ਕੌਣ ਹਨ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਜੋ ਕਦੇ ਅਧਿਆਤਮਕ ਸਲਾਹਕਾਰ ਸਨ ਹੁਣ ਮੁਜ਼ਾਹਰੇ ਦੀ ਅਗਵਾਈ ਕਰ ਰਹੇ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਰਕਰ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਸੋਮਵਾਰ ਨੂੰ ਹੀ ਪੀਟੀਆਈ ਵਰਕਰਾਂ ਦਾ ਕਾਫਲਾ ਇਸਲਾਮਾਬਾਦ ਦੀਆਂ ਹੱਦਾਂ ਵਿੱਚ ਦਾਖਲ ਹੋ ਗਿਆ।

ਇਸਲਾਮਾਬਾਦ ਦੇ ਡੀ-ਚੌਕ ਤੱਕ ਪਹੁੰਚਣ ਦਾ ਇਰਾਦਾ ਰੱਖਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਵੱਖ-ਵੱਖ ਇਲਜ਼ਾਮਾਂ ਤਹਿਤ ਇੱਕ ਸਾਲ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਹਨ, ਕਾਨੂੰਨੀ ਮਸਲਿਆਂ ਵਿੱਚ ਫ਼ਸੇ ਹੋਣ ਦੇ ਬਾਵਜੂਦ ਉਹ ਬਹੁਤ ਮਸ਼ਹੂਰ ਹੈ।

ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਸੋਮਵਾਰ ਨੂੰ ਸਮਰਥਕਾਂ ਨੂੰ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੇ ਪਤੀ ਦੀ ਰਿਹਾਈ ਨਹੀਂ ਹੋ ਜਾਂਦੀ ਉਦੋਂ ਤੱਕ ਮਾਰਚ ਜਾਰੀ ਰਹੇਗਾ।

ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਇਰਫ਼ਾਨ ਮੇਮਨ ਨੇ ਬੀਬੀਸੀ ਪੱਤਰਕਾਰ ਸ਼ਹਿਜ਼ਾਦ ਮਲਿਕ ਨੂੰ ਦੱਸਿਆ ਕਿ ਇਸਲਾਮਾਬਾਦ ਪ੍ਰਸ਼ਾਸਨ ਨੇ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 245 ਦੇ ਤਹਿਤ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਫ਼ੌਜ ਨੂੰ ਬੁਲਾਇਆ ਹੈ।

ਇਸ ਸਾਲ ਜਨਵਰੀ 'ਚ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖ਼ਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 20 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

ਬੁਸ਼ਰਾ ਬੀਬੀ ਦੀ ਅਗਵਾਈ

ਬੀਬੀਸੀ ਪੱਤਰਕਾਰ ਫ਼ਿਲੋਰਾ ਡਿਊਰੀ ਦੀ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਮੁੱਖ ਕਾਫਲੇ ਦੀ ਅਗਵਾਈ ਕਰਨ ਵਾਲੇ ਨੁਮਾਇੰਦਿਆਂ ਵਿੱਚੋਂ ਇੱਕ ਹੈ।

ਜਦੋਂ ਕਾਫ਼ਲਾ ਦੇਸ਼ ਦੀ ਰਾਜਧਾਨੀ ਵੱਲ ਕੂਚ ਕਰ ਰਿਹਾ ਸੀ ਉਸ ਸਮੇਂ ਬੁਸ਼ਰਾ ਬੀਬੀ ਨੇ ਹਜੂਮ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ, “ਜਦੋਂ ਤੱਕ ਇਮਰਾਨ ਸਾਡੇ ਕੋਲ ਨਹੀਂ ਆਉਂਦੇ, ਅਸੀਂ ਇਸ ਮਾਰਚ ਨੂੰ ਰੋਕਾਂਗੇ ਨਹੀਂ।"

“ਮੈਂ ਆਪਣੇ ਆਖਰੀ ਸਾਹ ਤੱਕ ਖੜ੍ਹੀ ਰਹਾਂਗੀ ਅਤੇ ਤੁਹਾਨੂੰ ਮੇਰਾ ਸਮਰਥਨ ਕਰਨਾ ਪਵੇਗਾ।”

ਉਨ੍ਹਾਂ ਕਿਹਾ, “ਇਹ ਸਿਰਫ ਮੇਰੇ ਪਤੀ ਬਾਰੇ ਨਹੀਂ ਹੈ, ਬਲਕਿ ਇਸ ਦੇਸ਼ ਅਤੇ ਇਸ ਦੇ ਆਗੂ ਨਾਲ ਜੁੜਿਆ ਹੋਇਆ ਹੈ।”

ਬੁਸ਼ਰਾ ਬੀਬੀ ਨੂੰ ਵੀ ਜਨਵਰੀ ਮਹੀਨੇ ਇੱਕ ਮਾਮਲੇ ਵਿੱਚ ਇਮਰਾਨ ਖ਼ਾਨ ਦੇ ਨਾਲ ਸਜ਼ਾ ਸੁਣਾਈ ਗਈ ਸੀ, ਪਰ ਅਕਤੂਬਰ ਦੇ ਅਖੀਰ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

‘ਅਧਿਆਤਮਕ ਸਲਾਹਕਾਰ’ ਬੁਸ਼ਰਾ ਬੀਬੀ

ਬੁਸ਼ਰਾ ਬੀਬੀ ਨਾਲ ਵਿਆਹ ਤੋਂ ਪਹਿਲਾਂ ਇਮਰਾਨ ਖ਼ਾਨ ਦੋ ਵਾਰ ਵਿਆਹ ਕਰਵਾ ਚੁੱਕੇ ਸਨ।

ਉਨ੍ਹਾਂ ਦੀਆਂ ਪਹਿਲੀਆਂ ਪਤਨੀਆਂ ਬਰਤਾਨਵੀ ਮਹਿਲਾ ਜੋਮਿਮਾ ਗੋਲਡਸਮਿਥ ਅਤੇ ਪੱਤਰਕਾਰ ਰੇਹਮ ਖ਼ਾਨ ਅਕਸਰ ਟੈਲੀਵਿਜ਼ਨ ਸਕਰੀਨ ’ਤੇ ਨਜ਼ਰ ਆਉਣ ਵਾਲੀਆਂ ਸਨ।

ਪਰ ਤੀਜੀ ਪਤਨੀ ਬੁਸ਼ਰਾ ਬੀਬੀ ਇਨ੍ਹਾਂ ਦੋਵਾਂ ਦੇ ਉੱਲਟ ਘੁੰਡ ਪਿੱਛੇ ਲੁਕੀ ਹੋਈ ਹੀ ਨਜ਼ਰ ਆਈ। ਇੱਥੋਂ ਤੱਕ ਕਿ 2018 ਵਿੱਚ ਮੇਲ ਆਨ ਸੰਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਬਹੁਤ ਮਾਣ ਨਾਲ ਦੱਸਿਆ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪਤਨੀ ਦੇ ਚਿਹਰੇ ਦੀ ਝਲਕ ਵਿਆਹ ਤੋਂ ਬਾਅਦ ਦੇਖੀ ਸੀ।

ਉਨ੍ਹਾਂ ਕਿਹਾ ਸੀ ਕਿ ਬੁਸ਼ਰਾ ਦੀ ਸਮਝ ਅਤੇ ਚਰਿੱਤਰ ਨੇ ਉਨ੍ਹਾਂ ਨੂੰ ਆਕਰਸ਼ਿਤ ਕੀਤਾ।

ਬੁਸ਼ਰਾ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਕੋਲ ਕੁਝ ਰਹੱਸਮਈ ਸ਼ਕਤੀਆਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਜੋ ਲੋਕਾਂ ਦੀ ਉਨ੍ਹਾਂ ਵੱਲ ਖਿੱਚ ਦਾ ਕਾਰਨ ਬਣੀਆਂ ਹਨ।

ਬੁਸ਼ਰਾ ਬੀਬੀ ਦੇ ਨਾਮ ਨਾਲ ਜਾਣੀ ਇਸ ਔਰਤ ਨੂੰ ਆਸਥਾ ਦੀ ਮੂਰਤ ਤੇ ਅਧਿਆਤਮਿਕ ਸਲਾਹਕਾਰ ਵਜੋਂ ਸਤਿਕਾਰਿਆ ਜਾਂਦਾ ਸੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਬੁਸ਼ਰਾ ਬੀਬੀ ਸੂਫੀ ਰਵਾਇਤ ਨਾਲ ਜੁੜੇ ਹੋਏ ਹਨ, ਪਰ ਕੁਝ ਲੋਕ ਇਸ ਨਾਲ ਅਸਹਿਮਤ ਹਨ।

ਅਕਸਰ ਇਸਲਾਮੀ ਰਹੱਸਵਾਦ ਨੂੰ ਸੂਫ਼ੀਵਾਦ ਵਜੋਂ ਦਰਸਾਇਆ ਗਿਆ ਹੈ। ਇਸ ਬਾਰੇ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਵਿੱਚ ਦਿਲਚਸਪੀ ਰੱਖਦੇ ਹਨ।

ਇਹ ਵਰਤਾਰਾ ਅਸਲ ਵਿੱਚ ਪ੍ਰਮਾਤਮਾ ਦੀ ਅੰਦਰੂਨੀ ਖੋਜ ਅਤੇ ਦੁਨਿਆਵੀ ਮਾਮਲਿਆਂ ਦੇ ਤਿਆਗ 'ਤੇ ਜ਼ੋਰ ਦਿੰਦਾ ਹੈ।

ਇਮਰਾਨ ਖ਼ਾਨ ਮੁਤਾਬਕ ਇਹ ਉਨ੍ਹਾਂ ਦੇ ਕ੍ਰਿਕਟ ਦੇ ਦਿਨਾਂ ਤੋਂ ਬਹੁਤ ਅਲੱਗ ਮਸਲਾ ਹੈ। ਜਦੋਂ ਉਹ ਖ਼ੁਦ ਬਹੁਤ ਚਰਚਿਤ ਸਨ ਅਤੇ ਉਨ੍ਹਾਂ ਨੇ ਹਾਈ-ਪ੍ਰੋਫਾਈਲ ਵਿਆਹ ਕਰਵਾਇਆ ਜੋ ਕਦੇ ਵੀ ਲਾਈਮਲਾਈਟ ਤੋਂ ਦੂਰ ਨਹੀਂ ਹੋਇਆ।

ਇਮਰਾਨ ਖ਼ਾਨ ਦੇ ਪਹਿਲੇ ਦੋ ਵਿਆਹ

1995 ਵਿੱਚ, 43 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ 21 ਸਾਲਾ ਬਰਤਾਨਵੀ ਮੂਲ ਦੀ ਜੇਮਿਮਾ ਗੋਲਡਸਮਿਥ ਨਾਲ ਵਿਆਹ ਕਰਵਾਇਆ ਸੀ।

ਜੇਮਿਮਾ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਦੀ ਧੀ ਸੀ। ਇਹ ਵਿਆਹ ਨੌਂ ਸਾਲ ਤੱਕ ਚੱਲਿਆ ਅਤੇ ਦੋਵਾਂ ਦੇ ਦੋ ਬੇਟੇ ਹਨ।

ਪੱਤਰਕਾਰ ਅਤੇ ਸਾਬਕਾ ਬੀਬੀਸੀ ਮੌਸਮ ਪ੍ਰੀਜੈਂਟਰ ਰੇਹਮ ਖਾਨ ਨਾਲ 2015 ਵਿੱਚ ਇਮਰਾਨ ਖ਼ਾਨ ਦਾ ਦੂਜਾ ਵਿਆਹ ਹੋਇਆ ਜੋ ਕਿ ਇੱਕ ਸਾਲ ਤੋਂ ਵੀ ਘੱਟ ਸਮਾਂ ਚੱਲਿਆ।

ਇਮਰਾਨ ਤੇ ਬੁਸ਼ਰਾ ਦਾ ਵਿਆਹ

ਦੋ ਗਲੈਮਰ ਭਰੇ ਵਿਆਹਾਂ ਤੋਂ ਬਾਅਦ 2018 ਵਿੱਚ ਇਮਰਾਨ ਖ਼ਾਨ ਦਾ ਬੁਸ਼ਰਾ ਬੀਬੀ ਨਾਲ ਵਿਆਹ ਇੱਕ ਸਾਦਾ ਸਮਾਗਮ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਜੋੜੀ ਇਸਲਾਮ ਪ੍ਰਤੀ ਉਨ੍ਹਾਂ ਦੀ ਸ਼ਰਧਾ ਨਾਲ ਜੁੜੀ ਹੋਈ ਸੀ।

ਕਿਹਾ ਜਾਂਦਾ ਹੈ ਕਿ ਇਮਰਾਨ ਖ਼ਾਨ ਅਤੇ ਬੁਸ਼ਰਾ 13ਵੀਂ ਸਦੀ ਦੇ ਕਿਸੇ ਸੂਫ਼ੀ ਦੀ ਦਰਗਾਹ 'ਤੇ ਮਿਲੇ ਸਨ। ਇਸ ਤੋਂ ਬਾਅਦ ਇਮਰਾਨ ਨੇ ਕਿਸੇ ਮਸਲੇ ਉੱਤੇ ਸਲਾਹ ਲਈ ਪੰਜ ਬੱਚਿਆਂ ਦੀ ਮਾਂ ਬੁਸ਼ਰਾ ਨਾਲ ਸੰਪਰਕ ਕੀਤਾ ਸੀ।

ਉਸ ਸਮੇਂ ਉਹ ਅਜੇ ਵੀ ਆਪਣੇ ਪਹਿਲੇ ਪਤੀ ਦੇ ਨਾਲ ਨਿਕਾਹ ਵਿੱਚ ਸਨ।

ਇਹ ਵੀ ਗੱਲ ਉਠੀ ਸੀ ਕਿ ਬੁਸ਼ਰਾ ਬੀਬੀ ਨੇ ਸੁਪਨੇ ਵਿੱਚ ਦੇਖਿਆ ਸੀ ਕਿ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਦਾ ਇੱਕੋ ਇੱਕ ਰਸਤਾ ਹੈ ਜੇਕਰ ਉਹ ਵਿਆਹ ਕਰ ਲੈਣ।

ਇਸ ਤਰ੍ਹਾਂ, ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਤੋਂ ਛੇ ਮਹੀਨੇ ਬਾਅਦ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।

ਬੁਸ਼ਰਾ ਬੀਬੀ, ਜੋ ਹੁਣ ਆਪਣੇ 40ਵਿਆਂ ਵਿੱਚ ਹਨ ਨੇ ਅਕਤੂਬਰ 2018 ਵਿੱਚ ਆਪਣੀ ਇੱਕਲੌਤੀ ਟੈਲੀਵਿਜ਼ਨ ਇੰਟਰਵਿਊ ਵਿੱਚ ਇਸ ਕਹਾਣੀ ਨੂੰ ਤੱਥਹੀਣ ਕਰਾਰ ਦਿੱਤਾ ਸੀ।

ਕਾਨੂੰਨੀ ਦਿੱਕਤਾਂ ਵਿੱਚ ਫ਼ਸੇ ਬੁਸ਼ਰਾ ਬੀਬੀ

ਇਮਰਾਨ ਖ਼ਾਨ ਦੇ ਨਾਲ-ਨਾਲ ਬੁਸ਼ਰਾ ਬੀਬੀ ਵੀ ਕਈ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਦੋਵਾਂ 'ਤੇ ਅਹੁਦੇ 'ਤੇ ਰਹਿੰਦਿਆਂ ਸਰਕਾਰੀ ਤੋਹਫ਼ਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਲਾਭ ਲੈਣ ਦੇ ਇਲਜ਼ਾਮ ਹਨ।

ਜਿਸ ਮਾਮਲੇ ਵਿੱਚ ਦੋਵਾਂ ਨੂੰ ਸਜ਼ਾ ਹੋ ਚੁੱਕੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਪਹਿਲੇ ਪਤੀ, ਜਿਸ ਨਾਲ ਬੁਸ਼ਰਾ ਬੀਬੀ ਦਾ ਵਿਆਹ 28 ਸਾਲ ਤੱਕ ਚੱਲਿਆ ਸੀ ਅਤੇ 2017 ਵਿੱਚ ਤਲਾਕ ਹੋ ਗਿਆ ਸੀ, ਨੇ ਵੀ ਬੁਸ਼ਰਾ ਬੀਬੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ।

ਪਾਕਿਸਤਾਨ ਦੇ ਡਾਅਨ ਅਖ਼ਬਾਰ ਮੁਤਾਬਕ ਖ਼ਾਵਰ ਮੇਨਕਾ (ਬੁਸ਼ਰਾ ਬੀਬੀ ਦੇ ਪਹਿਲੇ ਪਤੀ) ਇੱਕ ਸਰਕਾਰੀ ਕਰਮਚਾਰੀ ਅਤੇ ਇੱਕ ਜਾਣੇ-ਪਛਾਣੇ ਸਿਆਸੀ ਆਗੂ ਦੇ ਪੁੱਤ ਨੇ ਨਵੰਬਰ 2023 ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ‘ਧੋਖੇ ਨਾਲ ਵਿਆਹ ਅਤੇ ਵਿਭਚਾਰ’ ਦੇ ਇਲਜ਼ਾਮ ਲਾਏ ਗਏ ਸਨ।

ਉਨ੍ਹਾਂ ਨੇ ਪਾਕਿਸਤਾਨ ਦੇ ਜੀਓ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਇਸ ਲਈ ਅੱਗੇ ਆਏ ਹਨ ਕਿਉਂਕਿ ਉਹ ‘ਇਸ ਨੂੰ ਰੋਕ ਕੇ ਥੱਕ ਗਏ ਸਨ’।

ਅਦਾਲਤ ਨੇ ਵਿਭਚਾਰ ਦੇ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ, ਪਰ ਫਰਜ਼ੀ ਵਿਆਹ ਦਾ ਮਾਮਲਾ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਸੀ।

ਮੁਸਲਿਮ ਪਰਿਵਾਰਕ ਕਾਨੂੰਨ ਤਹਿਤ, ਔਰਤਾਂ ਨੂੰ ਆਪਣੇ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਕੁਝ ਮਹੀਨਿਆਂ ਲਈ ਦੁਬਾਰਾ ਵਿਆਹ ਕਰਨ ਦੀ ਮਨਾਹੀ ਹੈ।

ਇਲਜ਼ਾਮ ਹੈ ਕਿ ਬੁਸ਼ਰਾ ਬੀਬੀ ਨੇ ਖਾਵਰ ਮੇਨਕਾ ਤੋਂ ਤਲਾਕ ਲੈਣ ਤੋਂ ਬਾਅਦ ਤੈਅ ਸਮੇਂ ਤੋਂ ਪਹਿਲਾਂ ਇਮਰਾਨ ਖ਼ਾਨ ਨਾਲ ਵਿਆਹ ਕਰ ਲਿਆ ਸੀ।

ਸਰਕਾਰੀ ਤੋਹਫ਼ਿਆਂ ਦੇ ਮਾਮਲੇ 'ਚ ਬੁਸ਼ਰਾ ਬੀਬੀ ਦੀ ਭੂਮਿਕਾ

ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ 'ਤੇ ਖ਼ਾਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੁਬਈ ਵਿੱਚ ਆਪਣੇ ਸਹਿਯੋਗੀਆਂ ਰਾਹੀਂ ਗ਼ੈਰ-ਕਾਨੂੰਨੀ ਤੌਰ 'ਤੇ ਤੋਹਫ਼ੇ ਵੇਚਣ ਦੇ ਇਲਜ਼ਾਮ ਸਨ।

ਜਿਸ ਵਿੱਚ ਪਰਫਿਊਮ, ਡਿਨਰ ਸੈੱਟ ਅਤੇ ਹੀਰਿਆਂ ਦੇ ਗਹਿਣੇ ਸ਼ਾਮਲ ਸਨ।

ਰਾਇਟਰਜ਼ ਨਿਊਜ਼ ਏਜੰਸੀ ਦੇ ਅਨੁਸਾਰ, ਤੋਹਫ਼ਿਆਂ ਦੀ ਕੀਮਤ 140 ਮਿਲੀਅਨ ਰੁਪਏ ਤੋਂ ਵੱਧ ਸੀ।

ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਲਗਾਤਾਰ ਖ਼ਾਰਜ ਕੀਤਾ ਸੀ।

ਪੀਟੀਆਈ ਦੇ ਕਾਰਜਕਾਰੀ ਪ੍ਰਧਾਨ ਅਤੇ ਵਕੀਲ ਗੌਹਰ ਅਲੀ ਖਾਨ ਨੇ ਕਿਹਾ ਸੀ ਕਿ ਬੁਸ਼ਰਾ ਬੀਬੀ ਦੀ ਸਜ਼ਾ ਸਾਬਕਾ ਪ੍ਰਧਾਨ ਮੰਤਰੀ 'ਤੇ ਦਬਾਅ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਸੀ।

ਰਾਇਟਰਜ਼ ਦੇ ਅਨੁਸਾਰ, ਇਮਰਾਨ ਖ਼ਾਨ ਨੇ ਇੱਕ ਸਥਾਨਕ ਟੈਲੀਵਿਜ਼ਨ ਨੈੱਟਵਰਕ ਨੂੰ ਦੱਸਿਆ ਸੀ, "ਬੁਸ਼ਰਾ ਬੀਬੀ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ।"

ਬੁਸ਼ਰਾ ਬੀਬੀ ਨੂੰ ਵੀ ਜਨਵਰੀ ਮਹੀਨੇ ਇੱਕ ਮਾਮਲੇ ਵਿੱਚ ਇਮਰਾਨ ਖ਼ਾਨ ਦੇ ਨਾਲ ਸਜ਼ਾ ਸੁਣਾਈ ਗਈ ਸੀ, ਪਰ ਅਕਤੂਬਰ ਦੇ ਅਖੀਰ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)