You’re viewing a text-only version of this website that uses less data. View the main version of the website including all images and videos.
ਹਰਿਆਣਾ ਵਿੱਚ ਕਾਲਜ ਵਿਦਿਆਰਥਣਾਂ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਕਾਲਜ ਸੰਚਾਲਕ ਗ੍ਰਿਫਤਾਰ, ਮਾਪੇ ਕੀ ਬੋਲੇ
- ਲੇਖਕ, ਮਨੋਜ ਢਾਕਾ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਕਾਗਸਰ ਪਿੰਡ ਵਿੱਚ ਸਥਿਤ ਖੁਸ਼ੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਛੇੜਛਾੜ ਅਤੇ 'ਜਿਨਸੀ' ਸ਼ੋਸ਼ਣ' ਦੇ ਗੰਭੀਰ ਇਲਜ਼ਾਮ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਲਜ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਪੀੜਤ ਵਿਦਿਆਰਥਣਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੁਲਜ਼ਮ ਦੀ ਬਣਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰੀ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਜਾਂਚ ਜਾਰੀ ਹੈ ਅਤੇ ਉਸੇ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਧਰਨਾ ਦੇ ਰਹੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਕੁਝ ਸੰਤੋਸ਼ ਨਜ਼ਰ ਆਇਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੱਚੀਆਂ ਨੂੰ ਨਿਆਂ ਨਹੀਂ ਮਿਲਦਾ ਅਤੇ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਯਕੀਨੀ ਨਹੀਂ ਬਣਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਕੀ ਹੈ ਮਾਮਲਾ?
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਕਾਗਸਰ ਪਿੰਡ ਵਿੱਚ ਸਥਿਤ ਖੁਸ਼ੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਕਾਲਜ ਦੇ ਗੇਟ ਬਾਹਰ ਦਿਨ-ਰਾਤ ਦਾ ਧਰਨਾ ਲਾ ਕੇ ਬੈਠੀਆਂ ਹਨ।
ਕੜਾਕੇ ਦੀ ਠੰਢ ਵਿੱਚ ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਉੱਤੇ ਕੈਂਪਸ ਵਿੱਚ ਸਹੂਲਤਾਂ ਦੀ ਘਾਟ ਤੋਂ ਲੈ ਕੇ 'ਜਿਨਸੀ ਸ਼ੋਸ਼ਣ' ਤੱਕ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਹਾਲਾਂਕਿ ਕਾਲਜ ਪ੍ਰਸ਼ਾਸਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ 'ਮਾਮਲੇ ਦੀ ਜਾਂਚ ਚੱਲ ਰਹੀ ਹੈ'।
ਇਹ ਵਿਦਿਆਰਥਣਾਂ ਆਪਣੀਆਂ ਮੰਗਾਂ ਨੂੰ ਲੈ ਕੇ 26 ਦਸੰਬਰ 2025 ਤੋਂ ਧਰਨੇ 'ਤੇ ਬੈਠੀਆਂ ਹਨ।
ਧਰਨੇ 'ਤੇ ਬੈਠੀਆਂ ਵਿਦਿਆਰਥਣਾਂ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਦਖਲਅੰਦਾਜ਼ੀ ਕਰਨ ਅਤੇ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਹਨ।
ਵਿਦਿਆਰਥਣਾਂ ਦੇ ਇਲਜ਼ਾਮ ਅਤੇ ਮੰਗਾਂ ਕੀ ਹਨ?
ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਕਾਲਜ ਦੇ ਚੇਅਰਮੈਨ ਦਾ ਵਿਵਹਾਰ ਠੀਕ ਨਹੀਂ ਹੈ।
ਪੀਜੀਆਈਐੱਮਐੱਸ ਰੋਹਤਕ ਦੇ ਉੱਪ-ਕੁੱਲਪਤੀ ਨੂੰ ਲਿਖੇ ਇੱਕ ਪੱਤਰ ਵਿੱਚ ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਕਿ ਚੇਅਰਮੈਨ 'ਰਾਤ ਨੂੰ ਇੱਕ ਵਜੇ ਵੀ ਨਸ਼ੇ ਵਿੱਚ ਕੁੜੀਆਂ ਦੇ ਹਾਸਟਲ ਵਿੱਚ ਆਉਂਦੇ ਹਨ'।
ਪੱਤਰ ਵਿੱਚ ਅੱਗੇ ਲਿਖਿਆ ਹੈ, "ਸਾਡੀਆਂ ਮਾਵਾਂ ਨੂੰ ਵੀ ਹਾਸਟਲ ਵਿੱਚ ਆਉਣ ਦੀ ਆਗਿਆ ਨਹੀਂ ਹੈ। ਕਾਲਜ ਦੀਆਂ 300 ਵਿਦਿਆਰਥਣਾਂ ਲਈ ਸਿਰਫ਼ ਦੋ ਅਧਿਆਪਕ ਹਨ।...ਕਾਲਜ ਵਿੱਚ ਸਾਰੇ ਵਿਦਿਆਰਥੀਆਂ ਨੂੰ ਬੰਧਕਾਂ ਵਾਂਗ ਰੱਖਿਆ ਜਾਂਦਾ ਹੈ।"
ਇਸ ਦੇ ਨਾਲ ਹੀ ਇੱਕ ਹੋਰ ਗੰਭੀਰ ਇਲਜ਼ਾਮ ਲਗਾਉਂਦਿਆ ਲਿਖਿਆ ਹੈ, "ਕਾਲਜ ਵਿੱਚ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ।"
ਵਿਦਿਆਰਥਣਾਂ ਮੁਤਾਬਕ ਉਨ੍ਹਾਂ ਨੇ ਕਾਲਜ ਮੈਨੇਜਮੈਂਟ ਨੂੰ ਚਿੱਠੀ ਭੇਜੀ, ਪਰ ਕੋਈ ਸੁਣਵਾਈ ਨਹੀਂ ਹੋਈ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ, ਹਰਿਆਣਾ ਤੱਕ ਆਪਣੀ ਆਵਾਜ਼ ਪਹੁੰਚਾਈ, ਸਥਾਨਕ ਐੱਸਡੀਐੱਮ ਅਤੇ ਹਰਿਆਣਾ ਮਹਿਲਾ ਆਯੋਗ ਦੀ ਮੁਖੀ ਰੇਣੂ ਭਾਟੀਆ ਨੂੰ ਵੀ ਚਿੱਠੀ ਭੇਜੀ ਪਰ ਉਨ੍ਹਾਂ ਦੀ 'ਕੋਈ ਸੁਣਵਾਈ ਨਹੀਂ ਹੋ ਰਹੀ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਮਿਲਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ।
ਵਿਦਿਆਰਥਣਾਂ ਸੰਸਥਾ ਦੇ ਚੇਅਰਮੈਨ ਜਗਦੀਸ਼ ਚੰਦਰ ਗੋਸਵਾਮੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ।
ਕਾਜਲ ਮੈਨੇਜਮੈਟ ਦਾ ਕੀ ਕਹਿਣਾ ਹੈ?
ਜਦੋਂ ਇਸ ਬਾਰੇ ਮੈਨੇਜਮੈਂਟ ਦੇ ਚੇਅਰਮੈਨ ਜਗਦੀਸ਼ ਚੰਦਰ ਗੋਸਵਾਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਬੇਟੇ ਐਡਵੋਕੇਟ ਅਮਨ ਗੋਸਵਾਮੀ ਨੇ ਕਿਹਾ ਕਿ ਵਿਦਿਆਰਥਣਾਂ ਨੇ ਫੀਸ ਨੂੰ ਲੈ ਕੇ ਮੈਨੇਜਮੈਂਟ ਨੂੰ ਅਰਜ਼ੀ ਭੇਜੀ ਸੀ।
ਉਨ੍ਹਾਂ ਨੇ ਦੱਸਿਆ, "ਅਸੀਂ ਕੁਝ ਦਿਨ ਪਹਿਲਾਂ ਫੀਸ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਵਿਦਿਆਰਥਣਾਂ ਨੇ ਇਸ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਫੀਸ ਵਾਪਸ ਲੈ ਲਈ ਗਈ।"
ਅਮਨ ਗੋਸਵਾਮੀ ਦੇ ਅਨੁਸਾਰ, "ਵਿਦਿਆਰਥਣਾਂ ਨੂੰ ਬਾਹਰੀ ਤਾਕਤਾਂ ਵੱਲੋਂ ਉਕਸਾਇਆ ਜਾ ਰਿਹਾ ਹੈ।"
ਉਨ੍ਹਾਂ ਨੇ ਦੱਸਿਆ ਕਿ ਰੇਣੂ ਭਾਟੀਆ ਕਾਲਜ ਆਏ ਅਤੇ ਵਿਦਿਆਰਥਣਾਂ ਨਾਲ ਗੱਲ ਕੀਤੀ। ਕੁਝ ਵਿਦਿਆਰਥਣਾਂ ਨੇ ਹੋਸਟਲ ਛੱਡਣ ਦੀ ਅਰਜ਼ੀ ਦਿੱਤੀ ਪਰ ਬਾਅਦ ਵਿੱਚ ਕਿਹਾ ਕਿ ਉਹ ਹੋਸਟਲ ਨਹੀਂ ਛੱਡਣਗੀਆਂ।
ਮੈਨੇਜਮੈਂਟ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਦੀਆਂ ਸਭ ਮੰਗਾਂ ਮੰਨ ਲਈਆਂ ਗਈਆਂ ਹਨ। ਉਸ ਤੋਂ ਬਾਅਦ ਵਿਦਿਆਰਥਣਾਂ ਕਹਿ ਰਹੀਆਂ ਹਨ ਕਿ ਕਾਲਜ ਬੰਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵਿਦਿਆਰਥਣ 'ਤੇ ਕੇਸ ਵੀ ਦਰਜ ਨਹੀਂ ਕਰਵਾਇਆ, ਪਰ ਇਸ ਸਭ ਦੇ ਪਿੱਛੇ ਕੋਈ ਹੈ।
ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਕੀ ਕਿਹਾ?
ਮਹਿਲਾ ਕਮਿਸ਼ਨ ਦੇ ਪ੍ਰਧਾਨ ਰੇਣੂ ਭਾਟੀਆ ਵੀ ਕਾਲਜ ਵਿੱਚ ਵਿਦਿਆਰਥਣਾਂ ਨੂੰ ਮਿਲਣ ਪਹੁੰਚੇ ਸਨ।
ਰੇਣੂ ਭਾਟੀਆ ਨੇ ਬੀਬੀਸੀ ਪੰਜਾਬੀ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ, "ਡਿਪਟੀ ਕਮਿਸ਼ਨਰ ਦੀ ਰਿਪੋਰਟ ਮਿਲਣ ਤੋਂ ਬਾਅਦ ਮੈਂ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।''
ਪੁਲਿਸ ਦਾ ਕੀ ਕਹਿਣਾ ਹੈ
ਹਾਂਸੀ ਦੇ ਐੱਸਪੀ ਅਮਿਤ ਯਸ਼ਵਰਧਨ ਨੇ ਕਿਹਾ ਕਿ ਇਸ ਮਾਮਲੇ ਵਿੱਚ "ਅਸੀਂ ਕੁਝ ਨਹੀਂ ਕਹਾਂਗੇ।"
ਉੱਧਰ ਨਾਰਨੌਂਦ ਦੇ ਐੱਸਐੱਚਓ ਰਮੇਸ਼ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ।
ਉਹਨਾਂ ਕਿਹਾ, "ਜਾਂਚ ਚੱਲ ਰਹੀ ਹੈ ਅਤੇ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।"
ਵਿਦਿਆਰਥਣਾਂ ਦੇ ਸਮਰਥਨ 'ਤੇ ਸਿਆਸੀ ਬਿਆਨ
ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਨਿਰਪੱਖ ਕਾਰਵਾਈ ਨਾ ਹੋਣਾ ਚਿੰਤਾਜਨਕ ਹੈ। ਉਨ੍ਹਾਂ ਨੂੰ ਕੜਾਕੇ ਦੀ ਠੰਢ ਵਿੱਚ ਧਰਨਾ ਦੇਣ ਲਈ ਮਜਬੂਰ ਕੀਤਾ ਜਾਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਟਵੀਟ ਕੀਤਾ, "ਵਿਦਿਆਰਥਣਾਂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ ਅਤੇ ਧਰਨਾ ਬਹੁਤ ਹੀ ਚਿੰਤਾਜਨਕ ਹੈ। ਠੰਢੀਆਂ ਰਾਤਾਂ ਵਿੱਚ ਕਾਲਜ ਦੇ ਮੁੱਖ ਗੇਟ ਦੇ ਸਾਹਮਣੇ ਬੈਠ ਕੇ ਪ੍ਰਦਰਸ਼ਨ ਕਰਨਾ ਇਹ ਸਾਬਤ ਕਰਦਾ ਹੈ ਕਿ ਵਿਦਿਆਰਥਣਾਂ ਸਿਆਸੀ ਮਕਸਦ ਲਈ ਨਹੀਂ, ਬਲਕਿ ਆਪਣੇ ਸਨਮਾਨ, ਸੁਰੱਖਿਆ ਅਤੇ ਭਵਿੱਖ ਨੂੰ ਲੈ ਕੇ ਮਜਬੂਰੀ ਵਿੱਚ ਸੜਕਾਂ 'ਤੇ ਉਤਰੀਆਂ ਹਨ।"
"ਇਹ ਮਾਮਲਾ ਸਿਰਫ਼ ਇੱਕ ਕਾਲਜ ਤੱਕ ਸੀਮਿਤ ਨਹੀਂ ਹੈ, ਬਲਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਅਤੇ ਕੁੜੀਆਂ ਦੀ ਸੁਰੱਖਿਆ 'ਤੇ ਸਿੱਧਾ ਸਵਾਲ ਚੁੱਕਦਾ ਹੈ।"
ਵਿਧਾਇਕਾ ਨੇ ਕਿਹਾ ਕਿ ਵਿਦਿਆਰਥਣਾਂ ਵੱਲੋਂ ਕਾਲਜ ਪ੍ਰਬੰਧਨ ਉੱਤੇ ਲਗਾਏ ਗਏ ਇਲਜ਼ਾਮਾਂ ਦੀ ਨਿਰਪੱਖ, ਪਾਰਦਰਸ਼ੀ ਅਤੇ ਤੇਜ਼ ਜਾਂਚ ਹੋਣਾ ਜ਼ਰੂਰੀ ਹੈ। ਸਿੱਖਿਆ ਸੰਸਥਾਵਾਂ ਦਾ ਮਕਸਦ ਸੁਰੱਖਿਅਤ ਅਤੇ ਮਾਣਮੱਤੇ ਵਾਲਾ ਵਾਤਾਵਰਣ ਪ੍ਰਦਾਨ ਕਰਨਾ ਹੈ, ਪਰ ਵਿਦਿਆਰਥਣਾਂ ਨੂੰ ਅਸੁਰੱਖਿਆ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਸਿਸਟਮ ਦੀ ਵੱਡੀ ਨਾਕਾਮੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ