ਅਮਰੀਕੀ ਫੌਜ ਦੇ ਉਸ ਆਪ੍ਰੇਸ਼ਨ ਦੀ ਕਹਾਣੀ ਜਿਸ 'ਚ ਹੋਏ ਭਾਰੀ ਨੁਕਸਾਨ ਮਗਰੋਂ ਫੌਜ ਨੂੰ ਉਹ ਮੁਲਕ ਹੀ ਛੱਡਣਾ ਪਿਆ

ਬਲੈਕ ਹਾਕ ਹੈਲੀਕਾਪਟਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1990 ਦੇ ਦਹਾਕੇ ਵਿੱਚ ਸੋਮਾਲੀਆ ਵਿੱਚ ਅਣਗਿਣਤ ਅਮਰੀਕੀ ਮਿਸ਼ਨਾਂ ਵਿੱਚ ਬਲੈਕ ਹਾਕ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਸੀ।
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਜੇਕਰ ਤੁਸੀਂ ਸੋਮਾਲੀਆ ਦੇਸ਼ ਦੇ ਹਾਲੀਆ ਹਾਲਾਤ ਵੱਲ ਝਾਤ ਮਾਰੋ, ਤਾਂ ਤੁਹਾਨੂੰ ਭੁੱਖਮਰੀ, ਸੋਕਾ, ਤਾਨਾਸ਼ਾਹੀ ਰਾਜ, ਲੜਾਕੂ ਕਬੀਲੇ ਅਤੇ ਅਰਾਜਕਤਾ ਹੀ ਨਜ਼ਰ ਆਵੇਗੀ।

ਸੋਮਾਲੀਆ 'ਚ 80 ਦੇ ਦਹਾਕੇ ਵਿੱਚ ਬਹੁਤ ਭਿਆਨਕ ਸੋਕਾ ਪਿਆ ਸੀ, ਜਿਸ ਦੇ ਨਤੀਜੇ ਵਜੋਂ ਦੇਸ਼ ਦਾ ਬੁਨਿਆਦੀ ਢਾਂਚਾ ਪੂਰਨ ਤੌਰ 'ਤੇ ਤਬਾਹ ਹੋ ਗਿਆ ਸੀ।

1992 ਵਿੱਚ, ਅਮਰੀਕਾ ਦੇ ਫਸਟ ਮਰੀਨ ਡਿਵੀਜ਼ਨ ਅਤੇ ਵਿਸ਼ੇਸ਼ ਬਲਾਂ ਦੇ ਕੁਝ ਸੈਨਿਕਾਂ ਨੂੰ ਰਾਹਤ ਕਾਰਜਾਂ ਲਈ ਭੇਜਿਆ ਗਿਆ ਸੀ। ਉਸ ਸਮੇਂ ਸੋਮਾਲੀਆ ਵਿੱਚ ਕੋਈ ਸਰਕਾਰ ਕਾਰਜਸ਼ੀਲ ਨਹੀਂ ਸੀ, ਦੋ ਕਬਾਇਲੀ ਆਗੂਆਂ ਵਿਚਕਾਰ ਸੱਤਾ 'ਤੇ ਕਾਬਜ਼ ਹੋਣ ਲਈ ਟਕਰਾਅ ਚੱਲ ਰਿਹਾ ਸੀ।

5 ਜੂਨ, 1993 ਨੂੰ, ਮੁਹੰਮਦ ਫਰਾਹ ਆਇਦੀਦ ਦੇ ਦਹਿਸ਼ਤਗਰਦਾਂ ਨੇ ਘਾਤ ਲਗਾ ਕੇ 24 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਇਦੀਨ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਆਪਰੇਸ਼ਨ

ਸੋਮਾਲੀ ਨੈਸ਼ਨਲ ਅਲਾਇਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਆਇਦੀਦ ਅਤੇ ਉਸਦੇ ਸੋਮਾਲੀ ਨੈਸ਼ਨਲ ਅਲਾਇਸ ਦੇ ਮੈਂਬਰਾਂ ਨੂੰ ਗ੍ਰਿਫਤਾਰੀ ਲਈ ਮਤਾ ਪਾਸ ਕੀਤਾ।

ਇਸ ਦੇ ਵਿਰੁੱਧ ਜਵਾਬੀ ਕਾਰਵਾਈ ਵਜੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਆਇਦੀਦ ਅਤੇ ਸੋਮਾਲੀ ਨੈਸ਼ਨਲ ਅਲਾਇਸ ਦੇ ਮੈਂਬਰਾਂ ਦੀ ਗ੍ਰਿਫਤਾਰੀ ਲਈ ਮਤਾ ਪਾਸ ਕੀਤਾ ਸੀ।

ਮੈਟ ਐਵਰਸਮੈਨ ਅਤੇ ਡੈਨ ਸ਼ਿਲਿੰਗ ਆਪਣੀ ਕਿਤਾਬ 'ਬੈਟਲ ਆਫ਼ ਮੋਗਾਦਿਸ਼ੂ' ਵਿੱਚ ਲਿਖਦੇ ਹਨ, "ਅਮਰੀਕੀ ਜੁਆਇੰਟ ਚੀਫ਼ ਆਫ਼ ਸਟਾਫ ਦੇ ਨਿਰਦੇਸ਼ਾਂ 'ਤੇ ਅਮਰੀਕਾ ਦੀ ਸਪੈਸ਼ਲ ਆਪਰੇਸ਼ਨ ਕਮਾਂਡ ਨੇ ਆਇਦੀਦ ਨੂੰ ਫੜਨ ਲਈ ਟਾਸਕ ਫੋਰਸ ਦਾ ਗਠਨ ਕੀਤਾ।"

26 ਅਗਸਤ, 1993 ਨੂੰ, ਅਮਰੀਕੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨਾਂ ਦੀ ਇੱਕ ਟੁਕੜੀ ਮੋਗਾਦਿਸ਼ੂ ਹਵਾਈ ਅੱਡੇ 'ਤੇ ਪਹੁੰਚੀ।

ਇਸ ਦੇ ਪੰਜ ਹਫ਼ਤੇ ਬਾਅਦ ਸੈਨਿਕਾਂ ਵੱਲੋਂ ਆਪਰੇਸ਼ਨ 'ਗੌਥਿਕ ਸਰਪੈਂਟ' ਆਰੰਭਿਆ ਗਿਆ, ਇਹ ਉਨ੍ਹਾਂ ਦਾ ਸੱਤਵਾਂ ਅਤੇ ਆਖਰੀ ਆਪਰੇਸ਼ਨ ਸੀ।"

ਸੋਮਾਲੀਆ ਵਿੱਚ ਦਸ ਸਾਲਾਂ ਤੋਂ ਗ੍ਰਹਿ ਯੁੱਧ ਚੱਲ ਰਿਹਾ ਸੀ। ਉਸ ਸਮੇਂ ਤੱਕ ਸੋਮਾਲੀ ਲੋਕਾਂ ਨੂੰ ਜੰਗਾਂ-ਲੜਾਈਆਂ ਦਾ ਕਾਫ਼ੀ ਤਜਰਬਾ ਹੋ ਗਿਆ ਸੀ।

ਮੋਗਾਦਿਸ਼ੂ ਸ਼ਹਿਰ ਦੀ ਆਬਾਦੀ ਦਸ ਲੱਖ ਤੋਂ ਵੱਧ ਸੀ, ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਹਥਿਆਰ ਸਨ।

ਮੈਟ ਐਵਰਸਮੈਨ ਅਤੇ ਡੈਨ ਸ਼ਿਲਿੰਗ ਆਪਣੀ ਕਿਤਾਬ 'ਬੈਟਲ ਆਫ਼ ਮੋਗਾਦਿਸ਼ੂ'

ਤਸਵੀਰ ਸਰੋਤ, Presidio Press

ਤਸਵੀਰ ਕੈਪਸ਼ਨ, ਅਮਰੀਕੀ ਸੈਨਿਕਾਂ ਵੱਲੋਂ ਆਪਰੇਸ਼ਨ 'ਗੌਥਿਕ ਸਰਪੈਂਟ' ਆਰੰਭਿਆ ਗਿਆ, ਇਹ ਉਨ੍ਹਾਂ ਦਾ ਸੱਤਵਾਂ ਅਤੇ ਆਖਰੀ ਆਪਰੇਸ਼ਨ ਸੀ।"

3 ਅਕਤੂਬਰ, 1993 ਨੂੰ ਅਮਰੀਕੀ ਸੈਨਿਕਾਂ ਨੂੰ ਪਤਾ ਲੱਗਾ ਕਿ ਆਇਦੀਦ ਦੇ ਦੋ ਕਰੀਬੀ ਵਿਅਕਤੀ ਓਲੰਪਿਕ ਹੋਟਲ ਦੇ ਨਾਲ ਵਾਲੀ ਇੱਕ ਇਮਾਰਤ ਵਿੱਚ ਮੀਟਿੰਗ ਕਰਨਗੇ।

ਅਮਰੀਕੀ ਫੌਜ ਵੱਲੋਂ ਇਮਾਰਤ 'ਤੇ ਹਮਲਾ ਕਰਨ ਦਾ ਫੈਸਲਾ ਹੋਇਆ। ਇਹ ਇਮਾਰਤ ਮੋਗਾਦਿਸ਼ੂ ਸ਼ਹਿਰ ਦੇ ਬਿਲਕੁਲ ਵਿਚਕਾਰ ਬਕਾਰਾ ਮਾਰਕੀਟ ਵਿੱਚ ਸੀ।

ਅਮਰੀਕੀ ਫੌਜ ਦੇ ਇੱਕ ਮੈਂਬਰ, ਮੈਟ ਐਵਰਸਮੈਨ ਲਿਖਦੇ ਹਨ, "ਸਾਨੂੰ ਮੋਗਾਦਿਸ਼ੂ ਵਿੱਚ ਇੱਕ ਇਮਾਰਤ 'ਤੇ ਹਮਲਾ ਕਰਨਾ ਸੀ। ਸਾਡੇ ਹੈਲੀਕਾਪਟਰਾਂ ਨੇ 3:32 ਵਜੇ ਉਡਾਣ ਭਰੀ, ਉਡਾਣ ਦਾ ਸਮਾਂ ਸਿਰਫ਼ 3 ਮਿੰਟ ਸੀ। ਇਹ ਇਲਾਕਾ ਕਾਫੀ ਸੰਘਣੀ ਵਸੋਂ ਵਾਲਾ ਸੀ ਅਤੇ ਆਇਦੀਦ ਦੇ ਸਮਰਥਕ ਚਾਰੇ ਪਾਸੇ ਫੈਲੇ ਹੋਏ ਸਨ। ਸਾਡੀ ਯੋਜਨਾ ਅੱਧੇ ਘੰਟੇ ਵਿੱਚ ਆਪਣਾ ਮਿਸ਼ਨ ਪੂਰਾ ਕਰਨ ਦੀ ਸੀ, ਪਰ ਹਮਲੇ ਦਾ ਇਹ ਆਪਰੇਸ਼ਨ ਸਾਡੇ ਹੈਲੀਕਾਪਟਰ ਨੂੰ ਡੇਗੇ ਜਾਣ ਮਗਰੋਂ ਇੱਕ ਬਚਾਅ ਦੇ ਆਪਰੇਸ਼ਨ ਵਿੱਚ ਬਦਲ ਗਿਆ।"

"ਜਿਵੇਂ ਹੀ ਅਸੀਂ ਉਡਾਣ ਭਰੀ, ਸਾਡੇ ਪਾਇਲਟਾਂ ਨੇ ਦੱਸਿਆ ਕਿ ਸੋਮਾਲੀ ਲੋਕ ਸੜਕਾਂ 'ਤੇ ਟਾਇਰ ਸਾੜ ਰਹੇ ਸਨ। ਕੁਝ ਲੋਕਾਂ ਦਾ ਮੰਨਣਾ ਸੀ ਕਿ ਟਾਇਰ ਸਾੜਨਾ ਸੋਮਾਲੀ ਲੜਾਕਿਆਂ ਲਈ ਆਪਣੇ ਲੋਕਾਂ ਨੂੰ ਵਿਰੋਧੀ ਹਮਲੇ ਬਾਰੇ ਚੇਤਾਵਨੀ ਦੇਣ ਲਈ ਇੱਕ ਕੋਡ-ਵਰਡ ਭਾਸ਼ਾ ਸੀ। ਦੂਜਿਆਂ ਦਾ ਮੰਨਣਾ ਸੀ ਕਿ ਟਾਇਰ ਸਾੜ ਕੇ ਉਹ ਅਮਰੀਕੀ ਹਮਾਲਾਵਰਾਂ ਦੇ ਮੂਹਰੇ ਅੜਚਨ ਪੈਦਾ ਕਰਨਾ ਚਾਹੁੰਦੇ ਹਨ।"

ਹੈਲੀਕਾਪਟਰ ਤੋਂ ਉੱਠੀ ਧੂੜ

ਟਾਇਰ ਸਾੜਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਰ ਸਾੜਨਾ ਸੋਮਾਲੀ ਲੜਾਕਿਆਂ ਲਈ ਆਪਣੇ ਲੋਕਾਂ ਨੂੰ ਵਿਰੋਧੀ ਹਮਲੇ ਬਾਰੇ ਚੇਤਾਵਨੀ ਦੇਣ ਲਈ ਇੱਕ ਕੋਡ-ਵਰਡ ਭਾਸ਼ਾ ਸੀ

ਇਸ ਮਿਸ਼ਨ ਵਿੱਚ 12 ਬਲੈਕ ਹਾਕ ਹੈਲੀਕਾਪਟਰਾਂ ਅਤੇ ਲਗਭਗ 100 ਅਮਰੀਕੀ ਸੈਨਿਕਾਂ ਸ਼ਾਮਲ ਸਨ।

ਹਰੇਕ ਹੈਲੀਕਾਪਟਰ ਵਿੱਚ ਚਾਰ ਸੈਨਿਕ ਸਵਾਰ ਸਨ। ਸੈਨਿਕਾਂ ਨੇ ਕਾਲੇ ਰੰਗ ਦੀ ਬੁਲੇਟ ਪਰੂਫ਼ ਜੈਕੇਟ ਪਾਈ ਹੋਈ ਸੀ। ਉਨ੍ਹਾਂ ਨੇ ਰੇਡੀਓ ਈਅਰ-ਪਲੱਗ ਉੱਤੇ ਹੈਲਮੇਟ ਪਾਇਆ ਹੋਇਆ ਸੀ। ਉਨ੍ਹਾਂ ਕੋਲ ਆਪਸ ਵਿੱਚ ਸੰਪਰਕ ਕਰਨ ਲਈ ਮਾਈਕ੍ਰੋਫ਼ੋਨ ਸੀ। ਜਿਵੇਂ ਹੀ ਹੈਲੀਕਾਪਟਰ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਪਹੁੰਚਿਆ, ਹੇਠਾਂ ਖੜ੍ਹੇ ਲੋਕ ਖਿੰਡਣ ਲੱਗ ਪਏ।

ਹੈਲੀਕਾਪਟਰ ਦੀ ਤੇਜ਼ ਹਵਾਵਾਂ ਕਾਰਨ ਕੁਝ ਲੋਕ ਜ਼ਮੀਨ 'ਤੇ ਡਿੱਗ ਪਏ। ਹੇਠਾਂ ਖੜ੍ਹੇ ਕੁਝ ਲੋਕ ਉੱਪਰ ਵੱਲ ਇਸ਼ਾਰਾ ਕਰ ਰਹੇ ਸਨ ਜਿਵੇਂ ਹੈਲੀਕਾਪਟਰਾਂ ਨੂੰ ਹੇਠਾਂ ਸੜਕ 'ਤੇ ਉਤਰਨ ਅਤੇ ਲੜਨ ਲਈ ਚੁਣੌਤੀ ਦੇ ਰਹੇ ਹੋਣ।

ਮਾਰਕ ਬੋਡੇਨ ਆਪਣੀ ਕਿਤਾਬ 'ਬਲੈਕ ਹਾਕ ਡਾਊਨ: ਏ ਸਟੋਰੀ ਆਫ਼ ਮਾਡਰਨ ਵਾਰ' ਵਿੱਚ ਲਿਖਦੇ ਹਨ, "ਪਹਿਲੇ ਦੋ ਹੈਲੀਕਾਪਟਰ ਟਾਰਗੇਟ ਇਮਾਰਤ ਦੇ ਦੱਖਣ ਵੱਲ ਉਤਰੇ। ਉਨ੍ਹਾਂ ਦੀ ਲੈਂਡਿੰਗ ਕਾਰਨ ਇੰਨੀ ਧੂੜ ਉੱਡੀ ਕਿ ਦੂਜੇ ਹੈਲੀਕਾਪਟਰਾਂ 'ਤੇ ਸਵਾਰ ਪਾਇਲਟ ਅਤੇ ਸਿਪਾਹੀ ਹੇਠਾਂ ਕੁਝ ਵੀ ਨਹੀਂ ਦੇਖ ਸਕੇ। ਦੂਜੇ ਹੈਲੀਕਾਪਟਰ ਦੀ ਲੈਂਡ ਕਰਨ ਵਾਲੀ ਨਿਰਧਾਰਤ ਜਗ੍ਹਾ 'ਤੇ ਪਹਿਲਾਂ ਹੈਲੀਕਾਪਟਰ ਉਤਰ ਗਿਆ। ਇਸ ਮਗਰੋਂ ਦੂਜਾ ਹੈਲੀਕਾਪਟਰ ਉੱਚਾ ਉਠਿਆ ਅਤੇ ਟਾਰਗੇਟ ਇਮਾਰਤ ਦੇ ਬਿਲਕੁਲ ਸਾਹਮਣੇ ਉਤਰਿਆ, ਇਹ ਜਗ੍ਹਾ ਪਹਿਲਾਂ ਤੋਂ ਲੈਂਡਿੰਗ ਲਈ ਨਿਰਧਾਰਤ ਨਹੀਂ ਕੀਤੀ ਗਈ ਸੀ।"

ਇੱਕ ਸੈਨਿਕ ਹੈਲੀਕਾਪਟਰ ਤੋਂ ਡਿੱਗਿਆ

 ਬਲੈਕ ਹਾਕ ਹੈਲੀਕਾਪਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸ਼ਨ ਵਿੱਚ 12 ਬਲੈਕ ਹਾਕ ਹੈਲੀਕਾਪਟਰਾਂ ਅਤੇ ਲਗਭਗ 100 ਅਮਰੀਕੀ ਸੈਨਿਕਾਂ ਸ਼ਾਮਲ ਸਨ।

ਅਮਰੀਕੀ ਸੈਨਿਕਾਂ ਦੇ ਉਤਰਦੇ ਹੀ ਇੱਕ ਹਾਦਸਾ ਵਾਪਰ ਗਿਆ। ਇੱਕ ਸਿਪਾਹੀ ਟੌਡ ਬਲੈਕਬਰਨ 70 ਫੁੱਟ ਦੀ ਉਚਾਈ ਤੋਂ ਹੈਲੀਕਾਪਟਰ ਤੋਂ ਸਿੱਧਾ ਜ਼ਮੀਨ 'ਤੇ ਡਿੱਗ ਪਿਆ।

ਇਸ ਘਟਨਾ ਦਾ ਵਰਣਨ ਕਰਦੇ ਹੋਏ, ਮੈਟ ਐਵਰਸਮੈਨ ਲਿਖਦੇ ਹਨ, "ਜਿਵੇਂ ਹੀ ਮੈਂ ਹੇਠਾਂ ਆਉਣਾ ਸ਼ੁਰੂ ਕੀਤਾ, ਮੈਂ ਹੈਲੀਕਾਪਟਰ ਦੀ ਬੈਲੀ ਵੱਲ ਦੇਖਣ ਲੱਗਾ, ਦਸਤਾਨਿਆਂ ਦੇ ਬਾਵਜੂਦ ਨਾਈਲੋਨ ਦੀ ਰੱਸੀ ਨਾਲ ਮੇਰੇ ਹੱਥ ਜਲ ਰਹੇ ਸਨ। ਜਦੋਂ ਮੈਂ ਹੇਠਾਂ ਦੇਖਿਆ, ਤਾਂ ਮੈ ਹੈਰਾਨ ਹੋ ਗਿਆ, ਹੇਠਾਂ ਇੱਕ ਵਿਅਕਤੀ ਦਾ ਸਰੀਰ ਪਿਆ ਸੀ।"

"ਮੇਰੇ ਦਿਮਾਗ ਵਿੱਚ ਪਹਿਲਾ ਵਿਚਾਰ ਆਇਆ ਕਿ ਕਿਸੇ ਨੂੰ ਗੋਲੀ ਲੱਗੀ ਹੈ, ਕੀ ਉਹ ਮਰ ਗਿਆ ਹੈ? ਮੈਂ ਥੱਲੇ ਪਹੁੰਚਿਆ, ਅਤੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ, ਉਸ ਦੇ ਨੱਕ, ਕੰਨ ਅਤੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ। ਉਹ ਬਿਲਕੁਲ ਬੇਹੋਸ਼ ਸੀ।"

"ਹੈਲੀਕਾਪਟਰ ਤੋਂ ਹੇਠਾਂ ਉਤਰਦੇ ਸਮੇਂ, ਉਸ ਦੇ ਹੱਥੋਂ ਰੱਸੀ ਖਿਸਕ ਗਈ ਸੀ ਅਤੇ ਉਹ 70 ਫੁੱਟ ਦੀ ਉਚਾਈ ਤੋਂ ਡਿੱਗ ਪਿਆ। ਮੈਂ ਆਪਣੇ ਦੂਜੇ ਸਾਥੀਆਂ ਬਾਰੇ ਪਤਾ ਲਗਾਉਣ ਲਈ ਆਲੇ-ਦੁਆਲੇ ਦੇਖਿਆ, ਫਿਰ ਮੈਨੂੰ ਅਹਿਸਾਸ ਹੋਇਆ ਕਿ ਸਾਡੇ 'ਤੇ ਗੋਲੀਆਂ ਚਲਾਈਆਂ ਜਾਣ ਲੱਗੀਆਂ ਹਨ।"

ਅਮਰੀਕੀ ਸੈਨਿਕ ਦੀ ਮੌਤ

 ਸੋਮਾਲੀਆ ਦੇ ਲੋਕਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਸ ਸਾਲ ਤੋਂ ਚੱਲ ਰਹੇ ਗ੍ਰਹਿ ਯੁੱਧ ਕਾਰਨ ਸੋਮਾਲੀਆ ਦੇ ਲੋਕਾਂ ਨੂੰ ਲੜਾਈ ਦਾ ਕਾਫ਼ੀ ਤਜਰਬਾ ਹੋ ਗਿਆ ਸੀ

ਹਾਲਾਂਕਿ ਪਹਿਲਾਂ ਗੋਲੀਬਾਰੀ ਹੋ ਰਹੀ ਸੀ ਅਤੇ ਪਰ ਕੋਈ ਵੀ ਨਿਸ਼ਾਨੇ 'ਤੇ ਨਹੀਂ ਲੱਗ ਰਹੀ ਸੀ, ਪਰ ਜਲਦੀ ਹੀ ਗੋਲੀਆਂ ਨਿਸ਼ਾਨੇ 'ਤੇ ਲੱਗਣੀਆਂ ਸ਼ੁਰੂ ਹੋ ਗਈਆਂ।

ਸੋਮਾਲੀ ਸੜਕ ਦੇ ਵਿਚਕਾਰ ਇੱਕ ਲਵਾਰਿਸ ਵਾਹਨ ਨੂੰ ਕਵਰ ਵਜੋਂ ਵਰਤਦੇ ਹੋਏ ਅਮਰੀਕੀ ਸੈਨਿਕਾਂ 'ਤੇ ਗੋਲੀਬਾਰੀ ਕਰ ਰਹੇ ਸਨ।

ਉਹ ਕਿਸੇ ਇਮਾਰਤ ਦੇ ਕਿਨਾਰੇ ਤੋਂ ਕਾਰ ਵੱਲ ਭੱਜਦੇ ਅਤੇ ਕਾਰ ਦੇ ਕਵਰ ਪਿੱਛੋਂ ਗੋਲੀਬਾਰੀ ਕਰਦੇ ਅਤੇ ਫਿਰ ਸੜਕ ਦੇ ਦੂਜੇ ਪਾਸੇ ਵੱਲ ਭੱਜ ਜਾਂਦੇ।

ਇਸ ਦੌਰਾਨ ਬਲੈਕ ਹਾਕ ਹੈਲੀਕਾਪਟਰਾਂ ਨੇ ਵੀ ਉੱਪਰੋਂ ਸੋਮਾਲੀ ਲੜਾਕਿਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਵੇਂ ਕਿ ਸੋਮਾਲੀ ਲੜਾਕੇ ਵੀ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇ ਰਹੇ ਸਨ। ਇਸ ਸਭ ਦੇ ਬਾਵਜੂਦ ਅਮਰੀਕੀ ਸੈਨਿਕ 19 ਲੜਾਕਿਆਂ ਨੂੰ ਫੜਨ ਵਿੱਚ ਸਫਲ ਰਹੇ।

ਮੈਟ ਐਵਰਸਮੈਨ ਲਿਖਦੇ ਹਨ, "ਮਸ਼ੀਨਗਨ ਦੀ ਗੋਲੀਬਾਰੀ ਦੀ ਆਵਾਜ਼ ਬਹੁਤ ਉੱਚੀ ਸੀ। ਤਦੇ ਸਾਡੇ ਸਾਥੀ ਸਾਰਜੈਂਟ ਕੇਸੀ ਜੋਇਸ ਨੂੰ ਗੋਲੀ ਲੱਗੀ। ਹਾਲਾਂਕਿ ਉਨ੍ਹਾਂ ਨੇ ਵੈਸਟ ਪਾਈ ਹੋਈ ਸੀ, ਪਰ ਗੋਲੀ ਪਾਸੇ ਤੋਂ ਸਰੀਰ ਵਿੱਚ ਦਾਖਲ ਹੋ ਗਈ। ਉਸਦੀ ਸੱਟ ਦੇਖਮ ਵਿੱਚ ਇੰਨੀ ਛੋਟੀ ਸੀ ਕਿ ਮੈਂ ਇਸਨੂੰ ਲਗਭਗ ਨਜ਼ਰਅੰਦਾਜ਼ ਕਰ ਦਿੱਤਾ।"

"ਇੰਝ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਨੂੰ ਬਹੁਤਾ ਕੁਝ ਦਰਦ ਵੀ ਮਹਿਸੂਸ ਨਹੀਂ ਹੋ ਰਿਹਾ ਸੀ, ਉਹ ਹਿੱਲ-ਜੁਲ ਨਹੀਂ ਰਹੇ ਸੀ। ਉਹ ਬਸ ਮੇਰੇ ਵੱਲ ਦੇਖਦੇ ਰਹੇ। ਪਰ ਜਦੋਂ ਸਾਡੇ ਸਾਥੀ ਡਾਕਟਰ ਨੇ ਜਾਂਚ ਕੀਤੀ, ਤਾਂ ਡਾਕਟਰ ਨੇ ਸਰੀਰ ਨੂੰ ਟਰਕ ਵਿੱਚ ਰੱਖਣ ਦਾ ਇਸ਼ਾਰਾ ਕੀਤਾ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਟੀਮ ਦੇ ਮੈਂਬਰ ਦੀ ਮੌਤ ਹੋ ਚੁੱਕੀ ਹੈ।"

ਇਹ ਵੀ ਪੜ੍ਹੋ-

ਬਲੈਕ ਹਾਕ ਹੈਲੀਕਾਪਟਰ

ਬਲੈਕ ਹਾਕ ਹੈਲੀਕਾਪਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੈਕ ਹਾਕ ਹੈਲੀਕਾਪਟਰ ਨੂੰ ਇੱਕ ਆਰਪੀਜੀ ਨੇ ਡੇਗ ਸੁੱਟਿਆ ਸੀ

ਉਸ ਸਮੇਂ ਬਲੈਕ ਹਾਕ ਹੈਲੀਕਾਪਟਰ ਦੀ ਪਹਿਲੀ ਤਰਜੀਹ ਜ਼ਖਮੀ ਬਲੈਕਬਰਨ ਅਤੇ ਗ੍ਰਿਫਤਾਰ ਕੀਤੇ ਗਏ ਲੜਾਕਿਆਂ ਨੂੰ ਆਪਣੇ ਟਿਕਾਣੇ 'ਤੇ ਲੈ ਕੇ ਜਾਣਾ ਸੀ।

ਫਿਰ ਰੇਡੀਓ ਆਪਰੇਟਰ ਮਾਈਕ ਕੁਰਥ ਨੇ ਦੇਖਿਆ ਕਿ ਇੱਕ ਬਲੈਕ ਹਾਕ ਹੈਲੀਕਾਪਟਰ ਕੁਝ ਜ਼ਿਆਦਾ ਹੀ ਥੱਲੇ ਚੱਕਰ ਲੱਗਾ ਰਿਹਾ ਹੈ।

ਅਮਰੀਕਾ ਸੋਮਾਲੀਆ ਜੰਗ

ਕੁਰਥ ਲਿਖਦੇ ਹਨ, "ਇਹ ਦੇਖਣ ਤੋਂ ਬਾਅਦ ਮੈਨੂੰ ਕੁਝ ਅਜੀਬ ਮਹਿਸੂਸ ਹੋਇਆ। ਫਿਰ ਮੈਂ ਦੇਖਿਆ ਕਿ ਹੈਲੀਕਾਪਟਰ ਹੇਠਾਂ ਜਾ ਰਿਹਾ ਸੀ। ਪਹਿਲਾਂ ਮੈਂ ਸੋਚਿਆ ਕਿ ਪਾਇਲਟ ਕੋਈ ਐਂਗਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੋ ਇਸ 'ਤੇ ਸਵਾਰ ਸਨਾਈਪਰਾਂ ਸਹੀ ਨਿਸ਼ਾਨਾ ਭਿੰਨ ਸਕਣ। ਪਰ ਹੈਲੀਕਾਪਟਰ ਘੁੰਮਦਾ ਰਿਹਾ ਅਤੇ ਹੇਠਾਂ ਆਉਂਦਾ ਰਿਹਾ।"

"ਇੱਕ ਪੂਰਾ ਚੱਕਰ ਲਗਾਉਣ ਤੋਂ ਬਾਅਦ ਹੈਲੀਕਾਪਟਰ ਇਮਾਰਤਾਂ ਦੇ ਪਿੱਛੇ ਪੂਰੀ ਤਰ੍ਹਾਂ ਗਾਇਬ ਹੋ ਗਿਆ। ਮੈਂ ਹਾਦਸੇ ਦੀ ਆਵਾਜ਼ ਨਹੀਂ ਸੁਣ ਸਕਿਆ ਪਰ ਮੈਂ ਅੰਦਾਜ਼ਾ ਲਗਾ ਸਕਦਾ ਸੀ ਕਿ ਕੀ ਹੋਇਆ ਹੋਵੇਗਾ। ਮੈਂ ਤੁਰੰਤ ਸਾਰਿਆਂ ਨੂੰ ਸੂਚਿਤ ਕੀਤਾ। ਉਸ ਸਮੇਂ ਘੜੀ 'ਤੇ 4:18 ਵਜੇ ਸਨ, ਦਰਅਸਲ ਬਲੈਕ ਹਾਕ ਨੂੰ ਇੱਕ ਆਰਪੀਜੀ ਨੇ ਡੇਗ ਸੁੱਟਿਆ ਸੀ।"

ਮ੍ਰਿਤਕਾਂ ਦੀ ਗਿਣਤੀ ਵਧੀ

ਅਮਰੀਕੀ ਫੌਜਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਮਾਲੀਆ ਤੋਂ ਅਮਰੀਕੀ ਫੌਜਾਂ ਵਾਪਸੀ ਕਰਦੇ ਹੋਏ

ਇਸ ਦੌਰਾਨ ਅਮਰੀਕੀ ਜਾਨੀ ਨੁਕਸਾਨ ਵਧਦਾ ਜਾ ਰਿਹਾ ਸੀ।

ਇੱਕ ਅਮਰੀਕੀ ਆਪਰੇਟਰ ਇੱਕ ਚੌਰਾਹੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਗਲੀ ਦੇ ਕਿਨਾਰੇ ਤੋਂ ਸਿਰਫ਼ ਚਾਰ ਜਾਂ ਪੰਜ ਫੁੱਟ ਦੂਰ ਸੀ ਜਦੋਂ ਦੂਰੋਂ ਇੱਕ ਗੋਲੀ ਉਸਦੇ ਹੈਲਮੇਟ ਵਿੱਚ ਵੱਜੀ।

ਮਾਈਕ ਕੁਰਥ ਲਿਖਦੇ ਹਨ, "ਉਨ੍ਹਾਂ ਦਾ ਹੈਲਮੇਟ ਸਾਡੇ ਕੇ-ਪੋਟ ਹੈਲਮੇਟ ਜਿੰਨਾ ਮਜ਼ਬੂਤ ਨਹੀਂ ਸੀ। ਜਿਵੇਂ ਹੀ ਗੋਲੀ ਉਨ੍ਹਾਂ ਦੇ ਸਿਰ 'ਤੇ ਲੱਗੀ, ਉਹ ਪਿੱਛੇ ਨੂੰ ਡਿੱਗ ਗਏ ਅਤੇ ਮੈਂ ਸਿਰ ਦੇ ਪਿਛਲੇ ਪਾਸੇ ਤੋਂ ਖੂਨ ਦਾ ਇੱਕ ਫੁਹਾਰਾ ਵਗ ਲੱਗਾ, ਜਿਸਨੇ ਪਿੱਛੇ ਦੀ ਕੰਧ ਨੂੰ ਲਾਲ ਰੰਗ ਦਿੱਤਾ।"

"ਮੈਂ ਜੋ ਦੇਖਿਆ ਉਸ 'ਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜਿਵੇਂ ਹੀ ਉਹ ਜ਼ਮੀਨ 'ਤੇ ਡਿੱਗੇ, ਇੱਕ ਹੋਰ ਆਪਰੇਟਰ ਨੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਹੀ ਦੂਜੇ ਆਪਰੇਟਰ ਨੂੰ ਵੀ ਗੋਲੀ ਲੱਗੀ ਤਾਂ ਉਹ ਸਿਰਫ਼ ਦੋ ਕਦਮ ਹੀ ਚੱਲ ਸਕੇ।"

ਫੌਜੀਆਂ ਨੂੰ ਟਰੱਕਾਂ 'ਤੇ ਲੱਦ ਕੇ ਸਟੇਡੀਅਮ ਲਿਜਾਇਆ ਗਿਆ

ਮੋਗਾਦਿਸ਼ ਦੀ ਲੜਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਗਾਦਿਸ਼ ਦੀ ਲੜਾਈ ਵਿੱਚ 88 ਸੈਨਿਕ ਜ਼ਖਮੀ ਹੋਏ ਸਨ

ਮੋਗਾਦਿਸ਼ ਸ਼ਹਿਰ ਦੇ ਵਿਚਕਾਰ ਜੂਝ ਰਹੇ ਅਮਰੀਕੀ ਸੈਨਿਕਾਂ ਦੀ ਮਦਦ ਲਈ ਹੋਰ ਸੈਨਿਕ ਸਵੇਰੇ 2 ਵਜੇ ਤੱਕ ਹੀ ਪਹੁੰਚ ਗਏ ਸਨ। ਪਰ ਉੱਥੇ ਲੜ ਰਹੇ ਅਮਰੀਕੀ ਸੈਨਿਕਾਂ ਨੇ ਮ੍ਰਿਤਕ ਚੀਫ਼ ਵਾਰੰਟ ਅਫ਼ਸਰ ਕਲਿਫ਼ ਵਾਲਕੋਟ ਦੀ ਲਾਸ਼ ਤੋਂ ਬਿਨਾਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ।

ਵਾਲਕੋਟ ਦੀ ਲਾਸ਼ ਅਜੇ ਵੀ ਉਸ ਡਿੱਗੇ ਹੋਏ ਹੈਲੀਕਾਪਟਰ ਦੇ ਅੰਦਰ ਫਸੀ ਹੋਈ ਸੀ ਜਿਸਨੂੰ ਉਹ ਉਡਾ ਰਹੇ ਸੀ। ਕਈ ਘੰਟਿਆਂ ਦੀ ਸਖ਼ਤ ਮਸ਼ਕਤ ਤੋਂ ਬਾਅਦ ਸੈਨਿਕ ਉਨ੍ਹਾਂ ਦੀ ਲਾਸ਼ ਨੂੰ ਬਾਹਰ ਕੱਢਣ ਵਿੱਚ ਸਫਲ ਹੋਏ, ਪਰ ਉਦੋਂ ਤੱਕ ਸਵੇਰ ਹੋਣ ਵਾਲੀ ਸੀ।

ਸਵੇਰੇ 5:42 ਵਜੇ ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਟਰੱਕਾਂ ਵਿੱਚ ਲੱਦਿਆ। ਤਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਿਹੜੇ ਜ਼ਖਮੀ ਨਹੀਂ ਹੋਏ ਹਨ, ਉਨ੍ਹਾਂ ਲਈ ਟਰੱਕ ਵਿੱਚ ਜਗ੍ਹਾ ਨਹੀਂ ਬਚੀ ਹੈ।

ਮਾਰਕ ਬੋਡੇਨ ਲਿਖਦੇ ਹਨ, "ਬਚੇ ਹੋਏ ਸੈਨਿਕ ਟਰੱਕਾਂ ਦੇ ਪਿੱਛੇ ਭੱਜਦੇ ਹੋਏ ਓਲੰਪਿਕ ਹੋਟਲ ਤੱਕ ਪਹੁੰਚੇ। ਹੈਲੀਕਾਪਟਰ ਹਾਦਸੇ ਵਾਲੀ ਥਾਂ ਤੋਂ ਉਹ ਦੂਰੀ ਸਿਰਫ਼ 400 ਤੋਂ 600 ਮੀਟਰ ਸੀ, ਬਾਅਦ ਵਿੱਚ ਇਸ ਦੂਰੀ ਨੂੰ 'ਮੇਗਾਦਿਸ਼ੂ ਮਾਈਲ' ਕਿਹਾ ਜਾਣ ਲੱਗਾ।"

"ਉੱਥੋਂ ਸਾਰੇ ਮ੍ਰਿਤਕਾਂ ਅਤੇ ਜ਼ਖਮੀ ਸੈਨਿਕਾਂ ਨੂੰ ਟਰੱਕਾਂ 'ਤੇ ਲੱਦ ਕੇ ਸਟੇਡੀਅਮ ਲਿਜਾਇਆ ਗਿਆ, ਜੋ ਕਿ ਉੱਥੇ ਭੇਜੀ ਗਈ ਪਾਕਿਸਤਾਨੀ ਸ਼ਾਂਤੀ ਸੈਨਾ ਦਾ ਅੱਡਾ ਸੀ। ਰਸਤੇ ਭਰ ਆਇਦੀਦ ਦੇ ਸਮਰਥਕ ਲੜਾਕੇ ਟਰੱਕਾਂ ਦੇ ਕਾਫਲੇ 'ਤੇ ਗੋਲੀਬਾਰੀ ਕਰਦੇ ਰਹੇ, ਜਿਸ ਵਿੱਚ ਦੋ ਮਲੇਸ਼ੀਆਈ ਸੈਨਿਕ ਮਾਰੇ ਗਏ।"

"ਕੁੱਲ ਮਿਲਾ ਕੇ, 88 ਸੈਨਿਕ ਜ਼ਖਮੀ ਹੋਏ ਸਨ। ਇਹ ਸਾਰੇ ਥੱਕੇ ਹੋਏ ਸੈਨਿਕ ਸਵੇਰੇ 6:30 ਵਜੇ ਸਟੇਡੀਅਮ ਪਹੁੰਚ ਗਏ।ਸਟੇਡੀਅਮ ਵਿੱਚ ਮੌਜੂਦ ਡਾ. ਬਰੂਸ ਐਡਮਜ਼ ਇੱਕੋਂ ਸਮੇਂ ਇੱਕ ਜਾਂ ਦੋ ਮਰੀਜ਼ਾਂ ਨੂੰ ਦੇਖਣ ਦੇ ਆਦੀ ਸਨ। ਉੱਥੇ ਪੂਰਾ ਸਟੇਡੀਅਮ ਖੂਨ ਨਾਲ ਲੱਥਪੱਥ ਅਮਰੀਕੀ ਸੈਨਿਕਾਂ ਨਾਲ ਭਰਿਆ ਹੋਇਆ ਸੀ।"

ਸੋਮਾਲੀ ਜ਼ਖਮੀਆਂ ਨਾਲ ਹਸਪਤਾਲ ਭਰ ਗਿਆ

ਹਸਪਤਾਲ ਵਿੱਚ ਮਰੀਜ਼ਾਂ-ਜਖਮੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੂਰੇ ਹਸਪਤਾਲ ਵਿੱਚ ਮਰੀਜ਼ਾਂ-ਜਖਮੀਆਂ ਦੀਆਂ ਚੀਕਾਂ ਅਤੇ ਹਾਹਾਕਾਰ ਗੁੱਝ ਰਹੀ ਸੀ।

ਮੋਗਾਦਿਸ਼ੂ ਦੇ ਵਲੰਟੀਅਰ ਹਸਪਤਾਲ ਵਿੱਚ ਵੱਡੀ ਗਿਣਤੀ ਸੋਮਾਲੀ ਜ਼ਖਮੀ ਸਨ। ਸਰਜਨ ਆਬਦੀ ਮੁਹੰਮਦ ਏਲਮੀ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ। ਜ਼ਖਮੀਆਂ ਦੀ ਦੇਖਭਾਲ ਕਰਦੇ-ਕਰਦੇ ਉਹ ਥੱਕ ਗਏ ਸਨ।

ਮਾਰਕ ਬੋਡੇਨ ਲਿਖਦੇ ਹਨ, "ਵਿਦਰੋਹ ਕਾਰਨ ਵਾਹਨ ਸੜਕਾਂ 'ਤੇ ਨਹੀਂ ਚੱਲ ਸਕਦੇ ਸਨ। ਇਸ ਲਈ ਜ਼ਖਮੀਆਂ ਨੂੰ ਹੱਥ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਵਿੱਚ ਲਿਆਂਦਾ ਜਾ ਰਿਹਾ ਸੀ।"

ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਵਲੰਟੀਅਰ ਹਸਪਤਾਲ ਪੂਰੀ ਤਰ੍ਹਾਂ ਖਾਲੀ ਰਹਿੰਦਾ ਸੀ। 4 ਅਕਤੂਬਰ ਦੀ ਸ਼ਾਮ ਤੱਕ, ਹਸਪਤਾਲ ਦੇ ਸਾਰੇ 500 ਬੈੱਡ ਭਰ ਗਏ ਸਨ। 100 ਹੋਰ ਜ਼ਖਮੀਆਂ ਨੂੰ ਹਸਪਤਾਲ ਦੇ ਵਰਾਂਡਿਆਂ ਵਿੱਚ ਰੱਖਿਆ ਗਿਆ ਸੀ।

ਤਿੰਨ ਬੈੱਡਾਂ ਵਾਲੇ ਓਪਰੇਟਿੰਗ ਥੀਏਟਰ ਵਿੱਚ ਰਾਤ ਭਰ ਸਰਜਰੀਆਂ ਚੱਲਦੀਆਂ ਰਹੀਆਂ। ਪੂਰੇ ਹਸਪਤਾਲ ਵਿੱਚ ਮਰੀਜ਼ਾਂ-ਜਖਮੀਆਂ ਦੀਆਂ ਚੀਕਾਂ ਅਤੇ ਹਾਹਾਕਾਰ ਗੁੱਝ ਰਹੀ ਸੀ।

ਖੂਨ ਨਾਲ ਲੱਥਪੱਥ ਲੋਕਾਂ ਦੇ ਜਾਂ ਤਾਂ ਅੰਗ ਸਰੀਰ ਤੋਂ ਕੱਟ ਦਿੱਤੇ ਗਏ ਸਨ ਜਾਂ ਉਨ੍ਹਾਂ ਨੂੰ ਡੂੰਘੇ ਜ਼ਖ਼ਮ ਹੋਏ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣਾ ਆਖਰੀ ਸਮਾਂ ਗਿਣ ਰਹੇ ਸਨ।

ਡਿਗਫੇਅਰ ਹਸਪਤਾਲ ਵਿੱਚ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧੇਰੇ ਸੀ।

ਅਮਰੀਕੀ ਪਾਇਲਟ ਨੂੰ ਬੰਧਕ ਬਣਾਇਆ

ਮੋਗਾਦਿਸ਼ੂ ਦੀਆਂ ਸੜਕਾਂ 'ਤੇ ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਮਰੀਕੀ ਸੈਨਿਕ ਦੇ ਨੂੰ ਮੋਗਾਦਿਸ਼ੂ ਦੀਆਂ ਸੜਕਾਂ 'ਤੇ ਭੀੜ ਵੱਲੋਂ ਘਸੀਟਿਆ ਗਿਆ

ਇਸ ਪੂਰੀ ਕਾਰਵਾਈ ਵਿੱਚ 18 ਅਮਰੀਕੀ ਸੈਨਿਕ ਮਾਰੇ ਗਏ ਸਨ। ਇੱਕ ਅੰਦਾਜ਼ੇ ਅਨੁਸਾਰ 315 ਤੋਂ 2000 ਸੋਮਾਲੀ ਮਾਰੇ ਗਏ ਜਾਂ ਜ਼ਖਮੀ ਹੋਏ ਸਨ।

ਇੱਕ ਅਮਰੀਕੀ ਸੈਨਿਕ ਦੇ ਲਗਭਗ ਨੰਗੇ ਸਰੀਰ ਨੂੰ ਮੋਗਾਦਿਸ਼ੂ ਦੀਆਂ ਸੜਕਾਂ 'ਤੇ ਘਸੀਟਦੇ ਹੋਏ ਦ੍ਰਿਸ਼ ਦੁਨੀਆ ਭਰ ਵਿੱਚ ਫੈਲ ਗਏ ਸਨ।

ਇਸ ਤੋਂ ਇਲਾਵਾ ਲੜਾਕਿਆਂ ਦੁਆਰਾ ਫੜੇ ਗਏ ਬਲੈਕ ਹਾਕ ਹੈਲੀਕਾਪਟਰ ਦੇ ਪਾਇਲਟ ਮਾਈਕਲ ਡੁਰੈਂਟ ਦੀ ਟੀਵੀ ਫੁਟੇਜ ਵੀ ਪੂਰੀ ਦੁਨੀਆ ਵਿੱਚ ਦਿਖਾਈ ਗਈ, ਜਿਸ ਵਿੱਚ ਲੜਾਕੇ ਉਸ ਤੋਂ ਸਵਾਲ ਪੁੱਛਦੇ ਦਿਖਾਈ ਦੇ ਰਹੇ ਸਨ।

ਉਸ ਪਾਇਲਟ ਨੂੰ 11 ਦਿਨਾਂ ਬਾਅਦ ਰਿਹਾਅ ਕੀਤਾ ਗਿਆ। ਉਨ੍ਹਾਂ ਦੇ ਨਾਲ ਹੋਰਨਾਂ ਮ੍ਰਿਤਕ ਅਮਰੀਕੀ ਸੈਨਿਕਾਂ ਦੀਆਂ ਲਾਸ਼ਾਂ ਵੀ ਅਮਰੀਕੀ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ।

ਡੁਰੈਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੁਰੈਂਟ ਆਪਣੇ ਸੁਪਰ ਸਿਕਸ ਟੁੱਕੜੀ ਵਿੱਚੋਂ ਇਕੱਲੇ ਹੀ ਬੱਚੇ ਸਨ।

ਪਾਇਲਟ ਡੁਰੈਂਟ ਨੇ ਰੈੱਡ ਕਰਾਸ ਵਰਕਰਾਂ ਨੂੰ ਦੱਸਿਆ ਕਿ ਪੁੱਛਗਿਛ ਦੌਰਾਨ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਸੀ, ਕੱਪੜੇ ਪਾੜ ਦਿੱਤੇ ਗਏ ਸਨ, ਅੱਖਾਂ 'ਤੇ ਪੱਟੀ ਬੰਨ੍ਹ ਕੇ ਭੀੜ ਦੇ ਸਾਹਮਣੇ ਲਗਭਗ ਨੰਗਾ ਘੁੰਮਾਇਆ ਗਿਆ ਸੀ।

ਡਾਕਟਰੀ ਜਾਂਚ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਦੀ ਇੱਕ ਲੱਤ, ਪਿੱਠ ਅਤੇ ਗੱਲ੍ਹ ਦੀ ਹੱਡੀ ਟੁੱਟ ਗਈ ਸੀ। ਉਨ੍ਹਾਂ ਦੀਆਂ ਲੱਤਾਂ ਅਤੇ ਮੋਢਿਆਂ 'ਤੇ ਵੀ ਗੋਲੀਆਂ ਦੇ ਜ਼ਖ਼ਮ ਸਨ।

ਉਨ੍ਹਾਂ ਦੇ ਪੈਰਾਂ 'ਤੇ ਪਲਾਸਟਰ ਲਗਾਇਆ ਗਿਆ ਸੀ, ਪਰ ਹੱਡੀਆਂ ਨੂੰ ਬਿਠਾਇਆ ਨਹੀਂ ਗਿਆ ਸੀ। ਇਹ ਦਿਨ ਡੁਰੈਂਟ ਲਈ ਖੁਸ਼ੀ ਅਤੇ ਉਦਾਸੀ ਦੋਵੇਂ ਲੈ ਕੇ ਆਇਆ ਸੀ।

ਉਸੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਪਣੇ ਸੁਪਰ ਸਿਕਸ ਟੁੱਕੜੀ ਵਿੱਚੋਂ ਇਕੱਲੇ ਹੀ ਜਿਉਂਦੇ ਬੱਚੇ ਸਨ।

ਅਮਰੀਕਾ ਨੇ ਫੌਜ ਨੂੰ ਵਾਪਸ ਬੁਲਾਇਆ

ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਛੇ ਮਹੀਨੇ ਬਾਅਦ ਹੋਏ ਰਵਾਂਡਾ ਨਸਲਕੁਸ਼ੀ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ

7 ਅਕਤੂਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਮਾਰਚ 1994 ਤੱਕ ਸੋਮਾਲੀਆ ਤੋਂ ਸਾਰੀਆਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਐਲਾਨ ਕੀਤਾ।

ਕੁਝ ਮਹੀਨਿਆਂ ਬਾਅਦ ਅਮਰੀਕੀ ਰੱਖਿਆ ਸਕੱਤਰ ਲੇਸ ਐਸਪਿਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਟਾਸਕ ਫੋਰਸ ਰੇਂਜਰ ਦੇ ਕਮਾਂਡਰ ਜਨਰਲ ਵਿਲੀਅਮ ਗੈਰੀਸਨ ਦਾ ਕਰੀਅਰ ਵੀ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ।

ਇਸ ਘਟਨਾ ਦਾ ਪ੍ਰਭਾਵ ਇਹ ਹੋਇਆ ਕਿ ਅਮਰੀਕਾ ਨੇ ਛੇ ਮਹੀਨੇ ਬਾਅਦ ਉਸੇ ਇਲਾਕੇ ਵਿੱਚ ਹੋਏ ਰਵਾਂਡਾ ਨਸਲਕੁਸ਼ੀ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।

ਆਇਦੀਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਇਦੀਦ ਦਾ ਕਬੀਲਾ ਅਜੇ ਵੀ 3 ਅਕਤੂਬਰ ਨੂੰ ਕੌਮੀ ਛੁੱਟੀ ਵਜੋਂ ਮਨਾਉਂਦਾ ਹੈ।

ਆਇਦੀਦ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੋਕਾਂ ਨੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਤਾਕਤ ਨੂੰ ਉਨ੍ਹਾਂ ਦੇ ਦੇਸ਼ ਤੋਂ ਭਜਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦਾ ਕਬੀਲਾ ਅਜੇ ਵੀ 3 ਅਕਤੂਬਰ ਨੂੰ ਕੌਮੀ ਛੁੱਟੀ ਵਜੋਂ ਮਨਾਉਂਦਾ ਹੈ।

ਹਾਲਾਂਕਿ ਆਇਦੀਦ ਜ਼ਿਆਦਾ ਦੇਰ ਤੱਕ ਨਹੀਂ ਬਚੇ ਅਤੇ ਇਸ ਆਪ੍ਰੇਸ਼ਨ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)