ਯੂਕੇ ਵਿੱਚ ਭਾਰਤੀਆਂ ’ਤੇ ਸਖ਼ਤ ਵੀਜ਼ਾ ਪਾਬੰਦੀਆਂ ਲਾਏ ਜਾਣ ਦੀ ਮੰਗ ਕਿਉਂ ਹੋ ਰਹੀ ਹੈ

ਤਸਵੀਰ ਸਰੋਤ, Getty Images
ਬ੍ਰਿਟੇਨ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਦੇ ਅਹੁਦੇ ਲਈ ਚੋਣਾਂ ਅੰਤਿਮ ਪ੍ਰਕਿਰਿਆ 'ਚ ਪਹੁੰਚ ਗਈਆਂ ਹਨ।
ਇਸ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੇ ਦੋ ਆਗੂਆਂ ਰਾਬਰਟ ਜੇਨਰਿਕ ਅਤੇ ਕੇਮੀ ਬੈਡੇਨੋਚ ਵਿਚਾਲੇ ਮੁਕਾਬਲਾ ਹੈ। ਵਿਰੋਧੀ ਧਿਰ ਦੇ ਨੇਤਾ ਦੀ ਚੋਣ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਸਭ ਤੋਂ ਅਹਿਮ ਬਣਿਆ ਹੋਇਆ ਹੈ।
ਬ੍ਰਿਟੇਨ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਹੋ ਰਹੀ ਹੈ।

ਤਸਵੀਰ ਸਰੋਤ, Getty Images
ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਕਿਉਂ ਉੱਠਿਆ

ਤਸਵੀਰ ਸਰੋਤ, Getty Images
ਬ੍ਰਿਟੇਨ ਵਿੱਚ ਭਾਰਤੀ ਲੋਕਾਂ ਨੂੰ ਵੀਜ਼ਾ ਨਾ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਤੇ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਰਿਸ਼ੀ ਸੂਨਕ ਦੀ ਥਾਂ ਲੈਣ ਲ਼ਈ ਜੋ ਦੋ ਉਮੀਦਵਾਰ ਦੌੜ ਵਿੱਚ ਸਭ ਤੋਂ ਅੱਗੇ ਹਨ,ਉਨ੍ਹਾਂ ਨੇ ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਵਿੱਚ ਕਟੌਤੀ ਦੀ ਵਕਾਲਤ ਕੀਤੀ ਹੈ।
ਬਰਮਿੰਘਮ ਵਿੱਚ ਐਤਵਾਰ ਨੂੰ ਕੰਜਰਵੇਟਿਵ ਪਾਰਟੀ ਦੀ ਕਾਨਫਰੰਸ ਦੀ ਸ਼ੁਰੂਆਤ ਹੋਈ। ਕਾਨਫਰੰਸ ਦੇ ਪਹਿਲੇ ਦਿਨ ਵਿਰੋਧੀ ਧਿਰ ਦੇ ਨੇਤਾ ਉਮੀਦਵਾਰ ਅਤੇ ਸਾਬਕਾ ਮੰਤਰੀ ਰਾਬਰਟ ਜੈਨਰਿਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਚੁੱਕਿਆ।
ਰਾਬਰਟ ਜੈਨਰਿਕ ਨੇ ਕਿਹਾ ਕਿ ਭਾਰਤ ਨੂੰ ਆਪਣੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਜਦੋਂ ਤੱਕ ਉਹ ਅਜਿਹਾ ਨਹੀਂ ਕਰਦਾ, ਉਨ੍ਹਾਂ ਖਿਲਾਫ਼ ਸਖਤ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ।
ਪੀਟੀਆਈ ਦੀ ਰਿਪੋਰਟ ਮੁਤਾਬਕ ਸਾਬਕਾ ਮੰਤਰੀ ਰੌਬਰਟ ਜੇਨਰਿਕ ਨੇ ਇਸ ਹਫਤੇ ਦੇ ਸ਼ੁਰੂ ਵਿੱਚ 'ਦਿ ਡੇਲੀ ਟੈਲੀਗ੍ਰਾਫ' ਨੂੰ ਦੱਸਿਆ ਕਿ ਪਿਛਲੇ ਸਾਲ 250,000 ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ।
ਉੱਥੇ ਲਗਭਗ 100,000 ਭਾਰਤੀ ਨਾਗਰਿਕ ਗੈਰਕਾਨੂੰਨੀ ਤੌਰ ਤੇ ਯੂਕੇ ਵਿੱਚ ਰਹਿਣ ਦਾ ਅਨੁਮਾਨ ਹੈ।
ਸਾਬਕਾ ਮੰਤਰੀ ਰੌਬਰਟ ਜੇਨਰਿਕ ਦਾ ਕੀ ਕਹਿਣਾ

ਤਸਵੀਰ ਸਰੋਤ, Getty Images
ਇਮੀਗ੍ਰੇਸ਼ਨ ਦੇ ਮਸਲੇ ਤੇ ਰੌਬਰਟ ਜੇਨਰਿਕ ਨੇ ਬੀਬੀਸੀ ਦੇ ਇਕ ਸ਼ੋਅ ਵਿੱਚ ਦੱਸਿਆ ਕਿ ਇਮੀਗ੍ਰੇਸ਼ਨ ਨੂੰ ਠੀਕ ਕਰਨਾ ਉਨ੍ਹਾਂ ਦੇ ਏਜੰਡੇ ਵਿੱਚ ਸਿਖਰ 'ਤੇ ਹੈ,ਉਹ ਸੰਸਦ ਨੂੰ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ "ਜਾਂ ਇਸ ਤੋਂ ਘੱਟ" ਪਰਵਾਸ 'ਤੇ "ਕਾਨੂੰਨੀ ਤੌਰ 'ਤੇ ਪਾਬੰਦੀਸ਼ੁਦਾ ਕੈਪ" ਲਗਾਉਣਾ ਦੇਖਣਾ ਚਾਹੁੰਦੇ ਹਨ।
ਰੌਬਰਟ ਨੇ ਅੱਗੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੰਜ਼ਰਵੇਟਿਵ ਪਾਰਟੀ "ਕਿਰਤੀ ਲੋਕਾਂ ਦੀ ਟਰੇਡ ਯੂਨੀਅਨ" ਬਣੇ। ਜੇਨਰਿਕ ਅੱਗੇ ਕਹਿੰਦੇ ਹਨ ਕਿ ਉਹ ਆਰਥਿਕਤਾ ਨੂੰ ਮੁੜ ਤੋਂ ਵਧਾਉਣਾ ਚਾਹੁੰਦੇ ਹਨ, ਨਾਲ ਹੀ ਕਹਿੰਦੇ ਹਨ ਕਿ ਉਹ ਨਹੀਂ ਸੋਚਦਾ ਕਿ ਮਾਈਗ੍ਰੇਸ਼ਨ ਅਤੇ ਵਿਕਾਸ ਵਿਚਕਾਰ ਸਬੰਧ ਹੈ।
ਜੈਨਰਿਕ ਨੇ ਕਿਹਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਮੂਹਿਕ ਪ੍ਰਵਾਸ ਦੇ ਯੁੱਗ ਨੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ।
ਕੇਮੀ ਬੈਡੇਨੋਚ ਨੇ ਕੀ ਪੱਖ ਰੱਖਿਆ ਹੈ

ਤਸਵੀਰ ਸਰੋਤ, Getty Images
ਦੂਜੇ ਪਾਸੇ ਕੰਜ਼ਰਵੇਟਿਵ ਲੀਡਰਸ਼ਿਪ ਦੀ ਦਾਅਵੇਦਾਰ ਕੇਮੀ ਬੈਡੇਨੋਚ ਨੇ ਵੀ ਇਮੀਗ੍ਰੇਸ਼ਨ ਦੇ ਮਸਲੇ ’ਤੇ ਸਾਬਕਾ ਮੰਤਰੀ ਦੀ ਹਾਂ ਵਿੱਚ ਹਾਂ ਮਿਲਾਈ ਹੈ।
ਕੇਮੀ ਬੈਡੇਨੋਚ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਿਹੜੇ ਪ੍ਰਵਾਸੀ ਆਪਣੇ ਨਾਲ ਵਿਵਾਦ ਲਿਆਉਂਦੇ ਹਨ, ਉਨ੍ਹਾਂ ਦਾ ਯੂਕੇ ਵਿੱਚ ਸਵਾਗਤ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਕੇਮੀ ਬੈਡੇਨੋਚ ਨੇ ਬੀਬੀਸੀ ਨੂੰ ਕਿਹਾ ਕਿ ਉਹ "ਪੱਛਮੀ ਕਦਰਾਂ-ਕੀਮਤਾਂ, ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੀ ਹੈ, ਜਿਨ੍ਹਾਂ ਨੇ ਇਸ ਦੇਸ਼ ਨੂੰ ਮਹਾਨ ਬਣਾਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਉਹਨਾਂ ਸਿਧਾਂਤਾਂ ਦੀ ਪਾਲਣਾ ਕਰਦੇ ਰਹੀਏ।"
ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ 'ਚ ਕੌਣ -ਕੌਣ ?

ਤਸਵੀਰ ਸਰੋਤ, Getty Images
ਬ੍ਰਿਟੇਨ ਵਿੱਚ ਆਮ ਚੋਣਾਂ ਵਿੱਚ ਕੰਜਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਦੀ ਸਰਕਾਰ ਹੈ। ਇਸ ਦੇ ਨਾਲ ਹੀ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਕੰਜਰਵੇਟਿਵ ਪਾਰਟੀ ਦੀ ਦੌੜ ਤੇਜ਼ ਹੋ ਗਈ ਹੈ।
ਰਾਬਰਟ ਜੇਨਰਿਕ, ਕੇਮੀ ਬੈਡੇਨੋਚ, ਸਾਬਕਾ ਕੈਬਨਿਟ ਮੰਤਰੀ ਜੇਮਸ ਕਲੀਵਰਲੇ ਅਤੇ ਟੌਮ ਤੁਗੇਨਹਾਟ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਦੌੜ ਵਿੱਚ ਆਹਮੋ-ਸਾਹਮਣੇ ਹਨ। ਇਸ ਦੇ ਲਈ ਬਰਮਿੰਘਮ ਵਿੱਚ ਚਾਰ ਰੋਜ਼ਾ ਪਾਰਟੀ ਕਾਨਫਰੰਸ ਹੋ ਰਹੀ ਹੈ।
ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਲਈ ਦੋ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। ਵੋਟਿੰਗ ਦੇ ਨਤੀਜੇ 2 ਨਵੰਬਰ ਨੂੰ ਸਾਹਮਣੇ ਆਉਣਗੇ। ਉਦੋਂ ਤੱਕ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਅਹੁਦੇ 'ਤੇ ਬਣੇ ਰਹਿਣਗੇ।
ਯੂਕੇ ਸਰਕਾਰ ਨੇ ਨਵੇਂ ਨਿਯਮ

ਤਸਵੀਰ ਸਰੋਤ, Getty Images
ਯੂਕੇ ਵਿੱਚ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀ ਅਗਵਾਈ ਵਾਲੀ ਨਵੀਂ ਸਰਕਾਰ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਸਖ਼ਤ ਹੈ। ਅਗਸਤ ਮਹੀਨੇ ਯੂਕੇ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਪਰਵਾਸ ਦੇ ਤੌਰ ਤਰੀਕਿਆਂ ਨੂੰ ਸੁਚਾਰੂ ਕਰਨ ਦੀ ਲੋੜ ਹੈ। ਯੂਕੇ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਰਵਾਸ ਨੂੰ ਘਟਾਉਣ ਲਈ ਕੁਝ ਨਿਯਮ ਇਸ ਸਾਲ ਦੀ ਸ਼ੁਰੂਆਤ ਤੋਂ ਲਾਗੂ ਕੀਤੇ ਗਏ ਸਨ,
ਜਿਸ ਨੂੰ ਪਰਵਾਸ ਉੱਤੇ ਠੱਲ ਪਾਉਣ ਲਈ ਇੰਝ ਹੀ ਰਹਿਣ ਦਿੱਤਾ ਜਾਵੇਗਾ। ਇਹ ਨਿਯਮ ਕੁਝ ਇਸ ਤਰ੍ਹਾਂ ਹਨ।
ਓਵਰਸੀਜ਼ ਵਿਦਿਆਰਥੀਆਂ ਵੱਲੋਂ ਯੂਕੇ ਵਿੱਚ ਪਰਿਵਾਰਕ ਮੈਂਬਰ ਲਿਆਉਣ ਦੇ ਨਿਯਮਾਂ ਵਿੱਚ ਸਖ਼ਤੀ।
ਕੇਅਰ ਵਰਕਰਾਂ ਵੱਲੋਂ ਯੂਕੇ ਵਿੱਚ ਪਰਿਵਾਰਕ ਮੈਂਬਰ ਲਿਆਉਣ ਦੇ ਨਿਯਮਾਂ ਵਿੱਚ ਸਖ਼ਤੀ।
ਸਕਿਲਡ ਵਰਕਰ ਵੀਜ਼ਾ ਉੱਤੇ ਜੋ ਲੋਕ ਯੂਕੇ ਆ ਰਹੇ ਹਨ, ਉਨ੍ਹਾਂ ਦੇ ਤਨਖ਼ਾਹ ਦੀ ਰਕਮ 26,200 ਪਾਊਂਡ ਤੋਂ ਵਧਾ ਕੇ 38,700 ਪਾਊਂਡ ਕੀਤੀ ਗਈ।
ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ 20 ਫ਼ੀਸਦ ਘੱਟ ਤਨਖ਼ਾਹ ਨਹੀਂ ਦੇ ਸਕਦੀਆਂ।
ਭਾਰਤ ਤੋਂ ਆਉਂਦੇ ਹਨ ਸਭ ਤੋਂ ਜ਼ਿਆਦਾ ਪਰਵਾਸੀ

ਤਸਵੀਰ ਸਰੋਤ, Getty Images
ਯੂਕੇ ਦੇ ਆਫ਼ਿਸ ਆਫ਼ ਨੈਸ਼ਨਲ ਸਟੈਸਟਿਕਟਸ ਦੇ ਮੁਤਾਬਕ, ਯੂਕੇ ਵਿੱਚ ਸਾਲ 2023 ਵਿੱਚ 12,18,000 ਪਰਵਾਸੀ ਆਏ ਜਿਨ੍ਹਾਂ ਵਿੱਚੋਂ 10 ਫ਼ੀਸਦ (1,26,000) ਈਯੂ ਨੈਸ਼ਨਲਸ ਸਨ ਅਤੇ ਕਰੀਬ 85 ਫ਼ੀਸਦ (10,31,000) ਈਯੂ ਯਾਨੀ ਯੂਰੋਪੀਅਨ ਯੂਨੀਅਨ ਤੋਂ ਬਾਹਰੋਂ ਸਨ।
ਇਨ੍ਹਾਂ 85 ਫੀਸਦ ਵਿੱਚੋਂ ਸਭ ਤੋਂ ਜ਼ਿਆਦਾ ਭਾਰਤੀ ਸੀ।
ਸਭ ਤੋਂ ਜ਼ਿਆਦਾ ਪਰਵਾਸੀ ਭਾਰਤੀ (2,50,000) ਸੀ, ਦੂਜੇ ਨੰਬਰ ਉੱਤੇ ਨਾਈਜੀਰੀਅਨ (1,41,000) ਸੀ, ਤੀਜੇ ਨੰਬਰ ਉੱਤੇ ਚਾਈਨਿਜ਼ (90,000) ਸੀ, ਚੌਥੇ ਨੰਬਰ ਉੱਤੇ ਪਾਕਿਸਤਾਨੀ (83,000) ਅਤੇ ਪੰਜਵੇ ਨੰਬਰ ਉੱਤੇ ਜ਼ਿੰਬਾਬਵੀਅਨ (36,000) ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












