ਅਰਚਨਾ ਮਕਵਾਨਾ ਕੌਣ ਹਨ, ਜਿਨ੍ਹਾਂ 'ਤੇ ਦਰਬਾਰ ਸਾਹਿਬ ਪਰਕਰਮਾ 'ਚ ਯੋਗ ਕਰਦਿਆਂ ਤਸਵੀਰ ਪਾਉਣ ਲਈ ਕੇਸ ਦਰਜ ਹੋਇਆ

ਅਰਚਨਾ ਮਕਵਾਨਾ

ਤਸਵੀਰ ਸਰੋਤ, Insta/Archna Makwana

ਤਸਵੀਰ ਕੈਪਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਘਟਨਾ ਉਪਰ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਤੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਯੋਗ ਆਸਣ ਕਰਨ ਵਾਲੀ ਇੱਕ ਮਹਿਲਾ ਦੇ ਖ਼ਿਲਾਫ਼ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।

ਅਰਚਨਾ ਮਕਵਾਨਾ ਨਾਮ ਦੀ ਮਹਿਲਾ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਬੀਤੇ ਦਿਨੀਂ ਅਰਚਨਾ ਮਕਵਾਨਾ ਨਾਮ ਦੀ ਇਨਫਲੂਐਂਸਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ੀਰਸ਼ ਆਸਣ ਕਰਦਿਆਂ ਆਪਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਪਾਈ ਗਈ ਸੀ।

ਉਨ੍ਹਾਂ ਨੇ ਇਹ ਤਸਵੀਰ ਯੋਗਾ ਦਿਵਸ (21 ਜੂਨ) ਉੱਤੇ ਪਾਈ ਸੀ। ਉਹ ਪਰਕਰਮਾ ਵਿੱਚ ਸਰੋਵਰ ਦੇ ਕੰਢੇ ਸ਼ੀਰਸ਼ ਆਸਣ ਕਰ ਰਹੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪ੍ਰਤੀ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਤੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।

ਪੁਲਿਸ ਨੇ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਦੀ ਸ਼ਿਕਾਇਤ ਉੱਤੇ ਧਾਰਾ 295 ਏ ਤਹਿਤ ਕੇਸ ਦਰਜ ਕਰ ਲਿਆ ਹੈ।

ਅਰਚਨਾ ਮਕਵਾਨਾ ਨੇ ਇਸ ਬਾਰੇ ਆਪਣੀ ਸਫ਼ਾਈ ਵੀ ਦਿੱਤੀ ਹੈ। ਬੀਬੀਸੀ ਗੁਜਰਾਤੀ ਦੇ ਸਹਿਯੋਗੀ ਵੱਲੋਂ ਅਰਚਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਅਰਚਨਾ ਨੇ ਕੀ ਸਫ਼ਾਈ ਦਿੱਤੀ

ਪੁਲਿਸ ਐੱਫਆਈਆਰ ਮੁਤਾਬਕ ਅਰਚਨਾ ਮਕਵਾਨਾ ਬੜੌਦਾ ਗੁਜਰਾਤ ਦੇ ਰਹਿਣ ਵਾਲੇ ਹਨ।

ਆਪਣੀ ਸਫ਼ਾਈ ਵਾਲੀ ਵੀਡੀਓ ਵਿੱਚ ਅਰਚਨਾ ਮਕਵਾਨਾ ਕਹਿੰਦੇ ਹਨ ਕਿ ਉਹ 19 ਜੂਨ ਨੂੰ ਇੱਕ ਐਵਾਰਡ ਲੈਣ ਲਈ ਦਿੱਲੀ ਆਏ ਸਨ ਅਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਚਲੇ ਗਏ।

ਉਨ੍ਹਾਂ ਨੇ ਕਿਹਾ, “ਜਿਸ ਦਿਨ ਯੋਗਾ ਦਿਵਸ ਸੀ, ਮੈਂ ਆਪਣਾ ਮਨਪਸੰਦ ਆਸਣ ਜੋ ਕਿ ਸ਼ੀਰਸ਼ ਆਸਣ ਹੈ ਧੰਨਵਾਦ ਵਜੋਂ ਕੀਤਾ ਹੈ, ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ, ਮੇਰਾ ਕਿਸੇ ਵੀ ਧਾਰਮਿਕ ਸੰਸਥਾ ਜਾਂ ਸੰਪਰਦਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।”

ਉਨ੍ਹਾਂ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ, “ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਹਲਾਂ ਕੱਢੀਆਂ ਜਾ ਰਹੀਆਂ ਸਨ, ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਇੰਨਾ ਅਪਮਾਨਿਤ ਕਰੋ, ਕਿਸੇ ਦੀ ਗਲਤੀ ਹੋਵੇ ਤਾਂ ਮੁਆਂਫ਼ ਕਰ ਦੇਣਾ ਚਾਹੀਦਾ ਹੈ, ਮੈਂ ਮੁਆਫ਼ੀ ਮੰਗਦੀ ਹਾਂ, ਮੈਂ ਅੱਗੇ ਤੋਂ ਨਹੀਂ ਕਰਾਂਗੀ, ਮੈਨੂੰ ਨਿਯਮ ਨਹੀਂ ਪਤਾ ਸਨ, ਮੈਂ ਭਾਵਨਾਵਾਂ ਵਿੱਚ ਵਹਿ ਗਈ ਸੀ ਮੇਰਾ ਮੰਤਵ ਗਲਤ ਨਹੀਂ ਸੀ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਰਚਨਾ ਮਕਵਾਨਾ ਕੌਣ ਹਨ

ਅਰਚਨਾ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਉਨ੍ਹਾਂ ਨੇ ਆਪਣੇ ਆਪ ਨੂੰ ਇੰਟਰਪਰਨੂਅਰ(ਉੱਦਮੀ) ਲਿਖਿਆ ਹੈ।

ਇਸ ਦੇ ਮੁਤਾਬਕ ਉਹ ਇੱਕ ‘ਹਾਊਸ ਆਫ ਅਰਚਨਾ’ ਨਾਮ ਦਾ ਫੈਸ਼ਨ ਬ੍ਰਾਂਡ ਵੀ ਚਲਾਉਂਦੇ ਹਨ।

ਉਨ੍ਹਾਂ ਦੀ ਪ੍ਰੋਫਾਈਲ ਮੁਤਾਬਕ ਉਹ ਇੱਕ ਟ੍ਰੈਵਲ ਬਲੌਗਰ ਹਨ।

ਇਹ ਵੀ ਪੜ੍ਹੋ-

ਐੱਸਜੀਪੀਸੀ ਦੇ ਬੁਲਾਰੇ ਨੇ ਕੀ ਕਿਹਾ

ਐੱਸਜੀਪੀਸੀ

ਤਸਵੀਰ ਸਰੋਤ, X/Sgpcamritsar

ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ, “ਕੈਮਰੇ ਦੇਖਣ ਉੱਤੇ ਇਹ ਸਾਹਮਣੇ ਆਇਆ ਕਿ ਉਕਤ ਲੜਕੀ ਕਰੀਬ ਇੱਕ ਘੰਟਾ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਰਹੀ ਤੇ ਆਸਣ ਕਰਦਿਆਂ ਤਸਵੀਰ ਖਿਚਵਾਈ, ਉਨ੍ਹਾਂ ਨੇ ਦਰਬਾਰ ਸਾਹਿਬ ਜਾਂ ਹੋਰ ਅਸਥਾਨਾਂ ’ਤੇ ਨਮਸਕਾਰ ਨਹੀਂ ਕੀਤੀ।”

ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਹ ਲੱਗਦਾ ਹੈ ਕਿ ਉਨ੍ਹਾਂ ਨੇ ਮਸ਼ਹੂਰੀ ਲਈ ਇਹ ਆਸਣ ਕੀਤਾ ਜਿਸ ਨਾਲ ਸੰਗਤਾਂ ਦੇ ਮਨਾਂ ’ਤੇ ਠੇਸ ਪਹੁੰਚੀ ਹੈ।”

ਉਨ੍ਹਾਂ ਨੇ ਅੱਗੇ ਦੱਸਿਆ ਕਿ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇੱਕ ਮੁਲਾਜ਼ਮ ਨੂੰ 5,000 ਜੁਰਮਾਨਾ ਕੀਤਾ ਗਿਆ ਹੈ ਅਤੇ ਬਦਲੀ ਕਰ ਦਿੱਤੀ ਗਈ ਹੈ।

ਸੋਸ਼ਲ ਮੀਡੀਆ 'ਤੇ ਕੀ ਚਰਚਾ ਛਿੜੀ

ਹਰਮੀਨ ਸੋਚ

ਤਸਵੀਰ ਸਰੋਤ, X/ Harmeen Soch

ਇਸ ਘਟਨਾ ਮਗਰੋਂ ‘ਐਕਸ’ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਜ਼ ਉੱਤੇ ਵੱਖ ਵੱਖ ਲੋਕਾਂ ਵੱਲੋਂ ਅਰਚਨਾ ਦੇ ਹੱਕ ਅਤੇ ਵਿਰੋਧ ਵਿੱਚ ਬਿਆਨ ਦਿੱਤੇ ਜਾ ਰਹੇ ਹਨ।

ਹਰਮੀਨ ਸੋਚ ਨਾਂ ਦੇ ਇੱਕ ਯੂਜ਼ਰ ਦੱਸਦੇ ਹਨ, “ਹਰੇਕ ਧਰਮ ਦੇ ਲੋਕਾਂ ਦਰਬਾਰ ਸਾਹਿਬ ਆ ਸਕਦੇ ਹਨ ਅਤੇ ਪ੍ਰਾਰਥਨਾ ਕਰ ਸਕਦੇ ਹਨ, ਯੋਗਾ ਕੋਈ ਧਰਮ ਜਾਂ ਪੂਜਾ ਨਹੀਂ ਹੈ, ਉਹ ਸੋਸ਼ਲ ਮੀਡੀਆ ਇੰਫ਼ਲੂਐਂਸਰ ਹਨ, ਜਿਨ੍ਹਾਂ ਨੇ ਮੱਥਾ ਵੀ ਨਹੀਂ ਟੇਕਿਆ, ਉਹ ਪਾਰਕ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਮੰਦਿਰ ਪੂਜਾ ਲਈ ਹੈ ਅਜਿਹੀਆਂ ਹਰਕਤਾਂ ਲਈ ਨਹੀਂ।”

ਅਹਾਇਟੁਕੀ

ਤਸਵੀਰ ਸਰੋਤ, X

ਅਹਾਇਟੁਕੀ ਨਾਮ ਦੇ ਇੱਕ ਯੂਜ਼ਰ ਨੇ ਅਰਚਨਾ ਦੇ ਹੱਕ ਵਿੱਚ ਲਿਖਿਆ, “ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਖੇ ਅਜਿਹਾ ਆਸਣ ਨਹੀਂ ਕਰਨਾ ਚਾਹੀਦਾ ਸੀ, ਇਹ ਚੰਗਾ ਹੁੰਦਾ ਹੁੰਦਾ ਜੇਕਰ ਐੱਸਜੀਪੀਸੀ ਉਨ੍ਹਾਂ ਨੂੰ ਗੱਲ ਕਰਦੀ ਅਤੇ ਇਸ ਬਾਰੇ ਸਮਝਾਇਆ ਜਾਂਦਾ।ਯੋਗਾ ਲਈ ਪੁਲਿਸ ਨੂੰ ਸ਼ਿਕਾਇਤ ਕਰਨੀ ਲੋੜੀਂਦੀ ਨਹੀਂ ਸੀ।”

ਗੁਰਦੁਆਰਿਆਂ ਵਿੱਚ ਜਾਣ ਸਮੇਂ ਸਿੱਖ ਰਹਿਤ ਮਰਿਯਾਦਾ ਦੇ ਲਿਖਤੀ ਨਿਯਮ

ਦ੍ਰੌਪਦੀ ਮੁਰਮੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਸਮੇਂ।

ਸਿੱਖ ਰਹਿਤ ਮਰਿਯਾਦਾ ਵਿੱਚ ਗੁਰਦੁਆਰਿਆਂ ਵਿੱਚ ਜਾਣ ਲ਼ਈ ਕੁਝ ਲਿਖਤ ਨਿਯਮਾਂ ਦਾ ਵੇਰਵਾ ਮਿਲਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਕਤੂਬਰ 1936 ਨੂੰ ਸਿੱਖਾਂ ਲਈ ਰਹਿਤ ਅਤੇ ਪੰਥ ਦੀਆਂ ਰਹੁ ਰੀਤਾਂ ਨਾਲ ਸਬੰਧਤ ਨਿਯਮਾਂ ਨੂੰ ਅਪਣਾਇਆ ਗਿਆ ਸੀ ਜਿਸ ਨੂੰ ਸਿੱਖ ਰਹਿਤ ਮਰਿਆਦਾ ਕਿਹਾ ਜਾਂਦਾ ਹੈ।

ਇਸ ਵਿੱਚ ਪੰਜਾਂ ਤਖ਼ਤਾ ਅਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਮਰਿਯਾਦਾ ਦੇ ਸਨਮਾਨ ਦਾ ਵਿਸਥਾਰਤ ਵੇਰਵਾ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਇਟ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਉੁਪਲੱਬਧ ਮਰਿਯਾਦਾ ਦੇ ਪੰਨਾ ਨੰਬਰ 15 ਉੱਤੇ ਗੁਰਦੁਆਰਿਆਂ ਵਿੱਚ ਜਾਣ ਲਈ ਨਿਯਮ ਦਿੱਤੇ ਗਏ ਹਨ।

  • ਗੁਰਦੁਆਰੇ ਦੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋਕੇ ਜਾਣਾ ਚਾਹੀਏ, ਜੇ ਪੈਰ ਮੈਲ਼ੇ ਜਾਂ ਗੰਦੇ ਹੋਣ ਤਾਂ ਜਲ਼ ਨਾਲ ਧੋ ਲੈਣੇ ਚਾਹੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਨੀ ਚਾਹੀਏ।
  • ਗੁਰਦਆਰੇ ਅੰਦਰ ਦਰਸ਼ਨਾਂ ਲ਼ਈ ਜਾਣ ਲ਼ਈ ਕਿਸੇ ਦੇਸ਼, ਮਜ੍ਹਬ, ਜਾਤਿ ਵਾਲੇ ਨੂੰ ਮਨ੍ਹਾਹੀ ਨਹੀਂ, ਪਰ ਉਸ ਪਾਸ ਸਿੱਖ ਧਰਮ ਵਿੱਚ ਵਿਵਰਜਿਤ ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ।
  • ਗੁਰਦੁਆਰੇ ਦੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ, ਉਪ੍ਰੰਤ ਗੁਰੂ ਰੂਪ ਸਾਧਿ ਸੰਗਤ ਦੇ ਦਰਸ਼ਨ ਕਰਕੇ ਸਹਿਤ ਨਾਲ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਬੁਲਾਈ ਜਾਵੇ।
  • ਸੰਗਤ ਵਿੱਚ ਬੈਠਣ ਲਈ ਵੀ ਸਿੱਖ-ਅਸਿੱਖ, ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।
  • ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੈਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।
  • ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਿਤ ਦੇ ਵਿਰੁੱਧ ਹੈ।
ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)