ਨੀਰਜ, ਅਰਸ਼ਦ ਦੀ ਮਾਂ ਸਰੋਜ ਅਤੇ ਰਜ਼ੀਆ ਨੇ ਭਾਰਤ-ਪਾਕਿਸਤਾਨ ਦੀ ਸਰਹੱਦ ਨੂੰ ਕਿਵੇਂ 'ਮਿਟਾਇਆ'

ਨੀਰਜ ਚੋਪੜਾ, ਰਜ਼ੀਆ ਪਰਵੀਨ
ਤਸਵੀਰ ਕੈਪਸ਼ਨ, ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ (ਸੱਜੇ) ਅਤੇ ਅਰਸ਼ਦ ਦੀ ਮਾਂ ਰਜ਼ੀਆ ਪਰਵੀਨ (ਖੱਬੇ)
    • ਲੇਖਕ, ਵਿਕਾਸ ਤ੍ਰਿਵੇਦੀ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦੀ ‘ਮਰੀਅਮ ਹਯਾਤ ਖ਼ਾਨ’ ਭਾਰਤ ਦੇ ‘ਵੀਰ ਪ੍ਰਤਾਪ ਸਿੰਘ’ ਤੋਂ ਫਿਲਮ ‘ਵੀਰ ਜ਼ਾਰਾ’ ਵਿੱਚ ਪੁੱਛਦੀ ਹੈ— “ਕੀ ਤੇਰੇ ਮੁਲਕ ਦਾ ਹਰ ਪੁੱਤ ਤੇਰੇ ਵਰਗਾ ਹੈ?”

“ਇਹ ਤਾਂ ਨਹੀਂ ਪਤਾ। ਪਰ ਹਾਂ, ਮੇਰੇ ਦੇਸ਼ ਦੀ ਹਰ ਮਾਂ ਤੁਹਾਡੇ ਵਰਗੀ ਜ਼ਰੂਰ ਹੈ।”

ਉਹ ਦ੍ਰਿਸ਼ ਕਿੰਨੇ ਸੋਹਣੇ ਹੁੰਦੇ ਹਨ, ਜਦੋਂ ਫਿਲਮਾਂ ਦੇ ਅਕਾਲਪਨਿਕ ਜਿਹੇ ਲੱਗਣ ਵਾਲੇ ਸੀਨ ਸੱਚਾਈ ਬਣ ਜਾਂਦੇ ਹਨ।

ਜਦੋਂ ਮਹਿਜ਼ 550 ਕਿਲੋਮੀਟਰ ਦੂਰ ਦੋ ਮਾਵਾਂ ਆਪਣੀਆਂ ਗੱਲਾਂ ਨਾਲ ਸਾਬਤ ਕਰ ਦਿੰਦੀਆਂ ਹਨ ਕਿ ਮੁਲਕ ਭਾਵੇਂ ਵੱਖ ਹੋਣ, ਪਰ ਮਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ।

ਫਿਰ ਭਾਵੇਂ ਉਹ ਪਾਕਿਸਤਾਨ ਦਾ ਮੀਆਂ ਚੰਨੂੰ ਇਲਾਕਾ ਹੋਵੇ ਜਾਂ ਫਿਰ ਭਾਰਤ ਦਾ ਪਾਣੀਪਤ।

ਇਹ ਕਹਾਣੀ ਸਿਰਫ਼ ਸਰੋਜ ਦੇਵੀ ਦੇ ਪੁੱਤਰ ਨੀਰਜ ਚੋਪੜਾ ਅਤੇ ਰਜ਼ੀਆ ਪਰਵੀਨ ਦੇ ਬੇਟੇ ਅਰਸ਼ਦ ਨਦੀਮ ਦੀ ਨਹੀਂ ਹੈ।

ਕੁਝ ਦੂਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਨਜ਼ਦੀਕੀਆਂ ਨੂੰ ਕਦੇ ਘਟਣ ਨਹੀਂ ਦਿੰਦੀਆਂ। ਇਹ ਕਹਾਣੀ ਉਨ੍ਹਾਂ ਦੂਰੀਆਂ ਦੀ ਵੀ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਖੇਡੇ ਪੁੱਤ ਪਰ ਮਾਵਾਂ ਨੇ ਦਿਖਾਈ ਖੇਡ ਭਾਵਨਾ

ਅੱਠ-ਨੌਂ ਅਗਸਤ 2024 ਦੀ ਦਰਮਿਆਨੀ ਰਾਤ।

ਪੈਰਿਸ ਓਲੰਪਿਕ ਵਿੱਚ ਨੇਜਾ ਸੁੱਟਣ ਤੋਂ ਪਹਿਲਾਂ ਕਰੀਬ 30 ਤੋਂ 36 ਮੀਟਰ ਭੱਜਣਾ ਪੈਂਦਾ ਹੈ।

ਇਸ ਦੌੜ ਦੇ ਦੌਰਾਨ ਉਂਝ ਤਾਂ ਕਰੋੜਾਂ ਲੋਕਾਂ ਦੇ ਸਾਹ ਉੱਪਰ-ਹੇਠ ਹੋ ਰਹੇ ਸਨ।

ਪਰ ਦੋ ਘਰਾਂ ਵਿੱਚ ਪਾਬੰਦੀਆਂ ਦੇ ਬਾਵਜੂਦ ਕੁਝ ਦਿਲ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਧੜਕ ਰਹੇ ਸਨ।

ਇਹ ਧੜਕਣਾਂ ਉਦੋਂ ਕੁਝ ਸ਼ਾਂਤ ਹੋਈਆਂ ਜਦੋਂ ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੇ 92.57 ਮੀਟਰ ਅਤੇ ਭਾਰਤ ਦੇ ਨੀਰਜ ਚੋਪੜਾ ਨੇ 89.45 ਮੀਟਰ ਦੂਰ ਭਾਲਾ ਸੁੱਟਿਆ।

ਅਰਸ਼ਦ ਨੂੰ ਗੋਲਡ ਮਿਲਿਆ ਅਤੇ ਨੀਰਜ ਨੂੰ ਸਿਲਵਰ। ਪਰ ਇਸੇ ਬਹਾਨੇ ਭਾਰਤ ਨੂੰ ਮਿਲੀ ਰਜ਼ੀਆ ਪਰਵੀਨ ਅਤੇ ਪਾਕਿਸਤਾਨ ਨੂੰ ਮਿਲੀ ਸਰੋਜ ਦੇਵੀ।

ਕਾਗਜ਼ਾਂ ਵਿੱਚ ਪੱਕਾ ਲਿਖਿਆ ਹੋਵੇਗਾ— ਰਜ਼ੀਆ ਪਰਵੀਨ ਦੇ ਪੁੱਤਰ ਅਰਸ਼ਦ ਨਦੀਮ, ਸਰੋਜ ਦੇਵੀ ਦੇ ਪੁੱਤਰ ਨੀਰਜ ਚੋਪੜਾ।

ਪਰ ਜਦੋਂ ਇਹੀ ਸਵਾਲ ਇਨ੍ਹਾਂ ਦੀਆਂ ਮਾਵਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ— ਜਿਵੇਂ ਇਹ ਮੇਰਾ ਪੁੱਤਰ ਹੈ, ਉਵੇਂ ਹੀ ਉਹ ਮੇਰਾ ਪੁੱਤਰ ਹੈ।

ਸਰੋਜ ਦੇਵੀ ਨੇ ਕਿਹਾ, “ਸਾਡਾ ਤਾਂ ਸਿਲਵਰ ਹੀ ਸੋਨੇ ਵਰਗਾ ਹੈ- ਜਿਵੇਂ ਇਹ ਮੇਰਾ ਪੁੱਤਰ ਹੈ, ਉਵੇਂ ਹੀ ਉਹ ਮੇਰਾ ਪੁੱਤਰ ਹੈ।”

ਦੂਜੇ ਪਾਸੇ ਰਜ਼ੀਆ ਨੇ ਕਿਹਾ, “ਉਹ ਮੇਰੇ ਪੁੱਤਰ ਵਰਗਾ ਹੈ। ਉਹ ਨਦੀਮ ਦਾ ਦੋਸਤ ਹੈ ਅਤੇ ਭਾਈ ਵੀ ਹੈ। ਹਾਰ ਅਤੇ ਜਿੱਤ ਕਿਸਮਤ ਦੀ ਹੁੰਦੀ ਹੈ। ਉਹ ਵੀ ਮੇਰਾ ਪੁੱਤਰ ਹੈ ਅਤੇ ਅੱਲ੍ਹਾ ਉਸ ਨੂੰ ਵੀ ਕਾਮਯਾਬ ਕਰੇ। ਉਸ ਨੂੰ ਵੀ ਮੈਡਲ ਜਿੱਤਣ ਦੀ ਤੌਫ਼ੀਕ ਅਦਾ ਕਰੇ।”

‘ਭਾਰਤ ਬਨਾਮ ਪਾਕ’ ਬਣਿਆ ‘ਭਾਰਤ ਨਾਲ ਪਾਕ’

ਨੀਰਜ ਅਤੇ ਅਰਸ਼ਦ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਨੀਰਜ ਅਤੇ ਅਰਸ਼ਦ ਪੈਰਿਸ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ

ਹੁਣ ਜਿਨ੍ਹਾਂ ਦੀਆਂ ਮਾਵਾਂ ਇੰਨਾ ਪਿਆਰਾ ਬੋਲਣਗੀਆਂ, ਉਨ੍ਹਾਂ ਦੇ ਪੁੱਤਰ ਜਦੋਂ ਬੋਲਣਗੇ ਤਾਂ ਉਹ ਕਿੰਨਾ ਮਿੱਠਾ ਬੋਲਣਗੇ... ਇਹ ਸਮਝੋ

ਅਰਸ਼ਦ ਨਦੀਮ ਨੇ ਗੋਲਡ ਜਿੱਤ ਕੇ ਕਿਹਾ, “ਮੈਂ ਆਪਣਾ ਪਹਿਲਾ ਮੁਕਾਬਲਾ 2016 ਵਿੱਚ ਗੁਹਾਟੀ ਵਿੱਚ ਨੀਰਜ ਭਰਾ ਨਾਲ ਖੇਡਿਆ। ਉਦੋਂ ਪਤਾ ਲੱਗਿਆ ਕਿ ਨੀਰਜ ਚੋਪੜਾ ਭਰਾ ਜਿੱਤਦੇ ਆ ਰਹੇ ਹਨ। ਉੱਥੇ ਮੈਂ ਪਹਿਲੀ ਵਾਰ ਪਾਕਿਸਤਾਨ ਦਾ ਰਿਕਾਰਡ ਤੋੜਿਆ। ਉੱਥੋਂ ਮੈਨੂੰ ਸ਼ੌਂਕ ਪਿਆ ਕਿ ਮਿਹਨਤ ਕਰਾਂਗਾ ਤਾਂ ਅੱਗੇ ਜਾ ਸਕਦਾ ਹਾਂ।”

ਇੱਕ ਪਾਸੇ ਅਰਸ਼ਦ ਨਦੀਮ ਦੀ ਸਿਫ਼ਤ ਕਰ ਰਹੇ ਸਨ। ਦੂਜੇ ਪਾਸੇ ਨੀਰਜ ਅਰਸ਼ਦ ਦੀ ਮਿਹਨਤ ਦਾ ਮੁੱਲ ਪਾ ਰਹੇ ਸਨ।

ਨੀਰਜ ਚੋਪੜਾ ਨੇ ਕਿਹਾ, “ਕਿਸੇ ਖਿਡਾਰੀ ਦਾ ਦਿਨ ਹੁੰਦਾ ਹੈ। ਅੱਜ ਅਰਸ਼ਦ ਦਾ ਦਿਨ ਸੀ। ਖਿਡਾਰੀ ਦਾ ਸਰੀਰ ਉਸ ਦਿਨ ਵੱਖਰਾ ਹੀ ਹੁੰਦਾ ਹੈ। ਹਰ ਚੀਜ਼ ਪਰਫੈਕਟ ਹੁੰਦੀ ਹੈ, ਜਿਵੇਂ ਅੱਜ ਅਰਸ਼ਦ ਦਾ ਸੀ। ਟੋਕੀਓ, ਬੁਡਾਪੇਸਟ ਅਤੇ ਏਸ਼ੀਅਨ ਗੇਮਜ਼ ਵਿੱਚ ਆਪਣਾ ਦਿਨ ਸੀ।”

ਬੀਬੀਸੀ

ਪਿਓ ਸਿਫ਼ਤ ਕਰੇਗਾ ਤਾਂ ਪਿਤਾ ਕਿੱਥੇ ਪਿੱਛੇ ਰਹਿਣਗੇ।

ਨੀਰਜ ਦੇ ਪਿਤਾ ਸਤੀਸ਼ ਚੋਪੜਾ ਨੇ ਵੀ ਕਿਹਾ, “ਇਸ ਵਾਰ ਗੋਲਡ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜਿੱਤਿਆ। ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ ਜੋ ਇੰਨਾ ਸਕੋਰ ਕੀਤਾ ਹੈ ਕਿ ਕੋਈ ਖਿਡਾਰੀ ਉਸ ਨੂੰ ਪਾਰ ਨਹੀਂ ਕਰ ਸਕਿਆ।”

ਨੀਰਜ ਨੇ ਜਦੋਂ ਪੀਐੱਮ ਮੋਦੀ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਪੀਐੱਮ ਨੇ ਇਸੇ ਬਾਰੇ ਪੁੱਛਿਆ।

ਪੀਐੱਮ ਨੇ ਨੀਰਜ ਨੂੰ ਪੁੱਛਿਆ, “ਤੁਹਾਡੀ ਮਾਂ ਖੇਡਣ-ਕੁੱਦਣ ਵਿੱਚ ਸੀ ਕੀ? ਤੁਹਾਡੀ ਮਾਂ ਨੇ ਇੰਟਰਵਿਊ ਵਿੱਚ ਜੋ ਕਿਹਾ, ਖੇਡ ਪਰਿਵਾਰ ਦੀ ਜੋ ਭਾਵਨਾ ਹੁੰਦੀ ਹੈ, ਬਹੁਤ ਵਧੀਆ ਤਰੀਕੇ ਨਾਲ ਉਨ੍ਹਾਂ ਨੇ ਕਿਹਾ, ਮੈਂ ਵਧਾਈ ਦਿੰਦਾ ਹਾਂ।”

ਜਦੋਂ ਇਹ ਗੱਲ ਅਰਸ਼ਦ ਕੋਲ ਪਹੁੰਚੀ ਤਾਂ ਉਹ ਬੋਲੇ, “ਮਾਵਾਂ ਜੋ ਹੁੰਦੀਆਂ ਹਨ। ਸਾਰਿਆਂ ਦੀਆਂ ਇੱਕ ਹੀ ਹੁੰਦੀਆਂ ਹਨ। ਬਹੁਤ ਖੁਸ਼ੀ ਹੁੰਦੀ ਹੈ ਕਿ ਸਾਨੂੰ ਅਜਿਹੀਆਂ ਮਾਵਾਂ ਮਿਲੀਆਂ ਹਨ ਜੋ ਸਾਡੇ ਲਈ ਦੁਆਵਾਂ ਕਰਦੀਆਂ ਹਨ।”

ਸ਼ੋਏਬ ਅਖ਼ਤਰ ਅਕਸਰ ਭਾਰਤ ਵਿੱਚ ਕਿਸੇ ਵਿਵਾਦ ਕਾਰਨ ਯਾਦ ਕੀਤੇ ਜਾਂਦੇ ਹਨ, ਖਾਸ ਕਰਕੇ ਕ੍ਰਿਕਟ ਨਾਲ ਜੁੜੇ। ਪਰ ਇਸ ਵਾਰ ਇਸ ਤਿੱਖੇ ਨੇਜੇ ਨੇ ਅਜਿਹਾ ਖੇਡ ਖੇਡਿਆ ਕਿ ਸ਼ੋਇਬ ਨੇ ਵੀ ਕਿਹਾ— “ਇਹ ਗੱਲ ਸਿਰਫ਼ ਮਾਂ ਹੀ ਕਹਿ ਸਕਦੀ ਹੈ।”

ਮਹਿਸੂਸ ਹੋਇਆ ਕਿ ਭਾਰਤ, ਪਾਕਿਸਤਾਨ ਦੇ ਵਿਚਾਲੇ ਅਕਸਰ ਫੈਲਦੀ ਨਫਰਤੀ ਆਕਸੀਜ਼ਨ ਨੂੰ ਬੰਦ ਕਰਨਾ ਇੰਨਾ ਵੀ ਮੁਸ਼ਕਿਲ ਕੰਮ ਨਹੀਂ ਹੈ।

ਫਿਰ ਸੋਸ਼ਲ ਮੀਡੀਆ ਉੱਤੇ ਝਾਤ ਮਾਰ ਤਾਂ ਦੇਖਿਆ ਕਿ ਇੱਧਰਲੇ ਲੋਕ ਉੱਧਰ ਪਿਆਰ ਭੇਜ ਰਹੇ ਹਨ ਅਤੇ ਉੱਧਰਲੇ ਲੋਕ ਇੱਧਰ। ਭਾਰਤ-ਪਾਕਿਸਤਾਨ ਦੇ ਜੋ ਲੋਕ ਅਕਸਰ ਗੁੱਸੇ ਦੀਆਂ ਇਮੋਜੀਆਂ ਸਾਂਝੀਆਂ ਕਰਦੇ ਹਨ ਉਹ ਹੁਣ ਦਿਲ ਦੀਆਂ ਇਮੋਜੀ ਭੇਜ ਰਹੇ ਸਨ।

ਇਹ ਗੱਲਾਂ ਇੱਕ ਭਾਰਤ-ਪਾਕਿਸਤਾਨ ਦੀ ਨਾਗਰਿਕਤਾ ਵਾਲੇ ਕੁਝ ਇਨਸਾਨ ਇੱਕ-ਦੂਜੇ ਬਾਰੇ ਕਰ ਰਹੇ ਸਨ।

ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ।

ਅਰਸ਼ਦ ਅਤੇ ਨੀਰਜ ਦੀ ਦੋਸਤੀ

ਨੀਰਜ ਚੋਪੜਾ ਤੇ ਅਰਸ਼ਦ ਨਦੀਮ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 2023 ਵਿੱਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਬਾਅਦ ਨੀਰਜ ਚੋਪੜਾ ਅਤੇ ਅਰਸ਼ਦ ਦੀ ਤਸਵੀਰ, ਇਹੀ ਤਸਵੀਰ ਨੀਰਜ ਦੇ ਘਰ ਵੀ ਲੱਗੀ ਹੈ

ਕਈ ਮੌਕੇ ਰਹੇ ਜਦੋਂ ਨੀਰਜ ਅਤੇ ਅਰਸ਼ਦ ਇੱਕ ਦੂਜੇ ਦੇ ਮੁਕਾਬਲੇ ਵਿੱਚ ਹੁੰਦਿਆਂ ਵੀ ਇੱਕ ਦੂਜੇ ਦੇ ਦੋਸਤ ਨਜ਼ਰ ਆਏ।

ਪੈਰਿਸ ਓਲੰਪਿਕ ਦੇ ਮੈਚ ਦੌਰਾਨ, ਨੀਰਜ ਅਤੇ ਅਰਸ਼ਦ ਹੱਥ ਮਿਲਾਉਂਦੇ ਅਤੇ ਇੱਕ ਦੂਜੇ ਨੂੰ ਗ਼ਲ ਨਾਲ ਲਾਉਂਦੇ ਨਜ਼ਰ ਆਏ।

ਪਿਛਲੇ ਸਾਲ 2023 ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਨੇ ਗੋਲਡ ਜਿੱਤਿਆ ਸੀ ਅਤੇ ਅਰਸ਼ਦ ਨੇ ਸਿਲਵਰ।

ਇਨ੍ਹਾਂ ਦੋਵਾਂ ਖਿਡਾਰੀਆਂ ਦੇ ਖੇਡ ਜੀਵਨ ਨੂੰ ਦੇਖੀਏ ਤਾਂ ਜ਼ਿਆਦਾਤਰ ਮੌਕਿਆਂ ਉੱਤੇ ਇਨ੍ਹਾਂ ਵਿੱਚੋਂ ਕੋਈ ਪਹਿਲੇ ਨੰਬਰ ਉੱਤੇ ਆਉਂਦਾ ਹੈ ਅਤੇ ਦੂਜੇ ਨੰਬਰ ਉੱਤੇ।

2022 ਵਿੱਚ ਅਰਸ਼ਦ ਨਦੀਮ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ 90 ਮੀਟਰ ਪਾਰ ਨੇਜਾ ਸੁੱਟ ਕੇ ਗੋਲਡ ਜਿੱਤਿਆ। ਸੱਟ ਕਾਰਨ ਨੀਰਜ ਉਸ ਟੂਰਨਾਮੈਂਟ ਵਿੱਚ ਖੇਡ ਨਹੀਂ ਰਹੇ ਸਨ।

ਪਰ ਨੀਰਜ ਅਰਸ਼ਦ ਨੂੰ ਵਧਾਈ ਦੇਣ ਤੋਂ ਨਹੀਂ ਖੁੰਝੇ।

ਨੀਰਜ ਨੇ ਉਦੋਂ ਕਿਹਾ ਸੀ— “ਅਰਸ਼ਦ ਵੀਰੇ ਗੋਲਡ ਮੈਡਲ ਅਤੇ ਨਵੇਂ ਗੇਮਜ਼ ਰਿਕਾਰਡ ਦੇ ਨਾਲ 90 ਮੀਟਰ ਦੀ ਦੂਰੀ ਪਾਰ ਕਰਨ ਲਈ ਮੁਬਾਰਕਾਂ। ਅਗਲੇ ਮੁਕਾਬਲਿਆਂ ਲਈ ਸ਼ੁੱਭ ਇੱਛਾਵਾਂ।”

ਇੱਕ ਪਾਸੇ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੁਕਾਬਲੇ ਅਤੇ ਉਨ੍ਹਾਂ ਵਿੱਚੋਂ ਫੁੱਟਦੇ ਨਫ਼ਰਤੀ ਸ਼ੋਅਲੇ ਅਤੇ ਉਨ੍ਹਾਂ ਵਿੱਚ ਝੁਲਸਦੇ ਪ੍ਰਸ਼ੰਸਕ।

ਦੂਜੇ ਪਾਸੇ ਤਿੱਖੇ ਭਾਲਿਆਂ ਉੱਤੇ ਪਿਆਰ ਦੀਆਂ ਗੰਢਾਂ ਟੰਗੀ ਅਰਸ਼ਦ ਅਤੇ ਨੀਰਜ।

ਇਹ ਪਿਆਰ ਉਦੋਂ ਵੀ ਸਾਹਮਣੇ ਆਇਆ ਸੀ ਜਦੋਂ ਟੋਕੀਓ ਓਲੰਪਿਕ ਵਿੱਚ ਨੀਰਜ ਨੇ ਗੋਲਡ ਜਿੱਤਿਆ ਸੀ ਅਤੇ ਅਰਸ਼ਦ ਪੰਜਵੇਂ ਨੰਬਰ ਉੱਤੇ ਰਹੇ ਸਨ।

ਨੀਰਜ ਨੇ ਜਦੋਂ ਅਰਸ਼ਦ ਨੂੰ ਦਿੱਤੀ ਸਲਾਹ

ਨੀਰਜ ਅਤੇ ਅਰਸ਼ਦ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਨੀਰਜ ਅਤੇ ਅਰਸ਼ਦ ਪੈਰਿਸ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ

ਅਰਸ਼ਦ ਅਤੇ ਨੀਰਜ ਹੁਣ ਤੱਕ 10 ਮੁਕਾਬਲਿਆਂ ਵਿੱਚ ਮੁਕਾਬਲਾ ਕਰ ਚੁੱਕੇ ਹਨ।

ਨੀਰਜ ਸੱਤ ਵਾਰ ਪਹਿਲੇ ਅਤੇ ਦੂਜੇ ਨੰਬਰ ਉੱਤੇ ਰਹੇ।

ਅਰਸ਼ਦ ਚਾਰ ਵਾਰੀ ਤੀਜੇ ਥਾਂ ਉੱਤੇ ਰਹੇ ਅਤੇ ਪਹਿਲੀ ਵਾਰ ਪੈਰਿਸ ਓਲੰਪਿਕ ਵਿੱਚ ਪਹਿਲੇ ਨੰਬਰ ਉੱਤੇ ਆਏ ਹਨ। ਇਸ ਲਈ ਇਹ ਜਿੱਤ ਅਰਸ਼ਦ ਲਈ ਬਹੁਤ ਵੱਡੀ ਅਤੇ ਨੀਰਜ ਲਈ ਹਾਰ ਵੀ।

ਹਾਲਾਂਕਿ ਇਸ ਨਾਲ ਦੋਵਾਂ ਦੇ ਰਿਸ਼ਤਿਆਂ ਜਾਂ ਖੇਡ ਭਾਵਨਾ ਉੱਤੇ ਕੋਈ ਫ਼ਰਕ ਪਿਆ ਹੋਵੇ ਅਜਿਹਾ ਨਹੀਂ ਦਿਸਦਾ।

ਕੁਝ ਸਮਾਂ ਪਹਿਲਾਂ ਨੀਰਜ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ—

ਇਸ ਗੱਲ ਉੱਤੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਪਾਕਿਸਤਾਨੀ ਖਿਡਾਰੀ ਨੂੰ ਨਵੇਂ ਨਵੇਂ ਨੇਜੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਰਸ਼ਦ ਕਈ ਇੰਟਰਵਿਊ ਦੇ ਦੌਰਾਨ ਦੱਸ ਚੁੱਕੇ ਹਨ ਕਿ ਉਨ੍ਹਾਂ ਨੂੰ ਇੱਕ ਪੁਰਾਣੇ ਜੈਵਲਿਨ ਨਾਲ ਅਭਿਆਸ ਕਰਨਾ ਪੈਂਦਾ ਸੀ।

ਨੀਰਜ ਚੋਪੜਾ ਨੇ ਉਦੋਂ ਕਿਹਾ ਸੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ, ਜਿਵੇਂ ਸਾਡੀ ਸਰਕਾਰ ਕਰਦੀ ਹੈ, ਜਾਂ ਮੈਂ ਇਹ ਸਲਾਹ ਦਿਆਂਗਾ ਕਿ ਉਹ ਬ੍ਰਾਂਡ ਨਾਲ ਗੱਲ ਕਰਨ ਕਿ ਨਵਾਂ ਭਾਲਾ ਦਵਾਉਣ।

ਅਰਸ਼ਦ ਜਦੋਂ ਡਿੱਗੇ ਨੀਰਜ ਬਹੁੜੇ

ਨੀਰਜ ਚੋਪੜਾ ਅਤੇ ਅਰਸ਼ਦ ਨਦੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2018 ਦੀ ਏਸ਼ੀਆਈ ਖੇਡਾਂ ਵਿੱਚ ਨੀਰਜ ਚੋਪੜਾ ਅਤੇ ਅਰਸ਼ਦ ਨਦੀਮ, ਜਦੋਂ ਨੀਰਜ ਨੂੰ ਗੋਲਡ ਮਿਲਿਆ ਸੀ ਅਤੇ ਅਰਸ਼ਦ ਨੂੰ ਬ੍ਰੌਂਜ਼

2023 ਵਿੱਚ ਜਦੋਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ, ਨਦੀਮ ਪਹਿਲੇ ਅਤੇ ਅਤੇ ਦੂਜੇ ਨੰਬਰ ਉੱਤੇ ਆਏ ਸੀ, ਤਾਂ ਵੀ ਸਰੋਜ ਦੇਵੀ ਦੀ ਕਹੀ ਇੱਕ ਗੱਲ ਚਰਚਾ ਵਿੱਚ ਆਈ ਸੀ।

ਸਰੋਜ ਦੇਵੀ ਨੇ ਕਿਹਾ ਸੀ, “ਮੈਦਾਨ ਵਿੱਚ ਸਾਰੇ ਖੇਡਣ ਵਾਲੇ ਹਨ। ਸਾਰੇ ਖਿਡਾਰੀ ਹਨ। ਕੋਈ ਨਾ ਕੋਈ ਤਾਂ ਜਿੱਤੇਗਾ ਹੀ। ਇਸ ਵਿੱਚ ਪਾਕਿਸਤਾਨ ਅਤੇ ਹਰਿਆਣੇ ਵਰਗੀ ਕੋਈ ਗੱਲ ਨਹੀਂ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਪਾਕਿਸਤਾਨ ਵਾਲਾ ਜਿੱਤਦਾ ਤਾਂ ਉਸ ਦੀ ਵੀ ਬਹੁਤ ਖੁਸ਼ੀ ਸੀ। ਨੀਰਜ ਜਿੱਤਿਆ ਇਸਦੀ ਵੀ ਬਹੁਤ ਖੁਸ਼ੀ ਹੈ।”

ਇਸੇ ਜਿੱਤ ਤੋਂ ਬਾਅਦ ਨੀਰਜ ਦੀ ਜਦੋਂ ਫੋਟੋ ਖਿੱਚੀ ਜਾ ਰਹੀ ਸੀ ਤਾਂ ਉਹ ਅਰਸ਼ਦ ਨੂੰ ਬੁਲਾਉਂਦੇ ਹਨ। ਅਰਸ਼ਦ ਬਿਨਾਂ ਪਾਕਿਸਤਾਨ ਦੇ ਝੰਡੇ ਦੇ ਉੱਥੇ ਪਹੁੰਚਦੇ ਹਨ ਅਤੇ ਤਸਵੀਰ ਖੂਬ ਵਾਇਰਲ ਹੋਈ।

ਉਸ ਸਮੇਂ ਅਰਸ਼ਦ ਨੇ ਕਿਹਾ ਸੀ। ਮੈਂ ਇਸ ਗੱਲੋਂ ਖੁਸ਼ ਹਾਂ ਕਿ ਗੋਲਡ ਅਤੇ ਸਿਲਵਰ ਮੈਡਲ ਭਾਰਤ ਅਤੇ ਪਾਕਿਸਤਾਨ ਦੇ ਹਿੱਸੇ ਆਇਆ।

ਸਰੋਜ ਦੱਸਦੇ ਹਨ ਕਿ ਉਨ੍ਹਾਂ ਦਾ ਪੁੱਤਰ ਸ਼ਾਂਤ ਸੁਭਾਅ ਦਾ ਹੈ, ਕਦੇ-ਕਦਾਈਂ ਬਚਪਨ ਵਿੱਚ ਲੜਾਈ ਹੋ ਗਈ ਤਾਂ ਹੋ ਗਈ, ਉਂਝ ਗੁੱਸਾ ਨਹੀਂ ਕਰਦਾ ਹੈ।

ਸਰੋਜ ਦੇਵੀ ਨੇ ਜੋ ਕਦੇ-ਕਦਾਈਂ ਦੀ ਗੱਲ ਕਹੀ, ਨੀਰਜ ਦਾ ਉਹ ਰੂਪ 2021 ਵਿੱਚ ਦਿਖਾਈ ਦਿੱਤਾ ਸੀ।

ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਟੋਕੀਓ ਓਲੰਪਿਕ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਅਰਸ਼ਦ ਨਦੀਮ ਦੇ ਕੋਲ ਨੇਜਾ ਨੀਰਜ ਦਾ ਸੀ। ਕੁਝ ਨੇ ਇਹ ਗਲਤ ਦਾਅਵਾ ਵੀ ਕੀਤਾ ਕਿ ਅਰਸ਼ਦ ਜੈਵਲਿਨ ਦੇ ਨਾਲ ਛੇੜ-ਛਾੜ ਕਰ ਰਹੇ ਸਨ।

ਫਿਰ ਬਾਅਦ ਵਿੱਚ ਨੀਰਜ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਕਿਹਾ ਸੀ, “ਜੋ ਮੁੱਦਾ ਉੱਠ ਰਿਹਾ ਹੈ ਕਿ ਜੈਵਲਿਨ ਸੁੱਟਣ ਤੋਂ ਪਹਿਲਾਂ ਅਰਸ਼ਦ ਕੋਲ ਸੀ। ਇਹ ਨਿਯਮ ਹੈ ਕਿ ਕੋਈ ਕਿਸੇ ਦਾ ਵੀ ਜੈਵਲਿਨ ਵਰਤ ਸਕਦਾ ਹੈ।”

ਨੀਰਜ ਨੇ ਲਿਖਿਆ ਸੀ, “ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੇ ਨਾਮ ਨੂੰ ਆਪਣਾ ਗੰਦਾ ਏਜੰਡਾ ਅੱਗੇ ਵਧਾਉਣ ਦਾ ਜ਼ਰੀਆ ਨਾ ਬਣਾਓ। ਖੇਡ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਰਹਿਣਾ ਸਿਖਾਉਂਦਾ ਹੈ। ਅਸੀਂ ਸਾਰੇ ਜੈਵਲਿਨ ਥ੍ਰੋਅਰ ਆਪਸੀ ਪਿਆਰ ਨਾਲ ਰਹਿੰਦੇ ਹਾਂ। ਅਜਿਹੀ ਕੋਈ ਗੱਲ ਨਾ ਕਰੋ, ਜਿਸ ਨਾਲ ਸਾਨੂੰ ਠੇਸ ਪਹੁੰਚੇ।”

ਨੀਰਜ ਚੋਪੜਾ
ਤਸਵੀਰ ਕੈਪਸ਼ਨ, ਪਾਣੀਪਤ ਵਿੱਚ ਨੀਰਜ ਚੋਪੜਾ ਦੇ ਘਰ ਵਿੱਚ ਖੇਡ ਨਾਲ ਜੁੜੀਆਂ ਤਸਵੀਰਾਂ ਲੱਗੀਆਂ ਹਨ, ਇਨ੍ਹਾਂ ਵਿੱਚੋਂ ਹੀ ਇੱਕ ਅਰਸ਼ਦ ਦੇ ਨਾਲ ਵੀ ਹੈ

ਕੋਮਲ ਮਾਵਾਂ ਦੇ ਮਜ਼ਬੂਤ ਪੁੱਤ

ਪੈਰਿਸ ਓਲੰਪਿਕ ਦਾ ਮੈਡਲ ਜਿੱਤਣ ਤੋਂ ਬਾਅਦ ਨੀਰਜ ਉਦਾਸ ਦਿਖੇ। ਵੀਡੀਓ ਇੰਟਰਵਿਊ ਵਿੱਚ ਉਹ ਆਪਣੀ ਉਦਾਸੀ ਲੁਕਾ ਨਹੀਂ ਸਕੇ।

ਮੈਡਲ ਧਾਰਨ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਚਿਹਰੇ ਉੱਤੇ ਮੁਸਕਰਾਹਟ ਨਹੀਂ ਸੀ।

ਉੱਥੇ ਹੀ ਗੋਲਡ ਮੈਡਲ ਤੋਂ ਬਾਅਦ ਅਰਸ਼ਦ ਦਾ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਹ ਭੁੱਬੀਂ ਰੋਂਦੇ ਨਜ਼ਰ ਆਏ।

ਸਰੋਜ ਅਤੇ ਰਜ਼ੀਆ ਇਨ੍ਹਾਂ ਦੋਵਾਂ ਮਾਵਾਂ ਨੇ ਆਪਣੇ ਮੁੰਡਿਆਂ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਇਸ ਸਾਰਿਆਂ ਦੇ ਸਾਹਮਣੇ ਰੋ ਸਕਦੇ ਹਨ। ਉਦਾਸੀ ਲਕੋਣ ਦੀ ਕੋਸ਼ਿਸ਼ ਨਹੀਂ ਕਰਦੇ।

ਪੈਰਿਸ ਓਲੰਪਿਕ ਦੀ ਅੰਕ ਸੂਚੀ ਵਿੱਚ ਭਾਰਤ ਅਤੇ ਪਾਕਿਸਤਾਨ ਭਾਵੇਂ ਹੀ ਬਹੁਤ ਹੇਠਾਂ ਹੋਣ।

ਪਰ ਇਹ ਦੁਸ਼ਮਣ ਕਹਾਉਣ ਵਾਲੇ ਦੋਸਤ ਸਰੋਜ ਅਤੇ ਰਜ਼ੀਆ ਦੀਆਂ ਕਹੀਆਂ ਗੱਲਾਂ ਕਾਰਨ ਬਹੁਤ ਉੱਪਰ ਆ ਗਏ ਹਨ।

ਕਿਸਾਨ ਦੇ ਪੁੱਤਰ ਨੀਰਜ ਅਤੇ ਰਾਜ ਮਿਸਤਰੀ ਦੇ ਪੁੱਤਰ ਅਰਸ਼ਦ ਨੇ ਦੋਸਤੀ ਦੀ ਉਹ ਨੀਂਹ ਰੱਖੀ ਹੈ ਕਿ ਦੋਵਾਂ ਮੁਲਕਾਂ ਦੇ ਲੋਕ ਭਾਲਾ ਸੁੱਟ ਕੇ ਭਲਾਈ ਦੀ ਇਮਾਰਤ ਖੜ੍ਹੀ ਕਰ ਸਕਦੇ ਹਨ।

ਭਲਾਈ ਕਿਉਂ ਚਾਹੀਦੀ ਹੈ, ਇਸਦੀਆਂ ਕਈ ਮਿਸਾਲਾਂ ਹਨ।

ਜਿੱਥੇ ਇੱਕ ਦੇਸ ਵਿੱਚ ਦੂਜੇ ਦੇਸ ਦਾ ਝੰਡਾ ਦਿਖਾਉਣ ਬਦਲੇ ਜੇਲ੍ਹ ਹੋ ਜਾਂਦੀ ਹੈ। ਇਸੇ ਸੱਚਾਈ ਦੇ ਵਿੱਚ ਇੱਕ ਘਰ ਸਰੋਜ ਦੇਵੀ ਦਾ ਹੈ। ਜਿੱਥੇ ਕਈ ਤਸਵੀਰਾਂ ਵਿੱਚੋਂ ਇੱਕ ਤਸਵੀਰ ਅਰਸ਼ਦ ਨਦੀਮ ਦੀ ਵੀ।

ਭਾਰਤ ਪਾਕਿਸਤਾਨ ਦੇ ਝੰਡੇ ਦੇ ਨਾਲ ਆਲੇ ਦੁਆਲੇ ਹੱਸਦੇ ਹੋਏ ਚਿਹਰੇ ਬਹੁਤ ਘੱਟ ਨਜ਼ਰ ਆਉਂਦੇ ਹਨ।

ਵੰਡ ਤੋਂ ਬਾਅਦ ਹੋਈਆਂ ਕਿੰਨੀਆਂ ਹੀ ਬੈਠਕਾਂ ਵਿੱਚ ਮੇਜ਼ਾਂ ਉੱਤੇ ਰੱਖੇ ਦੋਵਾਂ ਮੁਲਕਾਂ ਦੇ ਝੰਡੇ ਇਸ ਦੇ ਗਵਾਹ ਰਹੇ ਹਨ।

ਇਹ ਬੈਠਕਾਂ ਸਰੋਜ, ਰਜ਼ੀਆ ਦੇ ਪਾਲਣ-ਪੋਸ਼ਣ ਅਤੇ ਖਿਆਲਾਂ ਤੋਂ ਮਿਸਾਲ ਲੈ ਸਕਦੀਆਂ ਹਨ ਸ਼ਾਇਦ ਕੋਈ ਨਵਾਂ ਰਿਕਾਰਡ ਉੱਥੇ ਵੀ ਬਣ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)