1984 ਸਿੱਖ ਕਤਲੇਆਮ: 'ਅੱਜ ਵੀ ਲੱਗਦਾ ਹੈ ਕਿ ਰੋਜ਼ ਪਿਓ ਦੀ ਲਾਸ਼ ਉੱਤੋਂ ਲੰਘਦਾ ਹਾਂ'

ਤਸਵੀਰ ਸਰੋਤ, Getty Images
- ਲੇਖਕ, ਅਨੰਤ ਝਨਾਨੇ
- ਰੋਲ, ਬੀਬੀਸੀ ਪੱਤਰਕਾਰ
ਫ਼ਰਵਰੀ 2019 ਵਿੱਚ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਯਾਨਾਥ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਹੋਈਆਂ ਕਤਲ, ਲੁੱਟ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਦੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਸੀ।
ਐੱਸਆਈਟੀ ਦੀ ਪ੍ਰਧਾਨਗੀ ਪੁਲਿਸ ਦੇ ਇੱਕ ਡੀਜੀ ਪੱਧਰ ਦੇ ਅਧਿਕਾਰੀ ਨੂੰ ਦਿੱਤੀ ਗਈ ਅਤੇ ਇੱਕ ਰਿਟਾਇਰਡ ਜੱਜ, ਇੱਕ ਰਿਟਾਇਰਡ ਵਧੀਕ ਜ਼ਿਲ੍ਹਾ ਪ੍ਰੋਸਿਕਿਉਸ਼ਨ ਅਧਿਕਾਰੀ ਅਤੇ ਇੱਕ ਐੱਸਐੱਸਪੀ ਪੱਧਰ ਦੇ ਪੁਲਿਸ ਅਧਿਕਾਰੀ ਨੂੰ ਇਸ ਵਿਸ਼ੇਸ਼ ਜਾਂਚ ਟੀਮ ਦਾ ਮੈਂਬਰ ਬਣਾਇਆ ਗਿਆ।
ਐੱਸਆਈਟੀ ਨੇ 40 ਘਿਨਾਉਣੇ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਿਨ੍ਹਾਂ ਵਿੱਚ 127 ਲੋਕ ਮਾਰੇ ਗਏ ਸਨ। ਇਨ੍ਹਾਂ 40 ਮਾਮਲਿਆਂ 'ਚੋਂ ਜਿਨ੍ਹਾਂ 11 ਵਿੱਚ ਚਾਰਜਸ਼ੀਟ ਲਗਾਈ ਗਈ ਸੀ ਉਨ੍ਹਾਂ ਵਿੱਚੋਂ ਚਾਰ ਮਾਮਲਿਆਂ ਬਾਰੇ ਐੱਸਆਈਟੀ ਨੇ ਸਰਕਾਰ ਨੂੰ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਬਚੇ 29 ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਲਗਾ ਦਿੱਤੀ ਗਈ ਸੀ। 29 ਵਿੱਚੋਂ 20 ਮਾਮਲਿਆਂ ਵਿੱਚ ਐਸਆਈਟੀ ਨੇ 96 ਮੁਲਜ਼ਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ਜਾਂਚ ਟੀਮ ਨੇ ਹੁਣ ਤੱਕ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਤਿੰਨ ਗ੍ਰਿਫ਼ਤਾਰੀਆਂ ਇਸੇ ਸਾਲ 12 ਅਕਤੂਬਰ ਨੂੰ ਹੋਈਆਂ ਹਨ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਧੀਰੇਂਦਰ ਤਿਵਾਰੀ ਦੀ ਸਿਹਤ ਖ਼ਰਾਬ ਹੋਣ ਕਰਕੇ ਮੌਤ ਹੋ ਗਈ। ਧੀਰੇਂਦਰ ਦੀ ਉਮਰ 70 ਸਾਲ ਸੀ।
ਬੀਬੀਸੀ ਨੇ ਕਾਨਪੁਰ ਜਾ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਯੋਗੀ ਅਦਿਤਿਯਨਾਥ ਤੋਂ ਪਹਿਲਾਂ ਦੀਆਂ ਸਰਕਾਰਾਂ ਸਮੇਂ ਸ਼ੁਰੂ ਹੋਈ ਇਸ ਜਾਂਚ ਦੇ ਕੀ ਮਾਅਨੇ ਹਨ ਅਤੇ 37 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਹੋ ਰਹੀਆਂ ਇਨ੍ਹਾਂ ਗ੍ਰਿਫ਼ਤਾਰੀਆਂ ਬਾਰੇ ਪੀੜਤਾਂ ਅਤੇ ਮੁਲਜ਼ਮਾਂ ਦੇ ਪਰਿਵਾਰਾਂ ਦਾ ਕੀ ਕਹਿਣਾ ਹੈ।

ਮੇਰੇ ਚਾਰ ਭਰਾ ਮੇਰੇ ਸਾਹਮਣੇ ਮਾਰ ਦਿੱਤੇ- ਅਵਤਾਰ ਸਿੰਘ
ਐੱਸਆਈਟੀ ਨੇ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਵਿੱਚ 70 ਸਾਲਾ ਕੈਲਾਸ਼ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ।
65 ਸਾਲ ਦੇ ਅਵਤਾਰ ਸਿੰਘ 1984 ਵਿੱਚ 27 ਸਾਲ ਦੇ ਸੀ ਜਦੋਂ ਇੱਕ ਨਵੰਬਰ ਨੂੰ ਸਵੇਰੇ ਅੱਠ ਵਜੇ ਦੰਗਾਕਾਰੀਆਂ ਨੇ ਉਨ੍ਹਾਂ ਦਾ ਘਰ ਘੇਰ ਲਿਆ ਸੀ।
ਉਹ ਖ਼ੌਫ਼ਨਾਕ ਮੰਜ਼ਰ ਉਨ੍ਹਾਂ ਨੂੰ ਅੱਜ ਵੀ ਯਾਦ ਹੈ। ਅਵਤਾਰ ਸਿੰਘ ਦੱਸਦੇ ਹਨ, "ਅਸੀਂ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਲਈਆਂ। ਪਰ ਜਦੋਂ ਕਮਰੇ ਵਿੱਚ ਅੱਗ ਲੱਗ ਗਈ ਤਾਂ ਇੱਕ-ਇੱਕ ਕਰਕੇ ਸਾਰੇ ਖਿੜਕੀ ਤੋੜ ਕੇ ਉਥੋਂ ਨਿਕਲਣ ਲੱਗੇ ਅਤੇ ਜਿਵੇਂ ਹੀ ਕੋਈ ਬਾਹਰ ਨਿਕਲਦਾ ਸੀ, ਮਾਰ ਦਿੱਤਾ ਜਾਂਦਾ ਸੀ।"
ਅਵਤਾਰ ਸਿੰਘ ਦੇ ਚਾਰ ਭਰਾਵਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਂ, ਪਿਤਾ ਅਤੇ ਭੈਣ ਨੂੰ ਘਰ ਦੇ ਸਾਹਮਣੇ ਵਾਲੇ ਮਕਾਨ ਵਿੱਚ ਸਾੜ ਦਿੱਤਾ ਗਿਆ। ਉਨ੍ਹਾਂ ਦੀ ਭੈਣ ਦਾ 28 ਨਵੰਬਰ ਨੂੰ ਵਿਆਹ ਹੋਣਾ ਸੀ ਪਰ ਇੱਕ ਨਵੰਬਰ ਨੂੰ ਇਹ ਭਾਣਾ ਵਾਪਰ ਗਿਆ।
ਅਵਤਾਰ ਸਿੰਘ ਇੱਕ ਖੰਡਰਨੁਮਾਂ ਮਕਾਨ ਵਿੱਚ ਚਾਰ-ਪੰਜ ਘੰਟੇ ਤੱਕ ਲੁਕੇ ਰਹੇ ਅਤੇ ਸ਼ਾਮ ਨੂੰ ਫ਼ੌਜ ਦੇ ਜਵਾਨ ਉਨ੍ਹਾਂ ਨੂੰ ਬਚਾ ਕੇ ਛਾਉਣੀ ਲਿਆਏ।
ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਕੈਲਾਸ਼ ਪਾਲ ਦੀ ਗ੍ਰਿਫ਼ਤਾਰੀ ਬਾਰੇ ਅਵਤਾਰ ਸਿੰਘ ਕਹਿੰਦੇ ਹਨ, "ਸਾਡੇ ਮੁਕੱਦਮੇ ਵਿੱਚ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਜੋ ਖ਼ਾਸ-ਖ਼ਾਸ ਹਨ ਸਾਰੇ ਫੜੇ ਜਾ ਰਹੇ ਹਨ।"
ਅਵਤਾਰ ਸਿੰਘ ਕਹਿੰਦੇ ਹਨ ਕਿ ਫ਼ਿਲਹਾਲ ਉਨ੍ਹਾਂ ਨੇ ਆਪਣੀ ਗਵਾਹੀ ਨਹੀਂ ਦਿੱਤੀ ਹੈ, ਪਰ ਜਦੋਂ ਉਨ੍ਹਾਂ ਦਾ ਕੇਸ ਖੁੱਲ੍ਹੇਗਾ ਤਾਂ ਉਹ ਗਵਾਹੀ ਦੇਣਗੇ।

ਇਹ ਵੀ ਪੜ੍ਹੋ-

ਇੰਨੇ ਸਾਲ ਬਾਅਦ ਵੀ ਅਵਤਾਰ ਸਿੰਘ ਦੇ ਜ਼ਖ਼ਮ ਅੱਲ੍ਹੇ ਹਨ। ਉਹ ਕਹਿੰਦੇ ਹਨ, "ਜਦੋਂ ਤੱਕ ਜਿਉਂਦੇ ਹਾਂ ਇਹ ਨਾ ਭੁੱਲਣਾ ਹੈ, ਨਾ ਭੁੱਲ ਸਕਦੇ ਹਾਂ।"
ਆਪਣੇ ਫ਼ੋਨ ਵਿੱਚ ਪਰਿਵਾਰ ਦੇ ਜੀਆਂ ਦੀਆਂ ਤਸਵੀਰਾਂ ਦਿਖਾਉਂਦਿਆਂ ਅਵਤਾਰ ਸਿੰਘ ਕਹਿੰਦੇ ਹਨ, ਕੋਈ ਦਿਨ ਅਜਿਹਾ ਨਹੀਂ ਹੈ ਜਿਸ ਦਿਨ ਉਹ ਉਨ੍ਹਾਂ ਨੂੰ ਯਾਦ ਨਾ ਕਰਦੇ ਹੋਣ ਅਤੇ ਆਪਣੇ ਮਾਤਾ-ਪਿਤਾ ਨੂੰ ਮੱਥਾ ਨਾ ਟੇਕਦੇ ਹੋਣ।
ਹੁਣ ਉਹ ਇੱਕ ਛੋਟੀ ਜਿਹੀ ਪਰਚੂਨ ਦੀ ਦੁਕਾਨ ਚਲਾਉਂਦੇ ਹਨ। ਕਹਿੰਦੇ ਹਨ, "ਇਹ ਨਾ ਹੋਵੇ ਤਾਂ ਅਸੀਂ ਉਦਾਂ ਹੀ ਪਾਗ਼ਲ ਹੋ ਜਾਂਦੇ।"
ਕੀ ਇਸ ਤੋਂ ਪਹਿਲਾਂ ਦੂਜੀਆਂ ਸਰਕਾਰਾਂ ਦੇ ਸ਼ਾਸਨ ਵਿੱਚ ਅਵਤਾਰ ਸਿੰਘ ਨੂੰ ਇਨਸਾਫ਼ ਦੀ ਉਮੀਦ ਸੀ ? ਉਹ ਕਹਿੰਦੇ ਹਨ, "ਇੱਕ ਵਾਰ ਵੀ ਉਮੀਦ ਨਹੀਂ ਹੋਈ। ਕਲੇਮ ਵੀ ਭਾਜਪਾ ਸਰਕਾਰ ਵਿੱਚ ਮਿਲਿਆ।"

ਜਾਂਚ ਲਈ ਬਣਾਈ ਗਈ ਐੱਸਆਈਟੀ
- ਉੱਤਰ ਪ੍ਰਦੇਸ਼ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਸੀ
- ਐੱਸਆਈਟੀ ਦੀ ਪ੍ਰਧਾਨਗੀ ਪੁਲਿਸ ਦੇ ਇੱਕ ਡੀਜੀ ਪੱਧਰ ਦੇ ਅਧਿਕਾਰੀ ਨੂੰ ਦਿੱਤੀ ਗਈ
- ਐੱਸਆਈਟੀ ਨੇ 40 ਘਿਨਾਉਣੇ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਿਨ੍ਹਾਂ ਵਿੱਚ 127 ਲੋਕ ਮਾਰੇ ਗਏ ਸਨ।
- 40 ਮਾਮਲਿਆਂ ਵਿੱਚੋਂ ਚਾਰ ਕੇਸ ਐੱਸਆਈਟੀ ਨੇ ਅਪੀਲ ਯੋਗ ਪਾਏ।
- ਇਨ੍ਹਾਂ 40 ਮਾਮਲਿਆਂ 'ਚੋਂ ਜਿਨ੍ਹਾਂ 11 ਵਿੱਚ ਚਾਰਜਸ਼ੀਟ ਲਗਾਈ ਗਈ ਸੀ ਉਨ੍ਹਾਂ ਵਿੱਚੋਂ ਚਾਰ ਮਾਮਲਿਆਂ ਬਾਰੇ ਐੱਸਆਈਟੀ ਨੇ ਸਰਕਾਰ ਨੂੰ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਕਤਲ ਲਈ ਕੌਣ ਜ਼ਿੰਮੇਵਾਰ ਹੈ? ਇਸ ਸਵਾਲ ਦੇ ਜਵਾਬ ਵਿੱਚ ਅਵਤਾਰ ਸਿੰਘ ਕਹਿੰਦੇ ਹਨ, "ਹੁਣ ਇਹ ਤਾਂ ਕਾਂਗਰਸ ਵਾਲੇ ਹੀ ਹਨ। ਉਸ ਵੇਲੇ ਤਾਂ ਕਾਂਗਰਸ ਦੀ ਹੀ ਸਰਕਾਰ ਸੀ। ਐਨਡੀ ਤਿਵਾਰੀ ਉਸ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੀ।"
ਪਰ ਕੀ ਇਸ ਵਿੱਚ ਅਵਤਾਰ ਸਿੰਘ ਨੂੰ ਕੋਈ ਸਿਆਸਤ ਵੀ ਨਜ਼ਰ ਆਉਂਦੀ ਹੈ?
ਉਹ ਕਹਿੰਦੇ ਹਨ, "ਨਹੀਂ, ਨਹੀਂ, ਅਸੀਂ ਇਸ ਨੂੰ ਇਨਸਾਫ਼ ਦੀ ਨਜ਼ਰ ਨਾਲ ਦੇਖਦੇ ਹਾਂ। ਯੋਗੀ ਜੀ ਸਰਦਾਰਾਂ ਨਾਲ ਇੰਨ੍ਹੇ ਮਿਲਣਸਾਰ ਹਨ ਕਿ ਪੁੱਛੋ ਨਾ।"
ਅਵਤਾਰ ਸਿੰਘ ਮੁੱਖ ਮੰਤਰੀ ਅਦਿਤਿਯਾਨਾਥ ਨਾਲ ਮੁਲਾਕਾਤ ਦੀ ਤਸਵੀਰ ਦਿਖਾਉਂਦਿਆਂ ਕਹਿੰਦੇ ਹਨ, "ਸਾਨੂੰ ਪੂਰਾ ਭਰੋਸਾ ਦਵਾਇਆ ਹੈ ਉਨ੍ਹਾਂ ਨੇ ਕਿ ਤੁਸੀਂ ਬੇਫ਼ਿਕਰ ਰਹੋ, ਪੂਰੀ ਕਾਰਵਾਈ ਹੋਏਗੀ।"

‘ਮੇਰੇ ਪਤੀ ਦੇ ਪੁੜਪੁੜੀ ਵਿੱਚ ਗੋਲੀ ਲੱਗੀ, ਪੁਲਿਸ ਨੇ ਮਦਦ ਨਹੀਂ ਕੀਤੀ’
ਸਿੱਖ ਕਤਲੇਆਮ ਵਿੱਚ ਕਾਨਪੁਰ ਦੇ ਰਾਮਬਾਗ਼ ਇਲਾਕੇ ਵਿੱਚ ਰਹਿਣ ਵਾਲੀ ਸੁਰਿੰਦਰ ਕੌਰ ਦੇ ਪਰਿਵਾਰ 'ਤੇ ਵੀ ਦੰਗਾਕਾਰੀਆਂ ਦੀ ਭੀੜ ਨੇ ਹਮਲਾ ਕੀਤਾ ਸੀ।
68 ਸਾਲਾ ਸੁਰਿੰਦਰ ਕੌਰ ਉਹ ਵੇਲਾ ਯਾਦ ਕਰਦਿਆਂ ਕਹਿੰਦੇ ਹਨ, "ਮੇਰੇ ਪਤੀ ਦੀ ਪੁੜਪੁੜੀ ਵਿੱਚ ਗੋਲੀ ਲੱਗੀ ਸੀ ਅਤੇ ਸਿਰ 'ਤੇ ਡੰਡੇ ਮਾਰੇ ਗਏ ਸੀ। ਮੇਰੇ ਜੇਠ ਦੀ ਪਿੱਠ ਅਤੇ ਢਿੱਡ ਵਿੱਚ ਚਾਕੂ ਮਾਰਿਆ। ਉਨ੍ਹਾਂ ਦੀਆਂ ਅੰਤੜੀਆਂ ਬਾਹਰ ਆ ਗਈਆਂ ਸੀ।"
"ਦੰਗਾਕਾਰੀ ਸਾਡੇ ਘਰ 'ਤੇ ਹਮਲਾ ਕਰ ਰਹੇ ਸੀ। ਕੋਲ ਪੁਲਿਸ ਵੀ ਖੜੀ ਸੀ, ਪਰ ਕੋਈ ਮਦਦ ਨਹੀਂ ਸੀ ਕਰ ਰਿਹਾ। ਫਿਰ ਸਾਡੀ ਜਾਣ-ਪਛਾਣ ਦਾ ਨੇੜੇ ਰਹਿੰਦਾ ਇੱਕ ਮੁੰਡਾ ਜੀਪ ਲੈ ਕੇ ਆਇਆ ਅਤੇ ਉਸ ਨੇ ਸਾਨੂੰ ਉੱਥੋਂ ਕੱਢਿਆ।"
ਇਸ ਹਿੰਸਾ ਵਿੱਚ ਸੁਰਿੰਦਰ ਕੌਰ ਦੇ ਪਤੀ ਅਤੇ ਜੇਠ ਦੀ ਜਾਨ ਚਲੀ ਗਈ ਸੀ।
ਐੱਸਆਈਟੀ ਦੀ ਜਾਂਚ ਬਾਰੇ ਸੁਰਿੰਦਰ ਕੌਰ ਕਹਿੰਦੇ ਹਨ, "ਕਾਰਵਾਈ ਕਰ ਰਹੇ ਹਨ, ਚੰਗੀ ਗੱਲ ਹੈ ਪਰ ਦੇਰ ਨਾਲ ਮਿਲਿਆ ਇਨਸਾਫ਼ , ਇਨਸਾਫ਼ ਨਾ-ਮਿਲਣ ਦੇ ਬਰਾਬਰ ਹੈ।"
ਗ੍ਰਿਫ਼ਤਾਰੀਆਂ ਬਾਰੇ ਸੁਰਿੰਦਰ ਕੌਰ ਪੁੱਛਦੇ ਹਨ, "ਜਿਨ੍ਹਾਂ ਲੋਕਾਂ ਨੂੰ ਤੁਸੀਂ ਫੜ ਰਹੇ ਹੋ, ਚੰਗੀ ਗੱਲ ਹੈ। ਪਰ ਜੋ ਲੋਕ 35-35 ਸਾਲ ਅਜ਼ਾਦ ਘੁੰਮਦੇ ਰਹੇ, ਹੁਣ ਉਨ੍ਹਾਂ ਦੀ ਉਮਰ ਵੈਸੇ ਵੀ ਲੰਘ ਚੁੱਕੀ ਹੈ। ਹੁਣ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟੋਗੇ ਜਾਂ ਕੁਝ ਕਰੋਗੇ ਤਾਂ ਕੀ ਇਹ ਇਨਸਾਫ਼ ਹੋ ਗਿਆ?"
ਸੁਰਿੰਦਰ ਕੌਰ ਨੇ ਕਿਹਾ, "ਜਦੋਂ ਇਨ੍ਹਾਂ ਨੂੰ ਫੜਨਾ ਸੀ, ਜਦੋਂ ਕੁਝ ਕਰਨਾ ਸੀ , ਉਦੋਂ ਤਾਂ ਕੁਝ ਕੀਤਾ ਨਹੀਂ।"

ਮੈਨੂੰ ਆਪਣੇ ਪਤੀ ਦੀ ਲਾਸ਼ ਤੱਕ ਨਹੀਂ ਮਿਲੀ- ਕਮਲਜੀਤ ਕੌਰ
ਗੁਰਦਿਆਲ ਸਿੰਘ ਅਤੇ ਕਮਲਜੀਤ ਕੌਰ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ ਜਦੋਂ ਉਸ ਹਿੰਸਾ ਵਿੱਚ ਕਮਲਜੀਤ ਨੇ ਆਪਣੇ ਪਤੀ ਨੂੰ ਗੁਆ ਲਿਆ ਸੀ।
ਕਮਲਜੀਤ ਕੌਰ ਦੱਸਦੇ ਹਨ, "ਗੁਰਦਿਆਲ ਗੁਰਦੁਆਰੇ ਪਾਠ ਕਰਨ ਗਏ ਸੀ। ਖ਼ਬਰ ਆਈ ਕਿ ਹਮਲਾ ਹੋਇਆ ਹੈ। ਅਸੀਂ ਉੱਥੇ ਕਿਸੇ ਨੂੰ ਜਾਣਦੇ-ਪਛਾਣਦੇ ਨਹੀਂ ਸੀ।"
ਕਮਲਜੀਤ ਕੌਰ ਨੂੰ ਪਤੀ ਦੇ ਕਤਲ ਬਾਰੇ ਕਰਫਿਊ ਖੁੱਲ੍ਹਣ ਤੋਂ ਅੱਠ ਦਿਨ ਬਾਅਦ ਪਤਾ ਲੱਗਿਆ ਅਤੇ ਉਨ੍ਹਾਂ ਨੂੰ ਪਤੀ ਦੀ ਲਾਸ਼ ਵੀ ਨਹੀਂ ਮਿਲੀ।
ਐੱਸਆਈਟੀ ਦੀ ਕਾਰਵਾਈ ਬਾਰੇ ਉਹ ਕਹਿੰਦੇ ਹਨ, "ਸਾਰੇ ਲੋਕ ਚਾਹੁੰਦੇ ਹਨ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੈਂ ਕਿਸੇ ਨੂੰ ਦੇਖਿਆ ਨਹੀਂ ਹੈ ਤਾਂ ਮੈਂ ਕਿਸ ਨੂੰ ਗੁਨਾਹਗਾਰ ਕਹਿ ਦੇਵਾਂ।"
ਇਨਸਾਫ਼ ਦੇ ਸਵਾਲ 'ਤੇ ਕਮਲਜੀਤ ਕੌਰ ਨੇ ਕਿਹਾ, "ਇੰਨ੍ਹੇ ਸਾਲ ਬਾਅਦ ਕੌਣ ਕਿਸੇ ਨੂੰ ਪਛਾਣ ਸਕਦਾ ਹੈ, ਕਿੱਥੇ ਕੌਣ ਰਹਿੰਦਾ ਹੈ, ਕੋਈ ਨਹੀਂ ਜਾਣਦਾ। ਤਾਂ ਕਿਵੇਂ ਉਮੀਦ ਲਗਾਈਏ ਕਿ ਹੁਣ ਸਾਨੂੰ ਇਨਸਾਫ਼ ਮਿਲੇਗਾ।"
ਉਨ੍ਹਾਂ ਦੱਸਿਆ ਕਿ ਹੁਣ ਤੱਕ ਅੱਠ ਲੱਖ ਰੁਪਏ ਮੁਆਵਜ਼ਾ ਮਿਲਿਆ ਹੈ।

ਲਗਦਾ ਹੈ ਕਿ ਰੋਜ਼ ਪਿਤਾ ਦੀ ਲਾਸ਼ ਤੋਂ ਹੋ ਕੇ ਲੰਘਦਾ ਹਾਂ- ਮਨਵੀਨ ਸਿੰਘ
ਮਨਵੀਨ ਸਿੰਘ ਕਾਨਪੁਰ ਦੀ ਆਰਡੀਨੈਂਸ ਫ਼ੈਕਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਵੀ ਇਸੇ ਫ਼ੈਕਟਰੀ ਵਿੱਚ ਕੰਮ ਕਰਦੇ ਸਨ। ਠੀਕ ਇਸੇ ਫ਼ੈਕਟਰੀ ਦੇ ਬਾਹਰ ਕੁਲਵੰਤ ਸਿੰਘ ਦਾ ਦੰਗਾਕਾਰੀਆਂ ਨੇ ਕਤਲ ਕਰ ਦਿੱਤਾ ਸੀ। ਉਸ ਸਮੇਂ ਮਨਵੀਨ ਸਿਰਫ਼ 14 ਸਾਲ ਦੇ ਸੀ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਦੋ ਦਿਨ ਬਾਅਦ ਕੁਲਵੰਤ ਸਿੰਘ ਹਰ ਰੋਜ਼ ਦੀ ਤਰ੍ਹਾਂ ਫ਼ੈਕਟਰੀ ਵਿੱਚ ਕੰਮ ਕਰਨ ਪਹੁੰਚੇ। ਹਾਲਾਂਕਿ ਸਰਕਾਰ ਵੱਲੋਂ ਛੁੱਟੀ ਦਾ ਹੁਕਮ ਆ ਚੁੱਕਿਆ ਸੀ। ਉਸ ਵੇਲੇ ਫ਼ੈਕਟਰੀ ਵਿੱਚ ਤਿੰਨ-ਚਾਰ ਲੋਕ ਹੀ ਸੀ।
ਮਨਵੀਨ ਕਹਿੰਦੇ ਹਨ, “ਆਲੇ-ਦੁਆਲੇ ਦੀਆਂ ਫ਼ੈਕਟਰੀਆਂ ਤੋਂ ਆਏ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਮੇਰੇ ਪਿਤਾ ਜੀ ਤੇ ਬਾਕੀ ਤਿੰਨ ਮੁਲਾਜ਼ਮਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ।”
37 ਸਾਲ ਪੁਰਾਣੀ ਇਸ ਦਰਦਨਾਕ ਘਟਨਾ ਨੂੰ ਯਾਦ ਕਰਦਿਆਂ ਮਨਵੀਨ ਕਹਿੰਦੇ ਹਨ, "ਨਾ ਸਾਨੂੰ ਉਨ੍ਹਾਂ ਦੀ ਲਾਸ਼ ਮਿਲੀ, ਨਾ ਉਨ੍ਹਾਂ ਨਾਲ ਅਜਿਹਾ ਹੋਇਆ ਕਿ ਕੋਈ ਇਲਾਜ ਮਿਲ ਜਾਂਦਾ ਤਾਂ ਉਹ ਬਚ ਵੀ ਸਕਦੇ ਸੀ। ਸਾਨੂੰ ਕੁਝ ਪਤਾ ਨਹੀਂ ਸੀ ਕਿ ਕੌਣ ਲੈ ਕੇ ਗਿਆ ਅਤੇ ਕਿਸ ਨੇ ਕੀ ਕੁਝ ਕੀਤਾ।"
ਗੱਲ ਕਰਦਿਆਂ ਮਨਵੀਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਕਹਿੰਦੇ ਹਨ, "ਰੋਜ਼ ਆਉਣ ਵੇਲੇ ਉਹ ਯਾਦ ਆਉਂਦੇ ਹਨ। ਲਗਦਾ ਹੈ ਰੋਜ਼ ਪਿਤਾ ਦੀ ਲਾਸ਼ ਤੋਂ ਹੋ ਕੇ ਲੰਘਦਾ ਹਾਂ। ਅੱਖਾਂ ਉਨ੍ਹਾਂ ਨੂੰ ਲੱਭਦੀਆਂ ਸੀ, ਘੱਟੋ-ਘੱਟ ਲਾਸ਼ ਹੀ ਦੇ ਦਿੰਦੇ ਤਾਂ ਵੀ ਚੈਨ ਮਿਲ ਜਾਂਦਾ।"
ਮਨਵੀਨ ਮੁਤਾਬਕ ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਫ਼ੈਕਟਰੀ ਨਾਲ ਸਬੰਧਤ ਇੱਕ ਸ਼ਖਸ ਵੱਲੋਂ ਐੱਫ਼ਆਈਆਰ ਲਿਖਵਾਈ ਗਈ ਸੀ ਜਿਸ ਦੀ ਕਾਪੀ ਉਨ੍ਹਾਂ ਨੂੰ ਕਾਫ਼ੀ ਸਮਾਂ ਬਾਅਦ ਮਿਲੀ।
ਉਹ ਕਹਿੰਦੇ ਹਨ, "ਅੱਜ ਸਾਡੇ ਪਿਤਾ ਦੇ ਕਾਤਲ ਨਾ ਮਿਲੇ, ਪਰ ਇਸ ਮਾਮਲੇ ਵਿੱਚ ਜੋ ਲੋਕਾਂ ਨੂੰ ਫ਼ੜਨਾ ਸ਼ੁਰੂ ਕੀਤਾ ਹੈ, ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਇਸ ਲਈ ਯੋਗੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ।"

ਕਿੰਨਾ ਵੱਡਾ ਹੈ ਐੱਸਆਈਟੀ ਦਾ ਦਾਇਰਾ?
40 ਮਾਮਲਿਆਂ ਵਿੱਚੋਂ ਚਾਰ ਕੇਸ ਐੱਸਆਈਟੀ ਨੇ ਅਪੀਲ ਯੋਗ ਪਾਏ ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀ ਇਜਾਜ਼ਤ ਮਿਲਦਿਆਂ ਹੀ ਇਲਾਹਾਬਾਦ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।
ਇਸ ਪੂਰੇ ਮਾਮਲੇ ਦੀ ਜਾਂਚ ਦੇ ਪਹਿਲੂਆਂ 'ਤੇ ਪਿਛਲੇ ਦਿਨੀਂ ਬੀਬੀਸੀ ਦੀ ਟੀਮ ਨੇ ਕਾਨਪੁਰ ਕੋਤਾਵਲੀ ਸਥਿਤ ਐੱਸਆਈਟੀ ਦਫ਼ਤਰ ਵਿੱਚ ਡੀਆਈਜੀ ਬਾਲੇਂਦੁ ਭੂਸ਼ਣ ਨਾਲ ਮੁਲਾਕਾਤ ਕੀਤੀ।
ਡੀਆਈਜੀ ਕਹਿੰਦੇ ਹਨ, “ਇਨ੍ਹਾਂ 40 ਮਾਮਲਿਆਂ ਵਿੱਚ ਕੁੱਲ ਮਿਲਾ ਕੇ 127 ਲੋਕਾਂ ਦਾ ਕਤਲ ਕੀਤਾ ਗਿਆ ਸੀ, ਉਨ੍ਹਾਂ ਦੀ ਜਾਇਦਾਦ ਲੁੱਟੀ ਗਈ ਸੀ ਅਤੇ ਘਰ ਸਾੜੇ ਗਏ ਸੀ। ਇਨ੍ਹਾਂ ਵਿੱਚ ਜਿਹੜੇ ਚਾਰ ਮੁਕੱਦਮੇ ਅਪੀਲ ਯੋਗ ਪਾਏ ਹਨ, ਉਨ੍ਹਾਂ ਵਿੱਚ ਇੱਕ ਹੀ ਪਰਿਵਾਰ ਦੇ 13 ਲੋਕਾਂ ਦੇ ਕਤਲ ਦਾ ਕੇਸ ਵੀ ਸ਼ਾਮਲ ਹੈ।”
38 ਸਾਲ ਪੁਰਾਣੇ ਮਾਮਲਿਆਂ ਦੀ ਜਾਂਚ ਕਿਵੇਂ ਕੀਤੀ ਗਈ?
ਇਨ੍ਹਾਂ ਘਿਨੌਣੇ ਕਤਲ ਮਾਮਲਿਆਂ ਵਿੱਚ ਐੱਸਆਈਟੀ ਨੂੰ ਸਬੂਤ ਅਤੇ ਦਸਤਾਵੇਜ਼ ਹਾਸਿਲ ਕਰਨ ਲਈ ਪੀੜਤਾਂ ਨਾਲ ਸੰਪਰਕ ਕਰਨਾ ਪਿਆ ਕਿਉਂਕਿ ਕਾਨਪੁਰ ਪੁਲਿਸ ਕੋਲ ਸਬੂਤ ਮੌਜੂਦ ਨਹੀਂ ਸਨ।
ਬਾਲੇਂਦੁ ਭੂਸ਼ਣ ਕਹਿੰਦੇ ਹਨ, "29 ਫ਼ਾਈਨਲ ਰਿਪੋਰਟਾਂ ਵਾਲੇ ਮਾਮਲੇ ਵਿੱਚ ਜਦੋਂ ਐੱਸਆਈਟੀ ਨੇ ਜਾਂਚ ਸ਼ੁਰੂ ਕੀਤੀ ਤਾਂ ਕਾਨਪੁਰ ਪੁਲਿਸ ਦਫ਼ਤਰ ਤੋਂ ਸਾਨੂੰ ਕੋਈ ਰਿਕਾਰਡ ਨਹੀਂ ਮਿਲ ਸਕਿਆ। ਸਾਡੇ ਕੋਲ ਸਬੰਧਤ ਪੱਖਾਂ ਨੂੰ ਸੰਪਰਕ ਕਰਨ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਸੀ।"
ਬਾਲੇਂਦੁ ਭੂਸ਼ਣ ਕਹਿੰਦੇ ਹਨ, "ਪੋਸਟਮਾਰਟਮ ਰਿਪੋਰਟ ਤਾਂ ਨਹੀਂ ਮਿਲੀ, ਪਰ ਐੱਫ਼ਆਈਆਰ ਤਕਰੀਬਨ ਸਾਰੀਆਂ ਮਿਲ ਗਈਆਂ ਹਨ।"
ਐੱਸਆਈਟੀ ਨੂੰ ਕਾਨਪੁਰ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ਤੋਂ ਵੀ ਮਦਦ ਮਿਲੀ। ਬਾਲੇਂਦੁ ਭੂਸ਼ਣ ਕਹਿੰਦੇ ਹਨ, "ਅਸੀਂ ਹੈਲਟ ਅਤੇ ਉਰਸਲਾ (ਹਸਪਤਾਲ) ਤੋਂ 31 ਅਕਤੂਬਰ 1984 ਤੋਂ ਲੈ ਕੇ 15 ਨਵੰਬਰ 1984 ਦੇ ਕਤਲੇਆਮ ਨਾਲ ਸਬੰਧਤ ਡਾਕਟਰੀ ਰਿਕਾਰਡ ਲਏ।"
ਗਵਾਹਾਂ ਦੇ ਬਿਆਨਾਂ ਨਾਲ ਬੱਝੀ ਹੈ ਇਨਸਾਫ਼ ਦੀ ਉਮੀਦ
ਵੈਸੇ 37 ਸਾਲ ਪੁਰਾਣੇ ਕਤਲ ਮਾਮਲਿਆਂ ਨੂੰ ਸਾਬਿਤ ਕਰਨਾ ਕਾਫ਼ੀ ਚੁਣੌਤੀਪੂਰਨ ਹੈ।
ਡੀਆਈਜੀ ਬਾਲੇਂਦੁ ਭੂਸ਼ਣ ਕਹਿੰਦੇ ਹਨ, "ਕਤਲ ਸਾਬਤ ਕਰਨ ਲਈ ਡਾਇਰੈਕਟ ਐਵੀਡੈਂਸ ਹੈ। ਇਸ ਦੇ ਨਾਲ ਹੀ ਉਹ ਮੌਖਿਕ ਸਬੂਤ ਵੀ ਜੋ ਪੁਲਿਸ 161 (ਪੁਲਿਸ ਦੇ ਸਾਹਮਣੇ ਗਵਾਹਾਂ ਦੇ ਬਿਆਨ) ਵਿੱਚ ਲਿਖਦੀ ਹੈ ਅਤੇ ਲੋਕਾਂ ਨੇ 164 ਦੇ ਬਿਆਨਾਂ ਵਿੱਚ ਵੀ ਕਿਹਾ ਸੀ।"
ਬਾਲੇਂਦੁ ਭੂਸ਼ਣ ਦੱਸਦੇ ਹਨ ਕਿ ਫ਼ਿਲਹਾਲ 11 ਮੁਕੱਦਮੇ ਹਨ ਜਿਨ੍ਹਾਂ ਵਿੱਚ ਚਾਰਜਸ਼ੀਟ ਹੋਣ ਜਾ ਰਹੀ ਹੈ ਜਿਨ੍ਹਾਂ ਵਿੱਚ 23 ਲੋਕਾਂ ਦੇ 164 ਸੀਆਰਪੀਸੀ ਵਿੱਚ ਕਲਮ ਬੰਦ ਬਿਆਨ ਅਦਾਲਤ ਵਿੱਚ ਕਰਵਾਏ ਗਏ ਹਨ।
11 ਮੁਕੱਦਮਿਆਂ ਦੀ ਜਾਂਚ ਵਿੱਚ 96 ਮੁਲਜ਼ਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 23 ਲੋਕ ਮ੍ਰਿਤ ਪਾਏ ਗਏ ਅਤੇ ਬਚੇ 73 ਮੁਲਜ਼ਮ ਵਿੱਚੋਂ ਕੁਝ ਗੰਭੀਰ ਬਿਮਾਰੀਆਂ ਨਾਲ ਪੀੜਤ ਵੀ ਹਨ।
ਪਰ ਬਾਲੇਂਦੁ ਭੂਸ਼ਣ ਕਹਿੰਦੇ ਹਨ ਕਿ ਐੱਸਆਈਟੀ ਦੀ ਕੋਸ਼ਿਸ਼ ਹੈ ਕਿ, ਜੋ ਥੋੜ੍ਹੇ ਬਹੁਤ ਵੀ ਠੀਕ-ਠਾਕ ਹਨ, ਤੁਰਨ-ਫਿਰਨ ਜੋਗੇ ਹਨ, ਭਾਵੇਂ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹੋਣ, ਸਭ ਨੂੰ ਗ੍ਰਿਫ਼ਤਾਰ ਜ਼ਰੂਰ ਕਰਨਾ ਹੈ।

ਨਿਰਪੱਖ ਕਾਰਵਾਈ ਦਾ ਦਾਅਵਾ
ਐੱਸਆਈਟੀ ਦੀ ਕਾਰਵਾਈ ਨੂੰ ਨਿਰਪੱਖ ਦੱਸਦਿਆਂ ਡੀਆਈਜੀ ਬਾਲੇਂਦੁ ਭੂਸ਼ਣ ਕਹਿੰਦੇ ਹਨ, "ਇੱਕ ਵੀ ਆਦਮੀ ਹਾਲੇ ਤੱਕ ਇਹ ਨਹੀਂ ਕਹਿ ਸਕਿਆ ਹੈ ਕਿ ਅਸੀਂ ਗ਼ਲਤ ਜਾ ਰਹੇ ਹਾਂ। ਲੋਕ ਖੁਸ਼ ਹਨ ਕਿ ਬਿਲਕੁਲ ਸਹੀ ਕਾਰਵਾਈ ਹੈ।"
ਜਦੋਂ ਮੁਲਜ਼ਮਾਂ ਦੇ ਵਕੀਲਾਂ ਵੱਲੋਂ ਦਲੀਲ ਆਏਗੀ ਕਿ ਇਨ੍ਹਾਂ ਘਟਨਾਵਾਂ ਨੂੰ ਬਹੁਤ ਸਮਾਂ ਹੋ ਚੁੱਕਾ ਹੈ ਤਾਂ ਐੱਸਆਈਟੀ ਇਸ ਦਾ ਕੀ ਜਵਾਬ ਦੇਵੇਗੀ?
ਡੀਆਈਜੀ ਕਹਿੰਦੇ ਹਨ, "ਇਸ ਵਿੱਚ ਸਮੇਂ ਦੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਇਸ ਵੇਲੇ ਜਾਂਚ ਕਰਵਾਈ ਹੈ ਤਾਂ ਅਸੀਂ ਕਰ ਰਹੇ ਹਾਂ। ਸਾਡੇ ਕੋਲ ਕਾਫ਼ੀ ਸਬੂਤ ਹਨ। ਸਾਡੇ ਕੋਲ ਇੰਨ੍ਹੇ ਸਬੂਤ ਹਨ ਕਿ ਕੋਈ ਵੀ ਸਾਡੀ ਜਾਂਚ ਨੂੰ ਡੀਫੇਮ ਨਹੀਂ ਕਰ ਸਕਦਾ।"
ਜੇ ਇਸ ਜਾਂਚ ਨੂੰ ਲੈ ਕੇ ਸਿਆਸਤ ਹੁੰਦੀ ਹੈ ਤਾਂ ਐੱਸਆਈਟੀ ਕੀ ਕਰੇਗੀ? ਬਾਲੇਂਦੁ ਭੂਸ਼ਣ ਕਹਿੰਦੇ ਹਨ, "ਇਹ ਸਿੱਧੇ ਤੌਰ 'ਤੇ ਘਿਨੌਣੇ ਜ਼ੁਰਮ ਹਨ। ਸਰਕਾਰ ਨੇ ਬੰਦ ਕਤਲ ਕੇਸਾਂ ਨੂੰ ਖੋਲ੍ਹਣ ਦੀ ਜ਼ਿੰਮੇਵਾਰੀ ਦਿੱਤੀ ਸੀ ਅਤੇ ਅਸੀਂ ਤਨਦੇਹੀ ਅਤੇ ਇਮਾਨਦਾਰੀ ਨਾਲ ਇਹ ਨਿਭਾਈ ਹੈ।"
14 ਜੁਲਾਈ ਨੂੰ ਬੀਬੀਸੀ ਹਿੰਦੀ ਕੋਲ ਬਾਲੇਂਦੁ ਭੂਸ਼ਣ ਨੇ ਦਾਅਵਾ ਕੀਤਾ ਸੀ ਕਿ ਅਗਲੇ ਡੇਢ ਮਹੀਨੇ ਅੰਦਰ ਸਭ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਹਾਲਾਂਕਿ 12 ਅਕਤੂਬਰ ਤੱਕ ਐੱਸਆਈਟੀ ਨੇ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
"ਉਂਝ ਜਿਨ੍ਹਾਂ ਮੁਲਜ਼ਮਾਂ ਦੀ ਸਿਹਤ ਖ਼ਰਾਬ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਮੇਂ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।"

ਕੌਣ ਹਨ ਐੱਸਆਈਟੀ ਵਾਲੇ 'ਸਰਦਾਰ ਜੀ' ਸੁਰਜੀਤ ਉਬਰਾਏ?
ਇਨ੍ਹਾਂ ਮਾਮਲਿਆਂ ਨੂੰ ਜਾਂਚ ਤੱਕ ਪਹੁੰਚਾਉਣ ਵਿੱਚ ਕਾਨਪੁਰ ਦੇ ਸੁਰਜੀਤ ਓਬਰਾਏ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਪਛਾਣ ਐੱਸਆਈਟੀ ਵਾਲੇ ਸਰਦਾਰ ਜੀ ਵਜੋਂ ਬਣ ਚੁੱਕੀ ਹੈ।
ਉਨ੍ਹਾਂ ਦੇ ਘਰ ਬਾਹਰ ਨਾਮ ਦੀ ਤਖ਼ਤੀ ਤੋਂ ਇਲਾਵਾ, 'ਵਿਭਾਗ ਮੁਖੀ, ਵਿਸ਼ਵ ਹਿੰਦੂ ਪ੍ਰੀਸ਼ਦ, ਕਾਨਪੁਰ ਮਹਾਂਨਗਰ' ਦਾ ਬੋਰਡ ਵੀ ਲੱਗਿਆ ਸੀ।
ਸੁਰਜੀਤ ਓਬਰਾਏ ਕਹਿੰਦੇ ਹਨ ਕਿ ਉਨ੍ਹਾਂ ਨੇ ਕੇਸਾਂ ਵਿੱਚ ਗਵਾਹਾਂ ਨੂੰ ਤਿਆਰ ਕਰਨ ਵਿੱਚ ਮਦਦ ਕੀਤੀ ਹੈ।
12 ਸਾਲ ਦੀ ਉਮਰ ਵਿੱਚ ਸੁਰਜੀਤ ਓਬਰਾਏ ਨੇ ਖ਼ੁਦ ਕਤਲੇਆਮ ਦੀ ਦਹਿਸ਼ਤ ਦੇਖੀ ਸੀ। ਉਹ ਕਹਿੰਦੇ ਹਨ, "ਦੰਗਾਕਾਰੀ ਮੇਰੇ ਘਰ ਵਿੱਚ ਵੀ ਆ ਗਏ ਸੀ ਅਤੇ ਮੈਨੂੰ ਸਾੜਨਾ ਚਾਹੁੰਦੇ ਸੀ। ਉਨ੍ਹਾਂ ਨੇ ਘਰ ਦਾ ਦਰਵਾਜ਼ਾ ਵੀ ਤੋੜ ਦਿੱਤਾ ਸੀ, ਮੇਰੇ ਭਰਾ ਨੇ ਮੈਨੂੰ ਬਚਾਇਆ।"
ਖਿਲਰੇ ਮਾਮਲਿਆਂ ਅਤੇ ਮੁਕੱਦਮਿਆਂ ਨੂੰ ਸਮੇਟਣ ਵਿੱਚ ਹੋਈ ਮੁਸ਼ੱਕਤ ਬਾਰੇ ਸੁਰਜੀਤ ਓਬਰਾਏ ਕਹਿੰਦੇ ਹਨ, "ਇੱਕ ਹੀ ਦਿਨ ਦੀ ਘਟਨਾ ਹੋਣ ਕਾਰਨ, ਇੱਕੋ ਦਿਨ ਹੀ ਕਈ ਐੱਫ਼ਆਈਆਰ ਲਿਖੀਆਂ ਗਈਆਂ ਸਨ।"
ਅਜਿਹੇ ਵਿੱਚ ਪੀੜਿਤ ਪਰਿਵਾਰਾਂ ਨੂੰ ਗਵਾਹੀ ਦੇਣ ਲਈ ਕਿਵੇਂ ਮਨਾਇਆ ਗਿਆ?
ਸੁਰਜੀਤ ਕਹਿੰਦੇ ਹਨ, "ਪੁਲਿਸ ਨੂੰ ਸਿੱਧੇ ਦੇਖ ਕੇ ਉਹ ਘਬਰਾ ਜਾਂਦੇ ਸੀ। ਫਿਰ ਅਸੀਂ ਸਿੱਖ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਤੱਕ ਪਹੁੰਚ ਕਰਦੇ ਹਾਂ। ਉਹਨਾਂ ਨੂੰ ਜਦੋਂ ਭਰੋਸਾ ਹੋ ਜਾਂਦਾ ਫਿਰ ਆਪਣੇ ਦਿਲ ਦੀ ਗੱਲ ਦੱਸਦੇ ਸੀ। ਇਸ ਤਰ੍ਹਾਂ ਅਸੀਂ ਹੌਲੀ-ਹੋਲੀ ਅੱਗੇ ਵਧਦੇ ਗਏ।"
ਸੁਰਜੀਤ ਓਬਰਾਏ ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਹੋਏ ਹਨ। ਪਰ ਆਪਣੀ ਮੁਲਾਕਾਤ ਵਿੱਚ ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਇਹ ਕੰਮ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨਾਲ ਜੁੜਨ ਤੋਂ ਕਾਫ਼ੀ ਪਹਿਲਾਂ ਦਾ ਚੱਲ ਰਿਹਾ ਸੀ।
ਉਹ ਦੱਸਦੇ ਹਨ, "ਵੀਐੱਚਪੀ ਦੀ ਜ਼ਿੰਮੇਵਾਰੀ ਮੈਨੂੰ ਜੁਲਾਈ ਮਹੀਨੇ ਵਿੱਚ ਹੀ ਮਿਲੀ ਹੈ। ਪਰ ਇਸ ਤੋਂ ਪਹਿਲਾਂ ਤੋਂ ਹੀ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਸੀ, ਜਦੋਂ ਸਿਰਸਾ ਸਾਹਿਬ ਸੀ। ਉਨ੍ਹਾਂ ਨੇ ਹੀ ਮੈਨੂੰ ਇਸ ਕੰਮ ਲਈ ਚੁਣਿਆ ਸੀ। ਇਸ ਵਿੱਚ ਪੂਰੀ ਤਰ੍ਹਾਂ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮਦਦ ਕਰਦੀ ਹੈ।"
ਸੁਰਜੀਤ ਓਬਰਾਏ ਦੱਸਦੇ ਹਨ, " ਜਦੋਂ ਮੁਆਵਜ਼ੇ ਦਾ ਚੈੱਕ ਦੇਣ ਜਾਂਦੇ ਸੀ ਤਾਂ ਮਾਂਵਾਂ ਕਹਿੰਦੀਆਂ ਸੀ, 'ਮੇਰੇ ਬੇਟੇ ਨੂੰ ਜਿਉਂਦਿਆਂ ਸਾੜ ਦਿੱਤਾ। ਮੇਰੇ ਪਤੀ ਨੂੰ ਮੇਰੀਆਂ ਅੱਖਾਂ ਸਾਹਮਣੇ ਸਾੜ ਦਿੱਤਾ। ਮੇਰੀ ਬੇਟੀ ਖਿੱਚ ਕੇ ਲੈ ਗਏ', ਤਾਂ ਹੰਝੂ ਆ ਜਾਂਦੇ ਸੀ। ਮੈਂ ਕਿਹਾ ਕਿ ਮੈਂ ਕੌਮ ਦਾ ਕਰਜ਼ ਚੁਕਾਵਾਂਗਾ ਅਤੇ ਅੱਜ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ। ਮੈਨੂੰ ਸੰਤੁਸ਼ਟੀ ਹੈ ਕਿ ਮੁਲਜ਼ਮ ਜੇਲ੍ਹ ਜਾ ਰਹੇ ਹਨ।"
ਸੁਰਜੀਤ ਓਬਰਾਏ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ।
ਸਿੱਖ ਕਤਲੇਆਮ ਦੀ ਜਾਂਚ ਵਿੱਚ ਕਾਂਗਰਸ ਪਾਰਟੀ ਦਾ ਵੀ ਕੋਈ ਕਨੈਕਸ਼ਨ ਨਿਕਲ ਕੇ ਸਾਹਮਣੇ ਆਇਆ ਹੈ?
ਇਸ ਬਾਰੇ ਸੁਰਜੀਤ ਓਬਰਾਏ ਕਹਿੰਦੇ ਹਨ, "ਜਿਸ ਵੇਲੇ 1984 ਦਾ ਸਿੱਖ ਨਰਸੰਹਾਰ ਹੋਇਆ ਸੀ ਉਸ ਵੇਲੇ ਨਾ ਭਾਜਪਾ ਸੀ , ਸਪਾ ਬਸਪਾ ਤਾਂ ਹੈ ਨਹੀਂ ਸੀ। ਇੰਦਰਾ ਗਾਂਧੀ ਦਾ ਉਸ ਸਮੇਂ ਇੱਕ ਪੂਰਾ ਪ੍ਰੋਟੋਕੋਲ ਸੀ। ਸਰਕਾਰ ਵੀ ਓਹੀ ਸੀ, ਪਾਰਟੀ ਵੀ ਓਹੀ ਸੀ ਤਾਂ ਜ਼ਿਆਦਾਤਰ ਲੋਕ ਉਸ ਸਮੇਂ ਕਾਂਗਰਸ ਵਿੱਚ ਹੀ ਸੀ।"

ਕੀ ਕਹਿਣਾ ਹੈ ਕਾਨਪੁਰ ਦੇ ਭਾਜਪਾ ਨੇਤਾਵਾਂ ਦਾ ?
ਭਾਜਪਾ ਦੇ ਕਾਨਪੁਰ-ਬੁਦੇਲਖੰਡ ਖੇਤਰ ਦੇ ਘੱਟ-ਗਿਣਤੀ ਮੋਰਚੇ ਦੇ ਖੇਤਰੀ ਪ੍ਰ੍ਰਧਾਨ ਸਰਦਾਰ ਅਜੀਤ ਸਿੰਘ ਛਾਬੜਾ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ 70 ਸਾਲਾ ਕੈਲਾਸ਼ ਪਾਲ ਦੇ ਕਾਂਗਰਸ ਨਾਲ ਸਬੰਧ ਬਾਰੇ ਕਹਿੰਦੇ ਹਨ, "ਕੈਲਾਸ਼ ਪਾਲ ਕਾਂਗਰਸ ਨਾਲ ਜੁੜੇ ਹੋਏ ਸੀ।"
ਕੀ ਉਹ ਇਸ ਕਾਰਵਾਈ ਤੋਂ ਖੁਸ਼ ਹਨ?
ਛਾਬੜਾ ਕਹਿੰਦੇ ਹਨ , "ਐਸਆਈਟੀ ਵਾਲਿਆਂ ਨੇ ਸੱਚਮੁਚ ਹੀ ਮਿਹਨਤ ਕੀਤੀ। 37 ਸਾਲ ਬਾਅਦ ਕਿਸੇ ਨੂੰ ਲੱਭਣਾ ਕਾਫ਼ੀ ਔਖਾ ਕੰਮ ਹੈ ਜਿਸ ਨੂੰ ਇਨ੍ਹਾਂ ਨੇ ਸਾਕਾਰ ਕਰ ਦਿਖਾਇਆ ਅਤੇ ਅਜਿਹੇ ਅਪਰਾਧੀ ਫੜ੍ਹ ਕੇ ਲੋਕਾਂ ਸਾਹਮਣੇ ਲਿਆਂਦੇ। ਇਹ ਕੋਈ ਨਵੇਂ ਅਪਰਾਧੀ ਨਹੀਂ ਹਨ, 37 ਸਾਲ ਤੋਂ ਲੋਕ ਚੀਕ ਰਹੇ ਸੀ ਕਿ ਇਹੀ ਅਪਰਾਧੀ ਹਨ।"

ਗ੍ਰਿਫ਼ਤਾਰ ਮੁਲਜ਼ਮਾਂ ਦੇ ਪਰਿਵਾਰਕ ਜੀਅ ਕੀ ਕਹਿੰਦੇ ਹਨ ?
ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਐਸਆਈਟੀ ਨੇ 70 ਸਾਲ ਦੇ ਕੈਲਾਸ਼ ਪਾਲ ਨੂੰ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਕੈਲਾਸ਼ ਦੇ ਬੇਟੇ ਲਲਿਤ ਪਾਲ ਕਹਿੰਦੇ ਹਨ, "ਪਿਤਾ ਜੀ ਸਰਲ ਸੁਭਾਅ ਦੇ ਰਹੇ ਹਨ। ਸਭ ਨਾਲ ਜੁੜੇ ਰਹੇ ਹਨ, ਤਾਂ ਹੀ ਚਾਰ ਵਾਰ ਕੌਂਸਲਰ ਬਣੇ ਕਿਉਂਕਿ ਲੋਕਾਂ ਵਿਚਕਾਰ ਰਹੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਇੰਨ੍ਹੇ ਵੱਡੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਿਲ ਹੋ ਸਕਦੇ ਹਨ।"
ਲਲਿਤ ਪਾਲ ਕਹਿੰਦੇ ਹਨ, "ਜਾਂਚ ਹੋਣੀ ਚਾਹੀਦੀ ਹੈ ਅਤੇ ਸਿੱਖਾਂ ਨਾਲ ਹੋਏ ਇਸ ਵਤੀਰੇ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।"
ਲਲਿਤ ਪਾਲ ਮੁਤਾਬਕ, ਉਨ੍ਹਾਂ ਦੇ ਪਿਤਾ ਕੈਲਾਸ਼ ਪਾਲ ਕੁੱਲ ਚਾਰ ਵਾਰ ਕੌਂਸਲਰ ਰਹੇ ਹਨ ਜਿਨ੍ਹਾਂ ਵਿੱਚ ਦੋ ਵਾਰ ਕਾਂਗਰਸ ਦੇ ਕੌਂਸਲਰ ਰਹੇ। ਪਰ ਪਹਿਲੀ ਵਾਰ 1989 ਵਿੱਚ ਉਹ ਚੁਣੇ ਗਏ।
ਲਲਿਤ ਪਾਲ ਕਹਿੰਦੇ ਹਨ, "ਮੇਰੇ ਪਿਤਾ ਦੇ ਸਿਆਸੀ ਕਰੀਅਰ ਵਿੱਚ ਨਾ ਕਿਸੇ ਚੌਂਕੀ ਨਾ ਥਾਣੇ ਵਿੱਚ ਇੱਕ ਵੀ ਦਰਜ ਕੀਤੀ ਰਿਪੋਰਟ ਨਹੀਂ ਮਿਲੇਗੀ। ਤੁਸੀਂ ਉਨ੍ਹਾਂ ਨੂੰ ਇੰਨ੍ਹੇ ਵੱਡੇ ਦੰਗੇ ਵਿੱਚ ਸ਼ਾਮਲ ਕਰ ਰਹੇ ਹੋ। ਇੰਨ੍ਹੇਂ ਵੱਡੇ ਕੇਸ ਦਾਖ਼ਲ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਇਸ ਵਿੱਚ ਕੁਝ ਕਮੀਆਂ ਹਨ।"
ਕੀ ਇਹ ਇਲਜ਼ਾਮ ਅਦਾਲਤ ਵਿੱਚ ਸਾਬਿਤ ਹੋ ਸਕਣਗੇ?
ਇਸ ਬਾਰੇ ਲਲਿਤ ਕਹਿੰਦੇ ਹਨ, "ਇਹ ਜੁਡੀਸ਼ੀਅਰੀ ਦਾ ਮਾਮਲਾ ਹੈ। ਮੈਂ ਹਾਲੇ ਕਿਵੇਂ ਕਹਿ ਸਕਦਾ ਹਾਂ ਕਿ ਇਹ ਟਿਕੇਗਾ ਜਾਂ ਨਹੀਂ। ਮੈਨੂੰ ਅਦਾਲਤ 'ਤੇ ਯਕੀਨ ਹੈ ਕਿ ਉਹ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਸਾਬਿਤ ਕਰੇਗੀ।"
ਲਲਿਤ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸ਼ੂਗਰ ਦੇ ਮਰੀਜ਼ ਹਨ, ਦਿਲ ਤੇ ਕਿਡਨੀ ਦੇ ਰੋਗੀ ਹਨ ਅਤੇ ਉਨ੍ਹਾਂ ਨੂੰ ਕੋਵਿਡ ਵੀ ਹੋ ਚੁੱਕਿਆ ਹੈ। ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ।
ਲਲਿਤ ਪਾਲ ਕਹਿੰਦੇ ਹਨ, "ਇਹ ਮਾਮਲਾ 37 ਸਾਲ ਪੁਰਾਣਾ ਹੈ। ਇੱਕ ਉਮਰ ਦੇ ਤਹਿਤ 60 ਤੋਂ ਬਾਅਦ ਤਾਂ ਮੈਨੂੰ ਲਗਦਾ ਹੈ ਕਿ ਜੇ ਕਿਸੇ ਨੂੰ ਉਮਰ ਕੈਦ ਹੁੰਦੀ ਹਾਂ ਤਾਂ ਅਦਾਲਤ ਵੀ ਉਸ ਨੂੰ ਛੂਟ ਦੇ ਦਿੰਦੀ ਹੈ। ਲੋਕਾਂ ਨੂੰ ਤੁਰਨ-ਫਿਰਨ ਵਿੱਚ ਵੀ ਮੁਸ਼ਕਿਲ ਆਉਣ ਲਗਦੀ ਹੈ। ਮੈਂ ਚਾਹੁੰਦਾ ਹਾਂ ਕਿ ਸਭ ਨੂੰ ਇਨਸਾਫ਼ ਮਿਲੇ, ਪਰ ਜੇ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ।"

ਕਾਨਪੁਰ ਵਿੱਚ ਹੋਈਆਂ ਵਾਰਦਾਤਾਂ ਵਿੱਚ ਇਨਸਾਫ਼ ਅਤੇ ਕਾਂਗਰਸ
ਕਾਨਪੁਰ ਵਿੱਚ ਕਾਂਗਰਸ ਦੇ ਸਾਬਕਾ ਐੱਮਐੱਲਏ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਸਵਾਉਣ ਲਈ ਪਿਛਲੇ 37 ਸਾਲਾਂ ਤੋਂ ਕੰਮ ਕਰ ਰਹੇ ਸਰਦਾਰ ਕੁਲਦੀਪ ਸਿੰਘ ਨਾਲ ਬੀਬੀਸੀ ਨੇ ਮੁਲਾਕਾਤ ਕੀਤੀ।
ਕੁਲਦੀਪ ਸਿੰਘ ਉਨ੍ਹਾਂ ਵੱਲੋਂ ਛਾਪੀ ਇੱਕ ਕਿਤਾਬ ਵਿੱਚ ਤਸਵੀਰਾਂ ਅਤੇ ਆਰਟੀਕਲਾਂ ਵਿੱਚ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਨਾਲ ਕੰਮ ਕੀਤਾ ਹੈ। ਨਾਲ ਹੀ ਉਹ ਕਹਿੰਦੇ ਹਨ ਕਿ ਕਾਂਗਰਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਸੀ।
ਸਰਦਾਰ ਕੁਲਦੀਪ ਸਿੰਘ ਪਹਿਲਾਂ ਦੀਆਂ ਕਾਂਗਰਸ ਸਰਕਾਰਾਂ ਦੀਆਂ ਕੋਸ਼ਿਸ਼ਾਂ ਬਾਰੇ ਕਹਿੰਦੇ ਹਨ, ਹੁਣ ਤੱਕ ਜੋ ਕਾਰਵਾਈ ਹੋਈ, ਉਸ ਵਿੱਚ ਕਮੀ ਰਹੀ ਹੈ।
ਉਹ ਯਾਦ ਦਵਾਉਂਦੇ ਹਨ ਕਿ 1989 ਦੀ ਮੁਲਾਇਮ ਸਿੰਘ ਸਰਕਾਰ ਦੇ ਸ਼ਾਸਨਕਾਲ ਵਿੱਚ ਵੀ ਉਨ੍ਹਾਂ ਨੇ ਕਈ ਵਾਰ ਕਾਨਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਕਤਲੇਆਮ ਵੇਲੇ ਜ਼ਿਲ੍ਹੇ ਦੇ ਅਧਿਕਾਰੀਆਂ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਦੀ ਮੰਗ ਕੀਤੀ ਸੀ। ਜਾਂਚ ਹੋਈ, ਪਰ ਅਧਿਕਾਰੀਆਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ।
ਯੋਗੀ ਸਰਕਾਰ ਦੀ ਇਸ ਪਹਿਲ ਬਾਰੇ ਕੁਲਦੀਪ ਸਿੰਘ ਕਹਿੰਦੇ ਹਨ, "ਇਸ ਲਈ ਅਸੀਂ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ। ਕੁਝ ਕੇਸਾਂ ਨੂੰ ਇਹ ਸਾਹਮਣੇ ਲਿਆਏ। ਮੇਰੀ ਸਿਰਫ਼ ਇੱਕ ਬੇਨਤੀ ਹੈ ਕਿ ਇਸ ਇਸ ਨੂੰ ਪਾਰਟੀ ਪਾਲੀਟਿਕਸ ਦੀ ਲਾਈਨ ਤੋਂ ਉੱਤੇ ਉੱਠ ਕੇ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇ। ਚੋਣਾਂ ਦੇ ਹਿਸਾਬ ਨਾਲ, ਇੱਕ ਸਿਆਸੀ ਪਾਰਟੀ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।"
ਕੁਲਦੀਪ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ 2006 ਵਿੱਚ ਮਨਮੋਹਨ ਸਿੰਘ ਸਰਕਾਰ ਨੇ ਮੁਆਵਜ਼ੇ ਦੀ ਰਕਮ ਨੂੰ 10 ਗੁਣਾ ਵਧਾ ਕੇ ਦੇਣ ਨੂੰ ਕਿਹਾ ਸੀ ਜਿਸ ਨੂੰ ਮਾਇਆਵਤੀ ਸਰਕਾਰ ਦੇ ਸਮੇਂ ਤੋਂ ਹੁਣ ਤੱਕ ਦੰਗਾ ਪੀੜਤਾਂ ਨੂੰ ਨਹੀਂ ਦਿੱਤਾ ਗਿਆ।
ਉਹ ਕਹਿੰਦੇ ਹਨ ਕਿ ਅਦਾਲਤ ਨੇ ਵੀ ਇਸ ਮੁਆਵਜ਼ੇ ਨੂੰ ਵੰਡਣ ਦਾ ਹੁਕਮ ਦਿੱਤਾ ਹੈ। ਪਰ ਦੰਗਾ ਪੀੜਤਾਂ ਨੂੰ ਹੁਣ ਤੱਕ ਇਹ ਰਾਸ਼ੀ ਨਹੀਂ ਮਿਲ ਸਕੀ ਹੈ।
ਹੁਣ ਤੱਕ ਇਨਸਾਫ਼ ਨਾ ਮਿਲਣ ਲਈ ਕੌਣ ਜ਼ਿੰਮੇਵਾਰ ਹੈ?
ਕੁਲਦੀਪ ਸਿੰਘ ਕਹਿੰਦੇ ਹਨ, "ਜੋ ਦੰਗੇ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕੀਆਂ ਅਤੇ ਦੰਗਾ ਪੀੜਤਾਂ ਦੀ ਮਦਦ ਨਾ ਸਰਕਾਰ ਸਕੀਆਂ, ਉਹ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹਨ।"
ਮੁਕੱਦਮੇ ਵਿੱਚ ਇਨਸਾਫ਼ ਮਿਲੇ ਜਾਂ ਨਾ ਮਿਲੇ ਪਰ ਕੁਲਦੀਪ ਸਿੰਘ ਦੁਹਰਾਉਂਦੇ ਹਨ, "ਇਹ ਸਰਕਾਰ ਪੀੜਤਾਂ ਨੂੰ ਘੱਟੋ-ਘੱਟ ਮੁਆਵਜ਼ਾ ਤਾਂ ਦੇ ਦੇਵੇ, ਇਹ ਤਾਂ ਇਨ੍ਹਾਂ ਦੇ ਹੱਥ ਵੱਸ ਹੈ।"

ਇਹ ਵੀ ਪੜ੍ਹੋ













