਿਆ ਹੋਇਆ ਸੀ ਜਿਹੜਾ ਸੁਰ ਨੂੰ ਦਬਾ ਰਿਹਾ ਸੀ।"

ਮੀਆਂ ਅਸਦ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਨੁਸਰਤ ਨੂੰ ਪ੍ਰਸਿੱਧੀ ਮਿਲੀ ਤਾਂ ਰਹਿਮਤ ਗ੍ਰਾਮੋਫ਼ੋਨ ਦਾ ਨਾਮ ਵੀ ਉੱਚਾ ਹੋਇਆ

ਤਸਵੀਰ ਸਰੋਤ, MUHAMMAD FAROOQ RAO/ FAROOQ STUDIOS

ਤਸਵੀਰ ਕੈਪਸ਼ਨ, ਮੀਆਂ ਅਸਦ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਨੁਸਰਤ ਨੂੰ ਪ੍ਰਸਿੱਧੀ ਮਿਲੀ ਤਾਂ ਰਹਿਮਤ ਗ੍ਰਾਮੋਫ਼ੋਨ ਦਾ ਨਾਮ ਵੀ ਉੱਚਾ ਹੋਇਆ

'ਤੁਸੀਂ ਜਾਣਦੇ ਹੋ, ਇਹ ਕੌਣ ਹੈ?'

ਮੀਆਂ ਅਸਦ ਕਹਿੰਦੇ ਹਨ ਕਿ ਉਸਤਾਦ ਨੁਸਰਤ ਬੇਹੱਦ ਮਿਲਣਸਾਰ, ਇਮਾਨਦਾਰ ਅਤੇ ਦੂਸਰਿਆਂ ਦਾ ਲਿਹਾਜ਼ ਕਰਨ ਵਾਲੇ ਵਿਅਕਤੀ ਸਨ ਅਤੇ ਉਹ ਬੇਹੱਦ ਹੀ ਸੰਵੇਦਨਸ਼ੀਲ ਇਨਸਾਨ ਵੀ ਸਨ।

ਉਹ ਕਹਿੰਦੇ ਹਨ, "ਜਿਵੇਂ ਕਿ ਮੇਰੇ ਪਿਤਾ ਨੇ ਉਨ੍ਹਾਂ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਜ਼ਰੀਏ ਬਰੇਕ ਦਿੱਤੀ, ਉਸ ਤੋਂ ਬਾਅਦ ਉਹ ਮੇਰੇ ਪਿਤਾ ਨੂੰ ਬਹੁਤ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਕਹਿੰਦੇ ਸਨ ਜਦਕਿ ਦੋਨਾਂ ਦੀ ਉਮਰ ਵਿੱਚ ਬਹੁਤਾ ਫ਼ਾਸਲਾ ਨਹੀਂ ਸੀ।"

ਮੀਆਂ ਅਸਦ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਨੁਸਰਤ ਨੂੰ ਪ੍ਰਸਿੱਧੀ ਮਿਲੀ ਤਾਂ ਰਹਿਮਤ ਗ੍ਰਾਮੋਫ਼ੋਨ ਦਾ ਨਾਮ ਵੀ ਉੱਚਾ ਹੋਇਆ।

ਉਹ ਨੁਸਰਤ ਦੇ ਨਰਮ ਸੁਭਾਅ ਦਾ ਇੱਕ ਕਿੱਸਾ ਸੁਣਾਉਂਦੇ ਹਨ ਕਿ ਨੁਸਰਤ ਜਦੋਂ 90ਦੇ ਦਹਾਕੇ ਵਿੱਚ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਸਨ ਉਦੋਂ ਉਨ੍ਹਾਂ ਨੂੰ ਮਿਲਣ ਮੇਰੇ ਪਿਤਾ ਅਤੇ ਭਰਾ ਲਾਹੋਰ ਗਏ।

"ਉਸ ਸਮੇਂ ਕੋਈ ਵਿਦੇਸ਼ੀ ਗਰੁੱਪ ਉਨ੍ਹਾਂ ਨੂੰ ਮਿਲਣ ਆਇਆ ਹੋਇਆ ਸੀ ਤਾਂ ਮੇਰੇ ਪਿਤਾ ਅਤੇ ਭਰਾ ਨੂੰ ਉਨ੍ਹਾਂ ਦੇ ਸਟਾਫ਼ ਨੇ ਇੰਤਜ਼ਾਰ ਕਰਨ ਨੂੰ ਕਹਿ ਦਿੱਤਾ।”

“ਇਸ ਤੋਂ ਬਾਅਦ ਉਡੀਕਦੇ ਹੋਏ ਇੱਕ ਘੰਟਾ ਹੋ ਗਿਆ। ਇਸ ਗੱਲ ਦਾ ਪਤਾ ਜਦੋਂ ਖ਼ਾਨ ਸਾਹਿਬ ਨੂੰ ਲੱਗਿਆ ਤਾਂ ਫ਼ੌਰਨ ਮੁਲਾਕਾਤ ਛੱਡ ਕੇ ਨੰਗੇ ਪੈਰੀਂ ਬਾਹਰ ਭੱਜੇ ਆਏ ਅਤੇ ਫ਼ੌਰਨ ਮੇਰੇ ਪਿਤਾ ਅਤੇ ਵੱਡੇ ਭਰਾ ਨੂੰ ਅੰਦਰ ਲੈ ਗਏ ਅਤੇ ਆਪਣੇ ਸਟਾਫ਼ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਇਹ ਕੌਣ ਹੈ?"

ਕੋਈ ਮੱਧ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਸੱਦਾ ਦਿੱਦਾਂ ਤਾਂ ਉਹ ਆਪਣੇ ਸਟਾਫ਼ ਨੂੰ ਕਹਿ ਦਿੰਦੇ ਕਿ ਇਸ ਵਿਅਕਤੀ ਨੂੰ ਪੈਸਿਆਂ ਲਈ ਤੰਗ ਨਾ ਕਰਨ

ਤਸਵੀਰ ਸਰੋਤ, ILLAYAS HUSSAIN

ਤਸਵੀਰ ਕੈਪਸ਼ਨ, ਕੋਈ ਮੱਧ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਸੱਦਾ ਦਿੱਦਾਂ ਤਾਂ ਉਹ ਆਪਣੇ ਸਟਾਫ਼ ਨੂੰ ਕਹਿ ਦਿੰਦੇ ਕਿ ਇਸ ਵਿਅਕਤੀ ਨੂੰ ਪੈਸਿਆਂ ਲਈ ਤੰਗ ਨਾ ਕਰਨ

ਜ਼ਮੀਨ 'ਤੇ ਬੈਠ ਜਾਣ ਵਾਲੇ ਉਸਤਾਦ ਨੂੰ ਪੈਸੇ ਦਾ ਲਾਲਚ ਨਹੀਂ ਸੀ

ਮੀਆਂ ਅਸਦ ਕਹਿੰਦੇ ਹਨ ਕਿ ਉਸਤਾਦ ਨੁਸਰਤ ਵਿੱਚ ਕਈ ਦੂਸਰੇ ਕਲਾਕਾਰਾਂ ਦੀ ਤਰ੍ਹਾਂ ਪੈਸੇ ਦਾ ਲਾਲਚ ਨਹੀਂ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਜਦੋਂ ਕਦੀ ਵੀ ਕਿਤੇ ਪ੍ਰਫਾਰਮ ਕਰਨ ਨੂੰ ਕਹਿੰਦੇ ਉਹ ਕਰ ਦਿੰਦੇ। ਉਹ ਨਾ ਕਦੀ ਪੈਸਿਆਂ ਦਾ ਪੁੱਛਦੇ ਅਤੇ ਨਾ ਹੀ ਮੰਗਦੇ।

ਇਲੀਆਸ ਹੁਸੈਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 'ਜਿਸ ਕਿਸੇ ਨੇ ਵੀ ਪਿਆਰ ਨਾਲ ਉਸਤਾਦ ਨੁਸਰਤ ਨੂੰ ਕਵਾਲੀ ਗਾਉਣ ਲਈ ਕਿਹਾ ਉਹ ਬਿਨ੍ਹਾਂ ਪੈਸਿਆਂ ਦੇ ਇਸ ਨੂੰ ਕਬੂਲ ਕਰ ਲੈਂਦੇ ਸਨ।'

ਉਹ ਦੱਸਦੇ ਹਨ ਕਿ ਜਦੋਂ ਕੋਈ ਮੱਧ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਸੱਦਾ ਦਿੱਦਾਂ ਤਾਂ ਉਹ ਆਪਣੇ ਸਟਾਫ਼ ਨੂੰ ਕਹਿ ਦਿੰਦੇ ਕਿ ਇਸ ਵਿਅਕਤੀ ਨੂੰ ਪੈਸਿਆਂ ਲਈ ਤੰਗ ਨਾ ਕਰਨ।

ਇਲੀਆਸ ਹੁਸੈਨ ਕਹਿੰਦੇ ਹਨ, "ਮੇਰਾ ਉਸਤਾਦ ਇੱਕ ਦਰਵੇਸ਼ ਸੀ। ਮੈਨੂੰ ਉਸ ਦੇ ਨਾਲ ਰਹਿੰਦੇ ਹੋਏ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਕਿਸ ਕਦਰ ਖ਼ਾਸ ਸ਼ਖ਼ਸੀਅਸ ਸਨ। ਉਨ੍ਹਾਂ ਨੂੰ ਜ਼ਮੀਨ 'ਤੇ ਵੀ ਬਿਠਾ ਦਿੰਦੇ ਤਾਂ ਉਹ ਬੈਠ ਜਾਂਦੇ।"

ਇਲੀਆਸ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਉਸਤਾਦ ਨੇ ਇਸ ਕੰਮ ਵਿੱਚ ਇਮਰਾਨ ਖ਼ਾਨ ਦਾ ਪੂਰਾ ਸਾਥ ਦਿੱਤਾ

ਤਸਵੀਰ ਸਰੋਤ, ILLAYAS HUSSAIN

ਤਸਵੀਰ ਕੈਪਸ਼ਨ, ਇਲੀਆਸ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਉਸਤਾਦ ਨੇ ਇਸ ਕੰਮ ਵਿੱਚ ਇਮਰਾਨ ਖ਼ਾਨ ਦਾ ਪੂਰਾ ਸਾਥ ਦਿੱਤਾ

ਸ਼ੌਕਤ ਖ਼ਾਨਮ ਹਸਪਤਾਲ ਲਈ ਪੈਸੇ ਇਕੱਠੇ ਕਰਨਾ

ਇਲੀਆਸ ਹੁਸੈਨ ਦਾ ਕਹਿਣਾ ਹੈ ਕਿ ਜਦੋਂ 1992 ਵਰਲਡ ਕੱਪ ਤੋਂ ਬਾਅਦ ਇਮਰਾਨ ਖ਼ਾਨ ਨੇ ਸ਼ੌਕਤ ਖ਼ਾਨ ਹਸਪਤਾਲ ਬਣਵਾਉਣ ਦਾ ਐਲਾਨ ਕੀਤਾ ਤਾਂ ਇਸ ਕੰਮ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਨਾਲ ਯੂਰਪ ਅਤੇ ਅਮਰੀਕਾ ਦਾ ਟੂਰ ਕੀਤਾ।

ਇਲੀਆਸ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਉਸਤਾਦ ਨੇ ਇਸ ਕੰਮ ਵਿੱਚ ਇਮਰਾਨ ਖ਼ਾਨ ਦਾ ਪੂਰਾ ਸਾਥ ਦਿੱਤਾ ਅਤੇ ਸਾਰੇ ਸ਼ੋ ਬਿਨ੍ਹਾਂ ਕੋਈ ਪੈਸਾ ਲਿਆਂ ਮੁਫ਼ਤ ਕੀਤੇ।

ਨੁਸਰਤ ਸਿਰਫ਼ ਆਪਣੇ ਪ੍ਰਸ਼ੰਸਕਾਂ ਅਤੇ ਵੱਡੀਆਂ ਹਸਤੀਆਂ ਨਾਲ ਹੀ ਨਹੀਂ ਬਲਕਿ ਆਪਣੇ ਸੰਜੀਦਿਆਂ ਅਤੇ ਸਾਥੀਆਂ ਨਾਲ ਵੀ ਬਹੁਤ ਚੰਗੇ ਅੰਜਾਜ਼ ਵਿੱਚ ਪੇਸ਼ ਆਉਂਦੇ ਹਨ।

ਮੀਆਂ ਅਸਦ ਦੱਸਦੇ ਹਨ ਕਿ ਜਦੋਂ ਵੀ ਉਹ ਰਿਕਾਰਡਿੰਗ ਲਈ ਸਟੂਡੀਓ ਆਉਂਦੇ ਤਾਂ ਘੰਟਾ ਦੋ ਘੰਟੇ ਪਹਿਲਾ ਆ ਜਾਂਦੇ ਪਰ ਉਨ੍ਹਾਂ ਦੀ ਕਵਾਲੀ ਪਾਰਟੀ ਦੇ ਲੋਕ ਬਹੁਤ ਦੇਰ ਨਾਲ ਆਉਂਦੇ ਪਰ ਖ਼ਾਨ ਸਾਹਿਬ ਇਸ ਗੱਲ 'ਤੇ ਕਦੀ ਵੀ ਗੁੱਸਾ ਨਾ ਕਰਦੇ।

ਇਲੀਆਸ ਹੁਸੈਨ ਦਾ ਕਹਿਣਾ ਹੈ ਕਿ ਉਸਤਾਦ ਨੁਸਰਤ ਆਪਣੇ ਪਾਰਟੀ ਦੇ ਸਾਥੀਆਂ ਨੂੰ ਸਿਰਫ਼ ਘਰ ਵਿੱਚ ਹੀ ਝਿੜਕਦੇ। ਉਹ ਕਹਿੰਦੇ ਸਨ ਕਿ ਜਿਹੜੀ ਵੀ ਗ਼ਲਤੀ ਹੋਵੇ ਘਰ ਵਿੱਚ ਹੀ ਹੋਣੀ ਚਾਹੀਦੀ ਹੈ ਪ੍ਰਫ਼ਾਰਮੈਂਸ ਦੌਰਾਨ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਨੇ ਕਦੀ ਪ੍ਰਫ਼ਾਰਮੈਂਸ ਦੌਰਾਨ ਝਿੜਕਿਆ।

ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਫ਼ਰਾਂਸ ਵਿੱਚ ਲੋਕਾਂ ਨੇ 'ਮਿਸਟਰ ਅੱਲ੍ਹਾ ਹੂ' ਦਾ ਖ਼ਿਤਾਬ ਦਿੱਤਾ

ਤਸਵੀਰ ਸਰੋਤ, ILLAYAS HUSSAIN

ਤਸਵੀਰ ਕੈਪਸ਼ਨ, ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਫ਼ਰਾਂਸ ਵਿੱਚ ਲੋਕਾਂ ਨੇ 'ਮਿਸਟਰ ਅੱਲ੍ਹਾ ਹੂ' ਦਾ ਖ਼ਿਤਾਬ ਦਿੱਤਾ

'ਸਿੰਗਿੰਗ ਬੁੱਧਾ' ਤੋਂ 'ਮਿਸਟਰ ਅੱਲ੍ਹਾ ਹੂ' ਤੱਕ ਦਾ ਸਫ਼ਰ

ਨੁਸਰਤ ਫ਼ਤਿਹ ਅਲੀ ਖ਼ਾਨ ਨੇ ਸੰਗੀਤ ਨੂੰ ਨਸਲ, ਰੰਗ, ਧਰਮ ਅਤੇ ਭਾਸ਼ਾ ਤੋਂ ਅਲੱਗ ਉਹ ਰੌਸ਼ਨੀ ਦਿੱਤੀ ਕਿ ਹਰ ਕੋਈ ਉਨ੍ਹਾਂ ਦੇ ਸੁਰਾਂ, ਧੁਨਾਂ ਅਤੇ ਸੰਗੀਤ ਦਾ ਦਿਵਾਨਾ ਹੋ ਗਿਆ।

ਏਸ਼ੀਆ, ਯੂਰਪ ਜਾਂ ਅਮਰੀਕਾ ਹਰ ਜਗ੍ਹਾ ਉਨ੍ਹਾਂ ਨੂੰ ਸੰਗੀਤ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਅਤੇ ਸ਼ਹਿਨਸ਼ਾਹ ਕਵਾਲ ਕਿਹਾ ਜਾਣ ਲੱਗਿਆ।

ਇਲੀਆਸ ਹੁਸੈਨ ਕਹਿੰਦੇ ਹਨ ਕਿ ਨੁਸਰਤ 'ਤੇ ਸੂਫ਼ੀਆਨਾ ਕਲਾਮ ਦਾ ਇੰਨਾ ਰੁਹਾਨੀ ਅਸਰ ਹੁੰਦਾ ਕਿ ਉਹ ਉਸ ਵਿੱਚ ਗੁਆਚ ਜਾਂਦੇ ਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ।

ਉਹ ਕਹਿੰਦੇ ਹਨ, "ਯੂਰਪ ਦੇ ਦੌਰੇ ਵੇਲੇ ਉਨ੍ਹਾਂ ਨੇ 'ਅੱਲ੍ਹਾ ਹੂ ਅੱਲ੍ਹਾ ਹੂ' ਗਾਇਆ ਤਾਂ ਗੋਰਿਆ ਨੂੰ ਇਹ ਸਮਝ ਨਹੀਂ ਆਉਂਦਾ ਸੀ ਪਰ ਉਹ ਦੀਵਾਨੇ ਹੋ ਕੇ ਝੂਮਦੇ ਰਹਿੰਦੇ ਹਨ, ਉਨ੍ਹਾਂ ਨੂੰ ਫ਼ਰਾਂਸ ਵਿੱਚ ਲੋਕਾਂ ਨੇ 'ਮਿਸਟਰ ਅੱਲ੍ਹਾ ਹੂ' ਦਾ ਖ਼ਿਤਾਬ ਦਿੱਤਾ।"

ਇਲੀਆਸ ਹੁਸੈਨ ਕਹਿੰਦੇ ਹਨ ਕਿ ਨੁਸਰਤ ਯੂਰਪ ਵਿੱਚ ਕਿਤੇ ਵੀ ਜਾਂਦੇ ਤਾਂ ਲੋਕ ਉਨ੍ਹਾਂ ਨੂੰ 'ਮਿਸਟਰ ਅੱਲ੍ਹਾ ਹੂ' ਕਹਿ ਕੇ ਬੁਲਾਉਂਦੇ।

ਜਪਾਨ ਵਿੱਚ ਜਦੋਂ ਉਨ੍ਹਾਂ ਨੇ ਫ਼ੂਕੂਓਕਾ ਦੇ ਸੰਗੀਤ ਮੇਲੇ ਵਿੱਚ ਪ੍ਰਫ਼ਾਰਮ ਕੀਤਾ ਤਾਂ ਜਪਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਸੁਰਾਂ ਅਤੇ ਗਾਇਕੀ ਲਈ 'ਸਿੰਗਿੰਗ ਬੁੱਧਾ' ਯਾਨੀ ਸੰਗੀਤ ਦੇ ਦੇਵਤਾ ਦਾ ਖ਼ਿਤਾਬ ਦਿੱਤਾ।

ਨੁਸਰਤ ਫ਼ਤਿਹ ਅਲੀ ਖ਼ਾਨ ਦੀ ਆਵਾਜ਼ ਦੇ ਜਾਦੂ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇ। ਮੀਆਂ ਅਸਦ ਉਸੇ ਦਾ ਇੱਕ ਕਿੱਸਾ ਸੁਣਾਉਂਦੇ ਹਨ, ਉਨ੍ਹਾਂ ਦੇ ਵੱਡੇ ਭਰਾ ਦੇ ਵਿਆਹ ਵਿੱਚ ਦੇਸ ਦੇ ਚੋਟੀ ਦੇ ਗਾਇਕ ਆਏ ਸਨ ਉਸੇ ਦੌਰਾਨ ਨੁਸਰਤ 'ਵਾਰੀ ਆਂ ਸਾਈਆਂ ਤੇਰੇ ਵਾਰੀ ਆਂ' ਗਾ ਰਹੇ ਸਨ ਅਤੇ ਇਸ 'ਤੇ ਅਤਾਉਲ੍ਹਾ ਈਸਾਖ਼ੇਲਵੀ ਝੂਮ ਰਹੇ ਸਨ।

ਇਲੀਆਸ ਹੁਸੈਨ ਅਮਰੀਕਾ ਵਿੱਚ ਹੋਏ ਇੱਕ ਲਾਈਵ ਸ਼ੋ ਦਾ ਕਿੱਸਾ ਸੁਣਾਉਂਦੇ ਹਨ ਕਿ ਜਦੋਂ ਉਸਤਾਦ ਨੁਸਰਤ 'ਮੇਰਾ ਪੀਆ ਘਰ ਆਇਆ' ਗਾਉਣ ਲੱਗੇ ਤਾਂ ਗੋਰੇ ਵੀ ਝੂਮਣ ਲੱਗੇ, ਇੱਕ ਔਰਤ ਇੰਨਾਂ ਨੱਚੀ ਕਿ ਉਸਦੇ ਪੈਰਾਂ ਵਿੱਚੋਂ ਖ਼ੂਨ ਬਹਿਣ ਲੱਗਿਆ।

ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੂਸਰੇ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੂਸਰੇ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਸੀ

ਪੰਜਾਹ ਘੰਟੇ ਦੀ ਨਾਯਾਬ ਰਿਕਾਰਡਿੰਗ

ਰਹਿਮਤ ਗ੍ਰਾਮੋਫ਼ੋਨ ਦੇ ਮਾਲਕ ਮੀਆਂ ਰਹਿਮਤ ਦੇ ਬੇਟੇ ਮੀਆਂ ਅਸਦ ਦਾ ਦਾਅਵਾ ਕਿ ਅੱਜ ਵੀ ਉਨ੍ਹਾਂ ਕੋਲ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਣਿਆਂ ਦੀ ਪੰਜਾਹ ਘੰਟਿਆਂ ਦੀ ਅਜਿਹੀ ਰਿਕਾਰਡਿੰਗ ਹੈ ਜੋ ਕਦੀ ਮਾਰਕਿਟ ਵਿੱਚ ਨਹੀਂ ਆਈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਵੱਡੇ ਭਰਾ ਅਰਸ਼ਦ ਦੀ ਮੌਤ ਤੋਂ ਬਾਅਦ ਇਸ ਕੰਪਨੀ ਨੂੰ ਖ਼ਤਮ ਕਰਕੇ ਤਮਾਮ ਚੀਜ਼ਾਂ ਨੂੰ ਬੰਦ ਕਰਕੇ ਰੱਖ ਦਿੱਤਾ ਗਿਆ।

ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੂਸਰੇ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਸੀ।

ਇਲੀਆਸ ਹੁਸੈਨ ਕਹਿੰਦੇ ਹਨ ਕਿ ਇੰਨੀ ਕਾਮਯਾਬੀ ਦੇ ਬਾਵਜ਼ੂਦ ਉਹ ਦੂਸਰੇ ਕਲਾਕਾਰਾਂ ਨੂੰ ਨਹੀਂ ਸਨ ਭੁੱਲਦੇ। ਉਨ੍ਹਾਂ ਨੇ ਫ਼ੈਸਲਾਬਾਦ ਦੇ ਇੱਕ ਮਸ਼ਹੂਰ ਸੋਲੋ ਗ਼ਜ਼ਲ ਗਾਇਕ ਇਜਾਜ਼ ਕੈੱਸਰ ਨੂੰ ਆਪਣੀਆਂ ਧੁਨਾਂ ਅਤੇ ਕਲਾਮ ਦੇ ਕੇ ਗਵਾਇਆ ਅਤੇ ਉਨ੍ਹਾਂ ਦੀ ਬਹੁਤ ਹੌਸਲਾ ਅਫ਼ਜ਼ਾਈ ਕੀਤੀ।

ਇਲੀਆਸ ਹੁਸੈਨ ਦੱਸਦੇ ਹਨ ਕਿ ਉਹ ਉਸਦੀਆਂ ਰਿਕਾਰਡਿੰਗ ਵਿਦੇਸ਼ੀ ਪ੍ਰਮੋਟਰਾਂ ਨੂੰ ਸੁਣਾਉਂਦੇ ਸਨ ਤਾਂ ਕਿ ਇਜਾਜ਼ ਕੈੱਸਰ ਨੂੰ ਵੀ ਵਿਦੇਸ਼ੀ ਟੂਰ ਮਿਲ ਸਕਣ।

ਇੰਗਲੈਂਡ ਦੇ ਆਖ਼ਰੀ ਦੌਰੇ ਦੌਰਾਨ ਹੀ ਨੁਸਰਤ ਦੀ ਮੌਤ ਹੋ ਗਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਦੇ ਆਖ਼ਰੀ ਦੌਰੇ ਦੌਰਾਨ ਹੀ ਨੁਸਰਤ ਦੀ ਮੌਤ ਹੋ ਗਈ ਸੀ

ਸਰਗਮ ਸਟੂਡੀਓ ਦੀ ਸਥਾਪਨਾ ਅਤੇ ਭਾਰਤ ਆਉਣਾ

ਉਸਤਾਦ ਨੁਸਰਤ ਅਲੀ ਖ਼ਾਨ ਨੇ 90ਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਲਾਹੌਰ ਵਿੱਚ ਆਪਣੇ ਸਟੂਡੀਓ ਸਰਗਮ ਦੀ ਸਥਾਪਨਾ ਕੀਤੀ ਅਤੇ ਫ਼ਿਰ ਬਹੁਤ ਸਾਰੀਆਂ ਰਿਕਾਰਡਿੰਗਜ਼ ਉਥੇ ਹੀ ਕਰਨ ਲੱਗੇ।

ਉਹ 90ਵੇਂ ਦਹਾਕੇ ਦੇ ਸ਼ੁਰੂ ਵਿੱਚ ਹੀ ਫ਼ੈਸਲਾਬਾਦ ਤੋਂ ਲਾਹੋਰ ਆ ਗਏ ਸਨ।

ਇਲੀਆਸ ਹੁਸੈਨ ਦੱਸਦੇ ਹਨ ਕਿ ਬਾਲੀਵੁੱਡ ਫ਼ਿਲਮ 'ਕੱਚੇ ਧਾਗੇ' ਦੇ ਗੀਤ ਲਈ ਜਦੋਂ ਉਹ ਭਾਰਤ ਗਏ ਤਾਂ ਹੋਟਲ ਦੀ ਲੌਬੀ ਵਿੱਚ ਉਨ੍ਹਾਂ ਦੇ ਪ੍ਰਸੰਸਕਾਂ ਅਤੇ ਕਲਾਕਾਰਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ।

ਉਹ ਕਹਿੰਦੇ ਹਨ, "ਹੋਟਲ ਲੌਬੀ ਪੂਰੀ ਤਰ੍ਹਾਂ ਨਾਲ ਭਰ ਚੁੱਕੀ ਸੀ। ਆਮ ਲੋਕਾਂ ਦੇ ਨਾਲ ਨਾਲ ਉਥੇ ਹੇਮਾ ਮਾਲਿਨੀ ਵਰਗੇ ਵੱਡੇ ਕਲਾਕਾਰ ਵੀ ਸਨ।"

ਇੰਗਲੈਂਡ ਦੇ ਆਖ਼ਰੀ ਦੌਰੇ ਦੌਰਾਨ ਹੀ ਨੁਸਰਤ ਦੀ ਮੌਤ ਹੋ ਗਈ। ਇਸ ਬਾਰੇ ਇਲੀਆਸ ਕਹਿੰਦੇ ਹਨ, "ਦੌਰੇ ਤੋਂ ਪਹਿਲਾਂ ਕਵਾਲ ਪਾਰਟੀ ਨੂੰ ਸਰਗਮ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਇੰਗਲੈਂਡ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਅਮਰੀਕਾ ਦਾ ਦੌਰਾ ਹੈ ਜਿਥੇ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਇਸ ਕਰਕੇ ਵਾਪਸ ਆ ਕੇ ਬਸ ਭਾਰਤ ਨੂੰ ਅਮਰੀਕਾ ਬਣਾ ਦੇਵਾਂਗੇ ਅਤੇ ਉਥੇ ਹੀ ਸ਼ੋ ਕਰਾਂਗੇ।"

ਪਰ ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆਂ ਉਨ੍ਹਾਂ ਦੀ ਕਵਾਲੀ 'ਤੇ ਝੂਮਦੀ ਰਹੇਗੀ।

ਉਹ 90ਵੇਂ ਦਹਾਕੇ ਦੇ ਸ਼ੁਰੂ ਵਿੱਚ ਹੀ ਫ਼ੈਸਲਾਬਾਦ ਤੋਂ ਲਾਹੋਰ ਆ ਗਏ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹ 90ਵੇਂ ਦਹਾਕੇ ਦੇ ਸ਼ੁਰੂ ਵਿੱਚ ਹੀ ਫ਼ੈਸਲਾਬਾਦ ਤੋਂ ਲਾਹੋਰ ਆ ਗਏ ਸਨ

ਬੇਟੀ ਦੇ ਰੋਣ ਕਰਕੇ ਸ਼ੋ ਵਿੱਚ ਦੇਰੀ

ਉਸਤਾਦ ਨੁਸਰਤ ਅਲੀ ਖ਼ਾਨ ਦੀ ਇਕਲੌਤੀ ਧੀ ਨਿਦਾ ਨੁਸਰਤ ਹੈ, ਜੋ ਹੁਣ ਕਨੇਡਾ ਰਹਿੰਦੀ ਹੈ।

ਨਿਦਾ ਨੁਸਰਤ ਨੇ ਆਪਣੇ ਪਿਤਾ ਦੀਆਂ ਯਾਦਾਂ ਬਾਰੇ ਕਿਹਾ, "ਮੈਂ ਉਸ ਸਮੇਂ 13-14 ਸਾਲ ਦੀ ਸੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ। ਮੇਰਾ ਉਨ੍ਹਾਂ ਨਾਲ ਜ਼ਿਆਦਾ ਸਮਾਂ ਤਾਂ ਨਹੀਂ ਬੀਤਿਆ ਪਰ ਬਚਪਨ ਤੋਂ ਲੈ ਕੇ ਹੋਸ਼ ਸੰਭਾਲਣ ਦੇ ਬਾਅਦ ਦੇ 6-7 ਸਾਲਾਂ ਦੀਆਂ ਯਾਦਾਂ ਅੱਜ ਵੀ ਮੇਰੇ ਨਾਲ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਲੈਜੇਂਡਰੀ ਕਲਾਕਾਰ ਦੀ ਧੀ ਕਹਾਉਣ ਵਿੱਚ ਬਹੁਤ ਮਾਣ ਮਹਿਸੂਸ ਕਰਦੀ ਹੈ, ਉਨ੍ਹਾਂ ਵਰਗਾ ਕਲਾਕਾਰ ਅਤੇ ਪਿਤਾ ਸ਼ਾਇਦ ਹੀ ਕੋਈ ਹੋਵੇਗਾ।

ਉਹ ਕਹਿੰਦੀ ਹੈ ਕਿ ਲੋਕ ਉਸਨੂੰ ਪੁੱਛਦੇ ਨੇ ਕਿ ਉਹ ਹੁਣ ਦੁਨੀਆਂ ਦੇ ਸਾਹਮਣ ਕਿਉਂ ਆਈ ਹੈ ਕਿਉਂਕਿ ਉਹ ਉਸ ਬਾਰੇ ਜ਼ਿਆਦਾ ਜਾਣਦੇ ਨਹੀਂ ਤਾਂ ਉਹ ਕਹਿੰਦੀ ਹੈ ਕਿ ਉਸਦੇ ਪਿਤਾ ਕੋਈ ਆਮ ਇਨਸਾਨ ਨਹੀਂ ਸਨ ਅਤੇ ਉਹ ਅੱਜ ਵੀ 16 ਅਗਸਤ ਦੇ ਦਿਨ ਜਿਸ ਦਿਨ ਉਸਦੇ ਪਿਤਾ ਦੀ ਮੌਤ ਹੋਈ ਸੀ ਵਿੱਚ ਹੀ ਜਿਊਂਦੀ ਹੈ।

ਨਿਦਾ ਨੁਸਰਤ ਆਪਣੇ ਪਿਤਾ ਦੀ ਮੁਹੱਬਤ ਬਾਰੇ ਦੱਸਦੀ ਹੈ, "ਮੈਨੂੰ ਬਚਪਨ ਤੋਂ ਹੀ ਪੈਨ ਅਤੇ ਕਲਰ ਪੈਂਸਿਲਾਂ ਦਾ ਬਹੁਤ ਸ਼ੌਕ ਸੀ। ਉਹ ਦੁਨੀਆਂ ਵਿੱਚ ਜਿਥੇ ਵੀ ਜਾਂਦੇ ਅਲੱਗ ਅਲੱਗ ਤਰ੍ਹਾਂ ਦੇ ਪੈਨ, ਕਲਰਿੰਗ ਬੁੱਕਸ ਅਤੇ ਕਲਰਜ਼ ਮੇਰੇ ਲਈ ਲੈ ਕੇ ਆਉਂਦੇ। ਉਨ੍ਹਾਂ ਦੇ ਸਮਾਨ ਵਿੱਚ ਅੱਧਾ ਸਮਾਨ ਮੇਰੀਆਂ ਚੀਜ਼ਾਂ ਦਾ ਹੁੰਦਾ।"

ਉਹ ਦੱਸਦੀ ਹੈ ਕਿ ਰੁੱਝੇ ਹੋਣ ਦੇ ਕਾਰਣ ਉਸਦੇ ਪਿਤਾ ਪਰਿਵਾਰ ਨੂੰ ਬੁਹਤਾ ਸਮਾਂ ਨਹੀਂ ਸੀ ਦੇ ਪਾਉਂਦੇ ਅਤੇ ਇਸ ਗੱਲ ਦਾ ਉਨ੍ਹਾਂ ਨੂੰ ਅਹਿਸਾਸ ਸੀ।

ਉਹ ਇੱਕ ਵਾਕਿਆ ਦੱਸਦੀ ਹੈ, "ਇਕ ਵਾਰ ਵਿਦੇਸ਼ ਤੋਂ ਜਦੋਂ ਸ਼ੋ ਕਰਕੇ ਉਹ ਵਾਪਸ ਆਏ ਤਾਂ ਮੈਨੂੰ ਗੋਦ ਵਿੱਚ ਬਿਠਾ ਕੇ ਕਹਿਣ ਲੱਗੇ ਕਿ ਉਹ ਹੁਣ ਮੇਰੇ ਨਾਲ ਸਮਾਂ ਬਿਤਾਉਣਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਾਬਾ ਹੁਣ ਤੁਸੀਂ ਕਿੰਨੇ ਦਿਨ ਮੇਰੇ ਨਾਲ ਰਹੋਂਗੇ ਤਾਂ ਇਸ ਗੱਲ 'ਤੇ ਜ਼ੋਰ ਜ਼ੋਰ ਨਾਲ ਰੋਣ ਲੱਗੇ।"

ਨਿਦਾ ਨੁਸਰਤ ਮੁਤਾਬਿਕ, ਉਸਦੇ ਪਿਤਾ ਬੇਹੱਦ ਸੰਵੇਦਨਸ਼ੀਲ ਸੁਭਾਅ ਦੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ ਦੌਰਿਆਂ ਦੌਰਾਨ ਵੀ ਜੇ ਕਦੀ ਉਸਨੂੰ ਪਿਤਾ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਉਹ ਉਸਨੂੰ ਬਿਲਕੁਲ ਸਾਹਮਣੇ ਬਿਠਾਉਂਦੇ ਅਤੇ ਬ੍ਰੇਕ ਦੌਰਾਨ ਸਟੇਜ 'ਤੇ ਬੁਲਾ ਕੇ ਪੁੱਛਦੇ ਰਹਿੰਦੇ।

ਬਚਪਨ ਦਾ ਇੱਕ ਕਿੱਸਾ ਨਿਦਾ ਨੁਸਰਤ ਦੱਸਦੀ ਹੈ, "ਮੇਰੀ ਉਮਰ ਉਸ ਸਮੇਂ ਤਕਰੀਬਨ ਛੇ ਸਾਲ ਦੀ ਸੀ ਅਤੇ ਲੰਡਨ ਦੇ ਇੱਕ ਸ਼ੋ ਲਈ ਮੈਂ ਉਨ੍ਹਾਂ ਦੇ ਨਾਲ ਗਈ ਸੀ। ਘਰ ਤੋਂ ਜਲਦੀ ਨਿਕਲਣ ਕਰਕੇ ਮੇਰੀ ਮੂੰਹ ਵਿੱਚ ਰੱਖਣ ਵਾਲੀ ਨਿਪਲ ਘਰ ਰਹਿ ਗਈ ਜਦੋਂ ਸ਼ੋ ਲਈ ਹਾਲ ਵਿੱਚ ਪਹੁੰਚੇ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਬਾਬਾ ਪਰੇਸ਼ਾਨ ਹੋ ਗਏ।"

"ਉਹ ਮੈਨੂੰ ਪਰੇਸ਼ਾਨ ਨਹੀਂ ਸਨ ਦੇਖ ਸਕਦੇ ਦੂਸਰੇ ਪਾਸੇ ਸ਼ੋ ਦੇ ਪ੍ਰਬੰਧਕ ਉਨ੍ਹਾਂ ਨੂੰ ਸ਼ੋ ਸ਼ੁਰੂ ਕਰ ਨੂੰ ਕਹਿ ਰਹੇ ਸਨ। ਉਨ੍ਹਾਂ ਨੇ ਕਿਹਾ ਜਦੋਂ ਤੱਕ ਮੇਰੀ ਧੀ ਚੁੱਪ ਨਹੀਂ ਹੋਵੇਗੀ ਮੈਂ ਇਹ ਸ਼ੋ ਸ਼ੁਰੂ ਨਹੀਂ ਕਰ ਸਕਦਾ।"

"ਫ਼ਿਰ ਇੱਕ ਵਿਅਕਤੀ ਨੂੰ ਘਰ ਭੇਜ ਕੇ ਨਿਪਲ ਮੰਗਵਾਇਆ ਗਿਆ ਅਤੇ ਜਦੋਂ ਮੈਂ ਚੁੱਪ ਹੋ ਗਈ ਤਾਂ ਉਨ੍ਹਾਂ ਨੇ ਦੇਰੀ ਨਾਲ ਸ਼ੋ ਸ਼ੁਰੂ ਕੀਤਾ। ਸ਼ੋ ਦੇ ਦੌਰਾਨ ਵੀ ਉਹ ਮੇਰੇ ਕੋਲ ਆ ਕੇ ਮੈਨੂੰ ਪਿਆਰ ਕਰਦੇ ਰਹੇ।"

ਉਹ ਕਹਿੰਦੀ ਹੈ ਕਿ ਜਦੋਂ ਉਸਦੇ ਪਿਤਾ ਦੀ ਕੋਈ ਐਲਬਮ ਆਉਂਦੀ ਸੀ ਉਹ ਸਭ ਤੋਂ ਪਹਿਲਾਂ ਉਸਨੂੰ ਦਿੰਦੇ ਸਨ ਅਤੇ ਅਗਲੇ ਦਿਨ ਉਸਨੂੰ ਰੀਲੀਜ਼ ਕਰਦੇ ਸਨ, ਉਹ ਪਿਤਾ ਦੀ ਐਲਬਮ ਨੂੰ ਸਿਰਹਾਣੇ ਰੱਖ ਕੇ ਸਾਉਂਦੀ ਸੀ।

ਜਦੋਂ ਨਿਦਾ ਨੂੰ ਪੁੱਛਿਆ ਗਿਆ ਕਿ ਕੀ ਕਦੀ ਨੁਸਰਤ ਨੇ ਉਸਨੂੰ ਗਾਉਣ ਲਈ ਕਿਹਾ, ਤਾਂ ਨਿਦਾ ਨੇ ਕਿਹਾ, "ਸਾਡੇ ਘਰਾਣੇ ਦੀ ਪ੍ਰਰੰਪਰਾ ਹੈ ਕਿ ਔਰਤਾਂ ਨਹੀਂ ਗਾਉਂਦੀਆਂ, ਪਰ ਜਦੋਂ ਕਦੀ ਉਹ ਘਰ ਹੁੰਦੇ ਸੀ ਤਾਂ ਰਿਆਜ਼ ਕਰਨ ਵੇਲੇ ਮੈਨੂੰ ਬੁਲਾ ਲੈਂਦੇ ਸਨ ਅਤੇ ਕਹਿੰਦੇ ਸੀ ਕਿ ਮੇਰੇ ਨਾਲ ਗਾਓ ਤਾਂ ਮੈਂ ਉਨ੍ਹਾਂ ਦੇ ਨਾਲ ਕੁਝ ਗੁਣਗੁਣਾ ਲੈਂਦੀ ਸੀ।"

ਉਹ ਦੱਸਦੀ ਹੈ ਕਿ ਪੇਸ਼ੇਵਾਰਨਾ ਤੌਰ 'ਤੇ ਉਨ੍ਹਾਂ ਨੇ ਕਦੀ ਕੁਝ ਨਹੀਂ ਗਾਇਆ ਪਰ ਹਾਲੇ ਵੀ ਘਰੇਲੂ ਪ੍ਰੋਗਰਾਮਾਂ ਵਿੱਚ ਉਹ ਗੁਣਗੁਣਾ ਲੈਂਦੀ ਹੈ।

ਨੁਸਰਤ ਦੀ ਬੇਟੀ ਦਾ ਕਹਿਣਾ ਸੀ ਕਿ ਉਹ ਬਚਪਨ ਤੋਂ ਹੀ ਛੋਟੀਆਂ ਛੋਟੀਆਂ ਗੱਲਾਂ ਤੋਂ ਡਰ ਜਾਂਦੀ ਸੀ ਜੇ ਪਿਤਾ ਨਾਲ ਹੁੰਦੇ ਤਾਂ ਉਨ੍ਹਾਂ ਪਿੱਛੇ ਲੁੱਕ ਜਾਂਦੀ ਸੀ।

"ਉਹ ਹਮੇਸ਼ਾਂ ਮੈਨੂੰ ਕਹਿੰਦੇ ਕਿ ਤੂੰ ਮੇਰੀ ਧੀ ਨਹੀਂ ਮੇਰਾ ਪੁੱਤ ਹੈਂ, ਕਦੇ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਅਤੇ ਹਮੇਸ਼ਾਂ ਹਰ ਚੀਜ਼ ਦਾ ਬਹਾਦਰੀ ਨਾਲ ਸਾਹਮਣਾ ਕਰਨਾ।"

"ਮੈਨੂੰ ਅਤੇ ਮੇਰੀ ਮਾਂ ਨੂੰ ਹਮੇਸ਼ਾਂ ਇਸ ਗੱਲ ਦਾ ਦੁੱਖ ਰਹੇਗਾ ਕਿ ਕਾਸ਼ ਅਸੀਂ ਵੀ ਲੰਡਨ ਦੇ ਉਨ੍ਹਾਂ ਦੇ ਆਖ਼ਰੀ ਦੌਰੇ ਸਮੇਂ ਉਨ੍ਹਾਂ ਦੇ ਨਾਲ ਚਲੇ ਜਾਂਦੀਆਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)