You’re viewing a text-only version of this website that uses less data. View the main version of the website including all images and videos.
ਸਵਿਟਜ਼ਰਲੈਂਡ ਦੇ ਬਾਰ ਵਿੱਚ ਅੱਗ ਲੱਗਣ ਕਾਰਨ ਲਗਭਗ 40 ਲੋਕਾਂ ਦੀ ਮੌਤ, ਕਈ ਜ਼ਖਮੀਆਂ ਦੀ ਹਾਲਤ ਗੰਭੀਰ
ਨਵੇਂ ਸਾਲ ਤੋਂ ਪਹਿਲੀ ਸ਼ਾਮ ਸਵਿਟਜ਼ਰਲੈਂਡ ਦੇ ਇੱਕ ਬਾਰ ਵਿੱਚ ਅੱਗ ਲੱਗਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 115 ਜ਼ਖਮੀ ਹੋ ਗਏ ਹਨ। ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਮੁਤਾਬਕ, ਜ਼ਖਮੀਆਂ ਵਿੱਚੋਂ "ਬਹੁਤ ਸਾਰੇ" ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਦਕਿ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।
ਇਹ ਘਟਨਾ ਦੱਖਣ-ਪੱਛਮੀ ਸਵਿਟਜ਼ਰਲੈਂਡ ਦੇ ਕ੍ਰਾਂਸ-ਮੋਂਟਾਨਾ ਵਿੱਚ ਲੇ ਕੰਸਟੇਲੇਸ਼ਨ ਬਾਰ ਵਿੱਚ ਵਾਪਰੀ, ਜਿੱਥੇ ਲੋਕ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ।
ਪੁਲਿਸ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ 01:30 ਵਜੇ ਦੇ ਕਰੀਬ ਵਾਪਰੀ।
ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਇੱਕ ਬਾਰ ਵਿੱਚ ਅੱਗ ਲੱਗਦੀ ਦਿਖਾਈ ਦੇ ਰਹੀ ਹੈ, ਜਿੱਥੇ ਨਵੇਂ ਸਾਲ ਤੋਂ ਪਹਿਲੀ ਸ਼ਾਮ ਦੇ ਜਸ਼ਨ ਮਨਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਇਸ ਹਾਦਸੇ ਨਾਲ ਹੀ ਸਬੰਧਿਤ ਹੈ ਪਰ ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।
ਪੁਲਿਸ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ।
ਲਗਜ਼ਰੀ ਰਿਜ਼ੋਰਟ ਵਿੱਚ ਵਾਪਰੀ ਘਟਨਾ
ਕ੍ਰਾਂਸ-ਮੋਂਟਾਨਾ ਸ਼ਹਿਰ ਵਿੱਚ ਲਗਜ਼ਰੀ ਸਕੀ ਰਿਜ਼ੋਰਟ ਹਨ ਅਤੇ ਇਹ ਸ਼ਹਿਰ ਸਵਿਸ ਐਲਪਸ ਦੇ ਕੇਂਦਰ ਵਿੱਚ ਸਥਿਤ ਹੈ, ਜੋ ਕਿ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਤੋਂ ਲਗਭਗ ਦੋ ਘੰਟੇ ਦੀ ਦੂਰੀ 'ਤੇ ਹੈ।
ਇਹ ਬ੍ਰਿਟਿਸ਼ ਸੈਲਾਨੀਆਂ ਵਿੱਚ ਕਾਫ਼ੀ ਪ੍ਰਸਿੱਧ ਹੈ।
ਸਵਿਸ ਨਿਊਜ਼ ਆਉਟਲੈਟ ਦਾ ਅੰਦਾਜ਼ਾ ਹੈ ਕਿ ਸ਼ਾਇਦ ਇਹ ਅੱਗ ਇੱਕ ਸੰਗੀਤ ਸਮਾਰੋਹ ਦੌਰਾਨ ਆਤਿਸ਼ਬਾਜ਼ੀ ਕਾਰਨ ਲੱਗੀ ਹੋ ਸਕਦੀ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕੇ ਹਨ।
ਬੀਬੀਸੀ ਨੇ ਹਾਦਸੇ ਸਬੰਧੀ ਜਾਣਕਾਰੀ ਲਈ ਸਵਿਸ ਪੁਲਿਸ ਦੇ ਇੱਕ ਬੁਲਾਰੇ ਨਾਲ ਗੱਲਬਾਤ ਕੀਤੀ। ਇਹ ਪੁੱਛੇ ਜਾਣ 'ਤੇ ਕਿ ਘਟਨਾ ਵਿੱਚ ਕਿੰਨੇ ਲੋਕ ਮਾਰੇ ਗਏ ਹਨ, ਤਾਂ ਬੁਲਾਰੇ ਨੇ ਕਿਹਾ, "ਅਸੀਂ ਅਜੇ ਨਹੀਂ ਕਹਿ ਸਕਦੇ। ਕਈ ਲੋਕ।"
ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਵੈਲਾਈਸ ਕੈਂਟੋਨਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਪਡੇਟ ਜਾਰੀ ਕਰੇਗੀ।
ਜਿਵੇਂ ਹੀ ਇਸ ਘਟਨਾ ਸਬੰਧੀ ਹੋਰ ਜਾਣਕਾਰੀ ਮਿਲੇਗੀ, ਇਸ ਖਬਰ ਨਹੀਂ ਅਪਡੇਟ ਕੀਤਾ ਜਾਵੇਗਾ।
ਸੋਸ਼ਲ ਮੀਡੀਆ 'ਤੇ ਸ਼ੇਅਰ ਇੱਕ ਜਾ ਰਹੀ ਇੱਕ ਹੋਰ ਤਸਵੀਰ ਵਿੱਚ ਹਾਦਸੇ ਵਾਲੇ ਬਾਰ ਦੇ ਬਾਹਰ ਸੜਕ 'ਤੇ ਐਂਬੂਲੈਂਸਾਂ ਅਤੇ ਇੱਕ ਫਾਇਰ ਇੰਜਣ ਦਿਖਾਈ ਦੇ ਰਿਹਾ ਹੈ।
ਸਵਿਸ ਰਿਜ਼ੋਰਟ ਸਬੰਧੀ ਹੋਰ ਸੋਸ਼ਲ ਮੀਡੀਆ ਫੁਟੇਜ ਦੀ ਪੁਸ਼ਟੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ