ਲਾਓਸ 'ਚ ਜਦੋਂ ਟਰੂਡੋ ਤੇ ਮੋਦੀ ਆਹਮੋ-ਸਾਹਮਣੇ ਹੋਏ, ਮੁਲਾਕਾਤ ਬਾਰੇ ਦੋਵੇਂ ਦੇਸ਼ਾਂ ਦੇ ਕੀ ਦਾਅਵੇ

ਤਸਵੀਰ ਸਰੋਤ, Getty Images
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਹਫ਼ਤੇ ਲਾਓਸ ਦੇ ਇੱਕ ਸਿਖਰ ਸੰਮੇਲਨ ਦੌਰਾਨ ਉਨ੍ਹਾਂ ਦੀ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ “ਸੰਖੇਪ ਗੱਲਬਾਤ” ਹੋਈ ਹੈ।
ਕੈਨੇਡਾ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਘਟਨਾਕ੍ਰਮ ਤੋਂ ਬਾਅਦ ਪਿਛਲੇ ਇੱਕ ਸਾਲ ਤੋਂ ਦੋਵਾਂ ਦੇਸਾਂ ਦੇ ਰਿਸ਼ਤੇ ਆਪਣੇ ਸਭ ਤੋਂ ਨੀਵੇਂ ਪੱਧਰ ਉੱਤੇ ਚੱਲ ਰਹੇ ਸਨ। ਇਸ ਤੋਂ ਬਾਅਦ ਦੋਵਾਂ ਆਗੂਆਂ ਦਾ ਇਹ ਦੂਜਾ ਆਹਮੋ-ਸਾਹਮਣਾ ਸੀ।
ਕੈਨੇਡੀਅਨ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ਵਿੱਚ ਕਿਹਾ ਸੀ ਕਿ ਹਰਦੀਪ ਸਿੰਘ ਦੀ ਹੱਤਿਆ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ।
ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਸ ਦਾਅਵੇ ਨੂੰ ਝੂਠ ਅਤੇ ਬੇਬੁਨਿਆਦ ਦੱਸਿਆ ਸੀ।
ਟਰੂਡੋ ਨੇ ਮੋਦੀ ਨਾਲ ਮੁਲਾਕਾਤ ਬਾਰੇ ਕੀ ਕਿਹਾ
ਕੈਨੇਡਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਸੀ ਮੁਤਾਬਕ ਟਰੂਡੋ ਅਤੇ ਮੋਦੀ ਦੀ ਦੱਖਣ ਪੂਰਬੀ ਏਸ਼ੀਆਈ (ਆਸੀਆਨ) ਮੁਲਕਾਂ ਦੇ ਸਿਖਰ ਸੰਮੇਲਨ ਦੌਰਾਨ ਇਹ ਸੰਖੇਪ ਗੱਲਬਾਤ ਹੋਈ।
ਪ੍ਰਧਾਨ ਮੰਤਰੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਦੋਵਾਂ ਦੇਸਾਂ ਵਿੱਚ ਸੁਲਝਾਉਣ ਲਈ ਵਧੇਰੇ ਅਹਿਮ ਮਸਲੇ ਵੀ ਹਨ।
ਲਾਓਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਮੈਂ ਜ਼ੋਰ ਦਿੱਤਾ ਕਿ ਸਾਡੇ ਕੋਲ ਕੰਮ ਹੈ ਜੋ ਅਸੀਂ ਕਰਨਾ ਹੈ।”
ਟਰੂਡੋ ਨੇ ਕਿਹਾ, “ਮੈਂ ਸਾਡੀ ਗੱਲਬਾਤ ਦੇ ਵੇਰਵਿਆਂ ਵਿੱਚ ਨਹੀਂ ਜਾਵਾਂਗਾ ਲੇਕਿਨ ਜੋ ਮੈਂ ਕਈ ਵਾਰ ਕਿਹਾ ਹੈ ਕੈਨੇਡੀਅਨਾਂ ਦੀ ਹਿਫ਼ਾਜ਼ਤ ਅਤੇ ਕਾਨੂੰਨ ਦੇ ਰਾਜ ਨੂੰ ਬਹਾਲ ਰੱਖਣਾ ਕੈਨੇਡੀਅਨ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੈ, ਅਤੇ ਇਹੀ ਹੈ ਜਿਸ ਉੱਤੇ ਮੇਰਾ ਧਿਆਨ ਰਹੇਗਾ।”
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਕੈਨੇਡੀਅਨ ਵਿਦੇਸ਼ ਮੰਤਰੀ ਮੈਲਿਨੀ ਜੋਲੀ ਨੇ ਕਿਹਾ ਸੀ ਕਿ ਕੈਨੇਡਾ-ਭਾਰਤ ਰਿਸ਼ਤੇ ਫਿਲਹਾਲ “ਤਣਾਪੂਰਨ” ਅਤੇ “ਬਹੁਤ ਮੁਸ਼ਕਿਲ” ਹਨ।
ਮੰਤਰੀ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਧਰਤੀ ਉੱਤੇ ਅਜਿਹੇ ਹੋਰ ਵੀ ਕਤਲ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, Getty Images
ਟਰੂਡੋ ਦੇ ਬਿਆਨ ਬਾਰੇ ਭਾਰਤ ਨੇ ਕੀ ਕਿਹਾ
ਹਾਲਾਂਕਿ ਟਰੂਡੋ ਦੀ ਟਿੱਪਣੀ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਅਧਿਕਾਰਿਤ ਪ੍ਰਤੀਕਰਮ ਨਹੀਂ ਆਇਆ ਹੈ ਲੇਕਿਨ ਖ਼ਬਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਬਾਰੇ ਭਾਰਤ ਦਾ ਪੱਖ ਦੱਸਿਆ ਹੈ।
ਏਐੱਨਆਈ ਨੇ ਲਿਖਿਆ, “ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਟਰੂਡੋ ਦਰਮਿਆਨ ਵਿਅੰਤੀਆਨ ਵਿੱਚ ਕੋਈ ਮੌਲਿਕ ਗੱਲਬਾਤ ਨਹੀਂ ਹੋਈ। ਭਾਰਤ ਉਮੀਦ ਕਰਦਾ ਹੈ ਕਿ ਕੈਨੇਡਾ ਦੀ ਧਰਤੀ ਤੋਂ ਕੋਈ ਭਾਰਤ ਵਿਰੋਧੀ ਖ਼ਾਲਸਤਾਨ ਪੱਖੀ ਸਰਗਰਮੀਆਂ ਨਹੀਂ ਹੋਣਗੀਆਂ ਅਤੇ ਹਿੰਸਾ ਦੇ ਵਕਾਲਤੀਆਂ ਦੇ ਖਿਲਾਫ਼ ਠੋਸ ਕਾਰਵਾਈ, ਜਿਸ ਦੀ ਹੁਣ ਤੱਕ ਕਮੀ ਰਹੀ ਹੈ, ਕੀਤੀ ਜਾਵੇਗੀ।”
‘ਭਾਰਤ ਕੈਨੇਡਾ ਨਾਲ ਰਿਸ਼ਤਿਆਂ ਨੂੰ ਅਹਿਮੀਅਤ ਦਿੰਦਾ ਹੈ ਲੇਕਿਨ ਇਨ੍ਹਾਂ ਰਿਸ਼ਤਿਆਂ ਨੂੰ ਉਦੋਂ ਤੱਕ ਠੀਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਕੈਨੇਡਾ ਸਰਕਾਰ ਉਨ੍ਹਾਂ ਲੋਕਾਂ ਖਿਲਾਫ਼ ਸਖ਼ਤ ਅਤੇ ਪੁਸ਼ਟੀਯੋਗ ਕਾਰਵਾਈ ਨਹੀਂ ਕਰਦੀ, ਜੋ ਸਰਗਰਮੀ ਨਾਲ ਭਾਰਤ ਵਿਰੋਧੀ ਸਰਗਰਮੀਆਂ ਕਰਦੇ ਹਨ ਅਤੇ ਭਾਰਤ ਤੇ ਕੈਨੇਡਾ ਵਿੱਚ ਵੀ ਨਫ਼ਰਤ, ਵਿਤਕਰਾ ਅਤੇ ਫਿਰਕੂ ਤਣਾਅ ਨੂੰ ਹੱਲਾਸ਼ੇਰੀ ਦੇ ਰਹੇ ਹਨ।”
ਭਾਰਤ ਸਰਕਾਰ ਦੀ ਅਧਿਕਾਰਿਤ ਪ੍ਰਤੀਕਿਰਆ ਆਉਣ ਉੱਤੇ ਖ਼ਬਰ ਨੂੰ ਅਪਡੇਟ ਕਰ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਦੀ ਜਾਂਚ ਜਾਰੀ

ਤਸਵੀਰ ਸਰੋਤ, X/Virsa Singh Valtoha
ਕੈਨੇਡਾ ਦੇ ਵਿਦੇਸ਼ ਮੰਤਰੀ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਵੀ ਪਿਛਲੇ ਦਿਨੀ ਕਿਹਾ ਸੀ, “ਕੈਨੇਡਾ ਭਾਰਤ ਦੀ ਖੇਤਰੀ ਅਖੰਡਤਾ ਦਾ ਸਨਮਾਨ ਅਤੇ ਵਨ ਇੰਡੀਆ ਨੀਤੀ ਦਾ ਸਮਰਥਕ ਹੈ।”
ਜ਼ਿਕਰਯੋਗ ਹੈ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਦੋਵਾਂ ਦੇ ਕੂਟਨੀਤਕ ਸੰਬੰਧਾਂ ਵਿੱਚ ਕਾਫ਼ੀ ਤਣਾਅ ਚੱਲ ਰਿਹਾ ਹੈ ਅਤੇ ਇਸੇ ਦੇ ਚਲਦਿਆਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਦੇ ਕੁਝ ਸਮੇਂ ਲਈ ਵੀਜ਼ੇ ਵੀ ਰੋਕ ਦਿੱਤੇ ਸਨ।
ਮੌਰੀਸਨ ਨੇ ਅੱਗੇ ਕਿਹਾ,“ਭਾਰਤ ਬਾਰੇ ਕੈਨੇਡਾ ਦੀ ਨੀਤੀ ਸਪਸ਼ਟ ਹੈ ਕਿ ਉਸ ਦੀ ਖੇਤਰੀ ਅਖੰਡਤਾ ਦਾ ਸਨਮਾਨ ਹੋਣਾ ਚਾਹੀਦਾ ਹੈ“।
ਉਨ੍ਹਾਂ ਆਖਿਆ ਸੀ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਦਾ ਦੌਰ ਜਾਰੀ ਹੈ। ਮੌਰੀਸਨ ਦੇ ਮੁਤਾਬਕ ਭਾਰਤ ਵੱਲੋਂ ਜੋ ਵੀ ਮੁੱਦੇ ਉਨ੍ਹਾਂ ਸਾਹਮਣੇ ਰੱਖੇ ਜਾਂਦੇ ਹਨ ਉਸ ਨੂੰ ਕੈਨੇਡਾ ਦੇ ਕਾਨੂੰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਕਸੌਟੀ ਉੱਤੇ ਜਰੂਰ ਪਰਖਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ਸੰਭਾਲ਼ਨ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਆਖਿਆ ਸੀ ਕਿ ਹੁਣ ਭਾਰਤ ਦੇ ਨਾਲ ਕੌਮੀ ਸੁਰੱਖਿਆ, ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਗੰਭੀਰ ਮੁੱਦਿਆਂ ਉੱਤੇ ਗੱਲਬਾਤ ਫਿਰ ਤੋਂ ਸ਼ੁਰੂ ਹੋ ਸਕਦੀ ਹੈ।
ਖ਼ਾਲਿਸਤਾਨ ਦੇ ਮੁੱਦੇ ਉੱਤੇ ਕੈਨੇਡਾ ਦਾ ਰੁਖ -ਕੈਨੇਡਾ ਵਿੱਚ ਖਾਲਿਸਤਾਨੀ ਗਤੀਵਿਧੀਆਂ ਦੇ ਮੁੱਦੇ ਉੱਤੇ ਡੇਵਿਡ ਮੌਰੀਸਨ ਨੇ ਆਖਿਆ ਕਿ “ਇਹ ਚਿੰਤਾਜਨਕ, ਪਰ ਕਾਨੂੰਨ ਦੇ ਦਾਇਰ ਹੈ ਵਿੱਚ ਹੈ।''
ਉਨ੍ਹਾਂ ਆਖਿਆ ਕਿ, ''ਇਹ ਅਜਿਹੀਆਂ ਚੀਜ਼ਾਂ ਹਨ ਜੋ ਸਾਡੇ ਵਿੱਚ ਬਹੁਤ ਸਾਰੇ ਦੇਖਣਾ ਨਹੀਂ ਚਾਹੁੰਦੇ ਪਰ ਇਹ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਅਧੀਨ ਸੁਰੱਖਿਅਤ ਵੀ ਹਨ।"
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਜਿੱਥੋਂ ਤੱਕ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਦੀ ਗੱਲ ਤਾਂ ਇਹ ਕੂਟਨੀਤਕ ਵਿਸ਼ਾ ਹੈ ਅਤੇ ਇਸ ਉੱਤੇ ਗੱਲਬਾਤ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਸੱਚ ਸਾਹਮਣੇ ਆਵੇਗਾ।
ਡੇਵਿਡ ਮੌਰੀਸਨ ਨੇ ਆਖਿਆ ਕਿ ਕੋਈ ਵਿਅਕਤੀ ਭਾਰਤ ਦੇ ਕਾਨੂੰਨ ਦੇ ਮੁਤਾਬਕ ਮੁਲਜ਼ਮ ਹੋਵੇ ਪਰ ਕੈਨੇਡਾ ਉਸ ਨੂੰ ਦੋਸ਼ੀ ਮੰਨਣ ਤੋਂ ਪਹਿਲਾਂ ਆਪਣੇ ਸਿਧਾਂਤਾਂ ਨੂੰ ਦੇਖੇਗਾ ਅਤੇ ਉਹਨਾਂ ਲਈ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਅਹਿਮ ਹਨ।
ਕਿਉਂ ਆਈ ਸੀ ਕੂਟਨੀਤਕ ਸੰਬੰਧਾਂ 'ਚ ਕੁੜੱਤਣ
ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧ 2023 ਦੋਵੇਂ ਦੇਸ ਜੀ -20 ਸਿਖਰ ਸੰਮੇਲਨ ਤੋਂ ਬਾਅਦ ਵਪਾਰਕ ਸੰਬੰਧਾਂ ਦੇ ਸਮਝੌਤੇ ਉੱਤੇ ਕੰਮ ਕਰ ਰਹੇ ਸਨ। ਲੇਕਿਨ ਜੂਨ 2023 ਵਿੱਚ ਹੀ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਜ਼ਰ ਦੀ ਹੱਤਿਆ ਹੋ ਗਈ।
ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਕੈਨੇਡਾ ਦੀ ਸੰਸਦ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ।
ਹਾਲਾਂਕਿ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ ਪਰ ਜਸਟਿਨ ਟੂਰਡੋ ਦੇ ਬਿਆਨ ਮਗਰੋਂ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਤਣਾਪੂਰਨ ਰਿਸ਼ਤੇ ਆਪਣੇ ਸਭ ਤੋਂ ਬੁਰੇ ਦੌਰ ਵਿੱਚ ਪਹੁੰਚ ਗਏ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪੋ ਆਪਣੇ ਦੇਸਾਂ ਵਿਚੋਂ ਇੱਕ-ਦੂਜੇ ਦੇ ਸਿਖਰਲੇ ਕੂਟਨੀਤਕ ਨੂੰ ਕੱਢ ਦਿੱਤਾ ਸੀ।
ਇਸ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਉੱਤੇ ਵੀ ਕੁਝ ਸਮੇਂ ਲਈ ਆਰਜ਼ੀ ਤੌਰ ਉੱਤੇ ਪਾਬੰਦੀ ਵੀ ਲੱਗਾ ਦਿੱਤੀ ਸੀ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












