ਜਦੋਂ ਜੋਤਿਸ਼ ਦੇ ਕਹਿਣ 'ਤੇ ਅਕਬਰ ਦੇ ਜਨਮ ਨੂੰ ਟਾਲਣ ਲਈ ਜਣਨ ਪੀੜਾ ਹੀ ਰੁਕਵਾ ਦਿੱਤੀ ਗਈ ਸੀ

ਅਕਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਅੱਜ ਵੀ ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਅਖ਼ਬਾਰ ਵਿੱਚ ਛਪੇ ਰਾਸ਼ੀਫਲ ਨੂੰ ਪੜ੍ਹ ਕੇ ਕਰਦੇ ਹਨ, ਪਰ ਦੂਜੇ ਪਾਸੇ ਅਜਿਹੇ ਲੋਕ ਵੀ ਬਹੁਤ ਹਨ ਜੋ ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਨਸਾਨ ਦੀ ਦਿਲਚਸਪੀ ਲੰਮੇ ਸਮੇਂ ਤੋਂ ਚੰਦ-ਤਾਰਿਆਂ ਦੀ ਗਤੀ ਨੂੰ ਸਮਝਣ ਵਿੱਚ ਰਹੀ ਹੈ।

ਪ੍ਰਾਚੀਨ ਯੂਨਾਨ ਤੋਂ ਲੈ ਕੇ ਭਾਰਤ ਤੱਕ ਖਗੋਲ ਵਿਗਿਆਨ ਦੇ ਖੇਤਰ ਵਿੱਚ ਕੰਮ ਹੋ ਰਿਹਾ ਸੀ, ਇਸ ਤੋਂ ਬਾਅਦ ਮੱਧਕਾਲ ਆਉਂਦੇ-ਆਉਂਦੇ ਗ੍ਰਹਿ-ਤਾਰਿਆਂ ਦੀ ਚਾਲ ਨੂੰ ਭਵਿੱਖਬਾਣੀਆਂ ਨਾਲ ਜੋੜ ਦਿੱਤਾ ਗਿਆ। ਭਾਰਤ ਵਿੱਚ ਲੰਮੇ ਸਮੇਂ ਤੱਕ ਰਾਜ ਕਰਨ ਵਾਲੇ ਮੁਗਲਾਂ ਦਾ ਜੋਤਿਸ਼ ਵਿੱਚ ਵਿਸ਼ਵਾਸ ਸੀ ਅਤੇ ਉਹ ਆਪਣੇ ਅਹਿਮ ਕੰਮ ਜੋਤਿਸ਼ੀ ਦੀ ਸਲਾਹ ਲੈ ਕੇ ਕਰਦੇ ਸਨ।

ਇਸਲਾਮ ਅਤੇ ਈਸਾਈ ਧਰਮ ਵਰਗੇ ਕਈ ਧਰਮਾਂ ਵਿੱਚ ਜੋਤਿਸ਼ ਨੂੰ ਜਾਦੂ ਟੂਣੇ ਵਾਂਗ ਵੇਖਿਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸਲਾਮੀ ਧਰਮ ਗ੍ਰੰਥਾਂ ਦਾ ਮੰਨਣਾ ਹੈ ਕਿ ਸਿਰਫ਼ ਅੱਲ੍ਹਾ ਹੀ ਭਵਿੱਖ ਨੂੰ ਜਾਣਨ ਦੀ ਸਮਰੱਥਾ ਰੱਖਦਾ ਹੈ। ਹਾਲ ਹੀ ਵਿੱਚ ਮਸ਼ਹੂਰ ਪੱਤਰਕਾਰ ਐੱਮਜੇ ਅਕਬਰ ਦੀ ਇੱਕ ਕਿਤਾਬ ਪ੍ਰਕਾਸ਼ਿਤ ਹੋਈ ਹੈ 'ਆਫਟਰ ਮੀ ਕੇਔਸ, ਐਸਟ੍ਰੌਲੌਜੀ ਇਨ 'ਦਿ ਮੁਗਲ ਐਂਪਾਇਰ'।

ਇਸ ਵਿੱਚ ਉਨ੍ਹਾਂ ਨੇ ਜੋਤਿਸ਼ ਨੂੰ ਲੈ ਕੇ ਹਰ ਮੁਗਲ ਬਾਦਸ਼ਾਹ ਦੇ ਨਜ਼ਰੀਏ 'ਤੇ ਵਿਸਥਾਰ ਨਾਲ ਲਿਖਿਆ ਹੈ।

ਐੱਮਜੇ ਅਕਬਰ ਬੀਬੀਸੀ ਨੂੰ ਦੱਸਦੇ ਹਨ, "ਉਹ ਚਾਹੇ ਹੁਮਾਯੂੰ ਹੋਣ ਜਾਂ ਅਕਬਰ ਚਾਹੇ ਜਹਾਂਗੀਰ ਜਾਂ ਔਰੰਗਜ਼ੇਬ ਇਹ ਸਾਰੇ ਜੋਤਿਸ਼ ਨੂੰ ਬਹੁਤ ਮੰਨਦੇ ਸਨ। ਅਕਬਰ ਦੇ ਜ਼ਮਾਨੇ ਵਿੱਚ ਜੋਤਿਸ਼ੀ ਦਰਬਾਰ ਦਾ ਹਿੱਸਾ ਹੁੰਦੇ ਸਨ।"

"ਇੱਥੋਂ ਤੱਕ ਕਿ ਔਰੰਗਜ਼ੇਬ ਵੀ ਨਿਯਮ ਨਾਲ ਹਰ ਮਹੱਤਵਪੂਰਨ ਮੁੱਦੇ 'ਤੇ ਜੋਤਿਸ਼ੀਆਂ ਦੀ ਸਲਾਹ ਲੈਂਦੇ ਸਨ। ਇਨ੍ਹਾਂ ਸਾਰੇ ਮੁਗਲ ਬਾਦਸ਼ਾਹਾਂ ਦਾ ਮੰਨਣਾ ਸੀ ਕਿ ਧਰਮ-ਆਧਾਰਿਤ ਸ਼ੁੱਧਤਾਵਾਦ ਰਾਜਨੀਤਿਕ ਸਥਿਰਤਾ ਲਈ ਨੁਕਸਾਨਦੇਹ ਹੈ।"

ਦੁਨੀਆ ਭਰ ਵਿੱਚ ਜੋਤਿਸ਼

 ਆਫਟਰ ਮੀ ਕੈਓਸ, ਐਸਟ੍ਰੋਲੋਜੀ ਇਨ ਦਿ ਮੁਗਲ ਐਂਪਾਇਰ

ਤਸਵੀਰ ਸਰੋਤ, Bloomsbury

ਤਸਵੀਰ ਕੈਪਸ਼ਨ, ਮਸ਼ਹੂਰ ਪੱਤਰਕਾਰ ਐੱਮਜੇ ਅਕਬਰ ਦੀ ਕਿਤਾਬ 'ਆਫਟਰ ਮੀ ਕੈਓਸ, ਐਸਟ੍ਰੋਲੋਜੀ ਇਨ ਦਿ ਮੁਗਲ ਐਂਪਾਇਰ'

ਇਤਿਹਾਸਕਾਰ ਅਤੇ ਲੇਖਕ ਬੈਨਸਨ ਬੌਬ੍ਰਿਕ ਨੇ ਆਪਣੀ ਕਿਤਾਬ 'ਖਲੀਫਸ ਸਪਲੈਂਡਰ' ਵਿੱਚ ਲਿਖਿਆ ਸੀ, "ਬਗਦਾਦ ਸ਼ਹਿਰ ਦੀ ਨੀਂਹ ਅਬੂ ਜਾਫਰ ਅਲ ਮਨਸੂਰ ਨੇ 31 ਜੁਲਾਈ ਸਨ 762 ਨੂੰ ਦੁਪਹਿਰ 2:40 ਵਜੇ ਰੱਖੀ ਸੀ ਕਿਉਂਕਿ ਉਸ ਸਮੇਂ ਸ਼ੁਭ ਮੁਹੂਰਤ ਸੀ।"

ਇੱਕ ਹੋਰ ਇਤਿਹਾਸਕਾਰ ਪ੍ਰੋਫੈਸਰ ਮੁਹੰਮਦ ਮੁਜੀਬ ਆਪਣੀ ਕਿਤਾਬ 'ਦਿ ਇੰਡੀਅਨ ਮੁਸਲਿਮ' ਵਿੱਚ ਲਿਖਦੇ ਹਨ, "ਭਾਰਤ ਵਿੱਚ ਮੁਸਲਮਾਨਾਂ ਦੀ ਹਕੂਮਤ ਆਉਣ ਤੋਂ ਕਾਫੀ ਪਹਿਲਾਂ ਪੂਰੀ ਦੁਨੀਆਂ ਦੇ ਮੁਸਲਮਾਨ ਚਮਤਕਾਰਾਂ, ਕੀਮਤੀ ਪੱਥਰਾਂ ਦੇ ਰਹੱਸਮਈ ਗੁਣਾਂ ਅਤੇ ਸ਼ਗਨ ਅਤੇ ਅੱਪ-ਸ਼ਗਨ ਵਿੱਚ ਵਿਸ਼ਵਾਸ ਕਰਨ ਲੱਗੇ ਸਨ। ਭਾਰਤ ਵਿੱਚ ਤਾਂ ਜੋਤਿਸ਼ ਨੂੰ ਵਿਗਿਆਨ ਵਾਂਗ ਮੰਨਿਆ ਜਾਂਦਾ ਸੀ ਅਤੇ ਮੁਸਲਮਾਨ ਵੀ ਇਸ ਵਿੱਚ ਵਿਸ਼ਵਾਸ ਕਰਦੇ ਸਨ।"

ਮੱਧ ਕਾਲ ਇਤਿਹਾਸਕਾਰ ਜ਼ਿਆਉੱਦੀਨ ਬਰਨੀ ਨੇ ਵੀ 'ਤਾਰੀਖ-ਏ-ਫਿਰੋਜ਼ਸ਼ਾਹੀ' ਵਿੱਚ ਲਿਖਿਆ ਸੀ, "ਕਿਸੇ ਵੀ ਸਤਿਕਾਰਤ ਪਰਿਵਾਰ ਵਿੱਚ ਕੋਈ ਵੀ ਰਸਮ ਜਾਂ ਮਹੱਤਵਪੂਰਨ ਕੰਮ ਜੋਤਿਸ਼ੀ ਦੀ ਸਲਾਹ ਤੋਂ ਬਿਨਾਂ ਨਹੀਂ ਕੀਤਾ ਜਾਂਦਾ ਸੀ। ਨਤੀਜਾ ਇਹ ਸੀ ਕਿ ਹਰ ਸੜਕ 'ਤੇ ਜੋਤਿਸ਼ੀ ਮਿਲ ਜਾਂਦੇ ਸਨ ਜੋ ਹਿੰਦੂ ਵੀ ਹੋ ਸਕਦੇ ਸਨ ਅਤੇ ਮੁਸਲਮਾਨ ਵੀ।"

ਅਕਬਰ ਦੇ ਜਨਮ ਨੂੰ ਟਾਲਣ ਦੀ ਕੋਸ਼ਿਸ਼

ਤਾਰੀਖ-ਏ-ਫ਼ਿਰੋਜ਼ਸ਼ਾਹੀ

ਤਸਵੀਰ ਸਰੋਤ, Sang-e-Meel Publications

ਤਸਵੀਰ ਕੈਪਸ਼ਨ, ਤਾਰੀਖ-ਏ-ਫ਼ਿਰੋਜ਼ਸ਼ਾਹੀ ਕਿਤਾਬ

15 ਅਕਤੂਬਰ, 1542 ਨੂੰ ਰਾਤ 1:06 ਮਿੰਟ 'ਤੇ ਤੀਜੇ ਮੁਗਲ ਬਾਦਸ਼ਾਹ ਅਕਬਰ ਦੇ ਜਨਮ ਦੀ ਕਹਾਣੀ ਜੋਤਿਸ਼ ਵਿੱਚ ਮੁਗਲ ਬਾਦਸ਼ਾਹਾਂ ਦੇ ਵਿਸ਼ਵਾਸ ਦੀ ਝਲਕ ਦਿਖਾਉਂਦੀ ਹੈ।

ਜਦੋਂ ਭਾਰਤ ਦੇ ਸਮਰਾਟ ਰਹੇ ਹੁਮਾਯੂੰ ਨੂੰ ਸ਼ੇਰਸ਼ਾਹ ਨੇ ਹਰਾ ਕੇ ਸਿੰਧ ਦੇ ਰੇਗਿਸਤਾਨ ਵਿੱਚ ਧੱਕ ਦਿੱਤਾ ਤਾਂ ਹੁਮਾਯੂੰ ਨੂੰ ਉਮਰਕੋਟ ਦੇ ਕਿਲ੍ਹੇ ਵਿੱਚ ਰਾਜਪੂਤ ਰਾਜੇ ਨੇ ਸ਼ਰਨ ਦਿੱਤੀ।

ਮੁਗਲ ਬਾਦਸ਼ਾਹ ਹੁਮਾਯੂੰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਗਲ ਬਾਦਸ਼ਾਹ ਹੁਮਾਯੂੰ

ਹੁਮਾਯੂੰ ਦੀ ਪਤਨੀ ਹਮੀਦਾ ਬਾਨੋ ਬੇਗ਼ਮ ਉਸ ਸਮੇਂ ਗਰਭਵਤੀ ਸਨ। ਐੱਮਜੇ ਅਕਬਰ ਦੱਸਦੇ ਹਨ, "ਹਮੀਦਾ ਨੂੰ ਜਦੋਂ ਪ੍ਰਸਵ ਪੀੜਾ ਸ਼ੁਰੂ ਹੋਈ, ਉਸ ਸਮੇਂ ਹੁਮਾਯੂੰ ਉੱਥੋਂ 30 ਮੀਲ ਦੂਰ ਥੱਟਾ ਵਿੱਚ ਸਨ। ਉਨ੍ਹਾਂ ਨੇ ਆਪਣੇ ਨਿੱਜੀ ਜੋਤਿਸ਼ੀ ਮੌਲਾਨਾ ਚਾਂਦ ਨੂੰ ਆਪਣੀ ਪਤਨੀ ਕੋਲ ਛੱਡਿਆ ਹੋਇਆ ਸੀ ਤਾਂ ਜੋ ਨਵਜੰਮੇ ਬੱਚੇ ਦੇ ਪੈਦਾ ਹੋਣ ਦਾ ਸਹੀ ਸਮਾਂ ਦਰਜ ਕੀਤਾ ਜਾ ਸਕੇ ਤਾਂ ਜੋ ਉਸ ਦੀ ਜਨਮ-ਪੱਤਰੀ ਸਹੀ ਬਣ ਸਕੇ।"

"ਜਦੋਂ 14 ਅਕਤੂਬਰ ਦੀ ਰਾਤ ਹੋਈ ਅਤੇ ਰਾਣੀ ਹਮੀਦਾ ਬਾਨੋ ਦੀ ਜਣਨ ਪੀੜਾ ਵਧ ਗਈ ਅਤੇ ਬੱਚੇ ਦੇ ਜਨਮ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਮੌਲਾਨਾ ਚਾਂਦ ਬਹੁਤ ਘਬਰਾ ਗਏ।"

ਰਾਜ ਜੋਤਿਸ਼ੀ ਦਾ ਮੰਨਣਾ ਸੀ ਕਿ ਇਹ ਜਨਮ ਸ਼ੁਭ ਸਮੇਂ ਤੋਂ ਪਹਿਲਾਂ ਹੋ ਰਿਹਾ ਹੈ। ਜੇਕਰ ਇਹ ਜਨਮ ਥੋੜ੍ਹੀ ਦੇਰ ਬਾਅਦ ਹੋਵੇ ਤਾਂ ਸਿਤਾਰਿਆਂ ਦਾ ਦੁਰਲੱਭ ਸੰਜੋਗ ਹੋਵੇਗਾ ਜੋ ਹਜ਼ਾਰਾਂ ਸਾਲਾਂ ਵਿੱਚ ਇੱਕ ਵਾਰ ਹੁੰਦਾ ਹੈ।

ਮੌਲਾਨਾ ਚਾਂਦ ਨੇ ਦਾਈਆਂ ਤੋਂ ਪੁੱਛਿਆ ਕਿ ਕੀ ਜਨਮ ਨੂੰ ਥੋੜ੍ਹੇ ਸਮੇਂ ਲਈ ਟਾਲਿਆ ਜਾ ਸਕਦਾ ਹੈ?

ਜਣਨ ਪੀੜਾ ਰੁਕਵਾਈ ਗਈ

ਜਲਾਲੂਦੀਨ ਅਕਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਗਲ ਬਾਦਸ਼ਾਹ ਜਲਾਲੂਦੀਨ ਅਕਬਰ

ਜਣਨ ਵਿੱਚ ਮਦਦ ਕਰਨ ਲਈ ਤਾਇਨਾਤ ਔਰਤਾਂ ਜੋਤਿਸ਼ੀ ਦੀ ਸਲਾਹ ਸੁਣ ਕੇ ਹੈਰਾਨ ਰਹਿ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਕੁਦਰਤ ਦਾ ਨਿਯਮ ਈਸ਼ਵਰ ਦਾ ਹੁਕਮ ਹੁੰਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਇਨਸਾਨ ਦੀ ਇੱਛਾ ਨਹੀਂ ਚੱਲਦੀ।

ਅਬੁਲ ਫਜ਼ਲ ਨੇ ਅਕਬਰਨਾਮੇ ਵਿੱਚ ਲਿਖਿਆ ਹੈ, "ਅਚਾਨਕ ਮੌਲਾਨਾ ਚਾਂਦ ਨੂੰ ਇੱਕ ਅਜੀਬ-ਜਿਹਾ ਵਿਚਾਰ ਆਇਆ। ਹਨੇਰੀ ਰਾਤ ਵਿੱਚ ਉਹ ਡਰਾਉਣੀ ਸ਼ਕਲ ਬਣਾ ਕੇ ਇੱਕ ਦਾਈ ਨੂੰ ਹਮੀਦਾ ਬਾਨੋ ਦੇ ਬਿਸਤਰੇ ਕੋਲ ਲੈ ਗਏ ਅਤੇ ਇੱਕ ਪਤਲੇ ਪਰਦੇ ਰਾਹੀਂ ਉਸ ਦੀ ਭਿਆਨਕ ਸ਼ਕਲ ਦਿਖਾਈ।"

"ਹਨੇਰੇ ਵਿੱਚ ਉਸ ਨੂੰ ਵੇਖਦੇ ਹੀ ਹਮੀਦਾ ਬਾਨੋ ਬੁਰੀ ਤਰ੍ਹਾਂ ਡਰ ਗਈ ਅਤੇ ਉਨ੍ਹਾਂ ਦੀ ਜਣਨ ਪੀੜਾ ਵੀ ਰੁਕ ਗਈ ਅਤੇ ਉਨ੍ਹਾਂ ਨੂੰ ਨੀਂਦ ਆ ਗਈ।"

ਅਕਬਰਨਾਮੇ ਵਿੱਚ ਲਿਖਿਆ ਹੈ, "ਹੁਣ ਮੌਲਾਨਾ ਚਾਂਦ ਨੇ ਸੋਚਿਆ ਕਿ ਜੇਕਰ ਹਮੀਦਾ ਬਾਨੋ ਸ਼ੁਭ ਸਮੇਂ ਵਿੱਚ ਸੁੱਤੀ ਰਹਿ ਗਈ ਤਾਂ ਕੀ ਹੋਵੇਗਾ? ਜਿਵੇਂ ਹੀ ਉਹ ਸਮਾਂ ਨੇੜੇ ਆਇਆ ਮੌਲਾਨਾ ਚਾਂਦ ਨੇ ਕਿਹਾ ਕਿ ਰਾਣੀ ਨੂੰ ਤੁਰੰਤ ਨੀਂਦ ਤੋਂ ਜਗਾ ਦਿੱਤਾ ਜਾਵੇ। ਦਾਈਆਂ ਦੀ ਹਿੰਮਤ ਨਹੀਂ ਪਈ ਕਿ ਰਾਣੀ ਦੀ ਨੀਂਦ ਵਿੱਚ ਖਲਲ ਪਾਉਣ।"

"ਇਸ ਦੌਰਾਨ ਹਮੀਦਾ ਬੇਗਮ ਦੀ ਆਪਣੇ-ਆਪ ਅੱਖ ਖੁੱਲ੍ਹ ਗਈ। ਉਨ੍ਹਾਂ ਦੀ ਜਣਨ ਪੀੜਾ ਫਿਰ ਸ਼ੁਰੂ ਹੋਈ ਅਤੇ ਅਕਬਰ ਦਾ ਜਨਮ ਹੋਇਆ।"

ਮੌਲਾਨਾ ਚਾਂਦ ਨੇ ਹੁਮਾਯੂੰ ਨੂੰ ਅਕਬਰ ਦੀ ਜਨਮ-ਪੱਤਰੀ ਨਾਲ ਸੰਦੇਸ਼ ਭੇਜਿਆ ਕਿ ਇਹ ਲੜਕਾ ਬਹੁਤ ਲੰਮੇ ਸਮੇਂ ਤੱਕ ਰਾਜਗੱਦੀ 'ਤੇ ਬੈਠੇਗਾ।

ਅਕਬਰ ਦੀ ਕੁੰਡਲੀ

ਤਸਵੀਰ ਸਰੋਤ, Bloomsbury

ਤਸਵੀਰ ਕੈਪਸ਼ਨ, ਅਕਬਰ ਦੀ ਕੁੰਡਲੀ

ਜੋਤਿਸ਼ੀਆਂ ਦੀ ਸਲਾਹ 'ਤੇ ਹੁਮਾਯੂੰ ਦੀ ਮੁੜ ਸੱਤਾ ਹਾਸਲ ਕਰਨ ਦੀ ਮੁਹਿੰਮ

ਮੁਗਲ ਬਾਦਸ਼ਾਹ ਔਰੰਗਜ਼ੇਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਗਲ ਬਾਦਸ਼ਾਹ ਔਰੰਗਜ਼ੇਬ

22 ਨਵੰਬਰ, 1542 ਨੂੰ ਜੋਤਿਸ਼ੀਆਂ ਵੱਲੋਂ ਤੈਅ ਸਮੇਂ 'ਤੇ ਹਮੀਦਾ ਬੇਗਮ ਹੁਮਾਯੂੰ ਨੂੰ ਮਿਲੀ। ਜਦੋਂ ਹੁਮਾਯੂੰ ਨੇ ਪਹਿਲੀ ਵਾਰ ਅਕਬਰ ਨੂੰ ਵੇਖਿਆ ਤਾਂ ਉਹ 35 ਦਿਨਾਂ ਦੇ ਹੋ ਚੁੱਕੇ ਸਨ।

ਅਕਬਰ ਦੇ ਪਾਲਣ-ਪੋਸ਼ਣ ਵਿੱਚ ਹਰ ਕਦਮ 'ਤੇ ਗ੍ਰਹਿ ਸਿਤਾਰਿਆਂ ਦੇ ਚੱਕਰ ਅਨੁਸਾਰ ਫੈਸਲੇ ਲਏ ਜਾ ਰਹੇ ਸਨ।

ਅਬੁਲ ਫਜ਼ਲ ਨੇ ਲਿਖਿਆ ਹੈ, "ਚਾਰੇ ਪਾਸੇ ਗਮ ਦੇ ਮਾਹੌਲ ਵਿੱਚ ਵੀ ਹੁਮਾਯੂੰ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਪੁੱਤਰ ਨਾਲ ਕੋਈ ਅਣਹੋਣੀ ਨਹੀਂ ਵਾਪਰੇਗੀ ਕਿਉਂਕਿ ਉਹ ਪ੍ਰਮਾਤਮਾ ਦੀ ਸੁਰੱਖਿਆ ਵਿੱਚ ਹੈ। ਉਸ ਦਾ ਵਿਸ਼ਵਾਸ ਗ਼ਲਤ ਸਾਬਤ ਨਹੀਂ ਹੋਇਆ।"

"ਹੁਮਾਯੂੰ ਦੇ ਜਾਣ ਤੋਂ ਬਾਅਦ ਦੁਸ਼ਮਣੀ ਹੋਣ ਦੇ ਬਾਵਜੂਦ ਉਸ ਦੇ ਭਰਾ ਅਸਕਰੀ ਨੇ ਅਕਬਰ ਦਾ ਧਿਆਨ ਰੱਖਿਆ। ਉਸ ਨੂੰ ਕੰਧਾਰ ਕਿਲ੍ਹੇ ਦੇ ਉੱਪਰਲੇ ਹਿੱਸੇ ਵਿੱਚ ਰਹਿਣ ਲਈ ਇੱਕ ਕਮਰਾ ਦਿੱਤਾ ਗਿਆ ਅਤੇ ਅਸਕਰੀ ਦੀ ਪਤਨੀ ਸੁਲਤਾਨ ਬੇਗ਼ਮ ਨੇ 14 ਮਹੀਨਿਆਂ ਦੇ ਅਕਬਰ ਨੂੰ ਆਪਣੇ ਪਿਆਰ ਨਾਲ ਸਹਾਰਿਆ।"

ਐੱਮਜੇ ਅਕਬਰ

14 ਮਾਰਚ, 1545 ਨੂੰ ਹੁਮਾਯੂੰ ਨੇ ਜੋਤਿਸ਼ੀਆਂ ਦੀ ਸਲਾਹ 'ਤੇ ਇੱਕ ਸ਼ੁਭ ਸਮੇਂ 'ਤੇ ਸੱਤਾ ਨੂੰ ਦੁਬਾਰਾ ਹਾਸਲ ਕਰਨ ਦਾ ਆਪਣਾ ਅਭਿਆਨ ਸ਼ੁਰੂ ਕੀਤਾ। 03 ਸਤੰਬਰ, 1545 ਨੂੰ ਅਸਕਰੀ ਨੇ ਹਾਰ ਮੰਨ ਲਈ।

ਬੈਰਮ ਖ਼ਾਂ ਅਸਕਰੀ ਦੀ ਗਰਦਨ 'ਤੇ ਤਲਵਾਰ ਰੱਖ ਕੇ ਹੁਮਾਯੂੰ ਦੇ ਸਾਹਮਣੇ ਲਿਆਂਦਾ ਗਿਆ। ਹੁਮਾਯੂੰ ਨੇ ਪਰਿਵਾਰ ਦੇ ਕਹਿਣ 'ਤੇ ਅਸਕਰੀ ਨੂੰ ਜੀਵਨਦਾਨ ਦੇ ਦਿੱਤਾ।

ਅਕਬਰ ਜਦੋਂ ਚਾਰ ਸਾਲ ਚਾਰ ਮਹੀਨੇ ਅਤੇ ਚਾਰ ਦਿਨਾਂ ਦੇ ਸਨ ਤਾਂ ਮੁੱਲਾ ਇਸਲਾਮੁੱਦੀਨ ਇਬਰਾਹੀਮ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਰਸਮੀ ਸਿੱਖਿਆ ਸ਼ੁਰੂ ਹੋਈ।

ਹੁਮਾਯੂੰ ਨੇ ਜੋਤਿਸ਼ੀਆਂ ਦੀ ਸਲਾਹ 'ਤੇ ਤਾਲੀਮ ਸ਼ੁਰੂ ਕਰਨ ਲਈ 20 ਨਵੰਬਰ, 1547 ਦਾ ਦਿਨ ਚੁਣਿਆ ਪਰ ਇਹ ਮੁਹੂਰਤ ਕੰਮ ਨਹੀਂ ਆਇਆ ਕਿਉਂਕਿ ਜ਼ਿਆਦਾਤਰ ਇਤਿਹਾਸਕਾਰ ਇਹੀ ਮੰਨਦੇ ਹਨ ਕਿ ਅਕਬਰ ਕਦੇ ਲਿਖਣਾ-ਪੜ੍ਹਨਾ ਨਹੀਂ ਸਿੱਖ ਸਕੇ।

ਹੁਮਾਯੂੰ ਨੂੰ ਆਪਣੀ ਮੌਤ ਬਾਰੇ ਪਹਿਲਾਂ ਤੋਂ ਹੀ ਅੰਦਾਜਾ ਹੋ ਗਿਆ ਸੀ

ਬਾਦਸ਼ਾਹ ਅਕਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਦਸ਼ਾਹ ਅਕਬਰ

ਹੁਮਾਯੂੰ ਨੂੰ ਲੱਗਦਾ ਸੀ ਕਿ ਨੰਬਰ 7 ਉਸ ਲਈ ਭਾਗਾਂ ਵਾਲਾ ਅੰਕ ਹੈ। ਉਨ੍ਹਾਂ ਦੇ ਕੱਪੜਿਆਂ ਦਾ ਰੰਗ ਦਿਨ ਦੇ ਸਿਤਾਰਿਆਂ ਅਨੁਸਾਰ ਹੁੰਦਾ ਸੀ। ਐਤਵਾਰ ਨੂੰ ਉਹ ਪੀਲੇ ਅਤੇ ਸੋਮਵਾਰ ਨੂੰ ਹਰੇ ਕੱਪੜੇ ਪਹਿਨਦਾ ਸੀ।

ਐੱਮਜੇ ਅਕਬਰ ਦੱਸਦੇ ਹਨ, "ਹੁਮਾਯੂੰ ਨੂੰ ਅਗਲੇ 15 ਦਿਨਾਂ ਲਈ ਅਫ਼ੀਮ ਦਿੱਤੀ ਗਈ ਤਾਂ ਉਨ੍ਹਾਂ ਨੇ ਸਿਰਫ਼ ਸੱਤ ਦਿਨਾਂ ਦੀ ਹੀ ਖੁਰਾਕ ਲੈ ਕੇ ਉਸ ਨੂੰ ਕਾਗਜ਼ ਵਿੱਚ ਰੱਖ ਲਿਆ।"

"ਹੁਮਾਯੂੰ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਿਰਫ਼ ਇੰਨੇ ਹੀ ਦਿਨਾਂ ਦੀ ਖੁਰਾਕ ਦੀ ਲੋੜ ਹੈ। ਸ਼ੁੱਕਰਵਾਰ 24 ਜਨਵਰੀ, 1556 ਨੂੰ ਉਨ੍ਹਾਂ ਨੇ ਅਫ਼ੀਮ ਨੂੰ ਗੁਲਾਬ ਜਲ ਨਾਲ ਪੀਤਾ।"

ਦੁਪਹਿਰ ਨੂੰ ਹੁਮਾਯੂੰ ਨੇ ਆਪਣੇ ਆਲ੍ਹੇ-ਦੁਆਲੇ ਖੜ੍ਹੇ ਲੋਕਾਂ ਨੂੰ ਦੱਸਿਆ, "ਅੱਜ ਸਾਡੇ ਸਮੇਂ ਦੇ ਇੱਕ ਬਹੁਤ ਵੱਡੇ ਆਦਮੀ ਨੂੰ ਇੱਕ ਵੱਡੀ ਸੱਟ ਵੱਜੇਗੀ ਅਤੇ ਉਹ ਇਸ ਦੁਨੀਆ ਤੋਂ ਹਮੇਸ਼ਾ ਲਈ ਚਲਾ ਜਾਵੇਗਾ।"

ਸ਼ਾਮ ਨੂੰ ਹੁਮਾਯੂੰ ਕੁਝ ਗਣਿਤ ਵਿਗਿਆਨੀ ਨੂੰ ਲੈ ਕੇ ਕਿਲ੍ਹੇ ਦੀ ਛੱਤ 'ਤੇ ਗਏ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਸ ਰਾਤ ਸ਼ੁੱਕਰ ਗ੍ਰਹਿ ਆਸਮਾਨ ਵਿੱਚ ਪੂਰੀ ਚਮਕ ਨਾਲ ਮੌਜੂਦ ਹੋਵੇਗਾ। ਉਹ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦੇ ਸਨ।

ਜਦੋਂ ਹੁਮਾਯੂੰ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਨ ਤਾਂ ਉਨ੍ਹਾਂ ਨੇ ਅਜ਼ਾਨ ਦੀ ਆਵਾਜ਼ ਸੁਣੀ ਅਤੇ ਫਿਰ ਉਹ ਸਜਦੇ ਵਿੱਚ ਚਲੇ ਗਏ।

ਅਬੁਲ ਫਜ਼ਲ ਲਿਖਦੇ ਹਨ, "ਕਿਲ੍ਹੇ ਦੀਆਂ ਪੌੜੀਆਂ ਖੜ੍ਹੀਆਂ ਸਨ, ਜਿਨ੍ਹਾਂ 'ਤੇ ਲੱਗਿਆ ਪੱਥਰ ਤਿਲਕਣਾ ਸੀ। ਜਦੋਂ ਹੁਮਾਯੂੰ ਸਜਦੇ ਵਿੱਚ ਹੇਠਾਂ ਬੈਠੇ ਤਾਂ ਉਨ੍ਹਾਂ ਦਾ ਪੈਰ ਪਜਾਮੇ ਵਿੱਚ ਫਸ ਗਿਆ ਅਤੇ ਉਹ ਪੌੜੀਆਂ ਤੋਂ ਤਿਲਕ ਕੇ ਹੇਠਾਂ ਡਿੱਗ ਗਏ।"

"ਉਨ੍ਹਾਂ ਦੇ ਮੱਥੇ 'ਤੇ ਡੂੰਘੀ ਸੱਟ ਲੱਗੀ ਅਤੇ ਸੱਜੇ ਕੰਨ ਤੋਂ ਖੂਨ ਨਿਕਲਣ ਲੱਗਾ। ਸ਼ੁਰੂ ਵਿੱਚ ਐਲਾਨ ਕੀਤਾ ਗਿਆ ਕਿ ਬਾਦਸ਼ਾਹ ਦੀ ਸੱਟ ਗੰਭੀਰ ਨਹੀਂ ਹੈ। ਦਰਬਾਰੀਆਂ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਸੀ ਤਾਂ ਜੋ ਅਗਲੇ ਬਾਦਸ਼ਾਹ ਦਾ ਵਿਧੀ ਅਨੁਸਾਰ ਐਲਾਨ ਕਰਨ ਲਈ ਉਨ੍ਹਾਂ ਨੂੰ ਥੋੜ੍ਹਾ ਸਮਾਂ ਮਿਲ ਜਾਵੇ।"

ਹੁਮਾਯੂੰ ਨੇ 27 ਜਨਵਰੀ ਨੂੰ ਆਖਰੀ ਸਾਹ ਲਏ। ਉਨ੍ਹਾਂ ਦੇ ਡਿੱਗਣ ਤੋਂ 17 ਦਿਨ ਬਾਅਦ ਯਾਨੀ 10 ਫਰਵਰੀ, 1556 ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਆਮ ਲੋਕਾਂ ਨੂੰ ਦਿੱਤੀ ਗਈ। ਉਸੇ ਦਿਨ ਉਨ੍ਹਾਂ ਦੇ ਪੁੱਤਰ ਅਕਬਰ ਦੇ ਨਾਂਅ 'ਤੇ ਪਹਿਲੀ ਵਾਰ ਖੁਤਬਾ ਪੜ੍ਹਿਆ ਗਿਆ।

ਇਮਾਮ ਗਜ਼ਨਵੀ ਦੀ ਅਗਵਾਈ ਵਿੱਚ ਜੋਤਿਸ਼ੀਆਂ ਨੇ ਅਕਬਰ ਦੇ ਰਾਜਤਿਲਕ ਦਾ ਸਮਾਂ ਚੁਣਿਆ।

ਅਕਬਰ ਨੇ ਕੀਤੀ ਰਾਜ ਜੋਤਿਸ਼ੀ ਦੀ ਨਿਯੁਕਤੀ

ਅਕਬਰ

ਤਸਵੀਰ ਸਰੋਤ, ALEPH

ਤਸਵੀਰ ਕੈਪਸ਼ਨ, ਅਕਬਰ

ਜੋਤਿਸ਼ੀਆਂ ਦੀ ਸਲਾਹ ਲੈ ਕੇ ਹੀ ਅਕਬਰ ਨੇ ਹੇਮੂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜੰਗ ਦੇ ਵਿਚਕਾਰ ਹੇਮੂ ਦੀ ਅੱਖ ਵਿੱਚ ਇੱਕ ਤੀਰ ਲੱਗਾ ਅਤੇ ਉਸ ਦੇ ਸਿਰ ਨੂੰ ਪਾਰ ਕਰ ਗਿਆ। ਜਿਵੇਂ ਹੀ ਹੇਮੂ ਦੇ ਸਿਪਾਹੀਆਂ ਨੇ ਇਹ ਵੇਖਿਆ, ਉਨ੍ਹਾਂ ਦੀ ਹਿੰਮਤ ਟੁੱਟ ਗਈ ਅਤੇ ਉਨ੍ਹਾਂ ਨੂੰ ਅਕਬਰ ਦੀ ਫੌਜ ਦੇ ਸਾਹਮਣੇ ਗੋਡੇ ਟੇਕਣੇ ਪਏ।

ਜੰਗ ਦੇ ਮੈਦਾਨ ਤੋਂ ਅਕਬਰ ਦੇ ਦਿੱਲੀ ਵਾਪਸ ਆਉਣ ਦਾ ਸਮਾਂ ਵੀ ਜੋਤਿਸ਼ੀਆਂ ਨੇ ਤੈਅ ਕੀਤਾ। ਸਮਰਾਟ ਵਜੋਂ ਅਕਬਰ ਨੇ 'ਜੋਤਿਕ ਰਾਇ' ਜਾਂ ਜੋਤਿਸ਼ਰਾਜ ਦਾ ਨਵਾਂ ਅਹੁਦਾ ਬਣਵਾਇਆ।

ਅਕਬਰ ਦੇ ਸਮੇਂ ਦੇ ਮਸ਼ਹੂਰ ਜੋਤਿਸ਼ੀ ਅਜ਼ੂਦੁੱਦੌਲਾ ਸ਼ਿਰਾਜ਼ੀ ਨੇ ਭਵਿੱਖਬਾਣੀ ਕੀਤੀ ਕਿ 'ਅਕਬਰ ਵਿਆਹ ਦੇ ਬੰਧਨ ਰਾਹੀਂ ਆਪਣੀ ਸੱਤਾ ਨੂੰ ਮਜ਼ਬੂਤ ਕਰਨਗੇ।

ਅਕਬਰ ਦੇ ਤੋਸ਼ਾਖ਼ਾਨੇ ਵਿੱਚ ਇੱਕ ਹਜ਼ਾਰ ਪੋਸ਼ਾਕਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚੋਂ 120 ਪੋਸ਼ਾਕਾਂ ਨੂੰ ਪਹਿਨਣ ਲਈ ਹਮੇਸ਼ਾ ਤਿਆਰ ਰੱਖਿਆ ਜਾਂਦਾ ਸੀ। ਹੁਮਾਯੂੰ ਵਾਂਗ ਅਕਬਰ ਵੀ ਦਿਨ ਦੇ ਸਿਤਾਰਿਆਂ ਦੇ ਰੰਗ ਅਨੁਸਾਰ ਕੱਪੜੇ ਪਹਿਨਦੇ ਸਨ।

ਅਬੁਲ ਫਜ਼ਲ ਲਿਖਦੇ ਹਨ, "ਅਕਬਰ ਨੇ ਹਰ ਸ਼ੁੱਕਰਵਾਰ, ਐਤਵਾਰ ਅਤੇ ਹਰ ਸੌਰ ਮਹੀਨੇ (ਸੂਰਜ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਜਾਣ ਦਾ ਮਹੀਨਾ) ਦੀ ਪਹਿਲੀ ਤਰੀਕ ਅਤੇ ਸੂਰਜ-ਚੰਦ ਗ੍ਰਹਿਣ ਵਾਲੇ ਦਿਨ ਮਾਸ ਖਾਣਾ ਛੱਡ ਦਿੱਤਾ ਸੀ।"

ਜਹਾਂਗੀਰ ਅਤੇ ਉਨ੍ਹਾਂ ਦੀ ਪੋਤੀ

ਅਕਬਰਨਾਮਾ

ਤਸਵੀਰ ਸਰੋਤ, Atlantic Publishers

ਤਸਵੀਰ ਕੈਪਸ਼ਨ, ਅਕਬਰਨਾਮਾ

ਅਕਬਰ ਵਾਂਗ ਉਨ੍ਹਾਂ ਦੇ ਪੁੱਤਰ ਜਹਾਂਗੀਰ ਨੂੰ ਵੀ ਜੋਤਿਸ਼ ਵਿੱਚ ਬਹੁਤ ਵਿਸ਼ਵਾਸ ਸੀ। ਅਕਬਰ ਵਾਂਗ ਜਹਾਂਗੀਰ ਦੀ ਸਿੱਖਿਆ ਵੀ 1573 ਵਿੱਚ ਉਸ ਸਮੇਂ ਸ਼ੁਰੂ ਹੋਈ, ਜਦੋਂ ਉਹ ਚਾਰ ਸਾਲ, ਚਾਰ ਮਹੀਨੇ ਅਤੇ ਚਾਰ ਦਿਨਾਂ ਦੇ ਸਨ। 20 ਮਾਰਚ, 1606 ਨੂੰ ਜਹਾਂਗੀਰ ਦੇ ਰਾਜਤਿਲਕ ਦਾ ਦਿਨ ਵੀ ਜੋਤਿਸ਼ੀਆਂ ਨੇ ਚੁਣਿਆ ਸੀ।

ਜੋਤਿਸ਼ੀਆਂ ਦੀ ਸਲਾਹ 'ਤੇ ਜਹਾਂਗੀਰ ਨੇ ਆਪਣੇ ਪੁੱਤਰ ਖ਼ੁਸਰੋ ਦੀ ਧੀ ਦਾ ਚਿਹਰਾ ਤਿੰਨ ਸਾਲਾਂ ਤੱਕ ਨਹੀਂ ਵੇਖਿਆ ਸੀ। ਜਹਾਂਗੀਰ ਨੇ ਆਪਣੀ ਆਤਮ ਕਥਾ 'ਤੁਜ਼ੁਕ-ਏ-ਜਹਾਂਗੀਰੀ' ਵਿੱਚ ਲਿਖਿਆ, "ਮੈਂ 13 ਤਾਰੀਖ ਨੂੰ ਆਪਣੀ ਪੋਤੀ ਅਤੇ ਖ਼ੁਸਰੋ ਦੀ ਧੀ ਨੂੰ ਮਿਲਣ ਲਈ ਸੱਦਿਆ।

ਜੋਤਿਸ਼ੀਆਂ ਦਾ ਕਹਿਣਾ ਸੀ ਕਿ ਉਸ ਦਾ ਜਨਮ ਉਸ ਦੇ ਪਿਤਾ ਲਈ ਤਾਂ ਸ਼ੁਭ ਨਹੀਂ ਹੋਵੇਗਾ ਪਰ ਦਾਦਾ ਯਾਨੀ ਮੇਰੇ ਲਈ ਸ਼ੁਭ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਨਾਲ ਉਸ ਦੇ ਤਿੰਨ ਸਾਲਾਂ ਦੇ ਹੋ ਜਾਣ ਤੋਂ ਬਾਅਦ ਪਹਿਲੀ ਵਾਰ ਮਿਲਣਾ ਹੈ। ਜਦੋਂ ਉਸ ਨੇ ਇਹ ਉਮਰ ਪਾਰ ਕੀਤੀ ਉਦੋਂ ਵੀ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ।

ਮੁਗਲ ਬਾਦਸ਼ਾਹ ਜਹਾਂਗੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਗਲ ਬਾਦਸ਼ਾਹ ਜਹਾਂਗੀਰ

ਜਹਾਂਗੀਰ ਦੇ 'ਜੋਤਿਕਰਾਇ' ਯਾਨੀ ਜੋਤਿਸ਼ੀਰਾਜ ਦਾ ਨਾਂ ਕੇਸ਼ਵ ਸ਼ਰਮਾ ਸੀ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਉਨ੍ਹਾਂ ਦੇ ਚਾਰ ਸਾਲਾਂ ਦੇ ਪੋਤੇ ਸ਼ਾਹਸ਼ੁਜਾ ਦਾ ਜੀਵਨ ਖ਼ਤਰੇ ਵਿੱਚ ਹੈ।

ਜਹਾਂਗੀਰ ਨੇ ਲਿਖਿਆ, "17 ਤਾਰੀਖ ਨੂੰ ਐਤਵਾਰ ਦੇ ਦਿਨ ਸ਼ਾਹਸ਼ੁਜਾ ਇੱਕ ਖਿੜਕੀ ਦੇ ਕੋਲ ਖੇਡ ਰਿਹਾ ਸੀ। ਉਸ ਦਿਨ ਖਿੜਕੀ ਦੇ ਦਰਵਾਜ਼ੇ ਨੂੰ ਬੰਦ ਨਹੀਂ ਕੀਤਾ ਗਿਆ ਸੀ।"

"ਜਦੋਂ ਸ਼ਹਿਜ਼ਾਦੇ ਨੇ ਖੇਡ-ਖੇਡ ਵਿੱਚ ਖਿੜਕੀ ਤੋਂ ਬਾਹਰ ਝਾਤ ਮਾਰੀ ਤਾਂ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਸਿਰ ਦੇ ਭਾਰ ਹੇਠਾਂ ਡਿੱਗ ਗਿਆ।"

"ਡਿੱਗਦੇ ਹੀ ਉਹ ਬੇਹੋਸ਼ ਹੋ ਗਿਆ। ਜਿਵੇਂ ਹੀ ਮੈਂ ਇਹ ਸੁਣਿਆ ਮੈਂ ਸਭ ਕੁਝ ਛੱਡ ਕੇ ਹੇਠਾਂ ਦੌੜਿਆ। ਮੈਂ ਬੱਚੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਿਆ ਜਦੋਂ ਤੱਕ ਉਸ ਨੂੰ ਹੋਸ਼ ਨਹੀਂ ਆ ਗਿਆ। ਜਿਵੇਂ ਹੀ ਉਸ ਨੂੰ ਹੋਸ਼ ਆਇਆ ਮੈਂ ਈਸ਼ਵਰ ਨੂੰ ਸ਼ੁਕਰੀਆ ਅਦਾ ਕਰਨ ਲਈ ਸਜਦੇ ਵਿੱਚ ਚਲਾ ਗਿਆ।"

ਜਹਾਂਗੀਰ ਪਹਿਲੇ ਮੁਗਲ ਬਾਦਸ਼ਾਹ ਸਨ ਜਿਨ੍ਹਾਂ ਨੇ ਸਿੱਕੇ ਦੇ ਇੱਕ ਪਾਸੇ ਰਾਸ਼ੀ ਚੱਕਰ ਦੀ ਤਸਵੀਰ ਛਪਾਈ ਸੀ।

ਔਰੰਗਜ਼ੇਬ ਨੇ ਵੀ ਬਣਵਾਈ ਸੀ ਆਪਣੀ ਜਨਮ-ਪੱਤਰੀ

ਜਹਾਂਗੀਰ ਦੇ ਰਾਜ ਦੌਰਾਨ ਜਾਰੀ ਕੀਤੇ ਗਏ ਸਿੱਕੇ

ਤਸਵੀਰ ਸਰੋਤ, Bloomsbury

ਤਸਵੀਰ ਕੈਪਸ਼ਨ, ਜਹਾਂਗੀਰ ਦੇ ਰਾਜ ਦੌਰਾਨ ਜਾਰੀ ਕੀਤੇ ਗਏ ਸਿੱਕੇ

ਜਦੋਂ 05 ਜਨਵਰੀ 1592 ਨੂੰ ਲਾਹੌਰ ਦੇ ਕਿਲ੍ਹੇ ਵਿੱਚ ਸ਼ਾਹਜਹਾਂ ਦਾ ਜਨਮ ਹੋਇਆ ਤਾਂ ਤਿੰਨ ਦਿਨ ਬਾਅਦ ਉਸ ਦੇ ਦਾਦਾ ਅਕਬਰ ਉਸ ਨੂੰ ਵੇਖਣ ਪਹੁੰਚੇ।

ਅਕਬਰ ਨੇ ਨਵਜੰਮੇ ਬੱਚੇ ਦਾ ਨਾਂ 'ਖ਼ੁਰਰਮ' ਰੱਖਿਆ ਕਿਉਂਕਿ ਜੋਤਿਸ਼ੀਆਂ ਨੇ ਸਲਾਹ ਦਿੱਤੀ ਸੀ ਕਿ ਬੱਚੇ ਦਾ ਨਾਂ 'ਖ' ਅੱਖਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ।

ਜਹਾਂਗੀਰ ਦੇ ਪੋਤੇ ਅਤੇ ਅਕਬਰ ਦੇ ਪੜਪੋਤੇ ਔਰੰਗਜ਼ੇਬ ਨੂੰ ਵੀ ਜਨਮ-ਪੱਤਰੀ ਵਿੱਚ ਪੂਰਾ ਵਿਸ਼ਵਾਸ ਸੀ। ਉਨ੍ਹਾਂ ਦੇ ਦਰਬਾਰ ਦੇ ਜੋਤਿਸ਼ੀਆਂ ਨੇ ਉਨ੍ਹਾਂ ਦੇ ਰਾਜਤਿਲਕ ਦਾ ਸਮਾਂ ਤੈਅ ਕੀਤਾ ਸੀ।

ਜਦੁਨਾਥ ਸਰਕਾਰ ਨੇ ਆਪਣੀ ਕਿਤਾਬ 'ਦ ਹਿਸਟਰੀ ਆਫ਼ ਔਰੰਗਜ਼ੇਬ' ਵਿੱਚ ਲਿਖਿਆ ਹੈ, "ਜੋਤਿਸ਼ੀਆਂ ਨੇ ਦੱਸਿਆ ਸੀ ਕਿ ਐਤਵਾਰ 5 ਜੂਨ ਨੂੰ ਸੂਰਜ ਚੜ੍ਹਣ ਤੋਂ ਤਿੰਨ ਘੰਟੇ 15 ਮਿੰਟ ਬਾਅਦ ਦਾ ਸਮਾਂ ਔਰੰਗਜ਼ੇਬ ਦੇ ਰਾਜਤਿਲਕ ਲਈ ਸਭ ਤੋਂ ਢੁਕਵਾਂ ਹੈ।"

ਸਹੀ ਸਮੇਂ ਆਉਂਦੇ ਹੀ ਜੋਤਿਸ਼ੀਆਂ ਨੇ ਇਸ਼ਾਰਾ ਕੀਤਾ ਅਤੇ ਇੱਕ ਪਰਦੇ ਪਿੱਛੇ ਤਿਆਰ ਬੈਠੇ ਸਮਰਾਟ ਔਰੰਗਜ਼ੇਬ ਬਾਹਰ ਨਿਕਲ ਕੇ ਗੱਦੀ 'ਤੇ ਬੈਠ ਗਏ।"

ਔਰੰਗਜ਼ੇਬ ਦੇ ਸਮੇਂ ਵਿੱਚ ਭਾਰਤ ਆਏ ਫ਼ਰਾਂਸੀਸੀ ਯਾਤਰੀ ਫ਼ਰਾਂਸੁਆ ਬਰਨੀਏ ਨੇ ਵੀ ਔਰੰਗਜ਼ੇਬ ਦੇ ਜੋਤਿਸ਼ ਵਿੱਚ ਵਿਸ਼ਵਾਸ ਦੀ ਪੁਸ਼ਟੀ ਕੀਤੀ।

ਬਰਨੀਏ ਨੇ ਲਿਖਿਆ, "ਜੋਤਿਸ਼ੀਆਂ ਦੀ ਸਲਾਹ 'ਤੇ ਔਰੰਗਜ਼ੇਬ ਨੇ 6 ਦਸੰਬਰ, 1664 ਨੂੰ ਦੁਪਹਿਰ ਤਿੰਨ ਵਜੇ ਦੱਖਣ ਵੱਲ ਕੂਚ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਲੰਮੀ ਯਾਤਰਾ ਲਈ ਇਹ ਸਭ ਤੋਂ ਢੁਕਵਾਂ ਸਮਾਂ ਹੈ।

"ਐੱਮਜੇ ਅਕਬਰ ਦੱਸਦੇ ਹਨ, "ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਨ੍ਹਾਂ ਦੇ ਜੋਤਿਸ਼ੀ ਫ਼ਜ਼ੀਲ ਅਹਿਮਦ ਨੇ ਜੋ ਜਨਮ-ਪੱਤਰੀ ਬਣਾਈ ਹੈ, ਉਸ ਦੀ ਇੱਕ-ਇੱਕ ਗੱਲ ਹੁਣ ਤੱਕ ਸੱਚ ਨਿਕਲੀ ਹੈ। ਮੇਰੀ ਜਨਮ-ਪੱਤਰੀ ਵਿੱਚ ਇਹ ਵੀ ਲਿਖਿਆ ਹੈ ਕਿ ਮੇਰੀ ਮੌਤ ਤੋਂ ਬਾਅਦ ਕੀ ਹੋਵੇਗਾ?"

"ਔਰੰਗਜ਼ੇਬ ਨੇ ਕਿਹਾ, 'ਅਜ਼ ਮਅਸਤ ਹਮਾਹ ਫ਼ਸਾਦ-ਏ-ਬਾਕ਼ੀ' ਯਾਨੀ ਮੇਰੇ ਜਾਣ ਤੋਂ ਬਾਅਦ ਹਰ ਪਾਸੇ ਅਰਾਜਕਤਾ ਹੋਵੇਗੀ। ਮੇਰੇ ਬਾਅਦ ਇੱਕ ਅਜਿਹਾ ਸਮਰਾਟ ਆਵੇਗਾ ਜੋ ਅਗਿਆਨੀ ਅਤੇ ਛੋਟੀ ਮਾਨਸਿਕਤਾ ਵਾਲਾ ਵਿਅਕਤੀ ਹੋਵੇਗਾ।"

"ਹਾਲਾਂਕਿ ਮੈਂ ਆਪਣੇ ਪਿੱਛੇ ਇੱਕ ਸਮਰੱਥ ਵਜ਼ੀਰ ਅਸਦ ਖ਼ਾਂ ਛੱਡ ਜਾਵਾਂਗਾ ਪਰ ਮੇਰੇ ਚਾਰੇ ਪੁੱਤਰ ਉਸ ਨੂੰ ਆਪਣਾ ਕੰਮ ਨਹੀਂ ਕਰਨ ਦੇਣਗੇ।"

ਔਰੰਗਜ਼ੇਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰੰਗਜ਼ੇਬ ਨੇ ਮੁਗਲ ਸਾਮਰਾਜ ਦੇ ਪਤਨ ਦੀ ਭਵਿੱਖਬਾਣੀ ਕੀਤੀ ਸੀ

ਜਦੋਂ ਜੋਤਿਸ਼ੀ ਦੀ ਭਵਿੱਖਵਾਣੀ ਗਲਤ ਸਾਬਤ ਹੋਈ

ਇਹ ਨਹੀਂ ਕਿ ਜੋਤਿਸ਼ੀਆਂ ਦੀਆਂ ਸਾਰੀਆਂ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ। ਗ਼ਲਤ ਹੋਈਆਂ ਭਵਿੱਖਬਾਣੀਆਂ ਨੂੰ ਅਕਸਰ ਭੁਲਾ ਦਿੱਤਾ ਗਿਆ ਜਾਂ ਦਰਜ ਨਹੀਂ ਕੀਤਾ ਗਿਆ। ਅਜਿਹੀ ਹੀ ਇੱਕ ਗ਼ਲਤ ਹੋਈ ਭਵਿੱਖਬਾਣੀ ਦੀ ਕਹਾਣੀ ਬਾਬਰ ਦੀ ਧੀ ਗੁਲਬਦਨ ਬੇਗਮ ਨਾਲ ਜੁੜੀ ਹੈ।

ਉਨ੍ਹਾਂ ਨੇ ਆਪਣੀ ਕਿਤਾਬ 'ਹੁਮਾਯੂੰਨਾਮਾ' ਵਿੱਚ ਲਿਖਿਆ, "ਜੋਤਿਸ਼ੀ ਮੁਹੰਮਦ ਸ਼ਰੀਫ਼ ਨੇ ਕਿਹਾ ਕਿ ਬਾਬਰ ਲਈ ਬਿਹਤਰ ਹੈ ਕਿ ਉਹ ਖਾਨਵਾ ਦੀ ਜੰਗ ਵਿੱਚ ਨਾ ਜਾਣ ਕਿਉਂਕਿ ਸਿਤਾਰੇ ਉਨ੍ਹਾਂ ਦੇ ਪੱਖ ਵਿੱਚ ਨਹੀਂ ਹਨ।"

"ਇਹ ਸੁਣ ਕੇ ਸ਼ਾਹੀ ਫੌਜ ਵਿੱਚ ਬੇਚੈਨੀ ਅਤੇ ਨਿਰਾਸ਼ਾ ਫੈਲ ਗਈ ਪਰ ਬਾਬਰ ਨੇ ਭਵਿੱਖਬਾਣੀ 'ਤੇ ਧਿਆਨ ਨਾ ਦਿੰਦੇ ਹੋਏ ਆਪਣੀ ਯੋਜਨਾ ਵਿੱਚ ਕੋਈ ਫੇਰਬਦਲ ਨਹੀਂ ਕੀਤਾ।"

 ਗੁਲਬਦਨ ਬੇਗਮ

ਤਸਵੀਰ ਸਰੋਤ, Juggernaut

ਤਸਵੀਰ ਕੈਪਸ਼ਨ, ਹੁਮਾਯੂੰ ਦੀ ਭੈਣ ਗੁਲਬਦਨ ਬੇਗਮ

ਉਨ੍ਹਾਂ ਨੇ ਆਪਣੇ ਸਿਪਾਹੀਆਂ ਨੂੰ ਇਕੱਠਾ ਕਰ ਕੇ ਕਿਹਾ, "ਆਗਰਾ ਤੋਂ ਕਾਬੁਲ ਵਾਪਸ ਜਾਣ ਵਿੱਚ ਕਈ ਮਹੀਨੇ ਲੱਗ ਜਾਣਗੇ। ਜੇਕਰ ਉਹ ਇਸ ਜੰਗ ਵਿੱਚ ਮਰ ਗਏ ਤਾਂ ਸ਼ਹੀਦ ਅਖਵਾਉਣਗੇ। ਜੇਕਰ ਉਹ ਜਿਊਂਦੇ ਰਹੇ ਤਾਂ ਉਨ੍ਹਾਂ ਦਾ ਮਾਣ ਸਤਿਕਾਰ ਵਧ ਜਾਵੇਗਾ।"

ਅੱਗੇ ਲਿਖਿਆ, "ਜੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਬਾਬਰ ਨੇ ਸ਼ਰਾਬ ਪੀਣੀ ਛੱਡ ਦਿੱਤੀ। ਇਸ ਇਤਿਹਾਸਕ ਜੰਗ ਵਿੱਚ ਭਵਿੱਖਬਾਣੀ ਦੇ ਉਲਟ ਬਾਬਰ ਨੂੰ ਜਿੱਤ ਮਿਲੀ, ਰਾਣਾ ਸਾਂਗਾ ਦੀ ਹਾਰ ਹੋਈ ਅਤੇ ਬਾਬਰ ਨੇ ਭਾਰਤ ਵਿੱਚ ਮੁਗਲ ਸ਼ਾਸਨ ਦੀ ਨੀਂਹ ਰੱਖੀ।

ਇਹ ਭਾਰਤ ਦੇ ਇਤਿਹਾਸ ਦੀ ਪਹਿਲੀ ਜੰਗ ਸੀ ਜਿਸ ਵਿੱਚ ਬਾਰੂਦ ਦੇ ਇਸਤੇਮਾਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜੰਗ ਵਿੱਚ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਜੋਤਿਸ਼ੀ ਮੁਹੰਮਦ ਸ਼ਰੀਫ਼ 'ਤੇ ਬਾਬਰ ਨੇ ਜਾਣਬੁੱਝ ਕੇ ਗੁਮਰਾਹ ਕਰਨ ਦਾ ਇਲਜ਼ਾਮ ਲਗਾਇਆ।

ਜੋਤਿਸ਼ੀ ਨੂੰ ਸਜ਼ਾ ਤਾਂ ਨਹੀਂ ਦਿੱਤੀ ਗਈ ਪਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਵਾਪਸ ਕਾਬੁਲ ਭੇਜ ਦਿੱਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)