ਅਮਰੀਕਾ ਜਾਂ ਸਾਊਦੀ ਅਰਬ? ਕਿਸ ਦੇਸ਼ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਪੰਜ ਸਾਲਾਂ 'ਚ ਡਿਪੋਰਟ ਕੀਤਾ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਬੇਸ਼ੱਕ ਅਮਰੀਕਾ ਵੱਲੋਂ ਇਸ ਸਾਲ ਫਰਵਰੀ ਵਿੱਚ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਮੁੱਦਾ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਪਰ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2025 ਵਿੱਚ ਸਭ ਤੋਂ ਵੱਧ ਭਾਰਤੀਆਂ ਨੂੰ ਸਾਊਦੀ ਅਰਬ ਤੋਂ ਡਿਪੋਰਟ ਕੀਤਾ ਗਿਆ।

ਰਾਜ ਸਭਾ ਵਿੱਚ 18 ਦਸੰਬਰ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਸਾਲ 2025 ਵਿੱਚ ਸਾਊਦੀ ਅਰਬ ਤੋਂ 10, 884 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।

ਖ਼ਬਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਸਾਲ 2024 ਵਿੱਚ ਸਾਊਦੀ ਅਰਬ ਵਿੱਚ 2.4 ਮਿਲੀਅਨ ਭਾਰਤੀ ਕਾਮੇ ਰਹਿੰਦੇ ਸਨ। ਸਾਊਦੀ ਅਰਬ ਵਿੱਚ ਬੰਗਲਾਦੇਸ਼ੀ ਕਾਮਿਆਂ ਦੀ 2.69 ਮਿਲੀਅਨ ਵਸੋਂ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ।

ਸਾਊਦੀ ਅਰਬ ਵਿੱਚ ਔਰਤਾਂ ਸਮੇਤ ਬਹੁਤ ਸਾਰੇ ਭਾਰਤੀ ਰਾਜ ਮਿਸਤਰੀ, ਡਰਾਇਵਰੀ ਅਤੇ ਘਰੇਲੂ ਸਹਾਇਕ ਦੇ ਤੌਰ 'ਤੇ ਕੰਮ ਕਰਨ ਲਈ ਜਾਂਦੇ ਹਨ। ਸਾਊਦੀ ਅਰਬ ਦੇ 'ਕਿਰਤ ਬਾਜ਼ਾਰ ਵਿੱਚ ਭਾਰਤੀ ਕਾਮਿਆਂ ਦੀ ਵੱਡੀ ਭੂਮਿਕਾ ਹੈ'।

ਕਿਸੇ ਦੇਸ਼ 'ਚੋਂ ਕਿੰਨੇ ਭਾਰਤੀ ਡਿਪੋਰਟ ਹੋਏ?

ਰਾਜ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਸਾਊਦੀ ਅਰਬ ਦੇ ਰਿਆਦ ਤੋਂ ਸਾਲ 2021 ਵਿੱਚ 8887, ਸਾਲ 2022 ਵਿੱਚ 10,277, ਸਾਲ 2023 ਵਿੱਚ 11486, ਸਾਲ 2024 ਵਿੱਚ 9206 ਅਤੇ ਸਾਲ 2025 ਵਿੱਚ 7019 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।

ਇਸ ਦੇ ਨਾਲ ਹੀ ਸਾਊਦੀ ਦੇ ਜੇਦਾਹ ਤੋਂ ਸਾਲ 2021 ਵਿੱਚ 2943, ਸਾਲ 2022 ਵਿੱਚ 6045, ਸਾਲ 2023 ਵਿੱਚ 4065, ਸਾਲ 2024 ਵਿੱਚ 4455 ਅਤੇ ਸਾਲ 2025 ਵਿੱਚ 3865 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।

ਦੂਜੇ ਪਾਸੇ ਅਮਰੀਕਾ ਤੋਂ ਸਾਲ 2021 ਤੋਂ 2025 ਤੱਕ 7824 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।

ਭਾਰਤ ਦੇ ਕੌਂਸਲੇਟ ਜਨਰਲ ਸੈਨ ਫਰਾਂਸਿਸਕੋ, ਅਟਲਾਂਟਾ, ਨਿਊ ਯਾਰਕ, ਹਿਊਸਟਨ, ਸ਼ਿਕਾਗੋ ਅਤੇ ਵਾਸ਼ਿੰਗਟਨ ਡੀ.ਸੀ. ਦੇ ਵੇਰਵਿਆਂ ਅਨੁਸਾਰ ਸਾਲ 2021 ਵਿੱਚ 888, ਸਾਲ 2022 ਵਿੱਚ 963, ਸਾਲ 2023 ਵਿੱਚ 686, ਸਾਲ 2024 ਵਿੱਚ 1475 ਅਤੇ ਸਾਲ 2025 ਵਿੱਚ ਵਿੱਚ 3812 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।

ਡਿਪੋਰਟ ਹੋਣ ਦੇ ਕੀ ਕਾਰਨ ਰਹੇ?

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਮੁਤਾਬਕ ਵੱਖ-ਵੱਖ ਦੇਸ਼ਾਂ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੇ ਕਈ ਤਰ੍ਹਾਂ ਦੇ ਕਾਰਨ ਹਨ।

ਕੀਰਤੀ ਵਰਧਨ ਸਿੰਘ ਨੇ ਲਿਖਤੀ ਜਵਾਬ ਵਿੱਚ ਕਿਹਾ, "ਵਿਦੇਸ਼ਾਂ ਵਿੱਚ ਭਾਰਤੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ (ਡਿਪੋਰਟ) ਦੇਣ ਦੇ ਕਈ ਕਾਰਨ ਹਨ। ਇਹਨਾਂ ਵਿੱਚ ਵੀਜ਼ਾ ਜਾਂ ਰੈਜ਼ੀਡੈਂਸੀ ਕਾਰਡ ਦੀ ਮਿਆਦ ਤੋਂ ਵੱਧ ਸਮਾਂ ਰਹਿਣਾ, ਵਰਕ ਪਰਮਿਟ ਤੋਂ ਬਿਨਾਂ ਕੰਮ ਕਰਨਾ, ਕਿਰਤ ਨਿਯਮਾਂ ਦੀ ਉਲੰਘਣਾ ਕਰਨਾ, ਮਾਲਕ ਤੋਂ ਫਰਾਰ ਹੋਣਾ ਅਤੇ ਸਿਵਲ ਜਾਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਆਦਿ ਸ਼ਾਮਲ ਹਨ।"

ਉਹਨਾਂ ਕਿਹਾ, "ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਭਾਰਤ ਸਰਕਾਰ ਨੇ ਸਮੇਂ-ਸਮੇਂ 'ਤੇ ਸਬੰਧਤ ਸਰਕਾਰ ਨਾਲ ਰਾਜਨੀਤਿਕ ਪੱਧਰ 'ਤੇ ਇਹ ਮੁੱਦੇ ਚੁੱਕੇ ਹਨ।"

ਸਾਊਦੀ ਅਰਬ ਵਿੱਚ ਅੱਠ ਸਾਲ ਰਾਜ ਮਿਸਤਰੀ ਦਾ ਕੰਮ ਕਰ ਚੁੱਕੇ ਲੁਧਿਆਣਾ ਜ਼ਿਲ੍ਹੇ ਦੇ ਗੁਰਬਖਸ਼ ਸਿੰਘ ਕਹਿੰਦੇ ਹਨ, "ਸਾਊਦੀ ਅਰਬ ਦੇ ਕਾਨੂੰਨ ਬਹੁਤ ਸਖ਼ਤ ਹਨ ਪਰ ਉਹ ਕਿਸੇ ਦਾ ਹੱਕ ਨਹੀਂ ਮਾਰਦੇ। ਜੇਕਰ ਗਲਤੀ ਕਰਾਂਗੇਂ ਤਾਂ ਕੋਈ ਵੀ ਕੰਪਨੀ ਹੋਵੇ, ਉਹ ਵਾਪਸ ਭੇਜੇਗੀ। ਔਰਤਾਂ ਨਾਲ ਵਿਵਹਾਰ ਠੀਕ ਰੱਖਣਾ ਪੈਂਦਾ ਹੈ, ਦਿਨ ਵਿੱਚ ਪੰਜ ਵਾਰ ਨਮਾਜ਼ ਹੁੰਦੀ ਹੈ ਅਤੇ ਉਸ ਸਮੇਂ ਅੱਧਾ ਘੰਟਾ ਕੰਮ ਨਹੀਂ ਕਰਨਾ, ਸਗੋਂ ਬੈਠਣਾ ਹੈ।"

ਸਾਊਦੀ ਅਰਬ ਵਿੱਚ ਕਿੰਨੀ ਕੁ ਕਮਾਈ ਹੁੰਦੀ ਹੈ?

ਗੁਰੂ ਕਾਸ਼ੀ, ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਅਰਥ-ਸਾਸ਼ਤਰ ਦੇ ਸਹਾਇਕ ਪ੍ਰੋਫੈਸਰ ਬਲਦੇਵ ਸਿੰਘ ਸ਼ੇਰਗਿੱਲ ਮੁਤਾਬਕ ਪੰਜਾਬ ਵਿੱਚੋਂ ਸਾਊਦੀ ਅਰਬ ਜਾਂ ਹੋਰ ਅਰਬ ਦੇਸ਼ਾਂ ਵਿੱਚ ਜ਼ਿਆਦਾਤਰ ਬੇਜ਼ਮੀਨੇ ਲੋਕ ਜਾਂਦੇ ਹਨ।

ਬਲਦੇਵ ਸਿੰਘ ਸ਼ੇਰਗਿੱਲ ਕਹਿੰਦੇ ਹਨ, "ਪੰਜਾਬ ਵਿੱਚ ਛੋਟੀ ਕਿਸਾਨੀ ਜਾਂ ਬੇਜ਼ਮੀਨੇ ਲੋਕ ਅਰਬ ਦੇਸ਼ਾਂ ਵਿੱਚ ਕੰਮ ਦੀ ਤਲਾਸ਼ ਲਈ ਜਾਂਦੇ ਹਨ। ਇਸ ਦੇ ਨਾਲ ਹੀ ਉਹ ਵਰਗ ਵੀ ਇਹਨਾਂ ਦੇਸ਼ਾਂ ਵਿੱਚ ਜਾ ਰਿਹਾ ਹੈ ਜਿੰਨ੍ਹਾਂ ਦੇ ਬਜ਼ੁਰਗ ਪਹਿਲਾਂ ਟਰਾਂਸਪੋਰਟ ਜਾਂ ਹੋਰ ਛੋਟੇ-ਛੋਟੇ ਕੰਮਾਂ ਵਿੱਚ ਸਨ। ਇਹਨਾਂ ਲੋਕਾਂ ਤੋਂ ਇਲਾਵਾ ਸਾਊਦੀ ਅਰਬ ਵਿੱਚ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਜਾਂਦੀਆਂ ਹਨ। ਜੀ.ਐੱਨ.ਐੱਮ. ਜਾਂ ਏ.ਐੱਨ.ਐੱਮ. ਕਰਕੇ ਕੁੜੀਆਂ ਨੈਨੀ ਦੇ ਕੰਮ ਲਈ ਅਰਬ ਦੇਸ਼ਾਂ ਵਿੱਚ ਕੰਮ ਕਰਦੀਆਂ ਹਨ।"

ਬਲਦੇਵ ਸਿੰਘ ਸ਼ੇਰਗਿੱਲ ਮੁਤਾਬਕ ਭਾਵੇਂ ਰਾਜ ਮਿਸਤਰੀ, ਵੈਲਡਿੰਗ ਦਾ ਕੰਮ ਕਰਨ ਵਾਲੇ ਅਤੇ ਹੋਰ ਕਿੱਤਿਆਂ ਨਾਲ ਜੁੜੇ ਲੋਕ ਅਰਬ ਦੇਸ਼ਾਂ ਵਿੱਚ ਕਾਫ਼ੀ ਜਾ ਰਹੇ ਹਨ ਪਰ ਸਭ ਤੋਂ ਵੱਧ ਲੋਕ ਡਰਾਈਵਰੀ ਦੇ ਖੇਤਰ ਨਾਲ ਜੁੜੇ ਹੋਏ ਹਨ।

ਸ਼ੇਰਗਿੱਲ ਕਹਿੰਦੇ ਹਨ, "ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਚਾਲੀ ਤੋਂ ਪੰਜਾਹ ਹਜ਼ਾਰ ਰੁਪਏ ਮਹੀਨੇ ਦੀ ਆਮਦਨ ਹੋ ਜਾਂਦੀ ਹੈ। ਹਾਲਾਂਕਿ ਗੈਰ-ਸਗੰਠਿਤ ਖੇਤਰ ਵਿੱਚ ਸਾਡੇ ਦੇਸ਼ ਵਿੱਚ ਲੋਕਾਂ ਨੂੰ 15 ਤੋਂ 17 ਹਜ਼ਾਰ ਰੁਪਏ ਦਾ ਔਸਤਨ ਕੰਮ ਮਿਲਦਾ ਹੈ।"

ਉਹ ਕਹਿੰਦੇ ਹਨ, "ਏ.ਐੱਨ.ਐੱਮਜ਼. ਨੂੰ ਤਾਂ ਇੱਥੇ ਹੋਰ ਵੀ ਘੱਟ ਤਨਖ਼ਾਹ ਮਿਲਦੀ ਹੈ। ਉਹਨਾਂ ਨੂੰ ਕਰੀਬ ਸੱਤ-ਅੱਠ ਹਜ਼ਾਰ ਰੁਪਏ ਔਸਤਨ ਮਿਲਦੇ ਹਨ। ਇੱਥੇ ਉਹਨਾਂ ਦੀਆਂ ਕੰਮ ਦੀਆਂ ਹਾਲਤਾਂ ਵੀ ਜ਼ਿਆਦਾ ਚੰਗੀਆਂ ਨਹੀਂ ਹਨ ਪਰ ਉੱਥੇ ਉਹਨਾਂ ਨੂੰ ਪੰਜਾਹ ਹਜ਼ਾਰ ਦੇ ਕਰੀਬ ਤਨਖ਼ਾਹ ਮਿਲ ਜਾਂਦੀ ਹੈ ਅਤੇ ਵਰਕਿੰਗ ਕੰਡੀਸ਼ਨਾਂ ਵੀ ਚੰਗੀਆਂ ਹੁੰਦੀਆਂ ਹਨ। ਨੈਨੀ ਦੇ ਕੰਮ ਨੂੰ ਉੱਥੇ ਵੀ ਕਾਫੀ ਪਹਿਲ ਦਿੱਤੀ ਜਾਂਦੀ ਹੈ।"

ਸਾਊਦੀ ਅਰਬ ਵਿੱਚ ਕੰਮ ਤੋਂ ਆਮਦਨ ਬਾਰੇ ਦੱਸਦੇ ਹੋਏ ਗੁਰਬਖਸ਼ ਸਿੰਘ ਕਹਿੰਦੇ ਹਨ ਕਿ ਉੱਥੇ ਰੋਜ਼ਾਨਾ ਦੀ ਦਿਹਾੜੀ ਅਤੇ ਓਵਰ ਟਾਈਮ ਲਗਾ ਕੇ ਚੰਗੀ ਕਮਾਈ ਹੋ ਸਕਦੀ ਹੈ।

ਗੁਰਬਖਸ਼ ਸਿੰਘ ਮੁਤਾਬਕ, "ਮੈਨੂੰ ਉੱਥੇ ਚੰਗੀ ਤਨਖ਼ਾਹ ਮਿਲ ਜਾਂਦੀ ਸੀ। ਮੈਂ ਦਿਹਾੜੀ ਦੇ ਨਾਲ-ਨਾਲ ਓਵਰ ਟਾਇਮ ਕਰਕੇ ਕਰੀਬ 78 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਸੀ। ਡਰਾਇਵਰੀ ਦੇ ਖੇਤਰ ਵਿੱਚ ਵੀ ਉੱਥੇ ਕਾਫੀ ਚੰਗੀ ਕਮਾਈ ਹੁੰਦੀ ਹੈ।"

ਸ਼ੇਰਗਿੱਲ ਕਹਿੰਦੇ ਹਨ, "ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਦੁਆਬੇ ਵਾਲੇ ਪਾਸੇ ਤੋਂ ਲੋਕ ਜ਼ਿਆਦਾ ਜਾਂਦੇ ਹਨ ਪਰ ਹੁਣ ਮਾਲਵੇ ਦੇ ਜ਼ਿਲ੍ਹਿਆਂ ਵਿੱਚੋਂ ਵੀ ਲੋਕ ਇਹਨਾਂ ਦੇਸ਼ਾਂ ਵਿੱਚ ਜਾ ਰਹੇ ਹਨ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)