ਥਾਈਲੈਂਡ ਤੇ ਕੰਬੋਡੀਆ ਵਿਚਾਲੇ 100 ਸਾਲ ਪੁਰਾਣਾ ਕਿਹੜਾ ਟਕਰਾਅ ਮੁੜ ਸ਼ੁਰੂ ਹੋਇਆ ਜਿਸ ਕਰਕੇ ਕਈ ਲੋਕਾਂ ਨੂੰ ਘਰ ਛੱਡਣ ਪਏ

    • ਲੇਖਕ, ਪਨਿਸਾ ਇਮੋਚਾ, ਕੈਲੀ ਐਨਜੀ
    • ਰੋਲ, ਬੀਬੀਸੀ ਪੱਤਰਕਾਰ

ਥਾਈਲੈਂਡ ਅਤੇ ਕੰਬੋਡੀਆ ਸਰਹੱਦ ਦੇ ਦੋਵੇਂ ਪਾਸੇ ਆਪ ਲੋਕਾਂ ਨੇ ਸੋਮਵਾਰ ਨੂੰ ਆਪਣੇ ਘਰ ਖਾਲੀ ਕਰ ਦਿੱਤੇ। ਤਾਜ਼ਾ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ ਪੰਜ ਲੋਕ ਮਾਰੇ ਗਏ ਹਨ।

ਦੋਵਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਹਿੰਸਾ ਸ਼ੁਰੂ ਕਰਨ ਦਾ ਇਲਜ਼ਾਮ ਲਗਾਇਆ ਹੈ।

ਜੁਲਾਈ ਵਿੱਚ ਥਾਈਲੈਂਡ ਅਤੇ ਕੰਬੋਡੀਆ ਦੇ ਜੰਗਬੰਦੀ 'ਤੇ ਸਹਿਮਤ ਹੋਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਸਭ ਤੋਂ ਗੰਭੀਰ ਟਕਰਾਅ ਹੋਇਆ ਹੈ।

ਥਾਈਲੈਂਡ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਦੇ ਵੀ ਹਿੰਸਾ ਨਹੀਂ ਚਾਹੁੰਦਾ ਪਰ ਆਪਣੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਸਾਧਨਾਂ ਦੀ ਵਰਤੋਂ ਕਰੇਗਾ।

ਇਸ ਦੌਰਾਨ ਸਾਬਕਾ ਕੰਬੋਡੀਅਨ ਆਗੂ ਹੁਨ ਸੇਨ ਨੇ ਥਾਈ 'ਹਮਲਾਵਰਾਂ' 'ਤੇ 'ਬਦਲਾ ਲੈਣ ਲਈ ਉਕਸਾਉਣ' ਦਾ ਇਲਜ਼ਾਮ ਲਗਾਇਆ।

ਇਸ ਸਾਲ ਮਈ ਤੋਂ ਲੈ ਕੇ ਹੁਣ ਤੱਕ ਦੋਵਾਂ ਗੁਆਂਢੀਆਂ ਵਿਚਕਾਰ ਵਧਦੇ ਤਣਾਅ ਕਾਰਨ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਦੋਂ ਤੋਂ ਇਹ ਟਕਰਾਅ ਸ਼ੁਰੂ ਹੋਇਆ ਹੈ, ਦੋਵਾਂ ਦੇਸ਼ਾਂ ਵਿਚਕਾਰ ਵਪਾਰ ਠੱਪ ਹੋ ਗਿਆ ਹੈ ਅਤੇ ਯਾਤਰਾ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।

ਸੋਮਵਾਰ ਨੂੰ ਥਾਈ ਫ਼ੌਜ ਨੇ ਕਿਹਾ ਕਿ ਉਸ ਦੇ ਫੌਜੀਆਂ ਨੇ ਥਾਈਲੈਂਡ ਦੇ ਉਬੋਨ ਰਤਚਾਥਾਨੀ ਸੂਬੇ ਵਿੱਚ ਕੰਬੋਡੀਆ ਦੀ ਗੋਲੀਬਾਰੀ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਵਿਵਾਦਤ ਸਰਹੱਦ 'ਤੇ ਹਵਾਈ ਹਮਲੇ ਵੀ ਸ਼ਾਮਲ ਸਨ।

ਇਸ ਦੌਰਾਨ, ਕੰਬੋਡੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਥਾਈ ਫ਼ੌਜ ਨੇ ਕੰਬੋਡੀਆ ਦੇ ਪ੍ਰੇਹ ਵਿਹੀਅਰ ਸੂਬੇ ਵਿੱਚ ਪਹਿਲਾ ਹਮਲਾ ਕੀਤਾ ਹੈ।

ਦੋਵਾਂ ਪਾਸਿਆਂ ਦੇ ਅਧਿਕਾਰੀਆਂ ਮੁਤਾਬਕ ਸੋਮਵਾਰ ਦੀ ਲੜਾਈ ਤੋਂ ਬਾਅਦ ਘੱਟੋ-ਘੱਟ ਇੱਕ ਥਾਈ ਫੌਜੀ ਅਤੇ ਚਾਰ ਕੰਬੋਡੀਅਨ ਨਾਗਰਿਕ ਮਾਰੇ ਗਏ ਹਨ। ਝੜਪਾਂ ਵਿੱਚ ਤਕਰੀਬਨ ਇੱਕ ਦਰਜਨ ਲੋਕ ਜ਼ਖਮੀ ਵੀ ਹੋਏ ਹਨ।

ਇੱਕ ਸਦੀ ਪੁਰਾਣਾ ਵਿਵਾਦ ਮੁੜ ਭੜਕਿਆ

ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚਕਾਰ ਸਦੀਆਂ ਪੁਰਾਣਾ ਸਰਹੱਦੀ ਵਿਵਾਦ 24 ਜੁਲਾਈ ਦੀ ਸਵੇਰ ਨੂੰ ਥਾਈਲੈਂਡ 'ਤੇ ਕੰਬੋਡੀਆ ਦੇ ਰਾਕੇਟ ਹਮਲੇ ਅਤੇ ਉਸ ਤੋਂ ਬਾਅਦ ਥਾਈ ਹਵਾਈ ਹਮਲਿਆਂ ਨਾਲ ਨਾਟਕੀ ਢੰਗ ਨਾਲ ਵਧ ਗਿਆ।

ਕੁਝ ਦਿਨਾਂ ਬਾਅਦ ਥਾਈਲੈਂਡ ਅਤੇ ਕੰਬੋਡੀਆ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੱਲੋਂ ਕੀਤੀ ਗਈ ਵਿਚੋਲਗੀ ਤੋਂ ਬਾਅਦ 'ਫ਼ੌਰਨ ਬਗ਼ੈਰ ਸ਼ਰਤ ਜੰਗਬੰਦੀ' ਲਈ ਸਹਿਮਤ ਹੋ ਗਏ ਸਨ।

ਅਕਤੂਬਰ ਵਿੱਚ ਦੋਵਾਂ ਧਿਰਾਂ ਨੇ ਮਲੇਸ਼ੀਆ ਵਿੱਚ ਇੱਕ ਸਮਾਰੋਹ ਵਿੱਚ ਜੰਗਬੰਦੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸ਼ਾਮਲ ਹੋਏ ਸਨ। ਉਸ ਸਮੇਂ ਟਰੰਪ ਨੇ ਸਰਹੱਦੀ ਟਕਰਾਅ ਦੇ ਅੰਤ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ ਸੀ।

ਪਰ ਦਸਤਖ਼ਤ ਤੋਂ ਸਿਰਫ਼ ਦੋ ਹਫ਼ਤਿਆਂ ਬਾਅਦ ਥਾਈਲੈਂਡ ਨੇ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨਾ ਮੁਅੱਤਲ ਕਰ ਦੇਵੇਗਾ ਕਿਉਂਕਿ ਕੰਬੋਡੀਆ ਦੀ ਸਰਹੱਦ ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਉਨ੍ਹਾਂ ਦੇ ਦੋ ਫ਼ੌਜੀਆਂ ਦੇ ਜ਼ਖਮੀ ਹੋਏ ਹਨ।

ਕੰਬੋਡੀਆ ਨੇ ਜੰਗਬੰਦੀ ਵਿੱਚ ਵਿਚੋਲਗੀ ਕਰਨ ਵਿੱਚ ਟਰੰਪ ਦੀ ਭੂਮਿਕਾ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ । ਉਸਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਸਮਝੌਤੇ ਪ੍ਰਤੀ ਵਚਨਬੱਧ ਹੈ।

ਥਾਈਲੈਂਡ ਅਤੇ ਕੰਬੋਡੀਆ ਇੱਕ ਸਦੀ ਤੋਂ ਵੱਧ ਸਮੇਂ ਤੋਂ ਆਪਣੀ 800 ਕਿਲੋਮੀਟਰ ਦੀ ਸਰਹੱਦ 'ਤੇ ਖੇਤਰੀ ਪ੍ਰਭੂਸੱਤਾ ਨੂੰ ਲੈ ਕੇ ਟਕਰਾਅ ਵਿੱਚ ਹਨ।

ਕੰਬੋਡੀਆ 'ਤੇ ਫਰਾਂਸੀਸੀ ਕਬਜ਼ੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨਿਰਧਾਰਤ ਕੀਤੀਆਂ ਗਈਆਂ ਸਨ, ਪਰ ਉਹ ਅਜੇ ਤੱਕ ਇਨ੍ਹਾਂ ਸੀਮਾਵਾਂ 'ਤੇ ਕਿਸੇ ਸਮਝੌਤੇ 'ਤੇ ਨਹੀਂ ਪਹੁੰਚੇ ਹਨ।

ਬੱਚੇ ਨਤੀਜੇ ਭੁਗਤ ਰਹੇ ਹਨ

ਹਾਲਾਂਕਿ, ਇੱਕ ਥਾਈ ਅਧਿਆਪਕਾ ਸਿਕਸਾਕਾ ਪੋਂਗਸੁਵਾਨ ਮੁਤਾਬਕ, ਝੜਪਾਂ ਦੇ ਹੋਰ ਵੀ ਬਹੁਤ ਸਾਰੇ ਪੀੜਤ ਹਨ ਉਹ ਹਨ, ਸਰਹੱਦ ਦੇ ਨੇੜੇ ਰਹਿਣ ਵਾਲੇ ਬੱਚੇ।

ਉਨ੍ਹਾਂ ਮੁਤਾਬਕ ਪਿੰਡਾਂ ਵਿੱਚ ਰਹਿਣ ਵਾਲੇ ਬੱਚੇ ਟਕਰਾਅ ਕਾਰਨ 'ਮੌਕੇ ਅਤੇ ਕੀਮਤੀ ਸਮਾਂ ਗੁਆ ਰਹੇ ਹਨ'।

ਥਾਈਲੈਂਡ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਸ਼ੁਰੂ ਹੋਏ ਤਾਜ਼ਾ ਤਣਾਅ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੰਜ ਥਾਈ ਸੂਬਿਆਂ ਦੇ ਤਕਰੀਬਨ 650 ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿੱਚ ਕੰਬੋਡੀਆ ਦੇ ਸਰਹੱਦੀ ਸੂਬਿਆਂ ਦੇ ਸਕੂਲਾਂ ਵਿੱਚ ਹਫੜਾ-ਦਫੜੀ ਦੇਖੀ ਗਈ, ਮਾਪੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਆਉਣ ਲਈ ਦੌੜ ਰਹੇ ਸਨ।

ਹਾਲ ਹੀ ਦੇ ਮਹੀਨਿਆਂ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਿਆ ਹੈ।

ਇਸ ਸਾਲ ਜੁਲਾਈ ਵਿੱਚ ਬੱਚਿਆਂ ਦੇ ਇਮਤਿਹਾਨਾਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਪੰਜ ਦਿਨਾਂ ਤੱਕ ਭਿਆਨਕ ਲੜਾਈ ਚੱਲੀ।

ਇਸ ਤੋਂ ਬਾਅਦ ਪੋਂਗਸੁਵਾਨ ਦੇ ਸਕੂਲ ਨੇ ਔਨਲਾਈਨ ਕਲਾਸਾਂ ਸ਼ੁਰੂ ਕੀਤੀਆਂ, ਪਰ ਸਾਰੇ ਵਿਦਿਆਰਥੀ ਹਾਜ਼ਰ ਨਹੀਂ ਹੋ ਸਕੇ। ਬਹੁਤ ਸਾਰੇ ਲੋਕ ਅਜਿਹੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਹਾਲੇ ਇੰਟਰਨੈੱਟ ਦੀ ਪਹੁੰਚ ਨਹੀਂ ਹੈ।

ਸਕੂਲ ਨੇ ਬੱਚਿਆਂ ਨੂੰ ਆਈਪੈਡ ਮੁਹੱਈਆ ਕਰਵਾਏ, ਪਰ ਹਰ ਵਿਦਿਆਰਥੀ ਲਈ ਅਜਿਹਾ ਕਰਨਾ ਸੰਭਵ ਨਹੀਂ ਸੀ।

ਕੰਬੋਡੀਆ ਦੇ ਸਾਬਕਾ ਪੱਤਰਕਾਰ ਮੇਕ ਦਾਰਾ ਨੇ ਆਪਣੇ ਅਕਾਊਂਟ 'ਤੇ ਬੱਚਿਆਂ ਦੇ ਸਕੂਲ ਤੋਂ ਬਾਹਰ ਭੱਜਣ ਦੀਆਂ ਕਈ ਕਲਿੱਪ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਨੇ ਲਿਖਿਆ, "ਇਨ੍ਹਾਂ ਬੱਚਿਆਂ ਨੂੰ ਕਿੰਨੀ ਵਾਰ ਇਸ ਭਿਆਨਕ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ? ਬੇਤੁਕੇ ਝਗੜੇ ਅਤੇ ਟਕਰਾਅ ਬੱਚਿਆਂ ਲਈ ਇੱਕ ਭਿਆਨਕ ਸੁਪਨਾ ਲੈ ਕੇ ਆਉਂਦੇ ਹਨ।"

ਉਨ੍ਹਾਂ ਨੇ ਇੱਕ ਮੁੰਡੇ ਦੀ ਫ਼ੋਟੋ ਵੀ ਸਾਂਝੀ ਕੀਤੀ, ਜਿਸ ਨੇ ਆਪਣੀ ਸਕੂਲ ਦੀ ਵਰਦੀ ਪਹਿਨੀ ਹੋਈ ਹੈ ਅਤੇ ਇੱਕ ਭੂਮੀਗਤ ਬੰਕਰ ਵਿੱਚ ਖਾਣਾ ਖਾ ਰਿਹਾ ਹੈ।

ਉਨ੍ਹਾਂ ਨੇ ਲਿਖਿਆ, "ਇਸ ਬੱਚੇ ਅਤੇ ਉਸਦੇ ਪਰਿਵਾਰ ਨੂੰ ਬੰਕਰ ਵਿੱਚ ਖਾਣਾ ਕਿਉਂ ਖਾਣਾ ਪੈ ਰਿਹਾ ਹੈ...?"

ਇਸ ਦੌਰਾਨ ਪੋਂਗਸੁਵਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਗੁਆਂਢੀ ਹੁਣ ਇਸ ਗੱਲ ਨੂੰ ਲੈ ਕੇ ਸਪੱਸ਼ਟ ਨਹੀਂ ਹਨ ਕਿ ਉਨ੍ਹਾਂ ਨੂੰ ਪਿੰਡ ਖਾਲੀ ਕਰਨਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਦੇ ਪਿੰਡ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹਿੰਦੀਆਂ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੇ ਤੁਸੀਂ ਪੁੱਛੋ ਕਿ ਕੀ ਅਸੀਂ ਡਰਦੇ ਹਾਂ, ਹਾਂ, ਅਸੀਂ ਡਰਦੇ ਹਾਂ... ਕੀ ਸਾਨੂੰ ਚਲੇ ਜਾਣਾ ਚਾਹੀਦਾ ਹੈ? ਕੀ ਇਹ ਸੱਚਮੁੱਚ ਸੁਰੱਖਿਅਤ ਹੋਵੇਗਾ? ਜਾਂ ਸਾਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)