ਗਦਰੀ ਗੁਲਾਬ ਕੌਰ ਕੌਣ ਸਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਅਤੇ ਗਦਰੀ ਘੋਲ ਪੁਗਾਉਣ ਲਈ ਪਤੀ ਨੂੰ ਛੱਡਿਆ

ਤਸਵੀਰ ਸਰੋਤ, amritmahotsav.nic.in
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਪਤਾ ਨਹੀਂ ਕਿੰਨੇ ਹੀ ਦ੍ਰਿੜ ਇਰਾਦੇ ਵਾਲੀ ਔਰਤ ਹੋਵੇਗੀ ਉਹ ,ਜਿਸ ਨੇ ਉਨ੍ਹਾਂ ਸਮਿਆਂ ਵਿੱਚ ਉਹ ਕੀਤਾ ਜੋ ਫੈਸਲਾ ਕਰਨ ਬਾਰੇ ਸ਼ਾਇਦ ਅੱਜ ਦੀ ਔਰਤ ਵੀ ਹਿੰਮਤ ਨਾ ਕਰ ਸਕੇ।"
ਇਹ ਲਫਜ਼ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖ਼ਸ਼ੀਵਾਲਾ ਦੀ ਗਦਰੀ ਗੁਲਾਬ ਕੌਰ ਬਾਰੇ ਦੱਸਦੇ ਹੋਏ ਸ਼ਿੰਦਰਪਾਲ ਕੌਰ ਨੇ ਮਾਣ ਨਾਲ ਕਹੇ।
ਸੰਗਰੂਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਬਖ਼ਸ਼ੀਵਾਲਾ, ਜੋ ਆਪਣੇ ਪਿੰਡ ਦੀ ਧੀ ਗ਼ਦਰੀ ਗੁਲਾਬ ਕੌਰ ਦੀ 100ਵੀਂ ਬਰਸੀ ਮਨਾ ਰਿਹਾ ਹੈ। ਇੱਥੇ ਇੱਕ ਸਦੀ ਪਹਿਲਾਂ ਜੰਮੀ ਗ਼ਦਰੀ ਗੁਲਾਬ ਕੌਰ ਨੇ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਿਆ ਸੀ।
ਉਸੇ ਧਰਤੀ 'ਤੇ ਲੋਕ ਉਨ੍ਹਾਂ ਦੀ ਯਾਦ ਵਿੱਚ 100 ਸਾਲਾ ਬਰਸੀ ਸਮਾਗਮ ਮਨਾ ਰਹੇ ਹਨ। ਉਨ੍ਹਾਂ ਦੀ ਕੁਰਬਾਨੀ ਅਤੇ ਹਿੰਮਤ ਨੂੰ ਨਾਟਕਾਂ, ਭਾਸ਼ਣਾਂ ਅਤੇ ਗੀਤਾਂ ਰਾਹੀਂ ਯਾਦ ਕੀਤਾ ਜਾ ਰਿਹਾ ਹੈ।
ਇਤਿਹਾਸਕਾਰਾਂ ਅਤੇ ਪਿੰਡ ਦੇ ਲੋਕਾਂ ਮੁਤਾਬਕ ਗੁਲਾਬ ਕੌਰ ਦਾ ਜਨਮ ਸਾਲ 1890 ਦੇ ਆਸਪਾਸ ਹੋਇਆ ਸੀ, ਹਾਲਾਂਕਿ ਉਨ੍ਹਾਂ ਦੀ ਅਸਲ ਜਨਮ ਮਿਤੀ ਬਾਰੇ ਕੋਈ ਪੁਖਤਾ ਸਰੋਤ ਨਹੀਂ ਮਿਲਦੇ।
ਪਿੰਡ ਵਾਲੇ ਇਤਿਹਾਸਕ ਤੱਥਾਂ ਮੁਤਾਬਕ, ਉਹ ਦੱਸਦੇ ਹਨ ਕਿ ਪਿੰਡ ਦੀ ਇੱਕ ਜਗ੍ਹਾ 'ਤੇ ਬਣੇ ਡੇਰੇ ਦੇ ਮਹੰਤ ਕੋਲੋਂ ਗੁਲਾਬ ਕੌਰ ਨੇ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖੀ।

ਮਾਨ ਸਿੰਘ ਨਾਲ ਵਿਆਹ ਅਤੇ ਮਨੀਲਾ ਤੋਂ ਵਾਪਸ ਆਉਣਾ
ਗੁਲਾਬ ਕੌਰ ਬਾਰੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਵੈਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਵਿਆਹ ਨਜ਼ਦੀਕੀ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਜਣੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਮਨੀਲਾ ਪਰਵਾਸ ਕਰ ਗਏ। ਇੱਥੋਂ ਉਨ੍ਹਾਂ ਨੇ ਅੱਗੇ ਅਮਰੀਕਾ ਜਾਣਾ ਸੀ।
ਪਰ ਦੇਸ਼ ਲਈ ਪਿਆਰ ਕਰਕੇ ਗੁਲਾਬ ਕੌਰ ਨੇ ਅਜਿਹਾ ਰਾਹ ਚੁਣਿਆ ਜੋ ਉਨ੍ਹਾਂ ਨੂੰ ਅਮਰੀਕਾ ਲੈ ਜਾਣ ਦੀ ਬਜਾਏ ਭਾਰਤ ਵਾਪਸ ਲੈ ਆਇਆ।
ਮਨੀਲਾ ਵਿੱਚ ਮਾਨ ਸਿੰਘ ਨੇ ਇੱਕ ਗ਼ਦਰੀ ਸਭਾ ਵਿੱਚ ਸ਼ਿਰਕਤ ਕੀਤੀ ਅਤੇ ਦੋਵੇਂ ਜਣੇ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਗਏ। ਕੁਝ ਸਮੇਂ ਬਾਅਦ ਮਾਨ ਸਿੰਘ ਨੇ ਗ਼ਦਰ ਲਹਿਰ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਪਰ ਮਾਤਾ ਗੁਲਾਬ ਕੌਰ ਆਪਣੇ ਕੌਲ ਉੱਪਰ ਟਿਕੇ ਰਹੇ। ਦੇਸ਼ ਦੀ ਅਜ਼ਾਦੀ ਲਈ ਉਨ੍ਹਾਂ ਨੇ ਆਪਣੇ ਪਤੀ ਨੂੰ ਵੀ ਛੱਡ ਦਿੱਤਾ।
ਉਹ ਫਿਲੀਪੀਨਜ਼ ਦੇ 40 ਹੋਰ ਗ਼ਦਰੀਆਂ ਨਾਲ ਐੱਸਐੱਸ ਕੋਰੀਆ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਏ ਜੱਥੇ ਦਾ ਹਿੱਸਾ ਬਣ ਗਏ। ਸਿੰਗਾਪੁਰ ਤੋਂ ਜੱਥਾ ਐੱਸਐੱਸ ਕੋਰੀਆ ਛੱਡ ਕੇ ਤੋਸ਼ਾ ਮਾਰੂ ਵਿੱਚ ਸਵਾਰ ਹੋ ਗਿਆ। ਭਾਰਤ ਪਹੁੰਚਣ ਉੱਤੇ ਗੁਲਾਬ ਕੌਰ ਕੁਝ ਹੋਰ ਗ਼ਦਰੀਆਂ ਨਾਲ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਵਿੱਚ ਸਰਗਰਮ ਰਹੇ।

ਗੁਲਾਬ ਕੌਰ ਨੂੰ ਦੇਸ਼ ਪਰਤਣ ਦੀ ਤਾਂਘ ਕਿਵੇਂ ਹੋਈ
ਗੁਲਾਬ ਕੌਰ 'ਤੇ ਕਿਤਾਬ ਲਿਖ ਚੁੱਕੇ ਡਾ. ਰਘਵੀਰ ਕੌਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਗਦਰੀ ਗੁਲਾਬ ਕੌਰ ਨੂੰ ਇਸ ਦੁਨੀਆ ਤੋਂ ਵਿਦਾ ਹੋਏ 100 ਸਾਲ ਹੋ ਗਏ ਹਨ, ਪਰ ਉਹ ਅੱਜ ਵੀ ਵਿਚਾਰਧਾਰਕ ਤੌਰ 'ਤੇ ਸਾਡੇ ਲੋਕਾਂ ਵਿੱਚ ਜਿਉਂਦੇ ਹਨ।
ਉਹ ਕਹਿੰਦੇ ਹਨ ਕਿ ਬੀਬੀ ਗੁਲਾਬ ਕੌਰ ਦੇ ਮਾਤਾ-ਪਿਤਾ ਬਾਰੇ ਕੋਈ ਅਧਿਕਾਰਿਤ ਤੱਥ ਨਹੀਂ ਮਿਲਦੇ ਸਨ, ਜਿਸ ਕਾਰਨ ਸਮਝਿਆ ਜਾਂਦਾ ਸੀ ਕਿ ਬੀਬੀ ਗੁਲਾਬ ਕੌਰ ਦਾ ਕੋਈ ਵਾਰਸ ਨਹੀਂ। ਪਰ ਉਨ੍ਹਾਂ ਦੀ ਬਰਸੀ ਮੌਕੇ ਹੋਏ ਸਮਾਗਮ ਰਾਹੀਂ ਪਿੰਡ ਬਖ਼ਸ਼ੀਵਾਲਾ ਦੇ ਲੋਕਾਂ ਨੇ ਇਹ ਸਾਬਤ ਕੀਤਾ ਹੈ ਕਿ ਉਸਦੇ ਵਾਰਸ ਅਜੇ ਵੀ ਜਿਉਂਦੇ ਹਨ।
ਉਹ ਕਹਿੰਦੇ ਹਨ, "ਲੋਕ ਬ੍ਰਿਟਿਸ਼ ਸਰਕਾਰ ਦਾ ਨਾਮ ਲੈਣ ਤੋਂ ਵੀ ਡਰਦੇ ਸਨ, ਉਸ ਸਮੇਂ ਵਿੱਚ ਇੱਕ ਔਰਤ ਵੱਲੋਂ ਮੌਜੂਦਾ ਹਕੂਮਤ ਨਾਲ ਟੱਕਰ ਲੈਣਾ ਬਹੁਤ ਵੱਡੀ ਗੱਲ ਸੀ। ਉਨ੍ਹਾਂ ਨੇ ਨਾ ਸਿਰਫ਼ ਟੱਕਰ ਲਈ ਸਗੋਂ ਹੋਰਨਾਂ ਨੂੰ ਵੀ ਵੰਗਾਰਿਆ ਕਿ ਅਜ਼ਾਦੀ ਲਈ ਲੜਿਆ ਜਾਵੇ।"
ਡਾ. ਰਘਵੀਰ ਕੌਰ ਮੁਤਾਬਕ ਗੁਲਾਬ ਕੌਰ ਦੀ ਰਾਜਨੀਤਿਕ ਸੋਝੀ ਦਾ ਮੁੱਖ ਕਾਰਨ ਉਸ ਸਮੇਂ ਗ਼ਦਰ ਪਾਰਟੀ ਵੱਲੋਂ ਕੱਢਿਆ ਜਾਣ ਵਾਲਾ ਗਦਰ ਅਖ਼ਬਾਰ ਸੀ। ਉਹ ਕਹਿੰਦੇ ਹਨ ਕਿ ਉਸ ਸਮੇਂ ਇਹ ਅਖ਼ਬਾਰ ਮਨੀਲਾ ਦੇ ਗੁਰਦੁਆਰੇ ਵਿੱਚ ਆਉਂਦਾ ਸੀ ਅਤੇ ਲੋਕਾਂ ਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ ਜਾਂਦਾ ਸੀ।
ਬੀਬੀ ਗੁਲਾਬ ਕੌਰ ਨੇ ਬਚਪਨ ਤੋਂ ਹੀ ਗੁਰਮੁਖੀ ਪੜ੍ਹਨੀ ਸਿੱਖ ਲਈ ਸੀ ਅਤੇ ਉਨ੍ਹਾਂ ਨੂੰ ਉਰਦੂ ਵੀ ਪੜ੍ਹਨੀ ਆਉਂਦੀ ਸੀ ਇਸ ਲਈ ਉਹ ਖੁਦ ਗਦਰ ਅਖ਼ਬਾਰ ਪੜ੍ਹਦੇ ਸਨ।
"ਗਦਰ ਅਖ਼ਬਾਰ ਦਾ ਪਹਿਲਾ ਅੰਕ ਨਵੰਬਰ 1913 ਵਿੱਚ ਉਰਦੂ ਵਿੱਚ ਪ੍ਰਕਾਸ਼ਿਤ ਹੋਇਆ ਸੀ, ਜੋ ਸਾਈਕਲੋਸਟਾਈਲ ਮਸ਼ੀਨ 'ਤੇ ਛਪਿਆ ਗਿਆ ਸੀ। 9 ਦਸੰਬਰ 1913 ਤੋਂ ਇਹ ਪਰਚਾ ਪੰਜਾਬੀ ਵਿੱਚ ਛਪਣਾ ਸ਼ੁਰੂ ਹੋਇਆ। ਮਨੀਲਾ, ਜੋ ਫਿਲੀਪੀਨ ਦੀ ਰਾਜਧਾਨੀ ਹੈ, ਵਿੱਚ ਬਾਬਾ ਮਿਲਖਾ ਸਿੰਘ 1910 ਵਿੱਚ ਗਏ ਸਨ। ਉਹਨਾਂ ਦੇ ਬਿਆਨ ਅਨੁਸਾਰ, ਸਿੱਖਾਂ ਨੇ ਉੱਥੇ ਇੱਕ ਗੁਰਦੁਆਰਾ ਬਣਾਇਆ ਸੀ, ਜਿਸਦਾ ਨਾਮ ਖਾਲਸਾ ਦੀਵਾਨ ਇੰਡੀਅਨ ਸਿੱਖ ਟੈਂਪਲ ਸੀ।"

ਗਦਰ ਲਹਿਰ ਵਿੱਚ ਗੁਲਾਬ ਕੌਰ ਨੇ ਕੀ ਯੋਗਦਾਨ ਪਾਇਆ?
ਡਾ. ਰਘਵੀਰ ਕੌਰ ਕਹਿੰਦੇ ਹਨ ਕਿ ਦੇਸ਼ ਦੀ ਆਜ਼ਾਦੀ ਲਈ ਪਹਿਲਾਂ ਵੀ ਕਈ ਲਹਿਰਾਂ ਚੱਲੀਆਂ, ਪਰ ਬੀਬੀ ਗੁਲਾਬ ਕੌਰ ਪਹਿਲੀ ਪੰਜਾਬਣ ਸੀ ਜਿਸਨੇ ਆਪਣਾ ਘਰ-ਬਾਰ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਅਜਿਹਾ ਯੋਗਦਾਨ ਪਾਇਆ ਜਿਸਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।
"ਭਾਰਤ ਆ ਕੇ ਉਹ ਜ਼ਿਆਦਾਤਰ ਜ਼ਿਲ੍ਹਾ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਆਜ਼ਾਦੀ ਲਈ ਜਾਗਰੂਕ ਕਰਦੇ ਰਹੇ। ਉਸਦਾ ਮੁੱਖ ਕੰਮ ਗਦਰ ਦਾ ਸਾਹਿਤ ਸੰਭਾਲਣਾ ਅਤੇ ਲੋਕਾਂ ਤੱਕ ਪਹੁੰਚਾਉਣਾ ਸੀ। ਉਹ ਭਾਸ਼ਣਾਂ ਦੇ ਜ਼ਰੀਏ ਵੀ ਲੋਕਾਂ ਨੂੰ ਗਦਰ ਲਹਿਰ ਨਾਲ ਜੋੜਦੇ ਰਹੇ।"
ਲੇਖਕਾ ਰਘਬੀਰ ਕੌਰ ਦੱਸਦੇ ਹਨ, "ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹੋਰਨਾਂ ਨੂੰ ਵੀ ਵੰਗਾਰਿਆ। ਬਦਲਵੇਂ ਭੇਸ ਅਪਣਾ ਕੇ ਉਹ ਗਦਰੀਆਂ ਦੇ ਸੁਨੇਹੇ ਪਹੁੰਚਾਉਂਦੇ ਰਹੇ। ਕਦੇ ਉਹ ਚੂੜੀਆਂ ਵਾਲੀ ਦਾ ਭੇਸ ਧਾਰਨ ਕਰਦੇ,ਕਦੇ ਕਿਸੇ ਭੇਸ ਵਿੱਚ ਆਉਂਦੇ।"
"ਲਾਹੌਰ ਵਿੱਚ ਉਹ ਜਦੋਂ ਅੱਡੇ ਬਾਹਰ ਬੈਠਦੇ ਤਾਂ ਚਰਖ਼ਾ ਕੱਤਦੇ,ਜਦੋਂ ਕੋਈ ਕੋਡ ਦੱਸਦਾ ਤਾਂ ਹੀ ਗੁਲਾਬ ਕੌਰ ਉਨ੍ਹਾਂ ਨੂੰ ਗਦਰੀਆਂ ਦੇ ਅੱਡੇ ਬਾਰੇ ਦੱਸਦੇ ਨਹੀਂ ਤਾਂ ਜਾਣਕਾਰੀ ਨਾ ਦਿੰਦੇ।"
"ਲਾਹੌਰ ਵਿੱਚ ਜਦੋਂ ਗਦਰ ਸੰਦੇਸ਼ ਅਤੇ ਐਲਾਨ-ਏ-ਜੰਗ ਛਪਦਾ ਸੀ ਤਾਂ ਉਦੋਂ ਵੀ ਬੀਬੀ ਗੁਲਾਬ ਕੌਰ ਬਾਹਰ ਚਰਖ਼ਾ ਡਾਹ ਕੇ ਬੈਠੇ ਹੁੰਦੇ ਸਨ ਅਤੇ ਅੰਦਰ ਪ੍ਰੈਸ ਚੱਲਦੀ ਹੁੰਦੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਗ਼ਦਰ ਸਾਹਿਤ ਦੀ ਵੀ ਰਾਖੀ ਕੀਤੀ।ਉਹ ਕਰਤਾਰ ਸਿੰਘ ਸਰਾਭਾ ਅਤੇ ਹੋਰ ਵੱਡੇ ਗ਼ਦਰੀਆਂ ਦੇ ਸੰਪਰਕ ਵਿੱਚ ਸਨ ਅਤੇ ਕੰਮ ਕਰਦੇ ਸਨ।"
ਡਾ. ਰਘਵੀਰ ਕੌਰ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਬੀਬੀ ਗੁਲਾਬ ਕੌਰ ਨੂੰ ਲਾਹੌਰ ਵਿੱਚ ਦੇਸ਼ ਵਿਰੋਧੀ ਬਗਾਵਤ ਦੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਸਾਲ ਦੀ ਸਜ਼ਾ ਦਿੱਤੀ ਗਈ। ਇਸ ਦੌਰਾਨ ਜੇਲ੍ਹ ਵਿੱਚ ਭਾਰੀ ਤਸੀਹੇ ਦਿੱਤੇ ਗਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਾਕੀ ਜ਼ਿੰਦਗੀ ਪਿੰਡ ਕੋਟਲਾ ਨੌਧ ਸਿੰਘ ਵਿੱਚ ਬਤੀਤ ਕੀਤੀ, ਜਿੱਥੇ ਬਿਮਾਰੀ ਕਰਕੇ ਉਨ੍ਹਾਂ ਦੀ ਮੌਤ ਹੋ ਗਈ।

ਹਰ ਸਾਲ ਗੁਲਾਬ ਕੌਰ ਦੀ ਯਾਦ ਵਿੱਚ ਹੁੰਦੇ ਸਮਾਗਮ
ਪਿੰਡ ਬਖ਼ਸ਼ੀਵਾਲਾ ਦੇ ਜਗਤਾਰ ਸਿੰਘ ਦੱਸਦੇ ਹਨ ਕਿ ਲੰਮੇ ਸਮੇਂ ਤੋਂ ਬੀਬੀ ਗੁਲਾਬ ਕੌਰ ਦੀ ਯਾਦ ਵਿੱਚ ਪਿੰਡ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਨੂੰ 100ਵੀਂ ਬਰਸੀ ਮੌਕੇ ਪਿੰਡ ਦੇ ਲੋਕ ਸਤਿਕਾਰ ਨਾਲ ਯਾਦ ਕਰਦੇ ਹਨ।
ਉਹ ਕਹਿੰਦੇ ਹਨ, "ਦਿੱਲੀ ਵਿੱਚ ਹੋਏ ਖੇਤੀ ਅੰਦੋਲਨ ਦੌਰਾਨ ਵੀ ਕਿਸਾਨਾਂ ਵੱਲੋਂ ਉਨ੍ਹਾਂ ਦੇ ਨਾਮ 'ਤੇ ਸਟੇਜ ਲਗਾ ਕੇ 378 ਦਿਨਾਂ ਤੱਕ "ਗਦਰੀ ਗੁਲਾਬ ਕੌਰ ਨਗਰ" ਦੇ ਨਾਮ ਨਾਲ ਸਮਾਗਮ ਹੁੰਦੇ ਰਹੇ ਅਤੇ ਔਰਤ ਦਿਵਸ 'ਤੇ ਵੀ ਉਸਨੂੰ ਖ਼ਾਸ ਤੌਰ 'ਤੇ ਯਾਦ ਕੀਤਾ ਗਿਆ।"
ਜਗਤਾਰ ਸਿੰਘ ਕਹਿੰਦੇ ਹਨ ਕਿ ਉਹ ਮਾਣ ਨਾਲ ਦੱਸਦੇ ਹਨ ਕਿ ਉਹ ਉਸ ਨਗਰ ਨਾਲ ਸਬੰਧਿਤ ਹਨ ਜਿੱਥੇ ਗੁਲਾਬ ਕੌਰ ਦਾ ਜਨਮ ਹੋਇਆ ਪਰ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਪਿੰਡ ਵਿੱਚ ਅਜੇ ਤੱਕ ਕੋਈ ਵੱਡਾ ਸਰਕਾਰੀ ਪ੍ਰੋਜੈਕਟ ਉਸਦੇ ਨਾਮ 'ਤੇ ਨਹੀਂ ਬਣਾਇਆ ਗਿਆ।
ਹਾਲਾਂਕਿ ਇਸ ਲਈ ਸਿਫ਼ਾਰਸ਼ ਕੀਤੀ ਗਈ ਸੀ, ਪਰ ਬੀਬੀ ਗੁਲਾਬ ਕੌਰ ਸਬੰਧੀ ਅਧਿਕਾਰਤ ਦਸਤਾਵੇਜ਼ ਨਾ ਹੋਣ ਕਰਕੇ ਇਹ ਸੰਭਵ ਨਹੀਂ ਹੋ ਸਕਿਆ।
ਬਖ਼ਸ਼ੀਵਾਲਾ ਪਿੰਡ ਦੇ ਇੱਕ ਹੋਰ ਵਸਨੀਕ ਹਰਦੇਵ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਕਾਫੀ ਦੇਰ ਬਾਅਦ ਗੁਲਾਬ ਕੌਰ ਬਾਰੇ ਜਾਣਕਾਰੀਆਂ ਹਾਸਲ ਹੋਇਆ। ਪਰ ਜਿਵੇਂ-ਜਿਵੇਂ ਉਨ੍ਹਾਂ ਬਾਰੇ ਪਤਾ ਲੱਗਿਆ ਪਿੰਡ ਵਿੱਚ ਉਨ੍ਹਾਂ ਨਾਮ ਉੱਤੇ ਕਈ ਸਮਾਗਮ ਕਰਵਾਏ ਜਾਣ ਲੱਗੇ।

'ਅੱਜ ਦੀਆਂ ਮਹਿਲਾਵਾਂ ਲਈ ਵੀ ਪ੍ਰੇਰਣਾ ਸਰੋਤ ਹੈ ਬੀਬੀ ਗੁਲਾਬ ਕੌਰ'
ਪਿੰਡ ਬਖ਼ਸ਼ੀਵਾਲਾ ਦੇ ਰਹਿਣ ਵਾਲਾ ਸ਼ਿੰਦਰਪਾਲ ਕੌਰ ਗੁਲਾਬ ਕੌਰ ਵੱਲੋਂ ਉਸ ਵੇਲੇ ਲਏ ਫੈਸਲਿਆਂ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਉਂਦੇ ਹਨ।
ਉਹ ਕਹਿੰਦੇ ਹਨ, "ਗੁਲਾਬ ਕੌਰ ਕਰਕੇ ਸਾਡੇ ਪਿੰਡ ਦਾ ਨਾਮ ਇਤਿਹਾਸ ਵਿੱਚ ਸ਼ਾਮਿਲ ਹੋਇਆ, ਇਸ ਲਈ ਸਮੂਚੇ ਔਰਤ ਵਰਗ ਨੂੰ ਉਨ੍ਹਾਂ ਉੱਤੇ ਮਾਣ ਹੈ।"
"ਮੈਂ ਤਾਂ ਇਹ ਸੋਚਦੀ ਹਾਂ ਕਿ ਜਿੰਨਾ ਵੇਲਿਆਂ ਵਿੱਚ ਔਰਤਾਂ ਇੰਨੀਆਂ ਜਾਗਰੂਕ ਵੀ ਨਹੀਂ ਸਨ, ਸਿੱਖਿਆ ਤੱਕ ਪਹੁੰਚ ਵੀ ਨਹੀਂ ਸੀ,ਉਸ ਵੇਲੇ ਵਿੱਚ ਗੁਲਾਬ ਕੌਰ ਨੇ ਮਹਾਨ ਕੁਰਬਾਨੀ ਕੀਤੀ। ਉਹ ਚੰਗੇ ਜੀਵਨ ਲਈ ਪਤੀ ਨਾਲ ਮਨੀਲਾ ਗਏ ਪਰ ਦੇਸ਼ ਅਜ਼ਾਦੀ ਲਈ ਦੇਸ਼ ਵਾਪਿਸ ਪਰਤ ਆਏ।"
"ਪਤਾ ਨਹੀਂ ਉਹ ਕਿੰਨੇ ਹੀ ਦ੍ਰਿੜ ਇਰਾਦੇ ਵਾਲੀ ਔਰਤ ਹੋਵੇਗੀ,ਜਿਨ੍ਹਾਂ ਨੇ ਉਨ੍ਹਾਂ ਸਮਿਆਂ ਵਿੱਚ ਆਪਣੇ ਪਤੀ ਨੂੰ ਛੱਡ ਕੇ ਇਹ ਫੈਸਲਾ ਲੈ ਲਿਆ। ਮੈਨੂੰ ਲੱਗਦਾ ਸ਼ਾਇਦ ਅੱਜ ਦੀ ਔਰਤ ਵੀ ਇਹੋ ਜਿਹਾ ਫੈਸਲਾ ਨਾ ਲੈ ਸਕੇ। ਅਜ਼ਾਦੀ ਲਈ ਕੀਤਾ ਗਿਆ ਉਨ੍ਹਾਂ ਦਾ ਸੰਘਰਸ਼ ਔਰਤਾਂ ਲਈ ਪ੍ਰੇਰਣਾ ਸਰੋਤ ਹੈ।"
ਪਿੰਡ ਬਖ਼ਸ਼ੀਵਾਲਾ ਦੇ ਹੀ ਸੁਖਵਿੰਦਰ ਕੌਰ ਕਹਿੰਦੇ ਹਨ, "ਉਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਸੀ ਅਤੇ ਇਸੇ ਲਈ ਅਸੀਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੇ ਹਾਂ। ਜਿਸ ਵੇਲੇ ਗੁਲਾਬ ਕੌਰ ਗਦਰ ਲਹਿਰ ਨਾਲ ਜੁੜੇ ਉਸ ਵੇਲੇ ਤਾਂ ਔਰਤਾਂ ਬਿਲਕੁਲ ਵੀ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ। ਉਨ੍ਹਾਂ ਵਿੱਚ ਇੰਨੀ ਹਿੰਮਤ ਸੀ ਕਿ ਉਹ ਲੜ੍ਹਾਈ ਲਈ ਬਾਹਰ ਗਏ ਅਤੇ ਸਿਰਫ਼ ਦੇਸ਼ ਨੂੰ ਹੀ ਆਪਣਾ ਸਮਝਿਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












