1984 ਸਿੱਖ ਕਤਲੇਆਮ : ਰਾਜਾ ਵੜਿੰਗ ਨੇ ਕਮਲ ਨਾਥ ਬਾਰੇ ਅਜਿਹਾ ਕੀ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਦੱਸਿਆ ਜਾਣ ਲੱਗਾ ''ਗੱਦਾਰ''

ਰਾਜਾ ਵੜਿੰਗ ਕਮਲਨਾਥ

ਤਸਵੀਰ ਸਰੋਤ, Youtube/ INC MP

ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਰੈਲੀ ਦੌਰਾਨ ਦਿੱਤੇ ਭਾਸ਼ਣ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਆਗੂ ਕਮਲ ਨਾਥ ਦੇ ਹੱਕ ਵਿੱਚ ਬਿਆਨ ਦਿੱਤਾ ਹੈ।

ਉਨ੍ਹਾਂ ਦੇ ਬਿਆਨ ਵਿੱਚ ਅਜਿਹਾ ਪ੍ਰਭਾਵ ਮਿਲਦਾ ਹੈ, ਜਿਵੇ ਉਹ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਮਲ ਨਾਥ ਨੂੰ ਇੱਕ ਤਰ੍ਹਾਂ ਨਾਲ ਕਲੀਨ ਚਿਟ ਦੇ ਰਹੇ ਹੋਣ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ ਹੈ। ਉਨ੍ਹਾਂ ਦੇ ਬਿਆਨ ਦੀ ਅਲੋਚਨਾ ਹੋ ਰਹੀ ਹੈ ਅਤੇ ਕੁਝ ਲੋਕ ਰਾਜਾ ਵੜਿੰਗ ਨੂੰ “ਗੱਦਾਰ” ਤੱਕ ਵੀ ਕਹਿ ਰਹੇ ਹਨ।

31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਵੱਡੇ ਪੱਧਰ ਉੱਤੇ ਸਿੱਖ ਕਤਲੇਆਮ ਹੋਇਆ ਸੀ।

ਇਸ ਕਤਲੇਆਮ ਦੇ 39 ਸਾਲ ਬੀਤਣ ਮਗਰੋਂ ਵੀ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਪੀੜ੍ਹਤ ਨਿਆਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ।

ਰਾਜਾ ਵੜਿੰਗ ਨੇ ਇਹ ਭਾਸ਼ਣ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਤਾ। ਜਿੱਥੇ ਸੂਬੇ ਦੀਆਂ ਆਮ ਚੋਣਾਂ ਹੋ ਰਹੀਆਂ ਹਨ।

ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 17 ਨਵੰਬਰ ਨੂੰ ਹੋਣੀਆਂ ਹਨ, ਦਸੰਬਰ 2018 ਵਿੱਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਵੱਲੋਂ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।

ਉਹ 15 ਮਹੀਨੇ ਦੇ ਕਰੀਬ ਮੁੱਖ ਮੰਤਰੀ ਰਹੇ ਸਨ, ਕਾਂਗਰਸ ਦੇ 22 ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦੀ ਸਰਕਾਰ ਟੁੱਟ ਗਈ ਸੀ।

'ਕਮਲਨਾਥ ਨੂੰ ਸਰਦਾਰਾਂ ਉੱਤੇ ਅਨਿਆਂ ਕਰਦੇ ਨਹੀਂ ਦੇਖਿਆ’

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਰਾਜਾ ਵੜਿੰਗ, ਕਮਲਨਾਥ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਖੜ੍ਹੇ ਦਿਖਦੇ ਹਨ।

ਉਹ ਕਹਿੰਦੇ ਹਨ, “ਮੈਂ ਇੱਕ ਗੱਲ ਸਰਦਾਰਾਂ ਨੂੰ ਕਹਿਣਾ ਚਾਹੁੰਦਾ ਹਾਂ, ਮੈਂ ਸਰਦਾਰ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੁੰ ਮੰਨਦਾ ਹਾਂ, ਮੈਂ ਗੁਰਦੁਆਰੇ ਵਿੱਚ ਜਾਂਦਾ ਹਾਂ , ਮਸਜਿਦ ਵੀ ਜਾਂਦਾ ਹਾਂ, ਮੰਦਿਰ ਵੀ ਜਾਂਦਾ ਹਾਂ ਅਤੇ ਗਿਰਜਾਘਰ ਵੀ ਜਾਂਦਾ ਹਾਂ, ਪਰ ਮੈਂ ਸਰਦਾਰ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਪਿਓ ਸਮਝਦਾ ਹਾਂ।”

“ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਕੂੜ ਪ੍ਰਚਾਰ ਇਸ ਪ੍ਰਦੇਸ਼ ਦੇ ਅੰਦਰ ਚੰਦ ਲੋਕ ਸਰਦਾਰ ਬਣ ਕੇ ਕਹਿ ਰਹੇ ਹਨ ਕਿ ਕਮਲਨਾਥ ਨੇ ਸਰਦਾਰਾਂ ਦੇ ਉੱਤੇ ਅਤਿਆਚਾਰ ਕੀਤਾ ਹੈ।”

“ਮੇਰੀ ਉਮਰ 44 ਸਾਲ ਹੈ, ਮੈਂ ਕੈਬਨਿਟ ਮੰਤਰੀ ਵੀ ਰਹਿ ਚੁੱਕਿਆ ਹਾਂ, ਮੈਂ ਅੱਜ ਤੱਕ ਕਮਲਨਾਥ ਜੀ ਨੂੰ ਸਰਦਾਰਾਂ ਦੇ ਉੱਤੇ ਅਨਿਆਂ ਕਰਦੇ ਨਹੀਂ ਦੇਖਿਆ, ਅਜਿਹਾ ਕੂੜ ਪ੍ਰਚਾਰ ਕਿਸੇ ਸਰਦਾਰ ਵੱਲੋਂ ਕਰਨਾ, ਮੈਂ ਸਮਝਦਾ ਹਾਂ ਕਿ ਉਸ ਨੂੰ ਸਾਡਾ ਰੱਬ ਵੀ ਮੁਆਫ਼ ਨਹੀਂ ਕਰੇਗਾ।”

“ਅੱਜ ਤੱਕ ਕੋਈ ਐੱਫਆਈਆਰ ਨਹੀਂ ਹੈ, ਕਿਸੇ ਵਿਅਕਤੀ ਨੇ ਖੜ੍ਹੇ ਹੋ ਕੇ ਨਹੀਂ ਕਿਹਾ, ਭਾਜਪਾ ਦੇ ਸਾਥੀਆਂ ਨੂੰ ਹੁਣ ਕਮਲ ਨਾਥ ਜੀ ਕੋਲੋਂ ਡਰ ਲੱਗਣ ਲੱਗਾ ਹੈ।”

ਰਾਜਾ ਵੜਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਉਨ੍ਹਾਂ ਅੱਗੇ ਕਿਹਾ, “ਦਿੱਲੀ ਤੋਂ ਸਰਦਾਰ ਭੇਜਦੇ ਹਨ, ਫਿਰ ਉਹ ਆ ਕੇ ਕਹਿੰਦੇ ਹਨ ਕਿ ਕਮਲਨਾਥ ਜੀ ਨੇ ਅੱਤਿਆਚਾਰ ਕੀਤਾ ਹੈ, ਅਸੀਂ ਪੰਜਾਬ ਦੇ ਰਹਿਣ ਵਾਲੇ ਸਰਦਾਰ ਹਾਂ, ਸਾਨੂੰ ਤਾਂ ਨਹੀਂ ਪਤਾ ਲੱਗਾ ਕਿ ਕਮਲਨਾਥ ਜੀ ਨੇ ਅੱਤਿਆਚਾਰ ਕੀਤਾ ਹੈ।”

“ਅਸੀਂ ਚੋਣਾਂ ਵੀ ਉੱਥੇ ਜਿੱਤਦੇ ਹਾਂ, ਲੜਦੇ ਹਾਂ।”

“ਮੈਂ ਸਰਦਾਰਾਂ ਨੂੰ ਸੰਦੇਸ਼ ਦਿੰਦਾ ਹਾਂ, ਇੱਕ ਹੀ ਕਾਂਗਰਸ ਪਾਰਟੀ ਹੈ, ਜਿਸਨੇ ਹਮੇਸ਼ਾ ਪੱਗ ਵਾਲੇ ਸਰਦਾਰ ਦਾ ਸਨਮਾਨ ਕੀਤਾ।”

“ਪਹਿਲਾ ਦੇਸ਼ ਦਾ ਰਾਸ਼ਟਰਪਤੀ ਜ਼ੈਲ ਸਿੰਘ ਜੇ ਕਿਸੇ ਪਾਰਟੀ ਨੇ ਬਣਾਇਆ ਉਹ ਕਾਂਗਰਸ ਨੇ ਬਣਾਇਆ, ਉਨ੍ਹਾਂ ਕਿਹਾ ਕਿ ਇੱਕ ਸਿੱਖ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਾਂਗਰਸ ਨੇ ਬਣਾਇਆ।”

“ਮੇਰੀ ਸਰਦਾਰਾਂ ਨੂੰ ਅਤੇ ਇੰਦੌਰ ਦੇ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਮਜ਼ਬੂਤੀ ਨਾਲ ਲੜਨਾ ਹੈ।”

ਉਹ ਕਹਿੰਦੇ ਹਨ ਕਿ ਜਿਸ ਦਿਨ ਕਮਲ ਨਾਥ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ, ਉਸ ਦਿਨ ਪੰਜਾਬ ਦੇ ਸਰਦਾਰਾਂ ਨੂੰ ਭੁੱਲ ਨਾ ਜਾਣ।

ਉਹ ਸਟੇਜ ਉੱਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਦੋਹਰਾ – ਦੇਹ ਸਿਵਾ ਬਰੁ ਮੋਹਿ ਇਹੈ ਵੀ ਦੁਹਰਾਉਂਦੇ ਹਨ।

'ਕਾਂਗਰਸ ਪਾਰਟੀ ਕਮਲ ਨਾਥ ਨੂੰ ਬਚਾਉਂਦੀ ਰਹੀ ਹੈ'

ਹਰਵਿੰਦਰ ਸਿੰਘ ਫੂਲਕਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਫੂਲਕਾ

1984 ਦੇ ਕਤਲੇਆਮ ਦੇ ਪੀੜਤਾਂ ਦੇ ਕੇਸਾਂ ਦੀ ਕਾਨੂੰਨੀ ਪੈਰਵਾਈ ਕਰਨ ਵਾਲੇ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਰਾਜਾ ਵੜਿੰਗ ਦੇ ਇਸ ਭਾਸ਼ਣ ਉੱਤੇ ਸਵਾਲ ਚੁੱਕੇ ਹਨ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਫੂਲਕਾ ਨੇ ਦੱਸਿਆ, “ਮੇਰਾ ਰਾਜਾ ਵੜਿੰਗ ਨੂੰ ਇਹ ਸਵਾਲ ਹੈ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਨੂੰ ਅੱਗ ਲਗਾਉਣਾ ਸਿੱਖਾਂ ਉੱਤੇ ਅਤਿਆਚਾਰ ਨਹੀਂ, ਕੀ ਦੋ ਸਿੱਖਾਂ ਨੂੰ ਜਿਉਂਦੇ ਜਲਾਉਣਾ, ਕੀ ਅੱਤਿਆਚਾਰ ਨਹੀਂ ਹੈ।”

ਫੂਲਕਾ ਨੇ ਕਿਹਾ ਕਿ ਰਾਜਾ ਵੜਿੰਗ ਨੂੰ 2 ਨਵੰਬਰ 1984 ਦਾ ਇੰਡੀਅਨ ਐੱਕਸਪ੍ਰੈਸ ਪੜ੍ਹਨਾ ਚਾਹੀਦਾ ਹੈ।

“ਇਸ ਉੱਤੇ ਪਹਿਲੇ ਪੰਨੇ ਉੱਤੇ ਇਹ ਖ਼ਬਰ ਸੀ ਕਿ ਭੀੜ ਦੀ ਅਗਵਾਈ ਕਮਲਨਾਥ ਵੱਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਤਿੰਨ ਨਵੰਬਰ ਦਾ ਸਟੇਟਸਮੈਨ ਅਖ਼ਬਾਰ ਪੜ੍ਹਨਾ ਚਾਹੀਦਾ ਹੈ, ਉਸ ਵਿੱਚ ਇਹ ਖ਼ਬਰ ਹੈ ਕਿ ਰਕਾਬ ਗੰਜ ਗੁਰਦਆਰਾ ਸਾਹਿਬ ‘ਚ ਭੀੜ ਦੀ ਅਗਵਾਈ ਕਮਲਨਾਥ ਕਰ ਰਿਹਾ ਸੀ।”

ਉਨ੍ਹਾਂ ਅੱਗੇ ਦੱਸਿਆ, “ਰਾਜਾ ਵੜਿੰਗ ਨੂੰ ਇੰਡੀਅਨ ਐੱਕਸਪ੍ਰੈਸ ਦੇ ਪੱਤਰਕਾਰ ਸੰਜੈ ਸੂਰੀ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ।ਉਸ ਵਿੱਚ ਸੰਜੈ ਸੂਰੀ ਨੇ ਲਿਖਿਆ ਹੈ ਕਿ ਪਹਿਲੀ ਨਵੰਬਰ 1984 ਨੂੰ ਜਿਸ ਭੀੜ ਨੇ ਗੁਰਦੁਆਰਾ ਰਕਾਬ ਗੰਜ ਅਤੇ ਦੋ ਸਿੱਖਾਂ ਨੂੰ ਜ਼ਿੰਦਾ ਜਲਾਇਆ, ਉਸ ਨੂੰ ਉੱਥੇ ਕਮਲਨਾਥ ਵੱਲੋਂ ਲੀਡ ਕੀਤਾ ਜਾ ਰਿਹਾ ਸੀ।”

ਉਨ੍ਹਾਂ ਕਿਹਾ, ''ਕਮਲਨਾਥ ਦਾ ਨਾਂ ਕਈ ਵਾਰੀ ਆਇਆ ਪਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਚਾਉਂਦੀ ਰਹੀ ਹੈ।''

ਇਲਜ਼ਾਮਾਂ ਦਾ ਕੀਤਾ ਗਿਆ ਸੀ ਖੰਡਨ

ਕਮਲਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ

ਦਸੰਬਰ 2018 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ‘ਇੰਡੀਆ ਟੁਡੇ’ ਦੇ ਪੱਤਰਕਾਰ ਰਾਜਦੀਪ ਸਰਦੇਸਾਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਮਲਨਾਥ ਵੱਲੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਸੀ, “ਕੀ 1984 ਵਿੱਚ ਮੇਰੇ ਵਿਰੁੱਧ ਕੋਈ ਕੇਸ ਦਰਜ ਕੀਤਾ ਗਿਆ ? ਹੁਣ ਇਹ ਮਾਮਲੇ ਚੁੱਕਿਆ ਜਾ ਰਿਹਾ ਹੈ।”

ਉਹ ਕਹਿੰਦੇ ਹਨ, “ਮੇਰੇ ਵੱਲੋਂ ਇਨਕਾਰ ਕਰਨ ਦੀ ਗੱਲ ਛੱਡ ਦੇਵੋ, ਕਿਸੇ ਨੇ ਮੇਰੇ ਖ਼ਿਲਾਫ਼ ਕਦੇ ਕੋਈ ਸ਼ਿਕਾਇਤ ਨਹੀਂ ਦਿੱਤੀ।”

ਨਵੰਬਰ 2022 ਵਿੱਚ ਕਮਲਨਾਥ ਨੂੰ ਇੰਦੌਰ ਦੇ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਅਤੇ ਸਨਮਾਨ ਦਿੱਤੇ ਜਾਣ ਤੋਂ ਬਾਅਦ ਵੀ ਵਿਵਾਦ ਉੱਠੇ ਸਨ।

ਉਸ ਵੇਲੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਨੇ ਕਿਹਾ ਗਿਆ ਸੀ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

‘ਰਾਜਾ ਵੜਿੰਗ ਨੇ ਕੌਮ ਨਾਲ ਕੀਤੀ ਗੱਦਾਰੀ’ – ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, X/ SAD

ਰਾਜਾ ਵੜਿੰਗ ਦੇ ਬਿਆਨ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਬਿਆਨ ਜਾਰੀ ਕੀਤਾ ਗਿਆ ਹੈ।

ਅਕਾਲੀ ਦਲ ਨੇ ਲਿਖਿਆ ਕਿ ਰਾਜਾ ਵੜਿੰਗ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

"ਕੁਰਸੀ ਦੇ ਲਾਲਚੀ ਰਾਜੇ ਵੜਿੰਗ ਨੇ ਫੇਰ ਸਿੱਖ ਕੌਮ ਦੇ ਜਖਮਾਂ ' ਤੇ ਲੂਣ ਝਿੜਕਿਆ ਹੈ, ਰਾਜੇ ਵੜਿੰਗ ਨੇ ਕਮਲਨਾਥ ਨੂੰ ਸਿੱਖ ਨਸਲਕੁਸ਼ੀ ਮਾਮਲੇ 'ਚ ਨਿਰਦੋਸ਼ ਦੱਸ ਕੇ ਕੌਮ ਨਾਲ ਗੱਦਾਰੀ ਕੀਤੀ ਹੈ।"

"ਕਮਲ ਨਾਥ ਲਈ ਪਾਵਣ ਗੁਰਬਾਣੀ ਵਰਤ ਕੇ ਗੁਰਬਾਣੀ ਦਾ ਵੀ ਨਿਰਾਦਰ ਰਾਜੇ ਵੜਿੰਗ ਨੇ ਕੀਤਾ ਹੈ। ਰਾਜੇ ਵੜਿੰਗ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। "

ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵੀ ਰਾਜਾ ਵੜਿੰਗ ਦੇ ਵਿਰੋਧ ਵਿੱਚ ਬਿਆਨ ਜਾਰੀ ਕੀਤਾ ਗਿਆ। ਭਾਜਪਾ ਨੇ ਆਪਣੇ ਬਿਆਨ ਵਿੱਚ ਰਾਜਾ ਨੂੰ ''ਗੱਦਾਰ'' ਲਿਖਿਆ ਅਤੇ ਉਨ੍ਹਾਂ ਖ਼ਿਲਾਫ਼ ਕਾਫ਼ੀ ਤਿੱਖੀ ਬਿਆਨਬਾਜ਼ੀ ਕੀਤੀ।

"ਪੱਗ ਦੀ ਲਾਜ ਤਾਂ ਰੱਖ ਲੈਂ...!!!

''ਕੁਰਸੀ ਖਾਤਿਰ ਇੰਦਰਾ ਨੂੰ ਮਾਂ ਬਣਾਉਣ ਵਾਲਾ ਤੇ ਅੱਜ ਕਮਲਨਾਥ ਦੇ ਤਲਵੇਂ ਚੱਟਣ ਵਾਲੇ ਰਾਜੇ ਵੜਿੰਗ ਨੂੰ ਕੀ ਪਤਾ ਸਿੱਖਾਂ ਨੇ ਕੀ ਕੀ ਦਰਦ ਹੰਡਾਇਆ।''

''ਗੱਦਾਰ ਹੈ #ਰਾਜਾਵੜਿੰਗ।"

ਰਾਜਾ ਵੜਿੰਗ

ਤਸਵੀਰ ਸਰੋਤ, X/ BJP4Punjab

ਉੱਧਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਵੀ ਲਿਖਿਆ ਕਿ ਰਾਜਾ ਵੜਿੰਗ ਨੇ ਕਮਲ ਨਾਥ ਨੂੰ ਬੇਕਸੂਰ ਦੱਸ ਕੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।

ਉਨ੍ਹਾਂ ਲਿਖਿਆ, “ ਕਮਲਨਾਥ ਉੱਤੇ ਇੱਕ ਭੀੜ ਦੀ ਅਗਵਾਈ ਕਰਨ ਅਤੇ ਰਕਾਬ ਗੰਜ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਮਾਸੂਮ ਸਿੱਖਾਂ ਦੀ ਕਤਲੇਆਮ ਦੇ ਇਲਜ਼ਾਮ ਹਨ, ਰਾਜਾ ਵੜਿੰਗ ਨੇ ਉਨ੍ਹਾਂ ਨੂੰ ਬੇਕਸੂਰ ਦੱਸਣ ਦੇ ਨਾਲ-ਨਾਲ ਗਾਂਧੀ ਪਰਿਵਾਰ ਦੇ ਕਰੀਬੀ ਕਮਲ ਨਾਥ ਨੂੰ ਕਲੀਨ ਚਿੱਟ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਲੈ ਕੇ ਬੇਅਦਬੀ ਵੀ ਕੀਤੀ ਹੈ।”

ਉਨ੍ਹਾਂ ਲਿਖਿਆ, “ਇਹ ਜਨਤਕ ਰਿਕਾਰਡ ਦੇ ਵਿੱਚ ਹੀ ਹੈ ਕਿ ਇੰਡੀਅਨ ਐਕਸਪ੍ਰੈੱਸ ਦੇ ਪੱਤਰਕਾਰ, ਜੋ ਕਿ ਮੁੱਖ ਗਵਾਹ ਹਨ, ਉਨ੍ਹਾਂ ਨੇ ਕਈ ਜਾਂਚ ਏਜੰਸੀਆਂ ਦੇ ਸਾਹਮਣੇ ਸਿੱਖ ਨਸਲਕੁਸ਼ੀ ਨਵੰਬਰ 1984 ਵੇਲੇ ਦਿੱਲੀ ਦੀਆਂ ਗਲੀਆਂ ‘ਤੇ ਹੋਏ ਕਤਲੇਆਮ ਬਾਰੇ ਗਵਾਹੀ ਦਿੱਤੀ ਹੈ।”

“ਉਸ ਵੇਲੇ ਕਮਲ ਨਾਥ ਹਿੰਸਕ ਭੀੜ ਦੀ ਅਗਵਾਈ ਕਰ ਰਹੇ ਸਨ, ਜਿਸ ਨੇ ਰਕਾਬ ਗੰਜ ਨੂੰ ਘੇਰਾ ਪਾਇਆ ਹੋਇਆ ਸੀ।”

“ਇਤਿਹਾਸ ਦੇ ਇਸ ਕਾਲੇ ਅਧਿਆਏ ਵਿੱਚ ਦੋ ਮਾਸੂਮ ਸਿੱਖਾਂ ਨੂੰ ਸਾੜਿਆ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ ਸੀ, ਇਹ ਇੱਕ ਭਿਆਨਕ ਸੱਚ ਹੈ, ਜੋ ਕਿ ਦਸਤਾਵੇਜ਼ੀ ਰੂਪ ਵਿੱਚ ਇੰਡੀਅਨ ਐਕਸਪ੍ਰੈੱਸ ਅਖ਼ਬਾਰ ੳਤੇ ਕਿਤਾਬ “ਵ੍ਹੈੱਨ ਅ ਟ੍ਰੀ ਸ਼ੇਕਸ” ਵਿੱਚ ਦਰਜ ਹੈ।”

ਇਸ ਲਈ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਵੜਿੰਗ ਨੇ ਇਸ ਬਾਰੇ ਅਣਜਾਣਤਾ ਜ਼ਾਹਰ ਕੀਤੀ ਹੈ ਅਤੇ ਕਮਲ ਨਾਥ ਨੂੰ ਬੇਕਸੂਰ ਦੱਸਿਆ ਹੈ।

“ਇਸ ਨੇ ਇਸ ਇਤਿਹਾਸਕ ਸੱਚ ਅਤੇ ਸਿੱਖ ਭਾਈਚਾਰੇ ਦੀ ਨਿਆਂ ਦੀ ਲੜਾਈ ਨੂੰ ਠੇਸ ਪਹੁੰਚਾਈ ਹੈ।”

ਮਾਲਵਿੰਦਰ ਕੰਗ

ਤਸਵੀਰ ਸਰੋਤ, X/ Malvinder Singh Kang

ਕਮਲ ਨਾਥ ਦੀ ''ਅਸਪੱਸ਼ਟ'' ਸਫ਼ਾਈ

ਇੱਕ ਨਵੰਬਰ 1984 ਨੂੰ ਕਤਲੇਆਮ ਦੌਰਾਨ ਕਮਲ ਨਾਥ ਦਿੱਲੀ ਦੇ ਰਕਾਬਗੰਜ ਗੁਰਦੁਆਰੇ ਅੱਗੇ ਮੌਜੂਦ ਸੀ। ਜਿਸ ਦੀ ਪੁਸ਼ਟੀ ਨਾਨਾਵਤੀ ਕਮਿਸ਼ਨ ਕੋਲ ਹੋਈਆਂ ਗਵਾਹੀਆਂ ਵਿੱਚ ਹੋਈ ਸੀ।

ਭਾਵੇਂ ਕਿ ਕਮਲ ਨਾਥ ਨੇ 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਇਹ ਸਫ਼ਾਈ ਦਿੱਤੀ ਸੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕ ਰਹੇ ਸਨ।

ਪਰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ 142 ਉੱਤੇ ਕਮਲ ਨਾਥ ਵਲੋਂ ਦਿੱਤੀ ਗਈ ਸਫ਼ਾਈ ਨੂੰ ‘‘ਅਸਪੱਸ਼ਟ ਬਿਆਨ ਕਿਹਾ ਸੀ।

ਇਹ ਗਵਾਹੀ ਦੇਣ ਵਾਲੇ ਇੰਡੀਅਨ ਐਕਸਪ੍ਰੈਸ ਦੇ ਤਤਕਾਲੀ ਪੱਤਰਕਾਰ ਸੰਜੇ ਸੂਰੀ ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ "ਕੰਟਰੋਲ" ਸੀ।

ਸਾਲ 2000 'ਚ ਐੱਨਡੀਏ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਨਾਨਾਵਟੀ ਕਮਿਸ਼ਨ ਸਥਾਪਿਤ ਕੀਤਾ ਸੀ।

ਪਰ ਕਮਿਸ਼ਨ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ।

ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ "ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)