You’re viewing a text-only version of this website that uses less data. View the main version of the website including all images and videos.
ਗੂਗਲ ਨੇ ‘ਬਚਪਨ 'ਚ ਨਹਾਉਂਦੇ ਹੋਏ ਫੋਟੋ’ ਅਪਲੋਡ ਕਰਨ ’ਤੇ ਕਿਉਂ ਬੰਦ ਕੀਤਾ ਇੰਜੀਨੀਅਰ ਦਾ ਅਕਾਊਂਟ, ਮਾਮਲਾ ਕੋਰਟ ਪੁੱਜਾ
- ਲੇਖਕ, ਭਾਰਗਵ ਪਾਰਿਖ
- ਰੋਲ, ਬੀਬੀਸੀ ਸਹਿਯੋਗੀ
ਭਾਰਤ ’ਚ ਨਹਾਉਂਦੇ ਸਮੇਂ ਛੋਟੇ ਬੱਚਿਆਂ ਦੀਆਂ ਫੋਟੋਆਂ ਖਿੱਚਣਾ ਆਮ ਗੱਲ ਹੈ। ਆਮ ਤੌਰ ’ਤੇ ਪਰਿਵਾਰ ਵਾਲੇ ਇਸ ਨੂੰ ਬੱਚਿਆ ਦੀਆਂ ਯਾਦਾਂ ਵਜੋਂ ਸੰਭਾਲ ਕੇ ਰੱਖਦੇ ਹਨ।
ਸਮੇਂ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ’ਚ ਤਕਨੀਕ ਦੀ ਦਖਲਅੰਦਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ।
ਲੋਕ ਆਪਣੀਆਂ ਯਾਦਾਂ ਨੂੰ ਤਕਨੀਕ ਦੀ ਮਦਦ ਨਾਲ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣ ਲੱਗ ਪਏ ਹਨ, ਪਰ ਬਚਪਨ ਦੀਆਂ ਨਹਾਉਂਦੇ ਹੋਏ ਤਸਵੀਰਾਂ ਨੂੰ ਗੂਗਲ ’ਤੇ ਅਪਲੋਡ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ।
ਹਾਲ ਹੀ ’ਚ ਗੁਜਰਾਤ ਦੇ ਇੱਕ ਆਈਟੀ ਖੇਤਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਨਾਲ ਵੀ ਅਜਿਹਾ ਹੀ ਹੋਇਆ ਹੈ।
ਅਹਿਮਦਾਬਾਦ ਦੇ 26 ਸਾਲਾ ਨੀਲ ਸ਼ੁਕਲਾ ਨੂੰ ਆਪਣੇ ਬਚਪਨ ਦੀ ਇੱਕ ਫੋਟੋ ਕਾਰਨ ਗੂਗਲ ਵਰਗੀ ਮਲਟੀਨੈਸ਼ਨਲ ਕੰਪਨੀ ਦੇ ਖਿਲਾਫ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ।
ਨੀਲ ਸ਼ੁਕਲਾ ਦਾ ਕਹਿਣਾ ਹੈ, “ਮੇਰੀ ਦਾਦੀ ਬਚਪਨ ’ਚ ਮੈਨੂੰ ਨਵਾਉਂਦੇ ਸਨ। ਇਸ ਨਾਲ ਗੂਗਲ ਨੂੰ ਕੀ ਫਰਕ ਪੈਂਦਾ ਹੈ? ਗੂਗਲ ਨੇ ਬਚਪਨ ਦੀ ਉਸ ਤਸਵੀਰ ਦੇ ਕਰਕੇ ਮੇਰਾ ਅਕਾਊਂਟ ਹੀ ਬਲਾਕ ਕਰ ਦਿੱਤਾ ਹੈ।”
ਗੂਗਲ ਨੇ ਉਨ੍ਹਾਂ ਦਾ ਖਾਤਾ ਉਸ ਸਮੇਂ ਬਲਾਕ ਕੀਤਾ ਜਦੋਂ ਨੀਲ ਨੇ ਆਪਣੀ ਦਾਦੀ ਦੇ ਹੱਥੋਂ ਨਹਾਉਣ ਵਾਲੀ ਤਸਵੀਰ ਨੂੰ ਡਿਜੀਟਲੀ ਸੇਵ ਕਰਨ ਦੇ ਲਈ ਅਪਲੋਡ ਕੀਤਾ ਸੀ।
ਇੰਨਾ ਹੀ ਨਹੀਂ ਉਨ੍ਹਾਂ ਨੂੰ ਗੂਗਲ ਵੱਲੋਂ ਇੱਕ ਸੁਨੇਹਾ ਵੀ ਆਇਆ ਹੈ, ਜਿਸ ’ਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਈ-ਮੇਲ ਡਾਟਾ ਵੀ ਡਿਲੀਟ ਕਰ ਦਿੱਤਾ ਜਾਵੇਗਾ, ਜਿਸ ’ਚ ਉਨ੍ਹਾਂ ਦੇ ਪੇਸ਼ੇ ਨਾਲ ਜੁੜੀਆਂ ਚੀਜ਼ਾਂ, ਵਿੱਦਿਅਕ ਦਸਤਾਵੇਜ਼, ਵਿੱਤੀ ਲੈਣ-ਦੇਣ ਦੀ ਸਹੂਲਤ ਵਾਲਾ ਗੂਗਲ ਪੇਅ ਆਦਿ ਸ਼ਾਮਲ ਸਨ।
ਨੀਲ ਸ਼ੁਕਲਾ ਨੇ ਗੂਗਲ ਨੂੰ ਉਨ੍ਹਾਂ ਦਾ ਅਕਾਊਂਟ ਡਿਲੀਟ ਨਾ ਕਰਨ ਸਬੰਧੀ ਇੱਕ ਚਿੱਠੀ ਲਿਖੀ।
ਇਸ ਤੋਂ ਬਾਅਦ ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ, ਗੁਜਰਾਤ ਪੁਲਿਸ ਦੇ ਸਾਈਬਰ ਕ੍ਰਾਈਮ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ, ਪਰ ਇਸ ਦਿੱਕਤ ਦਾ ਕੋਈ ਹੱਲ ਨਾ ਨਿਕਲਣ ’ਤੇ ਨੀਲ ਸ਼ੁਕਲਾ ਨੇ ਗੁਜਰਾਤ ਹਾਈਕੋਰਟ ’ਚ ਮਾਮਲਾ ਦਾਇਰ ਕਰਵਾਇਆ ਹੈ।
ਗੂਗਲ ਦੇ ਫ਼ੈਸਲੇ ਦੇ ਖਿਲਾਫ ਹਾਈਕੋਰਟ ’ਚ ਅਪੀਲ
ਇਸ ਮਾਮਲੇ ’ਚ ਗੂਗਲ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਵਿਸ਼ੇਸ਼ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ ਹੈ, ਕਿਉਂਕਿ ਮਾਮਲਾ ਮਾਣਯੋਗ ਹਾਈਕੋਰਟ ਅੱਗੇ ਵਿਚਾਰ ਅਧੀਨ ਹੈ।
ਪਰ ਕੰਪਨੀ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਬਾਰੇ ਗੂਗਲ ਦੀ ਸੀਐੱਸਏਐੱਮ ਨੀਤੀ ਅਤੇ ਪ੍ਰੋਗਰਾਮ ਦਾ ਹਵਾਲਾ ਦਿੱਤਾ ਹੈ।
ਕੰਪਨੀ ਨੇ ਕਿਹਾ ਹੈ ਕਿ ਬੱਚਿਆਂ ਨੂੰ ਵਿਖਾਉਣ ਵਾਲੀ ਕਿਸੇ ਵੀ ਸੀਐੱਸਏਐੱਮ ਜਾਂ ਜਿਨਸੀ ਸਮੱਗਰੀ ਨੂੰ ਤੁਰੰਤ ਹਟਾ ਦਿੱਤਾ ਜਾਂਦਾ ਹੈ ਅਤੇ ਅਕਾਊਂਟ ਵੀ ਬੰਦ ਕੀਤਾ ਜਾ ਸਕਦਾ ਹੈ।
ਇਹ ਕਾਫੀ ਗੰਭੀਰ ਮਾਮਲਾ ਹੈ ਕਿਉਂਕਿ ਭਾਰਤ ’ਚ ਲੱਖਾਂ ਲੋਕ ਅਤੇ ਹਜ਼ਾਰਾਂ ਕੰਪਨੀਆਂ ਆਪਣੇ ਅਕਾਊਂਟ ਦੇ ਜ਼ਰੀਏ ਗੂਗਲ ਦੀਆ ਵੱਖ-ਵੱਖ ਸੇਵਾਵਾਂ ਦੀ ਵਰਤੋਂ ਕਰਦੇ ਹਨ।
ਅਜਿਹੀਆਂ ਸਮੱਸਿਆਵਾਂ ਦੇ ਲਈ ਹਾਈਕੋਰਟ ’ਚ ਮਾਮਲਾ ਦਾਇਰ ਕਰਨ ਦੀ ਸਮਝ ਅਤੇ ਸਹੂਲਤ ਸਾਰੇ ਲੋਕਾਂ ਕੋਲ ਨਹੀਂ ਹੈ।
ਗੂਗਲ ਆਪਣੀਆਂ ਇਹ ਸੇਵਾਵਾਂ ਜ਼ਿਆਦਾਤਰ ਮੁਫ਼ਤ ’ਚ ਹੀ ਪ੍ਰਦਾਨ ਕਰਦਾ ਹੈ, ਪਰ ਕੁਝ ਸੇਵਾਵਾਂ ਦੇ ਲਈ ਲੋਕ ਅਤੇ ਕੰਪਨੀਆਂ ਗੂਗਲ ਨੂੰ ਭੁਗਤਾਨ ਵੀ ਕਰਦੀਆਂ ਹਨ।
ਨੀਲ ਦੇ ਪਿਤਾ ਸਮੀਰ ਸ਼ੁਕਲਾ ਦਾ ਕਹਿਣਾ ਹੈ, “ਇਹ ਸਿਰਫ ਗਾਹਕ ਅਤੇ ਕੰਪਨੀ ਦੇ ਦਰਮਿਆਨ ਝਗੜਾ ਨਹੀਂ ਹੈ, ਪਰ ਲੱਖਾਂ ਲੋਕਾਂ ਦੀ ਨਿੱਜਤਾ ਦੇ ਅਧਿਕਾਰ ਦੀ ਕਥਿਤ ਉਲੰਘਣਾ ਦੇ ਖਿਲਾਫ ਕਾਨੂੰਨੀ ਸੁਰੱਖਿਆ ਮੰਗਣ ਦਾ ਮਾਮਲਾ ਹੈ।”
ਨੀਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਅਨੁਸਾਰ, “ਗੂਗਲ ਅਤੇ ਉਸ ਦੇ ਮੁਲਾਜ਼ਮ ਤੁਹਾਡੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਹੀ ਤੁਹਾਡੇ ਵਿਅਕਤੀਗਤ ਅਤੇ ਨਿੱਜੀ ਡਾਟਾ ਨੂੰ ਆਪਣੇ ਕੋਲ ਰੱਖ ਸਕਦੇ ਹਨ। ਉਸ ਡਾਟਾ ਦੀ ਆਪਣੇ ਤਰੀਕੇ ਨਾਲ ਵਰਤੋਂ ਕਰ ਸਕਦੇ ਹਨ।”
ਉਹ ਕਹਿੰਦੇ ਹਨ, “ਇੰਨਾ ਹੀ ਨਹੀਂ, ਤੁਹਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਹੀ ਤੁਹਾਡਾ ਅਕਾਊਂਟ ਡਿਲੀਟ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਵਿੱਤੀ ਨੁਕਸਾਨ ਦੇ ਨਾਲ-ਨਾਲ ਤੁਸੀਂ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹੋ ਅਤੇ ਸਮਾਜਿਕ ਪ੍ਰਤੀਸ਼ਠਾ ’ਤੇ ਸਵਾਲ ਵੀ ਖੜ੍ਹੇ ਹੋ ਸਕਦੇ ਹਨ।”
ਇਸੇ ਤਰ੍ਹਾਂ ਦੇ ਸਵਾਲਾਂ ਦੇ ਨਾਲ ਨੀਲ ਸ਼ੁਕਲਾ ਨੇ ਗੂਗਲ ਨੂੰ ਆਪਣਾ ਅਕਾਊਂਟ ਡਿਲੀਟ ਕਰਨ ਤੋਂ ਰੋਕਣ ਲਈ ਹਾਈਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ।
ਇੱਕ ਹੀ ਅਕਾਊਂਟ 'ਚ ਸਾਰੀਆਂ ਜਾਣਕਾਰੀਆਂ
ਨੀਲ ਸ਼ੁਕਲਾ ਨੇ ਅਗਸਤ 2023 ’ਚ ਆਪਣਾ ਅਕਾਊਂਟ ਡਿਲੀਟ ਕਰਨ ਤੋਂ ਰੋਕਣ ਲਈ ਗੂਗਲ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਦਾ ਕਿ ਅਜੇ ਤੱਕ ਕੋਈ ਜਵਾਬ ਨਹੀਂ ਆਇਆ।
ਮੰਗਲਵਾਰ, 2 ਅਪ੍ਰੈਲ, 2024 ਨੂੰ ਗੁਜਰਾਤ ਹਾਈਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਵੀ ਗੂਗਲ ਵੱਲੋਂ ਕੋਈ ਵਕੀਲ ਮੌਜੂਦ ਨਹੀਂ ਸੀ।
ਗੂਗਲ ਵੱਲੋਂ ਨੀਲ ਸ਼ੁਕਲਾ ਨੂੰ ਦੱਸਿਆ ਗਿਆ ਸੀ ਕਿ 5 ਅਪ੍ਰੈਲ ਨੂੰ ਉਨ੍ਹਾਂ ਦਾ ਅਕਾਊਂਟ ਸਥਾਈ ਤੌਰ ’ਤੇ ਡਿਲੀਟ ਕਰ ਦਿੱਤਾ ਜਾਵੇਗਾ। ਪਰ ਨੀਲ ਨੂੰ ਆਪਣਾ ਡਾਟਾ ਡਾਊਨਲੋਡ ਕਰਨ ਦੀ ਇਜਾਜ਼ਤ ਵੀ ਨਹੀਂ ਮਿਲੀ ਹੈ।
ਹਾਲਾਂਕਿ ਇਸ ਮਾਮਲੇ ’ਚ ਗੂਗਲ ਨੇ ਉਨ੍ਹਾਂ ਦਾ ਅਕਾਊਂਟ ਹਟਾਇਆ ਹੈ ਜਾਂ ਨਹੀਂ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਗੁਜਰਾਤ ਹਾਈਕੋਰਟ ’ਚ ਜਸਟਿਸ ਵੈਭਵੀ ਨਾਨਾਵਟੀ ਦੀ ਅਦਾਲਤ ਨੇ ਇਸ ਮਾਮਲੇ ’ਚ ਅਗਲੇ ਹੁਕਮਾਂ ਤੱਕ ਗੂਗਲ ਵੱਲੋਂ ਨੀਲ ਸ਼ੁਕਲਾ ਦੇ ਖਾਤੇ ਨੂੰ ਡਿਲੀਟ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 30 ਅਪ੍ਰੈਲ ਨੂੰ ਹੋਵੇਗੀ।
ਨੀਲ ਸ਼ੁਕਲਾ ਨੇ ਬੀਬੀਸੀ ਨੂੰ ਦੱਸਿਆ, “ਮੇਰੀ ਦਾਦੀ ਮੈਨੂੰ ਨਹਾ ਰਹੇ ਸਨ, ਇਸ ’ਚ ਗੂਗਲ ਨੂੰ ਕੀ ਦਿੱਕਤ? ਮੇਰੇ ਬਚਪਨ ਦੀ ਉਸ ਫੋਟੋ ਦੇ ਕਾਰਨ ਗੂਗਲ ਨੇ ਮੇਰਾ ਅਕਾਊਂਟ ਬੰਦ ਕਰ ਦਿੱਤਾ। ਇਸ ਦੇ ਕਰਕੇ ਗੂਗਲ ਨਾਲ ਜੁੜੇ ਮੇਰੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ। ਮੇਰਾ ਕਾਰੋਬਾਰ, ਮੇਰੀ ਸਾਰੀ ਬਚਤ ਅਤੇ ਨਿਵੇਸ਼ ਸਬੰਧੀ ਡਾਟਾ ਉਸ ਅਕਾਊਂਟ ’ਚ ਹੀ ਸੀ।”
“ਮੈਂ ਗੁਜਰਾਤ ਹਾਈਕੋਰਟ ’ਚ ਮਾਮਲਾ ਦਾਇਰ ਕੀਤਾ ਹੈ ਤਾਂ ਜੋ ਮੇਰੇ ਵਰਗੇ ਹਰ ਲੋਕ ਗੂਗਲ ਦੀ ਇਸ ਮਨਮਾਨੀ ਦਾ ਸ਼ਿਕਾਰ ਨਾ ਹੋਣ।”
ਸੂਚਨਾ ਤਕਨਾਲੋਜੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਨੀਲ ਨੇ ਕਿਹਾ, “ਇਹ ਗੂਗਲ ਅਕਾਊਂਟ ਮੇਰੇ ਕੋਲ ਸਾਲ 2013 ਤੋਂ ਸੀ। ਮੈਂ ਪੜ੍ਹਾਈ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਉਸ ਨੂੰ ਵਧਾਉਣ ਦੇ ਲਈ ਇਸੇ ਖਾਤੇ ਜ਼ਰੀਏ ਮਾਰਕੀਟਿੰਗ ਅਤੇ ਪ੍ਰਮੋਸ਼ਨ ਕੀਤੀ ਸੀ। ਇਸ ਦੇ ਜ਼ਰੀਏ ਮੈਨੂੰ ਵਪਾਰ ਵੀ ਮਿਲ ਰਿਹਾ ਸੀ।”
ਉਨ੍ਹਾਂ ਨੇ ਇਹ ਵੀ ਦੱਸਿਆ, “ਮੈਂ ਸਾਫਟਵੇਅਰ ਦੇ ਖੇਤਰ ’ਚ ਖੁਦ ਨੂੰ ਅਪਡੇਟ ਕਰਨ ਦੇ ਲਈ ਇਸ ਖਾਤੇ ਰਾਹੀਂ ਆਰਟੀਫਿੀਸ਼ੀਅਲ ਇੰਟੈਲੀਜੈਂਸ ’ਤੇ ਵੱਖ-ਵੱਖ ਐਡਵਾਂਸ ਆਨਲਾਈਨ ਕੋਰਸ ਮੁਕੰਮਲ ਕੀਤੇ ਹਨ। ਮੈਂ ਆਪਣੇ ਸਾਰੇ ਪ੍ਰੋਜੈਕਟ ਗੂਗਲ ਅਕਾਊਂਟ ’ਤੇ ਹੀ ਸੇਵ ਰੱਖੇ ਸਨ। ਆਨਲਾਈਨ ਕੋਰਸਾਂ ਦੇ ਪ੍ਰਮਾਣ ਪੱਤਰ ਵੀ ਈ-ਮੇਲ ’ਤੇ ਹੀ ਆਉਂਦੇ ਹਨ।”
ਉਨ੍ਹਾਂ ਕਿਹਾ, “ਇਹ ਸਭ ਮੇਰੇ ਈ-ਮੇਲ ਖਾਤੇ ’ਚ ਸੀ। ਸ਼ੇਅਰ ਬਾਜ਼ਾਰ ’ਚ ਨਿਵੇਸ਼, ਮੇਰੇ ਬੈਂਕ ਖਾਤੇ, ਮੇਰੇ ਗਾਹਕਾਂ ਨਾਲ ਵਪਾਰਕ ਈ-ਮੇਲ ਆਦਿ ਸਭ ਇਸੇ ਖਾਤੇ ’ਚ ਸੀ, ਜੋ ਕਿ ਹੁਣ ਬੰਦ ਹੈ। ਮੇਰੇ ਗਾਹਕ ਮੈਨੂੰ ਈ-ਮੇਲ ਕਰ ਰਹੇ ਹਨ, ਪਰ ਮੈਂ ਵੇਖ ਨਹੀਂ ਪਾ ਰਿਹਾ ਸੀ।”
ਨੀਲ ਨੇ ਆਪਣਾ ਡਾਟਾ ਆਨਲਾਈਨ ਸੇਵ ਕਰਨ ਲਈ ਗੂਗਲ ਤੋਂ 2 ਟੀਬੀ ਦੀ ਸਟੋਰੇਜ ਵੀ ਵੱਖਰੇ ਤੌਰ ’ਤੇ ਖਰੀਦੀ ਸੀ।
ਉਨ੍ਹਾਂ ਨੇ ਕਿਹਾ, “ਸਾਡੇ ਪਰਿਵਾਰ ਕੋਲ ਬਹੁਤ ਸਾਰੀਆਂ ਫੋਟੋਆਂ ਹਨ। ਮੈਂ ਉਨ੍ਹਾਂ ਨੂੰ ਡਿਜੀਟਲ ਕਰਨ ਅਤੇ ਆਨਲਾਈਨ ਸੇਵ ਕਰਨ ਦਾ ਫੈਸਲਾ ਲਿਆ ਸੀ, ਕਿਉਂਕਿ ਹਾਰਡ ਡਿਸਕ ਦੇ ਵੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਸੈਂਕੜੇ ਤਸਵੀਰਾਂ ’ਚੋਂ ਇੱਕ ਅਜਿਹੀ ਤਸਵੀਰ ਵੀ ਸੀ ਜਦੋਂ ਮੇਰੀ ਦਾਦੀ ਮੈਨੂੰ ਨਹਾ ਰਹੇ ਸਨ।”
ਆਪਣੇ ਗੂਗਲ ਅਕਾਊਂਟ ’ਤੇ ਫੋਟੋ ਅਪਲੋਡ ਕਰਨ ਤੋਂ ਤੁਰੰਤ ਬਾਅਦ ਨੀਲ ਨੂੰ 11 ਮਈ 2023 ਨੂੰ ਗੂਗਲ ਵੱਲੋਂ ਇੱਕ ਨੋਟੀਫਿਕੇਸ਼ਨ ਹਾਸਲ ਹੋਇਆ, ਜਿਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਖਾਤਾ ਬੰਦ ਕਰ ਦਿੱਤਾ ਗਿਆ ਹੈ।
ਗੂਗਲ ਨੇ ਸੀਐੱਸਏਐਮ ਪ੍ਰੋਗਰਾਮ ਬਾਰੇ ਕੀ ਕਿਹਾ?
ਗੂਗਲ ਅਨੁਸਾਰ ਨੀਲ ਨੇ ਉਨ੍ਹਾਂ ਦੀਆਂ ਸੇਵਾਵਾਂ ਸਬੰਧੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਦੂਜੇ ਪਾਸੇ ਨੀਲ ਵੱਲੋਂ ਵੀ ਗੂਗਲ ’ਤੇ ਕਈ ਇਲਜ਼ਾਮ ਲਗਾਏ ਗਏ ਹਨ।
ਆਪਣੇ ਇਲਜ਼ਾਮਾਂ ਦੇ ਨਾਲ ਉਨ੍ਹਾਂ ਨੇ ਹਾਈਕੋਰਟ ਦਾ ਰੁਖ਼ ਕਰਦਿਆਂ ਕਿਹਾ ਹੈ ਕਿ ਗੂਗਲ ਨੇ ਉਨ੍ਹਾਂ ਦੇ ਨਿੱਜੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਗੂਗਲ ਨੇ ਪੰਜ ਤਰੀਕਿਆਂ ਨਾਲ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ:-
ਉਨ੍ਹਾਂ ਦਾ ਪੱਖ ਸੁਣੇ ਬਿਨਾਂ ਹੀ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿੱਤਾ ਗਿਆ।
ਉਨ੍ਹਾਂ ਵੱਲੋਂ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਤਕਨੀਕ ਵੱਲੋਂ ਕੀਤਾ ਗਿਆ ਹੈ, ਨਾ ਕਿ ਇਨਸਾਨਾਂ ਵੱਲੋਂ।
ਗੂਗਲ ਦੀਆਂ ਸੇਵਾ ਸਬੰਧੀ ਸ਼ਰਤਾਂ ਸੀਐੱਸਏਐੱਮ (ਆਰਟੀਫਿਸ਼ੀਅਲ ਇੰਟੇਲੀਜੈਂਸ ਪ੍ਰੋਗਰਾਮ, ਜਿਸ ਦੀ ਵਰਤੋਂ ਗੂਗਲ ਅਸ਼ਲੀਲ ਸਮੱਗਰੀ ਦਾ ਪਤਾ ਲਗਾਉਣ ਲਈ ਕਰਦਾ ਹੈ) ਦਾ ਸਮਰਥਨ ਕਰਦੀਆਂ ਹਨ ਜੋ ਕਿ ਅਨੁਚਿਤ ਹੈ।
ਹਾਲਾਂਕਿ ਸੀਐੱਸਏਐੱਮ ਦੇ ਫੈਸਲੇ ਨਾਲ ਦੁਨੀਆ ਭਰ ਦੇ ਉਪਭੋਗਤਾ ਪ੍ਰਭਾਵਿਤ ਹੁੰਦੇ ਹਨ। ਇਸ ਪ੍ਰੋਗਰਾਮ ਨੂੰ ਵੱਖ-ਵੱਖ ਨਸਲਾਂ ਦੇ ਲੋਕਾਂ ਪ੍ਰਤੀ ਦੁਰਵਿਵਹਾਰ ਅਤੇ ਪੱਖਪਾਤੀ ਰਵੱਈਏ ਦੇ ਅੰਕੜਿਆਂ ਦੇ ਆਧਾਰ ’ਤੇ ਸਿਖਲਾਈ ਦਿੱਤੀ ਗਈ ਹੈ।
ਸੀਐੱਸਏਐੱਮ ਨੂੰ ਉਨ੍ਹਾਂ ਸਾਰੀਆਂ ਸਮੱਗਰੀਆਂ ’ਤੇ ਵਿਚਾਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਜਿਸ ’ਚ ਕਿਸੇ ਬੱਚੇ ਦੇ ਸਰੀਰ ਨੂੰ ਬੱਚੇ ਦੇ ਅਧਿਕਾਰਾਂ ਦੀ ਉਲੰਘਣਾ ਵਜੋਂ ਦਰਸਾਉਂਦੀ ਹੈ, ਜਿਸ ਵਿੱਚ ਨੀਲ ਦੇ ਬਚਪਨ ਦੀ ਉਹ ਤਸਵੀਰ ਵੀ ਸ਼ਾਮਲ ਹੈ, ਜਿਸ ’ਚ ਉਨ੍ਹਾਂ ਦੇ ਦਾਦੀ ਜੀ ਨੀਲ ਨੂੰ ਨਹਾ ਰਹੇ ਹਨ।”
ਅਰਜ਼ੀ ’ਚ ਕਿਹਾ ਗਿਆ ਹੈ ਕਿ ਇਹ ਤਸਵੀਰਾਂ 1999-2000 ਦਰਮਿਆਨ ਖਿੱਚੀਆਂ ਗਈਆ ਸਨ। ਉਸ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਜਿਸ ਤਕਨੀਕ ’ਤੇ ਕਿਸੇ ਦੀ ਨਿਗਰਾਨੀ ਨਹੀਂ ਸੀ, ਉਹ ਲੋਕਾਂ ਦੇ ਜੀਵਨ ਬਦਲਣ ਵਾਲੇ ਫੈਸਲੇ ਲਵੇਗੀ।
ਨੀਲ ਨੇ ਕਿਹਾ, “ਮੈਂ ਗੂਗਲ ਦੀਆਂ ਸ਼ਰਤਾਂ ਦੇ ਤਹਿਤ ਉਸ ਫੋਟੋ ਨੂੰ ਆਪਣੀ ਸਟੋਰੇਜ ਤੋਂ ਹਟਾ ਦੇਵਾਂਗਾ, ਪਰ ਮੇਰੇ ਕੋਲ ਅਜਿਹਾ ਕਰਨ ਦਾ ਬਦਲ ਵੀ ਮੌਜੂਦ ਨਹੀਂ ਹੈ।”
ਗੂਗਲ ਨੇ ਕੀ ਜਵਾਬ ਦਿੱਤਾ?
ਗੂਗਲ ਨੇ ਬੀਬੀਸੀ ਪੱਤਰਕਾਰ ਪਾਰਸ ਝਾਅ ਨੂੰ ਇੱਕ ਈ-ਮੇਲ ਜ਼ਰੀਏ ਦੱਸਿਆ ਕਿ ਅਸੀਂ ਇਸ ਮਾਮਲੇ ’ਚ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹਾਂ ਕਿਉਂਕਿ ਹੁਣ ਇਹ ਮਾਮਲਾ ਮਾਣਯੋਗ ਹਾਈਕੋਰਟ ’ਚ ਵਿਚਾਰ ਅਧੀਨ ਹੈ, ਪਰ ਅਸੀਂ ਸੀਐੱਸਏਐੱਮ ਸਮੱਗਰੀ ਦੇ ਸਬੰਧ ’ਚ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਬਾਰੇ ’ਚ ਜਾਣਕਾਰੀ ਦੇ ਸਕਦੇ ਹਾਂ।
ਗੂਗਲ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਆਪਣੇ ਕਿਸੇ ਵੀ ਪਲੇਟਫਾਰਮ ’ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਸਾਂਝਾ ਹੋਣ ਤੋਂ ਰੋਕਦੇ ਹਾਂ। ਅਸੀਂ ਬੱਚਿਆਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਵਚਨਬੱਧ ਹਾਂ।”
“ਜਦੋਂ ਵੀ ਸਾਨੂੰ ਸੀਐੱਸਏਐੱਮ ਜਾਂ ਅਜਿਹੀ ਸਮੱਗਰੀ ਮਿਲਦੀ ਹੈ , ਜਿਸ ਬੱਚੇ ਸ਼ਾਮਲ ਹੁੰਦੇ ਹਨ, ਤਾਂ ਅਸੀਂ ਤੁਰੰਤ ਉਸ ਨੂੰ ਹਟਾ ਦਿੰਦੇ ਹਾਂ ਅਤੇ ਅਕਾਊਂਟ ਵੀ ਬੰਦ ਕਰ ਸਕਦੇ ਹਾਂ।”
ਗੂਗਲ ਨੇ ਕਿਹਾ ਕਿ ਹਾਲਾਂਕਿ ਸਾਡੇ ਕਿਸੇ ਵੀ ਪਲੇਟਫਾਰਮ ’ਚ ਅਪਲੋਡ ਜਾਂ ਸਾਂਝੀ ਕੀਤੀ ਗਈ ਸਮੱਗਰੀ ’ਚ ਸੀਐੱਸਏਐੱਮ ਸਮੱਗਰੀ ਦੀ ਮਾਤਰਾ ਬਹੁਤ ਘੱਟ ਹੈ, ਪਰ ਫਿਰ ਵੀ ਅਸੀਂ ਚੌਕਸ ਰਹਿੰਦੇ ਹਾਂ।
ਗੂਗਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕੰਪਨੀ ਨੇ ਇੱਕ ਵਿਲੱਖਣ ਤਕਨੀਕ ਵਿਕਸਿਤ ਕੀਤੀ ਹੈ ਜੋ ਸਾਡੀ ਸੀਐੱਸਏਐੱਮ ਸਮੱਗਰੀ ਪਰਿਭਾਸ਼ਾ ਨੂੰ ਪੂਰਾ ਕਰਨ ਵਾਲੀ ਕਿਸੇ ਵੀ ਅਪਲੋਡ ਕੀਤੀ ਗਈ ਸਮੱਗਰੀ ਨੂੰ ਤੁਰੰਤ ਪਛਾਣਦੀ ਹੈ ਅਤੇ ਹਟਾ ਦਿੰਦੀ ਹੈ।
ਸੀਐੱਸਏਐੱਮ ਸਮੱਗਰੀ ਦੀ ਪਛਾਣ ਕਰਨ ਦੇ ਲਈ ਗੂਗਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੈਸ਼-ਮੈਚਿੰਗ ਤਕਨੀਕ ਦੀ ਵਰਤੋਂ ਕਰਦੀ ਹੈ।
ਗੂਗਲ ਨੇ ਕਿਹਾ, “ਸਾਡੀ ਤਕਨੀਕ ਉਸ ਪੈਮਾਨੇ ਅਤੇ ਗਤੀ ਨੂੰ ਸੰਭਾਲਣ ਲਈ ਡਿਜ਼ਾਇਨ ਕੀਤੀ ਗਈ ਹੈ, ਜਿਸ ’ਤੇ ਬਦਕਿਸਮਤੀ ਨਾਲ ਦੁਨੀਆ ਭਰ ’ਚ ਇਸ ਤਰ੍ਹਾਂ ਦੀ ਨਫ਼ਰਤ ਭਰਪੂਰ ਸਮੱਗਰੀ ਅਪਲੋਡ ਕੀਤੀ ਜਾ ਰਹੀ ਹੈ।”
‘ਦਾਦੀ ਵੱਲੋਂ ਬੱਚੇ ਨੂੰ ਨਹਾਉਣਾ ਬਾਲ ਅਸ਼ਲੀਲਤਾ (ਪੋਰਨੋਗ੍ਰਾਫੀ) ਨਹੀਂ’
ਨੀਲ ਦੇ ਪਿਤਾ ਸਮੀਰ ਸ਼ੁਕਲਾ ਪੇਸ਼ੇ ਵਜੋਂ ਆਰਕੀਟੈਕਟ ਹਨ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਗੂਗਲ ਇੰਨੀ ਵੱਡੀ ਕੰਪਨੀ ਬਣ ਗਈ ਹੈ ਕਿ ਉਹ ਭਾਰਤੀ ਸੱਭਿਆਚਾਰ, ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਨੂੰ ਹੀ ਤਿਆਰ ਨਹੀਂ ਹੈ। ਭਾਰਤੀ ਸੰਸਕ੍ਰਿਤੀ ’ਚ ਦਾਦੀ ਦਾ ਬੱਚੇ ਨੂੰ ਨਹਾਉਣਾ ਕਦੇ ਵੀ ਬਾਲ ਅਸ਼ਲੀਲਤਾ ਦੇ ਘੇਰੇ ’ਚ ਨਹੀਂ ਆਇਆ ਹੈ, ਪਰ ਕੰਪਨੀ ਆਪਣੇ ਆਪ ਹੀ ਫੈਸਲੇ ਲੈ ਰਹੀ ਹੈ।”
“ਇੱਕ ਹੋਰ ਵੱਡੀ ਸਮੱਸਿਆ ਇਹ ਵੀ ਹੈ ਕਿ ਸਿਵਲ ਕੋਰਟ ਦੇ ਕੋਲ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਅਜਿਹੇ ਮਾਮਲਿਆਂ ’ਚ ਕਾਰਵਾਈ ਕਰਨ ਦਾ ਅਧਿਕਾਰ ਖੇਤਰ ਹੀ ਨਹੀਂ ਹੈ। ਇਹ ਕਾਰਵਾਈ ਸਾਲ 2000 ’ਚ ਬਣੇ ਨਵੇਂ ਨਿਯਮਾਂ ਅਨੁਸਾਰ ਸਾਈਬਰ ਅਪੀਲੇਟ ਟ੍ਰਿਬਿਊਨਲ ਨੂੰ ਦਿੱਤੀ ਗਈ ਹੈ। ਉੱਥੇ ਵੀ ਅਪੀਲ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ।”
ਸੂਚਨਾ ਤਕਨਾਲੋਜੀ ਐਕਟ ਦੇ ਲਈ ਨਿਰਧਾਰਤ ਨਿਯਮਾਂ ਦੇ ਅਨੁਸਾਰ ਅਜਿਹੇ ਮਾਮਲਿਆਂ ’ਚ ਅਪਰਾਧਿਕ ਸ਼ਿਕਾਇਤਾਂ ਦੀ ਜਾਂਚ ਪੁਲਿਸ ਦੀ ਸਾਈਬਰ ਅਪਰਾਧ ਬ੍ਰਾਂਚ ਵੱਲੋਂ ਕੀਤੀ ਜਾਵੇਗੀ ਅਤੇ ਵਿਾਵਦਾਂ ਦੀ ਸੁਣਵਾਈ ਸੂਬੇ ਦੇ ਵਿਗਿਆਨ ਅਤੇ ਤਕਨੀਕ ਵਿਭਾਗ ਦੇ ਸਕੱਤਰ ਵੱਲੋਂ ਕੀਤੀ ਜਾਵੇਗੀ।
ਇਸ ਮਾਮਲੇ ’ਚ ਨੀਲ ਸ਼ੁਕਲਾ ਨੇ ਗੁਜਰਾਤ ਦੇ ਵਿਗਿਆਨ ਅਤੇ ਤਕਨੀਕ ਵਿਭਾਗ ਦੀ ਪ੍ਰਮੁੱਖ ਸਕੱਤਰ ਮੋਨਾ ਖੰਡਧਾਰ ਨੂੰ ਵੀ ਅਰਜ਼ੀ ਦਿੱਤੀ ਸੀ।
ਇਸ ਮਾਮਲੇ ’ਚ ਮੋਨਾ ਖੰਡਧਾਰ ਨੇ ਬੀਬੀਸੀ ਨੂੰ ਦੱਸਿਆ, “ਸੂਚਨਾ ਤਕਨੀਕ ਐਕਟ ਦੇ ਤਹਿਤ ਸਾਡੇ ਵਿਭਾਗ ਨੂੰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ।”
ਹਾਲਾਂਕਿ ਉਨ੍ਹਾਂ ਨੇ ਵੇਰਵਿਆਂ ਦੀ ਜਾਂਚ ਕੀਤੇ ਬਿਨਾਂ ਕਿਸੇ ਵੀ ਵਿਅਕਤੀਗਤ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੇਂਦਰ ਸਰਕਾਰ ਦੇ ਆਈਟੀ ਐਕਟ ’ਚ ਕੀ ਵਿਵਸਥਾ ਹੈ?
ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ ’ਚ ਇਸ ਐਕਟ ਤੋਂ ਜਾਣੂ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਆਈਟੀ ਐਕਟ ਦੇ ਅਧਿਆਏ 9 ’ਚ ਪਹਿਲਾਂ ਧਾਰਾ 43 ਅਤੇ 43 (ਏ) ਹੁੰਦੀ ਸੀ।
ਉਨ੍ਹਾਂ ਨੇ ਕਿਹਾ ਕਿ ਧਾਰਾ 43 (ਏ) ਦੇ ਤਹਿਤ ਵੱਡੀਆਂ ਕਾਰਪੋਰੇਟ ਕੰਪਨੀਆਂ ਤੋਂ ਇਸ ਮਾਮਲੇ ’ਚ ਜਵਾਬ ਮੰਗਿਆ ਜਾ ਸਕਦਾ ਹੈ, ਪਰ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, 2023 (ਡੀਪੀਡੀਪੀ, 2023) ਤੋਂ ਬਾਅਦ ਕੇਂਦਰ ਸਰਕਾਰ ਨੇ ਧਾਰਾ 43 (ਏ) ਨੂੰ ਹਟਾ ਦਿੱਤਾ ਹੈ। ਇਸ ਲਈ ਇਸ ਘਟਨਾ ’ਤੇ ਹੁਣ ਕੀ ਕਾਰਵਾਈ ਹੁੰਦੀ ਹੈ, ਇਸ ਬਾਰੇ ਕੋਈ ਸਮੱਸ਼ਟਤਾ ਨਹੀਂ ਹੈ।
ਹਾਲਾਂਕਿ ਸਾਈਬਰ ਕਾਨੂੰਨ ਮਾਹਰ ਅਤੇ ਸੁਪਰੀਮ ਕੋਰਟ ਦੇ ਵਕੀਲ ਡਾਕਟਰ ਪਵਨ ਦੁੱਗਲ ਦੇ ਮੁਤਾਬਕ, "ਆਈਟੀ ਐਕਟ ਦੀ ਧਾਰਾ 43 (ਏ) ਅਜੇ ਵੀ ਇਸ ਮਾਮਲੇ ’ਚ ਲਾਗੂ ਕੀਤੀ ਜਾ ਸਕਦੀ ਹੈ ਅਤੇ ਕਾਨੂੰਨੀ ਕਾਰਵਾਈ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।"
ਉਨ੍ਹਾਂ ਨੇ ਕਿਹਾ, “ਇਹ ਸੱਚ ਹੈ ਕਿ ਸਰਕਾਰ ਨੇ ਆਈਟੀ ਐਕਟ ’ਚ ਸੋਧ ਕਰਕੇ ਧਾਰਾ 43 (ਏ) ਨੂੰ ਹਟਾ ਦਿੱਤਾ ਹੈ, ਪਰ ਡੀਪੀਡੀਪੀ ਐਕਟ, 2023 ਨੂੰ ਅਜੇ ਵੀ ਅਮਲ ’ਚ ਲਿਆਉਣਾ ਬਾਕੀ ਹੈ। ਇਸ ਲਈ ਅੱਜ ਤੱਕ ਆਈਟੀ ਐਕਟ ਦੀ ਧਾਰਾ 43 (ਏ) ਦੀ ਵਿਧਾਨਕ ਪ੍ਰਕਿਰਿਆ ਅਜੇ ਵੀ ਲੰਬਿਤ ਹੈ ਅਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਗੁਜਰਾਤ ਹਾਈਕੋਰਟ ’ਚ ਨੀਲ ਸ਼ੁਕਲਾ ਦੇ ਵਕੀਲ ਦੀਪੇਨ ਦੇਸਾਈ ਨੇ ਬੀਬੀਸੀ ਨੂੰ ਦੱਸਿਆ, “ਹਾਈ ਕੋਰਟ ਨੇ ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਕੇਂਦਰ ਸਰਕਾਰ ਦੇ ਸਾਈਬਰ ਅਪੀਲੇਟ ਟ੍ਰਿਬਿਊਨਲ ਨੂੰ ਇੱਕ ਨੋਟਿਸ ਜਾਰੀ ਕਰਦਿਆਂ ਇਸ ਮਾਮਲੇ ’ਚ ਜਵਾਬ ਦੇਣ ਲਈ ਕਿਹਾ ਹੈ ਅਤੇ ਨਾਲ ਹੀ ਗੂਗਲ ਨੂੰ ਅਗਲੇ ਹੁਕਮ ਤੱਕ ਨੀਲ ਦਾ ਖਾਤਾ ਡਿਲੀਟ ਨਾ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ।”
ਗੂਗਲ ਵਰਗੀਆਂ ਗਲੋਬਲ ਤਕਨਾਲੋਜੀ ਕੰਪਨੀਆਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਇਸ ਦੇ ਖਤਰਿਆਂ ਬਾਰੇ ਡਾ ਪਵਨ ਦੁੱਗਲ ਦਾ ਕਹਿਣਾ ਹੈ, “ਜਦੋਂ ਤਕਨੀਕ ਮਨੁੱਖੀ ਮਾਮਲਿਆਂ ਦੇ ਲਈ ਫੈਸਲੇ ਲੈਣ ਲੱਗਦੀ ਹੈ ਤਾਂ ਗਲਤੀਆਂ ਹੋਣਾ ਸੁਭਾਵਕ ਹੀ ਹੈ, ਕਿਉਂਕਿ ਤਕਨੀਕ ਅਜੇ ਇੰਨੀ ਪਰਿਪੱਕ ਨਹੀਂ ਹੈ ਕਿ ਮਨੁੱਖੀ ਸੱਭਿਆਚਾਰ, ਮਨੁੱਖੀ ਭਾਵਨਾਵਾਂ ਅਤੇ ਮਨੁੱਖੀ ਵਿਵਹਾਰ ਦੀਆਂ ਬਾਰੀਕੀਆਂ ਨੂੰ ਸਮਝ ਸਕੇ।”
“ਇਸੇ ਲਈ ਤਕਨਾਲੋਜੀ ਮਨੁੱਖ ਨੂੰ ਸਿਰਫ ਇੱਕ ਤਰ੍ਹਾਂ ਦੇ ਡਾਟਾ ਵੱਜੋਂ ਹੀ ਵੇਖਦੀ ਹੈ ਅਤੇ ਪਿਰ ਉਸ ਡਾਟਾ ਦੀ ਤੁਲਨਾ ਸੀਐਸਏਐਮ ਦੇ ਨਿਯਮਾਂ ਨਾਲ ਕਰਦੀ ਹੈ। ਜੇਕਰ ਉਹ ਨਿਯਮਾਂ ਨੂੰ ਪੂਰਾ ਕਰਦੇ ਹਨ ਤਾਂ ਏਆਈ ਤਕਨੀਕ ਉਨ੍ਹਾਂ ਫੈਸਲਿਆਂ ਨੂੰ ਲੈਂਦੀ ਹੈ, ਤਾਂ ਸ਼ਾਇਦ ਅਜਿਹਾ ਹੋਇਆ ਹੋਵੇਗਾ।”
ਡਾ ਦੁੱਗਲ ਇਸ ਘਟਨਾ ਨੂੰ ਇੱਕ ਚੇਤਾਵਨੀ ਵਜੋਂ ਵੇਖਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਇਹ ਇੱਕ ਤਰ੍ਹਾਂ ਨਾਲ ਚੇਤਾਵਨੀ ਦੇਣ ਵਾਲਾ ਮਾਮਲਾ ਹੈ। ਗੂਗਲ ਵਰਗੀਆਂ ਕੰਪਨੀਆਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ।”
“ਇਹ ਮੁੱਦਾ ਵੱਡੇ ਸਵਾਲ ਵੱਲ ਇਸ਼ਾਰਾ ਕਰਦਾ ਹੈ ਕਿ ਕੀ ਗੂਗਲ ਵਰਗੇ ਵਿਚੋਲਿਆਂ ਨੂੰ ਆਪਣੇ ਕੰਮਾਂ ਅਤੇ ਉਦੇਸ਼ਾਂ ਦੇ ਲਈ ਏਆਈ ਦੀ ਵਰਤੋਂ ਸ਼ੁਰੂ ਕਰਦੇ ਸਮੇਂ ਉਚਿਤ ਪੱਧਰ ਦਾ ਮਨੁੱਖੀ ਕੰਟਰੋਲ ਕਾਇਮ ਕਰਨ ਦੀ ਜ਼ਰੂਰਤ ਹੈ। ਏਆਈ ਨੂੰ ਪੂਰੀ ਤਰ੍ਹਾਂ ਨਾਲ ਛੂਟ ਅਤੇ ਖੁਦਮੁਖਤਿਆਰੀ ਦੇਣਾ ਠੀਕ ਨਹੀਂ ਹੈ।”
(ਪਾਰਸ ਝਾਅ ਦੀ ਐਡੀਸ਼ਨਲ ਰਿਪੋਰਟਿੰਗ ਦੇ ਨਾਲ)