'20 ਦਿਨਾਂ ਬਾਅਦ ਘਰ ਆਏ, ਅੱਗੋਂ ਘਰ ਵੀ ਹੈ ਨਹੀਂ, ਫਸਲ ਵੀ ਹੈ ਨਹੀਂ, ਅਸੀਂ ਤਾਂ ਰੁਲ਼ ਗਏ ਹਾਂ', ਪੰਜਾਬ 'ਚ ਹੜ੍ਹਾਂ ਮਗਰੋਂ ਤੰਬੂਆਂ 'ਚ ਜ਼ਿੰਦਗੀ ਬੀਤ ਰਹੀ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਟੁੱਟੇ ਘਰ, ਪਾਟੀਆਂ ਕੰਧਾਂ, ਧੱਸਿਆ ਫ਼ਰਸ਼, ਗਲ਼ ਚੁੱਕਿਆ ਫਰਨੀਚਰ। ਇਹ ਉਨ੍ਹਾਂ ਅਨੇਕਾਂ ਲੋਕਾਂ ਦੇ ਘਰਾਂ ਦੀਆਂ ਤਸਵੀਰਾਂ ਹਨ ਜੋ ਹੜ੍ਹਾਂ ਕਾਰਨ ਬੇਘਰ ਹੋਏ ਸਨ।
ਰਾਹਤ ਕੈਂਪ ਵਿੱਚ ਬਣੇ ਤੰਬੂਆਂ ਅਤੇ ਟੈਂਟਾਂ ਵਿੱਚ ਰਹਿੰਦਿਆਂ, ਉਨ੍ਹਾਂ ਮੁੜ ਆਪਣੇ ਘਰਾਂ ਵਿੱਚ ਪੁਰਾਣੀ ਜ਼ਿੰਦਗੀ ਵੱਲ ਵਾਪਸ ਪਰਤੇ। ਉਹ ਅਣਜਾਣ ਸਨ ਕਿ ਘਰ ਵਿੱਚ ਇੱਕ ਨਵਾਂ ਸੰਘਰਸ਼ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ।
ਉਹ ਭਾਵੇਂ ਆਪਣੇ ਘਰਾਂ ਨੂੰ ਵਾਪਸ ਪਰਤ ਆਏ ਹਨ ਪਰ ਉਨ੍ਹਾਂ ਦੀਆਂ ਮੁਸੀਬਤਾਂ ਅਜੇ ਖ਼ਤਮ ਨਹੀਂ ਹੋਈਆਂ। ਟੁੱਟੇ ਘਰ, ਤਰੇੜਾਂ ਵਾਲੀਆਂ ਕੰਧਾਂ, ਧੱਸੇ ਫ਼ਰਸ਼, ਗਲ ਚੁੱਕੇ ਫਰਨੀਚਰ ਨੇ ਉਨ੍ਹਾਂ ਦੀ ਮੁਸੀਬਤਾਂ ਵਧਾ ਦਿੱਤੀਆਂ ਹਨ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਅਜਿਹੇ ਕਈ ਹੜ੍ਹ ਪੀੜਤ ਹਨ ਜੋ ਰਾਹਤ ਕੈਂਪਾਂ ਵਿੱਚ ਵਾਪਸੀ ਮਗਰੋਂ ਵੀ ਆਪਣੇ ਘਰਾਂ ਵਿੱਚ ਤੰਬੂਆਂ ਵਿੱਚ ਰਹਿਣ ਨੂੰ ਮਜਬੂਰ ਹਨ।
ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3036 ਲੋਕ ਹੜ੍ਹਾਂ ਕਾਰਨ ਬੇਘਰ ਹੋਏ ਸਨ। ਉਹ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਬਣਾਏ ਵੱਖ-ਵੱਖ 30 ਰਾਹਤ ਕੈਂਪਾਂ ਵਿੱਚ ਰਹੇ ਸਨ।
ਤੰਬੂ ਵਿੱਚ ਲੰਘਦੇ ਦਿਨ-ਰਾਤ

65 ਸਾਲਾ ਦਲੀਪ ਦਾ ਪਰਿਵਾਰ ਵੀ ਬੇਘਰ ਹੋਏ ਇਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ। ਉਨ੍ਹਾਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਪਸ਼ੂ ਹੜ੍ਹ ਦੌਰਾਨ ਬੈਕਾਂ ਖ਼ਾਸ ਦੇ ਸਰਕਾਰੀ ਸਕੂਲ ਵਿੱਚ ਬਣੇ ਰਾਹਤ ਕੈਂਪ ਵਿੱਚ ਰਹਿੰਦੇ ਰਹੇ ਪਰ ਉਹ ਖੁਦ ਆਪਣੇ ਘਰ ਦੇ ਨੇੜੇ ਉੱਚੇ ਸਥਾਨ ਉੱਤੇ ਤੰਬੂ ਲਗਾ ਕੇ ਰਹਿੰਦੇ ਰਹੇ।
ਹੜ੍ਹਾਂ ਦਾ ਪ੍ਰਭਾਵ ਖ਼ਤਮ ਹੋਣ ਮਗਰੋਂ ਜਦੋਂ ਉਹ ਸਤੰਬਰ ਵਿੱਚ ਆਪਣੇ ਘਰ ਵਾਪਸ ਪਰਤੇ ਤਾਂ ਤੰਬੂ ਨੇ ਉਨ੍ਹਾਂ ਦਾ ਖਹਿੜਾ ਨਹੀਂ ਛੱਡਿਆ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਦੋ ਕਮਰੇ ਹੜ੍ਹਾਂ ਨਾਲ ਢਹਿ ਗਏ। ਇੱਕ ਕੰਧ ਢਹਿ ਗਈ। ਪਸ਼ੂਆਂ ਦੇ ਸ਼ੈੱਡ ਵਿੱਚ ਤਰੇੜਾਂ ਆ ਗਈਆਂ।
ਦਲੀਪ ਸਿੰਘ ਦੱਸਦੇ ਹਨ ਇੱਕ ਕਮਰੇ ਵਿੱਚ ਉਹ ਆਪਣੀ ਪਤਨੀ ਨਾਲ ਰਹਿੰਦੇ ਸੀ ਅਤੇ ਦੂਜੇ ਕਮਰੇ ਵਿੱਚ ਉਨ੍ਹਾਂ ਦਾ ਮੁੰਡਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਸੀ।
ਇਹ ਦੋਵੇਂ ਕਮਰੇ ਢਹਿ ਜਾਣ ਮਗਰੋਂ ਉਨ੍ਹਾਂ ਦਾ ਵੱਡਾ ਮੁੰਡਾ, ਛੋਟੇ ਮੁੰਡੇ ਨਾਲ ਰਹਿ ਰਿਹਾ ਹੈ ਜਦਕਿ ਉਹ ਖੁਦ ਤੰਬੂ ਲਗਾਕੇ ਰਹਿਣ ਲਈ ਮਜਬੂਰ ਹਨ।
"ਹੜ੍ਹਾਂ ਨਾਲ ਸਾਰਾ ਪਰਿਵਾਰ ਹੀ ਰੁਲ ਗਿਆ ਸੀ। ਜਦੋਂ ਘਰ ਵਾਪਸ ਆਏ ਘਰ ਹੈ ਨਹੀਂ ਸੀ। ਮਕਾਨ ਡਿੱਗ ਪਿਆ। ਹੁਣ ਤੰਬੂ ਲਾਇਆ ਹੋਇਆ ਹੈ। ਗੁਜ਼ਾਰਾ ਕਰ ਰਿਹਾ ਹਾਂ। ਅਸੀਂ ਪਤੀ-ਪਤਨੀ ਤੰਬੂ ਵਿੱਚ ਰਹਿ ਰਹੇ ਹਾਂ। ਵੱਡੇ ਮੁੰਡੇ ਨੂੰ ਛੋਟੇ ਨੇ ਸੰਭਾਲ ਲਿਆ ਹੈ।"
ਰੋਜ਼ੀ-ਰੋਟੀ ਦਾ ਨੁਕਸਾਨ

ਦਲੀਪ ਦੀ ਰੋਜ਼ੀ ਰੋਟੀ ਦਾ ਸਾਧਨ ਉਨ੍ਹਾਂ ਦੀ ਪੰਜ ਕਨਾਲ਼ਾਂ ਦੀ ਜ਼ਮੀਨ ਅਤੇ ਸਬਜ਼ੀਆਂ ਵੇਚਣ ਦਾ ਧੰਦਾ ਹੈ।
ਉਹ ਕਹਿੰਦੇ ਹਨ, "ਪੰਜ ਕਨਾਲ਼ਾਂ ਮੇਰੇ ਕੋਲ ਜ਼ਮੀਨ ਹੈ। ਉਸ ਵਿੱਚ ਮਕਾਨ ਪਾਇਆ ਹੋਇਆ ਹੈ। ਝੋਨਾ ਬੀਜਿਆ ਸੀ, ਉਹ ਵੀ ਗਿਆ। ਮੇਰੀ ਲੱਤ ਟੁੱਟ ਗਈ ਸੀ। ਮੈਂ ਫਿਰ ਵੀ ਸਬਜ਼ੀ ਵੇਚਦਾ ਹਾਂ। ਹੜ੍ਹਾਂ ਕਾਰਨ ਸਬਜ਼ੀਆਂ ਦਾ ਸੀਜ਼ਨ ਖ਼ਰਾਬ ਹੋ ਗਿਆ। ਹੁਣ ਮੰਡੀ ਵਿੱਚੋਂ ਸਬਜ਼ੀਆਂ ਖ਼ਰੀਦਣ ਅਤੇ ਮੋਟਰਸਾਈਕਲ-ਟਰਾਲੀ (ਜਗਾੜ੍ਹ ਰੇਹੜੀ) ਵਿੱਚ ਤੇਲ ਪਵਾਉਣ ਦੇ ਪੈਸੇ ਵੀ ਨਹੀਂ ਹਨ।"
ਪਹਿਲਾਂ ਪੁੱਤਾਂ ਨੇ ਕੱਢਿਆ, ਹੁਣ ਹੜ੍ਹਾਂ ਨੇ ਘਰ ਖੋਹਿਆ

60 ਸਾਲਾਂ ਤਾਰੋ ਬਾਈ ਟਾਹਨੀ ਮੋਹਨਾ ਰਾਮ ਪਿੰਡ ਵਿੱਚ ਇਕੱਲੀ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਸੀ। ਉਹ ਦੱਸਦੀ ਹੈ ਕਿ ਉਨ੍ਹਾਂ ਦੇ ਤਿੰਨ ਪੁੱਤ ਹਨ ਪਰ ਉਨ੍ਹਾਂ ਨੇ ਕਈ ਸਾਲ ਪਹਿਲਾਂ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
ਮਗਰੋਂ ਉਹ ਇੱਕ ਕਮਰੇ ਦੇ ਘਰ ਵਿੱਚ ਰਹਿ ਰਹੀ ਸੀ ਪਰ ਹੁਣ ਉਸ ਦੀ ਵੀ ਛੱਤ ਡਿੱਗ ਪਈ ਹੈ। ਇਸ ਲਈ ਉਨ੍ਹਾਂ ਕੋਲ ਹੁਣ ਤੰਬੂ ਵਿੱਚ ਰਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਆਪਣੇ ਗੁਜ਼ਾਰੇ ਵਾਸਤੇ ਉਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਤਿਆਰ ਕਰਦੀ ਹੈ।
ਉਹ ਦੱਸਦੀ ਹੈ, "ਕਮਰਾ ਡਿੱਗ ਪਿਆ ਸੀ। ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀ। ਹੁਣ ਤੰਬੂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਰੋਣਾ ਆਉਂਦਾ ਹੈ ਕਿ ਮੈਂ ਫ਼ਕੀਰਾਂ ਵਾਂਗ ਬੈਠੀ ਹਾਂ। ਦੁੱਖ ਲੱਗਦਾ ਹੈ ਪਰ ਕੀ ਕਰੀਏ। ਕੁਝ ਕਰਨ ਜੋਗੇ ਵੀ ਨਹੀਂ ਹਾਂ।"
"ਆਪਣੀ ਕਮਾਈ ਨਾਲ ਤਾਂ ਮੈਂ ਘਰ ਪਾ ਨਹੀਂ ਸਕਦੀ। ਖਾਣਾ ਬਣਾਉਂਦੀ ਹਾਂ। ਸਵੇਰੇ 8 ਵਜੇ ਤੋਂ 2 ਵਜੇ ਤੱਕ ਡਿਊਟੀ ਹੁੰਦੀ ਹੈ। ਹੁਣ ਰੋਜ਼ੀ ਰੋਟੀ ਦਾ ਖਰਚਾ ਚਲਾਵਾਂ ਜਾਂ ਮੈਂ ਘਰ ਬਣਾਵਾਂ। ਕੁਝ ਸਮਝ ਨਹੀਂ ਆਉਂਦੀ।"
ਕਿੱਥੇ ਕਿੰਨੇ ਬੇਘਰ ਹੋਏ ਸੀ

ਪੰਜਾਬ ਸਰਕਾਰ ਦੇ ਫਲੱਡ ਮੀਡੀਆ ਬੁਲੇਟਿਨ ਮੁਤਾਬਕ ਪੰਜਾਬ ਹੜ੍ਹਾਂ ਕਾਰਨ ਬੇਘਰ ਹੋਏ ਪੀੜਤਾਂ ਵਾਸਤੇ ਸੂਬੇ ਵਿੱਚ ਕੁੱਲ 219 ਰਾਹਤ ਕੈਂਪ ਬਣਾਏ ਗਏ ਸਨ। ਇਨ੍ਹਾਂ ਕੈਂਪਾਂ ਵਿੱਚ 8270 ਲੋਕ ਰਹੇ ਸਨ। ਸਭ ਤੋਂ ਵੱਧ 3036 ਲੋਕ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਬੇਘਰ ਹੋਏ ਸਨ।
- ਫ਼ਾਜ਼ਿਲਕਾ 3036
- ਪਠਾਨਕੋਟ 1095
- ਹੁਸ਼ਿਆਰਪੁਰ 1041
- ਫ਼ਿਰੋਜ਼ਪੁਰ 776
- ਬਰਨਾਲਾ 738
- ਜਲੰਧਰ 511
- ਅੰਮ੍ਰਿਤਸਰ 371
- ਰੂਪਨਗਰ 250
- ਮੋਗਾ 155
- ਮਾਨਸਾ 89
- ਸੰਗਰੂਰ 83
- ਕਪੂਰਥਲਾ 57
- ਲੁਧਿਆਣਾ 47
- ਗੁਰਦਾਸਪੁਰ 21
ਪੰਜਾਬ ਸਰਕਾਰ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਪਿੰਡ ਦੀ ਦਾਣਾ ਮੰਡੀ ਵਿੱਚ ਰਾਹਤ ਕੈਂਪ ਬਣਾਇਆ ਸੀ। ਇਸ ਕੈਂਪ ਵਿੱਚ ਹਜ਼ਾਰ ਦੇ ਕਰੀਬ ਲੋਕ ਤੰਬੂਆਂ, ਟੈਂਟਾਂ ਅਤੇ ਆੜ੍ਹਤੀਆਂ ਦੀਆਂ ਦੁਕਾਨਾਂ ਵਿੱਚ ਰਹੇ ਸਨ।
ਚਾਰ ਪਿੰਡਾਂ ਦੇ ਲੋਕ ਇਕੋ ਜਗ੍ਹਾ ਇਕੱਠੇ ਰਹਿਣ ਕਰਕੇ ਹੁਣ ਇਹ ਦਾਣਾ ਮੰਡੀ ਹੜ੍ਹਾਂ ਕਾਰਨ, "ਉੱਜੜੇ ਹੋਏ ਲੋਕਾਂ ਦਾ ਪਿੰਡ" ਪ੍ਰਤੀਤ ਹੁੰਦੀ ਸੀ। ਇੱਥੇ ਰਹਿੰਦੇ ਲੋਕਾਂ ਵਿੱਚ ਵੱਡੀ ਗਿਣਤੀ ਛੋਟੇ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਦੀ ਸੀ।
ਇਹ ਲੋਕ ਆਪਣੇ ਦੁਧਾਰੂ ਪਸ਼ੂਆਂ ਮੱਝਾਂ ਅਤੇ ਗਾਵਾਂ ਸਮੇਤ ਇਸ ਰਾਹਤ ਕੈਂਪ ਵਿੱਚ ਰਹਿ ਰਹੇ ਸਨ। ਇਨ੍ਹਾਂ ਦੇ ਘਰ ਅਤੇ ਜ਼ਮੀਨਾਂ ਸਤਲੁਜ ਦੇ ਪਾਣੀ ਵਿੱਚ ਡੁੱਬੇ ਪਏ ਹਨ।
'ਘਰ ਰਹਿਣ ਲਾਇਕ ਨਹੀਂ ਰਹੇ'

28 ਸਾਲਾ ਕਿਰਨ ਬਾਲਾ ਟਾਹਣੀ ਮੋਹਨਾ ਰਾਮ ਵਿੱਚ ਆਪਣੀ ਸੱਸ-ਸਹੁਰੇ, ਇੱਕ ਬੱਚੇ, ਜੇਠ, ਉਸਦੇ ਪਰਿਵਾਰ ਨਾਲ ਇੱਕ ਘਰ ਵਿੱਚ ਰਹਿੰਦੀ ਹੈ।
ਜਦੋਂ ਹੜ੍ਹ ਆਏ ਸੀ ਤਾਂ ਉਨ੍ਹਾਂ ਦੇ ਘਰ ਵਿੱਚ ਕਈ ਫੁੱਟ ਤੱਕ ਪਾਣੀ ਭਰ ਗਿਆ ਸੀ। ਉਹ ਆਪਣੀ ਸੱਸ ਸਮੇਤ ਰਾਹਤ ਕੈਂਪ ਵਿੱਚ ਰਹੀ ਸੀ ਜਦਕਿ ਘਰ ਦੇ ਮਰਦ ਰਾਖੀ ਵਾਸਤੇ ਡੁੱਬੇ ਘਰ ਵਿੱਚ ਹੀ ਰੁਕੇ ਸੀ।
ਡੇਢ ਮਹੀਨਾਂ ਪਹਿਲਾਂ ਘਰ ਵਾਪਸ ਪਰਤੇ ਹਨ। ਉਨ੍ਹਾਂ ਦੇ ਡਬਲ ਬੈੱਡ, ਦੋ ਗੱਦੇ ਅਤੇ ਅਲਮਾਰੀ ਗਲ੍ਹ ਚੁੱਕੀ ਹੈ। ਉਹ ਹੁਣ ਵਰਤਣ ਯੋਗ ਨਹੀਂ ਹਨ। ਕੂਲਰ ਅਤੇ ਟੀਵੀ ਵੀ ਖ਼ਰਾਬ ਹੋ ਗਿਆ ਹੈ। ਸੋਫਿਆਂ ਵਿੱਚ ਸੁਰਾਖ਼ ਹੋ ਗਏ ਹਨ। ਫ਼ਰਸ਼ ਅਤੇ ਫਲੱਸ਼ ਧੱਸ ਗਏ ਹਨ। ਕਮਰਿਆਂ ਅਤੇ ਕੰਧਾਂ ਵਿੱਚ ਵੀ ਤਰੇੜਾਂ ਪੈ ਗਈਆਂ ਹਨ।
ਕਿਰਨ ਬਾਲਾ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਘਰ ਅਤੇ ਫਰਨੀਚਰ ਬਣਾਇਆ ਸੀ।
ਉਨ੍ਹਾਂ ਕਿਹਾ, "ਹੜ੍ਹਾਂ ਕਰਕੇ ਅਸੀਂ ਬੇਘਰ ਹੋ ਗਏ ਸੀ। ਹੁਣ ਜਦੋਂ ਵਾਪਸ ਆਏ, ਸਾਡੇ ਘਰ ਰਹਿਣ ਲਾਇਕ ਨਹੀਂ ਰਹੇ। ਸਾਡੇ ਘਰਾਂ ਵਿੱਚ ਤਰੇੜਾਂ ਪੈ ਗਈਆਂ। ਫ਼ਰਸ਼ ਖਰਾਬ ਹੋ ਗਏ। ਫ਼ਰਨੀਚਰ ਗਲ੍ਹ ਗਿਆ। ਫਲੱਸ਼ਾਂ ਧੱਸ ਗਈਆਂ। ਅਸੀਂ ਝੋਨਾ ਲਾਇਆ, ਨਰਮਾਂ ਚੁਗਿਆ, ਲੋਕਾਂ ਦੇ ਖੇਤਾਂ ਵਿੱਚ ਦਿਹਾੜੀ ਕੀਤੀ ਅਤੇ ਫਿਰ ਪੈਸੇ ਜੋੜਕੇ ਘਰ ਅਤੇ ਫਰਨੀਚਰ ਬਣਾਇਆ ਸੀ।"
"ਹੁਣ ਆਏ ਹੜ੍ਹਾਂ ਨੇ ਇੱਕ ਤਾਂ ਸਾਨੂੰ ਬੇਘਰ ਕੀਤਾ ਅਤੇ ਇਹ ਫ਼ਰਨੀਚਰ ਵੀ ਖ਼ਰਾਬ ਕਰ ਦਿੱਤਾ। ਸਾਡੇ ਕੋਲ ਹੁਣ ਘਰ ਬਣਾਉਣ ਅਤੇ ਫਰਨੀਚਰ ਲੈਣ ਦੀ ਸਮਰੱਥਾ ਨਹੀਂ ਹੈ। ਸਾਡੇ ਬੱਚੇ ਵੀ ਹਨ, ਅਸੀਂ ਉਨ੍ਹਾਂ ਦਾ ਢਿੱਡ ਵੀ ਭਰਨਾ ਹੈ।"
ਅਧਿਕਾਰੀਆਂ ਨੇ ਕੀ ਕਿਹਾ

ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਡਾ. ਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਫਸਲਾਂ ਦੇ ਨੁਕਸਾਨ ਵਾਸਤੇ 65.76 ਕਰੋੜ ਦੇ ਮੁਆਵਜ਼ੇ ਦੀ ਮਨਜ਼ੂਰੀ ਮਿਲ ਚੁੱਕੀ ਹੈ। ਉਸ ਵਿੱਚੋਂ 17.5 ਕਰੋੜ ਦਾ ਮੁਆਵਜ਼ੇ ਵੰਡਿਆ ਜਾ ਚੁੱਕਾ ਹੈ।
ਡਾ. ਮਨਦੀਪ ਕੌਰ ਮੁਤਾਬਕ, "ਘਰਾਂ ਦੇ ਹੋਏ ਨੁਕਸਾਨ ਵਾਸਤੇ ਚਾਰ ਤਰ੍ਹਾਂ ਦੇ ਨੁਕਸਾਨ ਵਾਸਤੇ ਪੈਸਾ ਮਿਲਦਾ ਹੈ। ਇਨ੍ਹਾਂ ਵਿੱਚ ਪੂਰੀ ਛੱਤ ਟਹਿਣ, ਕੁਝ ਹਿੱਸਾ ਟਹਿਣ, ਝੁੱਗੀ ਝੋਪੜੀਆਂ ਦੇ ਨੁਕਸਾਨ ਅਤੇ ਪਸ਼ੂਆਂ ਦੇ ਸ਼ੈੱਡ ਸ਼ਾਮਲ ਹਨ। ਘਰਾਂ ਦੇ ਨੁਕਸਾਨ ਵਾਸਤੇ 25% ਮੁਲਾਂਕਣ ਪੂਰਾ ਹੋ ਗਿਆ ਹੈ ਅਤੇ ਉਸ ਵਾਸਤੇ 5.20 ਕਰੋੜ ਦੇ ਮੁਆਵਜ਼ੇ ਦੀ ਪ੍ਰਵਾਨਗੀ ਮਿਲ ਗਈ ਹੈ। ਬਾਕੀ ਮੁਲਾਂਕਣ ਚੱਲ ਰਿਹਾ ਹੈ।"
ਫ਼ਾਜ਼ਿਲਕਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਕਿਹਾ, "ਅਸੀਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ 24 ਘੰਟੇ ਕੰਮ ਕਰ ਰਹੇ ਹਾਂ। ਹੁਣ ਤੱਕ ਅਸੀਂ ਫ਼ਸਲ ਖ਼ਰਾਬੇ, ਘਰਾਂ ਦੇ ਨੁਕਸਾਨ ਜਾਂ ਹੋਰ ਨੁਕਸਾਨ ਵਾਸਤੇ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਦੇ ਨਿਯਮਾਂ ਮੁਤਾਬਕ 17.5 ਕਰੋੜ ਵੰਡ ਚੁੱਕੇ ਹਾਂ।"
"ਮੁਆਵਜ਼ਾ ਵੰਡਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲਾਭਕਾਰੀਆਂ ਵੱਲੋਂ ਬੈੱਕ ਖਾਤਿਆਂ ਦੀਆਂ ਅਧੂਰੀਆਂ ਜਾਣਕਾਰੀਆਂ ਜਾਂ ਗਲਤ ਜਾਣਕਾਰੀ ਦੇਣ ਨਾਲ ਵੀ ਮੁਆਵਜ਼ਾ ਵੰਡਣ ਵਿੱਚ ਦੇਰੀ ਹੋ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












